ਹਕੀਕੀ ਗੱਲਾਂ (ਕਵਿਤਾ)

ਜਸਵੀਰ ਸ਼ਰਮਾ ਦੱਦਾਹੂਰ   

Email: jasveer.sharma123@gmail.com
Cell: +91 94176 22046
Address:
ਸ੍ਰੀ ਮੁਕਤਸਰ ਸਾਹਿਬ India
ਜਸਵੀਰ ਸ਼ਰਮਾ ਦੱਦਾਹੂਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਰੀਸ ਕਰੀਏ ਨਾ ਆਪ ਤੋਂ ਵੱਡਿਆਂ ਦੀ,
ਸਦਾ ਰਹੀਏ ਔਕਾਤ ਦੇ ਵਿੱਚ ਲੋਕੋ। 
ਉਹਨਾਂ ਦੇ ਕਹੇ ਕਦੇ ਨਾ ਸਿਖ਼ਰ ਚੜੀਏ, 
ਚਾੜ ਕੋਠੇ ਜੋ ਪੌੜੀ ਲੈਣ ਖਿੱਚ ਲੋਕੋ|

ਹਾਂ ਦੇ ਵਿੱਚ ਨਾ ਕਦੇ ਵੀ ਹਾਂ ਭਰੀਏ,
ਪਿੱਛੋਂ ਲੋਕਾਂ 'ਚ ਕਰਨ ਜੋ ਜਿੱਚ ਲੋਕੋ।
ਵਿੜੀ ਸਿੜੀ ਨਾ ਓਸ ਦੇ ਨਾਲ ਨਿਭਦੀ, 
ਜੀਹਦੇ ਨਾਲ ਨਹੀਂ ਬੈਠਦੀ ਪਿੱਚ ਲੋਕੋ|

ਉਹਨੂੰ ਦਿਲ ਦਾ ਭੇਦ ਨਾ ਕਦੇ ਦੇਈਏ,
ਜੋ ਤੁਹਾਡੀ ਗੱਲ ਨੂੰ ਸਮਝਦਾ ਟਿੱਚ ਲੋਕੋ। 
ਪਸੀਨਾ ਡੁੱਲ੍ਹੇ ਤੋਂ ਖ਼ੂਨ ਜੋ ਡੋਲ੍ਹਦਾ ਹੈ, 
ਖੜੀਏ ਓਸ ਨਾਲ ਤਾਣ ਕੇ ਹਿੱਕ ਲੋਕੋ|

ਹਾਮੀ ਓਸ ਲਈ ਕਦੇ ਵੀ ਨਾ ਭਰਿਓ, 
ਪੈਂਦੀਆਂ ਵਿੱਚ ਵਿਖਾਵੇ ਜੋ ਪਿੱਠ ਲੋਕੋ। 
ਮੂੰਹ ਤੇ ਆਈ ਗੱਲ ਕਦੀ ਰੁੱਕਦੀ ਨਾ, 
ਸੁਣਾ ਦੇਈਏ ਜੋ ਚਿੱਤ ਦੇ ਵਿੱਚ ਲੋਕੋ|

ਨਬੇੜ ਲਈਏ ਬੈਠਕੇ ਗੱਲ ਸਾਰੀ, 
ਝਗੜਾ ਰੱਖੀਏ ਨਾ ਘਰ 'ਚ ਨਿੱਤ ਲੋਕੋ। 
'ਦੱਦਾਹੂਰੀਏ ਨੇ ਕਹਿ ਲਈਆਂ ਦਿਲ ਦੀਆਂ, 
ਵੇਖੋ ਕਿਹੜੀ ਕਿਸਦੇ ਬੈਠਦੀ ਫਿੱਟ ਲੋਕੋ|