ਪਛਤਾਵੇ ਦੇ ਹੰਝੂ (ਮਿੰਨੀ ਕਹਾਣੀ)

ਨਿਸ਼ਾਨ ਸਿੰਘ ਰਾਠੌਰ   

Email: nishanrathaur@gmail.com
Address: ਪੰਜਾਬੀ ਵਿਭਾਗ ਕੁਰੂਕਸ਼ੇਤਰ ਯੂਨੀਵਰਸਿਟੀ
ਕੁਰੂਕਸ਼ੇਤਰ India
ਨਿਸ਼ਾਨ ਸਿੰਘ ਰਾਠੌਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸੁਰਜਨ ਸਿੰਘ ਆਪਣੀ ਘਰਵਾਲੀ ਹਰਜੀਤ ਕੌਰ ਨਾਲ ਬਾਜ਼ਾਰ ਨੂੰ ਤੁਰਿਆ ਤਾਂ ਪਿੰਡ ਦੇ ਮੋੜ ਉੱਤੇ ਲੋਕਾਂ ਦੀ ਭੀੜ ਦੇਖ ਕੇ ਆਪਣਾ ਸਕੂਟਰ ਹੋਲ਼ੀ ਕਰ ਲਿਆ।
'ਚਲੋ ਜੀ, ਆਪਾਂ ਨੂੰ ਦੇਰ ਹੋ ਜਾਣੀ ਹੈ।' ਹਰਜੀਤ ਕੌਰ ਨੇ ਸਕੂਟਰ ਦੇ ਪਿੱਛੇ ਬੈਠਿਆਂ ਕਾਹਲੀ ਨਾਲ ਕਿਹਾ।
'ਲੱਗਦੈ, ਕਿਸੇ ਦਾ ਐਕਸੀਡੈਂਟ ਹੋ ਗਿਆ ਹੈ !!!' ਸੁਰਜਨ ਸਿੰਘ ਨੇ ਆਪਣਾ ਸਕੂਟਰ ਲਗਭਗ ਰੋਕਦਿਆਂ ਕਿਹਾ।
'ਛੇਤੀ ਚਲੋ ਇਥੋਂ, ਆਪਾਂ ਕੀ ਲੈਣੈ, ਖ਼ਬਰੇ ਕੌਣ ਹੋਊ???'
'ਪਰ, ਦੇਖ ਤਾਂ ਲੈਣ ਦੇ, ਕੌਣ ਆ?'
'ਤੁਸੀਂ ਚਲੋ।' ਹਰਜੀਤ ਕੌਰ ਦੇ ਗੁੱਸੇ ਨਾਲ ਕਹਿਣ ਤੇ ਸੁਰਜਨ ਸਿੰਘ ਨੇ ਮੁੜ ਤੋਂ ਆਪਣਾ ਸਕੂਟਰ ਤੇਜ਼ ਕਰ ਲਿਆ। ਕੁਝ ਚਿਰ ਮਗਰੋਂ ਬਾਜ਼ਾਰ ਵਿੱਚ ਘੁੰਮਦਿਆਂ ਸੁਰਜਨ ਸਿੰਘ ਦੇ ਮੋਬਾਈਲ ਦੀ ਘੰਟੀ ਵੱਜੀ;
'ਤਾਇਆ, ਪਰਲੋ ਆ ਗਈ, ਆਪਣਾ ਛਿੰਦਾ ਐਕਸੀਡੈਂਟ ਵਿੱਚ ਚੜ੍ਹਾਈ ਕਰ ਗਿਆ।' ਸੁਰਜਨ ਦੇ ਭਤੀਜੇ ਬਲਕਾਰ ਨੇ ਰੋਂਦਿਆਂ ਕਿਹਾ।
'ਨਹੀਂ, ਇਹ ਨਹੀਂ ਹੋ ਸਕਦਾ, ਕਦੋਂ ਤੇ ਕਿੱਥੇ ਹੋਇਆ ਐਕਸੀਡੈਂਟ?'
'ਆਪਣੇ ਪਿੰਡੇ ਦੇ ਮੋੜ 'ਤੇ!'
'ਹੈਂ, ਅਸੀਂ ਹੁਣੇ ਉੱਥੋਂ ਲੰਘ ਕੇ ਆਏ ਸਾਂ!'
'ਹਾਂ ਤਾਇਆ, ਹੁਣੇ ਹੋਇਆ ਐਕਸੀਡੈਂਟ। ਅਸੀਂ ਸ਼ਹਿਰ ਹੀ ਆਂ, ਡਾਕਟਰ ਕਹਿੰਦੈ 'ਜੇ ਕੁਝ ਚਿਰ ਪਹਿਲਾਂ ਲੈ ਆਉਂਦੇ ਤਾਂ ਸ਼ਾਇਦ!!!'
'ਹਾਏ ਉਏ, ਅਸੀਂ ਰੁਕੇ ਕਿਉਂ ਨਾ??? ਉੱਥੇ ਤਾਂ ਸਾਡਾ ਹੀ ਪੁੱਤ ਪਿਆ ਤੜਫ਼ ਰਿਹਾ ਸੀ!!!' ਸੁਰਜਨ ਅਤੇ ਹਰਜੀਤ ਦੀਆਂ ਅੱਖਾਂ ਵਿੱਚੋਂ ਪਛਤਾਵੇ ਦੇ ਹੰਝੂਆਂ ਦਾ ਹੜ੍ਹ ਵਹਿ ਤੁਰਿਆ।