ਕਾਸ਼ ਇੰਜ਼ ਹੋ ਜਾਵੇ (ਲੇਖ )

ਵਿਵੇਕ    

Email: vivekkot13@gmail.com
Address: ਕੋਟ ਈਸੇ ਖਾਂ
ਮੋਗਾ India
ਵਿਵੇਕ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਇਹ ਸੀ ਤਾਂ ਇੱਕ ਰਸਮ ਕਿਰਿਆ ਮੌਕੇ ਭੋਗ ਦਾ ਸਮਾਂ ਜੋ ਕਿ ਪਿੰਡ ਦੇ ਧਾਰਮਿਕ ਅਸਥਾਨ ਤੇ ਅਯੋਜਿਤ ਕੀਤਾ ਗਿਆ ਸੀ।ਲੰਮੀ ਬਿਮਾਰੀ ਪਿੱਛੋ ਹੋਈ ਨੌਜਵਾਨ ਮੌਤ ਦੇ ਕਾਰਨ ਹਮਦਰਦੀ ਵਜੋਂ ਅਤੇ ਪਰਿਵਾਰ ਦੇ ਸਮਾਜਿਕ ਅਸਰ ਰਸੂਖ ਕਾਰਨ ਵਾਹਵਾ ਇੱਕਠ ਸੀ।ਪਿੰਡ ਅਤੇ ਹੋਰ ਦੂਰੋਂ ਨੇੜਿਓ ਪਰਿਵਾਰ ਨਾਲ ਸਨੇਹ ਰੱਖਣ ਵਾਲੇ ਇਸ ਅੰਤਿਮ ਅਰਦਾਸ ਵਿੱਚ ਸ਼ਾਮਿਲ ਲੋਕ ਸ਼ਾਤ ਚਿੱਤ ਸੰਗਤ ਹਾਲ ਵਿੱਚ ਬੈਠੇ ਸਨ।ਧਾਰਮਿਕ ਅਸਥਾਨ ਦੇ ਬਾਬਾ ਜੀ ਨੇ ਪਾਠ ਦੀ ਸਮਾਪਤੀ ਤੋਂ ਬਾਦ ਜੋ ਪ੍ਰਵਚਨ ਕੀਤੇ aੁਹ ਇਸ ਰਸਮ ਨੂੰ ਸਾਰਥਕ ਕਰ ਗਏ।ਬਾਬਾ ਜੀ ਦਾ ਇੱਕ ਇੱਕ ਬੋਲ ਕੀਮਤੀ ਸੀ।ਉਹ ਗ੍ਰੰਥਾਂ ਦਾ ਹਵਾਲਾ ਦੇਕੇ ਅਤੇ ਗੁਰਬਾਣੀ ਦੇ ਸ਼ਬਦ ਸੁਣਾ ਕੁ ਉਹਨਾਂ ਦਾ ਅਰਥ ਕਰਕੇ ਸਮਝਾ ਰਹੇ ਸਨ ਕਿ ਇਹ ਇੱਕ ਨੌਜੁਆਨ ਮੌਤ ਹੈ ਜੋ ਨਾਮੁਰਾਦ ਬੀਮਾਰੀ ਕੈਂਸਰ ਨਾਲ ਹੋਈ।ਸਾਨੂੰ ਸਾਰਿਆਂ ਨੂੰ ਹਲੂਣਾ ਮਾਰ ਗਈ ਆ ਕਿ ਅਸੀਂ ਕੀ ਕੀਤਾ, ਕੀ ਕਰ ਰਹੇ ਹਾਂ।ਸਾਡਾ ਇਹ ਪੰਜਾਬ ਕਿਸ ਦਿਸ਼ਾ ਵੱਲ ਜਾ ਰਿਹਾ ਹੈ।ਹਰ ਕੋਈ ਦੂਜੇ ਵੱਲ ਉਂਗਲ ਕਰ ਰਿਹਾ ਹੈ ਪਰ ਕਦੇ ਇਹ ਗੌਰ ਨਹੀ ਕੀਤਾ ਕਿ ਮੈਂ ਕੀ ਕਰ ਰਿਹਾ ਹਾਂ। ਮੇਰਾ ਕੀ ਫਰਜ਼ ਹੈ।

     ਸਾਰੀ ਸੰਗਤ ਧਿਆਨ ਨਾਲ ਬਾਬਾ ਜੀ ਦੇ ਵਚਨ ਸੁਣ ਰਹੀ ਸੀ।ਦਰਅਸਲ ਇਹ ਸੀ ਤਾਂ ਇੱਕ ਧਾਰਮਿਕ ਰਸਮ ਪਰ ਸਮਾਜ ਪ੍ਰਤੀ ,ਲੋਕਾਂ ਪ੍ਰਤੀ ,ਜਾਗਰੂਕ ਇਸ ਧਾਰਮਿਕ ਸ਼ਖਸ਼ੀਅਤ ਨੇ ਇਸ ਨੂੰ ਸਮਾਜਿਕ ਜੁੰਮੇਵਾਰੀ ਵਿੱਚ ਬਦਲ ਦਿੱਤਾ ਅਤੇ ਅਜਿਹੇ ਦ੍ਰਿਸ਼ਤਾਂਟ ਪੇਸ਼ ਕੀਤੇ ਕਿ ਉੱਥੇ ਬੈਠਾ ਹਰ ਸੂਝਵਾਨ ਬੰਦਾ ਸਹਿਮਤੀ ਵਿੱਚ ਸਿਰ ਹਿਲਾ ਰਿਹਾ ਸੀ।ਬਾਬਾ ਜੀ ਨੇ ਇੱਕ ਪ੍ਰਸ਼ਨ ਸਰੋਤਿਆ ਵੱਲ ਕੀਤਾ ਕਿ ਕਦੇ ਅਸਾਂ ਸੋਚਿਆ ਇਹ ਖੁਸ਼ਹਾਲ ਪੰਜਾਬ,ਤੰਦਰੁਸਤ ਪੰਜਾਬ ਕਿਉ ਅੱਜ ਬੇਹਾਲ ਹੈ ਬੀਮਾਰੀਆ ਤੋਂ ਪੀੜਤ ਹੈ।ਕੀ ਕਾਰਨ ਹਨ ਇਸ ਦੇ,ਕਦੇ ਸਿਰ ਜੋੜ ਕੇ ਅਸਾਂ ਸੋਚਿਆ।ਜਿਹੜੇ ਪੰਜਾਬੀ ਦੇਸ਼ਾਂ ਵਿਦੇਸ਼ਾਂ ਵਿੱਚ ਆਪਣੀ ਮਿਹਨਤ ਅਤੇ ਲਗਨ ਨਾਲ ਸ਼ੋਹਰਤ ਦੇ ਝੰਡੇ ਗੱਡ ਰਹੇ ਹਨ ਅੱਜ ਆਪਣੇ ਹੀ ਪੰਜਾਬ ਵਿੱਚ ਉਦਾਸ ਅਤੇ ਦਿਸ਼ਾਹੀਣ ਬਣੇ ਬੈਠੇ ਹਨ।

   ਉਹਨਾਂ ਸਮਾਜ ਨੂੰ ਸੁਚੇਤ ਕਰਦਿਆਂ ਕਿਹਾ ਕਿ ਅਸਾਂ ਨੇ ਆਪ ਹੀ ਪੰਜਾਬ ਨੂੰ ਗੰਦਗੀ ਦਾ ਘਰ ਬਣਾ ਲਿਆ ਹੈ।ਆਪਣੇ ਘਰ ਦਾ ਕੂੜਾ ਗਲੀ ਵਿੱਚ ਸੁੱਟ ਆਪਣੇ ਘਰ ਨੂੰ ਸਾਫ ਕਰ ਆਪ ਚੁੱਪ ਚਾਪ ਬਹਿ ਜਾਦੇ ਹਾਂ।ਸਾਨੂੰ ਸਿਰਫ ਆਪਣਾ ਘਰ ਹੀ ਨਜ਼ਰ ਆਉਦਾਂ ਹੈ ਸਮੁਚਾ ਪੰਜਾਬ ਨਹੀ।ਪੈਸਾ ਤਾਂ ਸਿਰਫ ਉਪਜੀਵਕਾ ਹੈ ਜਿਸ ਨਾਲ ਸਾਡਾ ਜੀਵਨ ਚਲਦਾ ਹੈ ।ਪਰ ਅਸੀਂ ਪੈਸੇ ਨੂੰ ਹੀ ਜੀਵਨ ਸਮਝੀ ਬੈਠੇ ਹਾਂ।ਬੈਂਕ ਬੈਂਲਸ ਵੱਲ ਨਿਗਾਹ ਹੈ ਪਰ ਜੋ ਆਹ ਸਾਡੇ ਸਵਾਸ ਦਾ ਬੈਂਲਸ ਹੈ ਉਸ ਵੱਲ ਧਿਆਨ ਹੀ ਨਹੀ।ਜੋ ਇਹ ਸਾਹ ਚੱਲ ਰਹੇ ਹਨ ਰੁਪੈ ਪੈਸੇ ਤੋਂ ਵੀ ਕੀਮਤੀ ਹਨ।ਲੱਖ ਕਰੋੜ ਖਰਚ ਕੇ ਵੀ ਅਸੀਂ ਸਾਹ ਵਾਪਸ ਨਹੀ ਲਿਆ ਸਕਦੇ।ਫਿਰ ਕਿਉਂ ਇਧਰ ਉਧਰ ਭੱਜ ਨੱਠ ਕੇ ਅਸੀਂ ਆਪਣੇ ਖਜ਼ਾਨੇ ਭਰਨ ਤੇ ਲੱਗੇ ਹੋਏ ਹਾਂ।

    ਸਾਨੂੰ ਪੰਜਾਬ ਦੇ ਵਾਤਾਵਰਨ ਬਾਰੇ ਗੱਲ ਕਰਨੀ ਚਾਹੀਦੀ ਹੈ।ਇਸ ਦੇ ਹਵਾ ਪਾਣੀ ਦੇ ਦੂਸ਼ਿਤ ਹੋਣ ਦੀ ਗੱਲ ਕਰਨੀ ਚਾਹੀਦੀ ਹੈ।ਇਹ ਪਿੰਡ ਇਹ ਘਰ ਵੀ ਸਾਡਾ ਦੇਸ਼ ਹੀ ਹੈ ਕਿaੁਂਕਿ ਇਹਨਾਂ ਦੇ ਨਾਲ ਹੀ ਦੇਸ਼ ਬਣਦਾ ਹੈ।ਜੇ ਇਹ ਸਾਫ ਸੁਥਰੇ ਹਨ ਹਰਿਆਲੀ ਭਰਪੂਰ ਹਨ ਤਾ ਸਮਝੋ ਦੇਸ਼ ਵੀ ਖੁਸ਼ਹਾਲ ਹੈ।

    ਆਪਣੇ ਅੱਧੇ ਘੰਟੇ ਦੇ ਸੰਬੋਧਨ ਵਿੱਚ ਉਹਨਾਂ ਨੇ ਕਿਤੇ ਵੀ ਇਹ ਨਹੀ ਕਿਹਾ।ਭਾਈ ਏਨੇ ਪਾਠ ਕਰੋ, ਨਾਮ ਜਪਦੇ ਰਹੋ,ਇਸ ਧਾਰਮਿਕ ਅਸਥਾਨ ਤੇ ਆਓ ਮੱਥਾ ਟੇਕੋ ਤੁਹਾਡੇ ਸਾਰੇ ਕਸ਼ਟ ਕੱਟੇ ਜਾਣਗੇ ।ਉਹਨਾਂ ਨੇ ਸਗੋਂ ਧਾਰਮਿਕਤਾ ਤੋਂ ਹੱਟ ਕੇ ਸਮਾਜਿਕ ਸੁਨੇਹਾ ਦਿੰਦਿਆ ਕਿਹਾ ਕਿ ਇਹ ਪੰਜਾਬ ਆਪਣਾ ਘਰ ਹੈ ਇਸ ਦੀ ਸੰਭਾਲ ਕਰੋ।ਸੋਚੋ ਕਿੱਥੇ ਗਿਆ ਪਾਣੀ ਨਾਲ ਭਰਪੂਰ ਪੰਜਾਬ,ਹਰੇ ਭਰੇ ਰੁੱਖਾਂ ਵਾਲਾ ਪੰਜਾਬ,ਸੁਬਹ ਸਵੇਰੇ ਚਹਿਕਦੇ ਪੰਛੀਆ ਵਾਲਾ ਪੰਜਾਬ,ਖੇਤਾਂ ਵਿੱਚ ਗੀਤ ਗਾਉਂਦੇ ਕਿਸਾਨ ਵਾਲਾ ਪੰਜਾਬ,ਏਕਤਾ ਤੇ ਭਾਈਚਾਰੇ ਵਾਲਾ ਪੰਜਾਬ,ਕੀ ਹੋਇਆ ਸਾਨੂੰ ਸਾਡੇ ਗੁਰੂਆਂ ਪੀਰਾਂ ਫਕੀਰਾਂ ਨੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਸੀ ਅਤੇ ਅਸੀਂ ਅਜੇ ਵੀ ਜਾਤੀਵਾਦ ਵਿੱਚ ਉਲਝੇ ਹੋਏ ਹਾਂ।

     ,ਇਹ ਸਾਡੇ ਸਾਰਿਆਂ ਦਾ ਫਰਜ਼ ਹੈ ਕਿ ਅਸੀਂ ਆਪਣੇ ਆਪ ਦੀ ਪਹਿਚਾਨ ਕਰੀਏ ਆਪਣੇ ਅਮੀਰ ਸਭਿਆਚਾਰ ਦੀ ਨਿਸ਼ਾਨਦੇਹੀ ਕਰੀਏ।ਇਹ ਦਸਤਾਰ ਜੋ ਪੰਜਾਬ ਦੀ ਪਹਿਚਾਨ ਹੈ ਸਾਨੂੰ ਸਾਡੇ ਗੁਰੁ ਸਹਿਬਾਨ ਨੇ ਬਖਸ਼ਿਸ਼ ਕੀਤੀ ਸੀ।ਜਿੱਥੇ ਕਿਤੇ ਵੀ ਹਜ਼ਾਰਾਂ ਲੋਕ ਖੜੇ ਹੋਣ ਉੱਥੇ ਦਸਤਾਰ ਵਾਲੇ ਬੰਦੇ ਦੀ ਸਹਿਜੇ ਹੀ ਪਹਿਚਾਨ ਹੋ ਜ਼ਾਦੀ ਹੈ।ਜੇ ਦਸਤਾਰ ਸਲਾਮਤ ਹੈ ਤਾਂ ਪੰਜਾਬ ਸਲਾਮਤ ਹੈ।ਕਿਉਂਕਿ ਇਹ ਸਾਡੇ ਪੁਰਾਤਨ ਪੰਜਾਬ ਦੀ ਨਿਸ਼ਾਨੀ ਹੈ। ਬਾਬਾ ਜੀ ਦੇ ਬੋਲ ਡੁੱਬ ਰਹੇ ਪੰਜਾਬ ਦੀ ਹੂਕ ਸੀ।ਜਿਸ ਵਿੱਚ ਪੰਜਾਬ ਨੂੰ ਹੋਰ ਨਾ। ਬਰਬਾਦ ਕਰਨ ਦਾ ਸੁਨੇਹਾ ਸੀ।

    .ਬਾਬਾ ਜੀ ਸੁੱਤੀ ਪਈ ਸਾਡੀ ਆਤਮਾ ਨੂੰ ਜਗਾਓਣ ਦਾ ਉਪਰਾਲਾ ਕਰ ਰਹੇ ਸਨ।ਉਹਨਾਂ ਨੇ ਸਵਾਲ ਕੀਤਾ ਕਿ ਅਸੀ ਗੱਲ ਗੱਲ ਤੇ ਆਪਣੇ ਆਪ ਨੂੰ ਪੰਜਾਬ ਦਾ  ਵਾਰਿਸ ਤਾਂ ਕਹਿ ਦਿੰਦੇ ਹਾਂ।ਪਰ ਦੱਸੋ ਅਸੀਂ ਕਿਹੋ ਜਿਹੀ ਵਿਰਾਸਤ ਆਪਣੇ ਬੱਚਿਆ ਨੂੰ ਦੇਕੇ ਜਾਵਾਂਗੇ।ਜਿਸ ਵਿਰਾਸਤ ਵਿੱਚ ਜਾਤੀਵਾਦ ਹੈ,ਨਫਰਤ ਹੈ,ਪਲੀਤ ਵਾਤਾਵਰਨ ਹੈ।ਵੀਰਾਨ ਖੇਤ ਹਨ।ਗੁਰੁ ਸਹਿਬਾਨ ਨੇ ਤਾਂ ਸਾਨੂੰ ਸਮਾਜੀ ਏਕਤਾ ਦਾ ਸੁਨੇਹਾ ਦਿੱਤਾ ਸੀ।ਆਪਣੇ ਆਲੇ ਦੁਆਲੇ ਨੂੰ ਸਾਫ ਰੱਖਣ ਦਾ ਪਾਠ ਪੜਾਇਆ ਸੀ। ਕੀ ਅਸੀਂ ਸਭ ਕੁੱਝ ਭੁੱਲ ਗਏ ਹਾਂ।ਅਸਾਂ ਨੇ ਲਾਲਚ ਅਤੇ ਲਾਲਸਾ ਵੱਸ ਪੈਸੇ ਨੂੰ ਹੀ ਸਭ ਕੁੱਝ ਬਣਾ ਲਿਆ ਹੈ।

      ,ਇਸ ਪੈਸੇ ਪੱਖੀ ਸੋਚ ਨੇ  ਸਾਡੀ ਸਹਿਜਤਾ ਨੂੰ ਮਾਰ ਦਿੱਤਾ ਹੈ।ਨਫਰਤ ਤੇ ਗੁੱਸਾ ਸਿਰ ਚੜ ਬੋਲ ਰਿਹਾ ਹੈ।ਕਦੇ ਜਾ ਕੇ ਹਰੇ ਭਰੇ ਰੁੱਖਾਂ ਹੇਠ ਬੈਠੋ,ਰੰਗ ਬਿੰਰਗੇ ਫੁੱਲਾਂ ਦੀ ਸੰਗਤ ਵਿੱਚ ਬੈਠੋ ਤਾਂ ਤੁਹਾਡੇ ਅੰਦਰ ਰੂਹਾਨੀ ਸ਼ਾਤੀ ਉੱਤਰ ਆਵੇਗੀ।ਇਹੀ ਨਫਰਤ ,ਕਰੋਧ ਸਾਡੀ ਊਰਜਾ ਨੂੰ ਖਤਮ ਕਰਦੇ ਹਨ।

 ,ਇਹ ਪਹਿਲਾਂ ਰਸਮ ਕਿਰਿਆ ਵਾਲਾ ਸਮਾਗਮ ਸੀ ਜਿਸ ਵਿੱਚ ਉਦਾਸੀ ਨਹੀ ਸੀ।ਨਾ ਹੀ ਨਿਰੋਲ ਧਾਰਮਿਕਤਾ ਦਾ ਵਿਖਾਵਾ ਸੀ।ਇਸ ਸਮਾਗਮ ਵਿੱਚ ਤਾਂ ਸਮਾਜਿਕ ਤੇ ਚੌਗਿਰਦੇ ਬਾਰੇ ਸਾਰਥਕ ਸੰਦੇਸ਼ ਦਿੱਤਾ ਗਿਆ ਸੀ।ਕਾਸ਼ ਸਾਡੇ ਸਾਰੇ ਧਾਰਮਿਕ ਸੱਜਣ ਪੁਰਸ਼ ਅਜਿਹੇ ਹੀ ਹੋ ਜਾਣ ਅਤੇ ਸਮਾਜ ਨੂੰ ਗਤੀਸ਼ੀਲਤਾ ਦੇਣ ਵਾਲੇ ਸੰਦੇਸ਼ ਦਾ ਅਦਾਨ ਪ੍ਰਦਾਨ ਕਰਨ ਤਾਂ ਹੋ ਸਕਦਾ ਪੰਜਾਬ ਦੀ ਵਿਗੜੀ ਹੋਈ ਹਾਲਤ ਕੁੱਝ ਬੇਹਤਰ ਹੋ ਜਾਵੇ।