ਅੱਖੀਂ ਡਿੱਠੀ ਤੇ ਹੱਡਾਂ ਤੇ ਹੰਢਾਈ ਇੱਕ ਕਰੂਰ ਦਰਿੰਦਗੀ (ਲੇਖ )

ਚਰਨਜੀਤ ਪਨੂੰ    

Email: pannucs@yahoo.com
Phone: +1 408 365 8182
Address:
California United States
ਚਰਨਜੀਤ ਪਨੂੰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ, ਇਹ ਅਟੱਲ ਸਚਾਈ ਤੋਂ ਉਪਜਿਆ ਇੱਕ ਮੁਹਾਵਰਾ ਹੈ। ਪੱਛਮ ਵਾਲੇ ਪਾਸਿਉਂ ਭਾਰਤ ਤੇ ਬਹੁਤ ਸਾਰੇ ਹਮਲੇ ਹੋਏ ਤੇ ਸਭ ਵਿਦੇਸ਼ੀ ਧਾੜਵੀਆਂ ਨੇ ਸਭ ਤੋਂ ਪਹਿਲਾਂ ਆਪਣੀ ਭੁੱਖ ਪੰਜਾਬ ਨੂੰ ਲੁੱਟ ਪੁੱਟ ਕੇ ਲਾਹੀ। ਉਨ੍ਹਾਂ ਦਾ ਪਹਿਲਾ ਸ਼ਿਕਾਰ ਸੀਤੀ ਦਾ ਘਰ ਅੰਮ੍ਰਿਤਸਰ ਅਤੇ ਇੱਥੋਂ ਦੇ ਵਸਿੰਦੇ ਹੀ ਬਣਦਾ ਰਿਹਾ। ਸਿੱਖਾਂ ਦੀ ਆਨ ਤੇ ਸ਼ਾਨ ਦਾ ਪ੍ਰਤੀਕ ਸੁਨਹਿਰੀ ਮੰਦਿਰ ਦਰਬਾਰ ਸਾਹਿਬ ਬੜੀ ਵੇਰਾਂ ਬਾਹਰਲੇ ਧਾੜਵੀਆਂ ਦੇ ਹੱਥੋਂ ਢੱਠਿਆ, ਤਬਾਹ ਹੋਇਆ ਤੇ ਲੁੱਟਿਆ ਗਿਆ, ਪਰ ਇਸ ਦੀ ਦਿੱਖ ਹਰ ਵਾਰ ਦੂਣ ਸਵਾਈ ਹੋ ਕੇ ਨਿੱਖਰਦੀ ਰਹੀ। ਦੁਸ਼ਮਣ ਪੱਥਰ ਮਾਰੇ ਤਾਂ ਪੀੜ ਘੱਟ ਮਹਿਸੂਸ ਕਰੀਦੀ ਹੈ ਪਰ ਆਪਣਿਆਂ ਤੋਂ ਫ਼ੁਲ ਵੱਜਣ ਨਾਲ ਹੀ ਪੜ ਪਾਟ ਜਾਂਦੇ ਨੇ, ਧੁਰ ਅੰਦਰ ਤੱਕ ਚੀਸਾਂ ਤਰਾਟਾਂ ਪੈਣ ਲਗਦੀਆਂ ਨੇ। ਪਹਿਲੇ ਹਮਲੇ ਵਿਦੇਸ਼ੀ ਜਰਵਾਣਿਆਂ ਧਾੜਵੀਆਂ ਦੇ ਹੱਥੋਂ ਸਨ ਜਿਨ੍ਹਾਂ ਦਾ ਖ਼ਾਸ ਮੰਤਵ ਭਾਰਤ ਵਰਗੇ ਦੇਸ਼ ਅਮੀਰ ਸੋਨ ਚਿੜੀ ਨੂੰ ਲੁੱਟਣ ਤੋਂ ਇਲਾਵਾ ਕਬਜ਼ਾ ਕਰਨਾ ਵੀ ਸੀ ਪਰ ਇਹ ਹਮਲਾ ਨਿਰੋਲ ਆਪਣੇ ਹੀ ਘਰਦਿਆਂ ਵੱਲੋਂ ਆਪਣੇ ਘਰ ਤੇ ਹੋਇਆ ਵਹਿਸ਼ੀਆਨਾ ਸ਼ਰਮਨਾਕ ਕਾਰਾ ਸੀ ਜਿਸ ਦਾ ਮੂਲ ਮਕਸਦ ਸਿੱਖਾਂ ਦੀ ਪ੍ਰਭੂ ਸੱਤਾ ਅਤੇ ਚੜ੍ਹਦੀ ਕਲਾਂ ਨੂੰ ਵੰਗਾਰਨਾ, ਪਛਾੜਨਾ ਤੇ ਢੇਰੀ ਕਰਨਾ ਸੀ। ਇਸ ਨੇ ਸੰਸਾਰ ਦੇ ਸਾਰੇ ਸਿੱਖ ਹਿਰਦੇ ਵਲੂੰਧਰ ਕੇ ਛਲਨੀ ਛਲਨੀ ਕਰ ਦਿੱਤੇ।
ਅਜੇਹਾ ਇੱਕ ਨਾ-ਭੁੱਲਣਯੋਗ ਕਾਰਾ ਸਾਕਾ ਨੀਲਾ ਤਾਰਾ ਜੂਨ 1984 ਵਿਚ ਹੋਇਆ ਸੀ। ਇਨ੍ਹੀਂ ਦਿਨੀਂ ਪੰਜਾਬੀ ਭਾਈਚਾਰਾ ਹਮੇਸ਼ਾ ਵਾਂਗ ਸਖ਼ਤ ਗਰਮੀ ਤੋਂ ਤਪਦੇ ਹਿਰਦਿਆਂ ਦੀ ਤਪਸ਼ ਮਿਟਾਉਣ ਖ਼ਾਤਰ ਹਰ ਥਾਂ, ਹਰ ਵਰਗ ਦੇ ਪਾਂਧੀਆਂ ਲਈ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਲਗਾ ਰਿਹਾ ਸੀ। ਉਸ ਵੇਲੇ ਭਾਰਤ ਸਰਕਾਰ ਉਨ੍ਹਾਂ ਦੀਆਂ ਮੁਸ਼ਕਾਂ ਬੰਨ੍ਹਣ ਲਈ ਕਮਰ-ਕੱਸੇ ਕਰ ਰਹੀ ਸੀ। ਉਹ ਫਿਰੇ ਕੰਨ ਵਿਨ੍ਹਾਉਣ ਨੂੰ, ਉਹ ਫਿਰੇ ਨੱਕ ਵਢਾਉਣ ਨੂੰ। ਆਪਣੀ ਹੀ ਸਰਕਾਰ ਦੀਆ ਫ਼ੌਜਾਂ ਨੇ ਸ਼ਾਂਤੀ ਦੀਆਂ ਫੁਹਾਰਾਂ ਵੰਡਣ ਵਾਲਾ ਇਹ ਗੁਰੂ-ਦੁਆਰ ਸੁਨਹਿਰੀ ਧਾਮ ਅੰਮ੍ਰਿਤਸਰ ਤੋਪਾਂ ਨਾਲ ਮਲੀਆਮੇਟ ਕਰ ਦਿੱਤਾ। 
      ਜੂਨ ਦਾ ਮਹੀਨਾ ਸਿੱਖਾਂ ਵਾਸਤੇ ਗੌਰਵਮਈ ਸ਼ਹਾਦਤ ਤੇ ਕੁਰਬਾਨੀ ਦੇ ਜਜ਼ਬੇ ਦਾ ਪ੍ਰਤੀਕ ਸ਼ਹੀਦੀ ਮਹੀਨਾ ਹੈ ਜਿਸ ਵਿਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਅਦੁੱਤੀ ਤੇ ਬੇ-ਮਸਾਲ ਕੁਰਬਾਨੀ ਨੇ ਮੁਗ਼ਲ ਰਾਜ ਦੀਆਂ ਜੜ੍ਹਾਂ ਖੋਖਲੀਆਂ ਕਰ ਦਿੱਤੀਆਂ ਸਨ। ਜੂਨ 1984 ਵਿਚ ਵੀ ਸਿੱਖ ਸੰਗਤਾਂ ਪੂਰੇ ਉਤਸ਼ਾਹ ਤੇ ਜਾਹੋ-ਜਲਾਲ ਨਾਲ ਗੁਰੂ ਅਰਜਨ ਦੇਵ ਨੂੰ ਆਪਣੀ ਸ਼ਰਧਾ ਦੇ ਫ਼ੁਲ ਭੇਟ ਕਰਨ ਲਈ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਲੱਖਾਂ ਦੀ ਗਿਣਤੀ ਵਿਚ ਇਕੱਤਰ ਹੋ ਰਹੀਆਂ ਸਨ। ਇਹ ਵੀ ਖ਼ਬਰ ਖ਼ਾਸ ਗਰਮ ਸੀ ਕਿ ਇਸ ਦਿਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਿੱਖ ਕੌਮ ਨੂੰ ਆਤਮ-ਨਿਰਭਰਤਾ ਅਤੇ ਖ਼ੁਦਮੁਖ਼ਤਿਆਰੀ ਦਾ ਨਵਾਂ ਸੰਦੇਸ਼ ਦੇਣਗੇ ਤੇ ਇਸ ਪੈਕੇਜ ਬਾਰੇ ਵਿਚਾਰ ਚਰਚਾ ਹੋਵੇਗੀ। ਦੂਰ-ਦੁਰਾਡੇ ਪਿੰਡਾਂ ਸ਼ਹਿਰਾਂ ਤੋਂ ਲੋਕ ਆਪਣੇ ਹਰ ਮਨ ਪਿਆਰੇ ਮਹਿਬੂਬ ਸੰਤ ਨੇਤਾ ਦੇ ਪ੍ਰਵਚਨ ਗ੍ਰਹਿਣ ਕਰਨ ਲਈ ਵਧ-ਚੜ੍ਹ ਕੇ ਵਹੀਰਾਂ ਘੱਤੀ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚ ਰਹੇ ਸਨ। ਇਸ ਭਾਰੀ ਇਕੱਠ ਨੇ ਵਿਰੋਧੀਆਂ ਦੇ ਸੀਨੇ ਲਾਂਬੂ ਲਾ ਦਿੱਤੇ। ਉਨ੍ਹਾਂ ਇਸ ਪੁਕਾਰ ਨੂੰ ਭਾਰਤ ਸਰਕਾਰ ਦੇ ਖ਼ਿਲਾਫ਼ ਸਾਜ਼ਿਸ਼ ਗਰਦਾਨ ਕੇ ਵਧਾ ਚੜ੍ਹਾ ਕੇ ਦਿੱਲੀ ਦਰਬਾਰ ਦੇ ਕੰਨ ਭਰ ਦਿੱਤੇ ਤੇ ਫ਼ੌਰੀ ਹਮਲੇ ਦਾ ਰਾਹ ਪੱਧਰਾ ਕਰ ਦਿੱਤਾ। 
ਦਰਬਾਰ ਸਾਹਿਬ ਦੇ ਅੰਦਰ ਸਮੁੱਚੀ ਸਿੱਖ ਲੀਡਰਸ਼ਿਪ ਪਰਕਾਸ਼ ਸਿੰਘ ਬਾਦਲ, ਗੁਰਚਰਨ ਸਿੰਘ ਟੌਹੜਾ, ਹਰਚੰਦ ਸਿੰਘ ਲੌਂਗੋਵਾਲ ਅਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਸਮੇਤ ਨਰਮ ਤੇ ਗਰਮ ਖਿਆਲੀਏ ਇੱਕ ਦੂਸਰੇ ਨੂੰ ਦੰਦੀਆਂ ਕਰੀਚਦੇ ਆਪਣੇ ਆਪਣੇ ਅਕੀਦੇ ਅਨੁਸਾਰ ਆਪਣੇ ਸਿਰ ਕਲਗ਼ੀ ਬਚਾਉਣ/ਚੜ੍ਹਾਉਣ ਲਈ ਤਤਪਰ ਉਤਾਵਲੇ ਸਨ। ਸੰਤ ਭਿੰਡਰਾਂਵਾਲਾ ਦੀ ਹਰਮਨ ਪਿਆਰਤਾ ਨਾਲ ਅਕਾਲੀਆਂ ਦਾ ਇੱਕ ਧੜਾ ਪੂਰੀ ਤਰ੍ਹਾਂ ਘਬਰਾ ਗਿਆ ਸੀ ਤੇ ਆਪਣੇ ਰਾਜ ਭਾਗ ਦੀ ਉਮੀਦ ਹਰ ਚੁੱਕਾ ਸੀ। ਭਿੰਡਰਾਂਵਾਲਾ ਦੀ ਸੰਸਾਰ ਭਰ ਵਿਚ ਪੈਂਦੀ ਧਾਕ ਨਾਲ ਟਕਸਾਲੀ ਅਕਾਲੀ ਵੀ ਬੁਖਲਾ ਗਏ ਸਨ। ਸਿੱਖ ਕੌਮ ਵਿਚ ਨਵੀਂ ਰੂਹ ਫੂਕਣ ਅਤੇ ਨਵੀਂ ਸੇਧ ਦੇਣ ਦੇ ਨਾਮ ਤੇ ਬਜ਼ਿਦ ਸੰਤ ਜੀ ਮੁਕੰਮਲ ਤਿਆਰੀਆਂ ਕਰਦੇ ਕਮਰ ਕੱਸੇ ਕਰੀ ਬੈਠੇ ਸਨ। ਬਾਹਰੋਂ ਭਾਰਤੀ ਫ਼ੌਜ ਦੇ ਹਮਲੇ ਦੀ ਪੇਸ਼-ਬੰਦੀ ਵਜੋਂ ਹਰਮੰਦਰ ਕੰਪਲੈਕਸ ਵਿਚ ਇੱਕ ਕਿਲ੍ਹੇ ਵਾਂਗ ਮੋਰਚਾਬੰਦੀ ਹੋ ਗਈ ਸੀ।
      ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਆਪਣੇ ਸਾਥੀ ਮਰਜੀਵੜੇ ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਤੇ ਹੋਰ ਸੈਂਕੜੇ ਸਿਰੜੀ ਨੌਜਵਾਨ ਭਾਰਤ ਸਰਕਾਰ ਦੀਆਂ ਵਧੀਕੀਆਂ ਦੇ ਮੁਕਾਬਲੇ ਲਈ ਸੰਘਰਸ਼ ਵਿਚ ਕੁੱਦਣ ਲਈ ਅਕਾਲ ਤਖ਼ਤ ਅੰਦਰ ਮੋਰਚਾਬੰਦੀ ਕਰਦੇ ਤਿਆਰ-ਬਰ-ਤਿਆਰ ਡਟੇ ਹੋਏ ਸਨ। ਪੰਜਾਬ ਪੁਲਸ ਦਾ ਡੀæ ਆਈæ ਜੀæ ਅਮਰਜੀਤ ਸਿੰਘ ਅਟਵਾਲ ਜੋ ਆਪ ਪੂਰਨ ਗੁਰਸਿੱਖ ਸੀ, ਅੰਦਰਲੀ ਦਰਸ਼ਨ ਕਰਨ/ਮੱਥਾ ਟੇਕਣ ਦੇ ਬਹਾਨੇ ਦਰਬਾਰ ਸਾਹਿਬ ਅੰਦਰ ਵੜਿਆ, ਅੰਦਰਲੀਆਂ ਖ਼ਾਲਸਾਈ ਚੌਕਸ ਫ਼ੌਜਾਂ ਨੇ ਪ੍ਰਕਰਮਾ ਵਿਚ ਹੀ ਫੁੰਡ ਸੁੱਟਿਆ। ਅਪ੍ਰੈਲ 25, 1983 ਨੂੰ ਦਰਬਾਰ ਸਾਹਿਬ ਦੇ ਦਰਸ਼ਨ/ਪ੍ਰਕਰਮਾ ਕਰਨ ਤੋਂ ਬਾਦ ਬਾਹਰ ਜਾਂਦੇ ਦਰਸ਼ਨੀ ਡਿਉੜੀ ਵਿਖੇ ਗੋਲੀਆਂ ਨਾਲ ਢੇਰੀ ਕਰ ਸੁੱਟਿਆ ਸੀ। ਅਗਲੇ ਦਿਨ ਤਤਕਾਲ ਐੱਸ ਜੀæ ਪੀæ ਸੀ ਮੁਖੀ ਹਰਚਰਨ ਸਿੰਘ ਲੌਂਗੋਵਾਲ ਨੇ ਇਸ ਕਾਰਵਾਈ ਬਾਰੇ ਤਤਕਾਲ ਮੁੱਖ ਮੰਤਰੀ ਦਰਬਾਰਾ ਸਿੰਘ ਦੀ ਸ਼ਮੂਲੀਅਤ ਬਾਰੇ ਬਿਆਨ ਦੇ ਮਾਰਿਆ। ਹਾਹਾ-ਕਾਰ ਦਾ ਭੜੱਕਾ ਲਾਂਬੂ ਉੱਠਿਆ। ਦਿੱਲੀ ਸਰਕਾਰ ਦਾ ਸਿੰਘਾਸਣ ਡੋਲ ਗਿਆ। ਨਰਮਦਲੀਏ ਬਾਦਲ, ਟੌਹੜਾ, ਲੌਂਗੋਵਾਲ ਭਾਰਤ ਸਰਕਾਰ ਨਾਲ ਇਸ ਸਿੱਧੀ ਟੱਕਰ ਤੋਂ ਗੁਰੇਜ਼ ਕਰਦੇ ਆਪਣੀ ਭਾਈਵਾਲੀ ਤੋਂ ਤੋਬਾ ਕਰਦੇ ਕੰਨੀਆਂ ਖਿਸਕਾ ਰਹੇ ਸਨ। ਇਨ੍ਹਾਂ ਲੀਡਰਾਂ ਦੀ ਆਪਸੀ ਫੁੱਟ ਖਿੱਚੋ-ਤਾਣ ਤੇ ਧੜੇਬੰਦੀ ਨੇ ਜਿੱਥੇ ਸਿੱਖਾਂ ਦੀ ਚੜ੍ਹਤ ਨੂੰ ਖ਼ਤਰੇ ਵਿਚ ਪਾਇਆ ਅਤੇ ਭਾਰਤ ਸਰਕਾਰ ਨੂੰ ਦਰਬਾਰ ਸਾਹਿਬ ਤੇ ਸਭ ਤੋਂ ਕਰੂਰ ਤੇ ਖ਼ਤਰਨਾਕ ਕਾਰਨਾਮਾ ਕਰਨ ਲਈ ਨਿਮੰਤਰਨ ਕੀਤਾ। ਸੰਤ ਭਿੰਡਰਾਂਵਾਲਾ ਦੀ ਰਹਿਨੁਮਾਈ ਹੇਠ ਪੰਜਾਬੀਆਂ ਤੇ ਖ਼ਾਸ ਕਰਦੇ ਅਕਾਲੀਆਂ ਦੀ ਚੜ੍ਹਤ ਵੱਲ ਸਾਰੀ ਦੁਨੀਆ ਦਾ ਧਿਆਨ ਆਕਰਸ਼ਿਕ ਹੋ ਗਿਆ ਸੀ। ਸਿਵਲ ਪ੍ਰਸ਼ਾਸਨ ਅਪਾਹਜ ਹੋ ਕੇ ਰਹਿ ਗਿਆ ਸੀ। ਸੰਤਾਂ ਦੇ ਟੈਲੀਫ਼ੋਨ ਤੇ ਸਾਰੀ ਸਰਕਾਰੀ ਮਸ਼ੀਨਰੀ ਟੇਕ ਰੱਖ ਕੇ ਚੱਲਦੀ ਸੀ। ਅਮਨ ਕਾਨੂੰਨ ਦੀ ਸਥਿਤੀ ਛੀਡਾ ਛੀਡਾ ਹੋ ਗਈ ਸੀ। ਗੱਡੀਆਂ ਬੱਸਾਂ ਵਿਚ ਯਾਤਰੀਆਂ ਦੇ ਕਤਲ, ਅਗਵਾ, ਲੁੱਟ ਮਾਰ ਅਤੇ ਬੈਂਕ ਡਾਕੇ ਆਮ ਜਿਹਾ ਵਰਤਾਰਾ ਸੀ। ਇੰਦਰਾ ਦੀ ਗੱਦੀ ਡਾਵਾਂਡੋਲ ਹੋ ਰਹੀ ਸੀ।
ਅਫ਼ਵਾਹਾਂ ਦਾ ਬਾਜ਼ਾਰ ਗਰਮ ਸੀ। ਖ਼ਬਰਾਂ ਫੈਲਾਈਆਂ ਜਾ ਰਹੀਆਂ ਸਨ ਕਿ ਸੰਤ ਭਿੰਡਰਾਂਵਾਲਾ ਜਲਦੀ ਹੀ ਖ਼ਾਲਿਸਤਾਨ ਦੀ ਘੋਸ਼ਣਾ ਕਰਨ ਵਾਲੇ ਹਨ। ਇਸ ਵਾਸਤੇ ਉਨ੍ਹਾਂ ਦੀ ਪਾਕਿਸਤਾਨ ਸਰਕਾਰ ਨਾਲ ਸਾਂਠ-ਗਾਂਠ ਹੋ ਚੁੱਕੀ ਹੈ ਕਿ ਭਿੰਡਰਾਂਵਾਲਾ ਦੀਆਂ ਫ਼ੌਜਾਂ ਅੰਦਰੋਂ ਹਮਲਾ ਕਰਨਗੀਆਂ ਅਤੇ ਪਾਕਿਸਤਾਨੀ ਫ਼ੌਜਾਂ ਵਾਹਗੇ ਪਾਰ ਤੋਂ ਹਮਲਾ ਕਰ ਕੇ ਖ਼ਾਲਿਸਤਾਨ ਸਿੱਖਾਂ ਦੇ ਹੱਥ ਫੜਾ ਕੇ ਆਪਣੇ ਖੁੱਸੇ ਹੋਏ ਬੰਗਲਾ ਦੇਸ਼ ਦਾ ਬਦਲਾ ਲੈ ਲੈਣਗੀਆਂ। ਬੱਚੇ ਦੇ ਹੱਥੋਂ ਰੋਟੀ ਖੋਹਣ ਦੀ ਤਾਕ ਵਿਚ ਕਾਂਵਾਂ ਵਾਂਗ ਸਿੱਖਾਂ ਦੀ ਇੱਕ ਮੌਕਾਪ੍ਰਸਤ ਦੁਸ਼ਮਣ ਜਮਾਤ ਇਸ ਸੋਚ ਤੇ ਸੜ ਬਲ ਕੋਲ਼ਾ ਹੋ ਗਈ। ਉਨ੍ਹਾਂ ਅਕਾਲੀਆਂ ਦੇ ਅਜੇਹੇ ਸੱਤਿਆਗ੍ਰਿਹਾਂ ਦੇ ਖ਼ਿਲਾਫ਼ ਦਿੱਲੀ ਤੱਕ ਮੁਜ਼ਾਹਰੇ ਕਰ ਕੇ ਭਾਰਤ ਸਰਕਾਰ ਨੂੰ ਭਿੰਡਰਾਂ ਵਾਲਾ ਦੀਆਂ ਸਰਗਰਮੀਆਂ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ। ਇੰਦਰਾ ਨੂੰ ਸੰਤਾਂ ਦੇ ਖ਼ਿਲਾਫ਼ ਭੜਕਾਇਆ ਤੇ ਫ਼ੌਜ ਭੇਜ ਕੇ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਉਕਸਾਇਆ। ਚੰਦੂ ਤੇ ਗੰਗੂ ਬ੍ਰਾਹਮਣ ਇਕੇਰਾਂ ਫਿਰ ਗੁਥਲੀ ਤੋਂ ਬਾਹਰ ਆ ਗਏ। ਉਨ੍ਹਾਂ ਥਾਂ ਥਾਂ ਰੋਸ ਮੁਜ਼ਾਹਰੇ ਕਰ ਕੇ ਦਰਬਾਰ ਸਾਹਿਬ ਤੇ ਫ਼ੌਜ ਚੜ੍ਹਾਉਣ ਲਈ ਸਰਕਾਰ ਨੂੰ ਉਕਸਾਇਆ। ਅਡਵਾਨੀ ਨੇ ਆਪ ਇਹ ਆਪਣੀ ਕਿਤਾਬ ਵਿਚ ਲਿਖਿਆ ਹੈ ਕਿ ਉਸ ਨੇ ਹੀ ਇੰਦਰਾ ਗਾਂਧੀ ਤੇ ਦਬਾਅ ਪਾ ਕੇ ਹਰਿਮੰਦਰ ਸਾਹਿਬ ਤੇ ਹਮਲਾ ਕਰਨ ਲਈ ਮਜਬੂਰ ਕੀਤਾ ਸੀ। 
ਅਕਾਲੀ ਆਗੂ ਵੀ ਸੰਤ ਭਿੰਡਰਾਂਵਾਲਾ ਨੂੰ ਆਪਣਾ ਨੇੜਲਾ ਸ਼ਰੀਕ ਸਮਝਣ ਲੱਗ ਪਏ ਸਨ ਤੇ ਉਸ ਤੋਂ ਛੁਟਕਾਰਾ ਪਾਉਣ ਦੇ ਉਪਰਾਲੇ ਢੂੰਡਣ ਲੱਗੇ ਸਨ। ਇਹ ਵੀ ਮੰਨਿਆ ਜਾਂਦਾ ਹੈ ਕਿ 26 ਮਈ 1984 ਨੂੰ ਭਾਰਤ ਸਰਕਾਰ ਦੇ ਅਧਿਕਾਰੀਆਂ ਅਤੇ ਅਕਾਲੀਆਂ ਵਿਚਕਾਰ ਇੱਕ ਗੁਪਤ ਇਕੱਤਰਤਾ ਹੋਈ ਸੀ ਜਿੱਥੇ ਅਕਾਲੀ ਨੁਮਾਇੰਦਿਆਂ ਨੇ ਖ਼ਾਲਿਸਤਾਨ ਦੀ ਮੰਗ ਤੋ ਸਾਫ਼ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਆਪਣੀ ਜ਼ਿੰਮੇਵਾਰੀ ਤੋਂ ਹਥਿਆਰ ਸੁੱਟ ਦਿੱਤੇ ਸਨ ਕਿ ਭਿੰਡਰਾਂਵਾਲੇ ਨੂੰ ਉਸ ਦੇ ਨਿਸ਼ਾਨੇ ਤੋਂ ਹੋੜਨਾ ਸਾਡੇ ਵੱਸ ਦਾ ਰੋਗ ਨਹੀਂ, ਤੁਸੀਂ ਆਪ ਹੀ ਉਸ ਨਾਲ ਨਜਿੱਠ ਲਓ ਤੇ ਸਾਡੀ ਜਾਨ/ਗੱਦੀ ਬਚਾਓ। ਇੱਥੇ ਹੀ ਸਮਝੌਤਾ ਹੋਇਆ ਸੀ ਕਿ ਭਿੰਡਰਾਂਵਾਲਾ ਟੋਲੇ ਨੂੰ ਹਰਮੰਦਰ ਪਰਿਸਰ ਤੋਂ ਬਾਹਰ ਕੱਢਣ ਲਈ ਭਾਰਤ ਸਰਕਾਰ ਜੋ ਮਰਜ਼ੀ ਹੀਲਾ ਕਰੇ, ਉਹ ਵੀ ਮਦਦ ਕਰਨਗੇ। ਇਹ ਸਕੀਮ ਬਣੀ ਸੀ ਕਿ ਸਰਕਾਰੀ ਉੱਡਣੇ ਮਾਹਿਰ ਕਮਾਂਡੋ ਸੰਤ ਭਿੰਡਰਾਂਵਾਲੇ ਨੂੰ ਪ੍ਰੇਮ ਨਾਲ ਭੁਚਲਾ ਕੇ ਜਾਂ ਜਬਰੀ, ਜਥੇਦਾਰ ਮੋਹਣ ਸਿੰਘ ਤੁੜ ਵਾਂਗ ਪ੍ਰਕਰਮਾ ਅੰਦਰੋਂ ਚੁੱਕ ਲੈ ਜਾਣਗੇ ਤੇ ਸਾਰੇ ਡਰਾਮੇ ਦਾ ਅੰਤ ਹੋ ਜਾਏਗਾ। ਇਸ ਹੋਣ ਵਾਲੀ ਅਣਹੋਣੀ ਦੀ ਜ਼ਿੰਮੇਵਾਰੀ ਤੋਂ ਪੱਲਾ ਝਾੜਨ ਲਈ ਪਰਕਾਸ਼ ਸਿੰਘ ਬਾਦਲ ਆਪ ਆਰਾਮ ਕਰਨ ਦੇ ਬਹਾਨੇ ਕਿਸੇ ਅਣਦੱਸੀ ਗੁਪਤ ਜਗ੍ਹਾ ਇਕਾਂਤਵਾਸ ਚਲੇ ਗਏ। ਇਹ ਸਿਆਸੀ ਤਿਕੜਮਬਾਜੀਆਂ ਭਿੰਡਰਾਂ ਵਾਲੇ ਸੰਤਾਂ ਦੀ ਪਾਰਖੂ ਦ੍ਰਿਸ਼ਟੀ ਤੋਂ ਛੁਪੀਆਂ ਨਹੀਂ ਰਹੀਆਂ। ਇਸੇ ਕਰ ਕੇ ਉਸ ਨੇ ਗੁਰੂ ਨਾਨਕ ਨਿਵਾਸ ਤੋਂ ਆਪਣਾ ਹੈੱਡਕੁਆਟਰ ਅਕਾਲ ਤਖ਼ਤ ਵਿਖੇ ਤਬਦੀਲ ਕਰ ਲਿਆ ਸੀ। ਨਾਲ ਹੀ ਅਕਾਲੀ ਆਗੂਆਂ ਦੀ ਨੀਯਤ ਭਾਂਪ ਕੇ ਉਨ੍ਹਾਂ ਦੀਆਂ ਹਰਕਤਾਂ ਤੇ ਨਜ਼ਰ ਰੱਖਣ ਵਾਸਤੇ ਉਨ੍ਹਾਂ ਦੁਆਲੇ ਆਪਣੇ ਵਫ਼ਾਦਾਰ ਸਿਪਾਹੀ ਲਗਾ ਦਿੱਤੇ ਸਨ ਤਾਂ ਜੋ ਨਾ ਉਹ ਦਰਬਾਰ ਸਾਹਿਬ ਹਦੂਦ ਤੋਂ ਬਾਹਰ ਨਾ ਨਿਕਲਣ ਤੇ ਨਾ ਕੋਈ ਮੁਖ਼ਬਰੀ ਕਰ ਸਕਣ। 
ਮੰਜੀ ਸਾਹਿਬ ਦੇ ਦੀਵਾਨ ਹਾਲ ਵਿਚ ਸੰਗਤਾਂ ਨੂੰ ਸੰਬੋਧਨ ਹੁੰਦੇ ਹੋਏ ਸੰਤਾਂ ਦੇ ਵਿਅੰਗਮਈ ਤੀਰ ਕੱਸਿਆ ਸੀ ਕਿ ਜੀਹਨੇ ਅੰਮ੍ਰਿਤ ਛਕਿਆ ਹੋਵੇ ਤੇ ਹੋਰਾਂ ਨੂੰ ਛਕਾਉਂਦਾ ਹੋਵੇ, ਆਪ ਗੁਰਬਾਣੀ ਪੜ੍ਹਦਾ ਹੋਵੇ ਤੇ ਹੋਰਾਂ ਨੂੰ ਪੜ੍ਹਾਉਂਦਾ ਹੋਵੇ, ਆਪ ਕਥਾ ਕਰੇ ਤੇ ਹੋਰਾਂ ਨੂੰ ਸੁਣਾਉਂਦਾ ਹੋਵੇ, ਧੀਆਂ ਭੈਣਾਂ ਦੀ ਇੱਜ਼ਤ ਦਾ ਰਖਵਾਲਾ ਹੋਵੇ ਤੇ ਹੋਰਾਂ ਦਾ ਪ੍ਰੇਰਨਾ-ਸਰੋਤ ਹੋਵੇ, ਕੇਸਰੀ ਨਿਸ਼ਾਨ ਥੱਲੇ ਰਹਿਣ ਦਾ ਪ੍ਰਣ ਕਰੇ, ਹੋਰਾਂ ਨੂੰ ਇਕੱਠੇ ਕਰੇ, ਪੰਥ ਦੀ ਹਮਾਇਤ ਕਰੇ ਤੇ ਹੋਰਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਦੀ ਪ੍ਰੇਰਨਾ ਕਰੇ, ਉਸ ਦਾ ਨਾਂ ਸਰਕਾਰ ਨੇ ਅੱਤਵਾਦੀ ਰੱਖਿਆ ਹੈ। ਇਸ ਵਿਆਖਿਆ ਅਨੁਸਾਰ ਮੈਂ ਤਕੜਾ ਵੱਡਾ ਅੱਤਵਾਦੀ ਹਾਂ ਤੇ ਤੁਹਾਨੂੰ ਵੀ ਇਹੋ ਜਿਹਾ ਅੱਤਵਾਦੀ ਬਣਨ ਦੀ ਬੇਨਤੀ ਕਰਦਾ ਹਾਂ।
1919 ਵਿਚ ਜੱਲਿਆਂਵਾਲਾ ਬਾਗ਼ ਦਾ ਸਾਕਾ ਵਿਦੇਸ਼ੀ ਅੰਗਰੇਜ਼ੀ ਹਕੂਮਤ ਨੇ ਕੀਤਾ ਸੀ ਜਿੱਥੇ ਹਜ਼ਾਰਾਂ ਦੀ ਗਿਣਤੀ ਵਿਚ ਇਕੱਠੇ ਹੋਏ ਹਿੰਦੂ ਮੁਸਲਿਮ ਸਿੱਖਾਂ ਨੂੰ ਘੇਰ ਕੇ ਕੋਹ ਕੋਹ ਕੇ ਗੋਲੀਆਂ ਨਾਲ ਛਲਨੀ ਕੀਤਾ। 1984 ਵਿਚ ਉਹੀ ਕਾਰਨਾਮਾ ਦੁਹਰਾਉਂਦੇ ਹੋਏ ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਆਪਣਾ ਆਤਮਘਾਤੀ ਫ਼ੈਸਲਾ ਲੈ ਕੇ ਸਿੱਖਾਂ ਨੂੰ ਮਜ਼ਾ ਚਖਾਉਣ ਲਈ ਉਹੀ ਸਮਾ ਚੁਣਿਆ ਜਦ ਭਾਰੀ ਗਿਣਤੀ ਵਿਚ ਸਿੱਖ ਸੰਗਤਾਂ ਗੁਰੂ ਅਰਜਨ ਦੇਵ ਦੇ ਸ਼ਹੀਦੀ ਸਮਾਗਮਾਂ ਵਿਚ ਉਨ੍ਹਾਂ ਪ੍ਰਤੀ ਆਪਣੀ ਸ਼ਰਧਾ ਤੇ ਅਕੀਕਦ ਭੇਟ ਕਰਨ ਲਈ ਜੁੜੀਆਂ ਹੋਈਆਂ ਸਨ ਤੇ ਹੋ ਰਹੀਆਂ ਸਨ।
      ਜੂਨ ਦੇ ਮਹੀਨੇ ਦਾ ਪਹਿਲਾ ਗਰਮ ਤਪਸ਼ ਨਾਲ ਚੜ੍ਹਿਆ ਸੂਰਜ ਸਾਰੇ ਪੰਜਾਬ ਲਈ ਅਤੇ ਖ਼ਾਸ ਕਰ ਅੰਮ੍ਰਿਤਸਰ ਲਈ ਮਾਰੂ ਕਿਰਨਾਂ ਲੈ ਕੇ ਆਇਆ। ਪਹਿਲੀਆਂ ਕਿਆਸ ਅਰਾਈਆਂ ਮੁਤਾਬਿਕ ਕੁੱਝ ਹੀ ਦਿਨਾਂ ਵਿਚ ਮਿਲਟਰੀ ਦੀਆਂ ਬਕਤਰਬੰਦ ਗੱਡੀਆਂ, ਟੈਂਕਾਂ ਬਾਹਰਲੀਆਂ ਛੌਣੀਆਂ ਵਿਚੋਂ ਰੇਲ ਅਤੇ ਸੜਕ ਰਸਤੇ ਅੰਮ੍ਰਿਤਸਰ ਸਮੇਤ ਸਾਰੇ ਪੰਜਾਬ ਪਹੁੰਚ ਕੇ ਪਿੰਡਾਂ ਸ਼ਹਿਰਾਂ ਤੱਕ ਖਿੱਲਰ ਗਈਆਂ। ਸ਼ਹਿਰ ਦੀਆਂ ਗਲੀਆਂ ਬਾਜ਼ਾਰਾਂ ਵਿਚ ਭਾਰਤੀ ਮਿਲਟਰੀ ਦਗੜ ਦਗੜ ਕਰਦੀ ਲੋਕਾਂ ਨੂੰ ਸੰਗੀਨਾਂ ਵਿਖਾਉਣ ਲੱਗੀ। ਸ਼ਹਿਰ ਵੜਦੇ ਨਾਕਿਆਂ ਉੱਤੇ ਹਰ ਗੱਡੀ ਬੱਸ ਦੀਆਂ ਸਵਾਰੀਆਂ ਉਤਾਰ ਲਈਆਂ ਜਾਂਦੀਆਂ ਤੇ ਉਨ੍ਹਾਂ ਨੂੰ ਸੌ ਗਜ ਤੱਕ ਪੈਦਲ ਚੱਲਣ ਲਈ ਕਿਹਾ ਜਾਂਦਾ। ਇੱਕ ਪਾਸੇ ਖ਼ਾਲੀ ਹੋਈ ਬੱਸ ਦੀ ਤਲਾਸ਼ੀ ਸ਼ੁਰੂ ਹੋ ਜਾਂਦੀ ਤੇ ਦੂਜੇ ਪਾਸੇ ਬਾਹਰ ਕਾਲੇ ਸ਼ੀਸ਼ਿਆਂ ਵਾਲੀ ਕਾਰ ਵਿਚ ਬੈਠੇ ਸਰਕਾਰੀ ਸੂਹੀਏ ਮੁਖ਼ਬਰ ਪੈਦਲ ਚੱਲ ਰਹੀਆਂ ਸਵਾਰੀਆਂ ਦੀ ਘੋਖ ਕਰਦੇ ਸ਼ੱਕੀ ਵਿਅਕਤੀਆਂ ਵੱਲ ਇਸ਼ਾਰਾ ਕਰ ਦਿੰਦੇ। ਇਸ ਤਰ੍ਹਾਂ ਕਈ ਵਿਚਾਰੇ ਬੇਕਸੂਰ ਪੁੱਛ ਪੜਤਾਲ ਦੀ ਛਾਨਣੀ ਚੜ੍ਹ ਜਾਂਦੇ। ਇਸ ਅਣਮਨੁੱਖੀ ਵਿਵਹਾਰ ਤੋਂ ਬੱਚੇ ਬੁੱਢੇ ਤੇ ਬਿਮਾਰਾਂ ਨੂੰ ਵੀ ਨਾ ਬਖ਼ਸ਼ਿਆ ਜਾਂਦਾ। ਸ਼ਰਧਾਲੂਆਂ ਨੂੰ ਤਲਾਸ਼ੀ ਦੇ ਬਹਾਨੇ ਥਾਂ ਥਾਂ ਬੇਪੱਤ ਕਰਦੇ ਅੰਦਰ ਦਰਬਾਰ ਸਾਹਿਬ ਵੱਲ ਜਾਣ ਤੋਂ ਨਿਰਉਤਸ਼ਾਹ ਕੀਤਾ ਗਿਆ ਪਰ ਇਹ ਸਖ਼ਤੀ ਇਨ੍ਹਾਂ ਵਹੀਰਾਂ ਨੂੰ ਨਾ ਰੋਕ ਸਕੀ ਤੇ ਲੋਕ ਸ਼ਰਧਾਵਾਨ ਲੱਖਾਂ ਦੀ ਤਾਦਾਦ ਵਿਚ ਦਰਬਾਰ ਸਾਹਿਬ ਜਮ੍ਹਾ ਹੁੰਦੇ ਗਏ। 
ਦੋ ਜੂਨ ਤੱਕ ਫ਼ੌਜੀ ਫ਼ੌਜੀ ਘੇਰਾ ਹੋਰ ਨੇੜੇ ਤੰਗ ਹੋ ਗਿਆ। ਹਮਲੇ ਤੋਂ ਪਹਿਲਾਂ ਦਰਬਾਰ ਸਾਹਿਬ ਦੇ ਬਣਾਏ ਮਾਡਲ ਤੇ ਬਾਰ ਬਾਰ ਰਿਹਰਸਲ ਕਰਨ ਵਾਲੇ ਸਿੱਖਿਅਕ ਫ਼ੌਜੀ ਦਸਤੇ ਵੀ ਆਪਣੀ ਕਾਬਲੀਅਤ ਦੇ ਇਮਤਿਹਾਨ ਵਾਸਤੇ ਆਣ ਪਹੁੰਚੇ। ਦਰਬਾਰ ਸਾਹਿਬ ਦੇ ਚੁਗਿਰਦ ਉੱਚੀਆਂ ਇਮਾਰਤਾਂ ਤੇ ਫ਼ੌਜੀਆਂ ਦੇ ਪਹਿਰਾ ਬੁਰਜ ਕਾਇਮ ਹੋ ਗਏ ਜਿੱਥੋਂ ਪ੍ਰਕਰਮਾ ਵਿਚਲੀਆਂ ਸਾਰੀਆਂ ਗਤੀਵਿਧੀਆਂ ਵੇਖੀਆਂ ਜਾ ਸਕਦੀਆਂ ਸਨ। ਬਹੁਤੇ ਗ਼ੈਰਸਿੱਖ ਵਸਿੰਦਿਆਂ ਨੇ ਸਵੈਇੱਛਿਤ ਇਨ੍ਹਾਂ ਧਾੜਵੀਆਂ ਨੂੰ ਜੀ ਆਇਆਂ ਕਿਹਾ। ਕਈ ਗੁਰਸਿੱਖਾਂ ਨੇ ਇਨ੍ਹਾਂ ਦਾ ਵਿਰੋਧ ਕੀਤਾ ਪਰ ਉਹ ਜਬਰ ਦੇ ਸ਼ਿਕਾਰ ਹੋ ਗਏ ਤੇ ਫ਼ੌਜੀ ਦਗੜ ਦਗੜ ਕਰਦੇ ਜ਼ਬਰਦਸਤੀ ਉਨ੍ਹਾਂ ਦੀਆ ਉੱਪਰਲੀਆਂ ਮੰਜ਼ਿਲਾਂ ਤੇ ਮੋਰਚੇ ਬਣਾ ਬੈਠੇ। ਫ਼ੌਜੀ ਅਤੇ ਸਥਾਨਿਕ ਅਧਿਕਾਰੀਆਂ ਵੱਲੋਂ ਚੇਤਾਵਨੀ ਸ਼ੁਰੂ ਹੋ ਗਈ ਕਿ ਕਰਫ਼ਿਊ ਲੱਗਣ ਵਾਲਾ ਹੈ, ਲੋਕ ਜਲਦੀ ਜਲਦੀ ਬਾਹਰ ਨਿਕਲ ਕੇ ਆਪਣੇ ਘਰੀਂ ਪਹੁੰਚ ਜਾਣ। ਰੇਡੀਉ, ਟੀæ ਵੀæ ਤੋਂ ਇੰਦਰਾ ਗਾਂਧੀ ਦਾ ਧਮਕੀ ਭਰਿਆ ਭਾਸ਼ਣ ਵੀ ਇਹ ਸਾਫ਼ ਸੰਕੇਤ ਦੇ ਗਿਆ ਕਿ ਕੁੱਝ ਅਣਹੋਣੀ ਵਾਪਰਨ ਵਾਲੀ ਹੈ। ਸੰਤ ਭਿੰਡਰਾਂਵਾਲੇ ਨੇ ਵੀ ਇਸ ਦੇ ਅਸਲੀ ਅਰਥ ਸਮਝ ਕੇ ਸੰਗਤਾਂ ਨੂੰ ਸਲਾਹ ਦਿੱਤੀ ਕਿ ਸਰਕਾਰ ਵੱਲੋਂ ਨੀਮ-ਫੌਜੀ ਹਮਲਾ ਹੋਣ ਵਾਲਾ ਹੈ, ਆਪਣੀ ਜਾਨ ਬਚਾ ਕੇ ਬੱਚੇ ਔਰਤਾਂ ਖ਼ਾਸ ਕਰ ਕੇ, ਜੋ ਜਾ ਸਕਦਾ ਹੈ ਬਾਹਰ ਨਿਕਲ ਜਾਓ। ਕੁੱਝ ਨਿਕਲ ਗਏ ਪਰ ਭਿੰਡਰਾਂਵਾਲਾ ਦੇ ਸੁਹਿਰਦ ਨਿਡਰ ਸੂਰਮੇ ਨਿਧੜਕ ਸਿਪਾਹੀ ਚਟਾਨਾਂ ਵਾਂਗ ਡਟੇ ਰਹੇ। ਜੀਵਾਂਗੇ ਤੇਰੇ ਨਾਲ ਮਰਾਂ ਗੇ ਤੇਰੇ ਨਾਲ।
ਅੰਮ੍ਰਿਤਸਰ ਵੱਲ ਵਧਦਾ ਸ਼ਰਧਾਲੂ ਲੋਕਾਂ ਦਾ ਹਜੂਮ ਦੇਖ ਕੇ 3 ਜੂਨ ਨੂੰ ਸਾਰੇ ਪੰਜਾਬ ਦੇ ਪਿੰਡਾਂ ਸਮੇਤ ਹਰ ਕਸਬੇ ਵਿਚ ਕਰਫ਼ਿਊ ਲਗਾ ਕੇ ਆਪਣੇ ਘਰਾਂ ਅੰਦਰ ਬੰਦ ਰਹਿਣ ਦੇ ਹੁਕਮ ਚਾੜ੍ਹ ਦਿੱਤੇ ਗਏ। ਬਿਜਲੀ ਪਾਣੀ ਟੈਲੀਫ਼ੋਨ ਗੁੱਲ ਹੋ ਗਏ। ਦੁਨੀਆ ਨਾਲੋਂ ਪੰਜਾਬ ਦਾ ਸੰਪਰਕ ਹਰ ਪਾਸਿਉਂ ਤੋੜ ਦਿੱਤਾ ਗਿਆ। ਭਾਰਤੀ ਫ਼ੌਜ ਦੀ ਦੋ ਲੱਖ ਨਫ਼ਰੀ ਜ਼ਮੀਨੀ ਅਤੇ ਹਵਾਈ ਫ਼ੌਜ ਸਮੇਤ ਬਲਿਊ ਸਟਾਰ ਆਪ੍ਰੇਸ਼ਨ ਲਈ ਝੋਕ ਦਿੱਤੇ ਗਏ। ਪੂਰੇ ਪੰਜਾਬ ਦੀ ਕਮਾਂਡ ਮਿਲਟਰੀ ਦੇ ਹੱਥ ਆ ਗਈ। ਸਾਰੇ ਨਾਗਰਿਕ ਪ੍ਰਸ਼ਾਸਨ ਫ਼ੌਜੀ ਅਫ਼ਸਰਾਂ ਦੇ ਕੰਟਰੋਲ ਹੇਠ ਆ ਗਏ ਤੇ ਸਿਵਲ ਅਧਿਕਾਰੀ ਨਿਹੱਥੇ ਕਰ ਪਾਸੇ ਬਿਠਾ ਦਿੱਤੇ ਗਏ। ਦਰਬਾਰ ਸਾਹਿਬ ਤੋਂ ਬਿਜਲੀ, ਪਾਣੀ, ਡਾਕ, ਤਾਰ ਸਭ ਸੇਵਾਵਾਂ ਦੀ ਸਪਲਾਈ ਕੱਟ ਕਰ ਦਿੱਤੀ ਗਈ। ਜੂਨ ਦੀ ਤਪਸ਼ ਵਿਚ ਲੋਕ ਭੁੱਖ ਪਿਆਸ ਨਾਲ ਵਿਆਕਲ ਹੋਣ ਲੱਗੇ। ਦਰਬਾਰ ਸਾਹਿਬ ਦੇ ਅੰਦਰ ਫਸੇ ਹਜ਼ਾਰਾਂ ਯਾਤਰੂ ਸ਼ਰਧਾਲੂ ਭੁੱਖ ਪਿਆਸ ਨਾਲ ਤੜਫਣ ਲੱਗੇ। ਹਵਾਵਾਂ ਵਿਚ ਘੁਟਨ ਤੇ ਬੇਪ੍ਰਤੀਤੀ ਨੇ ਸੰਭਾਵਿਤ ਤੁਫ਼ਾਨ ਤੇ ਝੱਖੜ ਦਾ ਸਪਸ਼ਟ ਸੰਕੇਤ ਦੇ ਦਿੱਤਾ। ਦੋ, ਤਿੰਨ, ਚਾਰ ਜੂਨ 1984 ਦਰਬਾਰ ਸਾਹਿਬ ਦੇ ਅੰਦਰੋਂ ਛੁੱਟ ਪੁੱਟ ਪਟਾਕਿਆਂ ਗੋਲੀਆਂ ਦੀਆਂ ਆਵਾਜ਼ਾਂ ਆਉਂਦੀਆਂ ਰਹੀਆਂ। ਪਹਿਲੀ ਜ਼ੋਰ ਅਜ਼ਮਾਈ ਵਿਚ ਸੰਤਾਂ ਦੀ ਫ਼ੌਜ ਦਾ ਹੱਥ ਉੱਪਰ ਰਿਹਾ ਤੇ ਭਾਰਤੀ ਫ਼ੌਜ ਦਾ ਬਹੁਤ ਜਾਨੀ ਨੁਕਸਾਨ ਹੋਇਆ।
      ਮੇਜਰ ਜਨਰਲ ਕੁਲਦੀਪ ਸਿੰਘ ਬਰਾੜ ਨੂੰ ਦਰਬਾਰ ਸਾਹਿਬ ਵਿਚੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਤੇ ਸਾਥੀਆਂ ਨੂੰ ਜਿਊਂਦਾ ਜਾਂ ਮੁਰਦਾ ਫੜਨ ਲਈ ਕਮਾਂਡ ਸੰਭਾਲੀ ਗਈ ਸੀ। ਆਹਮੋ-ਸਾਹਮਣੇ ਇਸ ਘਮਸਾਣ ਯੁੱਧ ਨੇ ਚਮਕੌਰ ਦਾ ਯੁੱਧ ਯਾਦ ਕਰਵਾ ਦਿੱਤਾ ਜਦ ਮੁੱਠੀ ਭਰ ਖ਼ਾਲਸਾ ਫ਼ੌਜ ਦਸ ਲੱਖ ਮੁਗ਼ਲੀਆ ਫ਼ੌਜਾਂ ਨੇ ਘੇਰ ਲਈ ਸੀ। ਪੈਦਲ ਫ਼ੌਜ ਦੀ ਪਹਿਲੀ 15 ਸਿਪਾਹੀਆਂ ਦੀ ਆਧੁਨਿਕ ਹਥਿਆਰਬੰਦ ਟੁਕੜੀ ਜੋ ਅੰਦਰ ਵੜੀ, ਖਾੜਕੂ ਸਿੰਘਾਂ ਨੇ ਸਾਰੇ ਢਹਿ-ਢੇਰੀ ਕਰ ਦਿੱਤੀ। ਭਾਰਤੀ ਫ਼ੌਜ ਦੀ ਇਸ ਪਹਿਲੀ ਟੁਕੜੀ ਵਿਚ ਸਿੱਖ ਫ਼ੌਜੀਆਂ ਨੂੰ ਹੀ ਅੱਗੇ ਡਾਹ ਕੇ ਅਕਾਲ ਤਖ਼ਤ ਤੋਂ ਚੱਲਦੀਆਂ ਗੋਲੀਆਂ ਨਾਲ ਜ਼ੋਰ ਅਜ਼ਮਾਈ ਕੀਤੀ। ਉਸ ਤੋਂ ਬਾਅਦ ਕਮਾਂਡੋ ਫੋਰਸ ਦੇ ਸਿਪਾਹੀ ਵੀ ਭਿੰਡਰਾਂਵਾਲੇ ਜਥੇ ਦੇ ਹੱਥੋਂ ਗੋਲੀਆਂ ਖਾ ਖਾ ਕੇ ਡਿਗਦੇ ਰਹੇ ਤੇ ਇਸ ਵਿਚ ਲਗਭਗ 3 ਸੌ ਸਿਪਾਹੀ ਮਰਵਾ ਕੇ ਕੁਲਦੀਪ ਸਿੰਘ ਬਰਾੜ ਨੂੰ ਮੂੰਹ ਦੀ ਖਾਣੀ ਪਈ। ਬੇਰਾਂ ਵਾਂਗ ਰਿੜ੍ਹਦੇ ਫ਼ੌਜੀਆਂ ਦਾ ਹਾਲ ਵੇਖ ਕੇ ਉੱਪਰਲੀ ਕਮਾਂਡ ਨੇ ਟੈਂਕਾਂ ਚੜ੍ਹਾਉਣ ਦਾ ਹੁਕਮ ਦੇ ਦਿੱਤਾ। ਖ਼ਬਰਾਂ ਅਨੁਸਾਰ ਖਾੜਕੂਆਂ ਵੱਲੋਂ ਫ਼ੌਜ ਤੇ ਮਿਜਾਇਜ਼ ਹਮਲੇ ਕੀਤੇ ਗਏ ਜਿਸ ਕਰ ਕੇ ਉਨ੍ਹਾਂ ਨੇ ਟੈਂਕ ਭੇਜਣ ਦਾ ਫ਼ੈਸਲਾ ਕੀਤਾ। 
     5 ਜੂਨ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਦੇ ਪਾਸਿਉਂ 13 ਫ਼ੌਜੀ ਤੋਪ-ਟੈਂਕ ਅਤੇ 12 ਬਕਤਰਬੰਦ ਟਰੱਕ ਮੰਜੀ ਸਾਹਿਬ ਦੁੱਖ-ਭੰਜਨੀ ਬੇਰੀ ਵਾਲੀ ਲਾਈਨ ਦਰੜਦੇ ਹੋਏ ਪਰਿਕਰਮਾ ਵਿਚ ਬਾਬਾ ਦੀਪ ਸਿੰਘ ਦੇ ਸ਼ਹੀਦੀ ਸਥਾਨ ਥੜ੍ਹੇ ਲਾਗੇ ਲੰਗਰ ਸੁੱਟ ਬੈਠੇ। ਇੱਥੋਂ ਅਕਾਲ ਤਖ਼ਤ ਟਾਰਗੈਟ ਵੱਲ ਤੋਪਾਂ ਦੀਆਂ ਬੂਥਨੀਆਂ ਕਰ ਕੇ ਫਾਇਰ ਖੋਲ੍ਹ ਦਿੱਤੇ। 5 ਜੂਨ ਤੜਕੇ ਬੰਬਾਂ ਦੀ ਅਸਮਾਨ ਗੁੰਜਾਊ ਧਮਕ ਪੂਰੇ ਪੰਜਾਬ ਵਿਚ ਸੁਣੀ ਗਈ। ਘਰਾਂ ਵਿਚ ਲੋਕਾਂ ਦੇ ਸਾਹ ਤਾਂ ਪਹਿਲਾਂ ਹੀ ਸੁੱਕੇ ਹੋਏ ਸਨ। ਦੇਖਦੇ ਹੀ ਦੇਖਦੇ ਸ਼ਹਿਰ ਦੇ ਅੰਦਰਲੇ ਹਿੱਸੇ ਚੋਂ ਜ਼ੋਰਦਾਰ ਧਮਾਕੇ ਤੇ ਧੂੰਏਂ ਦੇ ਬੱਦਲ ਉੱਠਣ ਲੱਗੇ। ਹੈਲੀਕਾਪਟਰ ਜੋ ਪਹਿਲਾਂ ਦੋ ਚਾਰ ਗੇੜੇ ਮਾਰਦੇ ਸਨ ਉਹ ਹੋਰ ਬੜੀ ਤੇਜ਼ੀ ਨਾਲ ਹਰਕਤ ਵਿਚ ਆਏ ਤੇ ਦਰਬਾਰ ਸਾਹਿਬ ਅੰਦਰ ਹਜ਼ਾਰਾਂ ਨੌਜਵਾਨ, ਬੱਚੇ, ਬੁੱਢੇ, ਔਰਤਾਂ, ਮਨੁੱਖਤਾ ਦਾ ਸਾਂਝਾ ਖ਼ੂਨ ਡੁੱਲ੍ਹਦਾ, ਘਾਣ ਮੱਚਦਾ ਵੇਖਦੇ ਤਸਵੀਰਾਂ ਖਿੱਚਦੇ ਰਹੇ।         
     ਪ੍ਰਕਰਮਾ ਦਰੜਦੀਆਂ ਟੈਂਕਾਂ ਸਿੱਖਾਂ ਦੇ ਸੀਨੇ ਦਰੜ ਰਹੀਆਂ ਸਨ ਤੇ ਅਕਾਲ ਤਖ਼ਤ ਤੇ ਵਰ੍ਹਦੇ ਬੰਬ ਅਸਲ ਵਿਚ ਸਿੱਖਾਂ ਦੇ ਸਿਰਾਂ ਤੇ ਹੀ ਘਾਣ ਮਚਾ ਰਹੇ ਸਨ। ਪੰਜਾਬ ਦੇ ਬਲਵਾਨ ਪਿੰਡੇ ਉੱਤੇ ਪਈਆਂ ਲਾਸਾਂ ਦੇ ਦਾਗ਼ ਤੇ ਝਰੀਟਾਂ ਕਈ ਸਦੀਆਂ ਤੱਕ ਲਿਸ਼ਕਦੀਆਂ ਤੇ ਰਿਸਦੀਆਂ ਰਹਿਣਗੀਆਂ। ਇਹ ਨਾਸੂਰ ਭਾਰਤ ਸਰਕਾਰ ਦੀਆਂ ਕੀਤੀਆਂ ਵਧੀਕੀਆਂ ਦੇ ਮੂੰਹ ਚਿੜਾਉਂਦੇ ਨਿਸ਼ਾਨ-ਚਿੰਨ੍ਹ ਹਨ। ਇਸ ਘੱਲੂਘਾਰੇ ਦੇ ਪ੍ਰਤੀਕਰਮ ਵਜੋਂ ਛੇਤੀ ਹੀ ਸੁੱਖਾ ਜਿੰਦਾ ਦੀ ਬਹਾਦਰੀ ਨੇ ਜਨਰਲ ਵੈਦਯ ਜੋ ਇਸ ਹਮਲੇ ਸਮੇਂ ਫ਼ੌਜੀ ਕਮਾਂਡਰ ਸੀ ਅਤੇ ਇੰਦਰਾ ਗਾਂਧੀ ਦੀ ਦਰਬਾਰ ਸਾਹਿਬ ਫੇਰੀ ਸਮੇਂ ਹੁੱਬ ਹੁੱਬ ਕੇ ਆਪਣੀ ਬਹਾਦਰੀ ਦੀਆਂ ਡੀਂਗਾਂ ਮਾਰ ਰਿਹਾ ਸੀ, ਨੂੰ ਪੂਨੇ ਜਿਹੇ ਦੁਰਾਡੇ ਖੇਤਰ ਵਿਚ ਪਹੁੰਚ ਕੇ ਮੌਤ ਦੇ ਘਾਟ ਉਤਾਰ ਕੇ ਵਿੜ੍ਹੀ ਲਾਹ ਕੇ ਸਿੱਖਾਂ ਦੀ ਜਾਗਦੀ ਅਣਖ ਦੀ ਗਵਾਹੀ ਛਾਪ ਦਿੱਤੀ। ਬੇਅੰਤ ਸਿੰਘ, ਸਤਵੰਤ ਸਿੰਘ ਅਤੇ ਕੇਹਰ ਸਿੰਘ ਵਰਗੇ ਸਿਰਲੱਥ ਜੋਧਿਆਂ ਨੇ ਇਸ ਦਾ ਬਦਲਾ ਲੈਣ ਲਈ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸਬਕ ਸਿਖਾਉਣ ਲਈ ਬਹੁਤੀ ਦੇਰ ਨਾ ਲਾਈ ਭਾਵੇਂ ਇਸ ਵਾਸਤੇ ਸਿੱਖ ਕੌਮ ਨੂੰ ਇਕੇਰਾਂ ਦੋਬਾਰਾ ਦਿੱਲੀ ਸਮੇਤ ਪੂਰੇ ਭਾਰਤ ਵਿਚ ਭਾਰੀਆਂ ਕੁਰਬਾਨੀਆਂ ਦੇਣੀਆਂ ਪਈਆਂ।         
ਜਿੱਥੇ ਲਹੂ ਸਿੱਖਾਂ ਦਾ ਡੁੱਲ੍ਹੂ, ਉੱਥੇ ਲਾਲ ਹਨੇਰੀ ਝੁੱਲੂ। ਸਿੱਖਾਂ ਦੇ ਡੁੱਲ੍ਹੇ ਖ਼ੂਨ ਵਿਚੋਂ ਉਤਪੰਨ ਹੋਏ ਹਜ਼ਾਰਾਂ ਸਿਰਲੱਥ ਸਿਰੜੀ ਮਰਜੀਵੜੇ ਸਿਰਾਂ ਤੇ ਕਫ਼ਨ ਬੰਨ੍ਹ ਕੇ ਸਮੇਂ ਸਮੇਂ ਇਨ੍ਹਾਂ ਸ਼ਹਾਦਤਾਂ ਦਾ ਖ਼ਲਾਅ ਭਰਦੇ ਰਹੇ। ਉਹ ਦੋ ਦਹਾਕੇ ਲਗਭਗ 20-25 ਸਾਲ ਤੋਂ ਵੱਧ ਭਾਰਤ ਖ਼ਾਸ ਕਰਦੇ ਪੰਜਾਬ ਦੇ ਸਿੱਖਾਂ ਨੇ ਜੋ ਸੰਤਾਪ ਹੰਢਾਇਆ ਹੈ ਉਸ ਦੀ ਕਦੇ ਵੀ ਭਰਪਾਈ ਨਹੀਂ ਹੋ ਸਕਦੀ।
      ਦਰਬਾਰ ਸਾਹਿਬ ਉੱਤੇ ਹਮਲੇ ਦੀ ਖ਼ਬਰ ਮਿਲਦੇ ਹੀ ਆਸੇ ਪਾਸੇ ਪਿੰਡਾਂ, ਸ਼ਹਿਰਾਂ ਤੋਂ ਲੱਗੇ ਕਰਫ਼ਿਊ ਦੇ ਬਾਵਜੂਦ ਵੀ ਲੋਕ ਘਰਾਂ ਤੋਂ ਨਿਕਲ ਤੁਰੇ। ਝਬਾਲ ਖੇਮਕਰਨ ਸੜਕ ਤੇ ਬੀੜ ਬਾਬਾ ਬੁੱਢਾ ਸਾਹਿਬ ਗੁਰਦੁਆਰਾ, ਤਰਨ ਤਾਰਨ ਅੰਮ੍ਰਿਤਸਰ ਸੜਕ ਤੇ ਚੱਬਾ ਪਿੰਡ ਦੇ ਸੰਗਰਾਨਾ ਸਾਹਿਬ ਬਾਬਾ ਦੀਪ ਸਿੰਘ ਸ਼ਹੀਦ ਗੁਰਦੁਆਰਾ, ਜੰਡਿਆਲਾ, ਵੱਲਾ, ਵੇਰਕਾ, ਜੈਂਤੀਪੁਰ, ਲੋਹਾਰਕਾ, ਰਾਜਾਸਾਂਸੀ, ਖ਼ਾਸਾ ਛਿਹਰਟਾ ਆਦਿ ਗੁਰਦੁਆਰਿਆਂ ਵਿਚ ਇਕੱਤਰ ਹੋਣੇ ਸ਼ੁਰੂ ਹੋਏ। ਤਰਨ ਤਾਰਨ ਸੜਕ ਦੇ ਰੋਹਿਲੇ ਕਾਫ਼ਲੇ ਵਿਚ ਇਹ ਕਲਮਕਾਰ ਵੀ ਸ਼ਾਮਲ ਸੀ। ਬੱਚੇ, ਬੁੱਢੇ, ਜਵਾਨਾਂ ਤੇ ਔਰਤਾਂ ਸਮੇਤ ਏਨਾ ਵੱਡਾ ਲੋਕਾਂ ਦਾ ਠਾਠਾਂ ਮਾਰਦਾ ਸਮੁੰਦਰ ਜੈਕਾਰੇ ਗਜਾਉਂਦਾ ਅੰਮ੍ਰਿਤਸਰ ਨੂੰ ਵਧਣ ਲੱਗਾ। ਬਿਨਾ ਕਿਸੇ ਚੇਤਾਵਨੀ ਭਾਰਤੀ ਹਵਾਈ ਫ਼ੌਜ ਦੇ ਹੈਲੀਕਾਪਟਰਾਂ ਨੇ ਗੋਲੀਆਂ ਦੀ ਬੁਛਾੜ ਵਰ੍ਹਾ ਕੇ ਸੈਂਕੜੇ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਕੇ ਧਰਤੀ ਤੇ ਵਿਛਾ ਦਿੱਤਾ। ਇਸ ਭਗਦੜ ਨੇ ਮਾਂਵਾਂ ਨੇ ਪੁੱਤ ਵੀ ਨਹੀਂ ਸੰਭਾਲੇ ਦਾ ਮੁਹਾਵਰਾ ਸੱਚ ਕਰ ਦਿਖਾਇਆ। ਕਈ ਔਰਤਾਂ ਬੱਚੇ ਚਾਟੀ-ਵਿੰਡ ਨਹਿਰ ਵਿਚ ਛਾਲਾ ਮਾਰਦੇ ਰੁੜ੍ਹ ਗਏ। ਇਸ ਲੁਕਣ-ਮੀਟੀ ਵਿਚੋਂ ਬਚ ਕੇ ਮੈਂ ਗਿਰਵਾਲੀ ਪਿੰਡ ਵਿਚੋਂ ਆਪਣਾ ਸਕੂਟਰ ਚੁੱਕ ਕੇ ਆਪਣੇ ਸਰਕਾਰੀ ਕਰਫ਼ਿਊ ਪਾਸ ਦੇ ਸਹਾਰੇ ਸਾਬਤ ਸਬੂਤਾ ਘਰ ਮੁੜ ਆਇਆ। ਮੇਰੇ ਨਾਲ ਗਏ ਮੇਰੀ ਮਾਤਾ ਅਤੇ ਮੇਰਾ ਛੋਟਾ ਭਾਈ ਸਰਬਜੀਤ ਸਿੰਘ ਮੈਥੋਂ ਵਿੱਛੜ ਗਏ। ਸਰਬਜੀਤ ਇਸ ਨਹਿਰ ਵਿਚੋਂ ਡੁੱਬਦੇ ਤਰਦੇ ਕਿਸੇ ਤਰ੍ਹਾਂ ਕੰਢੇ ਲਗਦਾ ਬਚ ਗਿਆ। ਦਸ ਮੀਲ ਦਾ ਖ਼ਤਰਨਾਕ ਪੈਦਲ ਸਫ਼ਰ ਕਰ ਕੇ ਛੁਪਦੇ ਛੁਪਾਉਂਦੇ ਰਾਤ ਦੋ ਵਜੇ ਬੁਰੀ ਹਾਲਤ ਘਰ ਪਹੁੰਚਿਆ। ਮੇਰੀ ਮਾਤਾ ਨਹੀਂ ਆਈ ਤੇ ਤਿੰਨ ਦਿਨ ਉਸ ਦਾ ਕੋਈ ਥਹੁ ਪਤਾ ਨਹੀਂ ਲੱਗਾ। ਕਾਬੂ ਆਇਆਂ ਵਿਚੋਂ ਕੁੱਝ ਨੂੰ ਫੜ੍ਹ ਕੇ ਪੈਦਲ ਫ਼ੌਜ ਨੇ ਤਸੀਹੇ ਦੇ ਕੇ ਪਿੱਛੇ ਹੱਥ ਬੰਨ੍ਹ ਕੇ ਗੋਲੀਆਂ ਨਾਲ ਉਡਾਇਆ ਤੇ ਟੈਂਕਾਂ ਥੱਲੇ ਲਿਤਾੜਿਆ। ਕੁੱਝ ਬਾਕੀ ਅੰਨ੍ਹੇ ਤਸ਼ੱਦਦ ਦੀ ਮਾਰ ਝੱਲਦੇ ਲੱਤਾਂ ਬਾਂਹਾਂ ਗੁਆ ਕੇ ਅਪਾਹਜ ਲੂਲ੍ਹੇ ਲੰਗੜੇ ਹੋ ਗਏ। ਔਰਤਾਂ ਦੀ ਹਰ ਤਰ੍ਹਾਂ ਨਾਲ ਰੱਜ ਕੇ ਬੇਇੱਜ਼ਤੀ ਕੀਤੀ ਗਈ। ਮੇਰੀ ਮਾਤਾ ਦਲਜੀਤ ਕੌਰ ਚੱਬਾ ਸਟੇਸ਼ਨ ਲਾਗੇ ਗੋਲੀਆਂ ਦੀ ਮਾਰ ਤੋਂ ਬਚਦੀ ਭਗਦੜ ਵਿਚ ਹੋਰਾਂ ਔਰਤਾਂ ਨਾਲ ਸੁਲਤਾਨਵਿੰਡ ਪਿੰਡ ਪਹੁੰਚ ਗਈ। ਉੱਥੇ ਤਿੰਨ ਦਿਨ ਰਹਿ ਕੇ ਜਦ ਮੇਜ਼ਬਾਨ ਨੂੰ ਕੋਈ ਰਸਤਾ ਮਿਲਿਆ ਉਹ ਅੱਠ ਤਰੀਕ ਉਸ ਨੂੰ ਸਾਡੇ ਘਰ ਪਹੁੰਚਾ ਗਿਆ।
ਇਸ ਘਟਨਾ ਨੇ 1746 ਦਾ ਕਾਹਨੂੰਵਾਨ ਦਾ ਛੋਟਾ ਘੱਲੂਘਾਰਾ ਜਿਸ ਵਿਚ ਅਹਿਮਦ ਸ਼ਾਹ ਅਬਦਾਲੀ ਨੇ ਵੀਹ ਹਜ਼ਾਰ ਸਿੰਘਾਂ ਸਿੰਘਣੀਆਂ ਨੂੰ ਘੇਰ ਕੇ ਘੋਰ ਤਸ਼ੱਦਦ ਕੀਤਾ ਤੇ ਮੌਤ ਦੇ ਘਾਟ ਉਤਾਰ ਦਿੱਤਾ ਸੀ, ਦਾ ਇਤਿਹਾਸ ਦੁਹਰਾ ਦਿੱਤਾ। ਪੰਜਾਬ ਦੇ ਸਾਰੇ ਪਾਸਿਉਂ ਅੰਮ੍ਰਿਤਸਰ ਆਉਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ। ਪੰਜਾਬ ਦੇ ਪੇਂਡੂ ਸ਼ਹਿਰੀ ਸਾਰੇ 37 ਤੋਂ ਵੱਧ ਗੁਰਦੁਆਰੇ ਫ਼ੌਜ ਨੇ ਆਪਣੇ ਕਬਜ਼ੇ ਕਰ ਕੇ ਜੀ-ਚਾਹੀ ਲੁੱਟ ਮਾਰ ਕੀਤੀ ਤੇ ਰੱਜ ਕੇ ਘੋਰ ਤਸ਼ੱਦਦ ਢਾਹਿਆ। ਪਿੰਡਾਂ ਵਿਚ ਪੱਗ-ਬੰਨ੍ਹ ਬੇਦੋਸ ਨਿਹੱਥੇ ਨੌਜਵਾਨਾਂ ਨੂੰ ਇਕੱਠੇ ਕਰ ਕੇ ਉਨ੍ਹਾਂ ਦੀਆਂ ਹੀ ਪੱਗਾਂ ਨਾਲ ਹੱਥ ਪਿੱਛੇ ਬੰਨ੍ਹ ਕੇ ਸਕੂਲਾਂ ਕਾਲਜਾਂ ਦੀਆਂ ਇਮਾਰਤਾਂ ਵਿਚ ਭੁੱਖੇ ਤਿਹਾਏ ਕੈਦ ਕਰਦੇ ਬਿਨ ਮਤਲਬ ਤਸੀਹੇ ਦਿੰਦੇ ਭੂੰਡਾਂ ਵਾਲੇ ਨੂੰ ਮੰਦਾ ਚੰਗਾ ਬੋਲਦੇ ਰਹੇ। ਗੋਰਖਾ ਫ਼ੌਜੀਆਂ ਨੂੰ ਇਹ ਵਿਸ਼ੇਸ਼ ਟਰੇਨਿੰਗ ਦਿੱਤੀ ਗਈ ਸੀ ਕਿ ਹਰ ਪਗੜੀਧਾਰੀ ਸਿੱਖ ਖ਼ਾਸ ਕਰਦੇ ਲੰਬੀ ਦਾੜ੍ਹੀ ਵਾਲਾ ਆਦਮੀ ਭਿੰਡਰਾਂਵਾਲਾ ਦਾ ਖਾੜਕੂ ਹੈ।
      ਪੰਜ, ਛੇ ਜੂਨ ਦਿਨ ਤੇ ਰਾਤ ਭਿਆਨਕ ਗੋਲੀ ਬਾਰੀ, ਬੰਬਾਰੀ ਹੁੰਦੀ ਸੁਣਦੀ ਰਹੀ। 6 ਜੂਨ ਨੂੰ ਸਵੇਰੇ ਧਮਾਕਿਆਂ ਦੀ ਆਵਾਜ਼ ਕੁੱਝ ਮੱਧਮ ਪਈ। ਟੀæ ਵੀæ ਰੇਡੀਉ ਰਾਹੀਂ ਇਹ ਸੁਨੇਹਾ ਦਿੱਤਾ ਗਿਆ ਕਿ ਫ਼ੌਜ ਦਾ ਮਕਸਦ ਜਿਸ ਲਈ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਸੀ, ਉਹ ਪੂਰਾ ਹੋ ਗਿਆ ਹੈ ਤੇ ਘੁਸਪੈਠੀਏ ਉਗਰਵਾਦੀ ਮਾਰੇ ਗਏ ਹਨ। ਪ੍ਰਕਰਮਾ ਵਿਚ ਲੇਟਾਈਆਂ ਸੰਤ ਭਿੰਡਰਾਂਵਾਲਾ, ਭਾਈ ਅਮਰੀਕ ਸਿੰਘ ਅਤੇ ਮੇਜਰ ਜਨਰਲ ਸੁਬੇਗ ਸਿੰਘ ਤੇ ਸੈਂਕੜੇ ਹੋਰ ਲਾਸ਼ਾਂ ਉੱਤੇ ਬਾਰ ਬਾਰ ਕੈਮਰਾ ਸੁੱਟ ਕੇ ਦਿਖਾਇਆ ਗਿਆ। ਅੰਦਰੋਂ ਫ਼ੌਜ ਦੇ ਹੱਥ ਕਈ ਸੌ ਰਾਈਫਲਾਂ ਤੇ ਸਵੈਚਲਤ ਹਥਿਆਰ, ਜਿਨ੍ਹਾਂ ਵਿਚ ਬਹੁਤੀਆਂ ਚੀਨ ਦੀਆਂ ਬਣੀਆਂ ਸਨ। ਸੈਂਕੜੇ ਮੈਗਜ਼ੀਨ, ਗਨ ਦੇ ਗਰਨੇਡ, ਟੈਂਕ ਤੋੜਨ ਵਾਲੇ ਰਾਕਟ ਮਿਜਾਇਲਾਂ ਤੇ ਰਿਵਾਲਵਰ ਹੱਥ ਲੱਗੇ ਦਿਖਾਏ ਗਏ। ਗੁਰਚਰਨ ਸਿੰਘ ਟੌਹੜਾ, ਹਰਚਰਨ ਸਿੰਘ ਲੌਂਗੋਵਾਲ, ਬਾਦਲ ਟੋਲੀ ਦੇ ਕੁੱਝ ਕਾਰਕੁਨਾਂ ਸਮੇਤ ਕਈ ਹੋਰ ਪੰਥਕ ਆਗ ਤੇ 350 ਦੇ ਕਰੀਬ ਯਾਤਰੂ ਹੱਥ ਉੱਚੇ ਕਰਦੇ ਬਾਹਰ ਆਉਂਦੇ ਵਿਖਾਏ ਗਏ। ਹਜ਼ਾਰਾਂ ਹੋਰ ਜੋ ਅੱਧ-ਪਚੱਧੇ ਜਿਊਂਦੇ ਬਚੇ ਜਿਨ੍ਹਾਂ ਆਤਮ-ਸਮ੍ਰਪਿਣ ਕੀਤਾ, ਭੇਡਾਂ ਬੱਕਰੀਆਂ ਵਾਂਗ ਟਰੱਕਾਂ ਤੇ ਲੱਦ ਕੇ ਅਗਿਆਤ ਛਾਉਣੀ ਕੈਂਪਾਂ ਵਿਖੇ ਪਹੁੰਚਾਏ ਗਏ।
ਤੇਜਾ ਸਿੰਘ ਸਮੁੰਦਰੀ ਹਾਲ ਅਤੇ ਗੁਰੂ ਰਾਮ ਦਾਸ ਸਰਾਂ ਅਤੇ ਤਹਿਖ਼ਾਨੇ ਵਿਚ ਵੜੇ ਬੈਠੇ ਫਸੇ ਲੋਕਾਂ ਨੂੰ ਅੰਦਰ ਬੰਬ ਅਤੇ ਗੈਸ ਸੁੱਟ ਕੇ ਤੜਫਾ ਤੜਫਾ ਕੇ ਮਾਰਿਆ ਗਿਆ। ਸਿੱਖਾਂ ਦੀਆਂ ਇਤਿਹਾਸਕ ਵਸਤਾਂ ਤੇ ਵਡਮੁੱਲੀ ਲਾਇਬਰੇਰੀ ਨੂੰ ਅੱਗ ਲਗਾ ਦਿੱਤੀ ਗਈ ਜਿਸ ਵਿਚ ਕੋਈ ਵੀਹ ਹਜ਼ਾਰ ਦੇ ਲਗ-ਪਗ ਬਹੁਮੁੱਲੇ ਅਨੂਪਮ ਇਤਿਹਾਸਕ ਦਸਤਾਵੇਜ਼ ਸਮੇਤ ਗੁਰੂ ਗ੍ਰੰਥ ਸਾਹਿਬ ਦੇ ਪੰਝੀ ਸੌ ਹੱਥ-ਲਿਖਤ ਸਰੂਪ ਅਗਨੀ ਭੇਟ ਹੋ ਕੇ ਸਵਾਹ ਦੇ ਢੇਰ ਬਣ ਗਏ। ਤੋਸ਼ਾਖ਼ਾਨਾ ਦਾ ਕੀਮਤੀ ਨਾਯਾਬ ਖ਼ਜ਼ਾਨਾ ਜਵਾਹਰ ਹੀਰੇ ਸੋਨਾ ਆਦਿ ਲੁੱਟ ਕੇ ਟਰੱਕ ਭਰ ਕੇ ਲੈ ਗਏ। ਅਕਾਲ ਤਖ਼ਤ ਨੂੰ ਖੰਡਰ ਬਣਾ ਦਿੱਤਾ ਗਿਆ। ਸਾਰੀ ਪਰਿਕਰਮਾ ਟੈਂਕਾਂ ਨਾਲ ਦਰੜੀ ਗਈ। ਪਵਿੱਤਰ ਸਰੋਵਰ ਦਾ ਪਾਣੀ ਖ਼ੂਨ ਨਾਲ ਭਰਿਆ ਲਾਲ ਰੰਗਾ ਹੋ ਗਿਆ। ਪਵਿੱਤਰ ਸਰੋਵਰ ਵਿਚ ਕੋਮਲ ਸੋਹਲ ਮੱਛੀਆਂ ਬੰਬਾਂ ਦੇ ਡਹਿਲ ਨਾਲ ਮਰ ਕੇ ਪੁੱਠੀਆਂ ਹੋ ਬਦਬੂ ਮਾਰਨ ਲੱਗੀਆਂ। ਲਾਸ਼ਾਂ ਦੇ ਢੇਰ-ਅੰਬਾਰ ਵਿਸ਼ ਗਏ। ਅੱਤ ਦੀ ਗਰਮੀ, ਅੰਤਾਂ ਦੀ ਬਦਬੂ, ਲਾਸ਼ਾਂ ਚੁੱਕਣ ਦਾ ਕੋਈ ਇੰਤਜ਼ਾਮ ਮਿਲਟਰੀ ਜਾਂ ਪੁਲਿਸ ਨਾ ਕਰ ਸਕੀ, ਉੱਪਰੋਂ ਭਿਆਨਕ ਬਿਮਾਰੀਆਂ ਦਾ ਡਰ ਪੈ ਗਿਆ। 
ਅੰਮ੍ਰਿਤਸਰ ਕਾਰਪੋਰੇਸ਼ਨ ਦੇ ਜਮਾਦਾਰਾਂ ਵੱਲੋਂ ਢੋਆ-ਢਵਾਈ ਦੇ ਨਾਬਰ ਹੋਣ ਤੋਂ ਅੰਨ੍ਹਗੜ ਇਲਾਕੇ ਦੇ ਪੇਸ਼ਾਵਰਾਨਾ ਲੋਕਾਂ ਨੂੰ ਖੁੱਲ੍ਹ ਦਿੱਤੀ ਗਈ ਕਿ ਉੱਥੋਂ ਅੰਦਰੋਂ ਜੋ ਵੀ ਮਾਲ ਕਿਸੇ ਦੇ ਹੱਥ ਲੱਗੇ, ਸੋਨਾ, ਗਹਿਣਾ, ਕੜੇ, ਪੈਸੇ ਤੇ ਹੋਰ ਕੀਮਤੀ ਸਮਾਨ ਉਸੇ ਦਾ ਹੀ ਹੋਵੇਗਾ। ਮਿਲਟਰੀ ਰੰਮ ਦੀਆਂ ਪੇਟੀਆਂ ਦਾ ਇੱਕ ਟਰੱਕ ਉਨ੍ਹਾਂ ਨੂੰ ਵੰਡਿਆ ਗਿਆ। ਇੱਕ ਜਮਾਤ ਦੇ ਭੂਤਰੇ ਮੁੰਡੇ ਦਾਰੂ ਨਾਲ ਟੁੱਨ ਅੰਦਰ ਵੜ ਕੇ ਲਾਸ਼ਾਂ ਦੀ ਤਲਾਸ਼ੀ ਲੈਣ ਲੱਗੇ। ਉਨ੍ਹਾਂ ਨੇ ਸਹਿਕਦੇ ਤੇ ਅਧਮੋਏ ਲੋਕਾਂ ਨੂੰ ਮਾਰ ਮਾਰ ਕੇ ਉਨ੍ਹਾਂ ਦੀਆਂ ਜੇਬਾਂ ਫਰੋਲਦੇ ਆਪਣੇ ਖੀਸੇ ਖ਼ੂਬ ਭਰੇ। ਭਰਾੜੀਵਾਲ ਨਜ਼ਦੀਕ ਅੰਨ੍ਹਗੜ੍ਹ ਦੇ ਪੇਸ਼ਾਵਰ ਲੋਕਾਂ ਨੇ ਇਸ ਸੇਵਾ ਵਿਚ ਵਧ ਚੜ੍ਹ ਕੇ ਹਿੱਸਾ ਪਾਇਆ। ਦੁੱਧ ਮੱਖਣਾਂ ਨਾਲ ਪਾਲ਼ੇ ਪੰਜਾਬੀ ਮਾਂਵਾਂ ਦੇ ਹੀਰੇ ਪੁੱਤਰ ਪਸ਼ੂਆਂ ਵਾਂਗ ਟਰੱਕਾਂ ਤੇ ਲੱਦ ਲੱਦ ਕੇ ਲੋਥਾਂ ਮੈਡੀਕਲ ਕਾਲਜ ਹਸਪਤਾਲ ਦੇ ਮੁਰਦਖਾਨੇ ਵਿਚ ਸੁੱਟਦੇ ਰਹੇ। ਕੁੱਝ ਮਿਉਂਸਪਲ ਕਾਰਪੋਰੇਸ਼ਨ ਦੇ ਗੰਦਗੀ ਕੂੜਾ-ਕਰਕਟ ਢੋਣ ਵਾਲੇ ਟਰੱਕਾਂ ਵਿਚ ਲੱਦ ਕੇ ਸ਼ਮਸ਼ਾਨ ਘਾਟ ਸੁੱਟਦੇ ਸਮੂਹਿਕ ਸਸਕਾਰ ਕਰਦੇ ਰਹੇ। ਬਦਬੂ ਮਾਰਦੇ ਲੋਥਾਂ ਦੇ ਭਰੇ ਟਰੱਕ ਤੂਸਾਂ ਖਿਲਾਰਦੇ ਗੋਪਾਲ ਨਗਰ ਮਜੀਠਾ ਰੋਡ ਤੇ ਲੰਘਦੇ ਲੋਕ ਕੋਠਿਆਂ ਤੇ ਚੜ੍ਹ ਚੜ੍ਹ ਵੇਖ ਵੇਖ ਤ੍ਰਾਹ ਤ੍ਰਾਹ ਕਰਦੇ ਕੰਨਾਂ ਨੂੰ ਹੱਥ ਲਗਾਉਂਦੇ ਸਨ। {ਮੇਰਾ ਆਪਣਾ ਦਫ਼ਤਰ ਇੱਥੇ ਨਜ਼ਦੀਕ ਹੋਣ ਕਰ ਕੇ ਅਤੇ ਮੇਰੇ ਕੋਲ ਸਰਕਾਰੀ ਕਰਫ਼ਿਊ ਪਾਸ ਹੋਣ ਕਰ ਕੇ ਇਹ ਸਾਰੀ ਢੋਆ ਢੁਆਈ ਦਾ ਭਾਣਾ ਮੈਂ ਆਪਣੀ ਅੱਖੀਂ ਵੇਖਦਾ ਆਪਣੇ ਆਪ ਵਿਚ ਕੁੜ੍ਹਦਾ ਰਿਹਾ।} ਗੋਪਾਲ ਨਗਰ ਗੁਰਦੁਆਰੇ ਦੇ ਸਾਹਮਣੇ ਮੈਡੀਕਲ ਕਾਲਜ {ਪੋਸਟ-ਮਾਰਟਮ} ਮੁਲਾਹਜ਼ਾ ਮੁਰਦਾ ਘਰ ਵਿਖੇ ਜਗ੍ਹਾ ਕਾਫ਼ੀ ਨਾ ਹੋਣ ਕਰਦੇ ਬਹੁਤੇ ਦਰਿਆ-ਬੁਰਦ ਕੀਤੇ ਗਏ ਤੇ ਬਾਕੀ ਸ਼ਹੀਦਾਂ ਵਾਲੇ ਗੁਰਦੁਆਰੇ ਨੇੜੇ ਦੀ ਸ਼ਮਸ਼ਾਨ ਘਾਟ ਵਿਚ ਬੇਨਾਮੀ, ਲਾਵਾਰਸ ਸਸਕਾਰ ਕਰ ਦਿੱਤੇ ਗਏ। ਕਈਆਂ ਦੀਆਂ ਲਿਸਟਾਂ ਬਣੀਆਂ ਪਰ ਬਹੁਤੇ ਬਿਨਾ ਮੌਤ ਪ੍ਰਮਾਣ-ਪੱਤਰ ਹੀ ਭਸਮ ਹੋ ਗਏ ਜਿਨ੍ਹਾਂ ਦੀ ਹੁਣ ਤੱਕ ਸ਼ਨਾਖ਼ਤ ਹੋ ਰਹੀ ਹੈ। ਹਜ਼ਾਰਾਂ ਦੇ ਵਾਰਿਸ ਅਜੇ ਹੁਣ ਤੱਕ ਉਨ੍ਹਾਂ ਨੂੰ ਤਲਾਸ਼ ਰਹੇ ਹਨ।
      ਆਪਣੇ ਇਸ ਪਵਿੱਤਰ ਅਸਥਾਨ ਉੱਤੇ ਹਮਲੇ ਦੇ ਪ੍ਰਤੀਕਰਮ ਰੋਸ ਵਜੋਂ ਰਾਮ ਗੜ੍ਹ ਛਾਉਣੀ ਸਮੇਤ ਭਾਰਤ ਭਰ ਦੀਆਂ ਕਈ ਹੋਰ ਸਿੱਖ ਬਟਾਲੀਅਨਾਂ ਦੇ ਸਿੱਖ ਧਰਮੀ ਫ਼ੌਜੀ ਨੌਜਵਾਨਾਂ ਦੀ ਅਣਖ ਨੇ ਉਬਾਲਾ ਖਾਧਾ। ਸਰਕਾਰ ਨੇ ਨਿਹੱਥੇ ਸਿੱਖਾਂ ਤੇ ਵੇਖੋ ਤੇ ਗੋਲੀ ਮਾਰੋæææ ਸ਼ੂਟ ਕਰੋ ਦੇ ਮੁਗ਼ਲਈ ਹੁਕਮ ਚੜ੍ਹਾ ਦਿੱਤੇ। ਪੰਜ ਹਜ਼ਾਰ ਦੇ ਲਗ-ਪਗ ਸਿੱਖ ਫ਼ੌਜੀਆ ਨੇ ਬਗ਼ਾਵਤ ਕੀਤੀ ਤੇ ਭਾਰਤੀ ਫ਼ੌਜ ਨਾਲ ਘਰੇਲੂ ਲੜਾਈ ਸ਼ੁਰੂ ਹੋ ਗਈ। ਕਈ ਮਾਰੇ ਗਏ, ਕਈ ਹਥਿਆਰ ਲੈ ਕੇ ਅੰਮ੍ਰਿਤਸਰ ਨੂੰ ਜਾਂਦੇ ਰਸਤੇ ਵਿਚ ਰੇਲਾਂ, ਗੱਡੀਆਂ, ਬੱਸਾਂ, ਟਰੱਕਾਂ ਵਿਚ ਮਿਲਟਰੀ ਦੀਆਂ ਗੋਲੀਆਂ ਦੇ ਨਿਸ਼ਾਨੇ ਬਣੇ। ਕਈ ਕੈਦ ਕੀਤੇ ਗਏ ਜੋ ਅਜੇ ਤੱਕ ਵੀ ਆਪਣੀਆਂ ਜ਼ਿੰਦਗੀਆਂ ਜੇਲ੍ਹਾਂ ਵਿਚ ਗਾਲ਼ ਰਹੇ ਹਨ ਤੇ ਉਨ੍ਹਾਂ ਨੂੰ ਛੁਡਾਉਣ ਦੇ ਸੰਘਰਸ਼ ਵਿਚ ਕਈ ਸਿੰਘ ਮਰਜੀਵੜੇ ਭੁੱਖ ਹੜਤਾਲਾਂ ਕਰਦੇ ਆਪਣੇ ਆਪ ਨੂੰ ਤਸੀਹਿਆਂ ਵਿਚ ਝੋਕ ਰਹੇ ਹਨ ਤੇ ਕਈ ਸਿਆਸਤਬਾਜੀਆਂ ਹੋ ਰਹੀਆਂ ਹਨ।
ਆਪ੍ਰੇਸ਼ਨ ਤੋਂ ਬਾਅਦ ਭਾਰਤ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੂੰ ਅੱਠ ਜੂਨ ਸਵੇਰੇ ਅੰਮ੍ਰਿਤਸਰ ਹਰਿਮੰਦਰ ਸਾਹਿਬ ਫੇਰੀ ਕਰਾਈ ਗਈ, ਇਹ ਦਿਖਾਉਣ ਲਈ ਕਿ ਵੇਖੋ ਜੀ ਅਸੀਂ ਤੁਹਾਡਾ ਕਿੰਨਾ ਸਤਿਕਾਰ ਕੀਤਾ ਹੈ, ਲਿਹਾਜ਼ ਕੀਤਾ ਹੈ ਤੇ ਕੁੱਝ ਵੀ ਨਹੀਂ ਵਿਗਾੜਿਆ, ਸਿਰਫ਼ ਦਰਬਾਰ ਸਾਹਿਬ ਨੂੰ ਬਚਾਉਣ ਲਈ ਖਾੜਕੂ ਅੱਤਵਾਦੀ ਹੀ ਬਾਹਰ ਕੱਢ ਮਾਰੇ ਹਨ। ਗਿਆਨੀ ਜੀ ਦੀ ਉੱਖੜੀ ਹੋਈ ਸ਼ਕਲ ਤੇ ਰੋਂਦੀ ਹੋਈ ਮੁਰਦਿਹਾਣ ਮੂਰਤ ਇਸ ਸਭ ਖੰਡਰ ਹੋਏ ਹਰਿਮੰਦਰ ਦੀ ਤ੍ਰਾਸਦੀ ਤੇ ਹੰਝੂ ਕੇਰ ਰਹੀ ਸੀ। ਉਨ੍ਹਾਂ ਦੀਆਂ ਅੰਦਰਲੀਆਂ ਮਜਬੂਰੀਆਂ ਦਾ ਸ਼ੀਸ਼ਾ ਦਿਖਾਉਂਦੀ ਉਨ੍ਹਾਂ ਦੀ ਸ਼ਰਮਿੰਦੀ ਢਹੀ ਹੋਈ ਮਾਨਸਿਕਤਾ ਦੀ ਇਬਾਰਤ ਆਪ ਮੁਹਾਰੇ ਪੜ੍ਹੀ ਜਾ ਸਕਦੀ ਸੀ। ਉਹ ਆਪ ਹੀ ਭਾਰਤੀ ਫ਼ੌਜਾਂ ਦਾ ਪ੍ਰਮੁੱਖ ਕਮਾਂਡਰ ਸੀ ਤੇ ਉਸ ਦੀ ਆਪਣੀ ਹੀ ਕਲਮ ਦੀ ਨੋਕ ਤੇ ਇਹ ਸਾਰਾ ਖਲਜਗਣ ਰਚਾਇਆ ਗਿਆ ਸੀ। ਉਸ ਦੀਆਂ ਖ਼ਾਮੋਸ਼ ਨਜ਼ਰਾਂ ਆਪਣੇ ਮਿਲਟਰੀ ਅਧਿਕਾਰੀਆਂ ਨੂੰ ਸੰਬੋਧਨ ਸਨ।
ਬੜਾ ਲੋਹੜਾ ਮਾਰਿਆ ਤੁਸਾਂ! ਮੇਰਾ ਵਿਸ਼ਵਾਸ-ਘਾਤ ਕਰ ਕੇ ਮੇਰੇ ਰੱਬ ਦਾ ਹੀ ਘਰ ਢਾਹ ਦਿੱਤਾ। ਮੇਰੇ ਮੱਥੇ ਮੜ੍ਹਿਆ ਇਹ ਕਲੰਕ ਕਈ ਉਮਰਾਂ/ਪੀੜ੍ਹੀਆਂ ਤੱਕ ਧੋਤਾ ਨਹੀਂ ਜਾਣਾ। 
ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਜੀ ਸੰਤ ਭਿੰਡਰਾਂਵਾਲੇ ਨਾਲ ਵੀ ਨਜ਼ਦੀਕੀ ਆਦਰ ਸਤਿਕਾਰ ਤੇ ਹਮਦਰਦੀ ਰੱਖਦੇ ਸਨ। ਉਸ ਨੇ ਹੀ ਅਕਾਲੀਆਂ ਦੇ ਖੇਮੇ ਵਿਚ ਸੰਨ੍ਹ ਮਾਰਨ ਤੇ ਤੱਕੜੀ ਵਿਚ ਵਟੇ ਪਾਉਣ ਲਈ ਭਿੰਡਰਾਂਵਾਲਾ ਨੂੰ ਹੀਰੋ ਬਣਾਇਆ ਸੀ ਤੇ ਸੰਤ ਤੋਂ ਸਿਆਸਤਦਾਨ ਬਣਾ ਦਿੱਤਾ ਸੀ। ਇਹ ਗਿਆਨੀ ਜੀ ਦੀ ਜਾਂ ਉਨ੍ਹਾਂ ਦੇ ਪ੍ਰਸ਼ਾਸਨ ਦੀ ਹੀ ਕਰਾਮਾਤ ਸੀ ਕਿ ਲਾਲਾ ਜਗਤ ਨਰਾਇਣ ਦੇ ਕਥਿਤ ਕਤਲ ਕੇਸ ਵਿਚ ਦਮਦਮੀ ਟਕਸਾਲ ਮਹਿਤਾ ਦੇ ਮੁੱਖ ਜਥੇਦਾਰ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਟਕਸਾਲ ਹੈੱਡਕੁਆਟਰ ਵਿਚੋਂ ਫੜਨ ਵਾਸਤੇ ਅੰਮ੍ਰਿਤਸਰ ਤੋਂ ਜਲੰਧਰ, ਚੌਂਕ ਮਹਿਤਾ ਤੋਂ ਬਟਾਲਾ ਤੱਕ ਦੇ ਸਾਰੇ ਰਸਤੇ ਚੱਪਾ ਚੱਪਾ ਦਸ ਹਜ਼ਾਰ ਪੁਲਸ ਕਰਮੀਆਂ ਵਿਚੋਂ ਝਕਾਨੀ ਮਾਰ ਕੇ ਸੰਤ ਜੀ ਛੂੰ-ਮੰਤਰ ਹੋ ਕੇ ਨਿਕਲ ਗਏ ਸਨ। 
ਵਿਸਾਖੀ 1978 ਨੂੰ ਮਾਲ ਗੋਦਾਮ ਰੇਲਵੇ ਕਾਲੋਨੀ ਅੰਮ੍ਰਿਤਸਰ ਵਿਖੇ ਨਿਰੰਕਾਰੀ ਕਾਂਡ ਵਾਪਰਿਆ ਸੀ ਜਿੱਥੇ ਨਕਲੀ ਨਿਰੰਕਾਰੀ ਆਗੂ ਸਿੱਖੀ ਧਾਰਮਿਕਤਾ ਖ਼ਿਲਾਫ਼ ਕੂੜ ਪ੍ਰਚਾਰ ਕਰ ਰਿਹਾ ਸੀ। ਮੰਜੀ ਸਾਹਿਬ ਤੋਂ ਸੰਤ ਭਿੰਡਰਾਂਵਾਲੇ ਦੀ ਤਕਰੀਰ ਸੁਣ ਕੇ ਕੁੱਝ ਸੂਰਬੀਰ ਸ਼ਾਂਤਮਈ ਤਰੀਕੇ ਨਾਲ ਸਿੱਖੀ ਖ਼ਿਲਾਫ਼ ਕੂੜ ਪ੍ਰਚਾਰ ਬੰਦ ਕਰਾਉਣ ਨਿੱਤਰੇ। ਪੰਡਾਲ ਤੱਕ ਪਹੁੰਚਣ ਤੋਂ ਪਹਿਲਾਂ ਹੀ ਅੱਗਲਵਾਂਢੀ ਬਾਹਰ ਆ ਕੇ ਨਿਰੰਕਾਰੀਆਂ ਨੇ 13 ਨਿਹੱਥੇ ਸਿੰਘ ਗੋਲੀਆਂ ਨਾਲ ਭੁੰਨ ਦਿੱਤੇ ਤੇ ਕਈ ਹੋਰ ਜ਼ਖਮੀ ਕਰ ਦਿੱਤੇ ਸਨ। ਆਖ ਦਮੋਦਰ ਮੈਂ ਅੱਖੀਂ ਡਿੱਠਾ ਵਾਂਗ ਤਾੜ ਤਾੜ ਦੀਆਂ ਆਵਾਜ਼ਾਂ ਨਾਲ ਮੇਰਾ ਸਕੂਟਰ ਵੀ ਭੰਡਾਰੀ ਪੁਲ ਚੜ੍ਹ ਕੇ ਖ਼ੂਨੀ ਸਥਲ ਤੇ ਪਹੁੰਚ ਗਿਆ ਸੀ ਜਿੱਥੇ ਖ਼ੂਨ ਦੇ ਛੱਪੜ ਵਿਚ ਡੁੱਬੇ ਕਈ ਸਿੰਘ ਜਿੰਦ-ਹੀਣ ਤੇ ਕਈ ਕਰਾਹ ਰਹੇ ਸਨ। ਨਿਰੰਕਾਰੀ ਪੰਡਾਲ ਵਿਚੋਂ ਉਸੇ ਤਰ੍ਹਾਂ ਹੀ ਲੈਕਚਰ ਚੱਲ ਰਿਹਾ ਸੀ ਜਿਵੇਂ ਕੁੱਝ ਵਾਪਰਿਆ ਹੀ ਨਾ ਹੋਵੇ। ਸਰਕਾਰ ਵੱਲੋਂ ਉਸ ਕਾਤਲ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ ਸਗੋਂ ਤਤਕਾਲੀ ਡਿਪਟੀ ਕਮਿਸ਼ਨਰ ਨੇ ਬਾਦਲ ਸਰਕਾਰ/ਜੀਵਨ ਸਿੰਘ ਉਮਰਾਨੰਗਲ  ਦੇ ਹੁਕਮ ਅਧੀਨ ਨਿਰੰਕਾਰੀ ਮੁਖੀ ਗੁਰਬਚਨ ਸਿੰਘ ਨੂੰ ਸਰਕਾਰੀ ਕਾਰ ਵਿਚ ਦਿੱਲੀ ਤੱਕ ਛਤਰੀ ਦੇ ਕੇ ਪਹੁੰਚਾਇਆ ਸੀ। ਜਲਦੀ ਹੀ ਅਣਖੀ ਜੋਧਿਆ ਨੇ ਆਪ ਇਸ ਦਾ ਬਦਲਾ ਇਸ ਸੰਸਥਾ ਦੇ ਸੰਚਾਲਕ ਨੂੰ ਦਿੱਲੀ ਵਿਖੇ ਉਸ ਦੇ ਘਰ ਗੋਲੀਆਂ ਨਾਲ ਭੁੰਨ ਕੇ ਲੈ ਲਿਆ ਸੀ। ਇਸ ਕਾਂਡ ਵਿਚ ਵੀ ਭਿੰਡਰਾਂਵਾਲੇ ਖ਼ਿਲਾਫ਼ ਲੋਕਾਂ ਨੂੰ ਭੜਕਾਉਣ ਉਕਸਾਉਣ ਗੁਮਰਾਹ ਕਰਨ ਤੇ ਕਤਲ ਦਾ ਪਰਚਾ ਦਰਜ ਕੀਤਾ ਗਿਆ ਪਰ ਉਹ ਸ਼ੇਰ ਕਿਸੇ ਦੇ ਕਾਬੂ ਨਹੀਂ ਆਇਆ ਤੇ ਚੜ੍ਹਦੇ ਸੂਰਜ ਵਾਂਗ ਚੜ੍ਹਦਾ ਹੀ ਰਿਹਾ। 
9 ਜੂਨ 84 ਨੂੰ ਸ਼ਰਧਾਲੂਆਂ ਵਾਸਤੇ ਦਰਬਾਰ ਸਾਹਿਬ ਦੇ ਦਰਸ਼ਨ ਦੀ ਖੁੱਲ੍ਹ ਦਿੱਤੀ ਗਈ ਤਾਂ ਇਹ ਲੇਖਕ ਪੰਜਾਹ ਸੱਠ ਯਾਤਰੂਆਂ ਦੀ ਉਸ ਪਹਿਲੀ ਮੁੱਠੀ ਭਰ ਟੋਲੀ ਵਿਚ ਵੀ ਸ਼ਾਮਲ ਸੀ ਜਿਸ ਨੇ ਆਪਣੇ ਉਸ ਪਵਿੱਤਰ ਸਥਾਨ ਦੀ ਤਬਾਹੀ ਤੇ ਬਰਬਾਦੀ ਦਾ ਸੱਜਰਾ ਤਾਜ਼ਾ ਕਰੁਣਾਮਈ ਦ੍ਰਿਸ਼ ਆਪਣੀਆਂ ਅੱਖਾਂ ਨਾਲ ਵੇਖਿਆ।
ਹਾਲ ਗੇਟ ਤੋਂ ਅੰਦਰ ਸਾਈਕਲ, ਸਕੂਟਰ ਜਾਂ ਕਿਸੇ ਹੋਰ ਸਿਵਲ ਵਾਹਨ ਦੀ ਮਨਾਹੀ ਸੀ। ਸਿਰਫ਼ ਪੈਦਲ ਜਾਣ ਦੀ ਹੀ ਆਗਿਆ ਸੀ। ਹਾਲ ਗੇਟ ਨੇੜੇ ਲੱਗੀ ਇੱਕ ਛਬੀਲ ਤੋਂ ਕੁੱਝ ਲੋਕ ਮਿੱਠਾ ਪਾਣੀ, ਚਾਹ ਦੇ ਕੱਪ ਤੇ ਡੂਨਿਆਂ ਵਿਚ ਲੱਡੂ ਵਰਤਾ ਰਹੇ ਹਿੜ ਹਿੜ ਕਰਦੇ ਹੱਸ ਰਹੇ ਸਨ। ਇਨ੍ਹਾਂ ਵਿਚ ਬਹੁਤੇ ਮੋਨੇ, ਕੁੱਝ ਪਟਕੇ ਵਾਲੇ ਤੇ ਕੁੱਝ ਪਗੜੀਧਾਰੀ ਸਰਦਾਰ ਵੀ ਸਨ। ਮਨ ਵਿਚ ਇਨ੍ਹਾਂ ਲੋਕਾਂ ਦੀ ਸੇਵਾ, ਸ਼ਰਧਾ ਤੇ ਸਤਿਕਾਰ ਬਾਰੇ ਸ਼ਲਾਘਾ ਉਤਪੰਨ ਹੋਈæææ ਪਰ! ਏਨਾ ਕਹਿਰ ਵਰਤਿਆ ਤੇ ਇਹ ਖ਼ੁਸ਼ੀ ਮਨਾ ਰਹੇ ਨੇ? ਹੋਰਾਂ ਵਾਂਗ ਮੈਂ ਵੀ ਅੱਗੇ ਹੋ ਗਿਆ ਪਰ ਜਲਦੀ ਹੀ ਪਤਾ ਲੱਗ ਗਿਆ ਕਿ ਇਹ ਮੁਤੱਅਸਬੀ ਲੋਕ ਭਿੰਡਰਾਂਵਾਲੇ ਸੰਤਾਂ ਦੀ ਮੌਤ ਦੀ ਖ਼ਬਰ ਸੁਣ ਕੇ ਲੱਡੂ ਵੰਡ ਕੇ ਖ਼ੁਸ਼ੀ ਮਨਾ ਰਹੇ ਹਨ। ਮੇਰੇ ਪੈਰ ਪਿੱਛੇ ਮੁੜ ਪਏ। ਮੈਨੂੰ ਇਨ੍ਹਾਂ ਲੋਕਾਂ ਦੇ ਮਖੌਟੇ ਵਿਚੋਂ ਉਸ ਥਾਣੇਦਾਰ ਦੀ ਸ਼ਕਲ ਦਿਖਾਈ ਦਿੱਤੀ ਜੋ ਮੇਰੇ ਪਿੰਡ ਸਖੀਰਾ ਦੇ ਕਤਲ ਹੋਏ ਮਾਪਿਆਂ ਦੇ ਇਕਲੌਤੇ ਪੁੱਤਰ ਦੀਪੇ ਦੇ ਘਰ ਉਸ ਦੀ ਲਾਸ਼ ਦੇ ਸਿਰਹਾਣੇ ਬੈਠ ਕੇ ਮੁਰਗ਼ੇ ਦੀਆਂ ਲੱਤਾਂ ਚੂੰਡ ਰਿਹਾ ਉਸ ਦੇ ਬਾਪ ਨੂੰ ਕਾਤਲਾਂ ਨੂੰ ਸਜਾ ਦਿਵਾਉਣ ਦੀ ਤਸੱਲੀ ਕਰਵਾਉਂਦਾ ਸੌਦੇਬਾਜ਼ੀ ਕਰ ਰਿਹਾ ਸੀ। ਇਹ ਵੀ ਪਤਾ ਲੱਗਾ ਕਿ ਇਨ੍ਹਾਂ ਲੋਕਾਂ ਨੇ ਕੱਲ੍ਹ ਤੋਂ ਹੀ ਖ਼ੁਸ਼ੀਆਂ ਮਨਾਉਂਦੇ ਭੰਗੜੇ ਪਾਉਂਦੇ, ਫ਼ੌਜੀਆਂ ਨੂੰ ਤੋਹਫ਼ੇ, ਫਲ਼ ਮਠਿਆਈ ਵੰਡ ਕੇ ਉਨ੍ਹਾਂ ਦੇ ਗਲ ਹਾਰ ਪਾਏ ਸਨ। ਹਰਿਮੰਦਰ ਸਾਹਿਬ ਦੇ ਦਰਸ਼ਨ ਅਭਿਲਾਖੀ ਬੜੇ ਉਤਸ਼ਾਹ ਤੇ ਉਤਸੁਕਤਾ ਨਾਲ ਲਗਭਗ ਦੋ ਕਿੱਲੋਮੀਟਰ ਦਾ ਇਹ ਪੈਂਡਾ ਕਾਹਲੇ ਕਦਮੀਂ ਪੈਦਲ ਹੀ ਦੌੜ ਰਹੇ ਸਨ। ਮੈਂ ਵੀ ਸੱਜੇ ਪਾਸੇ ਖੁੱਲ੍ਹੀ ਜਗ੍ਹਾ ਤੇ ਆਪਣਾ ਸਕੂਟਰ ਲਗਾ ਕੇ ਪੈਦਲ ਹੀ ਭੀੜ ਵਿਚ ਸ਼ਾਮਲ ਹੋ ਗਿਆ। ਸਕੂਟਰ ਦੇ ਚੋਰੀ ਹੋ ਜਾਣ ਦਾ ਡਰ ਮੇਰੇ ਅੱਜ ਦੇ ਮਿਸ਼ਨ ਤੋਂ ਵਧੇਰੇ ਨਹੀਂ ਸੀ। ਸਦਾ-ਬਹਾਰ ਰੌਣਕੀਲਾ ਹਾਲ ਬਹਾਰ ਅੱਜ ਕੁੱਝ ਕੁੱਝ ਖੁੱਲ੍ਹਾ ਤਾਂ ਸੀ ਪਰ ਸੁੰਨ-ਮਸਾਣ ਸਹਿਮਿਆਂ ਸਹਿਮਿਆ ਨਜ਼ਰ ਆ ਰਿਹਾ ਸੀ। ਕਰਫ਼ਿਊ ਖੁੱਲ੍ਹਣ ਤੇ ਦੁਕਾਨਦਾਰਾਂ ਤੇ ਲੋਕਾਂ ਦੇ ਵਿਹਰੇ ਤੇ ਗ਼ਮੀ ਵਰਗੀ ਕੁੱਝ ਖ਼ੁਸ਼ੀ ਸੀ। ਮੋਢਿਆਂ ਤੇ ਜੰਗੀ ਬੈਗ ਲਟਕਾਈ ਫ਼ੌਜੀ ਪੈਰ ਪੈਰ ਤੇ ਹਰਲ ਹਰਲ ਕਰਦੇ ਸੰਗੀਨਾਂ ਤਾਣੀ ਫਿਰ ਰਹੇ ਸਨ। ਆਸੇ ਪਾਸੇ ਉੱਚੀਆਂ ਇਮਾਰਤਾਂ ਵਿਚੋਂ ਲੋਹ ਟੋਪ ਧਾਰੀ ਫ਼ੌਜੀ ਸਟੈੱਨਗੰਨਾਂ ਬੀੜੀ ਪਹਿਰਾ ਦੇ ਰਹੇ ਸਨ। ਮਲਕਾ ਵਿਕਟੋਰੀਆ ਚੌਂਕ ਅਤੇ ਧਰਮ ਸਿੰਘ ਮਾਰਕੀਟ ਲਾਗੇ ਜੁੜੀ ਭੀੜ ਵਿਚ ਲੋਕ ਪੂਰੀਆਂ, ਛੋਲੇ, ਲੱਡੂ, ਸਮੋਸੇ, ਫਲ ਫਰੂਟ ਵੰਡ ਰਹੇ ਸਨ, ਛਕ ਰਹੇ ਸਨ, ਛਕਾ ਰਹੇ ਸਨ। ਮੈਂ ਉੱਧਰ ਵੀ ਹੋਣ ਦਾ ਹੀਆ ਨਹੀਂ ਕਰ ਸਕਿਆ ਕਿਉਂਕਿ ਮੈਨੂੰ ਉਨ੍ਹਾਂ ਦੀ ਨੀਯਤ ਦਾ ਪਹਿਲਾਂ ਹੀ ਅਭਿਆਸ ਹੋ ਚੁੱਕਾ ਸੀ।
ਜੱਲਿਆਂਵਾਲਾ ਬਾਗ਼ ਦਾ ਮੋੜ ਮੁੜਦੇ ਹੀ ਸਾਹਮਣੇ ਘੰਟਾ ਘਰ ਦੀ ਗੋਲੀਆਂ ਨਾਲ ਦਾਗ਼ ਦਾਗ਼ ਜ਼ਖ਼ਮੀ ਧੰਵਾਖੀ ਹੋਈ ਇਮਾਰਤ ਵੇਖ ਕੇ ਸਭ ਦਰਸ਼ਕਾਂ ਦੇ ਮੂੰਹ ਲਟਕ ਗਏ ਜਿਵੇਂ ਕਿਸੇ ਮਾਤਮ ਵਾਲੇ ਘਰ ਵੜ ਰਹੇ ਹੋਣ। ਚਾਰ ਚੁਫੇਰਾ ਗੋਲੀਆਂ ਤੇ ਬੰਬਾਂ ਦੇ ਨਿਸ਼ਾਨਾਂ ਨਾਲ ਵਿੰਨ੍ਹਿਆ ਧਵਾਂਖਿਆ ਧਾੜਵੀਆਂ ਦੇ ਅੱਤਿਆਚਾਰ ਦੀ ਮੂੰਹ ਬੋਲਦੀ ਬੇਕਿਰਕ ਤਸਵੀਰ ਦਿਖਾ ਰਿਹਾ ਸੀ। ਘੰਟਾ ਘਰ ਦੇ ਗੁੰਬਦ ਅਤੇ ਅਜਾਇਬ ਘਰ ਗੋਲੀਆਂ ਨਾਲ ਛਾਨਣੀ ਹੋਏ ਪਏ ਸਨ। ਭਗਤ ਪੂਰਨ ਸਿੰਘ ਦੇ ਲਗਾਏ ਅੱਡੇ ਬੈਂਚ ਉੱਤੇ ਬੈਠੇ ਕੁਲਚੇ ਛੋਲੇ ਖਾਂਦੇ ਗੋਰਖੇ ਮਦਰਾਸੀ ਸਿਪਾਹੀ ਸ਼ਰਧਾਲੂਆਂ ਦੇ ਚਿਹਰੇ ਪਰਖਦੇ ਵੇਖਦੇ ਘੂਰ ਰਹੇ ਸਨ। ਹਰ ਅੰਦਰ ਆਉਣ ਵਾਲੇ ਨੂੰ ਸਕੈਨਿੰਗ ਮਸ਼ੀਨ ਵਿਚੋਂ ਗੁਜ਼ਰਨਾ ਪੈਂਦਾ ਸੀ। ਸਾਰਾ ਵਾਤਾਵਰਨ ਗੰਧਲਾ ਤੇ ਧਵਾਂਖਿਆ ਪ੍ਰਦੂਸ਼ਿਤ ਹੋਇਆ ਪਿਆ ਸੀ। ਅਜਾਇਬ ਘਰ ਅੰਦਰ ਲੱਗੀਆਂ ਫ਼ੋਟੋ ਬੜੀ ਬੁਰੀ ਤਰ੍ਹਾਂ ਸੜੀਆਂ ਪਈਆਂ ਸਨ ਜਿਵੇਂ ਉਨ੍ਹਾਂ ਨੂੰ ਵੀ ਤਸੀਹੇ ਦੇ ਦੇ ਕੇ ਜ਼ਲੀਲ ਕਰ ਕਰ ਝਟਕਾਇਆ ਗਿਆ ਹੋਵੇ। ਪ੍ਰਕਰਮਾ ਵਿਚ ਕਿਧਰੇ ਕਿਧਰੇ ਫ਼ੌਜੀ ਡਾਂਗਰੀ ਵਾਲੇ ਮੁਲਾਜ਼ਮ ਝਾੜੂ, ਡਸਟਰ, ਬੌਹਕਰਾਂ ਤੇ ਪੋਚੇ ਫੜ ਕੇ ਸਫ਼ਾਈ ਕਰਦੇ ਆਪਣੇ ਕਮਾਏ ਪਾਪ ਦੇ ਨਿਸ਼ਾਨ ਮਿਟਾਉਣ ਦਾ ਯਤਨ ਕਰ ਰਹੇ ਸਨ। ਪ੍ਰਕਰਮਾ ਵਿਚਲੀ ਦੁੱਖ-ਭੰਜਨੀ ਬੇਰੀ ਅਤੇ ਬਾਬਾ ਬੁੱਢਾ ਨਾਲ ਸਬੰਧਿਤ ਬੇਰੀ ਪਤਝੜ ਸਮੇਂ ਦਾ ਵਿਕਰਾਲ ਰੂਪ ਧਾਰ ਕੇ ਹੰਝੂ ਕੇਰਦੀਆਂ ਆਪਣੀ ਹੋਣੀ ਦੀ ਗਾਥਾ ਸੁਣਾ ਰਹੀਆਂ ਸਨ। ਬ੍ਰਹਮ ਬੂਟਾ ਅਖਾੜਾ ਦੇ ਨਾਲ ਦੀ ਪਾਣੀ ਟੈਂਕੀ ਜਿਸ ਨੂੰ ਖਾੜਕੂ ਸੂਰਮਿਆਂ ਨੇ ਪਹਿਰਾ ਬੁਰਜ ਵਜੋਂ ਵਰਤਿਆ ਤੇ ਡਟ ਕੇ ਮੁਕਾਬਲਾ ਕੀਤਾ ਸੀ, ਵੀ ਢਹਿ ਢੇਰੀ ਹੋਈ ਥੱਲੇ ਲਟਕ ਰਹੀ ਸੀ। 
ਇੱਥੇ ਬ੍ਰਹਮ ਬੂਟਾ ਵਾਲੀ ਨੁੱਕਰੇ ਪ੍ਰਕਰਮਾ ਵਿਚ ਬੜੇ ਗਹੁ ਨਾਲ ਲੋਕ ਤਹਿਖ਼ਾਨੇ ਦੇ ਕਾਲਖ ਭਰੇ ਰੌਸ਼ਨਦਾਨ ਵਿਚੋਂ ਝੁਕਦੇ ਅੰਦਰ ਝਾਕਦੇ ਸਿਰ ਨਿਵਾ ਰਹੇ ਸਨ। ਇੱਥੇ ਹੀ ਛਿਪੇ ਕਿਸੇ ਮਰਦੇ ਮਰਦੇ ਅਣਖੀ ਜੋਧੇ ਨੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੂੰ ਗੋਲੀਆਂ ਦੀ ਬੁਛਾੜ ਸੇਧ ਕੇ ਆਪਣੇ ਮਨ ਦੀ ਭੜਾਸ ਕੱਢੀ ਸੀ ਜਿਸ ਕਾਰਨ ਗਿਆਨੀ ਜ਼ੈਲ ਸਿੰਘ ਦੇ ਨਾਲ ਦਾ ਕੋਈ ਫ਼ੌਜੀ ਅਫ਼ਸਰ ਮੋਢੇ ਤੇ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ ਸੀ। ਜੈਲ ਸਿੰਘ ਤੋਂ ਨਿਸ਼ਾਨਾ ਖੁੰਝ ਜਾਣ ਕਰ ਕੇ ਫ਼ੌਜੀਆਂ ਦੇ ਢਾਹੇ ਚੜ੍ਹਨ ਤੋਂ ਪਹਿਲਾਂ ਹੀ ਉਸ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਹੂਤੀ ਪ੍ਰਾਪਤ ਕਰ ਲਈ ਸੀ। 
ਅੰਮ੍ਰਿਤ ਸਰੋਵਰ ਜਿੱਥੋਂ ਦੇ ਪਵਿੱਤਰ ਜਲ ਨਾਲ ਤਨ ਮਨ ਸੁਅੱਸ਼ ਨਿਰਮਲ ਹੋ ਜਾਂਦਾ ਸੀ ਅੱਜ ਮਰੀਆਂ ਮੱਛੀਆਂ ਅਤੇ ਮਨੁੱਖੀ ਮਾਸ ਦੀ ਸੜ੍ਹਾਂਦ ਬਦਬੂ ਨਾਲ ਸੜੇਹਾਂਦ ਮਾਰ ਰਿਹਾ ਸੀ। ਏਨੀ ਭਾਰੀ ਗੜਗੜਾਹਟ ਵਿਚ ਸਰੋਵਰ ਦੀਆਂ ਸਾਰੀਆਂ ਮੱਛੀਆਂ ਮਰ ਕੇ ਉੱਪਰ ਤਰ ਆਈਆਂ ਜੋ ਵੰਗਾਰੂ ਦਿਹਾੜੀਦਾਰਾਂ ਦੇ ਟਰੱਕਾਂ ਨੇ ਬਾਹਰ ਢੋਈਆਂ ਦੱਸੀਆਂ ਜਾਂਦੀਆਂ ਸਨ। 1965 ਦੀ ਭਾਰਤ ਪਾਕ ਜੰਗ ਸਮੇਂ ਮੈਂ ਲਾਹੌਰ ਲਾਗੇ ਇਛੋਗਿੱਲ ਨਹਿਰ ਦੇ ਕੰਢੇ ਡੋਗਰਾਈ ਕਸਬਾ ਅਤੇ 1971 ਵਿਚ ਸਿਆਲਕੋਟ ਦਾ ਨੈਣਾ-ਕੋਟ ਕਸਬਾ ਆਪਣੇ ਅੱਖੀਂ ਵੇਖਿਆ ਸੀ ਜਦ ਭਾਰਤੀ ਫ਼ੌਜਾਂ ਨੇ ਘਮਸਾਣ ਲੜਾਈ ਲੜ ਕੇ ਪਾਕਿਸਤਾਨ ਦੇ ਇਹ ਇਲਾਕੇ ਜਿੱਤ ਕੇ ਆਪਣੇ ਕਬਜ਼ੇ ਹੇਠ ਕਰ ਲਏ ਸਨ। ਸਾਡੀ ਫ਼ੌਜ ਨੇ ਉਨ੍ਹਾਂ ਦੀਆਂ ਮਸਜਿਦਾਂ ਨੂੰ ਭੋਰਾ ਭਰ ਵੀ ਸੇਕ ਨਹੀਂ ਸੀ ਲੱਗਣ ਦਿੱਤਾ ਅਤੇ ਉਨ੍ਹਾਂ ਸ਼ਹਿਰਾਂ ਦੀ ਵੀ ਏਨੀ ਵਹਿਸ਼ੀਆਨਾ ਤਬਾਹੀ ਤੇ ਦੁਰਦਸ਼ਾ ਨਹੀਂ ਸੀ ਕੀਤੀ ਜਿੰਨੀ ਇਨ੍ਹਾਂ ਆਪਣਿਆਂ ਨਿਮਕ-ਹਰਾਮੀਆਂ ਬੇਕਿਰਕਾਂ ਨੇ ਆਪਣੇ ਵਿਹੜੇ ਰੱਬ ਦੇ ਘਰ ਦੀ ਕੀਤੀ। ਇਸ ਬੇਜੋੜ ਜੰਗ ਵਿਚ ਲੱਖਾਂ ਦੀ ਨਫ਼ਰੀ ਵਿਚ ਬਕਤਰਬੰਦ ਭਾਰਤੀ ਫ਼ੌਜ ਦਾ ਮੁਕਾਬਲਾ ਕਰਦੇ ਸੰਤ ਭਿੰਡਰਾਂਵਾਲੇ ਦੀ ਕਮਾਨ ਹੇਠ ਦਰਬਾਰ ਸਾਹਿਬ ਦੀ ਰਖਵਾਲੀ ਕਰਦੇ ਮੁੱਠੀ ਭਰ ਸਿੰਘ ਲੜ ਮਰ ਸ਼ਹੀਦ ਹੋ ਗਏ। 
ਗੁਰੂ ਰਾਮ ਦਾਸ ਸਰਾਂ ਵਾਲੇ ਪਾਸੇ ਮਲਬੇ ਦੇ ਬਹੁਤ ਉੱਚੇ ਢੇਰ ਫਰੋਲਦੇ ਕੁੱਤੇ ਅੱਧਕੱਜੀਆਂ ਅੱਧਨੰਗੀਆਂ ਰਹਿ ਗਈਆਂ ਲਾਸ਼ਾਂ ਦੀਆਂ ਲੱਤਾਂ ਬਾਂਹਾਂ ਘਸੀਟਦੇ ਹੱਡੀਆਂ ਖਾਂਦੇ ਚੱਬਦੇ ਆਉਂਦੇ ਜਾਂਦੇ ਸ਼ਰਧਾਲੂਆਂ ਨੂੰ ਦੰਦ ਦਿਖਾਉਂਦੇ ਘੁਰਕੀਆਂ ਵੱਟ ਰਹੇ ਸਨ। ਕੁੱਝ ਉੱਪਰ ਉੱਡ ਰਹੀਆਂ ਤੇ ਕੁੱਝ ਚੰਗਾ ਚੋਖਾ ਖਾ ਕੇ ਸਸਤਾ ਰਹੀਆਂ ਗਿਰਝਾਂ ਹੱਡੋ-ਰੋੜੇ ਦਾ ਦ੍ਰਿਸ਼ ਯਾਦ ਕਰਾ ਰਹੀਆਂ ਸਨ। ਭੱਜ ਟੁੱਟ ਮਲਬੇ ਦੇ ਉੱਚੇ ਢੇਰ ਦੀ ਟੀਸੀ ਤੇ ਬੈਠੀਆਂ ਕੁੱਝ ਗਿਰਝਾਂ ਮਿੱਟੀ ਨਾਲ ਚੁੰਝ ਘਸਰਦੀਆਂ ਚੁੰਝਾਂ ਮਾਂਜ ਰਹੀਆਂ ਸਨ। ਲੰਗਰ ਵਾਲੇ ਪਾਸੇ ਅਤੇ ਬਾਬਾ ਅਟੱਲ ਵਾਲੇ ਦਰਵਾਜ਼ੇ ਫ਼ੌਜੀ ਸੰਤਰੀਆਂ ਨੇ ਬੰਦ ਕਰ ਰੱਖੇ ਸਨ। ਮਿਲਟਰੀ ਦੇ ਬੁੱਲਟ-ਪਰੂਫ ਟਰੈੱਕਟਰ ਅਤੇ ਬੁਲਡੋਜ਼ਰ ਖੜ੍ਹੇ ਆਪਣੀ ਕਾਰਗੁਜ਼ਾਰੀ ਤੇ ਆਪਣੇ ਪਿੰਡੇ ਥਾਪੀ ਮਾਰ ਰਹੇ ਲਗਦੇ ਸਨ। ਗੁਰੂ ਰਾਮਦਾਸ ਸਰਾਂ, ਤੇਜਾ ਸਿੰਘ ਸਮੁੰਦਰੀ ਹਾਲ, ਗੁਰੂ ਨਾਨਕ ਨਿਵਾਸ, ਗੁਰੂ ਰਾਮ ਦਾਸ ਲਾਇਬਰੇਰੀ ਸਭ ਸੜ ਬਲ ਕੇ ਖੰਡਰ ਹੋ ਚੁੱਕੇ ਸਨ। ਗਰਮਾ ਗਰਮ ਸਰਗਰਮੀਆਂ ਦਾ ਕੇਂਦਰ, ਗੁਰੂ ਨਾਨਕ ਨਿਵਾਸ ਦਾ ਉਹ ਕਮਰਾ ਜਿੱਥੋਂ ਸਰਕਾਰੀ ਹਕੂਮਤ ਦੇ ਬਰਾਬਰ ਸ਼ਾਹੀ ਫ਼ਰਮਾਨ ਜਾਰੀ ਹੁੰਦੇ ਸਨ, ਸ਼ਿਕਾਇਤ ਦਰਬਾਰ ਲਗਦੇ ਸਨ, ਫ਼ੈਸਲੇ ਹੁੰਦੇ ਸਨ ਅਤੇ ਕਿਸ ਨੂੰ ਕਦੋਂ ਗੱਡੀ ਚੜ੍ਹਾਉਣਾ ਹੈ, ਘੜੇ ਵਿਚੋਂ ਪਰਚੀਆਂ ਕੱਢੀਆਂ ਜਾਂਦੀਆਂ ਸਨ, ਅੱਜ ਸੱਖਣਾ ਨਿਰਜਨ ਬਿਲਕੁਲ ਸੁੰਨਾ ਸੀ। ਲਾਇਬਰੇਰੀ ਦੇ ਅੰਦਰ ਦੀਆਂ ਅਲਮਾਰੀਆਂ ਦੀ ਕੀਤੀ ਫੋਲਾ-ਫਾਲੀ, ਭੰਨ ਤੋੜ ਅੱਧ-ਪਚੱਧੀਆਂ ਸੜੀਆਂ ਕਿਤਾਬਾਂ ਤੇ ਵਡਮੁੱਲੀ ਇਤਿਹਾਸਕ ਸਮਗਰੀ ਦਾ ਉਥੱਲ ਪੁਥਲ ਚੀਰ-ਹਰਨ ਦਿਨ-ਦਿਹਾੜੇ ਪਏ ਡਾਕੇ ਦੀ ਗਵਾਹੀ ਭਰ ਰਹੀਆਂ ਸਨ। ਲੱਖਾਂ ਕਰੋੜਾਂ ਵਿਚ ਨਹੀਂ ਅਰਬਾਂ ਖਰਬਾਂ ਦੀ ਕੀਮਤ ਵਿਚ ਅਣਗਿਣਤ ਸੋਨਾ ਚਾਂਦੀ ਤੇ ਹੋਰ ਕੀਮਤੀ ਸਾਮਾਨ ਧਾੜਵੀ ਲੁੱਟ ਕੇ ਬੈਰਕਾਂ ਵਿਚ ਲੈ ਗਏ ਸਨ। ਲੰਗਰ ਵਿਚੋਂ ਸੜੀ ਹਜ਼ਾਰਾਂ ਬੋਰੀ ਕਣਕ, ਆਟਾ ਤੇ ਹੋਰ ਖਾਦ ਸਮਗਰੀ ਦੀ ਧਵਾਂਖ ਹੱਡਾਰੋੜੀ ਦੇ ਚੌਗਿਰਦੇ ਵਾਂਗ ਨੱਕ ਨੂੰ ਚੜ੍ਹ ਰਹੀ ਸੀ ਅਤੇ ਕਿਤੇ ਕਿਤੇ ਅਜੇ ਤੱਕ ਵੀ ਧੂੰਆਂ ਨਿਕਲ ਰਿਹਾ ਸੀ। ਸਰਾਂਵਾਂ ਦੇ ਚੈਂਬਰਾਂ/ਤਹਿਖ਼ਾਨਿਆਂ ਦੇ ਝਰੋਖਿਆਂ ਵਿਚੋਂ ਅੱਗ ਅਤੇ ਧੂੰਏਂ ਦੀਆਂ ਲਪਟਾਂ ਨਿਕਲ ਕੇ ਘਰਾਲ਼ਾਂ ਜੰਮੀਆਂ ਪਈਆਂ ਸਨ ਜਿੱਥੇ ਫਸੇ ਹਜ਼ਾਰਾਂ ਯਾਤਰੂ ਅੰਦਰ ਗੈਸ ਸੁੱਟ ਕੇ ਅਤੇ ਬੰਬ ਮਾਰ ਕੇ ਖ਼ਤਮ ਕੀਤੇ ਗਏ ਸਨ। ਪੇਂਡੂ ਪਹੇ ਵਾਂਗ ਪ੍ਰਕਰਮਾ ਵਿਚ ਬਾਬਾ ਦੀਪ ਸਿੰਘ ਦੇ ਥੜ੍ਹੇ ਤੱਕ ਟੈਂਕਾਂ ਦੀਆ ਕੜੀਆਂ ਦੀਆਂ ਲੀਹਾਂ ਘਾਸੀਆਂ ਖੁੱਭੀਆਂ ਹੋਈਆਂ ਸਨ। ਇੱਕ ਨੁੱਕਰੇ ਹਾਰਮੋਨੀਅਮ, ਤਬਲਾ ਤੇ ਢੋਲਕੀ ਛੈਣੇ ਟੁੱਟੇ ਭੱਜੇ ਅੱਧ-ਸੜੇ ਖਿੱਲਰੇ ਮਰਸੀਆ ਵਿਰਲਾਪ ਕਰ ਰਹੇ ਸਨ ਜਿੱਥੇ ਕੋਈ ਜਥਾ ਸਿੱਖਿਆਰਥੀਆਂ ਨੂੰ ਸੰਗੀਤ ਸਿਖਾਉਂਦਾ ਕੋਹ ਕੋਹ ਕੇ ਮਾਰਿਆ ਹੋਵੇਗਾ। ਖ਼ਾਲਸਾ ਪੰਥ ਦੇ ਨਿਸ਼ਾਨ ਸਾਹਿਬ ਜ਼ਖਮੀ ਹਾਲਤ ਵਿਚ ਸਿਰ ਨੀਵਾਂ ਕਰੀ ਮਾਤਮ ਵਿਚ ਡੁੱਬੇ ਪਏ ਸਨ। ਅਕਾਲ ਦਾ ਤਖ਼ਤ ਬੁਰੀ ਤਰ੍ਹਾਂ ਢੱਠਾ ਵੈਰਾਨੀ ਦਾ ਦ੍ਰਿਸ਼ ਪੇਸ਼ ਕਰ ਰਿਹਾ ਸੀ। 
ਪਰਿਕਰਮਾ ਦੇ ਕਮਰਾ ਨੰਬਰ 36 ਜਿੱਥੇ ਕੁੱਝ ਦਿਨ ਪਹਿਲਾਂ ਹੀ ਮੈਂ ਸੁਖਦੇਵ ਸਿੰਘ ਉਰਫ਼ ਸੁੱਖਾ ਸਖੀਰਾ ਅਤੇ ਗੁਰਚਰਨ ਸਿੰਘ ਮਾਨੋਚਾਹਲ ਜੋ ਕਿ ਪੰਥਕ ਕਮੇਟੀ ਦੇ ਸਰਬਰਾਹ ਅਤੇ ਸੰਚਾਲਕ ਮੰਨੇ ਜਾਂਦੇ ਸਨ, ਦੀ ਮੇਜ਼ਬਾਨੀ ਵਿਚ ਕੁੱਝ ਪਲ ਬਿਤਾਏ ਸਨ, ਵੱਲ ਅੱਜ ਫਿਰ ਖਿੱਚਿਆ ਗਿਆ। ਉੱਥੇ ਅੱਧ ਜਲੀਆਂ ਦਸਤਾਰਾਂ, ਬਸਤਰ ਤੇ ਗਰਮ ਬਰੂਦ ਨਾਲ ਸੜੀਆਂ ਵਿੰਗੀਆਂ ਟੇਢੀਆਂ ਹੋਈਆਂ ਤਲਵਾਰਾਂ ਆਪਣੀ ਹੋਣੀ ਦਰਸਾਉਂਦੀਆਂ ਆਪਣੇ ਮਾਲਕਾਂ ਦੀ ਗ਼ੈਰਹਾਜ਼ਰੀ ਦਾ ਸੰਤਾਪ ਹੰਢਾ ਰਹੀਆਂ ਸਨ। ਉਨ੍ਹਾਂ ਦੀ ਕੋਈ ਉੱਘ-ਸੁੱਘ ਨਹੀਂ ਸੀ ਪਰ ਬਾਦ ਵਿਚ ਠੰਡ-ਠੰਡਾਉੜੇ ਸਮੇਂ ਉਹ ਉਜਾਗਰ ਹੋ ਗਏ ਤੇ ਆਪਣੀ ਅਖੀਰਲੀ ਘੜੀ ਔਧ ਤੱਕ ਸੰਤ ਭਿੰਡਰਾਂਵਾਲਾ ਦੀ ਦੱਸੀ ਲੀਹ ਤੇ ਸਤਰਕ ਫ਼ੁਲ ਚੜ੍ਹਾਉਂਦੇ ਸਿੱਖ ਕੌਮ ਦੀ ਅਗਵਾਈ ਕਰਦੇ ਰਹੇ। ਭਾਈ ਗੁਰਬਚਨ ਸਿੰਘ ਮਾਨੋਚਾਹਲ ਦੀ ਅਗਵਾਈ ਵਿਚ ਹੀ ਸਿੱਖ ਸੰਘਰਸ਼ ਨੂੰ ਕੌਮਾਂਤਰੀ ਪੱਧਰ ਤੇ ਲਿਜਾਉਣ ਵਾਸਤੇ 7 ਅਕਤੂਬਰ 1986 ਨੂੰ ਕੌਂਸਲ ਆਫ਼ ਖ਼ਾਲਿਸਤਾਨ ਦਾ ਐਲਾਨ ਕੀਤਾ ਗਿਆ।
ਸ਼ਰਧਾਲੂ ਸੰਗਤ ਅਕਾਲ ਤਖ਼ਤ ਦੀ ਪਿਛਵਾੜੀ ਖੂਹ ਦੇ ਵੀ ਪੁੱਜ ਕੇ ਉਚੇਚੇ ਦਰਸ਼ਨ ਕਰ ਰਹੀ ਸੀ। ਇੱਥੇ ਕਈ ਖਾੜਕੂ ਨੌਜਵਾਨ ਬਾਹਰ ਨਿਕਲਦੇ ਸਮੇਂ ਡਿਗ ਕੇ ਗ਼ਰਕ ਹੋ ਗਏ। ਇੱਥੋਂ ਹੀ ਇੱਕ ਨੌਜੁਆਨ ਅਨੋਖ ਸਿੰਘ ਉਬੋਕੇ ਸਮੇਤ ਕਈ ਸਿੰਘਾਂ ਨੂੰ ਹਰਿਮੰਦਰ ਅਕਾਲ ਤਖ਼ਤ ਤੋਂ ਨਿਕਲਦੇ ਸਮੇਂ ਫੜ ਲਿਆ ਗਿਆ। ਇਹ ਖੂਹ ਵੀ ਜੱਲਿਆਂਵਾਲਾ ਬਾਗ਼ ਵਿਚਲੇ ਖੂਹ ਵਾਂਗ ਪੂਜਣਯੋਗ ਬਣ ਗਿਆ। ਇੱਥੇ ਲਾਗੇ ਹੀ ਹੁਣ ਸ਼ਹੀਦੀ ਯਾਦਗਾਰ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ ਤੇ ਬਣ ਗਿਆ ਹੈ। ਇੱਥੇ ਵੀ ਸੰਤ ਭਿੰਡਰਾਂ ਵਾਲੇ ਦਾ ਨਾਮ ਲਿਖਣ ਤੇ ਕਈ ਏਜੰਸੀਆਂ ਦੇ ਢਿੱਡੀਂ ਪੀੜ ਉੱਠੀ ਸੀ ਪਰ ਇਹ ਜਲਦੀ ਹੀ ਸ਼ਾਂਤ ਹੋ ਗਈ ਤੇ ਉਸ ਮਹਾਨ ਸ਼ਹੀਦ ਦਾ ਨਾਮ ਮਿਟਾਉਣ ਵਾਲੇ ਆਪਣੇ ਆਪ ਹੀ ਮਿਟ ਗਏ ਜਾਂ ਦੁੰਬ ਦਬਾ ਕੇ ਪਾਸੇ ਹੋ ਗਏ।
ਘੰਟਾ ਘਰ, ਪ੍ਰਕਰਮਾ ਅਤੇ ਦਰਸ਼ਨੀ ਡਿਉੜੀ ਵਿਚ ਕੁੱਝ ਸੇਵਾਦਾਰ ਸ਼ਰਧਾਲੂਆਂ ਨੂੰ ਸੌ-ਸਾਖੀ ਦੇ ਨਾਮ ਦੇ ਪੇਸ਼ੀਨਗੋਈ ਕਰਦੇ ਪੈਂਫ਼ਲਿਟ/ਪਰਚੇ ਵੰਡ ਰਹੇ ਸਨ। ਇੱਕ ਪੈਂਫ਼ਲਿਟ ਮੇਰੇ ਹਿੱਸੇ ਵੀ ਆ ਗਿਆ। ਇਸ ਤੇ ਲਿਖਿਆ ਹੋਇਆ ਸੀ, ਕਦੇ ਦਰਬਾਰ ਸਾਹਿਬ ਦੀਆਂ ਪਰਿਕਰਮਾ ਵਿਚ ਏਨਾ ਲਹੂ ਡੁੱਲ੍ਹੇਗਾ ਕਿ ਘੋੜੇ ਦੇ ਸੁੰਮ ਡੁੱਬਣਗੇ। ਸ਼ਰਧਾਲੂ ਲੋਕ ਇਸ ਪੇਸ਼ੀਨਗੋਈ ਨੂੰ ਧੁਰ ਦਾ ਫ਼ਰਮਾਨ ਤੇ ਰੱਬੀ ਭਾਣਾ ਮੰਨ ਕੇ ਹੱਥ ਜੋੜਦੇ ਸਿਰ ਨਿਵਾ ਰਹੇ ਸਨ। ਬਾਬਰ ਦੇ ਹਮਲੇ ਸਮੇਂ ਸਥਾਨਿਕ ਪੇਸ਼ੀਨਗੋਈਆਂ ਨੇ ਦਾਅਵਾ ਕੀਤਾ ਸੀ ਕਿ ਉਹ ਆਪਣੇ ਮੰਤਰਾਂ ਨਾਲ ਬਾਬਰ ਦੀ ਫ਼ੌਜ ਨੂੰ ਅੰਨ੍ਹਾ ਕਰ ਦੇਣਗੇ ਪਰ ਕੁੱਝ ਨਹੀਂ ਹੋਇਆ, ਉਹ ਆਪਣਾ ਕੁਕਰਮ ਕਰ ਗਏ। 
ਬਾਬਰ-ਬਾਣੀ ਵਿਚ ਗੁਰੂ ਨਾਨਕ ਦੇ ਸ਼ਬਦ ਕੋਈ ਮੁਗ਼ਲ ਨਾ ਹੋਆ ਅੰਧਾ, ਕਿਨੇ ਨਾ ਪਰਚਾ ਲਾਇਆ। 
ਸੋਮਨਾਥ ਮੰਦਿਰ ਤੇ ਚੜ੍ਹਾਈ ਵੇਲੇ ਵੀ ਉਹ ਧਰਮ ਇਸ ਦੇ ਧਾੜਵੀਆਂ ਦਾ ਕੁੱਝ ਨਾ ਵਿਗਾੜ ਸਕਿਆ। ਆਪਣੇ ਆਪ ਨੂੰ ਸੀਮਾ ਵਿਚ ਸੁਰੱਖਿਅਤ ਰੱਖੋ, ਹਰ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ, ਚੋਰ ਡਾਕੂ ਕਿਸੇ ਨਾ ਆਖੋ। ਕੁੱਝ ਸ਼ਰਧਾਲੂ ਸੰਤਾਂ ਦੀ ਬਹਾਦਰੀ ਦੀਆ ਟਾਹਰਾਂ ਲਗਾਉਂਦੇ ਭਰਵੱਟੇ ਫੈਲਾ ਰਹੇ ਸਨ ਪਰ ਕੁੱਝ ਇਸ ਨੂੰ ਬੁਜ਼ਦਿਲ ਕਾਰਵਾਈ ਮੰਨਦੇ ਸਿਰ ਫੇਰ ਰਹੇ ਸਨ। 
ਭਿੰਡਰਾਂ ਵਾਲਾ ਸੇਰ ਆਪਣੀ ਅਰਦਾਸ ਪੁਗਾ ਗਿਆ ਪਰ ਕਿੰਨਾ ਚੰਗਾ ਹੁੰਦਾ ਇਸ ਪਵਿੱਤਰ ਧਾਮ ਨੂੰ ਲੜਾਈ ਦਾ ਮੈਦਾਨ ਨਾ ਬਣਾਉਂਦਾ, ਬਾਹਰ ਆ ਕੇ ਲੜਦਾ ਮਰਦਾ ਕੁਰਬਾਨ ਹੋ ਜਾਂਦਾ, ਤੇ ਜੋ ਦੁਰਦਸ਼ਾ ਇਸ ਪਵਿੱਤਰ ਧਾਮ ਦੀ ਹੋਈ, ਇਹ ਨਾ ਹੁੰਦੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਾਰੀ ਅਕਾਲੀ ਲੀਡਰਸ਼ਿਪ ਲੋਕ-ਤਬਸਰੇ ਦੇ ਗ਼ੁੱਸੇ ਦਾ ਟਾਰਗੈਟ ਬਣ ਰਹੀ ਸੀ ਜਿਨ੍ਹਾਂ ਦੀ ਅਣਗਹਿਲੀ ਕਰ ਕੇ ਇਸ ਪਵਿੱਤਰ ਗੁਰਧਾਮ ਵਿਚ ਏਨਾ ਭਾਰੀ ਅਸਲਾ ਜਮ੍ਹਾ ਹੁੰਦਾ ਰਿਹਾ ਜੋ ਇਸ ਸਾਰੀ ਵਿਨਾਸ਼ਕਾਰੀ ਦਾ ਕਾਰਨ ਬਣਿਆ। ਇਹੀ ਪ੍ਰਬੰਧਕੀ ਤਿੱਕੜੀ ਹਜ਼ਾਰਾਂ ਮਸੂਮ ਭੁੱਖਣ-ਭਾਣੀਆਂ ਜਿੰਦਾ ਨੂੰ ਗੋਲੀਆਂ ਦੀਆਂ ਬੁਛਾੜਾਂ ਦੇ ਸਾਹਮਣੇ ਡਾਹ ਕੇ ਆਪ ਹੱਥ ਖੜ੍ਹੇ ਕਰ ਕੇ ਭਾਰਤੀ ਫ਼ੌਜ ਸਾਹਮਣੇ ਆਤਮ-ਸਮ੍ਰਪਿਣ ਕਰਦੇ ਆਪਣੀਆਂ ਜਾਨਾਂ ਬਚਾਉਣ ਖ਼ਾਤਰ ਬਾਹਰ ਨਿਕਲਦੇ ਟੀæ ਵੀæ ਨੇ ਦਿਖਾਏ ਸਨ, ਜਿਸ ਨੂੰ ਵੇਖ ਕੇ ਦਰਸ਼ਕ ਦੁਰ-ਲਾਅਨਤ ਕਰ ਰਹੇ ਸਨ।
ਸੱਚ ਖੰਡ ਹਰਿਮੰਦਰ ਸਾਹਿਬ ਦੀ ਪਵਿੱਤਰ ਇਮਾਰਤ ਅੰਦਰ ਤੇ ਪੌੜੀਆਂ ਚੜ੍ਹ ਕੇ ਉੱਪਰ ਦੇ ਗੁੰਬਦ ਛੇਕਾਂ ਨਾਲ ਭਰੇ ਪਏ ਸਨ। ਛੱਤ ਦੇ ਗੁੰਬਦਾਂ ਉੱਪਰ 150 ਤੋਂ ਵੱਧ ਗੋਲੀਆਂ ਦੇ ਨਿਸ਼ਾਨ ਮੈਂ ਆਪ ਗਿਣੇ ਸਨ। ਸ੍ਰੀ ਗ੍ਰੰਥ ਸਾਹਿਬ ਦੀ ਦੇਹ ਵੀ ਗੋਲੀਆਂ ਨਾਲ ਵਿੰਨ੍ਹੀਂ ਪਈ ਨਹੀਂ ਸੀ ਬਚ ਸਕੀ ਇਨ੍ਹਾਂ ਜਰਵਾਣਿਆਂ ਦੀਆ ਗੋਲ਼ੀਆਂ ਤੋਂ। (ਇੱਥੇ ਜਨਰਲ ਬਰਾੜ ਦਾ ਇਹ ਕਥਨ ਤੇ ਦਾਵਾ ਬਿਲਕੁੱਲ ਗਲਤ ਸਾਬਤ ਹੁੰਦਾ ਹੈ ਕਿ ਉਸ ਨੇ ਆਪਣੀ ਫੋਜ ਨੂੰ ਹੁਕਮ ਦਿੱਤੇ ਸਨ ਕਿ ਹਰਿਮੰਦਰ ਸਾਹਿਬ ਵੱਲ ਕੋਈ ਗੋਲ਼ੀ ਨਹੀਂ ਚਲਾਉਣੀ) ਟੱਟੀ ਪਿਸ਼ਾਬ ਤੋਂ ਆਤੁਰ ਅੰਦਰ ਫਸੇ ਸ਼ਰਧਾਲੂ ਅਤੇ ਕਰਿੰਦੇ ਗੋਲੀਆਂ ਸੰਗੀਨਾਂ ਤੋਂ ਬਚਦੇ ਸਰੋਵਰ ਵਿਚ ਛਾਲਾਂ ਮਾਰ ਕੇ ਬਚ ਨਿਕਲ਼ਨ ਦੀ ਆੜ ਵਿਚ ਉੱਪਰੋਂ ਗੋਲੀਆਂ ਦਾ ਨਿਸ਼ਾਨਾ ਬਣਦੇ ਮੱਛੀਆਂ ਵਾਂਗ ਨਿਰਜਿੰਦ ਲਾਸ਼ਾਂ ਬਣ ਪਾਣੀ ਉੱਪਰ ਤਰਨ ਲੱਗੇ ਜੋ ਮੱਛੀਆਂ ਦੇ ਨਾਲ ਹੀ ਟਰੱਕਾਂ ਵਿਚ ਲੱਦ ਕੇ ਬਾਹਰ ਢੋਏ ਗਏ ਸਨ।
ਇੱਕ ਇੱਲ ਜਾਂ ਬਾਜ਼ ਵਰਗਾ ਕੋਈ ਪੰਛੀ ਆਕਾਸ਼ ਵਿਚ ਮੰਡਲਾਉਣ ਲੱਗਾ ਯਾਤਰੂਆਂ ਦਾ ਧਿਆਨ ਖਿੱਚ ਰਿਹਾ ਸੀ। ਇਹ ਬਾਜ਼ ਕਈ ਦਿਨ ਪਹਿਲਾਂ ਚੱਕਰ ਮਾਰਦਾ ਅਕਾਲ ਤਖ਼ਤ ਦੇ ਨਿਸ਼ਾਨ ਸਾਹਿਬ ਤੇ ਆ ਕੇ ਬੈਠ ਜਾਂਦਾ ਸੀ ਪਰ ਅੱਜ ਇਸ ਨੂੰ ਬੈਠਣ ਦੀ ਜਗ੍ਹਾ ਨਹੀਂ ਮਿਲੀ। ਲੋਕ ਇਸ ਦੀ ਆਮਦ ਨੂੰ ਸ਼ੁੱਭ ਸੰਦੇਸ਼ ਸਮਝਦੇ ਸਨ ਕਿ ਇਹ ਸਿੱਖ ਕੌਮ ਨੂੰ ਚੜ੍ਹਦੀ ਕਲਾ ਵਿਚ ਰੱਖਣ ਵਾਸਤੇ ਗੁਰੂ ਗੋਬਿੰਦ ਸਿੰਘ ਦਾ ਭੇਜਿਆ ਹੋਇਆ ਦੂਤ ਹੈ ਕਿ ਸਿੰਘੋ ਹੌਸਲਾ ਨਹੀਂ ਹਾਰਨਾ, ਚੜ੍ਹਦੀ ਕਲਾ ਵਿਚ ਰਹਿਣਾ ਹੈ। ਦੂਜੇ ਪਾਸੇ ਕਈ ਕੁੱਟਲ ਲੋਕਾਂ ਦੀ ਇਹ ਵੀ ਧਾਰਨਾ ਸੀ ਕਿ ਇਹ ਇੰਦਰਾ ਗਾਂਧੀ ਦਾ ਗੁਪਤਚਰ ਹੈ ਜੋ ਹਰ ਰੋਜ਼ ਦਰਬਾਰ ਸਾਹਿਬ ਅੰਦਰ ਹੋ ਰਹੀਆਂ ਗਤੀਵਿਧੀਆਂ ਦੀ ਰਿਪੋਰਟ ਦਿੱਲੀ ਦਰਬਾਰ ਪਹੁੰਚਾਉਂਦਾ ਹੈ। ਇਹੀ ਬਾਜ਼ ਮੈਂ ਅਕਾਲੀ ਮੋਰਚਿਆਂ, ਮਾਸਟਰ ਤਾਰਾ ਸਿੰਘ ਅਤੇ ਸੰਤ ਫ਼ਤਿਹ ਸਿੰਘ ਦੇ ਮਰਨ ਵਰਤਾਂ ਤੇ ਹਵਨ-ਕੁੰਡ ਦੇ ਆਡੰਬਰ ਸਮੇਂ ਵੀ ਵੇਖਿਆ ਕਰਦਾ ਸੀ। ਫ਼ਤਿਹ ਸਿੰਘ ਦੇ ਮਰਨ ਵਰਤ ਦੇ ਅਖੀਰਲੇ ਦਿਨ ਅਕਾਲ ਤਖ਼ਤ ਦੀ ਉੱਪਰਲੀ ਮੰਜ਼ਿਲ ਦੀ ਦੱਖਣ ਪੱਛਮੀ ਕੋਨੇ ਉੱਤੇ ਬਣਿਆ ਅੰਗੀਠਾ ਤਪ ਰਿਹਾ ਸੀ, ਜਿਸ ਵਿਚ ਸੰਤ ਜੀ ਨੇ ਤਿੰਨ ਵਜੇ ਛਾਲ ਮਾਰ ਕੇ ਆਤਮ ਦਾਹ ਕਰਨਾ ਸੀ। ਸਮਾਂ ਨੇੜੇ ਆਉਂਦਾ ਵੇਖ ਕੇ ਸੰਤ ਜੀ ਦੀ ਆਤਮਾ ਡੁੱਬਦੀ ਜਾ ਰਹੀ ਸੀ। ਇੱਕ ਮਿੰਟ ਪਹਿਲਾਂ ਰੱਬੀ ਕਰਾਮਾਤ ਵਾਂਗ ਬਾਜ਼ ਸਾਹਿਬ ਗੇੜੇ ਕੱਢਦੇ ਸੰਗਤਾਂ ਨੂੰ ਦਰਸ਼ਨ ਆਣ ਦਿੱਤੇ। ਥੋੜ੍ਹੀ ਦੇਰ ਵਿਚ ਉੱਪਰ ਇੱਕ ਜਹਾਜ਼ ਆ ਗਿਆ ਤੇ ਫਿਰ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਜੈਕਾਰੇ ਗੂੰਜ ਉੱਠੇ। ਗਰਮਾ ਗਰਮ ਭਾਸ਼ਣ ਵਿੱਚੇ ਛੱਡ ਕੇ ਸੂਚਨਾ ਦਿੱਤੀ ਗਈ ਕਿ ਇੰਦਰਾ ਦੇ ਦੂਤ ਹੁਕਮ ਸਿੰਘ ਦਾ ਜਹਾਜ਼ ਆ ਗਿਆ ਹੈ ਤੇ ਉਸ ਨੇ ਸਾਰੀਆਂ ਮੰਗਾਂ ਮੰਨਣ ਦਾ ਵਾਅਦਾ ਕਰਦੇ ਸੰਤ ਫ਼ਤਿਹ ਸਿੰਘ ਜੀ ਨੂੰ ਆਪਣਾ ਆਤਮ-ਦਾਹ ਦਾ ਫ਼ੈਸਲਾ ਤਿਆਗਣ ਦੀ ਬੇਨਤੀ ਕੀਤੀ ਹੈ। ਨੀਲਾ ਤਾਰਾ ਕਾਰਵਾਈ ਸਮੇਂ ਇਹ ਬਾਜ਼ ਪੰਜਾਬ ਦੇ ਸੈਂਕੜੇ ਹੋਰ ਪੇਂਡੂ ਗੁਰਦੁਆਰਿਆਂ ਵਿਚ ਵੀ ਵੇਖਿਆ ਗਿਆ ਜੋ ਬਾਅਦ ਵਿਚ ਕਈ ਥਾਂਈਂ ਮਰਕੁਟੀ ਇੱਲ ਸਾਬਤ ਹੋਇਆ। ਇਸ ਦਾ ਰਹੱਸ ਇੱਕ ਅਣਸੁਲਝਾਈ ਗੁੱਝੀ ਗੁਥਲੀ ਹੀ ਰਹਿ ਗਈ ਜੋ ਬਹੁਤਿਆਂ ਦੀ ਨਜ਼ਰੀਂ ਨਹੀਂ ਚੜ੍ਹੀ। (ਜੇ ਕੋਈ ਪਾਠਕ ਇਸ ਰਹੱਸ ਬਾਰੇ ਜਾਣਕਾਰੀ ਦੇ ਸਕੇ ਤਾਂ ਸਵਾਗਤ)
ਨੌਂ ਜੂਨ ਨੂੰ ਖੰਡਰ ਹੋਏ ਅਕਾਲ ਤਖ਼ਤ ਦੇ ਸਾਹਮਣੇ ਪ੍ਰਕਰਮਾ ਵਿਚ ਖੜ੍ਹਾ ਹੈੱਡ ਜਥੇਦਾਰ ਗਿਆਨੀ ਕਿਰਪਾਲ ਸਿੰਘ ਪੀੜਤ ਦੁਖੀ ਹਮਦਰਦ ਸ਼ਰਧਾਲੂਆਂ ਦੀ ਇਕੱਠੀ ਹੋਈ ਉਤਸੁਕ ਭੀੜ ਨੂੰ ਇਨ੍ਹਾਂ ਸਾਰੇ ਦਿਨਾਂ ਦੀ ਦਾਸਤਾਨ ਸੁਣਾ ਰਿਹਾ ਸੀ। ਉਸ ਨੇ ਹੀ ਰੇਡੀਉ ਟੀæ ਵੀæ ਤੇ ਸੰਦੇਸ਼ ਦਿੱਤਾ ਸੀ ਕਿ ਕੋਠਾ ਸਾਹਿਬ, ਅਕਾਲ ਤਖ਼ਤ ਅਤੇ ਹਰਿਮੰਦਰ ਸਾਹਿਬ ਦਾ ਕੁੱਝ ਨਹੀਂ ਵਿਗੜਿਆ ਤੇ ਤੋਸ਼ਾਖ਼ਾਨਾ ਵੀ ਸਭ ਠੀਕ ਠਾਕ ਹਨ, ਸਿਰਫ਼ ਪਰਿਕਰਮਾ ਹੀ ਥੋੜ੍ਹੀ ਜਿਹੀ ਟੁੱਟੀ ਹੈ। 
'ਕੰਜਰਾ ਚੌਰਿਆ! ਤੂੰ ਆਪਣੀ ਜਾਨ ਬਚਾਉਣ ਖ਼ਾਤਰ ਸਿੱਖ ਪੰਥ ਮੂਹਰੇ ਏਨਾ ਵੱਡਾ ਕੁਫ਼ਰ ਤੋਲਿਆæææ ਏਨਾ ਝੂਠ ਬੋਲਿਆ! ਵੇਖ ਇਹ ਠੀਕ ਠਾਕ ਹੈ? ਤੂੰ ਕਿਉਂ ਨਹੀਂ ਮਰਿਆ! ਕਿੱਥੇ ਹੈ ਸਾਡਾ ਅਕਾਲ ਤਖ਼ਤ! ਕਿੱਥੇ ਹੈ ਸਾਡਾ ਕੀਮਤੀ ਤੋਸ਼ਾਖ਼ਾਨਾ ਜਿਸ ਨੂੰ ਕਹਿੰਦੋਂ ਕੁੱਝ ਨਹੀਂ ਵਿਗੜਿਆ?। ਉਸ ਦੇ ਗਲ਼ੋਂ ਫੜ ਕੇ ਘਸੀਟਦੀ ਖ਼ੂੰਖ਼ਾਰ ਹੋਈ ਇੱਕ ਬੀਬੀ ਉਸ ਨੂੰ ਫਿੱਟ-ਲਾਅਨਤ ਕਰਦੀ ਕੋਸ ਰਹੀ ਮੈਂ ਆਪਣੀ ਅੱਖੀਂ ਦੇਖੀ ਸੀ। ਕੇਸਰੀ ਦੁਪੱਟੇ ਵਾਲੀ ਇਸ ਬੀਬੀ ਦੀ ਹਾਮੀ ਭਰਦੇ ਉਤੇਜਿਤ ਹੋਏ ਹੋਰ ਸਾਥੀ ਸ਼ਰਧਾਲੂ ਵੀ ਹਿੰਸਕ ਹੁੰਦੇ ਵੇਖੇ ਗਏ। ਫ਼ੌਜੀ ਬਸਤਰਾਂ ਵਿਚ ਕੁੱਝ ਸਿਕਿਉਰਿਟੀ ਗਾਰਡ ਇਕਦਮ ਨੇੜੇ ਆਏ ਤੇ ਜਥੇਦਾਰ ਨੂੰ ਛੁਡਾ ਕੇ ਪਿੱਛੇ ਲੈ ਗਏ। ਇਸ ਗਰਮਾ-ਗਰਮੀ ਤੇ ਭਗਦੜ ਮੱਚਦੀ ਜਾਚ ਕੇ ਦੱਖਣੀ ਘੰਟਾ ਘਰ ਦੇ ਫ਼ੌਜੀ ਦਫ਼ਤਰ ਵਿਚੋਂ ਧੂਤੂਆਂ ਰਾਹੀਂ ਚੇਤਾਵਨੀ ਨਾਲ ਸਭ ਯਾਤਰੂਆਂ ਨੂੰ ਤੁਰੰਤ ਬਾਹਰ ਨਿਕਲ਼ਨ ਦੇ ਹੁਕਮ ਚੜ੍ਹਾ ਦਿੱਤੇ ਗਏ। ਸ਼ਹਿਰ ਦੀ ਪੁਰਾਣੀ ਦੀਵਾਰ ਦੇ ਅੰਦਰਲੇ ਇਲਾਕੇ ਵਿਚ ਛੇ ਘੰਟੇ ਚੱਲਣ ਵਾਲੀ ਕਰਫਿਊ ਦੀ ਢਿੱਲ ਨੂੰ ਖ਼ਤਮ ਕਰ ਕੇ ਮੁੜ ਕਰਫ਼ਿਊ ਸਤਰਕ ਕਰ ਦਿੱਤਾ ਗਿਆ ਸੀ। ਪਲੋ ਪਲੀ ਮੇਰੇ ਸਮੇਤ ਬਾਹਰਲੇ ਦਰਸ਼ਕ ਮੁੜ ਟੁੱਟੀਆਂ ਪੌੜੀਆਂ ਚੜ੍ਹ ਕੇ ਬਾਹਰ ਨਿਕਲ ਗਏ। ਬਾਹਰ ਨਿਕਲਣ ਵਾਲੇ ਯਾਤਰੀਆਂ ਦੀ ਵੀ ਤਲਾਸ਼ੀ ਹੋ ਰਹੀ ਸੀ। ਮੇਰੇ ਕੋਲੋਂ ਕੈਮਰੇ ਦੀ ਰੀਲ੍ਹ ਕੱਢ ਕੇ ਮੇਰੀਆਂ ਲਈਆਂ ਤਸਵੀਰਾਂ ਤੋਂ ਮੈਨੂੰ ਵਾਂਝਾ ਕਰ ਦਿੱਤਾ ਗਿਆ। ਮੇਰੇ ਪਹਿਚਾਣ-ਪੱਤਰ ਤੋਂ ਬਿਨਾਂ ਹੋਰ ਕਾਗ਼ਜ਼ ਜਿਨ੍ਹਾਂ ਵਿਚ ਉਹ ਸੌ ਸਾਖੀ ਵਾਲਾ ਕਾਗ਼ਜ਼ ਸੀ, ਵੀ ਮੈਥੋਂ ਹਥਿਆ ਲਏ ਗਏ। 
ਸੰਤ ਭਿੰਡਰਾਂਵਾਲੇ ਉਸ ਵੇਲੇ ਹੀ ਉਨ੍ਹਾਂ ਦੇ ਪਰਿਵਾਰਿਕ ਮੈਂਬਰ, ਫ਼ੌਜੀ ਭਰਾ ਅਤੇ ਹੋਰ ਸੱਜਣਾਂ ਮਿੱਤਰਾਂ ਦੀ ਸ਼ਨਾਖ਼ਤ ਅਨੁਸਾਰ ਅਹੂਤੀਆਂ ਪ੍ਰਾਪਤ ਕਰ ਚੁੱਕੇ ਸਨ ਤੇ ਉਨ੍ਹਾਂ ਦਾ ਸੰਸਕਾਰ ਕਰ ਦਿੱਤਾ ਗਿਆ ਸੀ ਪਰ ਇਹ ਖ਼ਬਰ ਸਿੱਖ ਸੰਗਤਾਂ ਨੂੰ ਮਨਜ਼ੂਰ ਨਹੀਂ ਸੀ। ਕਈ ਆਗੂ ਇਹ ਵੀ ਦਾਅਵਾ ਕਰਦੇ ਰਹੇ ਕਿ ਸੰਤ ਜਰਨੈਲ ਸਿੰਘ ਜੀ ਪੰਜਾਂ ਸਿੰਘਾਂ ਦੇ ਹੁਕਮ ਨਾਲ ਵਰ੍ਹਦੀਆਂ ਗੋਲੀਆਂ ਵਿਚ ਬਾਹਰ ਨਿਕਲ ਗਏ ਸਨ ਤੇ ਠੀਕ ਠਾਕ ਚੜ੍ਹਦੀ ਕਲਾ ਵਿਚ ਹਰੀ ਕਾਇਮ ਹਨ ਤੇ ਉਹ ਜਲਦੀ ਹੀ ਟੀæ ਵੀæ ਤੇ ਸਿੱਖ ਕੌਮ ਨੂੰ ਸੰਬੋਧਨ ਕਰਨਗੇ। ਇਹ ਵੀ ਕਿਹਾ ਗਿਆ ਕਿ ਸਰਕਾਰੀ ਏਜੰਟਾਂ ਨੇ ਸੰਤ ਭਿੰਡਰਾਂਵਾਲੇ ਨੂੰ ਪਾਸਪੋਰਟ/ਵੀਜ਼ਾ ਦੇ ਕੇ ਬਾਹਰ ਅਮਰੀਕਾ ਭੇਜ ਦਿੱਤਾ ਹੈ। ਕਿਧਰੇ ਕਿਧਰੇ ਇਹ ਵੀ ਗੁਮਰਾਹਕੁਨ ਪ੍ਰਚਾਰ ਕੀਤਾ ਗਿਆ ਕਿ ਉਹ ਜ਼ਖਮੀ ਹਾਲਤ ਵਿਚ ਜੇਰੇ-ਇਲਾਜ ਹਨ ਤੇ ਜਲਦੀ ਹੀ ਸੁਅਸਥ ਹੋ ਕੇ ਪੰਥ ਸੇਵਾ ਕਰਨੀ ਲੋਚਦੇ ਹਨ। ਪਾਕਿਸਤਾਨ ਦਾ ਟੀæ ਵੀæ ਰੇਡੀਉ ਕਈ ਦਿਨ ਭੰਡੀ ਪ੍ਰਚਾਰ ਕਰਦਾ ਰਿਹਾ ਕਿ ਬਹਾਦਰ ਜਰਨੈਲ ਸੰਤ ਭਿੰਡਰਾਂਵਾਲੇ ਠੀਕ ਠਾਕ ਸਾਡੇ ਕੋਲ ਹਨ ਤੇ 25 ਜੂਨ 1984 ਨੂੰ ਛੋਟੇ ਪਰਦੇ ਤੇ ਸਿੱਖ ਕੌਮ ਦੇ ਨਾਮ ਪੈਗ਼ਾਮ ਦੇਣਗੇ, ਪਰ ਉਹ ਇਹ ਕੰਮ ਕਦੇ ਨਾ ਕਰ ਸਕੇ। ਸ਼ਰਧਾਲੂ ਅੱਖੀਆਂ ਅੱਡੀ ਉਡੀਕਦੇ ਉਨ੍ਹਾਂ ਦੇ ਦੀਦਾਰ ਨੂੰ ਤਰਸਦੇ ਰਹੇ ਪਰ ਬਾਦ ਵਿਚ ਫਿਰ ਉਨ੍ਹਾਂ ਦੇ ਕਦੇ ਦਰਸ਼ਨ ਨਹੀਂ ਹੋਏ।
ਸਰਕਾਰੀ ਅੰਕੜਿਆਂ ਅਨੁਸਾਰ ਇਸ ਅਪ੍ਰੇਸ਼ਨ ਵਿਚ ਮਰਨ ਵਾਲੇ ਫ਼ੌਜੀਆਂ ਦੀ ਗਿਣਤੀ 800 ਸੀ ਜਦੋਂ ਕਿ ਗ਼ੈਰਸਰਕਾਰੀ ਵਸੀਲੇ ਇਸ ਦੀ ਗਿਣਤੀ 1500 ਦੱਸਦੇ ਹਨ। ਦਰਸ਼ਕ ਤੇ ਸ਼ਰਧਾਲੂਆਂ ਦੀ ਸ਼ਹੀਦ ਗਿਣਤੀ ਸਰਕਾਰੀ ਤੌਰ ਤੇ 1500 ਦੱਸੀ ਗਈ ਜਦੋਂ ਕਿ ਪ੍ਰਾਈਵੇਟ ਵਸੀਲਿਆਂ ਅਨੁਸਾਰ ਗਿਣਤੀ 5000 ਤੋਂ ਵੀ ਵੱਧ ਸੀ। ਇਨ੍ਹਾਂ ਗਿਣਤੀਆਂ ਦੇ ਅੰਕੜੇ ਵੱਖ ਵੱਖ ਏਜੰਸੀਆਂ ਵੱਲੋਂ ਕਦੇ ਵੀ ਇੱਕ ਦੂਸਰੀ ਨਾਲ ਨਹੀਂ ਮਿਲੇ ਤੇ ਇਹ ਭੰਬਲਭੂਸਾ ਜਾਰੀ ਹੈ। ਲਾਪਤਾ ਹੋਏ ਹਜ਼ਾਰਾਂ ਦੀ ਗਿਣਤੀ ਅਜੇ ਤੱਕ ਪੂਰੀ ਨਹੀਂ ਹੋ ਸਕੀ ਤੇ ਗਵਾਚੀਆਂ ਜ਼ਿੰਦਗੀਆਂ ਦੇ ਵਾਰਿਸ ਅਜੇ ਤੱਕ ਮੂੰਹ ਅੱਖਾਂ ਉੱਪਰ ਚੁੱਕੀ ਉਨ੍ਹਾਂ ਦੇ ਮੁੜ ਆਉਣ ਦੀ ਤਾਕ ਵਿਚ ਤੜਫਦੇ ਭਟਕਦੇ ਉਡੀਕ ਰਹੇ ਹਨ। 
ਸਿੱਖ ਸੰਗਤਾਂ ਦੇ ਰੋਹ ਨੂੰ ਭਾਂਪ ਕੇ ਸਰਕਾਰ ਦਾ ਪਹਿਲਾ ਕੰਮ ਹੁਣ ਇਸ ਢੱਠੀ ਹੋਈ ਇਮਾਰਤ ਦੀ ਮੁੜ ਉਸਾਰੀ ਕਰਨਾ ਸੀ। ਸਿੱਖ ਸੰਸਥਾਵਾਂ ਅਤੇ ਬਹੁਤੇ ਸਿੱਖ ਲੀਡਰ ਇਹ ਚਾਹੁੰਦੇ ਸਨ ਕਿ ਇਸ ਤਰ੍ਹਾਂ ਢੱਠੇ ਅਕਾਲ ਤਖ਼ਤ ਨੂੰ ਜਿਉਂ ਦਾ ਤਿਉਂ ਰੱਖਿਆ ਜਾਵੇ ਤਾਂ ਜੋ ਆਉਂਦੀਆਂ ਪੀੜ੍ਹੀਆਂ ਭਾਰਤ ਸਰਕਾਰ ਦੀ ਸਿੱਖਾਂ ਨਾਲ ਕੀਤੀ ਇਹ ਧੱਕੇਸ਼ਾਹੀ ਰਹਿੰਦੀਆਂ ਮੁੱਦਤਾਂ ਤੱਕ ਵੇਖ ਸਕੇ। ਸਿੱਖ ਮਰਯਾਦਾ ਦੀ ਖਾਨਾਪੂਰਤੀ ਵਾਸਤੇ ਸਰਕਾਰੀ ਵਿਚੋਲਿਆਂ ਵੱਲੋਂ ਇੱਕ ਸਰਬੱਤ ਖ਼ਾਲਸਾ ਦਾ ਆਯੋਜਨ ਕਰਵਾਇਆ ਗਿਆ ਜਿਸ ਨੂੰ ਪੰਥਕ ਧਿਰਾਂ ਨੇ ਸ਼ਰਬਤ ਖ਼ਾਲਸਾ ਦਾ ਨਾਮ ਦੇ ਕੇ ਨਾਮਨਜ਼ੂਰ ਕਰ ਦਿੱਤਾ। ਨਿਹੰਗ ਮੁਖੀ ਬਾਬਾ ਸੰਤਾ ਸਿੰਘ ਜੋ ਸਰਕਾਰੀ ਏਜੰਟ ਹੀ ਸੀ, ਬੂਟਾ ਸਿੰਘ ਦੀ ਵਿਚੋਲਗੀ ਨਾਲ ਕਾਰ ਸੇਵਾ ਕਰਨ ਲਈ ਮੰਨ ਗਿਆ ਤੇ ਮਿਲਟਰੀ ਦੀ ਦੇਖ-ਰੇਖ ਵਿਚ ਸਰਕਾਰੀ ਖ਼ਰਚ ਤੇ ਅਕਾਲ ਤਖ਼ਤ ਮੁਕੰਮਲ ਕਰਨ ਦੀ ਸਰਸਰੀ ਕਾਰਵਾਈ ਪੂਰੀ ਕਰ ਲਈ ਗਈ। ਸਿੱਖ ਸੰਗਤਾਂ ਵੱਲੋਂ ਨਵੇਂ ਉਸਾਰੇ ਇਸ ਤਖ਼ਤ ਨੂੰ ਸਰਕਾਰ ਤਖ਼ਤ ਗਰਦਾਨਿਆ ਗਿਆ। ਸੱਤ ਕਰੋੜ ਦੀ ਲਾਗਤ ਨਾਲ ਬਣਾਇਆ ਸਰਕਾਰੀ ਅਕਾਲ ਤਖ਼ਤ ਸੰਗਤਾਂ ਨੂੰ ਮਨਜ਼ੂਰ ਨਾ ਹੋਇਆ ਕਿਉਂਕਿ ਇਹ ਸਿੱਖੀ ਸਿਧਾਂਤਾਂ ਨੂੰ ਸਿੱਧੀ ਵੰਗਾਰ ਸੀ। ਉਨ੍ਹਾਂ ਦੀ ਕੀਤੀ ਸਰਕਾਰੀ ਕਾਰ-ਸੇਵਾ ਸਿੱਖ ਸੰਗਤ ਨੂੰ ਮਨਜ਼ੂਰ ਨਾ ਹੋਈ ਤੇ ਫਿਰ ਉਹ ਸਰਕਾਰ ਤਖ਼ਤ ਮੁੜ ਤੋਂ ਢਾਹ ਕੇ ਸਿੱਖ ਸੰਗਤਾਂ ਨੇ ਆਪ ਆਪਣੇ ਹੱਥੀਂ ਆਪਣੇ ਖ਼ਰਚੇ ਤੇ ਆਪਣਾ ਨਵਾਂ ਸੁੰਦਰ ਸੁਨਹਿਰੀ ਅਕਾਲ ਤਖ਼ਤ ਬਣਾਇਆ। ਸਿੱਖਾਂ ਦੇ ਜਜ਼ਬਾਤਾਂ ਨਾਲ ਓਤ-ਪੋਤ ਤੇ ਸ਼ਰਧਾ ਨਾਲ ਭਰਪੂਰ ਇੱਕ ਨਵੀਂ ਆਲੀਸ਼ਾਨ ਇਮਾਰਤ ਖੜ੍ਹੀ ਕਰ ਦਿੱਤੀ। 
ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਵੇਲੇ ਦਸੰਬਰ 1986 ਵਿਚ, ਸਿੱਖਾਂ ਦੇ ਰੋਹ ਨੂੰ ਦਬਾਉਣ ਅਤੇ ਰਹਿੰਦੇ ਖਾੜਕੂ ਫੜਨ ਤੇ ਮੁਕਾਉਣ ਲਈ ਇੱਕ ਹੋਰ ਬਲੈਕ-ਥੰਡਰ ਵੁੱਡ-ਰੋਜ਼ ਓਪਰੇਸ਼ਨ ਕੀਤਾ ਗਿਆ। ਜਕਰੀਆ ਖ਼ਾਨ ਦੇ ਜ਼ਮਾਨੇ ਵਾਂਗ 15 ਤੋਂ 35 ਸਾਲਾ ਦੇ ਨੌਜੁਆਨਾਂ ਦਾ ਮੁੜ ਘਾਣ ਕੀਤਾ ਗਿਆ। ਸਿੱਖ ਕੌਮ ਨੇ ਇਹ ਵੀ ਸਭ ਖਿੜੇ ਮੱਥੇ ਝੱਲਿਆ। 
ਹੁਣ ਅੰਦਰ ਬਾਹਰ ਹਰਿਮੰਦਰ ਸਾਹਿਬ ਪੂਰੇ ਜਾਹੋ-ਜਲਾਲ ਨਾਲ ਦੁਨੀਆ ਨੂੰ ਰੌਸ਼ਨੀ ਵੰਡ ਰਿਹਾ ਹੈ ਤੇ ਸਰਕਾਰ, ਸ਼੍ਰੋਮਣੀ ਕਮੇਟੀ ਨੇ ਕਈ ਸਕੀਮਾਂ ਬਣਾ ਕੇ ਇਸ ਦੇ ਚਾਰ ਚੁਫੇਰੇ ਗਲਿਆਰਾ ਯੋਜਨਾ ਅਧੀਨ ਇਸ ਨੂੰ ਤੇ ਇਸ ਦੇ ਚਾਰ ਚੁਫੇਰੇ ਨੂੰ ਸੁੰਦਰ ਬਣਾਉਣ ਦੀ ਯੋਜਨਾ ਚਲਾ ਦਿੱਤੀ ਹੈ।
      ਦੇਰ ਆਏ ਦਰੁਸਤ ਆਏ ਦਮਦਮੀ ਟਕਸਾਲ ਨੇ 21 ਸਾਲ ਬਾਅਦ 2005 ਵਿਚ ਪਹਿਲ ਕਰਦੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਨੂੰ ਸ਼ਹੀਦ ਕਰਾਰ ਦੇ ਕੇ ਸਿੱਖ ਕੌਮ ਦੇ ਕਈ ਰਹੱਸ ਤੇ ਉਤਸੁਕ ਸਵਾਲਾਂ ਦਾ ਅੰਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਹ ਸਵਾਲ ਏਨੇ ਸਹਿਜ ਤੇ ਸੌਖੇ ਨਹੀਂ। ਰਹੱਸਮਈ ਸਵਾਲਾਂ ਦੀ ਇੱਕ ਬੜੀ ਭਾਰੀ ਲੜੀ ਸਿੱਖ ਜਗਤ ਦੇ ਵਿਦਵਾਨਾਂ ਸਾਹਮਣੇ ਹੱਲ ਵਾਸਤੇ ਖੜੀ ਇੰਤਜ਼ਾਰ ਕਰ ਰਹੀ ਹੈ। ਦੇਸੀ ਵਿਦੇਸ਼ੀ ਸਿੱਖਾਂ ਦੇ ਦਬਾਅ ਹੇਠ ਨਵੀਆਂ ਤੋਂ ਨਵੀਆਂ ਪਰਤਾਂ ਉੱਧੜ ਰਹੀਆਂ ਹਨ। ਨੀਲਾ ਤਾਰਾ ਸਾਕਾ ਭਾਰਤ ਸਰਕਾਰ ਦੇ ਮੱਥੇ ਉੱਕਰਿਆ ਇੱਕ ਨਾਸੂਰੀ-ਕਲੰਕ ਹੈ ਜੋ ਕਦੇ ਵੀ ਨਾ-ਭੁੱਲਣ-ਯੋਗ ਅਤੇ ਨਾ-ਭਰਨ-ਯੋਗ ਹੈ। ਕਿਉਂ ਵਾਪਰਿਆ ਇਹ ਸਾਰਾ ਕਾਂਡ? ਕੌਣ ਜ਼ਿੰਮੇਵਾਰ ਹੈ ਇਸ ਦਾ? ਪਾਰਲੀਮੈਂਟ ਤੇ ਵਿਧਾਨ ਸਭਾ ਵਿਚ ਵੀ ਕਈ ਵੇਰਾਂ ਇਸ ਬਾਰੇ ਸ਼ਰਧਾਂਜਲੀ ਜਾਂ ਨਿੰਦਣ ਮਤੇ ਪੇਸ਼ ਹੋਏ ਤੇ ਹੁੰਦੇ ਰਹਿਣ ਗੇ। ਸਿਆਸੀ ਪੰਡਿਤਾਂ ਦੇ ਹੱਥ ਇੱਕ ਸੁਨਹਿਰੀ ਹਿਰਨ ਆ ਗਿਆ ਹੈ ਉਸ ਨੂੰ ਦਿਖਾਈ ਜਾਂਦੇ ਨੇ ਲੋਕਾਂ ਨੂੰ ਗੁਮਰਾਹੀ ਜਾਂਦੇ ਨੇ। ਆਪਣੇ ਅੰਦਰੋਂ ਹੀ ਇਨ੍ਹਾਂ ਸਵਾਲਾਂ ਦਾ ਜੁਆਬ ਤਲਾਸ਼ਣ ਦੀ ਲੋੜ ਹੈ। ਸਿੱਖ ਸੰਗਤਾਂ ਨੇ ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾ ਦੇ ਫ਼ੁਲ ਭੇਟ ਕਰਨ ਲਈ ਸਮਾਗਮ ਕੀਤੇ ਹਨ, ਕਰਦੇ ਹਨ ਅਤੇ ਰਹਿੰਦੀ ਦੁਨੀਆ ਤੱਕ ਕਰਦੇ ਰਹਿਣਗੇ। ਉਸ ਮਹਾਨ ਸ਼ਹੀਦ ਦੀ ਫ਼ੋਟੋ ਅੰਮ੍ਰਿਤਸਰ ਦੇ ਅਜਾਇਬ ਘਰ ਵਿਚ ਲਗਾ ਕੇ ਸ਼੍ਰੋਮਣੀ ਕਮੇਟੀ ਨੇ ਵੀ ਉਸ ਨੂੰ ਮਾਨਤਾ ਦੇਣ ਦੀ ਕੋਸ਼ਿਸ਼ ਕੀਤੀ ਹੈ। 
ਸੰਤਾਂ ਵੱਲੋਂ ਵਿੱਢੀ ਇਹ ਜੁਝਾਰੂ ਲਹਿਰ ਸਿਆਸਤ ਦੀ ਭੇਟ ਚੜ੍ਹ ਗਈ। ਜਿਨ੍ਹਾਂ ਭੱਦਰ-ਪੁਰਖਾਂ ਨੂੰ ਉਹ ਕੈੜੀ ਅੱਖ ਵੇਖਦੇ ਤੇ ਦੁਰਕਾਰਦੇ ਸਨ ਅਤੇ ਜਿਨ੍ਹਾਂ ਨੇ ਉਨ੍ਹਾਂ ਨੂੰ ਦਰਬਾਰ ਸਾਹਿਬ ਵਿਚੋਂ ਕੱਢਣ ਲਈ ਉੱਪਰਲਿਆਂ ਤੱਕ ਮਦਦ ਦੀ ਗੁਹਾਰ ਪਾਈ ਸੀ, ਹੁਣ ਉਹ ਵਾਰਿਸ ਬਣੀ ਬੈਠੇ ਸੰਤਾ ਦੇ ਨਾਮ ਦੀਆਂ ਰੋਟੀਆਂ ਸੇਕ ਰਹੇ ਨੇ। ਸ਼ਹੀਦਾਂ ਅਤੇ ਜ਼ਖਮੀਆਂ ਦੀ ਕਤਾਰ ਵਿਚ ਮੁਆਵਜ਼ਾ ਲੈਣ ਵਾਲਿਆਂ ਵਿਚ ਬਹੁਤੇ ਅਜੇਹੇ ਵੀ ਫਰੀਡਮ-ਫਾਈਟਰ ਆਣ ਨਿੱਤਰੇ ਹਨ ਜਿਨ੍ਹਾਂ ਦਾ ਇਸ ਖਾੜਕੂ ਲਹਿਰ ਵਿਚ ਕੁੱਝ ਵੀ ਨਹੀਂ ਵਿਗੜਿਆ।
ਉਨ੍ਹੀਂ ਦਿਨੀਂ ਪੰਜਾਬ ਪੁਲਸ ਦਾ ਇੱਕ ਹੌਲਦਾਰ ਜੋ ਲਗ-ਪਗ ਇੱਕ ਸਾਲ ਤਈਏ ਦੀ ਬਿਮਾਰੀ (ਜਾਂ ਕੋਈ ਗੁਪਤ ਔਹਰ) ਨਾਲ ਪਿੰਜਰ ਹੋ ਕੇ ਮਰ ਗਿਆ, ਇੱਕ ਪੁਲਸ ਮੁਕਾਬਲੇ ਵਿਚ ਸ਼ਹੀਦ ਹੋਇਆ ਦਿਖਾਇਆ ਗਿਆ। ਉਸ ਸ਼ਹੀਦ ਦੇ ਸਸਕਾਰ ਵੇਲੇ ਪੰਜਾਬ ਸਰਕਾਰ ਦੀ ਪੁਲਸ-ਪਾਰਟੀ ਨੇ ਪੁੱਠੀਆਂ ਰਫ਼ਲਾਂ ਦੀ ਸਲਾਮੀ ਦਿੱਤੀ ਸੀ ਤੇ ਸਥਾਨਕ ਐੱਮæ ਐੱਲ਼ ਏæ ਨੇ ਸ਼ਿਰਕਤ ਕਰ ਕੇ ਸਰਕਾਰ ਵੱਲੋਂ ਸ਼ਰਧਾ ਦੇ ਫ਼ੁਲ ਭੇਟ ਕੀਤੇ ਜੋ ਬਹੁਤ ਦੇਰ ਲੋਕ ਚਰਚਾ ਵਿਚ ਰਹੇ। ਉਸ ਦੇ ਟੱਬਰ ਨੂੰ ਮੂੰਹ ਆਇਆ ਮੁਆਵਜ਼ਾ ਤੇ ਇਨਾਮ ਦਿੱਤੇ ਗਏ।
ਤਰਨਤਾਰਨ ਦੇ ਐੱਸ਼ ਐੱਸ਼ ਪੀæ ਰਣਜੀਤ ਸਿੰਘ ਹੁੰਦਲ ਨੇ ਆਪਣੇ ਅਤੇ ਫੈਮਲੀ ਨੂੰ ਖਾੜਕੂਆਂ ਹੱਥੋਂ ਮਰਿਆ ਦਿਖਾ ਕੇ ਦਹਿਸ਼ਤਵਾਦ ਪੀੜਤ ਪਰਿਵਾਰ ਸਰਟੀਫਿਕੇਟ ਬਣਵਾ ਲਿਆ। ਇਸ ਨੂੰ ਬਾਬਾ ਫ਼ਰੀਦ ਯੂਨੀਵਰਸਿਟੀ ਵਿਚ ਪੇਸ਼ ਕਰ ਕੇ ਆਪਣੀ ਲੜਕੀ ਸੁਖਮਣੀ ਵਾਸਤੇ ਮੈਡੀਕਲ ਕਾਲਜ ਵਿਚ ਐੱਮæ ਬੀæ ਬੀæ ਐੱਸ਼ ਦੀ ਰਾਖਵੀਂ ਸੀਟ ਹਥਿਆ ਕੇ ਕਿਸੇ ਹੋਰ ਯੋਗ ਉਮੀਦਵਾਰ ਦਾ ਹੱਕ ਖੋਹ ਲਿਆ। ਇਸ ਦੀ ਮੀਡੀਆ ਵਿਚ ਵੀ ਬਹੁਤ ਭੰਡੀ ਹੋਈ ਪਰ ਸਰਕਾਰ ਨੇ ਇਸ ਦਾ ਗੰਭੀਰ ਨੋਟਿਸ ਨਹੀਂ ਲਿਆ, ਬਲਕਿ ਉਸ ਸ਼ਹੀਦ ਨੂੰ 15 ਅਗਸਤ 2013 ਨੂੰ ਬਹਾਦਰੀ ਸਨਮਾਨ ਨਾਲ ਨਿਵਾਜਿਆ ਗਿਆ। ਦੂਜੇ ਪਾਸੇ ਸੈਂਕੜੇ ਉਨ੍ਹਾਂ ਸ਼ਹੀਦਾਂ ਦੇ ਵਾਰਿਸ ਅਜੇ ਤੱਕ ਆਪਣੇ ਲਾਪਤਾ ਜਾਂ ਸ਼ਹੀਦ ਹੋਏ ਰਿਸ਼ਤੇਦਾਰਾਂ ਦੀ ਮਾਨਤਾ ਲਈ ਜੂਝ ਰਹੇ ਸਰਕਾਰੀ ਦਫ਼ਤਰਾਂ ਦੀਆਂ ਪੌੜੀਆਂ ਘਸਾ ਚੁੱਕੇ ਹਨ ਪਰ ਕੋਈ ਪਹੁੰਚ ਨਾ ਹੋਣ ਕਾਰਨ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ।
ਦੇਸ਼ਾਂ ਵਿਦੇਸ਼ਾਂ ਵਿਚ ਕੁੱਝ ਮੌਕਾ ਤਾੜੂ ਪ੍ਰੇਮੀ-ਜਨ ਅਕਾਲ ਤਖ਼ਤ ਅਤੇ ਸੁਨਹਿਰੀ-ਮੰਦਰ ਦੀਆਂ ਢੱਠੀਆਂ ਹੋਈਆਂ ਇਮਾਰਤਾਂ ਅਤੇ ਸ਼ਹੀਦ ਹੋਏ ਸਿੰਘ ਸਿੰਘਣੀਆਂ ਦੇ ਪੁਰਾਣੇ ਚਿੱਤਰ ਦਿਖਾ ਸੰਗਤਾਂ ਦੇ ਜਜ਼ਬਾਤ ਭੜਕਾ ਕੇ ਮੁੱਲ ਵੱਟਦੇ ਦੁਕਾਨਦਾਰੀਆਂ ਚਲਾ ਰਹੇ ਹਨ। ਇਸ ਹੋੜ ਤੋਂ ਕੁੱਝ ਵਿਦੇਸ਼ੀ ਸੰਸਥਾਵਾਂ ਵੀ ਪਿੱਛੇ ਨਹੀਂ ਤੇ ਇਸ ਨੂੰ ਰੋਕਣ ਦੇ ਉਪਰਾਲੇ ਕਰਨੇ ਚਾਹੀਦੇ ਹਨ। ਇਸ ਦੁਰ-ਉਪਯੋਗ ਨੂੰ ਠੱਲ੍ਹ ਪਾਉਣ ਦੀ ਲੋੜ ਹੈ। 
ਮੈਂ ਉਸ ਮਹਾਨ ਸ਼ਹੀਦ ਨੂੰ ਅਤੇ ਉਸ ਨਾਲ ਇਸ ਸੰਘਰਸ਼ ਵਿਚ ਸ਼ਹੀਦ ਹੋਏ ਹੋਰ ਹਜ਼ਾਰਾਂ ਗੌਲ਼ੇ ਅਣਗੌਲੇ ਸ਼ਹੀਦਾਂ ਨੂੰ ਸਿਰ ਨਿਵਾਉਂਦਾ ਪ੍ਰਨਾਮ ਕਰਦਾ ਸ਼ਰਧਾ ਦੇ ਫ਼ੁਲ ਭੇਟ ਕਰਦਾ ਹਾਂ। ਅਕਾਲ ਪੁਰਖ ਅੱਗੇ ਅਰਦਾਸ ਜੋਦੜੀ ਕਰਦਾ ਹਾਂ ਕਿ ਇਸ ਬਿਖੜੀ ਹੋਈ ਸਿੱਖ ਕੌਮ ਨੂੰ ਸਿੱਧੇ ਰਸਤੇ ਪਾਵੇ, ਸੁਮੱਤ ਬਖ਼ਸ਼ੇ, ਚੜ੍ਹਦੀਆਂ ਕਲਾਂ ਵਿਚ ਰੱਖੇ ਤੇ ਮੁੜ ਅਜੇਹੇ ਮੁਸ਼ਕਲ ਇਮਤਿਹਾਨ ਵਿਚ ਨਾ ਪਾਵੇ।

2

ਜੂਨ ਦੋ/84 ਦੀ ਇੱਕ ਅਭੁੱਲ ਯਾਦ

ਦੋ ਜੂਨ 1984 ਦਾ ਦਿਨ ਨਾ ਕੇਵਲ ਅਸਮਾਨੀ ਤਪਸ਼ ਵਜੋਂ ਹੀ ਪੰਜਾਬ ਦੇ ਲੋਕਾਂ ਤੇ ਸਕਤਾ ਕਰੜਾ ਸੀ, ਬਲਕਿ ਦਿੱਲੀ ਹਕੂਮਤ ਦੀਆਂ ਦੂਈ ਦਵੈਸ਼ ਭਰੀਆਂ ਨਜ਼ਰਾਂ ਕਰ ਕੇ ਵੀ ਜ਼ਹਿਰੀ ਹੋਇਆ ਤਪਿਆ ਪਿਆ ਸੀ। ਰੰਗਲੇ ਪੰਜਾਬ ਦੀਆਂ ਖ਼ੁਸ਼ਬੂਆਂ ਭਰੀਆਂ ਹਵਾਵਾਂ ਨਿੱਤ ਦਿਨ ਪੁਲੀਸ, ਮਿਲਟਰੀ ਗਸ਼ਤ ਤੇ ਨਾਕੇ-ਬਾਜ਼ੀ ਕਰ ਕੇ ਸਹਿਮੀਆਂ ਸਹਿਮੀਆਂ ਨਜ਼ਰ ਆ ਰਹੀਆਂ ਸਨ। ਹਕੂਮਤ ਵੱਲੋਂ ਪੰਜਾਬੀ ਭਾਈਚਾਰੇ ਵੱਲ ਘੁਣਸੀ ਵਤੀਰੇ ਕਾਰਨ ਪੰਜਾਬ ਦੀ ਜਵਾਨੀ ਵੀ ਇਸ ਬੇਇਨਸਾਫ਼ੀ ਸਲੂਕ ਦੇ ਖ਼ਿਲਾਫ਼ ਹਿੱਕ ਕੱਢ ਕੇ ਖੜੋ ਗਈ ਸੀ। ਜੇ ਪੁਲੀਸ ਜਾਂ ਸੁਰੱਖਿਆ ਬਲ ਪੰਜਾਬ ਦੀ ਇੱਕ ਨੁੱਕਰੇ ਕੋਈ ਵਧੀਕੀ ਕਰਦੀ ਤਾਂ ਉਹ ਪੰਜਾਬ ਦੀ ਦੂਸਰੀ ਨਾੜ/ਨੁੱਕਰ ਤੱਕ ਕਰਬਲਾਹਟ ਮਚਾ ਦਿੰਦੀ। ਸੰਤ ਭਿੰਡਰਾਂਵਾਲਾ ਦਾ ਮੋਟਰਸਾਈਕਲ ਬਰਗੇਡ ਝਬਦੇ ਹੀ ਉਸ ਦੀ ਭਾਜੀ ਮੋੜ ਦਿੰਦਾ। ਇਹ ਪੰਜਾਬ ਦੇ ਬਹੁਤ ਡੂੰਘੇ ਦੋਹਰੇ ਸੰਤਾਪ ਦੀ ਨਿਸ਼ਾਨੀ ਸੀ ਕਿ ਜੇ ਕੋਈ ਪੁਲੀਸ ਵਾਲਾ ਮਾਰ ਦਿੱਤਾ ਜਾਂਦਾ ਤਾਂ ਉਹ ਵੀ ਪੰਜਾਬੀ ਜੁਆਨ ਤੇ ਜੇ ਪੁਲੀਸ ਵਾਲੇ ਖਾੜਕੂ ਸਿੰਘਾਂ ਵੱਲ ਨਕਲੀ ਮੁਕਾਬਲੇ ਕਰ ਕੇ ਮਾਰ ਦਿੰਦੇ ਤਾਂ ਉਹ ਵੀ ਪੰਜਾਬ ਦੀ ਜਵਾਨੀ ਦਾ ਹੀ ਘਾਣ ਸੀ। ਪਾਸੇ ਖੜੋ ਕੇ ਵੇਖਦੀ ਤਮਾਸ਼ਬੀਨ ਇੱਕ ਜਮਾਤ ਇਹ ਸਭ ਕੁੱਝ ਵੇਖ ਕੇ ਵੱਖੀਆਂ ਚ ਹੱਸ ਰਹੀ ਸੀ। ਜਦ ਕਿਧਰੇ ਇਨ੍ਹਾਂ ਤੋਂ ਬਿਨਾਂ ਇੱਕ ਤੀਸਰੀ ਧਿਰ ਉੱਤੇ ਕਰੋਪੀ ਆ ਜਾਂਦੀ ਤਾਂ ਇਸ ਮੁਤਅੱਸਬ ਧਿਰ ਦਾ ਸੀਨਾ ਛਲਨੀ ਹੋ ਜਾਂਦਾ। ਉਹ ਪਾਹਰਿਆ ਪਾਹਰਿਆ ਕਰਦੇ ਆਪਣੀ ਇੱਜ਼ਤ ਆਬਰੂ ਤੇ ਖ਼ਤਰੇ ਦੀ ਘੰਟੀ ਦੇ ਬਹਾਨੇ ਦਿੱਲੀ ਦਰਬਾਰ ਤੱਕ ਆਪਣੇ ਬਚਾਅ ਲਈ ਜਾ ਫ਼ਰਿਆਦ ਕਰਦੇ। ਹਰਿਮੰਦਰ ਗਲਿਆਰੇ ਦੇ ਅੰਦਰ ਸੰਤ ਭਿੰਡਰਾਂ ਵਾਲਿਆਂ ਦੇ ਸ਼ਰੀਕ ਹੋਰ ਕਈ ਧੜੇ ਵੀ ਜੰਮ ਪਏ ਜਾਂ ਪੈਦਾ ਕਰ ਦਿੱਤੇ ਗਏ। ਇਹ ਜੋ ਅੰਦਰੋਂ ਉਨ੍ਹਾਂ ਦੀ ਚੜ੍ਹਤ ਤੇ ਖਾਰ ਖਾਂਦੇ ਸਨ, ਨੇ ਪੰਥ ਦੋਖੀਆਂ ਦਾ ਸਾਥ ਦਿੱਤਾ। ਅਕਾਲੀ ਖੇਮੇ ਦੇ ਪ੍ਰਮੁੱਖ ਲੀਡਰਾਂ ਦੀ ਵੀ ਇਸ ਨਾਲ ਪੂਰੀ ਸਹਿਮਤੀ ਸੀ ਤੇ ਉਨ੍ਹਾਂ ਨੇ ਹੀ ਚਿੱਠੀ ਲਿਖ ਕੇ ਭਾਰਤ ਸਰਕਾਰ ਨੂੰ ਸੂਚਿਤ ਕੀਤਾ ਸੀ ਕਿ ਹਾਲਾਤ ਉਨ੍ਹਾਂ ਦੇ ਵਸੋਂ ਬਾਹਰ ਹੋ ਰਹੇ ਹਨ, ਇਸ ਲਈ ਕੇਂਦਰ ਸਰਕਾਰ ਦਖ਼ਲ ਦੇਵੇ। ਆਖ਼ਰ ਪੰਥ ਵਿਰੋਧੀ ਤਾਕਤਾਂ ਦੀ ਮਿਲੀਭੁਗਤ ਨੇ ਪੰਜਾਬ/ਅੰਮ੍ਰਿਤਸਰ ਉੱਤੇ ਫ਼ੌਜੀ ਹਮਲੇ ਦੀ ਰਾਹਦਾਰੀ ਪੈਦਾ ਕਰ ਦਿੱਤੀ।
ਇੱਕ ਜੂਨ 1984 ਨੂੰ ਮੇਜਰ ਜਨਰਲ ਕੁਲਦੀਪ ਸਿੰਘ ਬਰਾੜ ਭਾਰੀ ਲਾਮ-ਲਸਲਕਰ ਨਾਲ ਅੰਮ੍ਰਿਤਸਰ ਪਹੁੰਚ ਗਿਆ। ਇਹ ਖ਼ਬਰ ਜੰਗਲ ਦੀ ਅੱਗ ਵਾਂਗ ਹਰ ਪਿੰਡ, ਸ਼ਹਿਰ, ਗਲੀ ਕੂਚੇ ਪਹੁੰਚ ਗਈ ਕਿ ਅੰਮ੍ਰਿਤਸਰ/ਦਰਬਾਰ ਸਾਹਿਬ ਤੇ ਭਾਰਤ ਸਰਕਾਰ ਹਮਲਾ ਕਰਨ ਜਾ ਰਹੀ ਹੈ। ਸੰਤ ਭਿੰਡਰਾਂਵਾਲਾ ਨੇ ਐਲਾਨ ਕੀਤਾ ਕਿ ਜੇਕਰ ਦਰਬਾਰ ਸਾਹਿਬ ਤੇ ਫ਼ੌਜੀ ਹਮਲਾ ਹੋਇਆ ਤਾਂ ਇਸ ਨੂੰ ਖ਼ਾਲਿਸਤਾਨ ਦੀ ਨੀਂਹ ਸਮਝੀ ਜਾਏਗੀ। ਇਸ ਦੇ ਮੁਕਾਬਲੇ ਅੰਦਰ ਵੀ ਪੁਰੀ ਤਿਆਰੀ ਹੋ ਗਈ ਤੇ ਖ਼ਾਲਸਾ ਕਮਰ-ਕੱਸੇ ਕਰ ਕੇ ਤਿਆਰ-ਬਰ-ਤਿਆਰ ਹੋ ਗਿਆ। ਦਰਬਾਰ ਸਾਹਿਬ ਅੰਦਰ ਬਾਹਰ ਚਾਰ ਚੁਫੇਰੇ ਗਗਨ ਦਮਾਮਾ ਬਾਜਿਓ ਪਇਓ ਨਿਸ਼ਾਨੇ ਘਾਓਂ ਦੇ ਬੀਰ ਰਸੀ ਸ਼ਬਦ ਗੂੰਜਣ ਲੱਗੇ। 
ਦੋ ਜੂਨ ਤੱਕ ਪੰਜਾਬ ਦੇ ਹਰ ਪਿੰਡ ਸ਼ਹਿਰ, ਹਰ ਗਲੀ ਚੌਂਕ ਵਿਚ ਮਿਲਟਰੀ ਗਸ਼ਤ ਕਰਨ ਲੱਗੀ। ਪੈਰ ਪੈਰ ਤੇ ਤਲਾਸ਼ੀ ਨਾਕੇ-ਬਾਜ਼ੀ ਕਰ ਕੇ ਲੋਕਾਂ ਦਾ ਦਮ ਘੁੱਟਣ ਲੱਗਾ। ਜਦ ਜਦ ਉਹ ਹੋਰ ਦੀ ਹੋਰ ਸਖ਼ਤੀ ਕਰਦੇ, ਲੋਕਾਂ ਦਾ ਰੋਹ ਹੋਰ ਦੀ ਹੋਰ ਭੜਕਦਾ ਉੱਪਰ ਚੜ੍ਹਦਾ ਗਿਆ। ਪੇਂਡੂ ਸੰਗਤਾਂ ਭਾਰੀ ਗਿਣਤੀ ਵਿਚ ਅੰਮ੍ਰਿਤਸਰ ਦਰਬਾਰ ਸਾਹਿਬ ਵੱਲ ਵਹੀਰਾਂ ਘੱਤੀ ਆਉਣ ਲੱਗੀਆਂ।
ਹਰਿਆਣਾ ਦੇ ਸਰਸਾ ਵਿਖੇ ਰਹਿੰਦਾ ਮੇਰਾ ਇੱਕ ਰਿਸ਼ਤੇਦਾਰ ਸੁਖਦੇਵ ਸਿੰਘ ਜੋ ਟਰੱਕ ਲੈ ਕੇ ਹਮੇਸ਼ਾ ਹੀ ਆਉਂਦਾ ਜਾਂਦਾ ਸੀ, ਆਪਣੀ ਰੁਟੀਨ ਫੇਰੀ ਵਿਚ ਇੱਕ ਜੂਨ ਨੂੰ ਮਾਲ ਲੈ ਕੇ ਅੰਮ੍ਰਿਤਸਰ ਪਹੁੰਚ ਗਿਆ। ਉਹ ਗੁਰੂ ਘਰ ਦਾ ਬੜਾ ਸ਼ਰਧਾਲੂ ਸੀ ਤੇ ਇਸ ਧਾਰਮਿਕ ਨਗਰੀ ਵੱਲ ਢੋਆ-ਢੁਆਈ ਨੂੰ ਹੋਰ ਜ਼ਿਆਦਾ ਤਰਜੀਹ ਦਿੰਦਾ ਸੀ। ਇਸ ਨਾਲ ਇੱਕ ਤਾਂ ਉਸ ਦੀ ਦਿਹਾੜੀ ਬਣ ਜਾਂਦੀ, ਦੂਸਰਾ ਦਰਬਾਰ ਸਾਹਿਬ ਦੇ ਦਰਸ਼ਨ ਹੋ ਜਾਂਦੇ ਤੇ ਤੀਸਰੇ ਉਹ ਮੇਰੀ ਭੂਆ ਦਾ ਪੁੱਤ ਹੋਣ ਕਰ ਕੇ ਨਾਨਕੇ ਘਰ ਚੱਕਰ ਲਾ ਲੈਂਦਾ। ਉਹ ਇੱਕ ਜੂਨ ਨੂੰ ਸਮਾਨ ਉਤਾਰ ਕੇ ਬਾਬੇ ਦੇ ਦਰਸ਼ਨ ਕਰ ਕੇ ਰਾਤ ਮੇਰੇ ਕੋਲ ਖ਼ਾਲਸਾ ਕਾਲਜ ਲਾਗੇ ਘਰ ਠਹਿਰ ਗਿਆ। ਦਰਬਾਰ ਸਾਹਿਬ ਦੇ ਚਾਰ ਚੁਫੇਰੇ ਇਮਾਰਤਾਂ ਤੇ ਚੜ੍ਹੇ ਫ਼ੌਜੀਆਂ ਵੱਲੋਂ ਕੀਤੀ ਘੇਰਾਬੰਦੀ ਤੇ ਛੁੱਟ-ਪੁੱਟ ਗੋਲੀ ਬਾਰੇ ਗੱਲਾਂ ਕਰਦਾ ਉਹ ਭੈਭੀਤ ਜਿਹਾ ਹੋ ਰਿਹਾ ਸੀ। ਰੋਜ਼ ਦਾ ਪੀਣ ਵਾਲਾ ਵੱਡਾ ਪਿਆਕਲ ਉਸ ਦਿਨ ਤੋਬਾ ਕਰ ਕੇ ਕੰਨਾਂ ਨੂੰ ਹੱਥ ਲਾ ਗਿਆ। ਸੰਤਾਂ ਦੇ ਲੈਕਚਰ ਤੋਂ ਉਹ ਏਨਾ ਪ੍ਰਭਾਵਿਤ ਹੋਇਆ ਕਿ ਜਿਵੇਂ ਸ਼ਰਾਬ ਨਸ਼ੇਬਾਜ਼ੀ ਦੇ ਖ਼ਿਲਾਫ਼ ਪ੍ਰਚਾਰਕ ਬਣ ਗਿਆ। ਉਸ ਦੇ ਆਉਣ ਨਾਲ ਸਾਡੇ ਵੀ ਖਾਣ ਪੀਣ ਵਾਲੇ ਸਾਥੀ ਸਾਰੇ ਸੁੱਕੇ ਰਹੇ। ਅਗਲੇ ਦਿਨ ਉਸ ਨੇ ਵਾਪਸ ਚਲੇ ਜਾਣਾ ਸੀ। ਮੈਂ ਕਿਹਾ ਇੱਕ ਦਿਨ ਹੋਰ ਠਹਿਰ ਜਾਹ। ਇਸ ਵਿਚ ਮੇਰਾ ਇੱਕ ਸੁਆਰਥ ਵੀ ਸੀ ਕਿ 500 ਸਫ਼ੈਦਿਆਂ ਦੀ ਪਨੀਰੀ ਦਾ ਕਈ ਦਿਨਾਂ ਤੋਂ ਮਿਲਿਆ ਪਰਮਿਟ ਪਿਆ ਸੀ, ਜੋ ਮੈਂ ਨਰਸਰੀ ਤੋਂ ਚੁੱਕ ਨਹੀਂ ਸਕਿਆ। ਮੈਂ ਕਿਹਾ ਚੱਲ ਤੇਰੇ ਬਹਾਨੇ ਮੇਰੇ ਸਫ਼ੈਦੇ ਚਲੇ ਜਾਣਗੇ ਤੇ ਤੈਨੂੰ ਫਾਰਮ ਦਾ ਚੱਕਰ ਮਰਾਵਾਂਗਾ। ਉਹ ਅਣਮੰਨੇ ਜਿਹੇ ਮਨ ਨਾਲ ਮੰਨ ਗਿਆ। ਦੋ ਜੂਨ ਨੂੰ ਚਾਟੀ ਵਿੰਡ ਨਹਿਰ ਦੇ ਸੁਲਤਾਨਪੁਰ ਇਲਾਕੇ ਨਹਿਰ ਕੰਢੇ ਸਰਕਾਰੀ ਨਰਸਰੀ ਤੇ ਪਹੁੰਚ ਗਏ। ਰਸਤੇ ਵਿਚ ਸੁਰੱਖਿਆ ਏਜੰਸੀਆਂ ਦਾ ਦਬਾਅ ਬਹੁਤ ਜ਼ਿਆਦਾ ਸੀ ਪਰ ਇਸ ਨਾਲ ਲੋਕਾਂ ਦੀ ਆਵਾਜਾਈ ਵਿਚ ਕੋਈ ਫ਼ਰਕ ਨਹੀਂ ਪਿਆ। ਜਿਵੇਂ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ, ਵਾਂਗ ਅਜਿਹੀਆਂ ਦਹਿਸ਼ਤ ਭਰਪੂਰ ਕਾਰਜ ਸ਼ੈਲੀਆਂ ਉਨ੍ਹਾਂ ਦੇ ਹੱਡੀ ਰਚ ਗਈਆਂ ਹਨ। 
ਨਰਸਰੀ ਦੇ ਮੌਕੇ ਤੇ ਬੇਲਦਾਰ ਇੰਚਾਰਜ ਵੀ ਹਾਜ਼ਰ ਮਿਲ ਗਿਆ। 
ਛੇਤੀ ਕਰ ਲਓ ਸਿੰਘ ਜੀ! ਸ਼ਹਿਰ ਦੇ ਸਾਰੇ ਰਸਤੇ ਸੀਲ ਹੋ ਰਹੇ ਨੇ। ਅੰਦਰ ਘਮਸਾਣ ਮੱਚ ਰਿਹਾ ਹੈ। ਉਹ ਘਬਰਾਇਆ ਹੋਇਆ ਸੀ। 
'ਕੁੱਝ ਨੀਂ ਹੁੰਦਾ ਜੁਆਨਾਂ æææ ਹੌਸਲਾ ਕਰ। ਕਲਗ਼ੀਆਂ ਵਾਲੇ ਨੂੰ ਯਾਦ ਰੱਖ।' ਸੁਖਦੇਵ ਸਿੰਘ ਨੇ ਉਸ ਦੇ ਮੋਢੇ ਥਪਕੀ ਦਿੱਤੀ। 
'ਮੈਂ ਕਲਗ਼ੀਆਂ ਵਾਲੇ ਨੂੰ ਸਿਰ ਨਿਵਾਉਂਦਾ ਹਾਂ ਪਰ ਮੇਰੇ ਤੇ ਵੀ ਯਕੀਨ ਕਰੋ ਵੀਰ ਜੀ! ਕੱਲ੍ਹ ਦਰਬਾਰ ਸਾਹਿਬ ਦੇ ਚੁਫੇਰੇ ਉੱਚੀਆਂ ਇਮਾਰਤਾਂ ਤੇ ਘਾਤ ਲਗਾਈ ਬੈਠੇ ਸਰਕਾਰੀ ਕੁੱਤਿਆਂ ਨੇ ਸੁਰੱਖਿਆ ਦੇ ਬਹਾਨੇ ਗੋਲਾਬਾਰੀ ਕਰ ਕੇ ਗੁਰੂ ਰਾਮਦਾਸ ਦੇ ਘਰ ਅੰਦਰ ਹਰਿਮੰਦਰ ਦੀ ਬੇਅਦਬੀ ਕੀਤੀ ਤੇ ਛੇ ਸੱਤ ਬੇਕਸੂਰ ਸ਼ਰਧਾਲੂ ਸਿੰਘ ਭੁੰਨ ਸੁੱਟੇ ਨੇ। ਪ੍ਰਕਰਮਾ ਦੇ ਇੱਕ ਕਮਰੇ ਵਿਚ ਰੱਖੇ ਅਖੰਡ ਪਾਠ ਵੱਲ ਗੋਲੀਆਂ ਚਲਾ ਕੇ ਪਾਠ ਵਿਚ ਵਿਘਨ ਪਾ ਕੇ ਮਰਯਾਦਾ ਭੰਗ ਕੀਤੀ, ਪਾਠੀ ਨੂੰ ਮਾਰ ਦਿੱਤਾ ਤੇ ਲਹੂ-ਲੁਹਾਨ ਗੁਰੂ ਗ੍ਰੰਥ ਸਾਹਿਬ ਨੂੰ ਵੀ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਅੱਜ ਸ਼ਹੀਦਾਂ ਵਾਲੇ ਸ਼ਮਸ਼ਾਨਘਾਟ ਵਿਚ ਉਨ੍ਹਾਂ ਦਾ ਸਸਕਾਰ ਹੈ, ਮੈਂ ਵੀ ਜਾਣਾ ਚਾਹੁੰਦਾ ਹਾਂ ਉੱਥੇ।' ਕਾਹਲੀ ਕਾਹਲੀ ਰਜਿਸਟਰ ਵਿਚ ਪਰਮਿਟ ਦਰਜ ਕਰ ਕੇ ਉਹ ਆਪ ਹੀ ਸਫ਼ੈਦੇ ਚੁਕਾਉਣ ਤੇ ਲਦਾਉਣ ਵਿਚ ਸਾਡੀ ਮਦਦ ਕਰਨ ਲੱਗਾ। ਸਰੀਰਕ ਤੇ ਮਾਨਸਿਕ ਤਣਾਓ ਨਾਲ ਉਸ ਦਾ ਸਾਹ ਜਿਵੇਂ ਫੁੱਲਦਾ ਜਾ ਰਿਹਾ ਸੀ। 
'ਜਥੇਦਾਰ ਮਹਿੰਗਾ ਸਿੰਘ ਦਾ ਸਸਕਾਰ ਮੰਜੀ ਸਾਹਿਬ ਕਰਨਾ ਪਿਆ ਕਿਉਂਕਿ ਉਹ ਤਾਂ ਬੇਪਛਾਣ ਮਾਸ ਦੀ ਗਠੜੀ ਹੋਇਆ ਪਿਆ ਸੀ ਤੇ ਬਾਹਰ ਸ਼ਮਸ਼ਾਨ ਘਾਟ ਦੇ ਸਾਰੇ ਰਸਤੇ ਉਨ੍ਹਾਂ ਰੋਕ ਰੱਖੇ ਹਨ। ਸਰਕਾਰੀ ਆਗੂਆਂ ਦੇ ਥਾਪੜੇ ਨਾਲ ਪੁਲਸ ਲੋਕਾਂ ਨੂੰ ਚੱਕੀ ਪੀਹ ਰਹੀ ਹੈ। ਕਿਸੇ ਨੂੰ ਕਾਨੂੰਨੀ ਡੰਡੇ ਦਾ ਡਰ ਨਹੀਂ ææ ਜਨਤਾ ਦੀ ਰਖਵਾਲੀ ਪੁਲਸ ਭੁੱਖੀ ਬੇਲਗ਼ਾਮ ਹੋਈ ਪਈ ਸ਼ਰੀਫ਼ ਲੋਕਾਂ ਨੂੰ ਵੱਢ ਵੱਢ ਖਾਈ ਜਾ ਰਹੀ ਹੈ।' ਉਹ ਬੜੇ ਜੋਸ਼ ਵਿਚ ਬੁੜਬੁੜ ਕਰਦਾ ਆਪਣੀ ਭੜਾਸ ਵੀ ਕੱਢੀ ਜਾ ਰਿਹਾ ਸੀ।
ਚਿਹਰੇ ਤੇ ਭਖਦੀ ਲਾਲੀ ਵਾਲੇ ਉਸ ਬੇਲਦਾਰ ਦੇ ਛੁਹਲ਼ੇ ਹੱਥ ਕੰਮ ਕਰ ਰਹੇ ਸਨ ਪਰ ਨਾਲ ਨਾਲ ਜ਼ਬਾਨ ਉਸ ਦੀ ਪਾਠ ਕਰ ਰਹੀ ਸੀ। ਸ਼ਹੀਦ ਫੋਜਾ ਸਿੰਘ ਜੋ 1978 ਵਿਚ ਨਿਰੰਕਾਰੀ ਕਾਂਡ ਦਾ ਮੋਹਰੀ ਸੀ ਤੇ ਅੰਮ੍ਰਿਤਸਰ ਵਿਖੇ ਖੇਤੀਬਾੜੀ ਮਹਿਕਮੇ ਦਾ ਕਰਮਚਾਰੀ ਸੀ, ਵਾਂਗ ਇਸ ਦੇ ਚਿਹਰੇ ਦਾ ਤੇਜ-ਤਪ ਦਰਸਾਉਂਦਾ ਸੀ ਕਿ ਉਹ ਕੋਈ ਸਾਧਾਰਨ ਸ਼ਖ਼ਸੀਅਤ ਨਹੀਂ ਸੀ। ਮੇਰੇ ਸਾਥੀ ਸੁਖਦੇਵ ਨੇ ਡਾਲਾ ਖੋਲ੍ਹਿਆ ਤੇ ਲੱਦ-ਲੱਦਾਈ ਦਾ ਸਾਰਾ ਕੰਮ ਘੰਟੇ ਭਰ ਵਿਚ ਹੋ ਗਿਆ। ਬੇਲਦਾਰ ਨੂੰ ਧੰਨਵਾਦ ਵਜੋਂ ਮੈਂ ਦਸ ਰੁਪਏ ਦੇਣੇ ਚਾਹੇ, ਪਰ ਉਸ ਨੇ ਹੱਥ ਜੋੜਦੇ ਨਾਂਹ ਕਰਦੇ ਮੁਆਫ਼ੀ ਮੰਗੀ। 
'ਲੈ ਜਾਓ ਬਾਬਿਓ, ਨਿਕਲ ਜਾਓ ਜਲਦੀ। ਕਾਲੀ ਬੋਲ਼ੀ ਹਨੇਰੀ ਚੜ੍ਹੀ ਆ ਰਹੀ ਹੈ ਇਹ ਦਸ ਤੁਹਾਡੇ ਕੰਮ ਔਣਗੇ।' ਜਿਵੇਂ ਉਸ ਨੂੰ ਕੋਈ ਅਸਮਾਨੀ ਭਾਖਿਆ ਸੀ ਜਾਂ ਉਹ ਵੀ ਅੰਦਰਲਾ ਸੱਚਾ ਸੇਵਕ ਸੀ ਤੇ ਉਸ ਨੂੰ ਹੋਣ ਵਾਲੀ ਸਾਰੀ ਹੋਣੀ ਦਾ ਗਿਆਨ ਸੀ। 
'ਧੰਨਵਾਦ ਤੇਰਾ æææ ਤੂੰ ਵੀ ਘਰ ਜਾਹ ਜਲਦੀ ਆਪਣੇ ਬਾਲ ਬੱਚੇ ਕੋਲ।' ਮੇਰੀ ਬੇਨਤੀ ਤੇ ਉਸ ਦੀਆਂ ਅੱਖਾਂ ਤਰਲ ਹੋਈਆਂ ਵੇਖ ਕੇ ਮੇਰਾ ਮਨ ਵੀ ਦੁਚਿੱਤੀ ਜਿਹੀ ਵਿਚ ਗ੍ਰਸਿਆ ਗਿਆ। ਉਸ ਗੁੱਝੀ ਬੁਝਾਰਤ ਨੂੰ ਖੋਲ੍ਹਣਾ ਚਾਹੁੰਦੇ ਵੀ ਮੈਂ ਨਾ ਕਰ ਸਕਿਆ ਤੇ ਇਹ ਪਛਤਾਵਾ ਅਜੇ ਤੱਕ ਮੇਰੇ ਅੰਦਰ ਘੁੰਮਣ-ਘੇਰੀਆਂ ਮਚਾ ਰਿਹਾ ਹੈ।
ਨਹਿਰੇ ਪੈ ਕੇ ਮੁੜ ਖੱਬੇ ਹੱਥ ਜੀæ ਟੀæ ਰੋਡ ਤੇ ਚੱਲਦੇ ਫਰੀਡਮ ਇੰਡਸਟਰੀ ਲਾਗੋਂ ਹੁੰਦੇ ਹੋਏ ਮਕਬੂਲਪੁਰਾ ਚੌਂਕ, 100 ਫੁੱਟੀ ਸੜਕ ਤੱਕ ਚਾਰ ਥਾਵਾਂ ਤੇ ਪੁਲੀਸ, ਬੀæ ਐੱਸ਼ ਐਫ਼ ਅਤੇ ਫ਼ੌਜੀਆਂ ਦੀ ਟੁਕੜੀ ਨੇ ਰੋਕ ਕੇ ਪੁੱਛਿਆ, ਕਿੱਥੋਂ ਆਏ ਹੋ? ਕਿੱਥੇ ਜਾਣਾ ਹੈ? ਕਾਗ਼ਜ਼ ਪੱਤਰ ਦਿਖਾਓæææ ਪਰਮਿਟ ਦਿਖਾਓ। ਉਨ੍ਹਾਂ ਦੇ ਕਈ ਸੁਆਲਾਂ ਦਾ ਜੁਆਬ ਦਿੰਦੇ ਅੱਗੇ ਵਧਦੇ ਰਹੇ। 'ਇੱਧਰ ਨਹੀਂæææ ਅੱਗੇ।' ਸੁਖਦੇਵ ਡਰਾਈਵਰ ਨੇ ਈਸਟ ਮੋਹਨ ਨਗਰ ਚੰਮ-ਰੰਗ ਰੋਡ ਨੂੰ ਮੁੜਨਾ ਚਾਹਿਆ ਪਰ ਅੱਗੇ ਡੋਗਰਾ ਫ਼ੌਜੀਆਂ ਨੇ ਸਿਰ ਹਿਲਾ ਦਿੱਤਾ।
'ਅਰੇ ਭਾਈ ਮੇਰਾ ਤੋਂ ਇੱਧਰ ਸ਼ੇਰਾਂ ਵਾਲਾ ਗੇਟ ਪਰ ਵਰਕਸ਼ਾਪ ਮੇਂ ਟਾਇਰ ਪੜਾ ਹੈ ਪੰਚਰ ਲਗਾਣੇ ਵਾਲਾ, ਮੈਂ ਵੋਹ ਲੈਣਾ ਹੈ।' ਉਸ ਨੇ ਹਰਿਆਣਵੀ ਡਰਾਈਵਰਾਂ ਵਾਲੀ ਹਿੰਡ ਵਰਤੀ। ਉਹ ਚੰਗੀ ਹਰਿਆਣਵੀ ਜਾਣਦਾ ਸੀ। 
ਧਰਮ-ਯੁੱਧ ਮੋਰਚੇ ਦੇ ਡਿਕਟੇਟਰ ਹਰਚੰਦ ਸਿੰਘ ਲੌਂਗੋਵਾਲ, ਅਕਾਲੀ ਦਲ ਦੇ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਅਤੇ ਦਮਦਮੀ ਟਕਸਾਲ ਦੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਵੱਲੋਂ ਅਖ਼ਬਾਰਾਂ ਵਿਚ ਸਾਂਝੀ ਅਪੀਲ ਛਪੀ ਸੀ ਕਿ ਵੱਧ ਤੋਂ ਵੱਧ ਕਣਕ ਤੇ ਬਸਤਰ ਅੰਦਰ ਦਰਬਾਰ ਸਾਹਿਬ ਭੇਜੇ ਜਾਣ। ਇਸ ਸਮੇਂ ਕਿਸਾਨਾਂ ਨੂੰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਪੀਲ ਕੀਤੀ ਗਈ ਸੀ ਕਿ ਭਾਰਤ ਸਰਕਾਰ ਦੇ ਸਿੱਖਾਂ ਵੱਲ ਮਤਰੇਈ ਵਾਲੇ ਵਤੀਰੇ ਦੇ ਪ੍ਰਤੀਕਰਮ ਵਜੋਂ ਕਿਰਸਾਨ ਬਾਹਰਲੀਆਂ ਸਟੇਟਾਂ ਨੂੰ ਕਣਕ ਨਾ ਭੇਜਣ। ਗੁਰੂ ਅਰਜਨ ਦੇਵ ਦੇ ਸ਼ਹੀਦੀ ਸਮਾਗਮ ਨੇੜੇ ਹੋਣ ਕਾਰਨ ਵੀ ਬਾਹਰੋਂ ਟਰੱਕਾਂ ਦੇ ਟਰੱਕ ਕਣਕ, ਖਾਦ ਪਦਾਰਥ ਤੇ ਸ਼ਰਧਾਲੂ ਵਹੀਰਾਂ ਘੱਤੀ ਆ ਰਹੇ ਸਨ। ਵੇਖੋ ਵੇਖੀ ਬਹੁਤੇ ਲੋਕ ਸ਼ਹੀਦਾਂ ਦੇ ਸਸਕਾਰ ਵਾਸਤੇ ਵੀ ਉਮਡ ਪਏ ਜਾਪਦੇ ਸਨ। ਠੀਕ ਉਸੇ ਵੇਲੇ ਕੁੱਝ ਹੋਰ ਪੈਦਲ ਚਾਲਕ ਨਿਹੰਗ ਸਿੰਘ ਦਰਬਾਰ ਸਾਹਿਬ ਵੱਲ ਅੱਗੇ ਜਾਣ ਦੀ ਜ਼ਿੱਦ ਕਰਦੇ ਖਹਿਬੜਦੇ ਸੀæ ਆਰæ ਪੀæ ਐੱਫ਼ ਨਾਲ ਭਿੜਦੇ ਗੁੱਥਮਗੁੱਥਾ ਹੁੰਦੇ ਵਾਲ ਪੁਟਾਉਂਦੇ ਵੇਖ ਕੇ ਮੈਂ ਤੇ ਮੇਰੇ ਸਾਥੀ ਡਰਾਈਵਰ ਨੇ ਹੌਸਲਾ ਹਾਰ ਦਿੱਤਾ। ਉਨ੍ਹਾਂ ਕੁੱਕੜੀ ਦੇ ਖੰਭਾਂ ਵਾਂਗ ਨਿਹੰਗ ਦੇ ਲੀੜੇ ਕੱਪੜੇ ਬੋਟੀ ਬੋਟੀ ਕਰ ਦਿੱਤੇ ਸਨ। ਕੋਈ ਉਸ ਦੀ ਮਦਦ ਵਾਸਤੇ ਨੇੜੇ ਨਹੀਂ ਆਇਆ। ਉਨ੍ਹਾਂ ਦੇ ਅਗਲੇ ਇਸ਼ਾਰੇ ਨਾਲ ਮਲਕੜੇ ਜਿਹੇ ਹੀ ਅਸੀਂ ਇੱਜ਼ਤ ਬਚਾ ਕੇ ਜੀæ ਟੀæ ਰੋਡ ਭੰਡਾਰੀ ਪੁਲ ਵੱਲ ਚੱਲ ਪਏ। 
'ਤਸੀਲਪੁਰੇ ਦੇ ਸਾਹਮਣੇ ਅਕਾਲੀ ਫੂਲਾ ਸਿੰਘ ਬੁਰਜ ਵਾਲੀ ਸੜਕੇ ਪੈ ਜਾਵਾਂਗੇ, ਚੱਲ ਅੱਗੇ ਚੱਲ।'  ਮੈਂ ਉਸ ਨੂੰ ਹੌਸਲਾ ਦਿੱਤਾ। 
'ਭਾਊ ਮੇਰੇ ਟਾਇਰ ਮਾੜੇ ਹਨ ਤੇ ਮੈਂ ਸ਼ੇਰਾਂ-ਵਾਲਾ-ਗੇਟ ਨੇੜਲੀ ਵਰਕਸ਼ਾਪ ਤੇ ਸਟੈੱਪਨੀ ਦਿੱਤੀ ਹੋਈ ਹੈ, ਉਸ ਤੋਂ ਬਿਨਾਂ ਮੈਂ ਬਾਹਰ ਦੂਰ ਨਹੀਂ ਜਾ ਸਕਦਾ।' ਡਰਾਈਵਰ ਨੇ ਆਪਣਾ ਤਰਲਾ ਦੁਹਰਾਇਆ। 
ਤਸੀਲਪੁਰੇ ਪਹੁੰਚ ਕੇ ਵੀ ਖ਼ਾਕੀ ਵਰਦੀ ਵਾਲਿਆਂ ਦਾ ਉਹੀ ਡਰਾਮਾ ਵੇਖ ਕੇ ਮੈਂ ਆਪ ਥੱਲੇ ਉੱਤਰਿਆ। ਮੈਂ ਫ਼ੌਜੀ ਸੰਤਰੀਆਂ ਨੂੰ ਭਾਰਤ ਸਰਕਾਰ ਦਾ ਆਪਣਾ ਸਰਕਾਰੀ ਪਹਿਚਾਣ ਪੱਤਰ ਤੇ ਕਰਫ਼ਿਊ ਪਾਸ ਵੀ ਦਿਖਾਇਆ ਤੇ ਦੱਸਿਆ ਕਿ ਅਸੀਂ ਅੱਗੇ ਦਰਬਾਰ ਸਾਹਿਬ ਨਹੀਂ, ਸਗੋਂ ਸ਼ੇਰਾਂ ਵਾਲੇ ਗੇਟ ਤੱਕ ਹੀ ਟਾਇਰਾਂ ਦੀ ਦੁਕਾਨ ਤੱਕ ਜਾਣਾ ਹੈ, ਪਰ ਉਹ ਨਹੀਂ ਮੰਨੇ। 
'ਅੱਗੇ ਸੇ ਚਲੇ ਜਾਣਾ ਸ਼ਰੀਫਪੁਰੇ ਵਾਲੇ ਮੋੜ ਤੋਂ।' ਉਨ੍ਹਾਂ ਨਾਲ ਖੜੇ ਪੰਜਾਬ ਪੁਲੀਸ ਦੇ ਸਿਪਾਹੀ ਨੇ ਜਿਵੇਂ ਸਾਡੇ ਨਾਲ ਹਮਦਰਦੀ ਜਤਾਈ। ਪਰ ਅੱਗੇ ਵੀ ਉਹੀ ਭਾਣਾ ਵਰਤਿਆ। ਉੱਥੇ ਖੜ੍ਹੇ ਸੰਤਰੀਆਂ ਨੇ ਮੁੜਨ ਸਮੇਂ ਦੂਰੋਂ ਹੀ ਹੱਥ ਦੇ ਕੇ ਅੱਗੇ ਨੂੰ ਇਸ਼ਾਰਾ ਕਰ ਦਿੱਤਾ। ਪ੍ਰਤੱਖ ਸੀ ਕਿ ਦਰਬਾਰ ਸਾਹਿਬ ਅਤੇ ਸ਼ਹੀਦਾਂ ਗੁਰਦੁਆਰੇ ਤੱਕ ਜਾਣ ਦੇ ਸਾਰੇ ਨਾਕੇ ਸੀਲ ਕਰ ਦਿੱਤੇ ਗਏ ਹਨ। 
'ਇਹ ਤਾਂ ਸਰਕਾਰੀ ਚੌਕੀਦਾਰ ਹਨ, ਇਨ੍ਹਾਂ ਨੂੰ ਕੁੱਝ ਪਤਾ ਨਹੀਂ। ਇਹਨਾਂ ਨੇ ਤਾਂ ਜੋ ਉੱਪਰੋਂ ਹੁਕਮ ਹੋਇਆ ਉਹੀ ਵਜਾਉਣਾ ਹੈ।' ਮੈਂ ਚਾਲਕ ਨੂੰ ਧਰਵਾਸ ਦਿੱਤਾ। ਉਹ ਅਣਮੰਨੇ ਜਿਹੇ ਮੰਨ ਗਿਆ। ਹੋਰ ਚਾਰਾ ਹੀ ਕੋਈ ਨਹੀਂ ਸੀ।
ਰਾਮ ਬਾਗ ਵਾਲਾ ਮੋੜ ਆ ਗਿਆ। ਸੱਜੇ ਪਾਸੇ ਸਿਵਲ ਹਸਪਤਾਲ ਫਾਟਕ ਤੇ ਖੱਬੇ ਪਾਸੇ ਕੈਰੋਂ ਦਾ ਸਿਨੇਮਾ ਘਰ ਬਾਜ਼ਾਰ ਸੀ। ਉੱਥੇ ਖੜ੍ਹੀ ਨਿਪਾਲੀ ਟੁਕੜੀ ਨੇ ਫੇਰ ਦੋਵੇਂ ਹੱਥ ਉੱਚੇ ਚੁੱਕ ਕੇ ਇਸ਼ਾਰਾ ਦੁਹਰਾ ਦਿੱਤਾ। ਇਹ ਸਾਰਾ ਵਰਤਾਰਾ ਵੇਖ ਹੰਢਾ ਕੇ ਮੈਂ ਵੀ ਅੱਕ ਗਿਆ ਸਾਂ।
'ਚੱਲ ਤੂੰ ਨਿਕਲ ਚੱਲ ਵੇਖੀ ਜਾਊ।' ਮੇਰੀ ਹਲਾਸ਼ੇਰੀ ਤੇ ਡਰਾਈਵਰ ਸ਼ੇਰ ਹੋ ਗਿਆ ਤੇ ਰੇਸ-ਕਿੱਲੀ ਨੱਪ ਦਿੱਤੀ।
'ਠਾਹ! ਠਾਹ!' ਟਰੱਕ ਅੱਗੇ ਦੌੜਦੇ ਇੱਕ ਗੋਰਖੇ ਨੇ ਹਵਾਈ ਫਾਇਰ ਛੱਡ ਦਿੱਤੇ। 
'ਰੋਕæææ ਰੋਕ!' ਉਸ ਨੇ ਬਰੇਕ ਲਗਾ ਦਿੱਤੀ, ਨਹੀਂ ਤਾਂ ਤੀਸਰਾ ਫਾਇਰ ਮੂਹਰਲੇ ਸ਼ੀਸ਼ੇ ਵਿਚ ਆਉਣਾ ਸੀ। ਡਰਾਈਵਰ ਪਸੀਨੋ ਪਸੀਨੀ ਹੋ ਗਿਆ ਤੇ ਮੇਰਾ ਹਾਲ ਵੀ ਕਿਹੜਾ ਘੱਟ ਸੀ। 
'ਇੱਕ ਨੇ ਨੇੜੇ ਆ ਕੇ ਡਰਾਈਵਰ ਨੂੰ ਗਲ਼ੋਂ ਫੜ ਥੱਲੇ ਘਸੀਟ ਲਿਆ। ਨਾਲ ਦੀ ਸੀਟ ਤੋਂ ਮੈਂ ਝਟਪਟ ਥੱਲੇ ਉੱਤਰਿਆ। ਉਹ ਗਿਰਝਾਂ ਵਾਂਗ ਟਰੱਕ ਦੇ ਦੁਆਲੇ ਝਪਟ ਪਏ। ਗੋਲੀਆਂ ਦੀ ਆਵਾਜ਼ ਨਾਲ ਸਾਰਾ ਬਾਜ਼ਾਰ ਸੁੰਨ ਮਸਾਣ ਖ਼ਾਲੀ ਹੋ ਗਿਆ। ਮੇਰੀ ਲੰਬੀ ਦਾੜ੍ਹੀ ਜੋ ਉਸ ਵੇਲੇ ਸੁਖਦੇਵ ਸਿੰਘ ਉਰਫ਼ ਸੁੱਖੇ-ਸਖੀਰੇ ਦੀ ਸਲਾਹ ਤੇ ਜਾਂ ਉਸ ਤੋਂ ਡਰਦੇ ਮਾਰੇ ਸਮਝ ਲਓ, ਦੋ ਚਾਰ ਮਹੀਨੇ ਰਹਿਤ ਰੱਖ ਕੇ ਮੈਂ ਵਧਾਈ ਸੀ, ਮੇਰੀ ਸ਼ਾਮਤ ਬਣ ਗਈ। ਮੇਰਾ ਸਰੀਰ ਕੰਬਣ ਲੱਗਾ। ਸੂਬੇਦਾਰ ਇੰਚਾਰਜ ਨੂੰ ਟੋਟੇ ਟੋਟੇ ਕਰ ਕੇ ਸਾਰੀ ਗੱਲ ਸਮਝਾਉਣ ਦੀ ਮੈਂ ਕੋਸ਼ਿਸ਼ ਕੀਤੀ। ਮੇਰਾ ਸਰਕਾਰੀ ਕਾਰਡ ਤੇ ਕਰਫ਼ਿਊ-ਪਾਸ ਉਸ ਨੇ ਜੇਬ ਵਿਚ ਪਾ ਲਿਆ। 
'ਯਹ ਖ਼ਤਮ ਹੈ, ਆਜ ਸੇ। ਅਬ ਯਹ ਸਿਵਲੀਅਨ ਕਾਰਡ ਨਹੀਂ ਚਲੇਂਗੇ। ਦੂਸਰਾ ਨਯਾ ਬਣਾਓ।' 
ਟਰੱਕ ਦੀ ਸਾਲਮ ਤਲਾਸ਼ੀ ਦੌਰਾਨ ਸਫ਼ੈਦੇ ਵੇਖ ਕੇ ਉਨ੍ਹਾਂ ਨੂੰ ਨਿਰਾਸ਼ਤਾ ਵੀ ਹੋਈ, ਕਿਉਂਕਿ ਪਿਛਲੀ ਰਾਤ ਹੀ ਅਸਲੇ ਦਾ ਇੱਕ ਟਰੱਕ ਫੜ ਕੇ ਉਨ੍ਹਾਂ ਨੇ ਮਾਅਰਕਾ ਮਾਰਿਆ ਸੀ ਤੇ ਸਰਕਾਰੋਂ ਇਨਾਮ ਹਾਸਲ ਕੀਤੇ ਸਨ। ਸਫ਼ੈਦੇ ਦਾ ਇਕੱਲਾ ਇਕੱਲਾ ਬੂਟਾ ਉਨ੍ਹਾਂ ਬੰਬ ਵਾਂਗ ਘੋਖਿਆ। ਟਾਇਰ ਲੈਣ ਜਾਣ ਵਾਲੀ ਗੱਲ ਉਹ ਮੰਨ ਗਿਆ। ਵਾਕੀ ਟਾਕੀ ਤੇ ਆਪਣੇ ਉੱਪਰਲੇ ਬਾਸ ਤੋਂ ਹੁਕਮ ਲੈ ਕੇ ਮੈਨੂੰ ਸ਼ੇਰਾਂ ਵਾਲੇ ਗੇਟ ਤੋਂ ਅੱਗੇ ਅੰਦਰ ਨਾ ਜਾਣ ਦੀ ਨਸੀਹਤ ਦੇ ਕੇ ਟੁਕੜੀ ਇੰਚਾਰਜ ਨੇ ਆਪਣੇ ਬਾਰੇ ਕੋਈ ਪਛਤਾਵਾ ਨਹੀਂ ਕੀਤਾ ਨਾ ਹੀ ਸੌਰੀ ਕਿਹਾ। ਮੇਰੇ ਨਾਲ ਦੋ ਸਿਪਾਹੀ ਸਾਡੀ ਨਿਗਰਾਨੀ ਲਈ ਬਿਠਾ ਦਿੱਤੇ ਕਿ ਕਿਤੇ ਦਰਬਾਰ ਸਾਹਿਬ ਅੰਦਰ ਨਾ ਪਹੁੰਚ ਜਾਣ। ਰਾਮ ਬਾਗ ਥਾਣੇ ਤੋਂ ਅੰਦਰ ਸ਼ੇਰਾਂ ਵਾਲੇ ਗੇਟ ਵੱਲ ਮੁੜਨ ਤੇ ਇੱਕ ਹੋਰ ਪੰਜਾਬ ਪੁਲੀਸ ਦਾ ਇੰਸਪੈਕਟਰ ਜੋ ਪਿਛਲੇ ਨਾਕੇ ਤੇ ਹੋਈ ਫਾਇਰਿੰਗ ਦੌਰਾਨ ਸਾਡਾ ਹਸ਼ਰ ਵੇਖ ਰਿਹਾ ਸੀ, ਨੇ ਵੀ ਰੁਕਣ ਦਾ ਇਸ਼ਾਰਾ ਕਰ ਦਿੱਤਾ। ਸਾਡੇ ਨਾਲ ਦੋ ਫ਼ੌਜੀ ਬੈਠੇ ਵੇਖ ਕੇ ਉਨ੍ਹਾਂ ਸਮਝ ਲਿਆ ਕਿ ਨਿਪਾਲੀ ਭਈਆਂ ਨੇ ਕੋਈ ਮੋਟੀ ਸਾਮੀ ਫਸਾ ਲਈ ਹੈ ਤੇ ਇਨ੍ਹਾਂ ਮੁਲਜ਼ਮਾਂ ਨੂੰ ਪੁੱਛ-ਗਿੱਛ ਕੇਂਦਰ ਲਿਜਾਇਆ ਜਾ ਰਿਹਾ ਹੈ। ਮੈਂ ਥੱਲੇ ਉਤਰ ਕੇ ਉਸ ਨੂੰ ਸਾਰੀ ਹੱਡ ਬੀਤੀ ਦੱਸੀ। ਉਸ ਨੂੰ ਤਸੱਲੀ ਹੋ ਗਈ। 
'ਸਰਦਾਰ ਜੀ, ਅੱਜ ਤੋਂ ਬਾਅਦ ਸਮਝੋ ਤੁਹਾਡੀ ਬੋਨਸ ਦੀ ਜ਼ਿੰਦਗੀ ਹੈ। ਇਨ੍ਹਾਂ ਨੌਕਰਾਂ ਨੂੰ ਉੱਪਰਲੀ ਸਰਕਾਰ ਵੱਲੋਂ ਪੜ੍ਹਾਇਆ ਗਿਆ ਹੈ ਕਿ ਇਸ ਨਿਸ਼ਾਨੀ ਵਾਲੇ ਸਾਰੇ ਲੋਕ ਅੱਤਵਾਦੀ ਹਨ, ਇਨ੍ਹਾਂ ਨੂੰ ਰੇੜ੍ਹੀ ਜਾਓ ਤੇ ਇਨਾਮ ਤਰੱਕੀਆਂ ਪਾਓ।' ਉਸ ਨੇ ਮੇਰੀ ਦਾੜ੍ਹੀ ਵੱਲ ਇਸ਼ਾਰਾ ਕੀਤਾ। 
'ਦਰਬਾਰ ਸਾਹਿਬ ਦੇ ਅੰਦਰ ਟੈੱਸਟ ਓਪਰੇਸ਼ਨ ਚੱਲ ਰਿਹਾ ਹੈ। ਕੱਲ੍ਹ ਚਾਂਦਮਾਰੀ ਕਰ ਕੇ ਅੱਠ ਬੰਦੇ ਰੇੜ੍ਹ ਦਿੱਤੇ ਨੇ ਇਨ੍ਹਾਂ ਨੇ। ਅੱਗੇ ਧਿਆਨ ਨਾਲ ਜਾਇਓ।' ਉਸ ਦੀ ਨਸੀਹਤ ਵਰਗੀ ਚੇਤਾਵਨੀ ਟਰੱਕ ਦੀ ਤਾਕੀ ਤੱਕ ਮੇਰਾ ਪਿੱਛਾ ਕਰਦੀ ਰਹੀ। ਤਿੰਨ ਵਜੇ ਤੱਕ ਏਨੀ ਜਾਨ ਜੋਖੋਂ ਵਿਚ ਪਾ ਕੇ ਬੁਰਜ ਅਕਾਲੀ ਫੂਲਾ ਸਿੰਘ ਅਤੇ ਸ਼ੇਰਾਂ ਵਾਲੇ ਗੇਟ ਵਿਚਕਾਰ ਟਿਕਾਣੇ ਤੇ ਪਹੁੰਚੇ ਤਾਂ ਟਾਇਰਾਂ ਵਾਲੀ ਦੁਕਾਨ ਬੰਦ ਵੇਖ ਕੇ ਨਿਰਾਸ਼ਾ ਹੋਰ ਵਧ ਗਈ। 
ਦੱਖਣ ਵਾਲੇ ਪਾਸਿਉਂ ਚਾਂਦਮਾਰੀ ਵਾਂਗ ਗੋਲ਼ੀਆਂ ਦੀ ਤਾੜ ਤਾੜ ਆਵਾਜ਼ਾਂ ਕੰਨਾਂ ਵਿਚ ਬੇਵਸਾਹੀ ਬੇਪ੍ਰਤੀਤੀ ਪੈਦਾ ਕਰ ਰਹੀਆਂ ਸਨ। ਆਸਾ ਪਾਸਾ ਸਾਰਾ ਬੰਦ, ਗਲੀਆਂ ਬਾਜ਼ਾਰ ਬੰਦ ਵੇਖ ਕੇ ਬਹੁਤ ਉਤਸ਼ਾਹਹੀਣ ਹੋਏ। ਬਾਦ ਵਿਚ ਪਤਾ ਲੱਗਾ ਕਿ ਅੱਜ ਸਵੇਰੇ ਪ੍ਰਕਰਮਾ ਦੇ ਬ੍ਰਹਮ ਬੂਟੇ ਵਾਲੇ ਪਾਸੇ ਜਿੱਥੋਂ ਬਾਹਰੀ ਤਾਕਤਾਂ ਦੇ ਅੰਦਰ ਘੁੱਸਣ ਦਾ ਭੈਮਸਾ ਸੀ, ਸ਼੍ਰੋਮਣੀ ਕਮੇਟੀ ਦੇ ਰਾਜ ਅਤੇ ਮਜ਼ਦੂਰ ਕੰਧ ਉਸਾਰ ਰਹੇ ਸਨ। ਇਸ ਨੂੰ ਰੋਕਣ ਲਈ ਸੀæ ਆਰæ ਪੀæ ਦੇ ਅਧਿਕਾਰੀਆਂ ਨਾਲ ਅੰਦਰਲੇ ਰਖਵਾਲਿਆਂ ਦੀ ਝੜਪ ਹੋ ਗਈ ਸੀ ਜਿਸ ਕਾਰਨ ਉਨ੍ਹਾਂ ਦੀ ਅੰਧਾਧੁੰਦ ਫਾਇਰਿੰਗ ਨਾਲ ਗੁਰਦੁਆਰਾ ਇੰਸਪੈਕਟਰ ਬਲਬੀਰ ਸਿੰਘ ਤੇ ਕਈ ਹੋਰ ਸ਼ਹੀਦੀਆਂ ਪਾ ਗਏ ਜਾਂ ਜ਼ਖ਼ਮੀ ਹੋਏ ਸਨ। ਬਾਬਾ ਅਟੱਲ ਸਾਹਿਬ ਦੀ ਉੱਪਰਲੀ ਮੰਜ਼ਿਲ ਤੋਂ ਜੋ ਭਾਈ ਮਹਿੰਗਾ ਸਿੰਘ? ਭਾਈ ਕੁਲਵੰਤ ਸਿੰਘ? ਜੋ ਇਸ ਭੜਕਾਹਟ ਦੇ ਜੁਆਬ ਵਿਚ ਨੀਮ ਫ਼ੌਜੀ ਦਲਾਂ ਨੂੰ ਨਿਸ਼ਾਨਾ ਬਣਾ ਰਿਹਾ ਸੀ, ਉਹ ਆਪ ਵੀ ਕਈ ਹੋਰ ਖਾੜਕੂਆਂ ਸਮੇਤ ਉਨ੍ਹਾਂ ਦੀ ਗੋਲ਼ੀ ਦਾ ਨਿਸ਼ਾਨਾ ਬਣ ਚੁੱਕਾ ਸੀ। 
'ਸਟੇਟ ਪਰਮਿਟ ਵੀ ਨਵਿਆਉਣ ਵਾਲਾ ਹੈ, ਇਹ ਸਿਰਫ਼ ਅੱਜ ਤੱਕ ਹੀ ਪ੍ਰਮਾਣਿਕ ਹੈ, ਕੱਲ੍ਹ ਵਾਸਤੇ ਡੀæ ਟੀæ ਓæ ਦਫ਼ਤਰ ਵੀ ਜਾਣਾ ਪਵੇਗਾ।' ਡਰਾਈਵਰ ਹੋਰ ਦਾ ਹੋਰ ਡਰਦਾ ਜਾ ਰਿਹਾ ਸੀ। ਏਨਾ ਮਾੜਾ ਹਸ਼ਰ ਵੇਖ ਕੇ ਤਵੱਕੋ ਤਾਂ ਸੀ ਕਿ ਡੀæ ਟੀæ ਓæ ਦੇ ਦਫ਼ਤਰੋਂ ਕਿਹੜਾ ਜਾਂਦਿਆਂ ਹੀ ਕੰਮ ਹੋ ਜਾਣਾ। ਉਹ ਤਾਂ ਚੰਗੇ ਭਲੇ ਦਿਨਾਂ ਵਿਚ ਕਈ ਕਈ ਚੱਕਰ ਲਗਵਾ ਦਿੰਦੇ ਨੇ, ਪੈਸੇ ਲੈ ਕੇ ਵੀ ਲਾਰੇ ਲਾਈ ਜਾਂਦੇ ਨੇ। ਅੱਜ ਦੇ ਟੈਨਸ਼ਨ ਭਰੇ ਮਾਹੌਲ ਵਿਚ ਉਨ੍ਹਾਂ ਕਿਹੜਾ ਜਾਂਦਿਆਂ ਕੰਮ ਕਰ ਦੇਣਾ? ਪਰ ਚਲੋ! ਵੇਖੋ ਰੰਗ ਕਰਤਾਰ ਦੇ! ਡੀæ ਟੀæ ਓæ ਦਫ਼ਤਰ ਸਾਡੇ ਲੁਹਾਰਕਾ ਪਿੰਡ ਖੇਤਾਂ ਵੱਲ ਅੰਮ੍ਰਿਤਸਰ ਤੋਂ ਬਾਹਰ ਨਿਕਲ਼ਨ ਦੇ ਰਸਤੇ ਵਿਚ ਹੀ ਪੈਂਦਾ ਹੈ। ਜ਼ਿਲ੍ਹਾ ਕਚਹਿਰੀ ਤੱਕ ਪਹੁੰਚਦੇ ਫਿਰ ਕਿਸੇ ਨੇ ਟਰੱਕ ਨਹੀਂ ਰੋਕਿਆ। ਜ਼ਾਹਿਰ ਹੈ ਕਿ ਇਹ ਸਾਰੀ ਪੁੱਛ-ਪੜਤਾਲ ਦਰਬਾਰ ਸਾਹਿਬ, ਸ਼ਹੀਦਾਂ ਵਾਲੇ ਅਤੇ ਚਾਟੀ ਵਿੰਡ ਖੇਤਰ ਵੱਲ ਅੰਦਰ ਜਾਣ ਵਾਲੇ ਰਸਤਿਆਂ ਤੱਕ ਹੀ ਜ਼ਿਆਦਾ ਕੇਂਦਰਿਤ ਸੀ। ਡੀæ ਟੀæ ਓæ ਦੇ ਦਫ਼ਤਰ ਪਹਿਲਾਂ ਵਾਂਗ ਬਾਹਰ ਏਜੰਟਾਂ ਦੀਆਂ ਫੜੀਆਂ ਗ਼ਾਇਬ ਸਨ। ਅੰਦਰ ਫ਼ੌਜੀ ਬੈਠੇ ਵੇਖ ਕੇ ਮੈਨੂੰ ਬਹੁਤ ਹੈਰਾਨੀ ਹੋਈ ਕਿ ਸਾਰਾ ਪ੍ਰਸ਼ਾਸਨ ਫ਼ੌਜੀ ਅਧਿਕਾਰੀਆਂ ਦੀ ਕਮਾਨ ਹੇਠ ਆ ਗਿਆ ਹੈ। ਡੀæ ਟੀæ ਓæ ਵਿਚਾਰਾ ਮਸ੍ਹੋਸਿਆ ਜਿਹਾ ਬੈਠਾ ਸੀ ਜਿਵੇਂ ਬੱਧੋ-ਰੁੱਧੀ ਮਜਬੂਰੀ ਵਿਚ ਫੜ ਕੇ ਬਿਠਾਇਆ ਹੋਵੇ ਤੇ ਅੱਗੇ ਬੈਠੇ ਮੁਲਾਜਮ ਸਿਰ ਸੁੱਟੀ ਆਪਣੀਆਂ ਫਾਈਲਾਂ ਵਿਚ ਮਸਰੂਫ ਸਨ। ਉਨ੍ਹਾ ਦੇ ਸਿਰ ਤੇ ਫ਼ੌਜੀ ਕੈਪਟਨ, ਲੈਫ਼ਟੀਨੈਂਟ, ਸਿਪਾਹੀ ਆਦਿ ਲੋਕਾਂ ਨੂੰ ਮਿਲ ਰਹੇ ਸਨ ਤੇ ਆਪਣੀ ਨਿਗਰਾਨੀ ਵਿਚ ਉਨ੍ਹਾਂ ਦੇ ਕੰਮ ਕਰ ਰਹੇ ਸਨ। ਹੋਰ ਜ਼ਿਆਦਾ ਖ਼ੱਜਲ-ਖ਼ੁਆਰੀ ਤੋਂ ਬਗੈਰ ਸਾਡਾ ਇਹ ਕੰਮ ਸਹਿਜੇ ਹੀ ਦਸ ਪੰਦਰਾਂ ਮਿੰਟ ਵਿਚ ਹੋ ਗਿਆ। ਫੀਸ ਲੈ ਕੇ ਕਾਗ਼ਜ਼ ਵੇਖ ਕੇ ਇੱਕ ਮੁਹਰ ਹੀ ਤਾਂ ਲਗਾਉਣੀ ਸੀ।
'ਇਹ ਤਾਂ ਬੜੇ ਸਤਜੁਗੀ ਅਫ਼ਸਰ ਨੇ ਭਾਊ! ਮੈਂ ਤਾਂ ਕਿਹਾ ਚੰਗਾ ਰਗੜਾ ਬੰਨ੍ਹਣਗੇ। ਚੰਗੇ ਪੈਸੇ ਮਾਠਣਗੇ ਤੇ ਲਟਕਾਉਣਗੇ, ਪਰ ਇਹ ਤਾਂ ਮੁਫ਼ਤ ਮੁਫ਼ਤ ਕੰਮ ਹੋ ਗਿਆ! ਏਨੀ ਜਲਦੀ? ਰੱਬ ਕਰੇ ਹਮੇਸ਼ਾ ਹੀ ਅਜਿਹੇ ਅਫ਼ਸਰ ਹੋਣ।' ਪੁਲੀਸ ਸਿਵਲ ਪ੍ਰਸ਼ਾਸਨ ਤੋਂ ਤੰਗ ਆਏ ਡਰਾਈਵਰ ਨੇ ਆਪਣੀ ਮਨੋਵੇਦਨਾ ਉਗਲੱਛ ਦਿੱਤੀ। ਨਾਲ ਹੀ ਡੀæ ਸੀæ ਦਫ਼ਤਰ ਦਿਸ ਪਿਆ। ਮੈਂ ਸੋਚਿਆ ਪਤਾ ਨਹੀਂ ਕੀ ਭਾਣਾ ਵਰਤਣ ਵਾਲਾ ਹੈ, ਮੈਂ ਵੀ ਆਪਣਾ ਕਰਫ਼ਿਊ ਕਾਰਡ ਨਵਿਆਂ ਲਵਾਂ। ਮੇਰਾ ਵਾਕਫ਼ਕਾਰ ਅੱਜ ਉੱਥੇ ਕੋਈ ਨਹੀਂ ਸੀ ਪਰ ਬੜੇ ਸ਼ਾਂਤਮਈ ਢੰਗ ਨਾਲ ਕੰਮਕਾਜ ਹੋ ਰਿਹਾ ਸੀ। ਦੋ ਤਿੰਨ ਫ਼ੌਜੀ ਅਧਿਕਾਰੀ ਸਾਰੀ ਕਾਰਵਾਈ ਦਾ ਨਿਰੀਖਣ ਕਰ ਰਹੇ ਸਨ। ਮੈਂ ਡਰਦੇ ਝਕਦੇ ਸਹਾਇਕ ਦੀ ਸੀਟ ਤੇ ਪਹੁੰਚ ਕੇ ਆਪਣਾ ਤੁਆਰਫ਼ ਕਰਾਇਆ ਤੇ ਮਕਸਦ ਦੱਸਿਆ। ਉਸ ਨੇ ਕਾਰਡ ਵੇਖਿਆ ਤੇ ਫ਼ੌਜੀ ਅਧਿਕਾਰੀ ਵੱਲ ਕਰ ਦਿੱਤਾ। ਫ਼ੌਜੀ ਅਫ਼ਸਰ ਨੇ ਮੇਰੇ ਵੱਲ ਝਾਕ ਕੇ ਵੇਖਿਆ, ਰਜਿਸਟਰ ਵਿਚ ਕੁੱਝ ਇੰਦਰਾਜ ਕੀਤਾ ਤੇ ਬੜੇ ਆਰਾਮ ਨਾਲ ਫ਼ੌਜੀ ਮੁਹਰ ਲਗਾ ਕੇ ਪਿੱਠ-ਅੰਕਣ ਕਰ ਦਿੱਤੀ।
ਮੇਰੇ ਨਾਲ ਦਾ ਚਾਲਕ ਵੀ ਬਹੁਤ ਖ਼ੁਸ਼! ਮੈਂ ਵੀ ਬਹੁਤ ਖ਼ੁਸ਼! ਅੱਧੇ ਘੰਟੇ ਵਿਚ ਅਸੀਂ ਆਪਣੀ ਮੰਜ਼ਲ ਤੇ ਪਹੁੰਚ ਗਏ। ਜਲਦੀ ਜਲਦੀ ਮੁੜਨ ਦੀ ਕਾਹਲ ਵਿਚ ਸਫ਼ੈਦੇ ਟਿਊਬਵੈੱਲ ਦੇ ਕੋਠੇ ਅੰਦਰ ਟਿਕਾਏ। ਵਾਪਸੀ ਤੇ ਮਿਲਟਰੀ ਦੀਆਂ ਗੱਡੀਆਂ ਦੀ ਅਸਾਧਾਰਨ ਦੌੜ-ਭੱਜ ਵੇਖ ਕੇ ਸਾਡੇ ਤੌਖਲੇ ਯਕੀਨ ਵਿਚ ਬਦਲਣ ਲੱਗੇ। ਪੁਲਸ ਨਾਕੇ ਤੇ ਪੁਲਸ ਚੌਕਸੀ ਵੀ ਬਹੁਤ ਜ਼ਿਆਦਾ ਸੀ ਪਰ ਲੇਂਝਪੁਣੇ ਤੋਂ ਖ਼ਾਲੀ ਸੀ। ਉਨ੍ਹਾਂ ਨਾਲ ਵੀ ਫ਼ੌਜੀ ਟੁਕੜੀਆਂ ਆਵਾਜਾਈ ਟਰੈਫ਼ਿਕ ਦੀ ਨਿਗਰਾਨੀ ਕਰ ਰਹੀਆਂ ਸਨ। ਡੀæ ਸੀæ ਦਫ਼ਤਰੋਂ ਨਵਿਆਇਆ ਮੇਰਾ ਕਰਫ਼ਿਊ ਪਾਸ ਇੱਥੇ ਕੰਮ ਆ ਗਿਆ, ਨਹੀਂ ਤੇ ਉਹ ਕਿਸੇ ਵੀ ਵਾਹਨ ਨੂੰ ਅੰਮ੍ਰਿਤਸਰ ਦੀ ਹਦੂਦ ਅੰਦਰ ਦਾਖਲ ਨਹੀਂ ਹੋਣ ਦੇ ਰਹੇ ਸਨ। ਅਣ-ਐਲਾਨੀ ਐਮਰਜੈਂਸੀ ਵਾਲੀ ਵਿਸਫੋਟਕ ਹਾਲਾਤ ਪੈਦਾ ਹੋ ਰਹੀ ਸੀ। ਅਫ਼ਵਾਹਾਂ ਦਾ ਬਾਜ਼ਾਰ ਬਹੁਤ ਗਰਮ ਸੀ।
'ਕੀ ਸੱਪ ਸੁੰਘ ਗਿਆ ਅੱਜ ਇਨ੍ਹਾਂ ਨੂੰ! ਇਹ ਤਾਂ ਬਾਹਰਲੀ ਗੱਡੀ ਵੇਖ ਕੇ ਦੂਰੋਂ ਹੀ ਮੁੱਛਾਂ ਨੂੰ ਤਾਅ ਦਿੰਦੇ ਭੱਜੇ ਆਉਂਦੇ ਸਨ। ਹਰਿਆਣਵੀ ਟਰੱਕ ਵੇਖ ਕੇ ਤਾਂ ਫ਼ੀਸ ਦੁੱਗਣੀ ਸੁਣਾ ਦਿੰਦੇ ਸਨ। ਅੱਜ ਜ਼ਰੂਰ ਕੋਈ ਅਲੋਕਾਰ ਕਾਰਾ ਵਰਤਿਆ ਹੈ ਜਾਂ ਵਰਤਣ ਵਾਲਾ ਹੈ।' ਸੁੱਖਾ ਡਰਾਈਵਰ ਸੁਤੇਸਿਧ ਆਪਣੀ ਹੈਰਾਨੀ ਤੇ ਖ਼ੁਸ਼ੀ ਪ੍ਰਗਟਾ ਰਿਹਾ ਸੀ। 
'ਹਾਲ ਗੇਟ ਅੰਦਰ ਜਾਂਦਾ ਇੱਕ ਟਰੱਕ ਹਥਿਆਰ ਤੇ ਵਿਸਫੋਟਕ ਸਮਗਰੀ ਫੜੀ ਗਈ। ਅੱਤਵਾਦੀਆਂ ਨੇ ਪੁਲਸ ਨਾਕੇ ਤੇ ਘਾਤ ਲਗਾ ਕੇ ਚਾਰ ਸਿਪਾਹੀ ਮਾਰ ਦਿੱਤੇ। ਦੋ ਅੱਤਵਾਦੀ ਪੁਲਸ ਮੁਕਾਬਲੇ ਵਿਚ ਢੇਰ। ਜਨਰਲ ਗੌਰੀ ਸ਼ੰਕਰ ਨੂੰ ਗਵਰਨਰ ਦਾ ਸਿਕਿਉਰਿਟੀ ਸਲਾਹਕਾਰ ਲਗਾ ਦਿੱਤਾ ਗਿਆ। ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਜਿਊਂਦਾ ਜਾਂ ਮੁਰਦਾ ਫੜਨ ਲਈ ਸਰਕਾਰ ਵੱਲੋਂ ਪੰਜਾਹ ਲੱਖ ਦਾ ਇਨਾਮ।' ਇੱਕ ਅਖ਼ਬਾਰ ਹਾਕਰ ਉੱਚੀ ਉੱਚੀ ਚਲਾਉਂਦਾ ਜ਼ਮੀਮਾ ਵੰਡ ਰਿਹਾ ਸੀ ਤੇ ਲੋਕ ਗਰਮ ਪਕੌੜਿਆਂ ਵਾਂਗ ਖ਼ਰੀਦ ਰਹੇ ਸਨ। ਮੈਂ ਵੀ ਚੁਆਨੀ ਕੱਢੀ ਤੇ ਇੱਕ ਪਰਚਾ ਲੈ ਲਿਆ। ਚੋਰਾਂ ਵਾਂਗ ਡਰਦੇ ਡਰਦੇ ਤ੍ਰਾਹ ਤ੍ਰਾਹ ਕਰਦੇ ਅਸੀਂ ਮੁੜ ਅੰਮ੍ਰਿਤਸਰ ਆਪਣੇ ਘਰ ਪਹੁੰਚ ਗਏ।
ਮੇਰੀ ਮਾਤਾ ਕੁੱਝ ਦਿਨ ਪਹਿਲਾਂ ਹੀ ਦਰਬਾਰ ਸਾਹਿਬ ਅੰਦਰੋਂ ਭਿੰਡਰਾਂਵਾਲਾ ਦਾ ਰੋਹਿਲਾ ਭਾਸ਼ਣ ਸੁਣ ਕੇ ਆਈ ਸੀ। ਉਹ ਸੰਤਾਂ ਦੇ ਭਾਸ਼ਣ ਦੀ ਬੜੀ ਉਪਾਸ਼ਕ ਸੀ। ਕੋਟ ਖ਼ਾਲਸੇ ਤੋਂ ਦਰਬਾਰ ਸਾਹਿਬ ਦਸ ਰੁਪਏ ਜਾਣ ਤੇ ਦਸ ਰੁਪਏ ਆਉਣ ਉਸ ਦਾ ਉੱਕਾ-ਪੁੱਕਾ ਨੇਮ ਸੀ। ਉਸ ਨੇ ਦੱਸਿਆ ਕਿ ਸੰਤਾਂ ਨੇ ਨੌਜੁਆਨਾਂ ਨੂੰ ਨਿਰਦੇਸ਼ ਦਿੱਤੇ ਹਨ ਤੇ ਵੰਗਾਰਿਆ ਹੈ।
'ਨਸ਼ੇ ਐਬ ਸਾਰੇ ਛੱਡ ਦਿਓ। ਅੰਮ੍ਰਿਤ ਛਕੋ, ਸਿੰਘ ਬਣੋ। ਸੋਹਲ ਨਾ ਬਣੋ æææ ਕੂਲਰ, ਫ਼ਰਿਜਾਂ ਨਾ ਖ਼ਰੀਦੋ, ਇਨ੍ਹਾਂ ਦਾ ਪਾਣੀ ਤੁਹਾਨੂੰ ਨਸੀਬ ਨਹੀਂ ਹੋਣਾ। ਇਹੋ ਜਿਹਾ ਸਮਾਂ ਤੁਹਾਡੇ ਨੇੜੇ ਹੈ ਜਦ ਮੁਗ਼ਲਾਂ ਦੇ ਜ਼ਮਾਨੇ ਵਾਂਗ ਛੱਪੜਾਂ ਦਾ ਪਾਣੀ ਪੀਣਾ ਪੈਣਾ, ਜੰਗਲਾਂ ਚ ਲੁਕਣਾ ਪੈਣਾ। ਮੋਟਰ ਸਾਈਕਲ ਖ਼ਰੀਦੋ, ਹਥਿਆਰ ਖ਼ਰੀਦੋ। ਆਤਮ-ਰੱਖਿਆ ਵਾਸਤੇ ਇਹ ਤੁਹਾਡੇ ਬੜੇ ਕੰਮ ਆਉਣਗੇ। ਖ਼ਾਲਸਾ ਜੀ! ਜਿੱਥੇ ਵਕੀਲ ਦਲੀਲ ਅਪੀਲ ਦੀ ਕੋਈ ਸੁਣਵਾਈ ਹੀ ਨਹੀਂ, ਜਿੱਥੇ ਸਰਾਸਰ ਧੱਕਾ ਹੋ ਰਿਹਾ ਹੈ ਸਿੱਖਾਂ ਨਾਲ, ਜਿੱਥੇ ਉਹ ਸਿੱਖਾਂ ਨੂੰ ਖ਼ਤਮ ਕਰਨ ਦੀ ਪੱਕੀ ਧਾਰੀ ਬੈਠੇ ਹਨ, ਉੱਥੇ ਫਿਰ ਵਕੀਲ ਤੇ ਦਲੀਲ ਕਰਨ ਦੀ ਕੀ ਲੋੜ ਆ? ਜਦੋਂ ਗੁਰੂ ਪੰਥ ਦੀ ਬੇਅਦਬੀ ਕਰਨ ਵਾਲੇ ਝਟਕਾਏ ਹੋਣਗੇ, ਵਕੀਲ ਉਹ ਭਾਲਦੇ ਫਿਰਨਗੇ। ਆਪਾਂ ਨੂੰ ਕੀ ਲੋੜ ਆ? ਖ਼ਾਲਸਾ ਜੀ ਜਦੋਂ ਤੱਕ ਆਪਾਂ ਇਕੱਠੇ ਮਿਲ ਕੇ ਨਹੀਂ ਬੈਠਦੇ, ਜਦ ਤੱਕ ਇੱਕ ਦੂਜੇ ਤੇ ਚਿੱਕੜ ਸੁੱਟਣੋਂ ਨਹੀਂ ਹਟਦੇ, ਓਦੋਂ ਤੱਕ ਕੁੱਟ ਪੈਂਦੀ ਰਹੇਗੀ ਤੇ ਕੁੱਟ ਖਾਂਦੇ ਰਹਾਂਗੇ। ਸਮਾਂ ਆ ਗਿਆ ਹੈ। ਹੋਰ ਉਡੀਕਣ ਦਾ ਵੇਲਾ ਨਹੀਂ। ਸੰਭਲੋ! ਅਜੇ ਵੀ ਸੰਭਲੋ। ਹੋਸ਼ ਕਰੋ।' 
ਮਾਤਾ ਸਾਨੂੰ ਵੇਖ ਕੇ ਉਹ ਬਹੁਤ ਪ੍ਰਸੰਨ ਹੋਈ, ਸਾਰੀਆਂ ਉਨ੍ਹਾਂ ਮਾਵਾਂ ਵਾਂਗ ਜੋ ਆਪਣੇ ਬੱਚਿਆਂ ਨੂੰ ਸਵੇਰੇ ਘਰੋਂ ਤੋਰਦੀਆਂ ਉਨ੍ਹਾਂ ਦੇ ਸਹੀ-ਸਲਾਮਤ ਘਰ ਪਰਤਣ ਤੱਕ ਦੁਆਵਾਂ ਕਰਦੀਆਂ ਰਹਿੰਦੀਆਂ ਸਨ। 
ਮਲਕੀਅਤ ਵੀ ਮੂੰਹ ਜਿਹਾ ਲਟਕਾਈ ਆ ਗਿਆ। ਉਹ ਮੇਰਾ ਦੋਸਤ ਵੀ ਸੀ, ਗਵਾਂਢੀ ਵੀ ਸੀ ਤੇ ਹਮ-ਖਿਆਲੀਆ ਵੀ ਸੀ। ਉਸ ਦਾ ਖਾੜਕੂ ਸਫ਼ਾਂ ਵਿਚ ਚੰਗਾ ਮੇਲ-ਜੋਲ ਸੀ ਤੇ ਅੰਦਰ ਗੇੜਾ ਮਾਰਦਾ ਰਹਿੰਦਾ ਸੀ। ਅੰਦਰਲੀ ਗਤੀਵਿਧੀਆਂ ਬਾਰੇ ਉਸ ਕੋਲੋਂ ਹਰ ਰੋਜ਼ ਤਾਜ਼ਾ ਖ਼ਬਰ ਮਿਲਦੀ ਰਹਿੰਦੀ ਸੀ। ਖਾੜਕੂਆਂ ਨੂੰ ਲੋਈਆਂ, ਦਸਤਾਰਾਂ ਤੇ ਵਰਦੀਆਂ ਪਹੁੰਚਾਉਣਾ ਉਸ ਦੀ ਸੇਵਾ ਸੀ। ਭਿੰਡਰਾਂਵਾਲੇ ਸੰਤਾਂ ਤੱਕ ਉੱਪਰਲੀ ਸਰਕਾਰ ਦੇ ਨੁਮਾਇੰਦੇ ਵਿਚੋਲੇ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਬਲਖ ਬੁਖਾਰੇ ਦਿਖਾ ਲਾਲਚ ਦੇ ਕੇ ਫੁਸਲਾਉਣ ਤੇ ਮਨਾਉਣ ਦਾ ਯਤਨ ਕਰ ਰਹੇ ਸਨ। ਸੰਤ ਉਨ੍ਹਾਂ ਦੀ ਲੂੰਬੜ-ਚਾਲ ਸਮਝਦੇ ਸਨ ਤੇ ਕਿਸੇ ਵੀ ਲੋਭ ਲਾਲਚ ਤੋਂ ਬਹੁਤ ਉੱਪਰ ਸਨ। ਅੰਦਰ ਸਰਕਾਰੀ ਏਲਚੀ ਵੀ ਪਹੁੰਚ ਚੁੱਕੇ ਸਨ ਪਰ ਨਾਲ ਤਾੜ ਤਾੜ ਦੀਆਂ ਆਵਾਜ਼ਾਂ ਵੀ ਸੁਣਾਈ ਦਿੰਦੀਆਂ ਸਨ। ਇਹ ਵਿਚੋਲਗੀ ਬਿਲਕੁਲ ਇਵੇਂ ਹੀ ਸੀ ਜਿਵੇਂ 1965 ਵਿਚ ਚੀਨੀਆਂ ਨੇ ਹਿੰਦੀ ਚੀਨੀ ਭਾਈ ਭਾਈ ਦਾ ਨਾਅਰਾ ਲਾ ਕੇ ਭਾਰਤ ਦਾ ਬਹੁਤ ਸਾਰਾ ਭੂਗੋਲਿਕ ਇਲਾਕਾ ਹਥਿਆ ਲਿਆ ਸੀ ਜਾਂ 1971 ਵੇਲੇ ਇੱਕ ਪਾਸੇ ਜਨਰਲ ਯਾਹੀਆ ਖਾਂ ਰੇਡੀਉ ਤੇ ਢਾਕਾ ਹਾਰਨ ਦੀ ਪੁਸ਼ਟੀ ਕਰਦਾ ਸੁਲ੍ਹਾ-ਸਫ਼ਾਈ ਦੀਆਂ ਦੁਹਾਈਆਂ ਦੇ ਰਿਹਾ ਸੀ, ਠੀਕ ਉਸੇ ਵੇਲੇ ਪਾਕਿਸਤਾਨੀ ਜਹਾਜ਼ਾਂ ਦੀ ਇੱਕ ਫਲੀਟ ਅੰਮ੍ਰਿਤਸਰ ਦੇ ਬਾਹਰ ਛਿਹਰਟੇ ਉੱਤੇ ਗੋਲੀਆਂ ਦੇ ਬਰੱਸਟ ਵਰਸਾ ਕੇ ਸੈਂਕੜੇ ਲੋਕਾਂ ਨੂੰ ਮੌਤ ਦੇ ਮੂੰਹ ਧਕੇਲ ਗਈ ਸੀ। ਮਲਕੀਤ ਦੇ ਨਾਲ ਮੈਨੂੰ ਵੀ ਸੰਤਾਂ ਦੇ ਨੇੜਲੇ ਦਰਸ਼ਨ ਕਰਨ ਦਾ ਦੋ ਤਿੰਨ ਵੇਰਾਂ ਮੌਕਾ ਮਿਲਿਆ ਸੀ। 
'ਬੜੀ ਮਾੜੀ ਖ਼ਬਰ ਆ ਪੰਨੂ ਸਾਹਿਬ! ਅੰਦਰ ਘੇਰਾ ਪੈ ਗਿਆ। ਪਤਾ ਨਹੀਂ ਕੀ ਭਾਣਾ ਵਰਤ ਜਾਣਾ ਹੈ। ਉਨ੍ਹਾਂ ਤੱਕ ਪੰਝੀ ਤੀਹ ਦਸਤਾਰਾਂ ਪੁੱਜਦੀਆਂ ਕਰਨੀਆਂ ਨੇ, ਕੁੱਝ ਚਾਰਾ ਕਰੋ।' ਉਸ ਨੇ ਆਪਣਾ ਮਕਸਦ ਭੁਗਤਾ ਦਿੱਤਾ। ਇਸਲਾਮਾਬਾਦ ਆਬਾਦੀ ਵਿਚ ਚੂਨੀ ਲਾਲ ਕੱਪੜੇ ਦਾ ਥੋਕ ਵਪਾਰੀ ਮੇਰਾ ਦੋਸਤ ਸੀ। ਉਸ ਦੀ ਫ਼ੈਕਟਰੀ ਦੀਆਂ ਧਾਰੀਲਾਲ ਮਾਰਕਾ ਲੋਈਆਂ ਲੈ ਕੇ ਪਿਛਲੇ ਸਿਆਲ਼ ਉਨ੍ਹਾਂ ਸਿੰਘਾਂ ਤੱਕ ਅੰਦਰ ਪਹੁੰਚਾਈਆਂ ਸਨ। ਮੈਂ ਫ਼ੋਨ ਮਿਲਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮਿਲਿਆ। 
'ਤੂੰ ਆਪ ਹੀ ਚਲਾ ਜਾਹæææ ਮਿਲ ਲਵੀਂ ਉਹਨੂੰ। ਤੈਨੂੰ ਵੀ ਉਹ ਜਾਣਦੇ ਨੇ, ਬਾਕੀ ਮੇਰਾ ਨਾਮ ਲੈ ਲਵੀਂ। ਪੱਗਾਂ ਦੇ ਥਾਨ ਵੀ ਉਹ ਤੈਨੂੰ ਆਪੇ ਬੰਦੋਬਸਤ ਕਰ ਦੇਵੇਗਾ।' ਮੇਰੇ ਹਾਂ ਕਰਨ ਤੇ ਉਸ ਦੀਆਂ ਅੱਖਾਂ ਵਿਚ ਚਮਕ ਆ ਗਈ ਤੇ ਉਹ ਝਬਦੇ ਹੀ ਚੱਲਦਾ ਬਣਿਆ। ਬਾਦ ਵਿਚ ਸਾਮਾਨ ਦਾ ਬਿੱਲ ਮਿਲ਼ਨ ਤੇ ਮੈਨੂੰ ਇਹ ਖ਼ਬਰ ਮਿਲਦੀ ਰਹੀ ਕਿ ਉਹ ਉੱਥੋਂ ਮੇਰੇ ਨਾਮ ਤੇ ਛੇ ਥਾਨ ਲੈ ਗਿਆ ਸੀ ਪਰ ਅੰਦਰ ਤੱਕ ਨਹੀਂ ਅੱਪੜ ਸਕਿਆ। ਬਹੁਤ ਸਾਲ ਉਸ ਦੀ ਕੋਈ ਉੱਘ-ਸੁੱਘ ਨਹੀਂ ਨਿਕਲੀ। ਉਸ ਦੀ ਤਲਾਸ਼ ਵਿਚ ਕਈ ਵੇਰਾਂ ਰਾਤ-ਬਰਾਤੇ ਉਸ ਦੇ ਘਰ ਪੁਲਸ ਵੀ ਛਾਪਾਮਾਰੀ ਕਰਦੀ ਰਹੀ ਪਰ ਉਹ ਕਿਤੇ ਨਹੀਂ ਹੱਥ ਲੱਗਾ। ਬਾਲ ਬੱਚੇ ਉਸ ਦੇ ਰੁਲ ਗਏ, ਘਰ-ਘਾਟ ਵਿਕ ਗਿਆ, ਮੱਝਾਂ ਦੀ ਡੇਅਰੀ ਖ਼ੁਰਦ-ਬੁਰਦ ਹੋ ਗਈ। 
ਹੋਣੀ ਸੰਸਾਰ ਪ੍ਰਸਿੱਧ ਸੀਤੀ ਦੇ ਪਵਿੱਤਰ ਘਰ ਤੇ ਦਹਿਸ਼ਤ ਭਰੀ ਦਸਤਕ ਦੇ ਰਹੀ ਸੀ। ਗਲੀਆਂ ਬਾਜ਼ਾਰਾਂ ਵਿਚ ਕੁੱਤੇ ਬਿੱਲੀਆਂ ਭੌਂਕਦੇ, ਮਿਆਂਕਦੇ ਅਗਲੇ ਭਿਆਨਕ ਪਲਾਂ ਦੀ ਚੇਤਾਵਨੀ ਦੇ ਰਹੇ ਸਨ। ਰਾਤ ਅੱਠ ਵਜੇ ਦੀਆਂ ਖ਼ਬਰਾਂ ਵਿਚ ਇੰਦਰਾ ਗਾਂਧੀ ਦਾ ਭਾਸ਼ਣ ਪ੍ਰਸਾਰਿਤ ਹੋਣ ਦੀ ਖ਼ਬਰ ਸੀ। ਲੋਕ ਬੜੀ ਉਤਸੁਕਤਾ ਨਾਲ ਇਹ ਸੁਣਨ ਲਈ ਉਤਾਵਲੇ ਸਨ ਕਿ ਪਤਾ ਨਹੀਂ ਉਸ ਨੇ ਕੌਮ ਦੇ ਨਾਮ ਕੀ ਸੰਦੇਸ਼ ਦੇਣਾ ਹੈ। ਇਸ ਸਮੇਂ ਉਸ ਦੇ ਭਾਸ਼ਣ ਦੀ ਥਾਂ 'ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ ਅਤੇ ਵਤਨ ਕੀ ਆਬਰੂ ਖ਼ਤਰੇ ਮੇਂ ਹੈ ਹੁਸ਼ਿਆਰ ਹੋ ਜਾਓæææ ਆਦਿ ਦੇਸ਼-ਭਗਤੀ ਗਾਣੇ ਸ਼ੁਰੂ ਹੋ ਗਏ। 
ਕੁੱਝ ਦੇਰ ਬਾਦ ਇੰਦਰਾ ਗਾਂਧੀ ਦਾ ਬਹੁ ਪਰਤੀ ਭਾਸ਼ਣ ਤੇ ਉਸ ਦੀ ਥਿੜਕਦੀ ਆਵਾਜ਼ ਮੋਮੋਠਗਣੀ, ਬਹੁਰੂਪੀਏ ਸੰਕੇਤ ਦੇ ਰਹੀ ਸੀ। ਉਸ ਨੇ ਬੜੇ ਵਿੰਗੇ ਟੇਢੇ ਡਰਾਮਾਈ ਭਾਸ਼ਣ ਵਿਚ ਕਿਹਾ, ਦਰਬਾਰ ਸਾਹਿਬ ਅੰਮ੍ਰਿਤਸਰ ਦੇ ਅੰਦਰ ਲੁਕੇ ਚਾਰ ਪੰਜ ਸੌ ਮੁੱਠੀ ਭਰ ਅੱਤਵਾਦੀਆਂ ਨੇ ਸ਼ਰੀਫ਼ ਹਿੰਦੂ ਸਿੱਖਾਂ ਨੂੰ ਡਰਾ ਧਮਕਾ ਕੇ ਉਨ੍ਹਾਂ ਦਾ ਜੀਣਾ ਮੁਹਾਲ ਕਰ ਰੱਖਿਆ ਹੈ। ਮੈਂ ਉਨ੍ਹਾਂ ਦੀਆਂ ਮੰਗਾਂ ਪੁੱਛਣ ਤੇ ਉਨ੍ਹਾਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਹੈ ਤਾਂ ਜੋ ਇਸ ਦਾ ਕੋਈ ਸ਼ਾਂਤਮਈ ਹੱਲ ਕੱਢਿਆ ਜਾਏ ਪਰ ਉਹ ਨਹੀਂ ਮੰਨੇ। ਮਜਬੂਰ ਹੋ ਕੇ ਸਾਨੂੰ ਉਨ੍ਹਾਂ ਨੂੰ ਬਾਹਰ ਕੱਢਣ ਲਈ ਬਲ ਦਾ ਪ੍ਰਯੋਗ ਕਰਨਾ ਪਵੇਗਾ। ਇਹ ਖ਼ਬਰ ਪਹਿਲਾਂ ਅੰਗਰੇਜ਼ੀ ਤੇ ਫਿਰ ਇਸ ਦਾ ਪੰਜਾਬੀ ਤਰਜਮਾ ਬਾਰ ਬਾਰ ਨਸ਼ਰ ਕੀਤਾ ਗਿਆ। 
ਅਜੇਹੀ ਚੇਤਾਵਨੀ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਵੀ ਗੁਰੂ ਅਰਜਨ ਦੇ ਨੂੰ ਦਿੱਤੀ ਸੀ। ਆਪਣੀ ਕਿਤਾਬ ਤੁਜ਼ਕੇ-ਜਹਾਂਗੀਰੀ ਵਿਚ ਉਸ ਨੇ ਲਿਖਿਆ ਹੈ। ਦਰਿਆ ਬਿਆਸ ਕੰਢੇ ਗੋਇੰਦਵਾਲ ਵਿਖੇ ਅਰਜਨ ਨਾਮੀ ਹਿੰਦੂ ਨੇ ਦੁਕਾਨ ਖੋਲ੍ਹ ਰੱਖੀ ਹੈ ਜੋ ਸ਼ਰੀਫ਼ ਜਨਤਾ ਨੂੰ ਡਰਾ ਧਮਕਾ ਕੇ, ਗੁਮਰਾਹ ਕੇ ਆਪਣੇ ਪਿੱਛੇ ਲਗਾਈ ਫਿਰਦਾ ਹੈ। ਮੈਂ ਚਾਹੁੰਦਾ ਹਾਂ, ਉਸ ਦਾ ਇਹ ਡੇਰਾ ਬੰਦ ਕਰਵਾ ਦੇਵਾਂ। ਫਿਰ ਜੋ ਗੁਰੂ ਅਰਜਨ ਦੇਵ ਤੇ ਉਸ ਦੇ ਪੰਥ ਨਾਲ ਬੀਤੀ, ਇਹ ਮੁਸ਼ਕਲ ਕਾਲਾ ਦੌਰ ਸਿੱਖ ਇਤਿਹਾਸ ਦੇ ਪੰਨਿਆਂ ਤੇ ਅੰਕਿਤ ਹੈ। 
ਇੰਦਰਾ ਦਾ ਲੈਕਚਰ ਸੁਣ ਕੇ ਕਿਸੇ ਸ਼ੱਕ ਸੁਭਾ ਦੀ ਗੁੰਜਾਇਸ਼ ਬਾਕੀ ਨਹੀਂ ਰਹੀ। ਸਭ ਗੁਰੂ ਪਿਆਰਿਆਂ ਦੇ ਹੱਥੋਂ ਰੋਟੀ ਪਾਣੀ ਥਿੜਕ ਗਏ। ਦੀਵਾਲੀ ਤੋਂ ਪਹਿਲਾਂ ਦੇ ਕੁੱਝ ਦਿਨਾਂ ਵਾਂਗ ਕੰਨਾਂ ਵਿਚ ਛੁੱਟ-ਪਿੱਟ ਛੁਰਲੀਆਂ ਪਟਾਕਿਆਂ ਦੀਆਂ ਆਵਾਜ਼ਾਂ ਸੁਣਦੀਆਂ ਰਹੀਆਂ। ਅੱਜ ਦੇ ਇਨ੍ਹਾਂ ਪਟਾਕਿਆਂ ਦੇ ਦੂਰ-ਰਸੀ ਪ੍ਰਭਾਵ ਦੀਵਾਲੀ ਦੇ ਉਮਾਹ ਅਤੇ ਉਤਸ਼ਾਹ ਦੇ ਵਿਪਰੀਤ ਸਹਿਮੇ ਸਹਿਮੇ ਸਨ। ਕਾਹਲੇ ਕਦਮੀਂ ਹਉਕੇ ਭਰਦੇ ਕੋਠੇ ਚੜ੍ਹ ਗਏ ਜਿੱਥੋਂ ਦਰਬਾਰ ਸਾਹਿਬ ਤੇ ਚੱਲਦੀ ਆਤਸ਼ਬਾਜ਼ੀ ਅਸੀਂ ਘਰੋਂ ਹੀ ਵੇਖ ਲੈਂਦੇ ਸੀ। ਹੋਰ ਵੀ ਸਾਰੇ ਲੋਕ ਕੋਠਿਆਂ/ਚੁਬਾਰਿਆਂ ਤੇ ਪੌੜੀਆਂ ਚੜ੍ਹੇ ਆਉਣ ਵਾਲੇ ਭਿਆਨਕ ਪਲਾਂ ਦੀਆਂ ਕਿਆਸ-ਆਰਾਈਆਂ ਵਿਚ ਡੁੱਬੇ ਪਏ ਅਰਦਾਸਾਂ ਕਰ ਰਹੇ ਸਨ ਕਿ ਹੇ ਰੱਬ ਸੱਚਿਆ ਇਸ ਹੋਣੀ ਨੂੰ ਪਰੇ ਪਰੇ ਹੀ ਨਜਿੱਠ ਲਵੀਂ। 
ਹੋਣੀ ਨਹੀਂ ਟਲ਼ੀ। ਤਿੰਨ ਜੂਨ ਨੂੰ ਤੜਕੇ ਤਿੰਨ ਵਜੇ ਸੀਤੀ ਦੇ ਘਰ ਤੇ ਗੋਲ਼ਿਆਂ ਦੀ ਤਾੜ ਤਾੜ ਨੇ ਇਹ ਕਿਆਸ-ਅਰਾਈਆਂ ਸੱਚੀਆਂ ਸਾਬਤ ਕਰ ਦਿੱਤੀਆਂ। ਸਵੇਰੇ ਉੱਠਣ ਤੱਕ ਹਰ ਗਲੀ ਮੁਹੱਲੇ ਭਾਰਤੀ ਫ਼ੌਜ ਦੇ ਜਵਾਨ ਲੋਕਾਂ ਨੂੰ ਅੰਦਰ ਰਹਿਣ ਦੀਆਂ ਹਦਾਇਤਾਂ ਦਿੰਦੇ ਡਾਂਟ ਰਹੇ ਸਨ। 36 ਘੰਟੇ ਦੇ ਕਰਫ਼ਿਊ ਹੁਕਮ ਨੇ ਸਾਰਾ ਪੰਜਾਬ ਅੰਦਰੀਂ ਤਾੜ ਦਿੱਤਾ।