ਫੇਸਬੁੱਕ (ਵਿਅੰਗ )

ਸਾਧੂ ਰਾਮ ਲੰਗਿਆਣਾ (ਡਾ.)   

Email: dr.srlangiana@gmail.com
Address: ਪਿੰਡ ਲੰਗੇਆਣਾ
ਮੋਗਾ India
ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਓ ਨਿਹਾਲੀਏ, ਅੱਜ ਤਾਂ ਤੇਰੇ ਪਤੀ ਨੇ ਕਮਾਲ ਕਰ ਦਿੱਤੀ ਕਮਾਲ…! 'ਹੁਣ ਮੈਨੂੰ ਫੇਸਬੁੱਕ ਚਲਾਉਣੀ ਆ ਗਈ ਐ…ਫੇਸਬੁੱਕ…।
    ਨਰੈਂਣਿਆਂ ਤੈਨੂੰ ਮੈਂ ਪਹਿਲਾਂ ਕਿੰਨੇ ਵਾਰੀ ਕਿਹੈ…ਕਿ ਤੂੰ  ਦਾਰੂ ਦੇ ਦੋ ਪੈੱਗ ਲਾ ਕੇ ਐਵੇਂ ਜਵਾਕਾਂ ਵਾਂਗੂੰ ਜੱਭਲੀਆਂ ਜਿਹੀਆਂ ਨਾ ਮਾਰਿਆ ਕਰ, ਮੇਰੀ ਗੱਲ ਸੁਣ, ਕਿ ਬਈ ਹੁਣ ਤੇਰੀ ਉਮਰ ਬੁੱਢੇ ਬਾਰੇ ਫੇਸਬੁੱਕ ਚਲਾਉਣ ਦੀ ਐ ? ਕੰਨਾਂ ਤੋਂ ਸੁਣਦਾ ਨe੍ਹੀਂ… ਅੱਖਾਂ ਤੋਂ ਦਿਸਦਾ ਨਈ, ਗੋਡਿਆਂ ਤੋਂ ਚੰਗੀ ਤਰ੍ਹਾਂ ਤੁਰਿਆ-ਫਿਰਿਆ ਨਈ ਜਾਂਦਾ, ਹੁਣ ਤੂੰ ਮਾੜੀ ਮੋਟੀ ਹੋਸ਼ ਕਰ ਹੋਸ਼…ਐਵੇਂ ਫੇਸਬੁੱਕਾਂ ਚਲਾਉਂਦਾ-ਚਲਾਉਂਦਾ ਰਾਹ-ਖਹਿੜੇ ਕਿਸੇ ਦੇ ਗੋਡੇ-ਗਿੱਟੇ ਭੰਨੇਗਾ ਜਾਂ ਆਵਦੇ ਤੁੜਵਾ ਬੈਠੇਂਗਾ। ਜ਼ਰਾ ਸੋਚਿਆ ਕਰ ਕਿ ਬਈ ਘਰੇ ਤਾਂ ਲਾਲਟੈਨ 'ਚ ਪਾਉਣ ਨੂੰ ਮਿੱਟੀ ਦੇ ਤੇਲ ਦਾ ਫੰਬਾ ਵੀ ਹੈ ਨੀਂ… ਉੱਤੋਂ ਅੱਤ ਦੀ ਮਹਿੰਗਾਈ ਦੇ ਯੁੱਗ 'ਚ ਪੈਟਰੌਲ ਨੂੰ ਕਿੰਨੀ ਅੱਗ ਲੱਗੀ ਪਈ ਐ, ਇਹ ਫੇਸਬੁੱਕਾਂ ਕਿਹੜਾ ਪਾਣੀ 'ਤੇ ਚੱਲਦੀਆਂ ਨੇ। ਤੇਰੇ ਤੋਂ ਪਹਿਲਾਂ ਸਾਡੀ ਸਾਰੀ ਨੌਜਵਾਨ ਪੀੜ੍ਹੀ ਫੇਸਬੁੱਕ ਦੀ ਗੁਲਾਮ ਹੋਈ ਪਈ ਐ, ਬਾਕੀ ਰਹਿੰਦੀ-ਖੂੰਹਦੀ ਕਸਰ ਤੇਰੇ ਵਰਗਿਆਂ ਨੇ ਪੂਰੀ ਕਰ ਦੇਣੀ ਐਂ, ਨਾਲੇ ਨਰੈਂਣਿਆਂ ਮੈਂ ਜਿੱਦੇਂ ਆਪਣੀ ਮੋਗੇ ਵਾਲੀ ਭੈਣ ਨੂੰ ਮਿਲਣ ਗਈ ਸੀ। ਤੇ ਅਗਾਂਹ ਉਹਦਾ ਮੁੰਡਾ ਆਪਣੀ ਮੋਬਾਇਲ ਤੇ ਜੂੰਆਂ ਜਿਹੀਆਂ ਮਾਰੀ ਜਾਵੇ ਮੈਨੂੰ ਦੇਖਣ ਸਾਰ ਮਾਸੀ ਕਹਿਣ ਦੀ ਬਜਾਏ, ਮੈਨੂੰ ਕਹਿੰਦਾ ਭੂਆ ਜੀ ਮੱਥਾ ਟੇਕਦਾਂ...।