ਬਣਦੇ/ਤਿੜਕਦੇ ਰਿਸ਼ਤਿਆਂ ਦੀ ਦਾਸਤਾਂ 'ਜਗਦੇ ਬੁਝਦੇ ਜੁਗਨੂੰ' (ਆਲੋਚਨਾਤਮਕ ਲੇਖ )

ਕ੍ਰਿਸ਼ਨ ਸਿੰਘ (ਪ੍ਰੋ)   

Email: krishansingh264c@gmail.com
Cell: 94639 89639
Address: 264-ਸੀ, ਰਾਜਗੁਰੂ ਨਗਰ
ਲੁਧਿਆਣਾ India 141012
ਕ੍ਰਿਸ਼ਨ ਸਿੰਘ (ਪ੍ਰੋ) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


'ਜਗਦੇ ਬੁਝਦੇ ਜੁਗਨੂੰ' ਨਾਵਲ (ਕ੍ਰਿਤ ਗੁਰਚਰਨ ਕੌਰ ਥਿੰਦ) ਵਿਦੇਸ਼ੀ ਧਰਤਿ/ਕਨੇਡੀਅਨ ਸੱਭਿਆਚਾਰ ਦੇ ਵਿਭਿੰਨ ਪਾਸਾਰਾਂ ਨੂੰ ਕਲਾਵੇ ਵਿੱਚ ਲੈਂਦਾ ਅਜਿਹਾ ਬ੍ਰਿਤਾਂਤਮਈ ਵਿਵਰਣ ਹੈ ਜੋ ਆਪਣੇ ਮੂਲ-ਕੇਂਦ੍ਰਿਤ/ਪੰਜਾਬੀ ਸੱਭਿਆਚਾਰਕ ਤੰਦਾਂ ਨਾਲ ਵੀ ਧੁਰ ਅੰਦਰੋਂ ਓਤਪੋਤ ਹੈ। ਧਰਤਿ-ਪਰਾਈ ਦੇ ਅੰਤਰਗਤ ਤੇ ਪਰਵਾਸੀ-ਜਗਤ ਦੀਆਂ ਘਟਨਾਵੀ-ਪ੍ਰਕਿਰਿਆਵਾਂ ਵਜੋਂ ਇਸ ਦਾ ਵਸਤੂ-ਜਗਤ ਭਾਵੇਂ ਮੂਲੋਂ ਹੀ ਓਪਰਾ ਹੈ ਪਰੰਤੂ ਭਾਵਨਾਤਮਕ ਅਮਲ/ਮਾਹੌਲ 'ਚੋਂ ਉਸਰੀ ਇਸ ਦੀ ਬੋਲੀ/ਸ਼ੈਲੀ-ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਹੀ ਆਪਣਾ ਕੇਂਦਰ-ਬਿੰਦੂ ਮਿਥਦੀ ਹੈ। ਇਸ ਦਾ ਭਾਵ ਇਹ ਵੀ ਕਦਾਚਿਤ ਨਹੀਂ ਕਿ ਇਹ ਬ੍ਰਿਤਾਂਤਮਈ ਰਚਨਾ ਆਪਣੇ ਅਰੰਭ-ਬਿੰਦੂ ਤੋਂ ਅੰਤਿਮ-ਬਿੰਦੂ ਤੱਕ ਕੇਵਲ ਪੰਜਾਬੀ ਭਾਸ਼ਾ/ਸੱਭਿਆਚਾਰ ਨਾਲ ਹੀ ਆਪਣੇ ਸਿੱਧੇ ਸਰੋਕਾਰ ਬਣਾਉਂਦੀ ਹੈ, ਇਕ ਸਾਹਿਤਕ-ਕ੍ਰਿਤ ਵਜੋਂ ਇਸ ਦਾ ਵਿਸ਼ੇਸ਼ ਮੰਤਵ ਤਾਂ ਜਾਤ, ਧਰਮ, ਕੌਮ, ਇਲਾਕੇ ਦੇਸ਼ਾਂ/ਵਿਦੇਸ਼ਾਂ ਦੇ ਸਮੂਹ ਮਾਨਵੀ ਭੇਦਾਂ-ਭਾਵਾਂ ਦੀ ਵਲਗਣ ਤੋਂ ਮੁਕਤ ਹੋ ਕੇ ਇੱਕ ਸਰਬਸਾਂਝੇ ਮਾਨਵੀ ਧਰਾਤਲ ਦੀ ਤਲਾਸ਼ ਕਰਨਾ ਹੈ। ਅਜਿਹੀ ਤਲਾਸ਼ ਜੋ ਇਸਤਰੀ/ਮਰਦ ਦੇ ਲਿੰਗਕ ਵੱਖਰੇਵਿਆਂ ਨੂੰ ਨਕਾਰਦੀ ਹੋਈ ਅਗਲੇਰੇ ਪੜਾਅ ਦੀਆਂ ਬਾਤਾਂ ਵੀ ਪਾਉਂਦੀ ਹੈ, ਜਿਸ ਵਿੱਚ ਇਸਤਰੀ/ਮਰਦ ਦੇ ਪਰੰਪਰਾਗਤ/ਬਣੇ-ਬਣਾਏ, ਪਰਿਵਾਰਿਕ/ਸਮਾਜਿਕ ਫ਼ਾਰਮੂਲਿਆਂ ਅਨੁਸਾਰ ਮਰਦ ਪ੍ਰਧਾਨ ਸਮਾਜ ਨੂੰ ਹੀ ਦੋਸ਼ੀ ਠਹਿਰਾਉਣਾ ਨਹੀਂ ਸਗੋਂ ਪ੍ਰਾਸੰਗਿਕ-ਸੱਚ ਅਨੁਸਾਰ ਇਸਤਰੀ ਜਾਤੀ ਦੇ ਗੁਣਾਂ/ਔਗੁਣਾਂ ਪ੍ਰਤਿ ਵੀ ਇੱਕ ਸੰਤੁਲਨਗਤ ਪਹੁੰਚ ਦਾ ਇਜ਼ਹਾਰ ਕਰਨਾ ਹੈ। ਇਸਤਰੀ/ਮਰਦ ਪ੍ਰਤਿ ਅਜਿਹੀ ਸਹਿਜਭਾਵੀ ਪਹੁੰਚ ਨਾਵਲ ਲੇਖਿਕਾ ਗੁਰਚਰਨ ਕੌਰ ਥਿੰਦ ਦੀ ਕੇਵਲ ਵਿਅਕਤੀਗਤ-ਸੋਚ/ਦ੍ਰਿਸ਼ਟੀਕੋਣ ਦਾ ਨਤੀਜਾ ਨਹੀਂ, ਨਾਵਲੀ ਪ੍ਰਕਿਰਿਆ ਅਨੁਸਾਰ ਇੱਕ ਵਲੰਟੀਅਰ ਦੀ ਹੈਸੀਅਤ ਵਿੱਚ ਆਪਣੇ ਨਿਰਣੈਜਨਕ ਤੇ ਸਰਬ ਪ੍ਰਵਾਣਿਤ ਫ਼ੈਸਲੇ ਲੈਣ ਦੀ ਸਮਦ੍ਰਿਸ਼ਟੀ ਦਾ ਵੀ ਪ੍ਰਤਿਕਰਮ ਹੈ, ਨਿਰਪੱਖ ਸੋਚ ਵਜੋਂ ਇਨ੍ਹਾਂ ਦਾ ਰੁਝਾਨ ਉਦਾਰਵਾਦੀ ਪ੍ਰਭਾਵਾਂ ਨੂੰ ਗ੍ਰਹਿਣ ਕਰਨ ਵਲ ਵਧੇਰੇ ਰੁਚਿਤ ਹੁੰਦਾ ਹੈ। ਬਤੌਰ ਲੇਖਕ/ਲੇਖਿਕਾ ਹੀ ਨਹੀਂ ਸਗੋਂ ਬਤੌਰ ਵਲੰਟੀਅਰ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ ਅਤੇ ਸਿਧਾਂਤਕ ਟਕਰਾਓ ਵਾਲੀਆਂ ਦੋਹਾਂ-ਧਿਰਾਂ ਵਿੱਚ ਖ਼ੂਨੀ ਰਿਸ਼ਤੇ ਦੇ ਆਧਾਰ 'ਤੇ ਵਿਚਾਰਧਾਰਕ ਸਾਂਝ ਉਤਪੰਨ ਕਰਨ ਦੇ ਆਸਾਰਾਂ ਦਾ ਮੌਕਾ ਮੇਲ ਬਣਨਾ/ਬਣਾਉਣਾ ਉਪਰੰਤ ਉਨ੍ਹਾਂ ਦਾ ਸਮੰਨਵੈ ਸਥਾਪਿਤ ਕਰਨਾ ਹੀ ਹਮੇਸ਼ਾ ਕਾਰਗਰ ਸਿੱਧ ਹੁੰਦਾ ਹੈ ਜੋ ਸਹੀ ਮਾਅਨਿਆਂ ਵਿੱਚ ਕਿਸੇ ਵੀ ਲੇਖਕ/ਲੇਖਿਕਾ ਦੀ ਚੰਗੇਰੀ ਪਛਾਣ ਬਣਾਉਣ ਦੇ ਸਮਰੱਥ ਹੁੰਦਾ ਹੈ; ਇਹੋ ਪਛਾਣ ਹੀ ਅੱਗੋਂ ਕਿਸੇ ਵੀ ਸਾਹਿਤਕਾਰ ਦੇ ਸਮਗ੍ਰ ਸਾਹਿਤ/ਸਾਹਿਤਕ ਪ੍ਰਯੋਜਨ ਦੇ ਮਾਪਦੰਡਾਂ/ਪ੍ਰਤਿਮਾਨਾਂ ਅਥਵਾ ਉਸ ਦੇ ਬ੍ਰਿਤਾਂਤ-ਸ਼ਾਸਤਰ ਦੀ ਸਹੀ ਨਿਸ਼ਾਨਦੇਹੀ ਕਰਦੀ ਹੈ ਜੋ ਸਾਹਿਤ ਨੂੰ ਸਮੂਹ ਹੱਦ ਬੰਦੀਆਂ ਤੋਂ ਮੁਕਤ ਕਰਕੇ ਸਦੀਵੀ ਚੇਤਨਾ ਪ੍ਰਦਾਨ ਕਰਦੀ ਹੈ। ਭਾਰਤੀ ਕਾਵਿ-ਸ਼ਾਸਤਰ ਦੇ 'ਸੱਤਿਅਮ-ਸ਼ਿਵਮ-ਸੁੰਦਰਮ' ਦੀ ਤ੍ਰਿਕੜੀ ਦਾ ਇਹੋ ਕੇਂਦਰੀ-ਨੁਕਤਾ ਹੈ ਜੋ ਪੱਛਮੀ ਸਾਹਿਤ ਦੀਆਂ ਨਵੀਨ ਆਲੋਚਨਾ ਪ੍ਰਣਾਲੀਆਂ ਤੇ ਉਥੋਂ ਦੇ ਸੱਭਿਆਚਾਰਕ ਵੱਖਰੇਵਿਆਂ ਦੇ ਬਾਵਜੂਦ ਵੀ ਸਿਰਜਣਪ੍ਰਕਿਰਿਆ ਵਜੋਂ ਨਿਵੇਕਲੇ ਪਛਾਣ-ਚਿੰਨ੍ਹਾਂ ਦੀ ਚਿੰਤਨਸ਼ੀਲ ਆਭਾ ਬਣਾਉਂਦਾ ਹੈ ਜੋ ਆਪਣੀ ਮੂਲ ਖ਼ਾਸੀਅਤ ਅਨੁਸਾਰ ਮਨੁੱਖੀ ਹਿਤਾਂ ਨੂੰ ਕਿਸੇ ਵੀ ਤਰ੍ਹਾਂ ਅੱਖੋਂ ਪ੍ਰੋਖੇ ਨਹੀਂ ਕਰਦਾ। ਹਥਲੇ ਨਾਵਲ 'ਜਗਦੇ ਬੁਝਦੇ ਜੁਗਨੂੰ' ਦੇ ਸਮਗ੍ਰ ਅਧਿਐਨ ਤੋਂ ਵੀ ਇਹ ਪ੍ਰਭਾਵ ਸੁਤੇ-ਸਿੱਧ ਹੀ ਮੂਰਤੀਮਾਨ ਹੋ ਜਾਂਦਾ ਹੈ। ਇਸ ਲਈ ਇਸਦੇ ਦੁੱਵਲੇ ਪ੍ਰਭਾਵ ਅਥਵਾ ਪੂਰਬੀ ਤੇ ਪੱਛਮੀ  ਦੀਆਂ ਜੁੜਵੀਆਂ ਤੰਦਾਂ ਦੇ ਸਨਮੁਖ ਇਸ ਨਾਵਲ ਨੂੰ ਪਰਵਾਸੀ ਸਾਹਿਤ ਦੀ ਕੋਟੀ ਵਿੱਚ ਰਖਿਆ ਜਾਵੇ ਜਾਂ ਗ਼ੈਰ- ਪਰਵਾਸੀ ਸਾਹਿਤ ਦੇ ਅੰਤਰਗਤ ਵਿਚਾਰਿਆ ਜਾਵੇ, ਇਹ ਇੱਕ ਨਵਾਂ ਸਵਾਲ ਹੈ ਜੋ ਸਿੱਧੇ ਅਸਿੱਧੇ ਰੂਪ ਵਿੱਚ ਪਾਠਕਾਂ ਦੇ ਜ਼ਿਹਨ ਦਾ ਹਿੱਸਾ ਬਣਦਾ ਹੈ। ਖ਼ੈਰ, ਕੁਝ ਵੀ ਹੋਵੇ ਨਾਵਲ ਦੇ ਇਨ੍ਹਾਂ ਗਿਆਰ੍ਹਾਂ ਕਾਡਾਂ ਵਿੱਚ ਨਾਵਲਕਾਰਾ ਵਲੋਂ ਜਿਨ੍ਹਾਂ ਵਿਸ਼ੇਸ਼ ਪਾਤਰਾਂ ਦੇ ਜੀਵਨ-ਸੰਕਟਾਂ ਦੀ ਪੇਸ਼ਕਾਰੀ ਹੋਈ ਹੈ ਉਨ੍ਹਾਂ ਵਿਚੋਂ ਕੁਲਜੀਤ, ਪਵਨ, ਅਮਰ, ਬਾਰਬੀ ਹੈਰਿਸ (ਵਿਦੇਸ਼ੀ-ਮੂਲ) ਦੇ ਇਸਤਰੀ ਪਾਤਰ ਹਨ ਜਦੋਂ ਕਿ ਰਮਨਜੀਤ ਗਿੱਲ ਤੇ ਅਨਮੋਲ ਇਨ੍ਹਾਂ ਦੋਹਾਂ ਨੌਜਵਾਨ ਮਰਦ ਪਾਤਰਾਂ ਨੂੰ ਲੇਖਿਕਾ ਨੇ ਜਿਸ ਤਰ੍ਹਾਂ ਸਮਾਨਾਂਤਰ ਧਰਾਤਲ 'ਤੇ ਪਾਠਕਾਂ ਦੇ ਰੂ-ਬੁ-ਰੂ ਕੀਤਾ ਹੈ, ਨਾਰੀ-ਚੇਤਨਾ ਸੰਬੰਧੀ ਕੌਮਾਂਤਰੀ ਪੱਧਰ ਦੀਆਂ ਉਤਪੰਨ ਹੋਈਆ ਮੂਲ ਧਾਰਨਾਵਾਂ ਪ੍ਰਤਿ ਵੀ ਸਾਨੂੰ ਸੋਚਣ ਲਈ ਮਜ਼ਬੂਰ ਹੋਣਾ ਪੈਂਦਾ ਹੈ। ਅਜੋਕੀਆਂ ਬਦਲਦੀਆਂ ਪ੍ਰਸਥਿਤੀਆਂ ਅਨੁਸਾਰ ਇਹ ਵਿਚਾਰਨਾ ਜ਼ਰੂਰੀ ਵੀ ਹੈ ਕਿਉਂਕਿ ਵਿਰੋਧ ਲਈ ਵਿਰੋਧ ਕਰਨਾ ਇੱਕ ਗ਼ੈਰਜ਼ਿੰਮੇਦਾਰਾਨਾ ਬਿਰਤੀ ਹੀ ਨਹੀਂ ਸੰਵੇਦਨਹੀਣਤਾ ਦਾ ਪ੍ਰਤਿਕਰਮ ਹੁੰਦਾ ਹੈ, ਵਿਚਾਰ ਤਾਂ ਪ੍ਰਾਸੰਗਿਕ-ਸੱਚ ਅਨੁਸਾਰ ਸਹੀ ਅਤੇ ਪ੍ਰਵਾਣਿਤ ਨਿਰਣੈ ਲੈਣ ਦੀ ਹੈ। ਲੇਖਿਕਾ ਨੇ ਇਸਤਰੀ/ਮਰਦ ਦੀ ਮਾਨਸਿਕਤਾ ਪ੍ਰਤਿ ਆਪਣੀ ਨਿਰਪੱਖ ਤੇ ਦੂਰ-ਅੰਦੇਸ਼ੀ ਦਾ ਵਿਸ਼ੇਸ਼ ਪ੍ਰਮਾਣ ਦਿੱਤਾ ਹੈ। ਪ੍ਰਤੱਖ ਹੈ, ਜਦੋਂ ਭਾਰਤ ਵਿਖੇ ਰਹਿ ਰਹੀ ਇੱਕ ਸਰਦੇ-ਪੁਜਦੇ ਪਰਿਵਾਰ ਦੀ ਕੁੜੀ ਦਾ ਵਿਆਹ ਅਨਮੋਲ ਨਾਲ ਹੋ ਜਾਂਦਾ ਹੈ। ਇਮੀਗ੍ਰੇਸ਼ਨ ਦੀਆਂ ਕਾਨੂੰਨੀ ਕਾਰਵਾਈਆਂ ਹੋਣ ਉਪਰੰਤ ਉਸ ਦਾ ਕਨੇਡਾ ਦਾ ਵੀਜ਼ਾ ਵੀ ਲੱਗ ਜਾਂਦਾ ਹੈ ਤਾਂ ਕਨੇਡਾ ਪਹੁੰਚ ਕੇ ਆਪਣੇ ਪਤੀ ਅਨਮੋਲ ਨਾਲ ਨਹੀਂ ਸਗੋਂ ਆਪਣੇ ਤਥਾ-ਕਥਿਤ ਕਜ਼ਨ/ਬੁਆਏ ਫ੍ਰੈਂਡ ਨਾਲ ਹੀ ਚਲੀ ਜਾਂਦੀ ਹੈ। ਅਨਮੋਲ ਪਰਿਵਾਰ ਵਲੋਂ ਉਸ ਲਈ ਰੱਖੀ ਵਿਸ਼ੇਸ਼ ਸੁਆਗਤੀ ਪਾਰਟੀ 'ਤੇ ਵੀ ਆਉਣ ਤੋਂ ਉਹ ਗੁਰੇਜ਼ ਕਰਦੀ ਹੈ, ਜੇਕਰ ਉਥੇ ਪਹੁੰਚ ਵੀ ਜਾਂਦੀ ਹੈ ਤਾਂ ਰਾਤ ਨੂੰ ਅਨਮੋਲ ਦੇ ਪਰਿਵਾਰ ਕੋਲ ਰੁਕਣ ਤੋਂ ਵੀ ਸਾਫ਼ ਇਨਕਾਰ ਕਰ ਦਿੰਦੀ ਹੈ; ਇਸ ਘਟਨਾ ਬਾਰੇ ਪ੍ਰਤਿਕਰਮ ਜ਼ਾਹਿਰ ਕਰਦਿਆਂ ਲੇਖਿਕਾ ਲਿਖਦੀ ਹੈ: ਉਸ ਰਾਤ (ਸੁਆਗਤੀ ਪਾਰਟੀ ਦੀ) ਨੂੰ ਰੁਕਣ ਤੋਂ ਸਾਫ਼ ਮਨ੍ਹਾ ਕਰ ਦਿੱਤਾ ਤਾਂ ਸਾਰਿਆਂ ਨੂੰ ਲਗਾ ਕਿ ਦਾਲ ਵਿਚ ਕੁਝ ਕਾਲਾ ਜ਼ਰੂਰ ਹੈ ਅਤੇ ਕੁਝ ਦਿਨਾਂ ਬਾਅਦ ਜੱਗ ਜ਼ਾਹਿਰ ਹੋ ਗਿਆ ਕਿ ਕੁਝ ਕੁਝ ਨਹੀਂ ਸਾਰੀ ਦਾਲ ਹੀ ਕਾਲੀ ਸੀ। ਉਹ ਮੁੰਡਾ ਜਿਸ ਨੂੰ ਉਹ ਕਜ਼ਨ ਦੱਸਦੀ ਸੀ ਅਸਲ ਵਿੱਚ ਉਸ ਦਾ ਬੁਆਏ ਫ੍ਰੈਂਡ ਸੀ ਜੋ ਵਿਜ਼ਟਰ ਵੀਜ਼ੇ 'ਤੇ ਉਸ ਨਾਲ ਆਇਆ ਸੀ ..... ਉਹ ਦੋਵੇਂ ਪਤੀ ਪਤਨੀ ਬਣ ਪੱਕੇ ਤੌਰ 'ਤੇ ਇਥੇ ਰਹਿਣ ਦੀ ਯੋਜਨਾ ਬਣਾ ਕੇ ਆਏ ਸਨ। ਹੋਇਆ ਵੀ ਇੰਜ ਹੀ। ਉਸ ਰਾਤ ਦੀ ਗਈ ਉਹ ਮੁੜ ਨ ਪਰਤੀ ਤੇ ਵਿਚਾਰਾ ਅਨਮੋਲ, ਨਾ ਵਿਆਹਿਆ ਨਾ ਕੁੰਵਾਰਾ। ਅਧੂਰਾ ਮਰਦ! ਅੰਦਰੋਂ ਬਾਹਰੋਂ ਸ਼ਰਮ ਦਾ ਮਾਰਿਆ ਅਤਿ ਦਾ ਮਾਯੂਸ ਹੋ ਗਿਆ। (ਪੰਨਾ ੮੫) ਇਸੇ ਲੜੀ ਵਿੱਚ ਲੇਖਿਕਾ ਰਮਨਜੀਤ ਗਿੱਲ ਦੇ ਪਰਿਵਾਰਿਕ ਦੁਖਾਂਤ ਨੂੰ ਉਸ ਦੀ ਪਤਨੀ 'ਤੇ ਕੇਂਦ੍ਰਿਤ ਕਰਦਿਆਂ ਦੱਸਦੀ ਹੈ ਕਿ ਉਸ ਦੀ ਪਤਨੀ ਦੀ ਰਾਤੋ-ਰਾਤ ਅਮੀਰ ਹੋਣ ਦੀ ਲਾਲਸਾ, ਉਨ੍ਹਾਂ ਦੇ ਖੁਸ਼ਗਵਾਰ ਪਰਿਵਾਰਿਕ ਮਾਹੌਲ ਵਿੱਚ ਬੜਾ ਵੱਡਾ ਵਿਗਾੜ ਪੈਦਾ ਕਰ ਦਿੰਦੀ ਹੈ। ਇਹ ਵੱਖਰੀ ਗੱਲ ਹੈ ਕਿ ਉਨ੍ਹਾਂ ਦੋਹਾਂ ਪਤੀ-ਪਤਨੀ ਦੀ ਕਾਊਂਸਲਿੰਗ ਹੋਣ ਉਪਰੰਤ ਸਮਾਂ ਪੈਣ 'ਤੇ ਉਨ੍ਹਾਂ ਦਾ ਆਪਸੀ ਸਮਝੌਤਾ ਵੀ ਹੋ ਜਾਂਦਾ ਹੈ ਪਰੰਤੂ ਰਮਨਜੀਤ ਦਾ ਇਹ ਗਿਲਾ ਉਸ ਦੀ ਅੰਦਰਲੀ ਸਚਾਈ ਨੂੰ ਭਲੀਭਾਂਤ ਮੂਰਤੀਮਾਨ ਕਰ ਦਿੰਦਾ ਹੈ: "ਤੁਹਾਨੂੰ ਪਤਾ ਹੀ ਹੈ ਕਿ ਇਥੇ ਜ਼ਨਾਨੀ ਦੀ ਸੁਣੀ ਜਾਂਦੀ ਆ। ਕਸੂਰ ਚਾਹੇ ਉਹ ਦਾ (ਜ਼ਨਾਨੀ) ਹੀ ਹੋਵੇ ਪਰ ਘਰ ਤੋਂ ਨਿਕਾਲਾ ਬੰਦੇ ਨੂੰ ਹੀ ਮਿਲਦਾ। ਹੁਣ ਨਾ ਤਾਂ ਮੈਂ ਘਰ ਜਾ ਸਕਦਾਂ ਤੇ ਨਾ ਹੀ ਆਪਣੀ ਬੇਟੀ ਨੂੰ ਮਿਲ ਸਕਦਾਂ। ਪਤਾ ਨਹੀਂ ਹੁਣ ਦੋ ਦੋ ਸ਼ਿਫ਼ਟਾਂ ਕੰਮ ਕਰਕੇ ਉਹ ਬੇਟੀ ਨੂੰ ਕਿਵੇਂ ਸੰਭਾਲਦੀ ਹੋਊ"। ਇਹ ਕਹਿੰਦਿਆਂ ਉਹਦਾ ਗਲ਼ਾ ਭਰ ਆਇਆ ਸੀ। (ਪੰਨਾ ੫੯) ਇਸੇ ਤਰ੍ਹਾਂ ਉਪਰੋਕਤ ਪੇਸ਼ ਹੋਏ ਮਰਦ ਪਾਤਰਾਂ ਦੇ ਮੁਕਾਬਲਤਨ ਲੇਖਿਕਾ ਗੁਰਚਰਨ ਕੌਰ ਥਿੰਦ ਵਲੋਂ ਪੇਸ਼ ਇਸਤਰੀ ਪਾਤਰਾਂ ਨੂੰ ਡੂੰਘੀ ਨੀਝ ਨਾਲ ਦੇਖਿਆ ਜਾਵੇ ਤਾਂ ਕੁਲਜੀਤ ਅਜਿਹੀ ਇਸਤਰੀ ਹੈ ਜਿਸ ਨੂੰ ਇੱਕ ਵਾਰ ਨਹੀਂ ਸਗੋਂ ਦੋ ਵਾਰ ਤਲਾਕ ਦੀ ਮਾਰ ਝੱਲਣੀ ਪੈਂਦੀ ਹੈ। ਉਸ ਦਾ ਪਹਿਲਾ ਪਤੀ ਉਸ ਦੇ ਗੰਭੀਰ ਬਿਮਾਰ ਹੋਣ ਦਾ ਬਹਾਨਾ ਬਣਾਕੇ ਤਲਾਕ ਦਾ ਮਾਹੌਲ ਬਣਾ ਦਿੰਦਾ ਹੈ ਦੂਜੀ ਵਾਰ "ਉਸ ਦੇ ਘਰ ਵਾਲਾ ਸ਼ਰਾਬੀ-ਕਬਾਬੀ ਭਾਣਜੇ ਨਾਲ ਉਸ ਦੀ ਭਾਣਜੀ ਦਾ ਵਿਆਹ ਕਰਵਾ ਕਨੇਡਾ ਦਾ ਬਾਸ਼ਿੰਦਾ ਬਣਾ ਕੇ ਆਪਣੀ ਭੈਣ ਦੀ ਖੁਸ਼ਨਸੂਦੀ ਹਾਸਲ ਕਰਨਾ ਚਾਹੁੰਦਾ ਸੀ"। (ਪੰਨਾ ੨੦) ਉਹ (ਕੁਲਜੀਤ) ਤਾਹਨੇ-ਮਿਹਣੇ ਝੱਲਦੀ, ਘਸੁੰਨਾਂ-ਥੱਪੜਾਂ ਦੀ ਮਾਰ ਸਹਿੰਦੀ ਹੋਈ, ਆਪਣੇ ਪਤੀ ਦੇ ਤਾਨਾਸ਼ਾਹੀ ਵਤੀਰੇ ਦੇ ਅਧੀਨ ਚਾਰ ਬੱਚਿਆਂ ਦੀ ਮਾਂ ਵੀ ਬਣ ਜਾਂਦੀ ਹੈ। ਉਸ ਨੂੰ ਫਿਊਨਰਲ ਬਾਕਸ ਬਣਾਉਣ ਵਾਲੀ ਘਿਨਾਉਣੀ/ਡਰਾਉਣੀ ਫ਼ੈਕਟਰੀ 'ਤੇ ਵੀ ਕੰਮ ਕਰਨਾ ਪੈਂਦਾ ਹੈ ਤੇ ਇਸਤਰੀ ਹੋਣ ਦੇ ਨਾਤੇ ਭਾਰੀਆਂ ਖਿੜਕੀਆਂ ਚੁੱਕਣ ਦਾ ਜ਼ੋਰਦਾਰ ਧੰਦਾ ਵੀ। ਅੰਗਰੇਜ਼ੀ ਭਾਸ਼ਾ ਵਿੱਚ ਮੁਹਾਰਤ ਨਾ ਹੋਣਾ ਤੇ ਉਥੋਂ ਦੇ ਸੱਭਿਆਚਾਰਕ ਪ੍ਰਬੰਧ ਦੀ ਹਾਣੀ ਨਾ ਹੋਣਾ ਵੀ ਉਸ ਦੀ ਮਾਨਸਿਕ ਤ੍ਰਾਸਦੀ ਸੀ। ਗਰਭਵਤੀ ਹੋਣ ਸਮੇਂ ਵੀ ਉਹ ਭਾਵੇਂ ਅੰਤਾਂ ਦਾ ਤਸ਼ੱਦਦ ਝੱਲਦੀ ਹੈ ਪਰੰਤੂ ਫਿਰ ਵੀ ਸੌ ਤਰ੍ਹਾਂ ਦੇ ਬਹਾਨੇ ਬਣਾ ਕੇ ਭਲੇ ਦਿਨਾਂ ਦੀ ਉਡੀਕ ਲਈ ਆਪਣੇ ਪਤੀ ਪ੍ਰਤਿ ਵਫ਼ਾਦਾਰੀ ਦਾ ਇਜ਼ਹਾਰ ਕਰਦੀ ਹੈ। ਇਥੋਂ ਤੱਕ ਕਿ ਉਸ ਦਾ ਪਤੀ ਆਪਣੀ ਬੇਟੀ ਪੈਮ ਦਾ ਵਿਆਹ ਵੀ ਆਪਣੀ ਕਿਸੇ ਰਿਸ਼ਤੇਦਾਰੀ ਵਿੱਚ ਕਰਨਾ ਲੋੜਦਾ ਹੈ। ਉਹ ਖ਼ੁਦ ਕਾਗ਼ਜ਼ੀ ਤਲਾਕ ਦੇ ਬਹਾਨੇ ਵੀ ਘੜਦਾ ਹੈ। ਨੌਬਤ ਕੁਲਜੀਤ ਦਾ ਗਲਾ ਘੁੱਟਣ ਤੱਕ ਆ ਜਾਂਦੀ ਹੈ। ਆਖ਼ਰ ਤਲਾਕ ਹੋਣ ਉਪਰੰਤ ਕੁਲਜੀਤ ਨੂੰ ਮਜ਼ਬੂਰੀ ਵੱਸ ਆਪਣੀ ਬੇਟੀ ਪੈਮ ਦੇ ਘਰ ਹੀ ਠਹਿਰਣਾ ਪੈਂਦਾ ਹੈ। ਨੌਕਰੀ ਦੌਰਾਨ ਭਾਵੇਂ ਆਪਣੇ ਦੁੱਖਾਂ ਦੀ ਸਾਂਝ ਵਾਲੀ ਸੁਪਰਵਾਈਜ਼ਰ ਗੋਰੀ ਜਰਮਨ ਔਰਤ ਇੱਕ ਰੋਲ ਮਾਡਲ ਬਣ ਕੇ ਉਸ ਦਾ ਸਹਾਰਾ ਵੀ ਬਣਦੀ ਹੈ। ਮੂਲ ਰੂਪ ਵਿੱਚ ਕੁਲਜੀਤ ਬੜੀ ਸੰਵੇਦਨਸ਼ੀਲ ਔਰਤ ਹੈ, ਇਹੋ ਕਾਰਨ ਹੈ ਇੱਕ ਅਖੜ ਸੁਭਾਅ ਵਜੋਂ ਜਾਣੀ ਜਾਂਦੀ ਇਸਤਰੀ ਦੀ ਵਿਦਾਇਗੀ ਪਾਰਟੀ ਦੇ ਵਕਤ ਉਹ ਉਸ ਨਾਲ ਬੜੇ ਸਹਿਜ ਨਾਲ ਪੇਸ਼ ਆਉਂਦੀ ਹੈ। ਉਸ ਬਾਰੇ ਆਪਣਾ ਪ੍ਰਤਿਕਰਮ ਵੀ ਦਿੰਦੀ ਹੈ: ਬਾਅਦ ਵਿੱਚ ਮੈਂ ਸੋਚਿਆ ਕਿ ਪਤਾ ਨਹੀਂ ਕਿਹੜੀਆਂ ਪ੍ਰਸਥਿਤੀਆਂ ਨੇ ਉਸ ਨੂੰ ਐਨਾ ਝਗੜਾਲੂ ਬਣਾ ਦਿੱਤਾ ਹੈ ਕਿ ਉਹ ਨਿੱਕੀ ਨਿੱਕੀ ਗਲ 'ਤੇ ਤੁਣਕ ਪੈਂਦੀ ਹੈ। ਹੋ ਸਕਦਾ ਹੈ ਘਰੇਲੂ ਪ੍ਰਸਥਿਤੀਆਂ ਨੇ ਜਾਂ ਕਿਸੇ ਖਾਸ ਹੀ ਨਿੱਜ ਨਾਲ ਘਟੀ ਘਟਨਾ ਨੇ ਜਾਂ ਫਿਰ ਮਾਪਿਆਂ ਦੇ ਬੇਲੋੜੇ ਲਾਡ ਪਿਆਰ ਜਾਂ ਅੰਤਾਂ ਦੀ ਬੇਰੁਖੀ ਨੇ। ਅਜਿਹੀਆਂ ਹਾਲਤਾਂ ਵਿੱਚ ਬੰਦੇ ਦਾ ਆਪਣੇ ਸੁਭਾਅ ਅਤੇ ਵਿਵਹਾਰ 'ਤੇ ਕਾਬੂ ਵੀ ਨਹੀਂ ਰਹਿੰਦਾ ਨਾ। (ਪੰਨਾ ੨੫) ਇਸ ਤਰ੍ਹਾਂ ਫਿਊਨਰਲ ਬਾਕਸ ਫ਼ੈਕਟਰੀ 'ਤੇ ਕੰਮ ਕਰਨ ਵਕਤ ਮਨੋਵਿਗਿਆਨਕ ਤੌਰ 'ਤੇ ਉਹ ਕੀ ਮਹਿਸੂਸ ਕਰਦੀ ਹੈ; ਉਸ ਦੇ ਇਨ੍ਹਾਂ ਗੰਭੀਰ ਬੋਲਾਂ ਤੋਂ ਭਲੀ-ਭਾਂਤ ਪ੍ਰਤੱਖ ਹੋ ਜਾਂਦਾ ਹੈ: ਮੈਂ ਅਕਸਰ ਆਪਣੇ ਆਪ ਨੂੰ ਇਸ ਬਾਕਸ ਵਿੱਚ ਬੰਦ ਹੋਇਆ ਤੁਸੱਵਰ ਕਰਦੀ, ਮੇਰਾ ਸਾਹ ਘੁੱਟਣ ਲੱਗ ਜਾਂਦਾ ਤਾਂ ਮੈਂ 'ਵਾਹਿਗੁਰੂ', 'ਵਾਹਿਗੁਰੂ' ਕਹਿ ਉਠਦੀ। ..... ਖ਼ੈਰ ਹੌਲੀ ਹੌਲੀ ਮੇਰਾ ਡਰ ਘਟਦਾ ਗਿਆ। ਮੌਤ ਮੈਨੂੰ ਜ਼ਿੰਦਗੀ ਦੀ ਸਚਾਈ ਜਾਪਣ ਲੱਗ ਪਈ। ਇਹ ਬਕਸੇ ਉਸ ਜਿਸਮ ਨੂੰ ਆਪਣੇ ਅੰਦਰ ਪਨਾਹ ਦਿੰਦੇ ਨੇ ਜਿਹੜਾ ਇਸ ਸੰਸਾਰ ਵਿੱਚ ਵਿਅਰਥ ਹੋ ਚੁੱਕਾ ਹੁੰਦਾ ਏ ਹਰ ਇਕ ਨੇ ਆਖ਼ਿਰ ਇਸ ਬਕਸੇ ਵਿੱਚ ਬੰਦ ਹੋਣਾ ਏ। (ਪੰਨਾ ੨੬) ਇਸੇ ਤਰ੍ਹਾਂ ਇਸਤਰੀ ਪਾਤਰਾਂ ਵਿਚੋਂ ਪਵਨ ਜੋ ਮਾਪਿਆਂ ਦੀ ਇੱਛਾ ਅਨੁਸਾਰ ਉਚੇਰੀ ਸਿੱਖਿਆ ਕੰਮਪਿਊਟਰ ਦਾ ਪੋਸਟ ਗ੍ਰੈਜੂਏਟ ਦਾ ਡਿਪਲੋਮਾ ਅੱਧ-ਵਿਚਕਾਰੋਂ ਛੱਡ ਕੇ ਕਨੇਡਾ ਵਿਖੇ ਵਿਆਹੀ ਗਈ। ਦਾਜਦਹੇਜ ਦੇ ਤਾਹਨੇ ਮਿਹਣਿਆਂ ਦਾ ਦੌਰ ਵੀ ਅਜੇ ਖ਼ਤਮ ਨਹੀਂ ਸੀ ਹੋਇਆ, ਜਦੋਂ ਵਿਆਹ ਤੋਂ ਤਿੰਨ ਮਹੀਨੇ ਬਾਅਦ ਉਸ ਦਾ ਅਲਟਰਾਸਾਊਂਡ ਕਰਵਾਇਆ ਗਿਆ ਤਾਂ ਪੇਟ ਵਿੱਚ ਪਲ ਰਹੀ 'ਬੱਚੀ' ਦਾ ਪਤਾ ਲੱਗਣ 'ਤੇ ਪਤੀ ਤੇ ਸੱਸ ਦਾ ਵਤੀਰਾ ਮੂਲੋਂ ਹੀ ਵਿਰੋਧੀ ਹੋ ਗਿਆ। ਬੇਬੀ ਦੇ ਜਨਮ ਸਮੇਂ ਪਰਿਵਾਰ ਵਲੋਂ ਪਵਨ ਨੂੰ ਹਸਪਤਾਲ ਭਾਵੇਂ ਪਹੁੰਚਾਇਆ ਗਿਆ ਪਰੰਤੂ ਪਰਿਵਾਰ ਵਲੋਂ ਕਿਸੇ ਵੀ ਤਰ੍ਹਾਂ ਸਾਂਭ-ਸੰਭਾਲ ਨਹੀਂ ਹੋਈ। ਆਖ਼ਿਰ ਪਵਨ ਵਲੋਂ ਸ਼ੈਲਟਰ ਹੋਮ ਵਿੱਚ ਰਹਿ ਕੇ ਆਪਣਾ ਗੁਜ਼ਾਰਾ ਕਰਨਾ, ਬੱਚੀ ਦਾ ਸਖ਼ਤ ਬਿਮਾਰ ਹੋਣਾ, ਛੇ ਮਹੀਨੇ ਬੀਤ ਜਾਣ ਉਪਰੰਤ ਵੀ ਪਵਨ ਦੇ ਪਤੀ ਦਾ ਆਪਣੀ ਬੇਬੀ ਨੂੰ ਨਾ ਮਿਲਣਾ, ਬੱਚੀ ਦੀ ਮਾਨਸਿਕ ਦਸ਼ਾ ਨੂੰ ਸਮਝਦਿਆਂ ਆਰਥਿਕ ਤੰਗੀਆਂ-ਤੁਰਸ਼ੀਆਂ ਕਾਰਨ ਵੀ, ਬੇਟੀ ਲਈ ਸਮਰਪਣ ਭਾਵਨਾ ਦਾ ਇਜ਼ਹਾਰ ਕਰਕੇ, ਉਸ ਦਾ ਜਨਮ ਦਿਨ ਮਨਾਉਣਾ, ਇਥੋਂ ਤੱਕ ਕਿ ਨਾ ਚਾਹੁੰਦੇ ਹੋਏ ਵੀ ਤਲਾਕ ਵਕਤ ਹੋਣ ਵਾਲੇ ਖ਼ਰਚ ਦਾ ਅੱਧੋ-ਅੱਧ ਵਕੀਲ ਨੂੰ ਦੇਣ ਲਈ ਮਜ਼ਬੂਰ ਹੋਣਾ, ਅਜਿਹੇ ਹਾਲਾਤਾਂ ਵਿਚੋਂ ਲੰਘਣਾ ਪਵਨ ਲਈ ਕੋਈ ਸੌਖੀ ਖੇਡ ਨਹੀਂ ਸੀ। ਲੇਖਿਕਾ ਵਲੋਂ ਪੇਸ਼ ਹੋਏ ਉਸ ਦੇ ਅਸਤਿਤਵ/ਨਾਰੀਤਵ ਨੂੰ ਦਰਸਾਉਂਦੇ ਇਹ ਵਾਰਤਾਲਾਪ ਬੜਾ ਮਾਅਨਾ ਰੱਖਦੇ ਹਨ: "ਤੂੰ ਮੈਨੂੰ ਤਲਾਕ ਦੇਦੇ ਤੂੰ ਕਨੇਡਾ ਆ ਗਈ ਏਂ! ਹੁਣ ਤੂੰ ਮੇਰਾ ਖਹਿੜਾ ਛੱਡ" ...... "ਤੁਸੀਂ ਮੈਨੂੰ ਵਿਆਹ ਕੇ ਲਿਆਏ ਓ ਮੇਰੇ ਮਾਪਿਆਂ ਕਿਹੜਾ ਤੁਹਾਡੇ ਨਾਲ ਮੇਰੇ ਕਨੇਡਾ ਪਹੁੰਚਣ ਦਾ ਸੌਦਾ ਕੀਤਾ ਸੀ। ਵਿਆਹ ਕੀਤਾ ਸੀ ਮੇਰਾ ..... ਮੈਂ ਤਾਂ ਨਹੀਂ ਦੇਂਦੀ 'ਤਲਾਕ' ਆਪੇ ਕਦੇ ਭਲੇ ਦਿਨ ਆਉਣਗੇ। ..... ਮੇਰਾ ਕਸੂਰ ਤਾਂ ਦੱਸ। ਮੈਂ ਕਾਣੀ ਕੋਹਜੀ ਆਂ? ਮੈਂ ਅਨਪੜ੍ਹ ਆਂ, ਤੇਰੇ ਹਾਣ ਪ੍ਰਵਾਨ ਦੀ ਨਹੀਂ ਆਂ। ਮੈਂ ਕਿਥੇ ਗ਼ਲਤ ਆਂ? ਤੂੰ ਮੈਨੂੰ ਕਿਉਂ ਛੱਡਣਾ ਚਾਹੁੰਦਾਂ?" ....... "ਮੇਰੀ ਐਨੀ ਆਮਦਨ ਨਹੀਂ ਕਿ ਮੈਂ ਪਰਿਵਾਰ ਦਾ ਖ਼ਰਚ ਉਠਾ ਸਕਾਂ।" ..... "ਇਹ ਵਿਆਹ ਕਰਵਾਉਣ ਤੋਂ ਪਹਿਲਾਂ ਸੋਚਣਾ ਸੀ ਮੇਰੀ ਜ਼ਿੰਦਗੀ ਕਿਉਂ ਖ਼ਰਾਬ ਕੀਤੀ?"  (ਪੰਨਾ ੫੧) ਲੇਖਿਕਾ ਵਲੋਂ ਅੰਕਿਤ ਅਮਰ ਜਿਸ ਨੂੰ ਨਾਵਲ ਵਿੱਚ ਅਮਰ ਭੈਣ ਜੀ ਕਰਕੇ ਪੇਸ਼ ਕੀਤਾ ਗਿਆ ਹੈ, ਉਸ ਦੀ ਜੀਵਨ-ਕਹਾਣੀ ਵੀ ਸੁਖਾਵੀਂ ਨਹੀਂ। ਆਪਣੇ ਪਤੀ ਦੀ ਮਰਜ਼ੀ ਅਨੁਸਾਰ ਇੰਗਲੈਂਡ ਤੋਂ ਕਨੇਡਾ ਆ ਕੇ ਰਹਿਣਾ, ਕਨੇਡਾ ਦੇ ਨਵੇਂ ਮਾਹੌਲ ਅਨੁਸਾਰ ਜ਼ਿੰਦਗੀ ਵਿੱਚ ਪਰਿਵਰਤਨ, ਆਰਥਿਕ ਲੋੜਾਂ ਦੀ ਪੂਰਤੀ ਲਈ ਜਦੋ-ਜਹਿਦ, ਅਚਾਨਕ ਹੀ ਪਤੀ ਵਲੋਂ ਵਕੀਲ ਕੋਲ ਜਾ ਕੇ ਮਾਰਗੇਜ ਰਿਨਿਊ ਕਰਵਾਉਣ ਲਈ ਦਸਤਖ਼ਤ ਕਰਨ ਵਾਸਤੇ ਕਹਿਣਾ, ਵਕੀਲ ਵਲੋਂ ਪੇਸ਼ ਕਾਗ਼ਜ਼ਾਂ ਦੇ ਪੁਲਿੰਦੇ ਉਪਰ ਅਮਰ ਵਲੋਂ ਬਿਨਾਂ ਪੜ੍ਹਿਆਂ ਦਸਤਖ਼ਤ ਹੋਣੇ, ਪੂਰੇ ਇੱਕ ਸਾਲ ਬਾਅਦ 'ਤਲਾਕ' ਦੀ ਸਾਜ਼ਿਸ ਦਾ ਪਤਾ ਚੱਲਣਾ, ਘਰੇਲੂ ਹਾਲਾਤਾਂ ਦਾ ਵਿਗੜ ਜਾਣਾ, ਪਤੀ ਵਲੋਂ ਘਰੋਂ ਬੇਘਰ ਕਰਨਾ, ਲਿਖਤੀ ਸਮਝੌਤੇ ਅਨੁਸਾਰ ਪੁਲਿਸ ਦੀ ਬੇਵਸੀ ਹੋਣਾ ਭਾਵੇਂ ਲਿਖਤੀ ਰਜ਼ਾਮੰਦੀ ਵਿੱਚ ਧੋਖਾ ਸ਼ਾਮਲ ਸੀ, ਸ਼ੈਲਟਰ ਹੋਮ ਵਿਖੇ ਪਹੁੰਚਣ ਦੀ ਨੌਬਤ ਹੋਣਾ ਤੇ ਸਰਕਾਰ ਵਲੋਂ ਬਣਦੀ ਕਾਨੂੰਨੀ ਸਹਾਇਤਾ ਹੋਣਾ ਆਦਿ ਦਿਲ-ਕੰਬਾਊ ਘਟਨਾਵਾਂ, ਮਨੁੱਖੀ ਬਿਬੇਕ 'ਤੇ ਇੱਕ ਪ੍ਰਸ਼ਨ-ਚਿੰਨ੍ਹ ਬਣ ਜਾਂਦੀਆਂ ਹਨ। ਨਾਵਲ-ਬ੍ਰਿਤਾਂਤ ਦਾ ਅੰਤ੍ਰੀਵੀ ਹਿੱਸਾ ਬਣੀ ਇੱਕ ਵਿਦੇਸ਼ੀ-ਮੂਲ ਦੀ ਔਰਤ ਬਾਰਬੀ ਹੈਰਿਸ, ਜਿਸ ਦਾ ਤੀਹਵਿਆਂ ਦੀ ਉਮਰ ਵਿੱਚ ਵਿਧਵਾ ਹੋਣਾ, ਗਰਭਵਤੀ ਹਾਲਤ ਉਪਰੰਤ ਆਪਣੀ ਧੀ ਸ਼ੈਇਲੀ ਦੀ ਮਾਂ ਬਣਨਾ, ਜੀਵਨਘਾਟਾਂ ਦੇ ਪ੍ਰਤਿਕਰਮ ਵਜੋਂ ਸ਼ਰਾਬ, ਸਿਗਰਟ ਆਦਿ ਨਸ਼ਿਆਂ ਵਿੱਚ ਖ਼ਚਿਤ ਹੋਣਾ, ਨਾਜ਼ੁਕ ਹਾਲਾਤਾਂ ਵਿੱਚ ਆਪਣੀ ਧੀ ਨੂੰ ਬੇਗਾਨੇ ਹੱਥ ਸੌਂਪਣਾ, ਘਰੋਂ ਬੇਘਰ ਹੋਣਾ ਆਦਿ ਜੀਵਨ-ਘਟਨਾਵਾਂ ਉਸ ਨੂੰ ਜੀਵਨਧਾਰਾ ਤੋਂ ਮੂਲੋਂ ਹੀ ਤੋੜ ਦਿੰਦੀਆਂ ਹਨ। ਮਨੁੱਖ ਆਪਣੀਆਂ ਮਾਰੂ ਪ੍ਰਸਥਿਤੀਆਂ/ਹਾਲਾਤਾਂ ਕਾਰਨ ਕਿਵੇਂ ਨਰਕਾਂ ਦੇ ਡੂੰਘੇ ਸਮੁੰਦਰ ਵਿੱਚ ਜਾ ਗਿਰਦਾ ਹੈ; ਇਸ ਬਾਰੇ ਬਾਰਬੀ ਹੈਰਿਸ ਦੇ ਸ਼ਬਦ ਬੜੇ ਮਹੱਤਵਪੂਰਨ ਹਨ: ਮੈਂ ਕਿਹੜੀ ਜਾਣ ਬੁਝ ਕੇ ਨਸ਼ਿਆਂ ਦਾ ਸ਼ਿਕਾਰ ਹੋਈ ਆਂ। ਅੱਗ ਦੀ ਉਮਰੇ ਵਿਧਵਾ ਹੋ ਜਾਣਾ ਕਿਹੜਾ ਮੇਰੇ ਵੱਸ ਵਿੱਚ ਸੀ। ਮੈਂ ਵਧੀਆ ਸ਼ੈਫ਼ ਬਣਨਾ ਚਾਹੁੰਦੀ ਸੀ ਪਰ ਮੇਰੇ ਹੱਥ ਦੀਆਂ ਉਂਗਲਾਂ ਕੱਟੀਆਂ ਗਈਆਂ। ਭਲਾ ਇਹ ਦੇ ਵਿੱਚ ਮੇਰਾ ਕੀ ਕਸੂਰ ਸੀ? ਮੈਂ ਆਪਣੀ ਧੀ ਤੋਂ ਵੱਖ ਹੋਈ। ਸਾਰੀ ਉਮਰ ਉਹਦੇ ਸਾਥ ਲਈ ਤਰਸਦੀ ਰਹੀ। ਮੈਂ ਕਿਸੇ ਬੇਗਾਨੇ ਦੇ ਹੱਥਾਂ ਵਿੱਚ ਉਸ ਨੂੰ ਸੌਂਪ ਦਿੱਤਾ ਤਾਂ ਉਹਦੇ ਭਲੇ ਲਈ ਹੀ ਕੀਤਾ ਸੀ ਨਾ ਆਪਣੇ ਲਈ ਤਾਂ ਨਹੀਂ। ਤੇ ਹੁਣ ਮੈਨੂੰ ਕੈਂਸਰ ਹੋ ਗਿਆ। ..... ਸ਼ਾਇਦ ਮੇਰੀ ਕਿਸਮਤ ਹੀ ਐਸੀ ਹੈ। ਆਪਣੀ ਕਿਸਮਤ ਨੂੰ ਤਾਂ ਨਹੀਂ ਨਾ ਮੈਂ ਬਦਲ ਸਕਦੀ। (ਪੰਨਾ ੭੪) ਕੁਲ ਮਿਲਾ ਕੇ ਨਾਵਲਕਾਰਾ ਨੇ ਇਸਤਰੀ/ਮਰਦ ਜਾਂ ਪਤੀ/ਪਤਨੀ ਦੇ ਰਿਸ਼ਤਿਆਂ ਦੇ ਸਵੈ-ਕੇਂਦ੍ਰਿਤ ਹੋਣ ਦੀ ਬੇਲੋੜੀ ਭਾਵਨਾ ਬਾਰੇ ਆਪਣਾ ਨਿਰਣਾ ਦਿੰਦਿਆਂ, ਨਾਵਲ ਦੇ ਪੰਨਾ ੮੬ 'ਤੇ ਜੋ ਸ਼ਬਦ ਅੰਕਿਤ ਕੀਤੇ ਹਨ, ਉਹ ਬੜੀ ਸਾਰਥਕ ਚੇਤਨਾ ਵਾਲੇ ਹਨ; ਅਜੋਕੇ ਮਨੁੱਖੀ-ਵਰਤਾਰੇ ਦੇ ਅੰਤਰਗਤ ਇਹ ਇੱਕ ਗੌਲਣਯੋਗ ਮਸਲਾ ਹੈ: ਜਦੋਂ ਉਮਰ ਵਿਹਾ ਚੁੱਕੇ ਆਦਮੀ ਆਪਣੇ ਧੰਨ ਦੌਲਤ ਦੇ ਸਹਾਰੇ ਕੋਮਲ ਕਲੀਆਂ ਦੀਆਂ ਸਧਰਾਂ ਨੂੰ ਵਲੂੰਧਰਦੇ ਸੀ ਗੱਲ ਉਹ ਵੀ ਜਾਇਜ਼ ਨਹੀਂ ਸੀ ਤੇ ਅੱਜ ਜਦੋਂ 'ਮੇਰੀ ਮਰਜ਼ੀ', 'ਮੇਰੀ ਅਜ਼ਾਦੀ' ਦੇ ਨਾਂ 'ਤੇ ਕੋਈ ਮੁਟਿਆਰ ਜਾਂ ਗੱਭਰੂ ਕਿਸੇ ਦੇ ਅਣਭੋਲ ਜਜ਼ਬਾਤਾਂ ਨਾਲ ਖੇਡਦੇ ਨੇ ਤਾਂ ਉਸ ਨੂੰ ਵੀ ਸਹੀ ਨਹੀਂ ਕਿਹਾ ਜਾ ਸਕਦਾ। ਕਿਸੇ ਨੂੰ ਠੱਗ ਲੈਣਾ ਜਾਂ ਖ਼ੁਦ ਠੱਗੇ ਜਾਣਾ ਕਿਸੇ ਤਰ੍ਹਾਂ ਵੀ ਜ਼ਿੰਦਗੀ ਨੂੰ ਸਾਵਾਂ ਨਹੀਂ ਚੱਲਣ ਦੇਂਦਾ। (ਪੰਨਾ ੮੬)
ਉਪਰੋਕਤ ਵਿਚਾਰਾਂ ਦੇ ਅੰਤਰਗਤ ਸੂਝਵਾਨ ਪਾਠਕ-ਬਿਰਤੀ ਜਿਉਂ-ਜਿਉਂ ਇਸ ਲਘੂ-ਆਕਾਰੀ ਨਾਵਲ ਦੇ ਵੱਖਰੇ-ਵੱਖਰੇ ਕਾਡਾਂ ਨਾਲ ਆਪਣਾ ਨਾਤਾ ਜੋੜਦੀ ਹੈ ਤਿਉਂ-ਤਿਉਂ ਇਸ ਦੀਆਂ ਬ੍ਰਿਤਾਂਤਿਕ ਛੋਹਾਂ ਦੀ ਸਹਿਜਸੁਭਾਵਿਕਤਾ ਸੰਗ ਜੀਵਨਗਤ/ਪਰਿਵਾਰਿਕ ਸਮੱਸਿਆਵਾਂ/ਸੰਕਟਾਂ/ਦੁਸ਼ਵਾਰੀਆਂ/ਜੀਵਨ-ਵਿਸੰਗਤੀਆਂ ਅਥਵਾ ਮਾਨਵਵਿਰੋਧੀ ਸਰੋਕਾਰਾਂ ਦੇ ਪ੍ਰਸੰਗਿਕ ਸੱਚ ਵਾਲਾ ਮਾਹੌਲ ਹੀ ਨਹੀਂ ਸਿਰਜਿਆ ਜਾਂਦਾ ਸਗੋਂ ਨਾਵਲੀ ਪੈਟਰਨ ਵਾਲਾ ਉਸਾਰੂ ਸੰਵਾਦ ਵੀ ਸਾਹਮਣੇ ਆਉਂਦਾ ਹੈ। ਇਹੋ ਸੰਵਾਦ ਹੀ ਹੈ ਜੋ ਇਸ ਰਚਨਾ ਦਾ ਕੇਂਦਰੀ-ਧੁਰਾ ਬਣ ਕੇ ਨਾਵਲੀ-ਪ੍ਰਕਿਰਿਆ ਦੇ ਵੱਖ-ਵੱਖ ਕਾਡਾਂ ਵਿੱਚ ਆਪਣਾ ਲੜੀਵਾਰ ਪ੍ਰਭਾਵ ਕਾਇਮ ਰੱਖਦਾ ਹੈ। ਇਸ ਦਾ ਮੂਲ ਕਾਰਨ ਇਹ ਵੀ ਪ੍ਰਤੀਤ ਹੁੰਦਾ ਹੈ ਕਿ ਇਸ ਦੇ ਦਰਪੇਸ਼ ਪਾਤਰਾਂ ਦੀ ਸਾਂਝ ਦੀ ਮੂਲ ਆਧਾਰਸ਼ਿਲਾ ਉਨ੍ਹਾਂ ਦੀਆਂ ਸਰਬਸਾਂਝੀਆਂ ਸਮੱਸਿਆਵਾਂ ਹੀ ਬਣਦੀਆਂ ਹਨ, ਜਿਸ ਕਾਰਨ ਉਨ੍ਹਾਂ ਪਾਤਰਾਂ ਦੀ ਇਹ ਸਾਂਝ ਹੋਰ ਵੀ ਪੱਕੇਰੀ/ਪੀਡੀ ਹੋਣ ਦੇ ਆਸਾਰ ਬਣ ਜਾਂਦੇ ਹਨ। ਸਾਂਝ ਦਾ ਇਹੋ ਨਿਵੇਕਲਾ ਪੈਟਰਨ ਹੀ ਹੈ ਜੋ ਉਨ੍ਹਾਂ ਦੀਆਂ ਪਰਿਵਾਰਿਕ ਸਮਾਜਿਕ ਸੰਚਾਰ-ਵਿਥਾਂ ਨੂੰ ਵੀ ਦੂਰ ਕਰਨ ਦਾ ਵਿਸ਼ੇਸ਼ ਮਾਧਿਅਮ ਬਣਦਾ ਹੈ। ਅਜਿਹਾ ਤਦ ਹੀ ਸੰਭਵ ਹੁੰਦਾ ਹੈ ਜਦੋਂ ਗੁਰਮਤਿ ਦੇ ਬੁਨਿਆਦੀ ਸਿਧਾਂਤ, "ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵਲਾਇ॥" ਅਨੁਸਾਰ ਅਸੀਂ ਆਪਸੀ ਵਿਚਾਰ-ਵਟਾਂਦਰੇ ਤਹਿਤ ਬਿਬੇਕੀ-ਚੇਤਨਾ ਦਾ ਲੜ ਫੜਦੇ ਹਾਂ। ਅਗਰ ਅਜਿਹਾ ਨਹੀਂ ਹੁੰਦਾ ਤਾਂ ਜੀਵਨ ਦੀਆਂ ਆਮ ਸਮੱਸਿਆਵਾਂ ਵੀ ਆਪਣੇ ਅਦਿੱਖ-ਰੂਪ ਵਿੱਚ ਆਪਣੀ ਸੀਮਾ-ਰੇਖਾ ਇਉਂ ਪਾਰ ਕਰ ਜਾਂਦੀਆਂ ਹਨ, ਉਨ੍ਹਾਂ 'ਤੇ ਕੰਟਰੋਲ ਕਰਨਾ ਵੀ ਵਸੋਂ ਬਾਹਰਾ ਹੋ ਜਾਂਦਾ ਹੈ। ਹਥਲੇ ਨਾਵਲ ਦੀ ਭਾਸ਼ਾ ਵਿੱਚ ਕਹਿਣਾ ਹੋਵੇ ਤਾਂ 'ਤਲਾਕ' ਸ਼ਬਦ ਦੇ ਵਿਵਹਾਰਿਕ ਨੁਕਤੇ ਤਹਿਤ ਸਾਡੇ ਪਰਿਵਾਰਿਕ ਰਿਸ਼ਤੇ ਮੂਲੋਂ ਹੀ ਖ਼ੰਡਿਤ ਹੋ ਜਾਂਦੇ ਹਨ, ਜਿਸ ਦੇ ਸਿੱਟੇ ਵਜੋਂ ਸੰਸਕਾਰਾਤਮਿਕ ਰੂਪ ਵਿੱਚ ਵੀ ਸਾਨੂੰ ਪੀੜ੍ਹੀਦਰ-ਪੀੜ੍ਹੀ ਉਨ੍ਹਾਂ ਦਾ ਸੰਤਾਪ ਭੋਗਣਾ ਪੈਂਦਾ ਹੈ। ਕੇਵਲ ਮਨੋਵਿਗਿਆਨਕ ਤੌਰ 'ਤੇ ਹੀ ਨਹੀਂ ਸਗੋਂ ਮੈਡੀਕਲ ਸਾਇੰਸ ਦੀ ਭਾਸ਼ਾ ਵਿੱਚ ਵੀ ਅਜਿਹੇ ਖ਼ੰਡਿਤ ਹੋਏ ਪਰਿਵਾਰਿਕ/ਸਮਾਜਿਕ ਰਿਸ਼ਤੇ ਮਾਨਸਿਕ ਤੇ ਸਰੀਰਕ ਰੋਗਾਂ ਦੀ ਮੂਲ ਜੜ੍ਹ ਬਣ ਜਾਂਦੇ ਹਨ ਜੋ ਮਨੁੱਖੀ ਸੁਭਾਅ ਵਜੋਂ ਬੜੇ ਖ਼ਤਰਨਾਕ ਸਾਬਿਤ ਹੁੰਦੇ ਹਨ। ਆਸਥਾ ਨਾਲ ਕੁਲਜੀਤ ਦੀ ਹੋਈ ਮੁਲਾਕਾਤ ਦੇ ਇਹ ਸ਼ਬਦ ਇਸ ਪੱਖੋਂ ਵਰਨਣਯੋਗ ਹਨ; ਆਪਣੇ ਪਤੀ ਦੀਆਂ ਅਮਾਨਵੀ/ਮਾੜੀਆਂ ਹਰਕਤਾਂ ਤੋਂ ਤੰ ਆਈ ਕੁਲਜੀਤ ਦੱਸਦੀ ਹੈ: ਉਦੋਂ ਮੇਰੀ ਵੱਡੀ ਬੇਟੀ ਕੁੱਖ ਵਿਚ ਸੀ ..... ਮੇਰੇ ਮੂੰਹ ਤੇ ਵੱਜਦੇ ਥੱਪੜਾਂ ਤੇ ਢਿੱਡ ਵਿੱਚ ਵੱਜਦੀਆਂ ਲੱਤਾਂ ਨੂੰ ਉਸ ਆਪਣੇ ਨੰਨ੍ਹੇ ਜਿਹੇ ਪਿੰਡੇ ਤੇ ਝੱਲਿਆ ਤਾਂ ਹੀ ਉਹ ਜਨਮ ਤੋਂ ਹੀ ਹੋਰ ਬੱਚਿਆਂ ਤੋਂ ਵੱਖਰੀ ਤਰ੍ਹਾਂ ਦੀ ਸੀ। ਆਪਣੀ ਮਨਮਰਜ਼ੀ ਦੀ ਮਾਲਕ। ਥੋੜ੍ਹੇ ਅੱਖੜ ਸੁਭਾਅ ਵਾਲੀ ਬਣ ਗਈ ਮੇਰੀ ਪਰਮੀਤ। ਜਿਹਨੂੰ ਅਸੀਂ ਲਾਡ ਨਾਲ "ਪੈਮ" ਆਖਦੇ ਆਂ ...... ਤਾਂ ਹੀ ਤਾਂ ਕਹਿੰਦੇ ਨੇ ਗਰਭਵਤੀ ਔਰਤ ਨੂੰ ਖੁਸ਼ਗਵਾਰ ਮਾਹੌਲ ਵਿੱਚ ਵਿਚਰਨਾ ਚਾਹੀਦਾ। (ਪੰਨਾ ੩੨) 'ਪੈਮ' ਖ਼ੁਦ ਵੀ ਆਪਣੇ ਘਰੇਲੂ ਹਾਲਾਤਾਂ ਦੇ ਪ੍ਰਤਿਕਰਮ ਵਜੋਂ ਪੰਨਾ ੯੨ 'ਤੇ ਕਹਿੰਦੀ ਹੈ: ਆਂਟੀ ਜੀ, ਇਹ ਗੱਲ (ਕਿ ਆਪਸੀ ਵਖਰੇਵਿਆਂ ਦਾ ਸ਼ਿਕਾਰ ਹੋਏ ਉਹਨਾਂ (ਪਤੀ/ਪਤਨੀ) ਦੇ ਬੱਚੇ ਉਹਨਾਂ ਨਾਲੋਂ ਵੱਧ ਦੁੱਖ ਉਠਾਉਂਦੇ ਨੇ) ਤੁਸਾਂ ਠੀਕ ਆਖੀ। ਇਹ ਸੰਤਾਪ ਅਸੀਂ ਭੈਣ-ਭਰਾਵਾਂ ਨੇ ਹੰਢਾਇਆ। ਅਸੀਂ ਰੋਜ਼ ਮਨ ਹੀ ਮਨ ਅਰਦਾਸ ਕਰਦੇ ਸੀ ਕਿ ਅੱਜ ਦਾ ਦਿਨ ਸੁੱਖ ਸ਼ਾਂਤੀ ਨਾਲ ਲੰਘ ਜਾਵੇ ...... ਡਰ ਤੇ ਸਹਿਮ ਦਾ ਸਾਇਆ ਹਰ ਪਲ ਸਾਡੇ ਘਰ ਨੂੰ ਮੱਲੀ ਰੱਖਦਾ ਸੀ। (ਪੰਨਾ ੯੨) ਨਾਵਲ-ਲੇਖਿਕਾ ਨੇ ਮਨੁੱਖ ਦੀਆਂ ਇਨ੍ਹਾਂ ਸਮੱਸਿਆਵਾਂ ਦੇ ਮੂਲ ਕਾਰਨਾਂ ਵਲ ਵੀ ਬੜੇ ਗੰਭੀਰ ਸੰਕੇਤ ਕੀਤੇ ਹਨ, ਜੋ ਕਈ ਵਾਰ ਨੇੜੇ ਤੋਂ ਨੇੜੇ ਦੇ ਰਿਸ਼ਤਿਆਂ ਪ੍ਰਤਿ ਵੀ ਵਫ਼ਾਦਾਰੀ ਨਹੀਂ ਨਿਭਾਉਂਦੇ ਸਗੋਂ ਆਪਣੇ ਸਵਾਰਥੀ ਹਿਤਾਂ ਦੀ ਝੋਲੀ ਪੈ ਕੇ ਤੇ ਖ਼ੂਨੀ ਸਾਂਝ ਨੂੰ ਹੀ ਪ੍ਰਧਾਨ ਮੰਨ ਕੇ, ਆਪਣੇ ਵਰਤਮਾਨ ਰੂਪ ਵਿੱਚ ਹੰਢਾਏ ਜਾ ਰਹੇ ਪਤੀ-ਪਤਨੀ ਵਾਲੇ ਘਰੇਲੂ ਰਿਸ਼ਤਿਆਂ ਤੋਂ ਵੀ ਲਾਪਰਵਾਹੀ ਦਾ ਇਜ਼ਹਾਰ ਕਰਦੇ ਹਨ। ਸਿੱਟੇ ਵਜੋਂ ਪਤਨੀ, ਪਤਨੀ ਨਹੀਂ ਰਹਿੰਦੀ, ਬੱਚੇ, ਬੱਚੇ ਨਹੀਂ ਰਹਿੰਦੇ - ਉਨ੍ਹਾਂ ਪ੍ਰਤਿ ਵੀ ਅਜਿਹਾ ਮਾਨਵ-ਵਿਰੋਧੀ ਵਤੀਰਾ ਅਖ਼ਤਿਆਰ ਕੀਤਾ ਜਾਂਦਾ ਹੈ ਕਿ ਮਨੁੱਖ ਆਪਣੀ ਜੀਵਨਧਾਰਾ ਤੋਂ ਮੂਲੋਂ ਹੀ ਟੁੱਟ ਜਾਂਦਾ ਹੈ। ਸਮਝੋ ਇਹ ਦੋ-ਧਿਰੀ ਟਕਰਾਓ ਨਾਲ ਜੁੜੇ ਨਰੋਏ ਰਿਸ਼ਤੇ, ਵਾਦ (ਠਹeਸਸਿ) ਪ੍ਰਤਿਵਾਦ (ਅਨਟਟਿਹeਸਸਿ) ਤੇ ਸੰਵਾਦ (ਸ਼ੇਨਟਹeਸਸਿ) ਦੀਆਂ ਭਵਿੱਖਮੁਖੀ ਸੰਭਾਵਨਾਵਾਂ ਵਾਲੇ ਸਮਾਜਿਕ ਫ਼ਾਰਮੂਲਿਆਂ ਤੋਂ ਪਾਸੇ ਹਟ ਕੇ ਮਾਨਸਿਕ ਵਿਗਾੜ ਦਾ ਕਾਰਨ ਬਣ ਜਾਂਦੇ ਹਨ, ਇਉਂ ਵੀ ਕਿਹਾ ਜਾ ਸਕਦਾ ਹੈ ਮਨੁੱਖੀ ਵਿਕਾਸ 'ਤੇ ਸਿੱਧੇ ਕੇਂਦ੍ਰਿਤ ਹੋਣ ਦੀ ਬਜਾਏ ਇਨ੍ਹਾਂ ਦਾ ਰੁਖ ਉਲਟਭਾਵੀ ਹੋ ਜਾਂਦਾ ਹੈ, ਜਿਸ ਦੇ ਪ੍ਰਤਿਕਰਮ ਵਜੋਂ ਵਕਤੀ ਤੌਰ 'ਤੇ ਕਈ ਵਾਰ ਮਨੁੱਖ ਵਿਚੋਂ ਮਨੁੱਖ ਗੁੰਮ ਹੋਇਆ ਪ੍ਰਤੀਤ ਹੁੰਦਾ ਹੈ। ਕੁਲ ਮਿਲਾਕੇ ਮਨੁੱਖ ਦੀ ਪਸ਼ੂ-ਬਿਰਤੀ ਉਸ 'ਤੇ ਇਸ ਕਦਰ ਭਾਰੂ ਹੋ ਜਾਂਦੀ ਹੈ ਕਿ ਉਸ ਨੂੰ ਆਪਣੇ-ਪਰਾਏ ਦੀ ਪਰਖ ਵੀ ਨਹੀਂ ਰਹਿੰਦੀ; ਮਨੁੱਖ ਹੋਣ ਦੇ ਨਾਤੇ ਉਸ ਦੀ ਬਿਬੇਕ-ਬੁੱਧੀ 'ਤੇ ਇੱਕ ਬੜਾ ਵੱਡਾ ਪ੍ਰਸ਼ਨ-ਚਿੰਨ੍ਹ ਲੱਗ ਜਾਂਦਾ ਹੈ। ਸਾਡੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ਦੇ ਮਾਪਦੰਡ ਵੀ ਉਸ ਮਨੁੱਖ 'ਤੇ ਲਾਗੂ ਹੁੰਦੇ ਪ੍ਰਤੀਤ ਨਹੀਂ ਹੁੰਦੇ। ਅਜਿਹਾ ਕਰਕੇ ਉਹ ਆਪਣੇ ਇਕੱਲੇ-ਇਕਹਿਰੇ ਪਰਿਵਾਰ ਵਜੋਂ ਹੀ ਨਹੀਂ ਸਮੁੱਚੇ ਤੌਰ 'ਤੇ ਆਪਣੇ ਸਮਾਜਿਕ ਆਲੇ-ਦੁਆਲੇ ਵਿੱਚ ਵੀ ਆਪਣਾ ਨਾਂਹ-ਪੱਖੀ ਪ੍ਰਭਾਵ ਸਿਰਜ ਲੈਂਦਾ ਹੈ। ਲੇਖਿਕਾ ਗੁਰਚਰਨ ਕੌਰ ਥਿੰਦ ਦੀ ਖ਼ੂਬੀ ਇਹ ਹੈ ਕਿ ਉਸ ਨੇ ਅਜਿਹੇ ਅਸਮਾਜਿਕ-ਰੁਚੀਆਂ ਵਾਲੇ ਵਿਯੋਗੇ/ਵਿਛੁੰਨੇ ਪਾਤਰਾਂ ਦੀ ਪਛਾਣ ਆਪਣੀ ਹੀ ਤੱਤ-ਬੁੱਧੀ ਅਨੁਸਾਰ ਨਹੀਂ ਕੀਤੀ, ਮਨੁੱਖੀ ਕਦਰਾਂ-ਕੀਮਤਾਂ ਦੇ ਪ੍ਰਾਸੰਗਿਕ-ਸੱਚ ਅਨੁਸਾਰ ਬੜੇ ਪ੍ਰਮਾਣਿਕ ਰੂਪ ਵਿੱਚ ਕੀਤੀ ਹੈ। ਇਸ ਲਈ ਉਸ ਵਲੋਂ ਲਏ ਅਜਿਹੇ ਨਿਰਣੈ ਪੇਤਲੇ ਨਹੀਂ ਸਮਾਜਿਕ-ਯਥਾਰਥ 'ਤੇ ਆਧਾਰਿਤ ਹਨ ਜਿਨ੍ਹਾਂ ਦੀ ਸਾਰਥਿਕਤਾ ਨੂੰ ਅਜੋਕੇ ਵਿਸ਼ਵੀਕਰਨ ਦੇ ਦੌਰ ਵਿੱਚ ਸਹਿਜੇ ਹੀ ਪਛਾਣਿਆ ਜਾ ਸਕਦਾ ਹੈ। ਇਸ ਦਾ ਵਿਸ਼ੇਸ਼ ਕਾਰਨ ਇਹ ਵੀ ਹੈ ਕਿ ਲੇਖਿਕਾ ਨੇ ਜੋ ਘਟਨਾਵੀ-ਪ੍ਰਕਿਰਿਆਵਾਂ ਦਾ ਵਿਵਰਣ ਆਪਣੇ ਪਾਠਕਾਂ ਦੇ ਰੂ-ਬੁ-ਰੂ ਕੀਤਾ ਹੈ, ਉਹ ਭਾਵੇਂ ਸਾਡੇ ਪੰਜਾਬੀ ਮੂਲ ਦੇ ਹੋਣ ਜਾਂ ਵਿਦੇਸ਼ੀ ਧਰਤਿ ਦੇ ਨਿਵਾਸੀ, ਉਨ੍ਹਾਂ ਨੂੰ ਜੀਵੰਤ ਰੂਪ ਵਿੱਚ ਆਪਣੀ ਕਲਮ ਦਾ ਵਿਸ਼ਾ ਬਣਾਇਆ ਹੈ। ਕਲਮ ਵੀ ਉਹ ਜੋ ਉਨ੍ਹਾਂ ਪਾਤਰਾਂ ਸੰਗ ਇੱਕ 'ਆਸਥਾ' ਪਾਤਰ ਵਜੋਂ ਹੀ ਨਹੀਂ ਸਗੋਂ ਜੀਵਨ-ਆਸਥਾ ਵਜੋਂ ਵਿਚਰਦੀ ਹੈ। ਉਨ੍ਹਾਂ ਪਾਤਰਾਂ ਨਾਲ ਆਪਣੀ ਅੰਦਰੂਨੀ ਸਾਂਝ ਪਾ ਕੇ - ਉਨ੍ਹਾਂ ਦੇ ਧੁਰ ਅੰਦਰ ਕੀ ਵਾਪਰਦਾ ਹੈ, ਉਨ੍ਹਾਂ ਦੇ ਦਿਲਾਂ ਦੀ ਧੜਕਨ ਕੀ ਹੈ, ਉਨ੍ਹਾਂ ਦੇ ਅੰਦਰੂਨੀ ਦੁੱਖ-ਦਰਦ ਕੀ ਹਨ? ਉਨ੍ਹਾਂ ਦੇ ਜੀਵਨ-ਅਨੁਭਵਾਂ ਨੂੰ ਖ਼ੁਦ ਮਹਿਸੂਸ ਕਰਦਿਆਂ, ਓਹੀ ਕੁਝ ਉਸ ਨੇ ਆਪਣੀ ਕਲਮ ਤੋਂ ਲਿਖਵਾਇਆ ਹੈ। ਉਨ੍ਹਾਂ ਦੀ ਮੁਲਾਕਾਤ ਕਿਸੇ ਵੀ ਮੁਕਾਮ/ਸਥਾਨ 'ਤੇ ਹੋਵੇ ਉਨ੍ਹਾਂ ਦੇ ਘਰੇਲੂ ਹਾਲਾਤਾਂ ਦੇ ਮੱਦਹ-ਨਜ਼ਰ ਮਨ ਦੀਆਂ ਗੁੰਝਲਾਂ/ਪਰਤਾਂ ਨੂੰ ਖੋਲ੍ਹਣ/ਖੁਲ੍ਹਵਾਉਣ ਦੀ ਮਨੋਵਿਗਿਆਨਕ ਪਹੁੰਚ ਬੜੀ ਕਾਰਗਰ ਸਿੱਧ ਹੋਈ ਹੈ। ਕਿਸੇ ਵੀ ਰਚਨਾ ਦੀ ਇਹ ਸਭ ਤੋਂ ਵੱਡੀ ਪ੍ਰਾਪਤੀ ਹੁੰਦੀ ਹੈ ਜਦੋਂ ਲੇਖਕ, ਪਾਠਕ ਤੇ ਦਰਪੇਸ਼ ਪਾਤਰਾਂ ਦੀ ਤ੍ਰਿਕੜੀ ਵਲੋਂ ਖ਼ੁਦ  ਬ-ਖ਼ੁਦ ਇਕੋ ਧਰਾਤਲ 'ਤੇ ਇਕੱਤ੍ਰ ਹੋ ਕੇ ਮਨੁੱਖੀ ਭਾਵਨਾਵਾਂ ਪ੍ਰਤਿ ਸਮਦ੍ਰਿਸ਼ਟੀ ਵਾਲੇ ਵਤੀਰੇ ਦਾ ਅਹਿਸਾਸ ਹੁੰਦਾ ਹੈ। ਇਸ ਪੱਖੋਂ ਲੇਖਿਕਾ ਦੇ ਦਰਪੇਸ਼ ਇਸਤਰੀ ਪਾਤਰ ਜਿਨ੍ਹਾਂ ਪ੍ਰਤਿ ਬਤੌਰ ਇਸਤਰੀ ਲੇਖਿਕਾ ਉਸ ਦਾ ਮਾਨਸਿਕ ਲਗਾਓ ਵੀ ਹੈ, ਉਨ੍ਹਾਂ ਇਸਤਰੀ ਪਾਤਰਾਂ ਪ੍ਰਤਿ ਉਸ ਦੀ ਨਿੱਜੀ-ਪਹੁੰਚ ਹੋਰ ਵੀ ਨਵਾਂ ਰੰਗ ਲਿਆਉਂਦੀ ਹੈ ਜੋ ਉਸ ਦੀ ਲਿਖਣਸ਼ੈਲੀ ਵਿੱਚ ਸਮਝੋ ਸੋਨੇ 'ਤੇ ਸੁਹਾਗੇ ਵਾਲਾ ਕਾਰਜ ਕਰਦੀ ਹੈ। ਇਸ ਨੂੰ ਉਸ ਦੇ ਕਲਾਤਮਿਕ-ਸੁਹਜ ਤੇ ਜੀਵਨਅਨੁਭਵ ਦਾ ਨਿਵੇਕਲਾ ਸਾਹਿਤਕ ਪੱਖ ਕਿਹਾ ਜਾ ਸਕਦਾ ਹੈ ਜੋ ਮਨੁੱਖੀ ਹਿਤਾਂ ਦੇ ਪ੍ਰਸੰਗ ਵਿੱਚ ਉਸ ਦੇ ਵਿਸ਼ੇਸ਼ ਸਾਹਿਤਕ ਪ੍ਰਯੋਜਨ ਦੀ ਪੂਰਤੀ ਕਰਦਾ ਹੈ ਤੇ ਉਸ ਦੇ ਮਨ ਦੀ ਤਸੱਲੀ ਦਾ ਵੀ ਲਖਾਇਕ ਹੈ। ਇੱਕ ਵਿਸ਼ੇਸ਼ ਨੁਕਤਾ ਜੋ ਲੇਖਿਕਾ ਗੁਰਚਰਨ ਕੌਰ ਥਿੰਦ ਦੇ ਹਥਲੇ ਨਾਵਲ ਵਿੱਚੋਂ ਥਾਂ-ਪਰ-ਥਾਂ ਪ੍ਰਤੱਖ ਹੁੰਦਾ ਹੈ, ਉਹ ਹੈ ਉਸ ਦੀ ਅਲੌਕਿਕ-ਸ਼ਕਤੀ ਪਰਮਾਤਮਾ ਪ੍ਰਤਿ ਅੰਤਰਮੁਖੀ ਵਿਸ਼ਵਾਸੀ-ਭਾਵਨਾ - ਜੋ ਉਸ ਦੇ ਹਾਂ-ਪੱਖੀ ਪ੍ਰਤਿਕਰਮਾਂ 'ਤੇ ਕੇਂਦ੍ਰਿਤ ਹੈ, ਮੂਲੋਂ ਹੀ ਜੀਵਨ ਦੇ ਬੇਲੋੜੇ ਅੰਧ-ਵਿਸ਼ਵਾਸ਼ਾਂ ਜਾਂ ਧੁੰਦਲੇ ਭਵਿੱਖ ਦੀਆਂ ਸਿਰਜਕ ਤਥਾਕਥਿਤ ਬੇਲੋੜੀਆਂ/ਬੇਤਰਤੀਬੀਆਂ ਨਾਲ ਨਹੀਂ ਜੁੜੀ ਹੋਈ। ਜੀਵਨ ਦੀਆਂ ਅਣਕਿਆਸੀਆਂ ਦੁਸ਼ਵਾਰੀਆਂ ਜੋ ਕਈ ਵਾਰ ਤਰਕ/ਦਲੀਲ ਤੋਂ ਬਾਹਰੇ ਹੋ ਕੇ ਅਣਜਾਣੇ ਤੇ ਅਚਾਨਕ ਹੀ ਜੀਵਨ ਦਾ ਅੰਗ ਬਣ ਜਾਂਦੀਆਂ ਹਨ, ਜਿਨ੍ਹਾਂ ਬਾਰੇ ਇਨਸਾਨੀ ਸੋਚ ਕਦੇ ਸੋਚ ਵੀ ਨਹੀਂ ਸਕਦੀ ਜਾਂ ਇੰਝ ਕਹਿ ਲਵੋ ਉਹ ਜੀਵਨ-ਘਟਨਾਵਾਂ ਜੋ ਭਵਿੱਖ ਦੇ ਚੰਗੇਰੇ ਸੁਪਨੇ ਸਾਕਾਰ ਕਰਨ ਨਾਲ ਸੰਬੰਧਿਤ ਹੁੰਦੀਆਂ ਹਨ ਅਗਰ ਭਾਵੀ ਮੂਲੋਂ ਹੀ ਉਨ੍ਹਾਂ ਦੇ ਉਲਟ ਜੋ ਜਾਵੇ ਤਾਂ ਰੱਬੀ-ਵਿਸ਼ਵਾਸ਼ ਭਾਵ ਆਪਣੇ ਤੋਂ ਉਚੇਰੀ ਸ਼ਕਤੀ ਭਾਵੇਂ ਉਹ ਅਦਿੱਖ ਹੋਵੇ/ਦੁਨਿਆਵੀ ਰੂਪ ਰੰਗ ਤੋਂ ਨਿਆਰੀ ਹੋਵੇ, ਅਜਿਹੇ ਵਕਤ ਉਸ ਦਾ ਅਹਿਸਾਸ ਹੋਣਾ ਕੁਦਰਤੀ ਹੈ। ਲੇਖਿਕਾ ਨੇ ਅਜਿਹਾ ਢਾਰਸ ਲੈ ਕੇ ਆਪਣੇ ਪਾਤਰਾਂ ਵਿਸ਼ੇਸ਼ ਕਰਕੇ ਇਸਤਰੀ ਪਾਤਰਾਂ ਨੂੰ ਜੀਵਨ ਦੀਆਂ ਚੰਗੇਰੀਆਂ ਭਵਿੱਖਮੁਖੀ ਸੰਭਾਵਨਾਵਾਂ ਨਾਲ ਜੋੜਿਆ ਹੈ ਜੋ ਉਨ੍ਹਾਂ ਦੇ ਜੀਵਨ ਵਿੱਚ ਕੋਈ ਰੁਕਾਵਟ ਨਹੀਂ ਬਣਦੀਆਂ ਸਗੋਂ ਸਾਡੇ ਸੱਭਿਆਚਾਰਕ ਮੁਹਾਵਰੇ ਦਾ ਪੱਖ ਪੂਰਦੀਆਂ ਹੋਈਆਂ ਜੀਵਨ ਦਾ ਗਾਡੀ ਰਾਹ ਬਣਦੀਆਂ ਹਨ। ਲੇਖਿਕਾ ਦੇ ਇਸ ਹਥਲੇ ਨਾਵਲ ਬਾਰੇ ਭੂਮਿਕਾ ਵਜੋਂ ਲਿਖੇ ਮੁੱਢਲੇ ਸ਼ਬਦਾਂ ਤੋਂ ਵੀ ਇਹ ਪ੍ਰਭਾਵ ਸਿੱਧੇ ਤੌਰ 'ਤੇ ਪ੍ਰਤੱਖ ਹੁੰਦਾ ਹੈ: ਸਿਆਣੇ ਕਹਿੰਦੇ ਨੇ ਅੰਨਜਲ ਬੰਦੇ ਨੂੰ ਲਈ ਫਿਰਦਾ। ਬੰਦੇ ਨੇ ਧਰਤੀ ਦੇ ਕਿਸ ਕਿਸ ਹਿੱਸੇ 'ਤੇ ਪੈਰ ਰੱਖਣਾ, ਇਹ ਅਗਾਊਂ ਹੀ ਨਿਸ਼ਚਿਤ ਹੁੰਦਾ। (ਪੰਨਾ ੭)
ਨਾਵਲ ਦੇ ਆਖਰੀ ਪੈਰ੍ਹੇ ਤੋਂ ਵੀ ਰੱਬੀ-ਵਿਸ਼ਵਾਸ਼ ਦੀ ਭਾਵਨਾ ਸਿੱਧੇ ਤੌਰ ਮੂਰਤੀਮਾਨ ਹੁੰਦਾ ਹੈ: ਗੁਰਬਾਣੀ ਕਹਿੰਦੀ ਏ, 'ਮਿਠਤ ਨੀਵੀ ਨਾਨਕਾ ਗੁਣ ਚੰਗਿਆਈਆ ਤਤ।' ਖੁਸ਼ੀਆਂ ਮਾਣੋ। ਖੁਸ਼ੀਆਂ ਵੰਡੋ। ਵਾਹਿਗੁਰੂ ਤੁਹਾਨੂੰ ਭਾਗ ਲਾਵੇ। "...... 'ਹੈਪੀ ਫੈਮਲੀ ਕਲੱਬ' ਲਈ ਇਹ ਸੁਘੜ ਸਿਆਣੀ ਔਰਤ ਦਾ ਭੇਜਿਆ ਵਰਦਾਨ ਸੀ"। (ਪੰਨਾ ੧੦੦) ਲੇਖਿਕਾ ਨੇ ਅਜਿਹੇ ਰੱਬੀ-ਵਿਸ਼ਵਾਸ਼ ਦੇ ਹਾਂ-ਪੱਖੀ ਪ੍ਰਭਾਵ ਨੂੰ ਨਾਵਲ ਵਿੱਚ ਥਾਂ-ਪਰ-ਥਾਂ ਪੇਸ਼ ਕੀਤਾ ਹੈ, ਜਿਵੇਂ ਕਿ ੨੪, ੩੬, ੩੯, ੪੦, ੪੨, ੪੮, ੫੦, ੫੬, ੬੦ ਪੰਨਿਆਂ 'ਤੇ ਅੰਕਿਤ ਵਿਚਾਰਾਂ ਤੋਂ ਇਹ ਵੀ ਪ੍ਰਤੱਖ ਹੋ ਜਾਂਦਾ ਹੈ ਕਿ ਸੰਕਟ ਦੀਆਂ ਘੜੀਆਂ ਵਿੱਚ ਆਸ਼ਾਵਾਦੀ ਮਾਹੌਲ ਦੀ ਅਜਿਹੀ ਸਹਿਜ-ਸੁਭਾਵਿਕ ਹੋਈ ਸਿਰਜਣਾ ਚੰਗੇਰੀਆਂ ਸੰਭਾਵਨਾਵਾਂ ਦੀ ਜਨਮਦਾਤੀ ਬਣ ਜਾਂਦੀ ਹੈ। ਵਿਚਾਰਾਧੀਨ ਨਾਵਲ ਵਿੱਚ ਪੇਸ਼ ਕੁਝ ਵਿਸ਼ੇਸ਼ ਪਹਿਲੂਆਂ ਜਿਨ੍ਹਾਂ ਵਿਚੋਂ ਮਾਂ-ਬੋਲੀ ਦਾ ਹੇਰਵਾ, ਵਿਦੇਸ਼ੀ ਪ੍ਰਬੰਧਕੀ ਢਾਂਚਾ, ਵਿਦੇਸ਼ੀ ਹੋੜ ਦੇ ਕਾਰਨ ਤੇ ਸਵਾਰਥੀ ਹਿਤਾਂ ਦਾ ਬੋਲ ਬਾਲਾ, ਆਰਥਿਕ ਲੋੜਾਂ ਦੀ ਪੂਰਤੀ ਦੇ ਮੂਲ-ਸ੍ਰੋਤ, ਵਿਦੇਸ਼ੀ ਸੱਭਿਆਚਾਰਕ ਵਖਰੇਵੇਂ ਤੇ ਉਨ੍ਹਾਂ ਦਾ ਪ੍ਰਤਿਕਰਮ, ਤੇਜ਼ ਰਫ਼ਤਾਰੀ ਸੱਭਿਆਚਾਰ ਤੇ ਜੀਵਨਗਤ ਪ੍ਰਭਾਵ ਆਦਿ ਵਿਸ਼ੇਸ਼ ਤੌਰ 'ਤੇ ਵਰਨਣਯੋਗ ਹਨ ਜੋ ਨਾਵਲੀ-ਪ੍ਰਕਰਣ ਅਨੁਸਾਰ ਬੇਲੋੜੇ ਪ੍ਰਤੀਤ ਨਹੀਂ ਹੁੰਦੇ ਸਗੋਂ ਨਾਵਲੀ-ਸਿਰਲੇਖ ਅਨੁਸਾਰ ਆਪਣੇ ਸਿਧਾਂਤਕ-ਸੱਚ ਦੀ ਲੜੀਵਾਰਤਾ ਨੂੰ ਨਿਰੰਤਰ ਕਾਇਮ ਰੱਖਦੇ ਹਨ। ਇਹ ਕਿਸੇ ਵੀ ਥਾਂ 'ਤੇ ਬੋਝਲ ਵੀ ਨਹੀਂ ਲੱਗਦੇ ਸਗੋਂ ਵਿਚਾਰਾਂ ਦੀ ਸਾਰਥਕਤਾ ਦੀ ਅਗਰ-ਭੂਮੀ ਬਣ ਕੇ ਬ੍ਰਿਤਾਂਤ ਨੂੰ ਅਗਲੇਰੇ ਪੜਾਅ 'ਤੇ ਪਹੁੰਚਾਉਣ ਲਈ ਵਿਸ਼ੇਸ਼ ਸਹਿਯੋਗੀ ਬਣਦੇ ਹਨ। ਇਹੋ ਕਾਰਨ ਹੈ ਇਹ ਨਾਵਲ ਵਾਧੂ ਵਿਸਥਾਰ ਦਾ ਮੁਥਾਜ ਨਹੀਂ, ਬੜੀ ਸੰਜਮਤਾ/ ਸੰਖੇਪਤਾ ਦਾ ਇਜ਼ਹਾਰ ਕਰਦਿਆਂ ਆਪਣੀ ਅੰਤਿਮ-ਮੰਜ਼ਿਲ ਵੱਲ ਵੱਧਦਾ ਹੈ। ਸੰਵਾਦ ਦੀਆਂ ਸੰਭਾਵਨਾਵਾਂ ਤੇ ਕੌਮਾਂਤਰੀ ਪੱਧਰ ਦੇ ਵਿਸ਼ੇ 'ਤੇ ਕੇਂਦ੍ਰਿਤ ਹੋਣ ਦੇ ਬਾਵਜੂਦ ਵੀ ਇਸ ਦਾ ਕੁਲ ਮਿਲਾ ਕੇ ਕੇਵਲ ੧੦੦ ਪੰਨਿਆਂ ਦਾ ਲਘੂ-ਆਕਾਰੀ ਹੋਣਾ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ। ਨਾਵਲਕਾਰਾ ਗੁਰਚਰਨ ਕੌਰ ਥਿੰਦ ਦੀ ਖ਼ਾਸੀਅਤ ਇਹ ਹੈ ਕਿ ਉਹ ਕੌਮਾਂਤਰੀ ਸੱਭਿਆਚਾਰਕ ਵੱਖਰੇਵਿਆਂ ਦਾ ਮੂਲ ਕਾਰਨ ਭਾਸ਼ਾਗਤ ਮਸਲਿਆਂ ਨੂੰ ਵੀ ਮੰਨਦੀ ਹੈ, ਭਾਸ਼ਾ ਦੇ ਉਹ ਮਸਲੇ ਜੋ ਸਾਡੀਆਂ ਅੰਦਰੂਨੀ ਭਾਵਨਾਵਾਂ ਦੀ ਸਾਂਝ ਕਾਇਮ ਕਰਨ ਦੀ ਬਜਾਏ ਸਾਡੀਆਂ ਦੂਰੀਆਂ ਵਧਾ ਦਿੰਦੇ ਹਨ ਜਿਸ ਦੇ ਸਿੱਟੇ ਵਜੋਂ ਭਾਸ਼ਾ ਦੀ ਯੋਗ ਸਮਰਥਾ ਬਗ਼ੈਰ ਨਾ ਤਾਂ ਮਨੁੱਖੀ ਇਤਿਹਾਸ ਨਾਲ ਸੰਬੰਧਿਤ ਗੂੜ੍ਹ ਸਵਾਲਾਂ ਦੇ ਹੱਲ ਹੁੰਦੇ ਹਨ ਤੇ ਨਾ ਹੀ ਅੰਦਰੂਨੀ ਸਾਂਝ ਵਾਲਾ ਮਨੁੱਖੀ ਮਾਹੌਲ ਹੀ ਉਤਪੰਨ ਹੁੰਦਾ ਹੈ। ਅਜਿਹੇ ਹਾਲਾਤਾਂ ਵਿੱਚ ਮਨੁੱਖ ਨੇੜੇ ਹੋ ਕੇ ਵੀ ਨੇੜਤਾ ਦਾ ਅਹਿਸਾਸ ਨਹੀਂ ਕਰਦਾ ਕਿਉਂਕਿ ਭਾਸ਼ਾਗਤ ਵਿਗਿਆਨ/ਇਤਿਹਾਸ ਦਾ ਬੋਧ ਹੋਣਾ ਵੱਖਰੀ ਗੱਲ ਹੈ ਪਰੰਤੂ ਸੱਭਿਆਚਾਰਕ ਸਾਂਝ ਲਈ ਸੱਭਿਆਚਾਰਕ ਪ੍ਰਬੰਧ ਨੂੰ ਹੱਡੀਂ ਹੰਢਾਉਣਾ, ਇਨ੍ਹਾਂ ਦੋਹਾਂ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਲੇਖਿਕਾ ਵਲੋਂ ਨਾਵਲ ਦੇ ਪੰਨਾ ੬੩ 'ਤੇ ਅੰਕਿਤ ਅਮਰ ਦੇ ਲਫ਼ਜ਼ ਬੜੇ ਅਰਥ ਭਰਪੂਰ ਹਨ: ਮੈਨੂੰ ਅੰਗਰੇਜ਼ੀ ਚੰਗੀ ਤਰ੍ਹਾਂ ਨਹੀਂ ਬੋਲਣੀ ਆਉਂਦੀ। ਇਸ ਬਿਲਡਿੰਗ ਵਿੱਚ ਬਹੁਤ ਅੰਗਰੇਜ਼ ਹੀ ਰਹਿੰਦੇ ਹਨ। ਇਸ ਕਰਕੇ ਜਾਂ ਸ਼ਾਇਦ ਮੈਨੂੰ ਲੋੜ ਨਹੀਂ ਲੱਗਦੀ ਡੂੰਘੀਆਂ ਸਾਂਝਾ ਦੀ। ਉਂਜ ਵੀ ਆਪਣੇ ਪਿੰਡਾਂ ਵਾਂਗ ਤਾਂ ਨਹੀਂ ਕਿ ਜਦੋਂ ਜੀਦ੍ਹੇ ਕੋਲ ਦਿਲ ਕਰੇ ਜਾ ਬਹੀਏ ਘੰਟਿਆਂ ਬੱਧੀ। ਇੱਥੋਂ ਦੇ ਕਾਇਦੇ ਕਾਨੂੰਨਾਂ ਨੇ ਇਥੋਂ ਦੇ ਰਹਿਣ ਸਹਿਣ ਨੂੰ ਸੁੰਘੜਿਆ ਜਿਹਾ ਬਣਾ ਦਿੱਤਾ ਹੈ। (ਪੰਨਾ ੬੩) ਇਹੋ ਕਾਰਨ ਹੈ ਕੁਲਜੀਤ ਤੇ ਅਮਰ ਦਾ ਆਪਸੀ ਰਿਸ਼ਤਾ ਅਗਰ ਬੜਾ ਪਰਿਪੱਕ ਤੇ ਪੀਡਾ ਹੋਣ ਦੇ ਆਸਾਰ ਬਣਦੇ ਹਨ, ਇਹ ਸਭ ਸੱਭਿਆਚਾਰਕ ਸਾਂਝ ਦਾ ਹੀ ਪ੍ਰਤਿਕਰਮ ਹੈ; ਅਮਰ ਖ਼ੁਦ ਦਸਦੀ ਹੈ: ਉਹਨਾਂ (ਕੁਲਜੀਤ) ਨਾਲ ਮੇਰਾ ਮੇਲ ਸੰਯੋਗ ਹੀ ਸੀ। ਅਸੀਂ ਇਕੋ ਜਗ੍ਹਾ ਕੰਮ ਕਰਦੀਆਂ ਸੀ। ਜਦ ਸਾਡੀ ਜਾਣ ਪਛਾਣ ਹੋਈ ਤਾਂ ਸਾਨੂੰ ਪਤਾ ਚੱਲਿਆ ਕਿ ਅਸੀਂ ਇਕੋ ਪਿੰਡ ਵਿਆਹੀਆਂ ਸੀ ਅਤੇ ਦੋਵਾਂ ਪਰਿਵਾਰਾਂ ਦੀ ਭਾਈਚਾਰਕ ਸਾਂਝ ਵੀ ਸੀ। ਇੰਜ ਸਾਡੀ ਨੇੜਤਾ ਹੋ ਗਈ ਜੋ ਕਈ ਰਿਸ਼ਤਿਆਂ ਤੋਂ ਡੂੰਘੀ ਤੇ ਪਕੇਰੀ ਹੋ ਗਈ। (ਪੰਨਾ ੬੨) ਇੱਥੇ ਹੀ ਵੱਸ ਨਹੀਂ ਇਹ ਮਾਂ-ਬੋਲੀ ਤੇ ਸੱਭਿਆਚਾਰਕ ਸਾਂਝ ਦਾ ਹੀ ਨਤੀਜਾ ਹੈ ਕਿ ਅੰਤਰਮੁਖੀ ਰੂਪ ਵਿੱਚ ਸੁਤੇ-ਸਿੱਧ ਹੀ ਇੱਕ ਹਮਦਰਦੀ ਉਤਪੰਨ ਹੁੰਦੀ ਹੈ। ਆਸਥਾ ਤੇ ਕੁਲਜੀਤ ਦੇ ਨਿਮਨਅੰਕਿਤ ਹੋਏ ਸੰਵਾਦ ਤੋਂ ਵੀ ਇਹ ਪ੍ਰਤੱਖ ਹੁੰਦਾ ਹੈ: ਕੁਲਜੀਤ: "ਥੈਕਸ! ਕਹਿਰਾਂ ਦਾ ਤਸ਼ੱਦਦ ਸਹਿ ਕੇ ਹੁਣ ਸੁਰਖ਼ੁਰੂ ਹੋਈ ਆਂ। ਮੇਰਾ ਦਿਲ ਕਰਦਾ ਮੈਂ ਸਾਰਾ ਦਾ ੯ ਸਾਰਾ ਅਣਕਹਿਆ ਕਿਸੇ ਹਮਦਰਦ ਦੀ ਝੋਲੀ ਪਲਟ ਦੇਵਾਂ ......"। ਆਸਥਾ: "ਕਿਉਂ ਨਹੀਂ ਜੇ ਅੰਦਰਲਾ ਗ਼ਮ ਦੁੱਖ ਤੇ ਸੰਤਾਪ ਬੋਲ ਬਣ ਵਹਿ ਜਾਵੇ ਤਾਂ ਮਨ ਨੂੰ ਸਕੂਨ ਮਿਲ ਜਾਂਦਾ। ਆਓ ਨਾ ਕਿਸੇ ਵਿਹਲ ਕੱਢ ਕੇ ਮੇਰੇ ਘਰ, ਬੈਠ ਕੇ ਗੱਲਾਂ ਕਰਾਂਗੇ"। (ਪੰਨਾ ੧੭) ਇਹ ਵੀ ਸੱਚ ਹੈ ਕਿ ਪ੍ਰਸਥਿਤੀਆਂ ਦੇ ਪਰਿਵਰਤਨ ਅਨੁਸਾਰ ਪੀੜ੍ਹੀ-ਦਰ-ਪੀੜ੍ਹੀ ਨਿੱਤ ਨਵੀਆਂ ਸੰਭਾਵਨਾਵਾਂ ਬਣਦੀਆਂ ਰਹਿੰਦੀਆਂ ਹਨ। ਸਾਡੀਆਂ ਜੀਵਨ-ਲੋੜਾਂ/ਆਰਥਿਕ ਮਜ਼ਬੂਰੀਆਂ ਸਾਨੂੰ ਸਰਬਸਾਂਝੇ ਸੱਭਿਆਚਾਰ ਵਲ ਅਗਰਸਰ ਕਰ ਦਿੰਦੀਆਂ ਹਨ, ਜਿਸ ਦੇ ਪ੍ਰਤਿਕਰਮ ਵਜੋਂ ਸਾਡੀ ਮਾਂ-ਬੋਲੀ ਤੇ ਸੱਭਿਆਚਾਰਕ ਮੁਹਾਜ਼ ਸਥਿਰ ਹੋ ਕੇ ਵੀ ਸਥਿਰ ਨਹੀਂ ਰਹਿੰਦੇ, ਬਹੁ-ਭਾਸ਼ਾਈ ਤੇ ਬਹੁ-ਆਯਾਮੀ ਆਦਾਨ-ਪ੍ਰਦਾਨ ਸਾਡੀ ਜੀਵਨ-ਸ਼ੈਲੀ ਦਾ ਹੀ ਨਹੀਂ ਸਗੋਂ ਸਿਧਾਂਤਕ ਪਰਿਵਰਤਨ ਦਾ ਵੀ ਕਾਰਨ ਬਣ ਜਾਂਦਾ ਹੈ। ਆਸਥਾ ਜਦੋਂ ਸਰਬਸਾਂਝੇ ਕਨੇਡੀਅਨ ਸੱਭਿਆਚਾਰ ਦੀ ਚਰਚਾ ਕਰਦੀ ਹੈ ਤਾਂ ਮਾਂ-ਬੋਲੀ ਦੇ ਵਿਵਹਾਰਿਕ ਪੱਖ ਨੂੰ ਵੀ ਉਹ ਬੜੇ ਤਰਕਸੰਗਤ ਨਾਲ ਪੇਸ਼ ਕਰ ਦਿੰਦੀ ਹੈ ਕਿ ਜਿਥੇ ਅਸੀਂ ਰਹਿਣਾ ਹੁੰਦਾ, ਸਾਨੂੰ ਆਪਣੇ ਆਲੇ-ਦੁਆਲੇ ਪ੍ਰਤਿ ਵੀ ਸੁਚੇਤ ਹੋਣਾ ਪਵੇਗਾ; ਉਸ ਦੇ ਇਨ੍ਹਾਂ ਸ਼ਬਦਾਂ ਦਾ ਹਵਾਲਾ ਦੇਣਾ ਇੱਥੇ ਅਯੋਗ ਨਹੀਂ ਹੋਵੇਗਾ: "ਕੁਲਜੀਤ ਆਪਣੇ ਪੰਜਾਬ ਵਿਚ ਹੀ ਵੇਖੋ, ਬਾਹਰਲੇ ਰਾਜਾਂ ਤੋਂ ਭਈਏ ਕਾਮੇ ਬਣ ਕੇ ਆਉਂਦੇ ਹਨ, ਹਿੰਦੀ ਬੋਲਦੇ ਨੇ। ..... ਪਰ ਉਹਨਾਂ ਦੇ ਬੱਚੇ ਸਾਡੇ ਬੱਚਿਆਂ ਵਾਂਗ ਹੀ ਸੁਹਣੀ ਪੰਜਾਬੀ ਬੋਲਦੇ ਅਤੇ ਸਕੂਲਾਂ ਵਿੱਚ ਲਿਖਦੇ ਪੜ੍ਹਦੇ ਹਨ। ਕਈ ਵਾਰ ਮੈਨੂੰ ਲੱਗਦਾ ਐਵੇਂ ਹੀ ਮਾਂ-ਬੋਲੀ ਦਾ ਵਾਵੇਲਾ ਮੱਚਿਆ ਰਹਿੰਦਾ ਹੈ। ਯੂ. ਪੀ. ਤੋਂ ਆਈ ਮਾਂ ਹਿੰਦੀ ਬੋਲਦੀ ਏ ਪਰ ਪੰਜਾਬ ਵਿੱਚ ਜੰਮਿਆ ਉਹਦਾ ਬੱਚਾ ਮਾਂ-ਬੋਲੀ ਛੱਡ ਕੇ ਪੰਜਾਬ ਦੀ ਬੋਲੀ ਪੰਜਾਬੀ ਆਪੇ ਹੀ ਸਿਖ ਜਾਂਦਾ। ਇੰਜ ਹੀ ਇਥੇ ਕਨੇਡਾ ਵਿੱਚ ਹੈ। ਬਾਹਰਲੇ ਮੁਲਕਾਂ ਤੋਂ ਆਈਆਂ ਮਾਵਾਂ ਨੂੰ ਤਾਂ ਚੰਗੀ ਤਰ੍ਹਾਂ ਅੰਗਰੇਜ਼ੀ ਬੋਲਣੀ ਨਹੀਂ ਆਉਂਦੀ ਸਾਰੀ, ਪਰ ਉਹਨਾਂ ਦੇ ਬੱਚੇ ਬੜੇ ਵਧੀਆ ਲਹਿਜ਼ੇ ਨਾਲ ਅੰਗਰੇਜ਼ੀ ਬੋਲਣ ਲੱਗ ਪੈਂਦੇ ਹਨ ਜਦੋਂ ਕਿ ਪੰਜਾਬੀ ਬੋਲਣ ਤੋਂ ਜਾਂ ਤਾਂ ਕਤਰਾਉਂਦੇ ਨੇ ਜਾਂ ਫਿਰ ਅੰਗਰੇਜ਼ੀ ਲਹਿਜ਼ੇ ਵਿੱਚ ਅਟਕ-ਅਟਕ ਕੇ ਬੋਲਦੇ ਹਨ। ਉਹਨਾਂ ਦੇ ਵੀ ਵੱਸ ਦੀ ਗਲ ਨਹੀਂ। ਅਸਲ ਵਿੱਚ ਬੋਲੀ ਤਾਂ ਖਿਤੇ ਦੀ ਹੁੰਦੀ ਹੈ ਜੋ ਉਥੇ ਰਹਿਣ ਵਾਲਿਆਂ ਦੇ ਸਾਹਾਂ ਵਿੱਚ ਖ਼ੁਦ-ਬ-ਖ਼ੁਦ ਰਚ ਮਿਚ ਜਾਂਦੀ ਹੈ"। (ਪੰਨਾ ੨੯) 'ਜਗਦੇ ਬੁਝਦੇ ਜੁਗਨੂੰ' ਨਾਵਲ ਦਾ ਸਿਰਲੇਖ ਮਨੁੱਖੀ ਜੀਵਨ ਦੇ ਸਹਿਜਭਾਵੀ ਵਰਾਤਰੇ 'ਤੇ ਇੱਕ ਬੜਾ ਵੱਡਾ ਗੌਲਣਯੋਗ ਪ੍ਰਸ਼ਨ ਹੈ, ਇਹ ਸਾਡੀ ਮਾਨਸਿਕ ਹੋਣੀ ਦੀ ਅਸਥਿਰਤਾ ਅਥਵਾ ਡਾਵਾਂਡੋਲ ਸਥਿਤੀ ਦਾ ਪ੍ਰਤੀਕ ਹੈ। "ਸਹਿਜੇ ਹੋਇ ਸੁ ਹੋਈ" ਵਾਲੇ ਜੀਵਨ ਦੇ ਮੂਲ-ਸਿਧਾਤਾਂ ਦੀ ਅਜਿਹੀ ਨਿਰਲੇਪਤਾ/ਅਣਹੋਂਦ ਸਮਝੋ ਜੀਵਨ ਦੀ ਸਹੀ ਪਰਿਭਾਸ਼ਾ ਤੋਂ ਟੁੱਟਣਾ ਹੈ। ਨਾਵਲ ਵਿੱਚ ਅੰਕਿਤ ਬ੍ਰਿਤਾਂਤਕ-ਵੇਰਵਿਆਂ ਤੋਂ ਪ੍ਰਤੱਖ ਹੁੰਦਾ ਹੈ ਕਿ ਆਪਣੀ ਜੰਮਣ ਭੋਂਇ ਦੀਆਂ ਸੱਭਿਆਚਾਰਕ ਜੜ੍ਹਾਂ ਤੋਂ ਟੁੱਟਣਾ, ਮਾਂ-ਬੋਲੀ ਤੇ ਪਰਿਵਾਰਿਕ ਰਿਸ਼ਤਿਆਂ ਦੀ ਵਧਦੀ ਦੂਰੀ, ਸਿਧਾਂਤਕ ਮੱਤ ਭੇਦਾਂ ਕਾਰਨ ਜਨਰੇਸ਼ਨ ਗੈਪ ਦਾ ਵਧਣਾ, ਆਪਣੇ ਦੇ ਮੁਕਾਬਲਤਨ ਵਿਦੇਸ਼ੀ ਪ੍ਰਬੰਧਕੀ ਢਾਂਚੇ ਪ੍ਰਤਿ ਲਗਾਓ, ਪਦਾਰਥਵਾਦ ਦੀ ਸੋਚ ਦਾ ਭਾਰੂ ਹੋਣਾ, ਵਿਸ਼ਵੀਕਰਨ ਦੇ ਪ੍ਰਤਿਕਰਮ ਵਜੋਂ ਪ੍ਰਤਿਯੋਗੀ ਭਾਵਨਾ ਦਾ ਬੋਲ ਬਾਲਾ, ਵਿਗਿਆਨ ਤੇ ਤਕਨਾਲੋਜੀ ਦੀਆਂ ਕ੍ਰਾਂਤੀਕਾਰੀ ਲੱਭਤਾਂ ਦੇ ਸਿੱਟੇ ਵਜੋਂ ਧਰਮ-ਚੇਤਨਾ ਦੇ ਅਸਲ ਮਾਅਨਿਆਂ ਤੋਂ ਮੁਕਤ ਹੋਣਾ, ਮਨੁੱਖੀ ਕਦਰਾਂਕੀਮਤਾਂ ਤੋਂ ਬੇਲਾਗ ਹੋ ਕੇ ਮਨੁੱਖ ਵਿਚੋਂ ਮਨੁੱਖ ਮਾਈਨਸ ਹੋਣਾ, ਸਮੁੱਚੇ ਪ੍ਰਬੰਧਕੀ ਢਾਂਚੇ ਵਲੋਂ ਪੜ੍ਹੀ-ਲਿਖੀ ਨੌਜਵਾਨ ਪੀੜ੍ਹੀ ਦੀਆਂ ਭਾਵਨਾਵਾਂ ਪ੍ਰਤਿ ਸੁਚੇਤ ਨ ਹੋਣਾ ਤੇ ਉਸਾਰੂ ਸੰਵਾਦ ਰਚਾਉਣ ਦੇ ਮੌਕੇ ਪ੍ਰਦਾਨ ਨ ਹੋਣੇ ਆਦਿ ਕੁਝ ਵਿਸ਼ੇਸ਼ ਕਾਰਨ ੧੦ ਹਨ ਜੋ ਮਨੁੱਖ ਨੂੰ ਉਸ ਦੀ ਸਹਿਜਮੁਖੀ ਬਿਰਤੀ ਤੋਂ ਨਿਖੇੜ ਕੇ ਉਸ ਦੇ ਜੀਵਨ-ਪੰਧ ਨੂੰ ਤਣਾਓ ਭਰਪੂਰ ਪ੍ਰਸਥਿਤੀਆਂ ਨਾਲ ਜੋੜਦੇ ਹਨ। ਨਾਵਲ ਦੇ ਹਰ ਕਾਂਡ ਵਿੱਚ ਪੇਸ਼ ਹੋਏ ਪਾਤਰਾਂ ਦੀ ਮਾਨਸਿਕ ਸਥਿਤੀ ਨੂੰ ਡੂੰਘੀ ਨੀਝ ਨਾਲ ਦੇਖਿਆ ਜਾਵੇ ਤਾਂ ਉਨ੍ਹਾਂ ਦੇ ਜੀਵਨ-ਯਥਾਰਥ ਅਥਵਾ ਅਸਲ ਚਿਹਰਿਆਂ ਦਾ ਜਦੋਂ ਵੀ ਪਾਜ ਖੁਲ੍ਹਦਾ ਹੈ ਤਾਂ ਉਹ ਅੰਦਰੋਂ-ਅੰਦਰੀ ਸੰਤਾਪ ਹੰਢਾ ਰਹੇ ਪ੍ਰਤੀਤ ਹੁੰਦੇ ਹਨ, ਉਹ ਆਪਣਾ-ਆਪਣਾ ਦਰਦ ਛੁਪਾਈ ਬੈਠੇ ਹਨ। ਜਿਉਂ ਹੀ ਉਨ੍ਹਾਂ ਨੂੰ ਕਿਸੇ ਸਮੇਂ ਮੌਕਾ ਬਣਦਾ ਹੈ, ਉਹ ਆਪਣੇ ਦਿਲ ਦੀ ਗੱਲ ਸਾਂਝੀ ਕਰਕੇ ਵਕਤੀ ਤੌਰ 'ਤੇ ਬੜੀ ਰਾਹਤ ਮਹਿਸੂਸ ਕਰਦੇ ਹਨ। ਵਿਸ਼ੇਸ਼ ਗੱਲ ਤਾਂ ਇਹ ਹੈ ਕਿ ਲੇਖਿਕਾ ਜਾਣੋ 'ਆਸਥਾ', ਆਪਣੀਆਂ ਕਸਬੀ-ਜੁਗਤੀਆਂ ਦੇ ਮਾਧਿਅਮ ਨਾਲ ਸੰਵਾਦ ਰਚਾਕੇ, ਉਨ੍ਹਾਂ ਦਰਪੇਸ਼ ਸਮੱਸਿਆਵਾਂ ਦਾ ਹਮੇਸ਼ਾ ਹੱਲ ਢੂੰਢਣ ਦੇ ਆਹਰ ਵਿੱਚ ਹੁੰਦੀ ਹੈ। ਇਹੋ ਕਾਰਨ ਹੈ ਇਥੇ ਕੇਵਲ ਸਵੈ-ਕੇਂਦ੍ਰਿਤ ਇਕਾਂਤ ਦੇ ਦੁਖਾਂਤ ਤੋਂ ਮੁਕਤ ਹੋਣ ਦਾ ਮਸਲਾ ਨਹੀਂ ਸਗੋਂ "ਹੈਪੀ ਫੈਮਿਲੀ ਕਲੱਬਾਂ" ਦੀ ਸਥਾਪਨਾ, ਉਨ੍ਹਾਂ ਦੇ ਜੀਵਨ-ਸੰਕਟਾਂ ਤੋਂ ਨਵਿਰਤੀ ਦਾ ਵੀ ਜ਼ਰੀਆ ਬਣਦੀ ਹੈ। ਲੇਖਿਕਾ ਵਲੋਂ ਸਿਰਜਿਆ ਇਹ ਨਾਵਲੀ-ਸਿਰਲੇਖ ਵਿੱਚ ਅੰਕਿਤ ਸ਼ਬਦ ਜੁਗਨੂੰ ਦੇ ਟਿਮਟਿਮਾਉਣ ਤੋਂ ਭਾਵ ਆਨੰਦ ਤੇ ਖੁਸ਼ੀ ਦਾ ਪ੍ਰਤੀਕ ਹੈ ਪਰੰਤੂ ਸਾਹਿਤਕ ਪਰਿਪੇਖ ਵਜੋਂ ਵਿਵਹਾਰਿਕ ਰੂਪ ਵਿੱਚ ਇਹ ਸੁਖਾਵਾਂ ਮਾਹੌਲ ਨਹੀਂ ਸਿਰਜਦਾ; ਜੀਵਨ ਦੀ ਸਥਿਰਤਾ ਜਾਂ ਸਹਿਜਭਾਵੀ ਵਰਤਾਰੇ ਦੀ ਬਾਤ ਨਹੀਂ ਪਾਉਂਦਾ। ਮੇਰੀ ਜਾਚੇ ਪ੍ਰਾਸੰਗਿਕ-ਸੱਚ ਅਨੁਸਾਰ ਲੇਖਿਕਾ ਦਾ ਇਹ ਸਿਰਲੇਖ ਇਸ ਪੱਖੋਂ ਜ਼ਰੂਰ ਢੁਕਵਾਂ ਅਹਿਸਾਸ ਕਰਵਾਉਂਦਾ ਹੈ ਕਿ ਬੇਗਾਨੀ ਧਰਤਿ ਤੇ ਬੇਗਾਨਗੀ ਦਾ ਅਹਿਸਾਸ ਹੋਣਾ, ਗ਼ੈਰ ਕੁਦਰਤੀ ਨਹੀਂ - ਇਹ ਸਹਿਜ-ਸੁਭਾਵਿਕ ਹੈ, ਡਾਲਰਾਂ/ਪੌਡਾਂ ਦੀ ਗੂੜ੍ਹੀ ਛਤਰ-ਛਾਇਆ ਵੀ ਮਨੁੱਖੀ ਭਾਵਨਾਵਾਂ ਅੱਗੇ ਆਪਣੇ ਗੋਡੇ ਟੇਕ ਦਿੰਦੀ ਹੈ। ਸਾਹਿਤ ਦੀ ਵਰਗ-ਵੰਡ ਵਜੋਂ ਵੀ ਦੇਖਿਆ ਜਾਵੇ ਤਾਂ ਪਰਵਾਸੀ ਸਾਹਿਤ ਆਪਣੇ ਸਮਗ੍ਰ ਰੂਪ ਵਿੱਚ ਆਪਣੇ ਮੂਲ ਸੱਭਿਆਚਾਰਕ ਵਿਰਸੇ ਪ੍ਰਤਿ ਹੇਰਵੇ ਤੇ ਨਿਵੇਕਲੇ ਪਛਾਣ-ਚਿੰਨ੍ਹਾਂ ਦਾ ਵੀ ਪ੍ਰਤਿਕਰਮ ਹੈ ਕਿਉਂਕਿ ਪੀੜ੍ਹੀ-ਦਰ-ਪੀੜ੍ਹੀ ਗ੍ਰਹਿਣ ਕੀਤੇ ਸੰਸਕਾਰਤਮਿਕ ਪਰਿਪੇਖ ਤੋਂ ਅਸੀਂ ਕਦਾਚਿਤ ਮੁਕਤ ਨਹੀਂ ਹੋ ਸਕਦੇ। ਸਥਾਨ ਦੀ ਤਬਦੀਲੀ ਸੰਸਕਾਰਾਂ ਦੀ ਤਬਦੀਲੀ ਨਹੀਂ ਹੁੰਦੀ। ਇਹੋ ਕਾਰਨ ਹੈ ਲੇਖਿਕਾ ਜਦੋਂ ਆਪਣੀ ਸਹੇਲੀ ਕੁਲਜੀਤ ਦੀ ਬੇਟੀ ਪਰਮੀਤ/ਪੈਮ ਦੇ ਵਿਆਹ 'ਤੇ ਨਾਨਕਿਆਂ/ਦਾਦਕਿਆਂ ਦੇ ਪ੍ਰੰਪਾਰਿਕ ਪਹਿਰਾਵੇ ਅਥਵਾ ਧੂਹਵੇ ਚਾਦਰੇ, ਸ਼ਮਲੇ ਵਾਲੀਆਂ ਪੱਗਾਂ, ਘਗਰੇ ਵਾਲੀਆਂ ਕੁੜੀਆਂ, ਗਹਿਣਿਆਂ ਤੇ ਦੀਵਿਆਂ ਵਾਲੀ ਗਾਗਰ ਦੇਖਦੀ ਹੈ ਤਾਂ ਵਿਦਾ ਹੋਣ ਵਕਤ ਇਹ ਕਹਿਣ ਲਈ ਮਜ਼ਬੂਰ ਹੋ ਜਾਂਦੀ ਹੈ: "ਓ. ਕੇ. ਕੁਲਜੀਤ, ਇਕ ਵਾਰੀ ਫਿਰ ਬਹੁਤ ਮੁਬਾਰਕਾਂ। ਬੜਾ ਵਧੀਆ ਲੱਗਾ। ਵਿਆਹਾਂ ਤੇ ਇਹੋ ਜਿਹਾ ਸੱਭਿਆਚਾਰਕ ਰੌਣਕ ਮੇਲਾ ਤਾਂ ਅੱਜ ਕੱਲ੍ਹ ਪੰਜਾਬ ਵਿੱਚ ਵੀ ਨਹੀਂ ਹੁੰਦਾ"। ਮੈਂ ਕਿਹਾ ਤਾਂ ਉਹ ਬੋਲੀ, "ਆਪਣੇ ਇਥੇ ਇੰਜ ਹੀ ਸਾਰੀਆਂ ਰਸਮਾਂ ਕੀਤੀਆਂ ਜਾਂਦੀਆਂ। ਬੇਸ਼ਕ ਜ਼ਿੰਦਗੀ ਜੀਉਣ ਦੇ ਕਈ ਤੌਰ ਤਰੀਕੇ ਬਦਲ ਗਏ ਹਨ, ਪਰ ਆਹ ਟ੍ਰੈਡੀਸ਼ਨਲ ਗੀਤ ਸੰਗੀਤ ਨਹੀਂ ਛੱਡਿਆ ਅਸੀਂ ਲੋਕਾਂ ਨੇ"। (ਪੰਨਾ ੧੪) ਕੋਈ ਸਮਾਂ ਸੀ ਜਦੋਂ ਪੰਜਾਬੀ ਸੱਭਿਆਚਾਰ ਦਾ ਬਾਹਰੀ ਪਰਿਪੇਖ ਰਿਸ਼ਤਿਆਂ-ਨਾਤਿਆਂ ਦੇ ਅੰਦਰੂਨੀ ਸੱਚ ਨੂੰ ਵੀ ਉਸੇ ਅਨੁਪਾਤ ਵਿੱਚ ਆਪਣੇ ਅਮਲ ਵਿੱਚ ਲਿਆਉਂਦਾ ਸੀ, ਜਿਸਦੇ ਪ੍ਰਤਿਕਰਮ ਵਜੋਂ ਬਜ਼ੁਰਗਾਂ ਦੀ ਸਿਆਣਪ ਦੇ ਆਧਾਰਿਤ ਲਏ ਗਏ ਫ਼ੈਸਲੇ, ਜੀਵਨ ਦਾ ਗਾਡੀ ਰਾਹ ਬਣ ਜਾਂਦੇ ਸਨ, ਬੇਲੋੜੇ ਸਵਾਰਥੀ ਹਿਤਾਂ ਦਾ ਬੋਲ ਬਾਲਾ ਨਹੀਂ ਸੀ ਹੁੰਦਾ, ਆਪ ਹੁਦਰਾਪਨ ਜਾਂ ਚੌਧਰ ਵੀ ਉਨ੍ਹਾਂ ਬਜ਼ੁਰਗਾਂ ਦੇ ਸਤਿਕਾਰ ਅੱਗੇ ਗੋਡੇ ਟੇਕ ਦਿੰਦੀ ਸੀ। ਸਰਬਸਾਂਝਾ ਪਰਿਵਾਰਿਕ ਧਰਾਤਲ ਬਣ ਕੇ ਉਹ ਕੇਵਲ ਸੰਕਟ-ਨਵਿਰਤੀ ਨਹੀਂ ਸਨ ਕਰਦੇ ਸਗੋਂ ਰਿਸ਼ਤਿਆਂ ਦੀ ਸਹੀ ਰੌਸ਼ਨੀ ੧੧ ਵਿੱਚ ਭਾਵਨਾਤਮਕ ਪੱਧਰ ਦੇ ਸਰਬਸਾਂਝੇ ਫ਼ੈਸਲੇ ਲੈਂਦੇ ਸਨ। ਇਹੋ ਕਾਰਨ ਹੈ ਅਜੋਕੇ ਹੈਪੀ ਫੈਮਲੀ ਕਲੱਬਾਂ ਦੀ ਸਥਾਪਨਾ ਤੇ ਬਜ਼ੁਰਗਾਂ ਦੇ ਜੀਵਨ-ਸੱਚ ਦਰਮਿਆਨ ਪੈਦਾ ਹੋਏ ਖ਼ਲਾਅ ਦਾ ਅਹਿਸਾਸ ਨਾਵਲਕਾਰਾ ਨੇ ਥਾਂ-ਪਰ-ਥਾਂ ਕੀਤਾ ਹੈ; ਭਾਵੇਂ ਕਿਸੇ ਵੀ ਘਟਨਾਵੀ-ਸੱਚ ਦੇ ਨਿਵੇਕਲੇ ਨਿਰਣਿਆਂ ਤੋਂ ਵੀ ਮੂਲੋਂ ਹੀ ਮੁੱਖ ਨਹੀਂ ਮੋੜਿਆ ਜਾ ਸਕਦਾ ਕਿਉਂਕਿ ਨਾਵਲਕਾਰਾ ਅਨੁਸਾਰ ਵਿਚਾਰ ਤਾਂ ਇਮੋਸ਼ਨਲ ਸਪੋਰਟ ਦੀ ਹੈ, ਉਸ ਦਾ ਕੇਂਦਰ-ਬਿੰਦੂ ਬਜ਼ੁਰਗ ਸੱਭਿਆਚਾਰਕ ਪ੍ਰਬੰਧ ਬਣੇ ਜਾਂ ਹੈਪੀ ਫੈਮਲੀ ਕਲੱਬ; ਅਮਰ ਦੇ ਆਸਥਾ ਨੂੰ ਬੋਲੇ ਇਹ ਸ਼ਬਦਾਂ ਤੋਂ ਵੀ ਪ੍ਰਤੱਖ ਹੈ: ਆਸਥਾ ਭੈਣ ਜੀ, ਕਿੰਨੇ ਲੋਕ ਨੇ ਜਿਨ੍ਹਾਂ ਨੂੰ ਮਦਦ ਦੀ ਲੋੜ ਏ। ਨਿਰੀ ਪੈਸੇ ਧੇਲੇ ਦੀ ਨਹੀਂ ਬਲਕਿ ਇਮੋਸ਼ਨਲ ਸਪੋਰਟ ਦੀ ਜਿਵੇਂ ਦੇ ਉਹ ਨੇ ਉਸੇ ਤਰ੍ਹਾਂ ਦੇ ਕਬੂਲੇ ਜਾਣ ਦੀ। ਉਹਨਾਂ ਦੇ ਦਿਲਾਂ ਦੀਆਂ ਡੂੰਘੇਰੀਆਂ ਚੀਸਾਂ ਨੂੰ ਮਹਿਸੂਸ ਕਰਨ ਦੀ, ਉਹਨਾਂ ਦੇ ਗ਼ਮਾਂ ਨੂੰ ਹਰਨ ਦੀ। (ਪੰਨਾ ੭੫) ਸਵਾਲ ਤਾਂ ਇਹ ਹੈ ਮਨੁੱਖ, ਮਨੁੱਖਤਾ ਪ੍ਰਤਿ ਸਮਰਪਿਤ ਕਿਉਂ ਨਹੀਂ ਹੋ ਰਿਹਾ। ਲੇਖਿਕਾ ਨੇ ਨਾਵਲ ਦੇ ਦਸਵੇਂ ਕਾਂਡ ਵਿੱਚ ਕੁਝ ਅਜਿਹੇ ਅਹਿਮ ਪਹਿਲੂਆਂ ਬਾਰੇ ਹੀ ਬੜੀ ਭਖਵੀਂ ਚਰਚਾ ਕੀਤੀ ਹੈ ਜਿਨ੍ਹਾਂ ਵਿਚੋਂ ਵਿਅਕਤੀਗਤ ਅਜ਼ਾਦੀ ਦਾ ਸੰਕਲਪ, ਸਦਾਚਾਰਕ ਕੀਮਤਾਂ ਦਾ ਮਹੱਤਵ, ਮਨੁੱਖੀ ਕਰਮ-ਸਿਧਾਂਤ, ਵਿਰਸੇ ਪ੍ਰਤਿ ਹਾਂ-ਪੱਖੀ ਨਿਰਣਾ, ਮੁੰਡਿਆਂ/ਕੁੜੀਆਂ ਦੀ ਅਜੋਕੀ ਸਥਿਤੀ, ਸਯੁਕਤ ਜਾਂ ਇਕਹਿਰੇ ਪਰਿਵਾਰਾਂ ਦਾ ਪ੍ਰਤਿਕਰਮ, ਬੁਢਾਪਾ ਪੈਨਸ਼ਨ ਦਾ ਪ੍ਰਭਾਵ, ਵਿਦੇਸ਼ੀ ਪ੍ਰਬੰਧਕੀ ਢਾਂਚੇ ਵਿੱਚ ਪਰਿਵਰਤਨ ਤੇ ਉਸ ਦਾ ਅਜੋਕਾ ਪ੍ਰਸੰਗ ਆਦਿ ਬਾਰੇ ਦਰਪੇਸ਼ ਪਾਤਰਾਂ ਵਲੋਂ ਵਿਭਿੰਨ ਮਨੁੱਖੀ ਪਾਸਾਰਾਂ/ਸਰੋਕਾਰਾਂ ਤੇ ਬੜਾ ਉਸਾਰੂ ਸੰਵਾਦ ਰਚਾਇਆ ਗਿਆ ਹੈ। ਇਸ ਸਮੁੱਚੇ ਸੰਵਾਦ ਦੀ ਮੂਲ ਆਧਾਰਸ਼ਿਲਾ ਨਾਵਲ ਦੇ ਪਹਿਲੇ ਨੌਂ ਕਾਡਾਂ ਵਿੱਚ ਪੇਸ਼ ਹੋਈਆਂ ਮਨੁੱਖੀ ਸਮੱਸਿਆਵਾਂ ਨੂੰ ਹੀ ਮਿਥਿਆ ਗਿਆ ਹੈ। ਦੇਖਿਆ ਜਾਵੇ ਤਾਂ ਨਾਵਲਕਾਰਾ ਦੀ ਇਹ ਨਿਵੇਕਲੀ ਬ੍ਰਿਤਾਂਤ-ਜੁਗਤੀ ਆਪਸੀ ਵਿਚਾਰ-ਵਟਾਂਦਰੇ ਤਹਿਤ ਜੀਵਨਗੁੰਝਲਾਂ ਤੋਂ ਜਾਣੂ ਕਰਵਾ ਕੇ ਵਿਚਾਰਧਾਰਕ ਸਾਂਝ ਪੈਦਾ ਕਰਨ ਦਾ ਇੱਕ ਵਿਸ਼ੇਸ਼ ਜ਼ਰੀਆ ਬਣਦੀ ਹੈ। ਇਸ ਤਰ੍ਹਾਂ ਜੀਵਨ-ਵਰਤਾਰੇ ਦਾ ਇਹ ਵਿਸ਼ਲੇਸ਼ਣਮਈ ਅਧਿਐਨ ਜਦੋਂ ਨੰਨ੍ਹੇ-ਮੁੰਨ੍ਹੇ ਬੱਚਿਆਂ ਦੇ ਜੀਵਨ-ਸੱਚ ਦੀ ਝਲਕ ਦਿੰਦਾ ਹੈ ਤਾਂ ਸਮਝੋ ਨਾਵਲਕਾਰਾ ਦੇ ਇਸ ਸਾਹਿਤ-ਪ੍ਰਯੋਜਨ ਦੀ ਪੂਰਤੀ ਹੋ ਜਾਂਦੀ ਹੈ: ਮੈਂ ਕੁਰਸੀ 'ਤੇ ਬੈਠੀ ਕਿਨ੍ਹੇ ਚਿਰ ਤੋਂ ਇਨ੍ਹਾਂ ਨੰਨੇ ਮੁੰਨਿਆਂ ਦੇ ਵਾਰੇ ਵਾਰੇ ਜਾ ਰਹੀ ਸੀ ਜਿਨ੍ਹਾਂ ਦੀ ਦੁਨੀਆਂ ਇਤਨੀ ਭੋਲੀ-ਭਾਲੀ ਤੇ ਦੂਈ-ਦਵੈਤ ਰਹਿਤ ਸੀ। ਮਨ ਹੀ ਮਨ ਸੋਚ ਰਹੀ ਸਾਂ, ਕਾਸ਼! ਵੱਡਿਆਂ ਦੀ ਦੁਨੀਆਂ ਉਹਨਾਂ ਦਾ ਜਿਉਣਾ, ਉਹਨਾਂ ਨੂੰ ਵਰਤ ਵਰਤਾਓ ਵੀ ਇਹੋ ਜਿਹਾ ਹੋਵੇ। ਇਹੋ ਹੀ ਅਣਭੋਲ ਬੱਚੇ ਵੱਡੇ ਹੋ ਕੇ ਲੜਾਈ ਝਗਰਿਆਂ ਦਾ ਐਸਾ ਸ਼ਿਕਾਰ ਹੁੰਦੇ ਨੇ ਕਿ ਮੁੜ ਸੁਲ੍ਹਾ ਸਫ਼ਾਈ ਕਰਨੀ ਉਹਨਾਂ ਨੂੰ ਆਪਣੀ ਹੱਤਕ ਲੱਗਣ ਲੱਗ ਪੈਂਦੀ ਹੈ। ਕਿਹੋ ਜਿਹਾ ਹੈ ਮਨੁੱਖੀ ਵਰਤਾਰਾ। (ਪੰਨਾ ੭੭) ਗੁਰਚਰਨ ਕੌਰ ਥਿੰਦ ਦੇ ਇਸ ਵਿਚਾਰਾਧੀਨ ਨਾਵਲ "ਜਗਦੇ ਬੁਝਦੇ ਜੁਗਨੂੰ" ਸੰਬੰਧੀ ਸਮੁੱਚੀ ਵਿਚਾਰ ਉਪਰੰਤ ਕਿਹਾ ਜਾ ਸਕਦਾ ਹੈ ਕਿ ਮਨੁੱਖੀ-ਬਿਬੇਕ ਤੇ ਇਸ ਦੀ ਕਰਮਸ਼ੀਲਤਾ ਹੀ ਹੈ ਜੋ ਕਾਇਨਾਤ ਦੀਆਂ ਬਾਕੀ ਜੂਨਾਂ ਦੇ ਮੁਕਾਬਲੇ ਜਾਂ ਬ੍ਰਹਿਮੰਡੀ-ਚੇਤਨਾ ਦੇ ਸੰਦਰਭ ਵਿੱਚ ਦੋ-ਧਿਰੀ ਟਕਰਾਓ 'ਚੋਂ ਉਪਜੇ ਨਿਰਣਿਆਂ ਨੂੰ ਅਮਲ ਵਿੱਚ ਲਿਆਉਣ ਲਈ ਆਪਣਾ ਵਿਸ਼ੇਸ਼ ਯੋਗਦਾਨ ਪਾ ਸਕਦੀ ਹੈ। ਇਹ ਸਿਧਾਂਤਕ ਟਕਰਾਓ ਭਾਵੇਂ ਮਨੁੱਖ ਦਾ ਮਨੁੱਖ ਪ੍ਰਤਿ ਹੋਵੇ ਜਾਂ ਆਪਣੇ ਵਿਰੋਧੀ ਲਿੰਗ ਇਸਤਰੀ ਪ੍ਰਤਿ ਹੋਵੇ ਜਾਂ ਫਿਰ ਹੋਰ ਕਿਸੇ ਵੀ ਲੌਕਿਕ/ਅਲੌਕਿਕ ਪਰਿਪੇਖ ਵਿੱਚ। ਇਹ ਆਪਣੇ ਨਿੱਜ ਤੋਂ ਸਮੂਹ ਨਾਲ ਜੁੜੇ ਪ੍ਰਬੰਧਕੀ ਢਾਂਚੇ ਜਾਂ ਸੱਭਿਆਚਾਰਕ ਪ੍ਰਬੰਧ ਦੇ ਅੰਤਰਗਤ ਹੀ ਜੀਵਨ ਦੇ ਅਸਲ ਸੱਚ ਤੱਕ ਰਸਾਈ ਕਰ ਸਕਦਾ ਹੈ। ਮੂਲ ਰੂਪ ਵਿੱਚ ਆਪਸੀ ਵਿਚਾਰ-ਵਟਾਂਦਰਾ ਤੇ ਸੰਵਾਦ ਹੀ ਹੈ ਜੋ ਸਾਨੂੰ ਜੀਵਨ ਦੀਆਂ ਸਮੂਹ ਸਮੱਸਿਆਵਾਂ ਤੋਂ ਬੰਧਨ-ਮੁਕਤ ਕਰਨ ਲਈ ਸਾਡਾ ਰਾਹ ਪੱਧਰਾ ਕਰਦਾ ਹੈ। ਲੇਖਿਕਾ ਨੇ ਇਸ ਨਾਵਲ ਵਿੱਚ ਜਿਥੇ ਸੱਭਿਆਚਾਰਕ ਪ੍ਰਬੰਧ 'ਚੋਂ ਉਤਪੰਨ ਹੋਈਆਂ ਮਨੁੱਖੀ ਕਦਰਾਂ-ਕੀਮਤਾਂ ਦੇ ਪ੍ਰਾਸੰਗਿਕ-ਸੱਚ ਪ੍ਰਤਿ ਆਪਣੀ ਵਿਅਕਤੀਗਤ-ਪਹੁੰਚ ਦਾ ਇਜ਼ਹਾਰ ਕੀਤਾ ਹੈ। ਉਸ ਦੇ ਨਾਲ-ਨਾਲ ਇੱਕ ਵਲੰਟੀਅਰ ਦੀ ਹੈਸੀਅਤ ਵਜੋਂ ਆਪਣੇ ਨਿੱਜੀ-ਅਨੁਭਵਾਂ/ਤਜਰਬਿਆਂ ਦੇ ਮਦਹ-ਨਜ਼ਰ 'ਹੈਪੀ ਫ਼ੈਮਲੀ ਕਲੱਬ' ਨੂੰ ਵਿਸ਼ੇਸ਼ ਮਾਨਤਾ ਦਿੱਤੀ ਹੈ। ਵਿਸ਼ੇਸ਼ ਗੱਲ ਤਾਂ ਇਹ ਹੈ ਕਿ ਨਾਵਲ ਦਾ ਸਹਿਜਭਾਵੀ ਤੇ ਲੜੀਵਾਰ ਬ੍ਰਿਤਾਂਤਕ-ਵਿਕਾਸ ਆਪਣੇ ਸਾਹਿਤਕ ਪ੍ਰਯੋਜਨ ਦੀ ਪੂਰਤੀ ਕਰਕੇ ਪਾਠਕਾਂ ਨੂੰ ਸਿਧਾਂਤਕ/ਵਿਵਹਾਰਿਕ ਤੇ ਪ੍ਰਮਾਣਿਕ ਰੂਪ ਵਿੱਚ ਤਸੱਲੀ ਦਿੰਦਾ ਹੋਇਆ ਇਹ ਵੀ ਸਿੱਧ ਕਰਦਾ ਹੈ ਕਿ ਮਨੁੱਖ, ਮਨੁੱਖ ਦਾ ਦਾਰੂ ਬਣ ਸਕਦਾ ਹੈ ਅਗਰ ਉਹ ਆਪਣਾ ਸਵੈ-ਵਿਸ਼ਲੇਸ਼ਣ ਕਰਕੇ ਆਪਣੀਆਂ ਸਮੱਸਿਆਵਾਂ ਦਾ ਹਲ ਕਰਨ ਪ੍ਰਤਿ ਗੰਭੀਰ ਰੁਖ ਅਖ਼ਤਿਆਰ ਕਰੇ, ਸ਼ਰਤ ਤਾਂ ਇਹ ਹੈ ਕਿ ਉਹ ਦੁਨੀਆਂ ਦੇ ਕਿਸੇ ਵੀ ਮੁਕਾਮ/ਸਥਾਨ 'ਤੇ ਰਹੇ, ਦੇਸ਼ ਰਹੇ ਜਾਂ ਵਿਦੇਸ਼ ਵਿੱਚ ਬਦਲਦੀਆਂ ਪ੍ਰਸਥਿਤੀਆਂ ਅਤੇ ਵਿਗਿਆਨ ਤੇ ਤਕਨਾਲੋਜੀ ਦੇ ਹੋ ਰਹ ਕ੍ਰਾਂਤੀਕਾਰੀ ਵਿਕਾਸ ਅਨੁਸਾਰ ਉਸ ਨੂੰ ਆਪਣੀ ਸੋਚ ਵੀ ਉਸੇ ਕਦਰ ਬਦਲਣੀ ਪਵੇਗੀ; ਇਸ ਦੇ ਨਾਲ-ਨਾਲ ਸਰਬਸਾਂਝੇ ਮਾਨਵੀ ਹਿਤਾਂ ਲਈ ਸਮਰਪਣ ਭਾਵਨਾ ਦਾ ਇਜ਼ਹਾਰ ਵੀ ਕਰਨਾ ਪਵੇਗਾ। ਇਥੇ ਹੀ ਵੱਸ ਨਹੀਂ ਉਸ ਨੂੰ ਆਪਣੀ 'ਵਿਅਕਤੀਗਤ ਅਜ਼ਾਦੀ', 'ਆਪਣੀ ਮਰਜ਼ੀ' ਦੇ ਸੰਕਲਪ ਦੀ ਵੀ ਸੀਮਾ-ਰੇਖਾ ਬਣਾਉਣੀ ਪਵੇਗੀ ਤਦ ਹੀ ਪਰਿਵਾਰਿਕ/ਸਮਾਜਿਕ ਰਿਸ਼ਤਿਆਂ ਦੀ ਪਛਾਣ ਸਹੀ ਦਿਸ਼ਾ ਨਿਰਧਾਰਿਤ ਕਰ ਸਕੇਗੀ। ਮੇਰੀ ਜਾਚੇ ਇਹੋ ਇਸ ਨਾਵਲ ਦਾ ਮੂਲ ਉਦੇਸ਼ ਹੈ ਜੋ ਇਸ ਦੇ ਥੀਮਿਕ ਅਧਿਐਨ ਵਜੋਂ ਪਾਠਕਾਂ ਦੀ ਦ੍ਰਿਸ਼ਟੀ ਦਾ ਕੇਂਦਰ-ਬਿੰਦੂ ਬਣਦਾ ਹੈ। ਇਹ ਵੀ ਸੱਚ ਹੈ ਕਿ ਆਪਣੇ ਪ੍ਰਕਿਰਤਕ ਸੁਭਾਅ/ਵਜੂਦ ਵਜੋਂ ਇਹ 'ਜੁਗਨੂੰ' ਜਗਦੇ ਬੁਝਦੇ ਤਾਂ ਭਾਵੇਂ ਰਹਿਣ ਪਰੰਤੂ ਮਨੁੱਖੀ ਵਰਤਾਰੇ ਨਾਲ ਜੁੜੇ ਇਹ ਬਿਬੇਕੀ-ਬਿਰਤੀ ਵਾਲੇ 'ਜੁਗਨੂੰ' ਮਨੁੱਖੀ ਪਰਿਭਾਸ਼ਾ ਦੀ ਨਿਰੰਤਰਤਾ ਨੂੰ ਵੀ ਸਦੀਵੀ ਤੌਰ 'ਤੇ ਕਾਇਮ ਰੱਖਣ ਅਤੇ ਚੰਗੇਰੀ ਕਰਮਸ਼ੀਲਤਾ ਨਾਲ ਜੁੜ ਕੇ ਸਥਿਰਤਾ ਤੇ ਸ਼ਾਂਤੀ ਵਾਲੀ ਆਭਾ ਦਾ ਇਜ਼ਹਾਰ ਵੀ ਜ਼ਰੂਰ ਕਰਨ; ਲੇਖਿਕਾ ਮੂਲ ਰੂਪ ਵਿੱਚ ਅਜਿਹੇ ਉਦੇਸ਼ ਦੀ ਪੂਰਤੀ ਦੀ ਇੱਛਾਵਾਨ ਹੈ, ਨਾਵਲ ਦੇ ਸਮਗ੍ਰ ਅਧਿਐਨ ਤੋਂ ਵੀ ਇਹੋ ਪ੍ਰਤੀਤ ਹੁੰਦਾ ਹੈ। ਸਾਡੇ ਹਥਲੇ ਖੋਜ-ਪੱਤਰ ਦੇ ਕੇਂਦਰੀ-ਧੁਰੇ ਅਨੁਸਾਰ ਵੀ ਦੇਖਿਆ ਜਾਵੇ ਤਾਂ ਲੇਖਿਕਾ ਗੁਰਚਰਨ ਕੌਰ ਥਿੰਦ ਦੀ ਚਿੰਤਾ ਦਾ ਵੀ ਇਹੋ ਮੂਲ ਵਿਸ਼ਾ ਹੈ; ਉਸ ਦੇ ਆਪਣੇ ਮੌਲਿਕ ਸ਼ਬਦਾਂ ਤੋਂ ਵੀ ਪ੍ਰਤੱਖ ਹੈ: 'ਲੋਕ ਆਪਣੇ ਦੇਸ਼ ਦੀਆਂ ਦੁਸ਼ਵਾਰੀਆਂ ਤੋਂ ਮੁਕਤੀ ਪਾ ਹੋਰ ਵੀ ਬਦਤਰ ਘਰੇਲੂ ਹਾਲਾਤਾਂ ਦਾ ਸ਼ਿਕਾਰ ਹੋ ਰਹੇ ਹਨ' ਸੋਚ ਮੇਰਾ ਲੇਖਕ ਮਨ ਝੰਜੋੜਿਆ ਗਿਆ ..... ਮੈਂ ਸੱਭਿਆਚਾਰਕ ਸੰਸਥਾਵਾਂ ਨਾਲ ਜੁੜ ਇਸ ਸਮਾਜਿਕ ਬੁਰਾਈ 'ਤੇ ਕਾਬੂ ਪਾਉਣ ਲਈ ਸਰਕਾਰ ਅਤੇ ਸਮਾਜਿਕ ਸੰਸਥਾਵਾਂ ਵਲੋਂ ਕੀਤੇ ਜਾ ਰਹੇ ਯਤਨਾਂ ਨੂੰ ਲੋਕਾਂ ਤੱਕ ਪੁਚਾਉਣ ਦਾ ਕਾਰਜ ਕਰਨ ਲੱਗ ਪਈ ...... ਘਰੇਲੂ ਹਿੰਸਾ ਤੋਂ ਪੀੜਤ ਇਨ੍ਹਾਂ ਜਗਦੇ ਬੁਝਦੇ ਜੁਗਨੂੰਆਂ ਨਾਲ ਮੇਰਾ ਸੰਪਰਕ ਬਣਦਾ ਗਿਆ। ਕੁਝ ਉਹਨਾਂ ਦੇ ਆਪਣੀ ਜ਼ੁਬਾਨੀ, ਕੁਝ ਸੁਣੇ ਸੁਣਾਏ ਅਤੇ ਕੁਝ ਉਹਨਾਂ ਸੰਗ ਮੇਰੇ ਨਿੱਜੀ ਅਨੁਭਵਾਂ ਦਾ ਵੇਰਵਾ ਇਸ "ਜਗਦੇ ਬੁਝਦੇ ਜੁਗਨੂੰ" ਨਾਂ ਦੇ ਇਸ ਨਾਵਲ ਦੇ ਰੂਪ ਵਿੱਚ ਤੁਹਾਡੇ ਸਾਹਮਣੇ ਹੈ।