ਸਭ ਰੰਗ

 •    ਕੰਡਿਆਲੇ ਰਾਹਾਂ ਦਾ ਸਫ਼ਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਤਾਈ ਨਿਹਾਲੀ ਦੇ ਸ਼ੱਕਰਪਾਰੇ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਮਾਵਾਂ ਦੀਆਂ ਦੁਆਵਾਂ / ਗੁਰਦੀਸ਼ ਗਰੇਵਾਲ (ਲੇਖ )
 •    ਸੁਰੀਲਾ ਅਲਗੋਜ਼ਾ ਵਾਦਕ ਤਾਰਾ ਚੰਦ / ਗੁਰਭਜਨ ਗਿੱਲ (ਲੇਖ )
 •    ਪਰਮਵੀਰ ਜ਼ੀਰਾ ਦਾ ਪੁਸਤਕ ਪਰਵਾਜ਼ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
 •    ਕਹਾਣੀ ਸੰਗ੍ਰਹਿ -- ਦਿਨ ਢਲੇ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
 •    ਸਿੱਖਾਂ ਦੀ ਆਨ-ਸ਼ਾਨ ਦੀ ਪ੍ਰਤੀਕ ਹੈ ਦਸਤਾਰ / ਇਕਵਾਕ ਸਿੰਘ ਪੱਟੀ (ਲੇਖ )
 •    ਵਿਰਸੇ ਦੀਅਾਂ ਬਾਤਾਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਇਹ ਹੈ ਸਮੇਂ ਦਾ ਹੇਰ ਫੇਰ / ਵਿਵੇਕ (ਲੇਖ )
 •    ਇਟਲੀ ਵਿੱਚ ਸਿੱਖ ਫੌਜੀ / ਪੰਜਾਬੀਮਾਂ ਬਿਓਰੋ (ਪੁਸਤਕ ਪੜਚੋਲ )
 •    ਘਿਓ ਬਣਾਵੇ ਤੋਰੀਆਂ / ਰਮੇਸ਼ ਸੇਠੀ ਬਾਦਲ (ਲੇਖ )
 •    ਕਰਮਾਂਵਾਲੀਆਂ / ਨਿਸ਼ਾਨ ਸਿੰਘ ਰਾਠੌਰ (ਲੇਖ )
 • ਕਹਾਣੀ ਸੰਗ੍ਰਹਿ -- ਦਿਨ ਢਲੇ (ਪੁਸਤਕ ਪੜਚੋਲ )

  ਗੁਰਮੀਤ ਸਿੰਘ ਫਾਜ਼ਿਲਕਾ   

  Email: gurmeetsinghfazilka@gmail.com
  Cell: +91 98148 56160
  Address: 3/1751, ਕੈਲਾਸ਼ ਨਗਰ
  ਫਾਜ਼ਿਲਕਾ India
  ਗੁਰਮੀਤ ਸਿੰਘ ਫਾਜ਼ਿਲਕਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਸਰਹੱਦੀ ਲੋਕਾਂ ਦੇ ਦੁੱਖਾਂ ਦਰਦਾਂ ਤੇ ਪਰਵਾਸ ਕਾਰਨ ਦੁਖ ਭੋਗਦੇ ਬਜ਼ੁਰਗਾਂ ਦੀ ਪੇਸ਼ਕਾਰੀ
  ਦਿਨ ਢਲੇ

  ਲੇਖਕ ਮੁਖਤਾਰ ਗਿੱਲ
  ਮੇਘਲਾ ਪ੍ਰਕਾਸ਼ਨ ਚੋਗਾਵਾਂ
  ਪੰਨੇ 96

  ਮੁਖਤਾਰ ਗਿੱਲ ਪੰਜਾਬੀ ਕਹਾਣੀ ਦਾ ਉਘਾ ਹਸਤਾਖਰ ਹੈ । ਹਥਲੇ ਕਹਾਣੀ ਸੰਗ੍ਰਹਿ ਵਿਚ ਉਸ ਦੀਆ ਇਕ ਦਰਜਨ ਸਿਕੇਬੰਦ ਕਹਾਣੀਆਂ ਹਨ । ਆਖਰੀ ਚੂੜੀਆਂ, ਤ੍ਰਕਾਲਾਂ ਦੇ ਪ੍ਰਛਾਵੇਂ ,ਆਲ੍ਹਣਾ ,ਆਪਣੀ ਜੂਹ ਤੇ ਸੰਦਲੀ ਸੁਪਨਿਆਂ ਦਾ ਮਾਤਮ ਮੁਖਤਾਰ ਗਿਲ ਦੇ ਨਿਮਨ  ਕਿਸਾਨੀ ਮਸਲਿਆਂ ਤੇ ਪੰਜਾਬ ਦੀ ਸਰਹਦੀ ਪੱਟੀ ਦੇ ਲੋਕਾਂ ਦੇ ਦੁਖੜਿਆਂ ਦੀ ਬਾਤ ਪਾਉਂਦੇ ਸੰਗ੍ਰਹਿ ਹਨ । ਲੇਖਕ ਦਾ ਇਸ ਤੋਂ ਇਲਾਵਾ ਦੋ ਨਾਵਲ ਤੇ ਬਾਲ ਸਾਹਿਤ ਵਿਚ ਉਸਦਾ ਚੰਗਾ ਸਾਹਿਤਕ ਯੋਗਦਾਨ ਹੈ ।ਮੁਖਤਾਰ ਗਿੱਲ ਦੀ ਕਹਾਣੀ ਕਈ ਪਖਾਂ ਕਾਰਨ ਨਿਵੇਕਲੀ ਸੁਰ ਵਾਲੀ ਹੈ । ਭਾਸ਼ਾਂ ਦੇ ਪਖ ਤੋਂ ਹੀ ਉਸਦੀ ਕਹਾਣੀ ਦੇ ਪਾਤਰ ਮਾਝੇ ਦੀ ਮਿਠਾਸ  ਭਰੀ ਬੋਲੀ ਤੇ ਅਪਣਤ ਵਾਲੇ ਲਹਿਜੇ ਨਾਲ ਸਰਸ਼ਾਰ ਹਨ । ਉਹ ਲੰਮਾ ਸਮਾਂ ਸਰੱਹਦੀ ਪਿੰਡਾਂ ਵਿਚ ਅਧਿਆਪਕ ਰਿਹਾ ਤੇ ਰਾਇ ਸਿਖ ਬਰਾਦਰੀ ਵਿਚ ਉਸ ਦੀ ਚੰਗੀ  ਭੱਲ ਬਣੀ ਹੋਈ ਹੈ । ਅਧਿਆਪਨ ਦੇ ਲੰਮੇ ਸਮੇਂ ਦਾ ਉਸ ਕੋਲ ਗੂੜ੍ਹ ਤਜ਼ਰਬਾ ਹੈ ।ਸਾਧਾਂਰਨ ਲੋਕਾਂ ਦੀ ਨੇੜਤਾ ਦੀਆਂ ਯਾਂਦਾਂ ਦਾ ਉਸ ਕੋਲ ਬਹੁਮੁਲਾ ਖਜਾਨਾ ਹੈ । ਜੋ ਉਸ ਦੀਆ ਕਹਾਣੀਆਂ ਵਿਚ ਡੁਲ੍ਹ ਡੁਲ੍ਹ ਪੈਂਦਾ ਹੈ ।  ਕਹਾਣੀਆਂ ਦਾ ਕੈਨਵਸ ਉਸ ਦੀ ਜ਼ਿੰਦਗੀ ਦੇ ਤਜ਼ਰਬਿਆਂ ਦੀਆਂ ਗੂੜ੍ਹੀਂਆਂ ਯਾਂਦਾਂ ਵਿਚੋਂ ਉਭਰਦਾ ਹੈ । ਨਾਲ ਦੀ ਨਾਲ ਉਹ ਕਥਾਂ ਰਸ ਦੀ ਡੋਰ ਨੂੰ ਹਥੋਂ ਨਹੀਂ ਜਾਣ ਦਿੰਦਾ ਜਿਸ ਕਰਕੇ ਸਾਧਾਂਰਨ ਘਟਨਾ ਵੀ ਕਥਾਂ ਦੇ ਲੇਫ ਨਾਲ ਪਾਠਕ ਦੇ ਜ਼ਿਹਨ ਵਿਚ ਵਸ ਜਾਂਦੀ ਹੈ ।ਇਹ ਪੁਸਤਕ ਉਸ ਨੇ ਸ਼ਾਇਰ ਬੀਬਾ ਬਲਵੰਤ ਤੇ ਪ੍ਰਸਿਧ ਕਲਾਕਾਰ ਫੌਟੋਗਰਾਫਰ ਤੇ ਸ਼ਾਇਰ ਹਰਭਜਨ ਸਿੰਘ ਬਾਜਵਾ ਦੀਅਂ ਪਕੀਆਂ ਯਾਰੀਆ ਦੀ ਲੰਮੀ ਉਮਰ ਨੂੰ ਸਮਰਪਿਤ ਕੀਤੀ ਹੈ ।ਇਹ ਉਸਦਾ ਪਿਆਰ ਤੇ ਸ਼ਾਂਇਰਾਨਾ ਮੁਹਬਤ ਦਾ ਇਕ ਨਿਵੇਕਲਾ ਅੰਦਾਜ਼ ਹੈ ਜੋ ਕਿਸੇ ਵੀ ਸੁਹਿਰਦ ਲੇਖਕ ਕੋਲ ਹੋਣਾ ਜ਼ਰੂਰੀ ਹੈ । ਲੇਖਕ ਮੁਖਤਾਰ ਗਿੱਲ ਲੋਕਾਂ ਦਾ ਲੇਖਕ ਹੈ ।ਤੇ ਉਹ ਆਪਣੀ ਸਾਰੀ ਹਯਾਤੀ ਸਾਧਾਂਰਨ ਲੋਕਾਂ ਵਿਚ ਜੀਵਿਆ ਹੈ । ਇਸ ਲਈ ਅਧਿਆਪਨ ਦੇ ਸਤਿਕਾਰਤ ਆਹੁਦੇ ਤੋਂ ਸੇਵਾ ਮੁਕਤ ਹੋਕੇ ਵੀ ਉਸ ਕੋਲ ਉਂਨ੍ਹਾਂ ਲੋਕਾਂ ਦੀ ਯਾਦਾ ਦਾ ਸਰਮਾਇਆ ਹੈ ਤੇ ਉਹ ਸਮੇਂ ਸਮੇਂ ਤੇ ਉਨ੍ਹਾ ਦੇ ਦੁੱਖਾਂ ਸੁੱਖਾਂ ਵਿਚ ਸ਼ਾਂਮਲ ਹੋ ਕੇ ਆਪਣੀਆ ਕਹਾਣੀਆਂ ਵਿਚ ਪਾਤਰਾਂ ਵਜੋਂ ;ਲੈ ਕੇ ਸਾਰੀ ਗਾਥਾ ਨੂੰ ਸਾਹਿਤਕ ਰੰਗ ਦੇ ਕੇ ਅਮਰ ਕਰ ਦਿੰਦਾ ਹੈ। ਇਕ ਸੱਚੇ ਲੋਕ ਲੇਖਕ ਦੀ ਇਹੀ ਸਹੀ ਪਹਿਚਾਣ ਹੈ । 
  ਸੰਗ੍ਰਹਿ ਵਿਚ ਪਹਿਲੀ ਕਹਾਣੀ ਸਿਰਲੇਖ ਵਾਲੀ ਹੈ ।ਇਸ ਵਿਚ ਕਿਸੇ ਸਮੇਂ ਦੀਆਂ ਹੁਸੀਨ ਯਾਂਦਾਂ ਹਨ ਜੋ ਲੇਖਕ ਪਾਸ ਉਸ ਵੇਲੇ ਦੀਆਂ ਹਨ ਜਦੋਂ ਉਹ ਲੇਖਕ ਜਥੇਬੰਦੀ ਦੀਆਂ ਚੋਣਾਂ ਵਿਚ ਪਾਤਰ ਸੀ । ਉਹ ਆਪਣੇ ਪ੍ਰਗਤੀ ਵਾਦੀ ਮਿੱਤਰ ਨਵਰਾਹੀ ਕੋਲ ਜਾਂਦਾ ਹੈ । ਨਵਰਾਹੀ  ਨਾਲ ਗਲਾਂ ਕਰਦੇ ਉਹ ਪੂਰਾ ਨਕਸ਼ਾ ਖਿਚਦਾ ਹੈ। ਇਸ ਵਿਚ ਯਾਂਦਾਂ ਦੇ ਨਿਕੇ ਨਿਕੇ ਵੇਰਵੇ ,ਦੇ ਕੇ ਉਹ ਬਹੁਤ ਕੁਝ ਕਹਿ ਜਾਂਦਾ ਹੈ। ਮੁਖਤਾਰ  ਦੀ ਕਹਾਣੀ ਵਿਚ ਅਜੋਕੀ ਕਹਾਣੀ ਵਰਗਾ ਅਣਕਿਹਾ ਕੁਝ ਨਹੀਂ ਹੁੰਦਾ । ਪੂਰੀ ਮੁਕੰਮਲ ਗਲ ਬਾਤ ਹੁੰਦੀ ਹੈ ਤੇ ਉਹ ਪਾਤਰਾਂ ਨਾਲ ਸਰਸਰੀ ਸੰਵਾਦ ਰਚਾ ਕੇ ਲੋਕ ਮੁਹਾਵਰੇ ਵਿਚ ਕਥਾ ਰਸ ਭਰਪੂਰ ਕਹਾਣੀ ਦੀ ਸਿਰਜਨਾ ਕਰਦਾ ਹੈ ।ਮੁਖਤਾਰ ਗਿੱਲ ਦਾ ਇਹ ਆਪਣਾ ਨਿਵੇਕਲਾ ਅੰਦਾਜ਼ ਹੈ । ਉਸ ਦੀ ਕਲਮਕਾਰੀ ਦੀ ਇਹ ਜੁਗਤ ਹੈ ਜਿਸ ਨੂੰ ਪੰਜਾਬੀ ਪਾਠਕ ਪਸੰਦ ਵੀ ਕਰਦੇ ਹਨ ।  ਲੇਖਕ ਦਾ ਕਈ ਸਾਲਾਂ ਦਾ ਸੰਗ ਸਾਥ ਪੰਜਾਬੀ ਨਾਵਲ ਦੇ ਪਿਤਾਮਾ ਸਰਦਾਰ ਨਾਨਕ ਸਿੰਘ ਨਾਲ ਰਿਹਾ ਹੈ ਜਿਸ ਕਰਕੇ ਉਹ ਕਥਾ ਰਸ ਭਰਪੂਰ ਸਿਰਜਨਾ ਦਾ ਮਾਹਰ ਹੈ । ਜਿਸ ਦਾ ਅਰੰਭ ਪੰਜਾਬੀ ਕਹਾਣੀ ਵਿਚ  ਬਾਬਾ ਇ ਨਾਵਲ ਨਾਨਕ ਸਿੰਘ ਤੋਂ ਹੋਇਆ ਹੈ ।
  ਮੁਖਤਾਰ ਗਿੱਲ ਨੇ ਪੰਜਾਬ ਦੇ ਕਾਲੇ ਦਿਨਾਂ ਨੂੰ ਬਹੁਤ ਨੇੜੇ ਤੋਂ ਤਕਿਆ ਹੈ ਤੇ ਉਹ ਵੇਲਾ ਆਪਣੇ  ਪਿੰਡੇ ਤੇ ਹੰਢਾਇਆ ਹੈ । ਇਸ ਲਈ ਸੰਗ੍ਰਹਿ ਦੀਆ ਕਹਾਣੀਆਂ ਵਿਚ ਉਸ ਸਮੇਂ ਦੇ ਪਾਤਰ ਵੀ ਹਨ ਤੇ ਹੂਬਹੂ ਦ੍ਰਿਸ਼ ਵੀ ਸਿਰਲੇਖ ਵਾਲੀ ਕਹਾਣੀ ਦਾ ਪਾਤਰ ਆਪਣੀ ਦੋਹਤੀ ਕੋਲ ਰਹਿ ਰਿਹਾ ਹੈ । ਉਸ ਦੇ ਧੀ ਜਵਾਈ ਉਸ ਸਮੇਂ ਦੀ ਦਹਿਸ਼ਤਗਰਦੀ ਦਾ ਸ਼ਿਕਾਰ ਹੋ ਗਏ ਸੀ ।ਜਿਨ੍ਹਾਂ ਦੀਆ ਸਿਰਫ ਯਾਦਾਂ ਉਸ ਕੋਲ ਹਨ ।ਨਾਲ ਹੀ ਲੇਖਕ ਆਪਣੇ ਵਿਦੇਸ਼ ਗਏ ਪੁਤਰਾਂ ਦੀ ਕਹਾਣੀ ਛੇੜ ਕੇ ਉਂਨ੍ਹਾ ਦੇ ਵਿਦੇਸ਼ ਜਾਣ ਪਿਛੋਂ ਦਾ ਦਰਦ ਕਹਾਣੀ ਵਿਚ ਬੜੀ ਕਲਾਕਾਰੀ ਨਾਲ ਪੇਸ਼ ਕਰਦਾ ਹੈ ਕਿ ਪਾਠਕ ਕੋਲ ਕਈ ਸਵਾਲ ਖੋਰੂ ਜਿਹੇ ਪਾਉਣ ਲਗ ਪੈਂਦੇ ਹਨ ।ਇਸ ਤਰਾਂ ਦੀ ਝਰਨਾਹਟ ਵਾਲੀ ਸਥਿਤੀ ਇਸ ਸੰਗ੍ਰਹਿ ਦੀਆ ਸਾਰੀਆਂ ਕਹਾਣੀਆ ਵਿਚ ਵੇਖੀ ਜਾ ਸਕਦੀ ਹੈ । ਬਜ਼ੁਰਗੀ ਵੇਲੇ ਦਾ ਦਰਦ ਜੋ ਆਪਣੇ ਪੁਤਰਾਂ ਨੂੰ ਵਿਦੇਸ਼ ਭੇਜਣ  ਦੀ ਹਾਲਤ ਵਿਚ ਮਿਲਦਾ ਹੈ ਇਹ ਪੂਰੀ ਕਿਤਾਬ ਦਾ ਦਰਦ ਹੋ ਨਿਬੜਦਾ ਹੈ । ਪਰ ਇਸ ਦੁਖ ਦਰਦ ਦਾ ਰੂਪ ਕਹਾਣੀਆਂ ਵਿਚ ਬਦਲਦਾ ਜਾਂਦਾ ਹੈ । ਇਹ ਨਿਮਨ ਕਿਸਾਨੀ ਦੀ ਆਰਥਿਕ ਸਥਿਤੀ ਦਾ ਵੀ ਹੋ ਸਕਦਾ ਹੈ ਤੇ ਸਰਕਾਰ ਵਲੋਂ ਸਰਹਦੀ ਲੋਕਾਂ ਨੂੰ ਆਪਣੇ ਵਸਦੇ ਰਸਦੇ ਘਰਾਂ ਵਿਚੋਂ ਉਜਾੜਨ ਦਾ ਵੀ ਹੋ ਸਕਦਾ ਹੈ ।ਸੰਗ੍ਰਹਿ ਦੀਆਂ ਕਹਾਣੀਆ ਵਿਚ ਸੰਵੇਦਨਸੀਲਤਾ ਤੇ ਭਾਵਕਤਾ ਸਿਰੇ ਦੀ ਹੈ । ਲੇਖਕ ਦੀ ਇਹ ਸੰਵੇਦਨਾ ਦਾ ਸੰਚਾਰ ਪਾਤਰਾਂ ਤੋਂ ਪਾਠਕ ਤਕ ਹੁੰਦਾ ਮਹਿਸੂਸ ਕੀਤਾ ਜਾ ਸਕਦਾ ਹੈ ਮੁਖਤਾਰ ਗਿੱਲ ਦੀ ਇਸ ਕਿਤਾਬ ਦੀਆਂ ਕਹਾਣੀਆ ਦੀ ਇਹੋ ਕਾਮਯਾਬੀ ਹੈ ਤੇ ਲੋਕਪ੍ਰਿਯਤਾ  ਤੇ ਪ੍ਰਤੀਬਧਤਾ ਦਾ ਭੇਤ ਵੀ।
  ਉਹ ਆਪਣੀ ਜਾਨ ਤੋਂ ਪਿਆਰੇ ਸਾਹਿਤਕ ਮੈਗਜ਼ੀਨ ਤੇ ਕੁਝ ਕਿਤਾਬਾਂ ਰੱਦੀ ਵਿਚ ਵੇਚਣ ਵੇਲੇ ਲੱਖਾਂ ਵਾਰੀ ਸੋਚਦਾ ਹੈ ਕਿ ਮੇਰੇ ਪਿਛੋਂ ਇਂਨ੍ਹਾ ਨੂੰ ਕੌਣ ਪੜ੍ਹੇਗਾ । ਇਹ ਤ੍ਰਾਸ਼ਦੀ ਹਰੇਕ ਸੰਵੇਦਨਸੀਲ ਲੇਖਕ ਦੀ ਹੈ ਜਿਸ ਦੀ ਵਿਰਾਸਤ ਨੂੰ ਸਾਂਭਣ ਵਾਲੇ ਸਮੇਂ ਦੀ ਤਬਦੀਲੀ ਵਿਚ ਢਲ ਕੇ ਜਾਂ ਤਾਂ ਵਿਦੇਸ਼ ਜਾ ਵਸੇ ਹਨ ਜਾਂ ਫਿਰ ਪੰਜਾਬੀ ਤੋਂ ਮੁਖ ਮੋੜ ਗਏ ਹਨ ।  ਲੇਖਕ ਇਸ ਦਰਦ ਨੂੰ ਆਪਣੇ ਸਵੈ ਕਥਨ ਵਾਂਗ ਪੇਸ਼ ਕਰਕੇ ਆਪਣੇ ਮਨ ਦਾ ਬੋਝ ਹਲਕਾ ਕਰਦਾ ਪ੍ਰਤੀਤ ਹੁੰਦਾ ਹੈ ।ਇਕ ਥਾਂ ਜ਼ਿਕਰ ਹੈ ---ਮੈਂ ਵੀ ਕਾਮਰੇਡ ਹੁਰਾਂ ਵਾਂਗ ਮੁਹਬਤ ਵੰਡੀ ਚੇਤਨਾ ਤੇ ਚਿੰਤਨ ਵੰਡਿਆ । ਨਾ ਹੋਇਆਂ ਦੀ ਬਾਤ ਪਾਉੰਦਾ ਰਿਹਾ ।ਇਨਕਲਾਬ ਲਈ ਜੂਝਣ ਵਾਸਤੇ ਪ੍ਰੇਰਦਾ ਰਿਹਾ ਪਰ ਅਜ ਜ਼ਿੰਦਗੀ ਦੇ ਪਤਝੜੀ ਰੁਖ ਤੋਂ ਸੁਕੇ ਭੁਰੇ ਪਤੇ ਵਾਂਗ ਧਰਤੀ ਤੇ ਡਿਗ ਰਿਹਾ ਮਹਿਸੂਸ ਕਰ ਰਿਹਾ ਹਾਂ ( ਦਿਨ ਢਲੇ ਪੰਨਾ 11)ਕਹਾਣੀਆਂਵਿਚ ਰੁਖਾਂ ਦੀ ਘਾਟ ,ਵਧ ਰਿਹਾ ਮੌਸਮੀ ਵਿਗਾੜ ,ਘਟ ਰਹੀ ਪੰਛੀਆਂ ਦੀ ਗਿਣਤੀ ,ਖਤਮ ਹੋ ਰਹੇ ਪੰਛੀਆਂ ਦੇ ਆਲ੍ਹਣੇ ,ਪਲੀਤ ਹੋ ਰਿਹਾ ਪਾਣੀ ,ਵਧ ਰਿਹਾ ਪ੍ਰਦੂਸ਼ਣ ,ਵਧ ਰਿਹਾ ਨਸ਼ਿਆਂ ਦਾ ਰੁਝਾਨ ਪਰਵਾਸ ਦੀ ਰੁਚੀ, ਬੇਰੁਜ਼ਗਾਰੀ ,ਆਰਥਿਕ  ਸੰਕਟ ਵਿਚ ਫਸੀ ਕਿਸਾਨੀ ,ਬਦਲ ਰਿਹਾ ਪੰਜਾਬੀ ਸਭਿਆਚਾਰ ਤੇ ਰਸਮੋ ਰਿਵਾਜ ਤੇ ਪਰਦੂਸ਼ਤ ਹੋ ਰਹੀ ਗਾਇਕੀ ਵਰਗੇ ਵਿਰਾਟ ਮਸਲੇ ਪੁਸਤਕ ਦੀਆਂ ਕਹਾਣੀਆਂ ਵਿਚ ਪਾਤਰਾਂ ਦੇ ਆਪਸੀ ਸੰਵਾਦ ਰਾਹੀਂ ਸਾਹਮਣੇ ਆਉਂਦੇ ਹਨ ।ਇਕ ਸੰਵਾਦ ਵੇਖੋ ---ਖੈਰ ਬੇਟੇ !ਮੇਰੀ ਇਕ ਨਸੀਹਤ ਨਾ ਭੁਲੀਂ ਤੂਂ ਆਪਣੇ ਬੇਟੇ ਨੂੰ ਦੂਰ ਨਾ ਭੇਜੀਂ ਕਿਉਂ ਕਿ ਦਿਨ ਢਲੇ (ਬਜ਼ੁਰਗ ਅਵਸਥਾ ਵਿਚ )ਆਪਣੇ ਬਚਿਆਂ ਦੀ ਸਭ ਤੋਂ ਵਧ ਜ਼ਰੂਰਤ ਹੁੰਦੀ ਹੈ ।(ਪੰਨਾ 12) ਇਹ ਲੇਖਕ ਦੀ ਆਪਣੀ ਸੰਵੇਦਨਸ਼ੀਲਤਾ ਹੈ ਤੇ ਆਮ ਪਾਠਕ ਦੀ ਵੀ । ਕਹਾਣੀ ਤ੍ਰਿਕਾਲਾਂ ਦਾ ਸਿਆਹ ਰੰਗ ਵਿਚ ਗੁਟਾਰ ਜੋੜਾ ਆਪਣੇ ਬਚਿਆਂ ਦੀ ਰਾਖੀ ਕਰ ਰਿਹਾ ਹੈ । ਪਰ ਨਾਲ ਹੀ ਲੇਖਕ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਤੇ ਕਹਾਣੀ ਵਿਚ  ਉਦਾਸੀ ਦਾ ਰੰਗ ਘੋਲਦਾ ਹੈ । ਸਾਰੀ ਸਥਿਤੀ ਦੀ ਇਹ ਕਲਾਤਮਕ ਪੇਸ਼ਕਾਰੀ ਹੈ। "ਮੋਹ ਮਮਤਾ ਦਾ ਰਿਣ" ਦੀ ਪਾਤਰ ਸੁਖਬੀਰ ਕੌਰ ਜੌਹਲ ਕੈਨੇਡਾ ਤੋਂ ਪਰਤੀ ਹੈ। ਦਿੱਲੀ ਤੋਂ ਪਿੰਡ ਆ ਰਹੀ ਹੈ ਕਹਾਣੀ ਵਿਚ ਸਾਰੇ ਰਸਤੇ ਦੀ ਤਸਵੀਰ ਕੁਮੈਂਟਰੀ ਵਾਂਗ ਹੈ ਰਿਸ਼ਤਿਆਂ ਦੀ ਸੰਵੇਦਨਸ਼ੀਲਤਾ ਹੈ । " ਅੰਨ੍ਹੇ ਖੂਹ ਵਲ ਕਦਮ " ਪਿੰਡਾਂ  ਦੀ ਭਾਈਚਾਰਕ ਸਾਂਝ ਦੀ ਕਥਾ ਹੈ ।  ਮਾਂ ਦੀ ਮੌਤ ਪਿਛੋਂ ਛੋਟੀ ਕਿਸਾਨੀ ਵਾਲਾ ਪਾਤਰ ਡੂੰਘੇ ਆਰਥਿਕ  ਸੰਕਟ ਵਿਚ ਹੈ ।  ਲੇਖਕ ਉਸ ਨੂੰ ਫੋਕੀਆਂ ਰਸਮਾਂ ਛਡ ਕੇ ਫਾਲਤੂ ਖਰਚ ਕਰਨ ਤੋਂ ਰੋਕਦਾ ਹੈ । ਇਹ ਕਹਾਣੀ ਦਾ ਸੰਦੇਸ਼ ਹੈ ।  ਕਿਸਾਨ ਪਾਤਰ ਮਿਹਨਤੀ ਹੋਣ ਦੇ ਬਾਵਜੂਦ ਟੁਟਿਆ ਹੋਇਆ ਹੈ ।"ਹੜ੍ਹਮਾਰ"  ਦਾ ਬਾਬਾ ਮੁਨਸ਼ਾ ਹੜ੍ਹਾ ਦੀ ਮਾਰ ਤੋਂ ਬਚਨ ਦਾ ਹੋਕਾ ਦਿਆ ਕਰਦਾ ਸੀ ਪਰ ਹੁਣ ਉਹ ਆਜ਼ਾਦੀ ਪਿਛੋਂ ਨਸ਼ਿਆਂ  ਤੋਂ ਬਚਣ ਦਾ ਹੋਕਾ ਦੇ ਰਿਹਾ ਹੈ ।  ਪੰਜਾਬ ਵਿਚ ਆਈ ਸਮੇਂ ਸਮੇਂ ਤੇ ਹੜ੍ਹਾਂ ਦੀ ਮਾਰ ਤੋਂ ਪਿਛੋਂ ਸਰਕਾਰੀ ਹੁਕਮਾਂ ਦੀ ਲਿਪਾਪੋਚੀ ਦਾ ਭਾਵਪੂਰਤ ਵੇਰਵਾ ਹੈ ।  ਸਰੱਹਦੀ ਪਿੰਡਾਂ ਵਿਚ ਤਸਕਰੀ, ਨਸ਼ਿਆਂ ਦੀ ਅਲਾਮਤ ਪਿਛਲੇ ਕਾਰਨ ਇਨ੍ਹਾਂ ਕਹਾਣੀਆਂ ਵਿਚ ਦੁੱਧ ਵਿਚ ਮਖਣ ਵਾਂਗ ਸਮੋਏ ਹੋਏ ਹਨ । ਅਸਲ ਵਿਚ ਮਾਝੇ ਦੇ ਇਹ ਸਰੱਹਦੀ ਪਿੰਡ ਲੇਖਕ ਦੀ ਸਾਹਿਤਕ ਕਰਮਭੂਮੀ ਹਨ ।ਕਹਾਣੀ "ਸਰੱਹਦ ਦੇ ਇਸ ਪਾਰ "ਵਿਚ ਲੇਖਕ ਦਾ ਸਵੈ ਕਥਨ ਹੈ । ਲੇਖਕ ਆਪਣੇ ਮਿਤਰ ਦੇ ਘਰੋਂ ਪਿੰਡ ਸਮਾਨ ਚੁੱਕਣ ਜਾਂਦਾ ਹੈ ।  ਉਸ ਪਿੰਡ ਨਾਲ ਲੇਖਕ ਦੀ ਭਾਵਕ ਸਾਂਝ ਹੈ ।ਜਦੋਂ ਪੰਜਾਬ ਸਰਕਾਰ ਨੇ ਸਰਹਦੀ ਪਿੰਡਾਂ ਦੇ ਲੋਕਾਂ ਨੂੰ ਘਰ ਖਾਲੀ ਕਰਨ ਦਾ ਹੁਕਮ ਕੀਤਾ ਸੀ ।ਘਰ ਦੀ ਬਜ਼ੁਰਗ ਔਰਤ ਇਸ ਘਟਨਾ ਨੂੰ ਸੰਨ ਸੰਤਾਲੀ ਦੇ ਉਜਾੜੇ ਨਾਲ ਜੋੜਦੀ ਹੈ ।ਕਹਾਣੀਆਂ ਸੁਪਨੀਲੇ ਸੁਪਨੇ ,ਮਨਫੀ ਮਾਨਵੀ ਸੰਵੇਦਨਾ ਦੀ ਕਥਾ, ਗਰਕ ਹੋ ਰਹੇ ਗਰਾਂ ਦੀ ਕਥਾਂ ,ਬੇਗਾਨੇ ਪਿੰਡ ਦਾ ਅਹਿਸਾਸ ,ਕਾਲਾ ਧੂੰਆਂ ,ਸੁਲਘਦੀ ਸੱਕੀ ਨਦੀ ਦੀ ਕਰੋਪੀ ਕਮਾਲ ਦੀਆ ਉਤਮ ਕਹਾਣੀਆਂ ਹਨ ।ਇਨ੍ਹਾਂ ਦੀ ਇਕ ਪਾਤਰ ਕਸ਼ਮੀਰੋ  ਲੇਖਕ ਦੀ ਪੁਰਾਣੀ ਰਹਿ ਚੁਕੀ ਵਿਦਿਆਰਥਣ ਹੈ । ਜੋ ਆਪਣੇ ਤੇ ਹੋਈ ਵਧੀਕੀ ਦਾ ਬਦਲਾ ਫਿਲਮੀ ਸਟਾਈਲ ਨਾਲ ਲੈਂਦੀ ਹੈ । ਜਤਿੰਦਰ ਔਲਖ ਸੰਪਾਦਕ ਮੇਘਲਾ ਮੈਗਜ਼ੀਨ ਨੇ ਪੁਸਤਕ ਨੂੰ ਖੋਜ ਦਸਤਾਵੇਜ਼ ਦਾ ਦਰਜਾ ਦਿਤਾ ਹੈ ।  ਮੁਖਤਾਰ ਗਿਲ ਦੀ ਇਹ ਨਵੀਂ ਛਪੀ ਕਿਤਾਬ ਪੰਜਾਬ ਦੇ ਸਰੱਹਦੀ ਖੇਤਰ ਦੇ ਲੋਕਾਂ ਦੀ ਬਹੁਪਖੀ ਸਮਸਿਆਵਾਂ ਤੇ ਬੱਚਿਆਂ ਦੇ ਪਰਵਾਸ ਤੋਂ ਉਪਜੀ ਬਜ਼ੁਰਗ ਮਾਨਸਿਕਤਾ ਦੀ ਉਤਮ ਦਸਤਾਵੇਜ਼ ਹੈ । ਮੇਘਲਾ ਪ੍ਰਕਾਸ਼ਨ ਚੋਗਾਵਾਂ ਦੀ ਇਸ ਪੁਸਤਕ ਦੇ ਪੰਨੇ 96 ਹਨ ਤੇ ਮੁੱਲ ਛਪਿਆ ਨਹੀਂ ਹੈ । ਸੰਵੇਦਨਾ ਭਰਪੂਰ ਤੇ ਮਾਨਵੀ ਗੁਣਾਂ ਨਾਲ ਲੈਸ  ਵਧੀਆ ਦਿੱਖ ਵਾਲੀ ਇਹ  ਪੁਸਤਕ ਪੜ੍ਹਨ ਵਾਲੀ ਹੈ । ਪੰਜਾਬੀ ਕਹਾਣੀ ਦਾ  ਗੌਰਵ ਹੈ ।