ਸਭ ਰੰਗ

 •    ਕੰਡਿਆਲੇ ਰਾਹਾਂ ਦਾ ਸਫ਼ਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਤਾਈ ਨਿਹਾਲੀ ਦੇ ਸ਼ੱਕਰਪਾਰੇ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਮਾਵਾਂ ਦੀਆਂ ਦੁਆਵਾਂ / ਗੁਰਦੀਸ਼ ਗਰੇਵਾਲ (ਲੇਖ )
 •    ਸੁਰੀਲਾ ਅਲਗੋਜ਼ਾ ਵਾਦਕ ਤਾਰਾ ਚੰਦ / ਗੁਰਭਜਨ ਗਿੱਲ (ਲੇਖ )
 •    ਪਰਮਵੀਰ ਜ਼ੀਰਾ ਦਾ ਪੁਸਤਕ ਪਰਵਾਜ਼ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
 •    ਕਹਾਣੀ ਸੰਗ੍ਰਹਿ -- ਦਿਨ ਢਲੇ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
 •    ਸਿੱਖਾਂ ਦੀ ਆਨ-ਸ਼ਾਨ ਦੀ ਪ੍ਰਤੀਕ ਹੈ ਦਸਤਾਰ / ਇਕਵਾਕ ਸਿੰਘ ਪੱਟੀ (ਲੇਖ )
 •    ਵਿਰਸੇ ਦੀਅਾਂ ਬਾਤਾਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਇਹ ਹੈ ਸਮੇਂ ਦਾ ਹੇਰ ਫੇਰ / ਵਿਵੇਕ (ਲੇਖ )
 •    ਇਟਲੀ ਵਿੱਚ ਸਿੱਖ ਫੌਜੀ / ਪੰਜਾਬੀਮਾਂ ਬਿਓਰੋ (ਪੁਸਤਕ ਪੜਚੋਲ )
 •    ਘਿਓ ਬਣਾਵੇ ਤੋਰੀਆਂ / ਰਮੇਸ਼ ਸੇਠੀ ਬਾਦਲ (ਲੇਖ )
 •    ਕਰਮਾਂਵਾਲੀਆਂ / ਨਿਸ਼ਾਨ ਸਿੰਘ ਰਾਠੌਰ (ਲੇਖ )
 • ਕੰਡਿਆਲੇ ਰਾਹਾਂ ਦਾ ਸਫ਼ਰ (ਲੇਖ )

  ਗੁਰਸ਼ਰਨ ਸਿੰਘ ਕੁਮਾਰ   

  Email: gursharan1183@yahoo.in
  Cell: +91 94631 89432
  Address: 1183, ਫੇਜ਼-10
  ਮੁਹਾਲੀ India
  ਗੁਰਸ਼ਰਨ ਸਿੰਘ ਕੁਮਾਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਮਨੁੱਖ ਦੇ ਜਨਮ ਦੇ ਨਾਲ ਹੀ ਉਸ ਦੀਆਂ ਲੋੜਾਂ ਅਤੇ ਥੋੜ੍ਹਾਂ ਉਸ ਨੂੰ ਘੇਰ ਲੈਂਦੀਆਂ ਹਨ ਜੋ ਜ਼ਿੰਦਗੀ ਭਰ ਉਸ ਦਾ ਪਿੱਛਾ ਨਹੀਂ ਛੱਡਦੀਆਂ। ਜੇ ਕੋਈ ਮਨੁੱਖ ਕਿਸੇ ਇਕ ਲੋੜ ਜਾਂ ਥੋੜ੍ਹ ਨੂੰ ਪੂਰਾ ਕਰਦਾ ਹੈ ਤਾਂ ਉਸੇ ਸਮੇਂ ਕੋਈ ਦੂਜੀ ਲੋੜ ਜਾਂ ਥੋੜ੍ਹ ਉੱਠ ਖੜ੍ਹੀ ਹੁੰਦੀ ਹੈ। ਇਨ੍ਹਾਂ ਲੋੜਾਂ ਅਤੇ ਥੋੜ੍ਹਾਂ ਨੂੰ ਪੂਰਾ ਕਰਨ ਵਿਚ ਹੀ ਉਸ ਦੀ ਸਾਰੀ ਜ਼ਿੰਦਗੀ ਬਤੀਤ ਹੋ ਜਾਂਦੀ ਹੈ। ਇਹ ਹੀ ਮਨੁੱਖ ਦੀਆਂ ਮੁਢਲੀਆਂ ਸਮੱਸਿਆਵਾਂ ਹਨ। ਇਨ੍ਹਾਂ ਕਾਰਨ ਹੀ ਉਸ ਅੰਦਰ ਆਸ਼ਾਵਾਂ, ਅਭਿਲਾਸ਼ਾਵਾਂ, ਚਿੰਤਾ ਅਤੇ ਗ਼ਮ ਉਪਜਦੇ ਹਨ।। ਇਨ੍ਹਾਂ ਕਾਰਨ ਹੀ ਕਈ ਹੋਰ ਸਰੀਰਕ, ਸਮਾਜਿਕ, ਆਰਥਿਕ, ਰਾਜਨੀਤਕ ਅਤੇ ਕੁਦਰਤੀ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਇਹ ਸਮੱਸਿਆਵਾਂ ਉਸ ਦੀ ਜ਼ਿੰਦਗੀ ਦਾ ਇਕ ਹਿੱਸਾ ਹੀ ਬਣ ਜਾਂਦੀਆਂ ਹਨ।ਜੋ ਹਰ ਸਮੇਂ ਉਸ ਨੂੰ ਕੰਡਿਆਂ ਦੀ ਤਰ੍ਹਾਂ ਚੁਭਦੀਆਂ ਰਹਿੰਦੀਆਂ ਹਨ। ਇਨ੍ਹਾਂ ਸਮੱਸਿਆਵਾਂ ਨਾਲ ਜੂਝਣਾ ਹੀ ਮਨੁੱਖ ਦੀ ਜ਼ਿੰਦਗੀ ਦਾ ਸਫ਼ਰ ਹੈ। ਇਸ ਹਿਸਾਬ ਸਿਰ ਕਿਹਾ ਜਾ ਸਕਦਾ ਹੈ ਕਿ ਜ਼ਿੰਦਗੀ ਦਾ ਸਫ਼ਰ ਇਕ ਕਿਸਮ ਦਾ ਕੰਡਿਆਲੇ ਰਾਹਾਂ ਦਾ ਹੀ ਸਫ਼ਰ ਹੈ। ਕੋਈ ਵੀ ਮਨੁੱਖ ਐਸਾ ਨਹੀਂ ਜਿਸ ਦੀ ਜ਼ਿੰਦਗੀ ਵਿਚ ਸਮੱਸਿਆਵਾਂ ਨਾ ਹੋਣ। 
  ਜ਼ਿੰਦਗੀ ਦੀਆਂ ਸਮੱਸਿਆਵਾਂ  ਵਿਚ ਘਿਰਿਆ ਮਨੁੱਖ ਆਪਣੇ ਆਪ ਨੂੰ ਬਹੁਤ ਕਮਜ਼ੋਰ, ਨਿਮਾਣਾ ਅਤੇ ਨਿਤਾਣਾ ਮਹਿਸੂਸ ਕਰਦਾ ਹੈ। ਇਨ੍ਹਾਂ ਸਮੱਸਿਅਵਾਂ ਨੂੰ ਸੁਲਝਾਉਣ ਲਈ ਉਸ ਨੂੰ ਕਿਸੇ ਸਹਾਰੇ ਦੀ ਜ਼ਰੂਰਤ ਹੁੰਦੀ ਹੈ। ਜੋ ਉਸ ਤੋਂ ਸ਼ਕਤੀਸ਼ਾਲੀ ਅਤੇ ਸਿਆਣਾ ਹੋਏ। ਇਹ ਸਹਾਰਾ ਕਿਸੇ ਬਜ਼ੁਰਗ ਜਾਂ ਸਨੇਹੀ ਦਾ ਵੀ ਹੋ ਸਕਦਾ ਹੈ ਪਰ ਅਜਿਹੇ ਸਹਾਰੇ ਵੀ ਥੋੜ੍ਹ ਚਿਰੇ ਹੀ ਹੁੰਦੇ ਹਨ। ਜਾਂ ਮੌਤ ਉਨ੍ਹਾਂ ਨੂੰ ਮਨੁੱਖ ਕੋਲੋਂ ਖੋਹ ਲੈਂਦੀ ਹੈ ਜਾਂ ਕੁਝ ਮਜਬੂਰੀਆਂ ਅਤੇ ਗ਼ਲਤ-ਫਹਿਮੀਆਂ ਕਾਰਨ ਉਹ ਸਾਡੇ ਕੋਲੋਂ ਖੁਸ ਜਾਂਦੇ ਹਨ। ਸਾਨੂੰ ਇਸ ਤੋਂ ਵੀ ਵੱਡੇ ਸਹਾਰੇ ਦੀ ਜ਼ਰੂਰਤ ਹੁੰਦੀ ਹੈ। ਅਜਿਹਾ ਸਹਾਰਾ ਸਾਨੂੰ ਕੇਵਲ ਪ੍ਰਮਾਤਮਾ ਹੀ ਦੇ ਸਕਦਾ ਹੈ। ਜੋ ਸਰਬ-ਸ਼ਕਤੀਮਾਨ ਅਤੇ ਜਨਮ ਮਰਨ ਦੇ ਬੰਧਨਾਂ ਤੋਂ ਆਜ਼ਾਦ ਹੈ।ਉਹ ਵਿਸ਼ਾਲ ਹਿਰਦੇ ਵਾਲਾ ਅਤੇ ਦਿਆਲੂ ਹੈ। ਉਸ ਦੀ ਸ਼ਕਤੀ ਨਾਲ ਸਾਰੀ ਕੁਦਰਤ ਹੀ ਉਸ ਦੇ ਹੁਕਮ ਅਨੁਸਾਰ ਕੰਮ ਕਰ ਰਹੀ ਹੈ। ਉਸ ਨੇ ਹੀ ਸਾਨੂੰ ਇਸ ਧਰਤੀ ਤੇ ਪੈਦਾ ਕੀਤਾ ਹੈ।  ਉਹ ਇਕ ਪਿਤਾ ਦੀ ਤਰ੍ਹਾਂ ਹੀ ਸਾਡੀ ਪਾਲਣਾ ਕਰਦਾ ਹੈ। ਉਸ ਦੀਆਂ ਸਾਰੀਆਂ ਦਾਤਾਂ ਅਤੇ ਰਹਿਮਤਾਂ ਸਾਡੇ ਲਈ ਹਾਜ਼ਰ ਹਨ। ਉਹ ਕਦੀ ਸਾਨੂੰ ਦੁੱਖ ਦੇ ਕੇ ਡਰਾਉਂਦਾ ਨਹੀਂ। ਦੁੱਖ ਸਾਡੇ ਆਪਣੇ ਕਰਮਾਂ ਦੇ ਹੀ ਫਲ ਹਨ। ਪ੍ਰਮਾਤਮਾ ਸੁੰਦਰਤਾ ਅਤੇ ਸ਼ਾਂਤੀ ਦਾ ਪ੍ਰਤੀਕ ਹੈ। ਉਹ ਸਾਨੂੰ ਕਿਸੇ ਵਹਿਮ ਭਰਮ ਜਾਂ ਕਿਸੇ ਫੋਕੇ ਕਰਮ ਕਾਂਢ ਵਿਚ ਪੈਣ ਲਈ ਨਹੀਂ ਕਹਿੰਦਾ। ਉਸ ਦੀ ਨਜ਼ਰ ਅਤੇ ਮਿਹਰ ਭਰਿਆ ਹੱਥ ਸਦਾ ਸਾਡੇ ਸਿਰ ਤੇ ਰਹਿੰਦਾ ਹੈ।ਉਹ ਸਾਨੂੰ ਲੋਕ ਭਲਾਈ ਦੇ ਉਸਾਰੂ ਅਤੇ ਨੇਕ ਕੰਮ ਕਰਨ ਦੀ ਪ੍ਰੇਰਨਾ ਦਿੰਦਾ ਹੈ। ਉਹ ਔਖੀ ਘੜੀ ਵਿਚ ਸਾਡੀ ਬਾਂਹ ਫੜ ਕੇ ਸਾਨੂੰ ਦੁੱਖਾਂ ਦੇ ਸਾਗਰ ਵਿਚੋਂ ਸਹੀ ਸਲਾਮਤ ਬਾਹਰ ਕੱਢ ਲੈਂਦਾ ਹੈ। ਉਹ ਸਾਡਾ ਸ਼ੁਭਚਿੰਤਕ ਅਤੇ ਮਾਰਗ ਦਰਸ਼ਕ ਹੈ। ਅਸੀਂ ਬੱਚਿਆਂ ਦੀ ਤਰ੍ਹਾਂ ਹੀ ਉਸ ਦੇ ਭਉ ਵਿਚ ਰਹਿੰਦੇ ਹਾਂ ਅਤੇ ਉਹ ਸਦਾ ਸਾਨੂੰ ਪਿਆਰ ਕਰਦਾ ਹੈ।ਪ੍ਰਮਾਤਮਾ ਦਿਖਾਈ ਨਹੀਂ ਦਿੰਦਾ। ਉਸ ਨੂੰ ਕੇਵਲ ਮਹਿਸੂਸ ਕੀਤਾ ਜਾ ਸਕਦਾ ਹੈ। ਇਸ ਲਈ ਦ੍ਰਿੜ ਵਿਸ਼ਵਾਸ ਦੀ ਜ਼ਰੂਰਤ ਹੈ। 
  ਮਨੁੱਖ ਦੀ ਖ਼ੁਸ਼ੀ ਇਸ ਵਿਚ ਨਹੀਂ ਹੁੰਦੀ ਕਿ ਉਸ ਨੇ ਮਨ ਚਾਹੀਆਂ ਸਾਰੀਆਂ ਵਸਤੂਆਂ ਹਾਸਲ ਕਰ ਲਈਆਂ ਹਨ ਸਗੋਂ ਉਹ ਤਾਂ ਹੀ ਖ਼ੁਸ਼ ਰਹਿ ਸਕਦਾ ਹੈ ਜੇ ਉਹ ਹਾਸਲ ਵਸਤੂਆਂ ਨਾਲ ਹੀ ਸੰਤੁਸ਼ਟ ਹੋ ਜਾਏ। ਨਹੀਂ ਤੇ ਮਨੁੱਖ ਉਮਰ ਭਰ ਹੀ ਭਟਕਦਾ ਰਹੇਗਾ। ਜ਼ਿੰਦਗੀ ਤਾਂ ਹੀ ਸਾਵੀਂ ਪੱਧਰੀ ਅਤੇ ਸਹਿਜ ਨਾਲ ਚਲਦੀ ਹੈ ਜੇ ਉਸ ਦੇ ਦੋਵੇਂ ਪੱਲੜੇ ਇਨਸਾਫ ਦੇ ਤਰਾਜ਼ੂ ਦੀ ਤਰ੍ਹਾਂ ਬਰਾਬਰ ਰੱਖੇ ਜਾਣ। ਵਰਤੋਂ ਵਿਹਾਰ ਵਿਚ ਵੀ ਦੋਵੇਂ ਪੱਲੜਿਆਂ ਨੂੰ ਬਰਾਬਰ ਤੇ ਹੀ ਰੱਖਣਾ ਪੈਂਦਾ ਹੈ। ਜੇ ਜ਼ਰਾ ਵੀ ਪਾਸਕੂ ਹੋਏ ਤਾਂ ਜ਼ਿੰਦਗੀ ਉਲਾਰ ਹੋ ਜਾਂਦੀ ਹੈ। ਜੇ ਕਿਸੇ ਕੋਲੋਂ ਕੁਝ ਲੈਣਾ ਹੋਏ ਤਾਂ ਬਦਲੇ ਵਿਚ ਕੁਝ ਦੇਣਾ ਵੀ ਪੈਂਦਾ ਹੈ ਭਾਵੇਂ ਉਹ ਕਿਸੇ ਵੀ ਰੂਪ ਵਿਚ ਹੋਏ। ਜੇ ਕੁਝ ਹਾਸਲ ਕਰਨਾ ਹੋਏ ਤਾਂ ਕੁਝ ਛੱਡਣਾ ਵੀ ਪੈਂਦਾ ਹੈ। ਇੱਥੇ ਮੁਫ਼ਤ ਕੁਝ ਵੀ ਨਹੀਂ ਮਿਲਦਾ। ਹਰ ਵਸਤੂ ਦੀ ਕੀਮਤ ਤਾਰਨੀ ਪੈਂਦੀ ਹੈ, ਚਾਹੇ ਉਹ ਕਿਸੇ ਦੂਸਰੀ ਵਸਤੂ ਦੇ ਰੂਪ ਵਿਚ ਹੋਏ, ਜਾਂ ਗਿਆਨ ਦੇ ਰੂਪ ਵਿਚ, ਜਾਂ ਸਮੇਂ ਦੇ ਰੂਪ ਵਿਚ ਜਾਂ ਮਿਹਨਤ ਮੁਸ਼ੱਕਤ ਦੇ ਰੂਪ ਵਿਚ ਜਾਂ ਫਿਰ ਧਨ ਦੇ ਰੂਪ ਵਿਚ ਹੋਏ। ਭਾਵ ਇਕ ਹੱਥ ਦੇ ਅਤੇ ਦੂਜੇ ਹੱਥ ਲੈ। ਇਹ ਬਿਲਕੁਲ ਉਵੇਂ ਹੀ ਹੈ ਜਿਵੇਂ ਕਿਸੇ ਦੁਕਾਨਦਾਰ ਤੋਂ ਕੋਈ ਸੌਦਾ ਖ੍ਰੀਦ ਕੇ ਉਸ ਦੇ ਬਦਲੇ ਵਿਚ ਧਨ ਦੇ ਰੂਪ ਵਿਚ ਅਸੀਂ ਉਸ ਦੀ ਕੀਮਤ ਚੁਕਾਉਂਦੇ ਹਾਂ। ਕਿਸੇ ਕੋਲੋਂ ਇੱਜ਼ਤ ਲੈਣੀ ਹੋਏ ਤਾਂ ਉਸ ਨੂੰ ਪਿਆਰ ਨਾਲ ਬੁਲਾਉਣਾ ਪੈਂਦਾ ਹੈ ਜਾਂ ਉਸ ਦੇ ਗੁਣਾਂ ਦੀ ਤਰੀਫ ਕਰਨੀ ਪੈਂਦੀ ਹੈ। ਕਿਸੇ ਨੂੰ ਪਿਆਰ ਦਿਓ, ਪਿਆਰ ਲੈ ਲਓ। ਕਿਸੇ ਦੀ ਮਦਦ ਕਰੋ ਤੇ ਮਦਦ ਲੈ ਲਓ। ਪਰ ਮਨੁੱਖ ਦੀ ਤਰਾਸਦੀ ਇਹ ਹੈ ਕਿ ਉਹ ਲੈਣ ਨੂੰ ਤਾਂ ਬਹੁਤ ਕੁਝ ਤਿਆਰ ਹੈ ਪਰ ਕੁਝ ਛੱਡਣ ਲਈ ਜਾਂ ਤਿਆਗ ਕਰਨ ਲਈ ਤਿਆਰ ਨਹੀਂ।
  ਕਈ ਲੋਕਾਂ ਨੂੰ ਆਦਤ ਹੁੰਦੀ ਹੈ ਕਿ ਉਹ ਦੂਸਰੇ ਸਾਹਮਣੇ ਆਪਣੇ ਦੁੱਖਾਂ ਦੇ ਰੌਣੇ ਹੀ ਰੋਂਦੇ ਰਹਿੰਦੇ ਹਨ ਤਾਂ ਕਿ ਉਨ੍ਹਾਂ ਕੋਲੋਂ ਹਮਦਰਦੀ ਅਤੇ ਮਦਦ ਮਿਲ ਸੱਕੇ। ਅਜਿਹੇ ਲੋਕ ਦੂਸਰੇ ਦੇ ਸਹਾਰੇ ਤੇ ਹੀ ਜ਼ਿੰਦਗੀ ਕੱਟਦੇ ਹਨ। ਕਈ ਵਾਰੀ ਤਾਂ ਉਨ੍ਹਾਂ ਦੇ ਹੱਥ ਬਹੁਤ ਹੀ ਨਿਰਾਸ਼ਾ ਲੱਗਦੀ ਹੈ। ਇਨਸਾਨ ਨੂੰ ਉਸ ਦੀਆਂ ਉਮੀਦਾਂ ਹੀ ਧੋਖਾ ਦਿੰਦੀਆਂ ਹਨ ਜੋ ਉਹ ਦੂਜਿਆਂ ਤੇ ਰੱਖਦਾ ਹੈ।। ਅਜਿਹੇ ਲੋਕ ਬਹੁਤ ਕਮਜ਼ੋਰ ਅਤੇ ਢਿੱਲੜ ਕਿਸਮ ਦੇ ਹੁੰਦੇ ਹਨ। ਉਹ ਆਪਣੇ ਆਪ ਨੂੰ ਕੋਈ ਵੀ ਕੰਮ ਕਰਨ ਤੋਂ ਅਸਮਰੱਥ ਸਮਝਦੇ ਹਨ। ਉਨ੍ਹਾਂ ਲਈ ਸੰਭਵ ਕੰਮ ਵੀ ਅਸੰਭਵ ਹੋ ਜਾਂਦੇ ਹਨ। ਕਿਸੇ ਦੇ ਰਹਿਮ ਦੇ ਪਾਤਰ ਬਣਨਾ ਗ਼ੁਲਾਮੀ ਦੀ ਨਿਸ਼ਾਨੀ ਹੈ। ਜੇ ਭੀਖ ਵਿਚ ਮੋਤੀ ਵੀ ਮਿਲਨ ਤਾਂ ਨਾ ਲਓ। ਅਣਖ ਨਾਲ ਜੀਓ। ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ੯ ਸਾਲ ਅਤੇ ਸਾਹਿਬਜ਼ਾਦਾ ਫਤਹਿ ਸਿੰਘ ੭ ਸਾਲ ਨੇ ਸਰਹਿੰਦ ਦੇ ਨਵਾਬ ਵਜ਼ੀਰ ਖਾਨ ਦੀ ਸ਼ਾਹੀ ਜ਼ਿੰਦਗੀ ਦੇ ਲਾਲਚ ਵਿਚ ਆ ਕੇ ਜਿਉਣ ਨਾਲੋਂ ਅਣਖ ਨਾਲ ਮਰਨ ਨੂੰ ਪਹਿਲ ਦਿੱਤੀ ਜਿਸ ਨੂੰ ਅੱਜ ਵੀ ਸਾਰੀ ਦੁਨੀਆਂ ਯਾਦ ਕਰਦੀ ਹੈ। ਲੋਕ ਦੂਰੋਂ ਦੂਰੋਂ ਆ ਕੇ ਫਤਹਿਗੜ੍ਹ ਸਾਹਿਬ ਦੀ ਧਰਤੀ ਨੂੰ ਸਿਜਦੇ ਕਰਦੇ ਹਨ।ਹਜ਼ਾਰਾਂ ਦੇਸ਼ ਵਾਸੀਆਂ ਨੇ ਅੰਗਰੇਜ਼ਾਂ ਦੇ ਰਹਿਮ ਵਿਚ ਗ਼ੁਲਾਮੀ ਦੀ ਜ਼ਿੰਦਗੀ ਵਿਚ ਜਿਉਣ ਨਾਲੋਂ ਆਜ਼ਾਦੀ ਲਈ ਜੇਲਾਂ ਕੱਟੀਆਂ ਅਤੇ ਫਾਂਸੀਆਂ ਦੇ ਰੱਸੇ ਚੁੰਮੇ। ਉੱਧਮ ਸਿੰਘ ਸੁਨਾਮੀਆ ਆਪਣੇ ਘਰ ਬੈਠ ਕੇ ਆਰਾਮ ਦੀ ਜ਼ਿੰਦਗੀ ਬਸਰ ਕਰ ਸਕਦਾ ਸੀ ਪਰ ਉਸ ਨੇ ਜੱਲਿਆਂ ਵਾਲੇ ਬਾਗ਼ ਦੇ ਗੋਲੀ ਕਾਂਡ ਦਾ ਬਦਲਾ ਲੈਣ ਲਈ ਅਤੇ ਭਾਰਤੀਆਂ ਦੀ ਅਣਖ ਕਾਇਮ ਰੱਖਣ ਲਈ ਇੰਗਲੈਂਡ ਜਾ ਕੇ ਜਨਰਲ ਡਾਇਰ ਨੂੰ ਗੋਲੀ ਮਾਰੀ ਅਤੇ ਬੇਦੋਸ਼ਿਆਂ ਦੀ ਮੌਤ ਦਾ ਬਦਲਾ ਲਿਆ।
  ਹਰ ਮਨੁੱਖ ਨੂੰ ਆਪਣੀ ਅਕਲ ਅਤੇ ਦੂਸਰੇ ਦਾ ਧਨ ਵੱਡਾ ਲੱਗਦਾ ਹੈ। ਹਰ ਕੋਈ ਇਹ ਹੀ ਸੋਚਦਾ ਹੈ ਕਿ ਮੈਂ ਬਹੁਤ ਸਿਆਣਾ ਹਾਂ। ਭਾਵੇਂ ਕਿੱਡਾ ਵੱਡਾ ਨੁਕਸਾਨ ਹੋ ਜਾਏ, ਕੋਈ ਦੁਰਘਟਨਾ ਹੋ ਜਾਏ ਜਾਂ ਰਿਸ਼ਤਿਆਂ ਵਿਚ ਕੋਈ ਦਰਾੜ ਆ ਜਾਏ ਤਾਂ ਵੀ ਉਹ ਇਹ ਹੀ ਕਹੇਗਾ ਕਿ ਮੈਂ ਠੀਕ ਹਾਂ। ਗ਼ਲਤੀ ਦੂਜੇ ਦੀ ਹੀ ਹੈ। ਜੇ ਮੇਰੀ ਕੋਈ ਗ਼ਲਤੀ ਨਹੀਂ ਤਾਂ ਮੈਂ ਇਸ ਨੁਕਸਾਨ, ਦੁਰਘਟਨਾ ਜਾਂ ਰਿਸ਼ਤਿਆਂ ਦੀ ਖੱਟਾਸ ਲਈ ਕਿਵੇਂ ਜ਼ਿੰਮੇਵਾਰ ਹਾਂ? ਮੈਂ ਫ਼ਾਲਤੂ ਵਿਚ ਆਪਣੀ ਗ਼ਲਤੀ ਕਿਉਂ ਮੰਨਾ? ਜੇ ਹਰ ਕੋਈ ਠੀਕ ਹੈ ਤਾਂ ਫਿਰ ਨੁਕਸਾਨ ਕਿਉਂ ਹੁੰਦੇ ਹਨ? ਦੁਰਘਟਨਾਵਾਂ ਕਿਉਂ ਵਾਪਰਦੀਆਂ ਹਨ ਅਤੇ ਰਿਸ਼ਤੇ ਕਿਉਂ ਤਿੜਕਦੇ ਹਨ? ਇਹ ਤਾਂ ਠੀਕ ਹੈ ਕਿ ਕੁਝ ਨੁਕਸਾਨ ਜਾਂ ਦੁਰਘਟਨਾਵਾਂ ਕੁਦਰਤੀ ਵੀ ਹੁੰਦੀਆਂ ਹਨ ਜਿਨ੍ਹਾਂ ਨੂੰ ਟਾਲਿਆ ਨਹੀਂ ਜਾ ਸਕਦਾ। ਉੱਥੇ ਆਮ ਤੋਰ ਤੇ ਕਿਸੇ ਮਨੁੱਖ ਦੀ ਗ਼ਲਤੀ ਨਹੀਂ ਹੁੰਦੀ। ਫਿਰ ਵੀ ਕਈ ਗ਼ਲਤੀਆਂ ਮਨੁੱਖ ਦੀ ਅਣਗਹਿਲੀ ਕਰ ਕੇ ਹੀ ਹੁੰਦੀਆਂ ਹਨ ਅਤੇ ਥੋੜ੍ਹੀ ਜਿਹੀ ਸਾਵਧਾਨੀ ਵਰਤ ਕੇ ਉਨ੍ਹਾਂ ਤੋਂ ਬਚਿਆ ਜਾ ਸਕਦਾ ਹੈ। ਪਰ ਅੱਜ ਕੱਲ ਲੋਕਾਂ ਦੇ ਖ਼ੂਨ ਬਹੁਤ ਗਰਮ ਹਨ। ਉਹ ਝੱਟ ਉੱਚਾ ਅਤੇ ਮੰਦਾ ਬੋਲ ਕੇ ਦੂਸਰੇ ਦੀ ਗ਼ਲਤੀ ਦੱਸਦੇ ਹਨ। ਹੋਰ ਤਾਂ ਹੋਰ ਦੇਖਦਿਆਂ ਹੀ ਦੇਖਦਿਆਂ ਕਿਰਪਾਨਾਂ ਅਤੇ ਪਿਸਤੋਲਾਂ ਨਿਕਲ ਆਉਂਦੀਆਂ ਹਨ। ਇਸ ਲਈ ਜੇ ਕਿਸੇ ਥਾਂ ਕੋਈ ਤਕਰਾਰ ਹੋ ਵੀ ਜਾਏ ਤਾਂ ਬਹਿਸ ਤੋਂ ਬਚੋ। ਮੂਰਖਾਂ ਨਾਲ ਬਹਿਸ ਦਾ ਕੋਈ ਫ਼ਾਇਦਾ ਨਹੀਂ। ਡਾਢੇ ਦਾ ਸੱਤੀ ਵੀਹੀਂ ਸੌ ਹੁੰਦਾ ਹੈ। ਜੇ ਦੂਸਰਾ ਆਪਣੀ ਗ਼ਲਤੀ ਨਹੀਂ ਮੰਨਦਾ ਤਾਂ ਚੁੱਪ ਕਰ ਕੇ ਕੰਨ ਵਲੇਟ ਕੇ ਜਾਂ ਸੌਰੀ ਕਹਿ ਕੇ ਝਗੜੇ ਵਾਲੀ ਥਾਂ ਛੱਡ ਦਿਓ। ਇਸੇ ਵਿਚ ਹੀ ਤੁਹਾਡਾ ਭਲਾ ਹੈ। ਕੁਝ ਸਮੇਂ ਲਈ ਉਸ ਬੰਦੇ ਤੋਂ ਆਪਣੇ ਰਿਸ਼ਤੇ ਸਮੇਟ ਲਓ। ਜਿੱਥੇ ਤੁਹਾਡੀ ਇੱਜ਼ਤ ਨਹੀਂ ਉਸ ਸਥਾਨ ਨੂੰ ਛੱਡ ਦੇਣਾ ਹੀ ਚੰਗਾ ਹੈ। ਜੇ ਤੁਹਾਨੂੰ ਕੋਈ ਉੱਚਾ ਜਾਂ ਕੌੜਾ ਬੋਲਦਾ ਹੈ ਜਾਂ ਤੁਹਾਡੇ ਨਾਲ ਕੋਈ ਵਧੀਕੀ ਕਰਦਾ ਹੈ ਤਾਂ ਇਹ ਉਸ ਦਾ ਸੁਭਾਅ ਹੈ। ਛੋਟੀ ਛੋਟੀ ਗਲ ਨੂੰ ਵਧਾਉਣ ਦਾ ਕੋਈ ਫ਼ਾਇਦਾ ਨਹੀਂ। ਤੁਸੀਂ ਆਪਣਾ ਸੁਭਾਅ ਨਾ ਛੱਡੋ। ਤੁਸੀਂ ਦੂਸਰੇ ਦੀ ਤਰ੍ਹਾਂ ਨੀਵੇਂ ਨਾ ਡਿੱਗੋ।  ਆਪਣੀ ਮਿੱਠਾਸ ਜਾਂ ਨਿਮਰਤਾ ਨਾ ਛੱਡੋ। ਬਹਿਸ ਨਾਲ ਕਦੀ ਮਸਲੇ ਹੱਲ ਨਹੀਂ ਹੁੰਦੇ ਸਗੋਂ ਰਿਸ਼ਤੇ ਵਿਗੜਦੇ ਹੀ ਹਨ। ਛੋਟੀਆਂ ਛੋਟੀਆਂ ਗੱਲਾਂ ਦਾ ਬੋਝ ਆਪਣੇ ਮਨ ਤੇ ਨਾ ਰੱਖੋ। ਕਿਸੇ ਨੇ ਠੀਕ ਹੀ ਕਿਹਾ ਹੈ :
  ਦੁਨੀਆਂ ਦਾ ਬੋਝ ਜ਼ਰਾ ਦਿਲ ਤੋਂ ਉਤਾਰ ਦਿਓ,
  ਛੋਟੀ ਜਿਹੀ ਜ਼ਿੰਦਗੀ ਹੈ, ਹੱਸ ਕੇ ਗੁਜ਼ਾਰ ਦਿਓ।

  ਅਜਿਹੇ ਮਾਮਲਿਆਂ ਵਿਚ ਆਪਣੇ ਮਨ ਤੇ ਜ਼ਿਆਦਾ ਦੇਰ ਗੁੱਸਾ ਨਾ ਰੱਖੋ। ਗੁੱਸਾ ਤੁਹਾਡਾ ਹੀ ਅੰਦਰ ਸਾੜਦਾ ਹੈ। ਦੂਸਰੇ ਪ੍ਰਤੀ ਗੁੱਸਾ ਰੱਖਣ ਦਾ ਮਤਲਬ ਇਸ ਤਰ੍ਹਾਂ ਹੈ ਕਿ ਜ਼ਹਿਰ ਦੀ ਗੋਲੀ ਤੁਸੀਂ ਖਾਓ ਅਤੇ ਉਮੀਦ ਰੱਖੋ ਕਿ ਮੌਤ ਦੂਸਰੇ ਦੀ ਹੇਏ। ਇਹ ਵੀ ਯਾਦ ਰੱਖੋ ਕਿ ਜ਼ਿੰਦਗੀ ਕੋਈ ਦੌੜ ਨਹੀਂ ਜਿਸ ਲਈ ਅਸੀਂ ਸਾਰੀ ਉਮਰ ਭੱਜੇ ਫਿਰਦੇ ਹਾਂ ਜ਼ਿੰਦਗੀ ਨੂੰ ਇਕ ਸੁਹਾਉਣਾ ਸਫ਼ਰ ਅਸੀਂ ਹੀ ਬਣਾਉਣਾ ਹੈ। ਜੇ ਤੁਸੀਂ ਬਹੁਤ ਸੁਲਝੇ ਹੋਏ, ਸਿਆਣੇ ਜਾਂ ਬਹਾਦੁਰ ਹੋ ਤਾਂ ਕਦੀ ਦੂਜੇ ਨੂੰ ਹਰਾਉਣ ਦੀ ਕੋਸ਼ਿਸ਼ ਨਾ ਕਰੋ। ਸਗੋਂ ਉਸ ਦੇ ਮਨ ਨੂੰ ਜਿੱਤੋ। ਇਸ ਵਿਚ ਹੀ ਤੁਹਾਡੀ ਸਿਆਣਪ ਅਤੇ ਬਹਾਦੁਰੀ ਹੈ।
  ਜੇ ਤੁਹਾਨੂੰ ਗਿਲਾ ਹੈ ਕਿ ਤੁਹਾਨੂੰ ਬਹੁਤ ਘੱਟ ਮਿਲਿਆ ਹੈ ਤਾਂ ਇਹ ਸੋਚੋ ਕਿ ਜੋ ਤੁਹਾਨੂੰ ਮਿਲਿਆ ਹੈ ਉਸ ਨੂੰ ਵੀ ਹਾਸਲ ਕਰਨ ਲਈ ਲੱਖਾਂ ਲੋਕ ਸੰਘਰਸ਼ ਕਰ ਰਹੇ ਹਨ। ਇਸ ਲਈ ਤੁਸੀਂ ਲੱਖਾਂ ਲੋਕਾਂ ਨਾਲੋਂ ਖ਼ੁਸ਼ਕਿਮਤ ਹੋ। ਜੇ ਮਨੁੱਖਾ ਜ਼ਿੰਦਗੀ ਮਿਲੀ ਹੈ ਤਾਂ ਇਸ ਦਾ ਕੋਈ ਮਕਸਦ ਵੀ ਰੱਖੋ। ਕੇਵਲ ਸਾਹ ਲੈ ਕੇ ਜਾਂ ਖਾ ਪੀ ਕੇ ਹੀ ਜ਼ਿੰਦਗੀ ਨੂੰ ਵਿਅਰਥ ਗੁਆਉਣਾ ਕੋਈ ਚੰਗੀ ਗੱਲ ਨਹੀਂ। ਜਿਹੜੀ ਪਛਾਣ ਜਨਮ ਨਾਲ ਮਿਲਦੀ ਹੈ ਉਹ ਥੋੜ੍ਹੀ ਦੇਰ ਹੀ ਰਹਿੰਦੀ ਹੈ। ਆਪਣੇ ਕੰਮਾ ਨਾਲ ਮਿਲੀ ਪਛਾਣ ਉਮਰ ਭਰ ਰਹਿੰਦੀ ਹੈ। ਗੁਣਾਂ ਨਾਲ ਮਿਲੀ ਪਛਾਣ ਕਦੀ ਨਹੀਂ ਜਾਂਦੀ । ਸ਼ਮਾ ਕਦੀ ਬੋਲਦੀ ਨਹੀਂ, ਉਸ ਦੀ ਰੋਸ਼ਨੀ ਹੀ ਉਸ ਦੀ ਪਛਾਣ ਦੱਸਦੀ ਹੈ। ਠੀਕ ਇਸੇ ਤਰ੍ਹਾਂ ਤੁਸੀਂ ਆਪਣੇ ਬਾਰੇ ਕੁਝ ਨਾ ਬੋਲੋ। ਚੰਗੇ ਕੰਮ ਕਰਦੇ ਰਹੋ। ਉਹ ਹੀ ਤੁਹਾਡੀ ਪਛਾਣ ਦੱਸਣਗੇ। ਜੇ ਕਿਸੇ ਨੂੰ ਤਕਲੀਫ ਵਿਚ ਦੇਖ ਕੇ ਤੁਹਾਨੂੰ ਦੁੱਖ ਪਹੁੰਚਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਰੱਬ ਨੇ ਤੁਹਾਨੂੰ ਮਨੁੱਖ ਬਣਾ ਕੇ ਕੋਈ ਗ਼ਲਤੀ ਨਹੀਂ ਕੀਤੀ।ਜੋ ਨਿਸ਼ਕਾਮ ਸੇਵਾ ਕਰਦਾ ਹੈ ਉਹ ਹੀਰੇ ਦੀ ਤਰ੍ਹਾਂ ਚਮਕਦਾ ਹੈ।ਆਪ ਖ਼ੁਸ਼ ਰਹੋ ਅਤੇ ਦੂਜਿਆਂ ਨੂੰ ਵੀ ਖ਼ੁਸ਼ ਰੱਖੋ। ਜ਼ਿੰਦਗੀ ਇਕ ਸ਼ੀਸ਼ੇ ਦੀ ਤਰ੍ਹਾਂ ਹੀ ਹੈ। ਜੇ ਤੁਸੀਂ ਮੁਸਕਰਾਉਂਦੇ ਹੋ ਤਾਂ ਇਹ ਵੀ ਮੁਸਕਰਾਉਂਦੀ ਹੈ। ਇਸੇ ਲਈ ਕਹਿੰਦੇ ਹਨ ਕਿ :

  ਹਰ ਮਰਜ਼ ਕਾ ਇਲਾਜ ਨਹੀਂ ਦਵਾਖਾਨੇ ਮੇਂ,
  ਕੁਛ ਦਰਦ ਚਲੇ ਜਾਤੇ ਹੈਂ ਸਿਰਫ਼ ਮੁਸਕਰਨੇ ਸੇ।


  ਖ਼ੁਸ਼ੀ ਮੁਫ਼ਤ ਵਿਚ ਮਿਲਦੀ ਹੈ ਇਸ ਲਈ ਖ਼ੁਸ਼ ਹੋਣ ਲਈ ਅਮੀਰ ਹੋਣ ਦਾ ਇੰਤਜਾਰ ਨਾ ਕਰੋ। ਜੋ ਲੋਕ ਦਿਲਾਂ ਵਿਚ ਸ਼ਿਕਵੇ ਅਤੇ ਜ਼ੁਬਾਨ ਤੇ ਸ਼ਿਕਾਇਤਾਂ ਘੱਟ ਰੱਖਦੇ ਹਨ ਉਹ ਹਰ ਸਮੇਂ ਖ਼ੁਸ਼ ਰਹਿੰਦੇ ਹਨ। ਦੋਸਤੋ ਜ਼ਿੰਦਗੀ ਬਹੁਤ ਬੇਤਰਤੀਬੀ ਹੈ। ਇਸ ਦੇ ਰੰਗ ਵੀ ਥਾਂ ਥਾਂ ਬਿਖਰੇ ਪਏ ਹਨ। ਜ਼ਿੰਦਗੀ ਦੇ ਬਿੱਖਰੇ ਰੰਗਾਂ ਨੂੰ ਤਰਤੀਬ ਦਿਓ ਫਿਰ ਦੇਖੋ ਜ਼ਿੰਦਗੀ ਦੀ ਕਿੱਡੀ ਸੋਹਣੀ ਤਸਵੀਰ ਬਣਦੀ ਹੈ। ਜੇ ਤੁਸੀਂ ਆਪਣੇ ਮਿੱਤਰ ਅਤੇ ਚਿੱਤਰ ਦਿਲ ਨਾਲ ਬਣਾਉਗੇ ਤਾਂ ਉਨ੍ਹਾਂ ਦੇ ਰੰਗ ਨਿੱਖਰ ਆਉਣਗੇ। ਪ੍ਰਸਿਧ ਸਾਹਿਤਕਾਰ ਸਵੇਡ ਮਾਰਟਨ ਵੀ ਲਿਖਦਾ ਹੈ ਕਿ, "ਮਿਲਣਸਾਰ ਵਿਅਕਤੀ ਬਣੋ। ਮਿਲਣਸਾਰ ਬੰਦਿਆਂ ਦੇ ਵੱਲ ਦੂਜੇ ਲੋਕ ਆਪਣੇ ਆਪ ਖਿੱਚੇ ਤੁਰੇ ਆਉਂਦੇ ਹਨ ਅਤੇ ਉਨ੍ਹਾਂ ਦੇ ਸਾਰੇ ਕੰਮ ਆਪਣੇ ਆਪ ਸੰਵਰਦੇ ਜਾਂਦੇ ਹਨ।" ਮੰਨਿਆਂ ਕਿ ਜ਼ਿੰਦਗੀ ਦੇ ਪੈਂਡੇ ਬਿੱਖੜੇ ਹਨ ਅਤੇ ਰਸਤੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਪਰ ਜਿੱਥੋਂ ਤੱਕ ਰਸਤਾ ਦਿਸਦਾ ਹੈ ਉੱਥੋਂ ਤੱਕ ਤਾਂ ਚੱਲੋ ਅੱਗੇ ਦਾ ਰਸਤਾ ਉੱਥੇ ਪਹੁੰਚਣ ਤੋਂ ਬਾਅਦ ਆਪਣੇ ਆਪ ਦਿੱਸਣ ਲੱਗ ਪਏਗਾ। ਰਸਤੇ ਦੀਆਂ ਮੁਸ਼ਕਲਾਂ ਤੋਂ ਨਾ ਘਭਰਾਓ। ਦੁੱਖ ਸੁੱਖ, ਖ਼ੁਸ਼ੀ ਗ਼ਮੀ ਅਤੇ ਸਫਲਤਾ ਅਸਫਲਤਾ ਜ਼ਿੰਦਗੀ ਦਾ ਅਟੁੱਟ ਅੰਗ ਹਨ ਜਿੰਨ੍ਹਾਂ ਨੂੰ ਬਰਦਾਸ਼ਤ ਕਰਨਾ ਹੀ ਪੈਂਦਾ ਹੈ। ਹਾਦਸੇ ਕੇਵਲ ਹੌਸਲੇ ਨਾਲ ਹੀ ਕੱਟੇ ਜਾਂਦੇ ਹਨ। ਕਦੀ ਪ੍ਰਮਾਤਮਾ ਕੋਲ ਇਹ ਗਿਲਾ ਨਾ ਕਰੋ ਕਿ ਤੁਹਾਡੀ ਜ਼ਿੰਦਗੀ ਵਿਚ ਬਹੁੱਤ ਸਮੱਸਿਆਵਾਂ ਹਨ ਸਗੋਂ ਸਮੱਸਿਆਵਾਂ ਨੂੰ ਦੱਸੋ ਕਿ ਤੁਹਾਡੇ ਨਾਲ ਤੁਹਾਡਾ ਪ੍ਰਮਾਤਮਾ ਹੈ। ਅਜਿਹੇ ਸਮੇਂ ਜਿਹੜੇ ਬੰਦੇ ਸਬਰ ਰੱਖਦੇ ਹਨ ਉਹ ਫਿਰ ਤੋਂ ਹਿੰਮਤ ਨਾਲ ਆਪਣੇ ਪੈਰਾਂ ਤੇ ਆਪ ਖੜ੍ਹੇ ਹੁੰਦੇ ਹਨ। ਉਹ ਦੁਬਾਰਾ ਕਾਮਯਾਬ ਹੁੰਦੇ ਹਨ। ਉਹ ਹੀ ਅਸਲ ਜ਼ਿੰਦਗੀ ਦੇ ਸ਼ਾਹ ਸਵਾਰ ਹੁੰਦੇ ਹਨ। ਉਹ ਕਿਸਮਤ ਕੋਲੋਂ ਵੀ ਖੋਹ ਖਿੰਝ ਕੇ ਖਾਣ ਵਾਲੇ ਹੁੰਦੇ ਹਨ। ਸਭ ਨੂੰ ਉਨ੍ਹਾਂ ਦੀ ਸਫਲਤਾ ਤੇ ਮਾਣ ਹੁੰਦਾ ਹੈ।
  ਹਰ ਸਮੇਂ ਦੂਸਰੇ ਦੇ ਔਗੁਣਾਂ ਨੂੰ ਹੀ ਨਾ ਦੇਖਦੇ ਰਹੋ। ਦੂਸਰਿਆਂ ਦੇ ਰਾਹ ਵਿਚ ਰੋੜਿਆਂ ਦੀ ਤਰ੍ਹਾਂ ਹੀ ਨਾ ਰੜਕਦੇ  ਰਹੋ।ਆਪਣੇ ਔਗੁਣਾਂ ਨੂੰ ਦੂਰ ਕਰੋ। ਦੂਸਰੇ ਦੇ ਗੁਣਾਂ ਨੂੰ ਅਪਣਾਓ। ਜੇ ਤੁਸੀਂ ਆਪਣੇ ਆਪ ਨੂੰ ਸੁਧਾਰ ਲਓ ਤਾਂ ਸਭ ਤੋਂ ਚੰਗਾ ਹੈ।ਜਿਵੇਂ ਦਰਦ ਦੀ ਇਕ ਛੋਟੀ ਜਹੀ ਗੋਲੀ ਤੁਹਾਡੇ ਸਰੀਰ ਦਾ ਸਾਰਾ ਦਰਦ ਖਿੱਚ ਲੈਂਦੀ ਹੈ ਇਵੇਂ ਹੀ ਤੁਹਾਡੇ ਛੋਟੇ ਛੋਟੇ ਸੁਧਾਰ ਲਗਾਤਾਰ ਹੀ ਤੁਹਾਡੀ ਜ਼ਿੰਦਗੀ ਬਦਲ ਸਕਦੇ ਹਨ। ਰੱਬ ਵੀ ਉਨ੍ਹਾਂ ਦੀ ਹੀ ਮਦਦ ਕਰਦਾ ਹੈ ਜੋ ਆਪਣੀ ਮਦਦ ਆਪ ਕਰਦੇ ਹਨ। ਬੇਸ਼ੱਕ ਇਹ ਤਾਂ ਨਹੀਂ ਦਾਅਵਾ ਕੀਤਾ ਜਾ ਸਕਦਾ ਕਿ ਤੁਹਾਡੇ ਅਜਿਹੇ ਚੰਗੇ ਵਿਚਾਰਾਂ ਨਾਲ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਖਤਮ ਹੋ ਜਾਣਗੀਆਂ ਪਰ ਜਿਵੇਂ ਕੰਡਿਆਲੀਆਂ ਝਾੜੀਆਂ ਵਿਚੋਂ ਆਪਣੇ ਆਂਚਲ ਨੂੰ ਸਮੇਟ ਕੇ ਸਫ਼ਰ ਕੁਝ ਸੌਖਾ ਹੋ ਜਾਂਦਾ ਹੈ ਇਵੇਂ ਹੀ ਆਪਣੀ ਸੋਚ, ਰਹਿਣੀ ਬਹਿਣੀ, ਆਦਤਾਂ,ਸੁਭਾਅ ਅਤੇ ਬੋਲ ਬਾਣੀ ਨੂੰ ਬਦਲ ਕੇ ਅਤੇ ਜ਼ਿੰਦਗੀ ਵਿਚ ਕੁਝ ਸਬਰ ਸੰਤੋਖ ਰੱਖ ਕੇ ਅਤੇ ਪ੍ਰਮਾਤਮਾ ਦੀ ਰਜ਼ਾ ਵਿਚ ਰਹਿ ਕੇ ਜ਼ਿੰਦਗੀ ਦੇ ਫ਼ਾਲਤੂ ਦੇ ਝਗੜਿਆਂ, ਪ੍ਰੇਸ਼ਨੀਆਂ ਅਤੇ ਉਲਝਣਾਂ ਤੋਂ ਕਾਫ਼ੀ ਹੱਦ ਤੱਕ ਬਚਿਆ ਜਾ ਸਕਦਾ ਹੈ ਅਤੇ ਆਪਣੇ ਜੀਵਨ ਨੂੰ  ਸਹਿਜ ਭਰਿਆ, ਸ਼ਾਂਤਮਈ ਅਤੇ ਖ਼ੁਸ਼ਹਾਲ ਬਣਾਇਆ ਜਾ ਸਕਦਾ ਹੈ।