ਪੰਜਾਬੀ ਮੈਗਜ਼ੀਨ ਰਚਨਾ ਰਿਲੀਜ਼ (ਖ਼ਬਰਸਾਰ)


ਜਲੰਧਰ --   ''ਪੰਜਾਬੀ ਭਾਸ਼ਾ ਦਾ ਵਿਕਾਸ ਤੇ ਸੱਜਰੇ ਸਾਹਿਤ ਦੀ ਤਰਜਮਾਨੀ ਲਈ ਜ਼ਰੂਰੀ ਹੈ ਕਿ ਮਾਂ-ਬੋਲੀ ਵਿੱਚ ਸਾਹਿਤਕ ਰਸਾਲੇ ਵੱਧ ਤੋਂ ਵੱਧ ਛਪਣ ਜਿਸ ਨਾਲ ਇਸ ਧਰਤੀ ਦੇ ਲਿਖਿਆ ਗਿਆ ਸਾਹਿਤ ਪ੍ਰਫੁੱਲਤ ਹੋਵੇ।'' ਇਹ ਵਿਚਾਰ ਅੱਜ ਇੱਥੇ ਡੀ.ਏ.ਵੀ. ਯੂਨੀਵਰਸਿਟੀ ਜਲੰਧਰ ਵੱਲੋਂ ਪੰਜਾਬੀ ਦੇ ਕੌਮਾਂਤਰੀ ਰਸਾਲੇ ਰਚਨਾ ਦੇ ਰਿਲੀਜ਼ ਸਮਾਗਮ ਸਮੇਂ ਯੂਨੀਵਰਸਿਟੀ ਦੇ ਪੱਤਰਕਾਰੀ ਵਿਭਾਗ ਦੇ ਮੁੱਖੀ ਡਾਇਰੈਕਟਰ, ਤੇ ਦੂਰਦਰਸ਼ਨ ਇੰਡੀਆ ਦੇ ਸਾਬਕਾ ਡਾਇਰੈਕਟਰ ਡਾ. ਕ੍ਰਿਸ਼ਨ ਕੁਮਾਰ ਰੱਤੂ ਨੇ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਪੰਜਾਬੀ ਮਾਂ ਬੋਲੀ ਦਾ ਪਾਸਾਰ ਸਾਰੇ ਸੰਸਾਰ ਵਿੱਚ ਬੜੀ ਤੇਜੀ ਨਾਲ ਹੋਇਆ ਹੈ ਅਤੇ ਹੋ ਰਿਹਾ ਹੈ। ਉਹਨਾਂ ਕਿਹਾ ਕਿ ਕਿਸੇ ਵੀ ਭਾਸ਼ਾ ਦੀ ਤਰੱਕੀ ਲਈ ਉਥੋਂ ਦਾ ਨਿੱਜੀ ਮੀਡੀਆ ਨਰਸਰੀ ਦੀ ਤਰ•ਾਂ ਹੈ। ਜਿਸ ਨੇ ਸ਼ੋਸਲ ਮੀਡੀਆ ਦੇ ਆ ਜਾਣ ਨਾਲ ਪੰਜਾਬੀ ਮਾਂ-ਬੋਲੀ ਨੂੰ ਅਮੀਰ ਕਰ ਦਿੱਤਾ ਹੈ। 

ਡਾ. ਕ੍ਰਿਸ਼ਨ ਕੁਮਾਰ ਰੱਤੂ ਨੇ ਬੋਲਦਿਆਂ ਹੋਇਆਂ ਕਿਹਾ ਕਿ ਰਚਨਾ ਦੀ ਪ੍ਰਕਾਸ਼ਨਾਂ ਨਾਲ ਪੰਜਾਬੀ ਮਾਂ-ਬੋਲੀ ਤੇ ਅਦਬ ਦੀ ਤਰੱਕੀ ਲਈ ਇੱਕ ਨਵਾਂ ਰਸਤਾ ਆਇਆ ਹੈ, ਜਦੋਂ ਇਸ ਮੈਗਜ਼ੀਨ ਨੂੰ ਬਿਨਾਂ ਪੜ•ਨ ਵਾਲਾ ਪਾਠਕ ਵੀ ਮੈਗਜ਼ੀਨ ਵੱਲੋਂ ਤਿਆਰ ਕੀਤੀ ਗਈ ਸੀ.ਡੀ. ਤੇ ਸੁਣ ਸਕਦਾ ਹੈ। ਇਹ ਪੰਜਾਬੀ ਦਾ ਪਹਿਲਾ ਮੈਗਜ਼ੀਨ ਹੈ, ਜਿਸ ਨੇ ਸਾਫ਼ ਸੁਥਰੇ ਸਾਹਿਤਕ ਮਿਆਰ ਨੂੰ ਤੇਜ਼ੀ ਨਾਲ ਫੈਲ ਰਹੇ ਸਾਹਿਤਕ ਪ੍ਰਦੂਸ਼ਨ ਵਿੱਚੋਂ ਮੁਕਤ ਕਰਨ ਲਈ ਆਵਾਜ਼ ਉਠਾਈ ਹੈ। ਉਹਨਾਂ ਕਿਹਾ ਕਿ ਪੰਜਾਬੀ ਵਿੱਚ ਕੌਮਾਂਤਰੀ ਪੱਧਰ ਦੇ ਸਾਹਿਤ ਦੀ ਰਚਨਾ ਹੋ ਰਹੀ ਹੈ। ਜਿਸ ਦੇ ਪਾਸਾਰ ਲਈ ਅਜਿਹੇ ਮੈਗਜ਼ੀਨਾਂ ਦਾ ਆ ਜਾਣਾ ਪੰਜਾਬੀ ਬੋਲੀ ਦੇ ਵਿਕਾਸ ਲਈ ਲਾਹੇਵੰਦ ਹੋਵੇਗਾ। ਇਸਦੇ ਨਾਲ ਹੀ ਪੰਜਾਬੀ ਪਾਠਕਾਂ ਦਾ ਦਾਇਰਾ ਵੀ ਵਧੇਗਾ। ਇਸ ਮੌਕੇ ਤੇ ਪੱਤਰਕਾਰੀ ਵਿਭਾਗ ਦੇ ਸਹਾਇਕ ਅਧਿਆਪਕਾ ਨੇ ਪ੍ਰਕਾਸ਼ਨਾ ਤੇ ਸੰਪਾਦਕ ਤੇ ਪਬਲਿਸ਼ਰ ਨੂੰ ਵਧਾਈਆਂ ਦਿੱਤੀਆਂ।