ਰਿਲੇਅ ਰੇਸ (ਕਵਿਤਾ)

ਰਣਜੀਤ ਫਰਵਾਲੀ   

Address:
India
ਰਣਜੀਤ ਫਰਵਾਲੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਵੀਕ ਇੰਡ ਤੇ ਰਿਲੇਅ ਰੇਸ 'ਚ ਬਿਜ਼ੀ
ਮਾਈਂਡ 'ਤੇ ਵਿਸ਼ਰਾਮ ਦਾ ਬਟਨ
ਕੱਿਲਕ ਕਰਦਿਆਂ
ਮੋਟਰ ਨੂੰ ਗੈਰਜ਼ 'ਚ ਲਾ
ਬੈੱਡ ਰੂਮ 'ਚ ਪਰਵੇਸ਼ ਕਰਦਿਆਂ
ਇਕੱਲ ਨੂੰ ਹਰਾਉਣ ਲਈ
ਕੁਛ ਖੋ ਕੇ
ਕੁਛ ਪਾਉਣ ਲਈ
ਵਾਈਨ ਨਾਲ ਜ਼ਾਮ ਭਰਦਾਂ
ਰਾਤ ਸੰਗਨੀ ਗਲ਼ ਪਾ ਕੇ ਬਾਹਾਂ
ਤਰਦਾਂ ਦਿਸਹੱਦਿਆਂ ਤੋਂ ਪਾਰ ਕਿਤੇ
ਸਪਨ ਦੇਸ਼ ਵਿੱਚ ਤਰਦਾਂ
ਮੈਂ ਤ੍ਰਭਕਦਾਂ ਮੈਂ ਡਰਦਾਂ
ਕੁਛ ਸਪਨੇ ਜੋ ਬੀਜ ਕੇ ਆਇਆ
ਰੰਗ ਵਿਹੁਣੇ
ਰੰਗ ਪਏ ਮੰਗਣ
ਭਰਨ ਲਈ ਰੰਗ
ਨਾ ਚਾਹੁੰਦਾ ਵੀ ਮੈਂ
ਬੇਸਬਰੀ ਨਾਲ
ਰਿਲੇਅ ਰੇਸ ਦੀ ਉਡੀਕ ਕਰਦਾਂ
ਵੀਕ ਐਂਡ ਦੀ ਹਰ ਸਵੇਰ
ਕਾਹਲ਼ ਤੋਂ ਦੂਰ
ਜੋਬਨ ਮੱਤੀ ਮੁਟਿਆਰ ਜਿਉਂ ਤੁਰਦੀ
ਕੋਈ ਬਨਾਵਟ ਤੋਂ ਪਰ੍ਹੇ
ਚਿੱਕੜ ਪਾਣੀਆਂ ਜਿਉਂ ਕਮਲ ਤਰੇ
ਸੜਕਾਂ ਕਲ਼ਾਵੇ 'ਚ ਲੈਂਦੀ
ਪਾਰਕਾਂ ਨੂੰ ਹਾਏ ਹੈਲੋ ਕਹਿੰਦੀ
ਘਰ ਦੀ ਫ਼ੁਲਵਾੜੀ 'ਚ
ਨੰਨ੍ਹੇ ਫੁੱਲ ਸੰਗ ਆ ਬਹਿੰਦੀ
ਬੈੱਡ ਰੂਮ ਦੀ ਖਿੜਕੀ 'ਚੋਂ
ਜਦ ਮੇਰੇ ਵੱਲ ਵਧਦੀ
ਜਿਸ ਬਿਨ ਮੈਂ ਸੁੰਨਾ-ਸੁੰਨਾ
ਅੱਧ-ਅਧੂਰਾ
ਗੁੰਗੀ ਮੇਰੀ ਹੀ ਉਹ ਮਹਿਬੂਬਾ ਲੱਗਦੀ
ਹਰ ਖਿਆਲ ਆਪਣਾ ਮੈਂ
ਉਸ ਸੰਗ ਵਟਾਵਾਂ
ਅਚਾਨਕ ਫੋਨ ਦੀ ਘੰਟੀ ਤੋਂ
ਤ੍ਰਭਕ ਜਾਵਾਂ, ਡਰ ਜਾਵਾਂ
ਨਾ ਚਾਹੁਣ 'ਤੇ ਵੀ ਮੈਂ
ਰਿਲੇਅ ਰੇਸ ਨੂੰ ਚਾਹਵਾਂ

ਵੀਕ ਇੰਂਡ ਦੀ ਸਵੇਰ ਗਰਮ ਜਿਹੀ
ਬੇਸ਼ਰਮ ਜਿਹੀ
ਸੋਚਾਂ ਖਿਲਾਰੇ
ਕਦੀ-ਕਦੀ ਬੇਕਦਰ ਜਿਹੀ
ਦਿਨੇ  ਦਿਖਾਵੇ ਤਾਰੇ
ਕਦੀ-ਕਦੀ ਇਹ ਦੁਪਹਿਰਂ
ਮੁੱਠੀ ਵਿੱਚ ਲੈ ਦੂਰ ਕਿਤੇ ਲੈ ਜਾਵੇ
ਮਨ ਦੇ ਵਿਹੜੇ ਬੱਦਲ਼ ਗੱਜਦੇ
ਹੰਝੂਆਂ ਦੀ ਵਰਖਾ ਆਵੇ
ਬਲ਼ਦਿਆਂ-ਬਲ਼ਦਿਆਂ ਬੱਤੀ
ਹਰ ਬਲ਼ ਜਾਂਦੀ
ਢਲ਼ਦਿਆਂ-ਢਲ਼ਦਿਆਂ
ਦੁਪਹਿਰ ਢਲ਼ ਜਾਂਦੀ
ਜਦ ਪੈਂਦੇ ਸਾਂਝ ਦੇ ਪਰਛਾਵੇਂ
ਦਿਲ ਤ੍ਰਭਕ ਜਾਵੇ ਡਰ ਜਾਵੇ
ਹਾਏ !
ਕਿਉਂ ਦਿਲ ਫਿਰ ਤੋਂ
ਰਿਲੇਅ ਰੇਸ ਹੀ ਚਾਹਵੇ

ਨਾਲ ਮੇਰੇ ਆ ਬੈਠ ਗਈ
ਵੀਕ ਇੰਡ ਜਿਹੀ
ਬੋਲ਼ੀ ਜਿਹੀ ਰਾਤ
ਖੂਨ ਪਿਆਸੇ ਚੂਸ-ਚੂਸ
ਦਗ-ਦਗ ਦਗਦੀ
ਇਹ ਜਨਮਾਂ ਤੋਂ ਦੁਸ਼ਮਣ
ਬੁਰਜੁਆ ਦੀ ਏਜੰਟ ਲੱਗਦੀ
ਮਨ ਭਟਕਾਏ ਚਸਕੇ ਲਾਏ
ਗਲੋਬਲੀ ਮੰਡੀ
ਜਿਸਦੇ ਹੁਸਨ ਤੋਂ ਕੌਣ ਹੈ ਬਚਦਾ
ਸਰਮਾਏਦਾਰੀ ਦੀ ਰੰਡੀ
ਮੈਂ ਸਭ ਜਾਣਦਾ ਪਹਿਚਾਣਦਾ
ਪਰ ਅਜੇ ਤਾਂ ਮੈਂ ਹੋਣਾ
ਵਕਤ ਦੇ ਹਾਣ ਦਾ
ਜੰਗੇ ਮੈਦਾਨ ਲਈ ਬਣਾਉਣਾ ਵੇਸ਼
ਪੈਣਾ ਦੌੜਨਾ
ਲਤਾੜ ਦੇਵੇਗੀ ਨਹੀਂ ਤਾਂ
ਰਿਲੇਅ ਰੇਸ।