ਵਾਹ ਕਨੇਡਾ! ਵਾਹ..! (ਗੀਤ )

ਗੁਰਦੀਸ਼ ਗਰੇਵਾਲ   

Email: gurdish.grewal@gmail.com
Cell: +1403 404 1450, +91 98728 60488 (India)
Address:
Calgary Alberta Canada
ਗੁਰਦੀਸ਼ ਗਰੇਵਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਵਾਹ ਕਨੇਡਾ! ਵਾਹ!, ਸਾਨੂੰ ਦੇਵੇ ਤੂੰ ਪਨਾਹ,
ਤੈਂਨੂੰ ਸੀਸ ਝੁਕਾਂਦੇ ਹਾਂ, ਤੇਰੇ ਹੀ ਗੁਣ ਗਾਂਦੇ ਹਾਂ।

ਹਰੇ ਭਰੇ ਨੇ ਜੰਗਲ ਤੇਰੇ, ਠੰਢੀਆਂ ਵਗਣ ਹਵਾਵਾਂ।
ਜੀਅ ਕਰਦਾ ਏ ਕੁਦਰਤ ਸਾਰੀ, ਘੁੱਟ ਕਲੇਜੇ ਲਾਵਾਂ।
ਸੋਨ ਸੁਹੱਪਣ ਤੇਰੇ ਤੋਂ, ਅਸੀਂ ਵਾਰੇ ਜਾਂਦੇ ਹਾਂ।
ਤੇਰੇ ਹੀ ਗੁਣ ਗਾਂਦੇ ਹਾਂ।
ਵਾਹ....
ਇੰਡੀਆ ਸਾਡੀ ਜੰਮਣ ਭੋਂਇ, ਤੂੰ ਸਾਡਾ ਸਰਮਾਇਆ।
ਵਸਦਾ ਰਸਦਾ ਰਹੇ ਇੰਡੀਆ, ਪਰ ਸਾਨੂੰ ਰਾਸ ਨਾ ਆਇਆ।
ਤੂੰ ਦਿੱਤਾ ਰੁਜ਼ਗਾਰ, ਤੇ ਤੇਰਾ ਦਿੱਤਾ ਖਾਂਦੇ ਹਾਂ।
ਤੇਰੇ ਹੀ ਗੁਣ ਗਾਂਦੇ ਹਾਂ।
ਵਾਹ....
ਸੌ ਸਾਲਾਂ ਤੋਂ ਵੱਧ ਪੁਰਾਣਾ, ਰਿਸ਼ਤਾ ਸਾਡਾ ਤੇਰਾ।
ਸਾਡੇ ਪੁਰਖਿਆਂ ਚੀਰ ਸਮੁੰਦਰ, ਲਾਇਆ ਏਥੇ ਡੇਰਾ।
ਤੇਰੀ ਹਰ ਖੁਸ਼ਹਾਲੀ ਦੇ ਵਿੱਚ ਹਿੱਸਾ ਪਾਂਦੇ ਹਾਂ।
ਤੇਰੇ ਹੀ ਗੁਣ ਗਾਂਦੇ ਹਾਂ।
ਵਾਹ…        
ਏਥੇ ਇੱਕ ਬਰਾਬਰ ਸਾਰੇ, ਨਾ ਕੋਈ ਉੱਚਾ- ਨੀਵਾਂ।
ਏਥੇ ਕਦਰ ਕਿਰਤ ਦੀ ਹੁੰਦੀ, ਮਾਣ ਨਾਲ ਮੈਂ ਜੀਵਾਂ।
ਵਿਰਸਾ ਚੇਤੇ ਰੱਖੀਏ, ਕੁੱਝ ਤੇਰਾ ਅਪਣਾਂਦੇ ਹਾਂ।
ਤੇਰੇ ਹੀ ਗੁਣ ਗਾਂਦੇ ਹਾਂ।
ਵਾਹ....
ਬੱਚਿਆਂ ਅਤੇ ਬਜ਼ੁਰਗਾਂ ਤਾਈਂ, ਮਿਲਦਾ ਬੜਾ ਸਹਾਰਾ।
ਜੁਗ ਜੁਗ ਜੀਵੇ ਦੇਸ਼ ਕਨੇਡਾ, 'ਦੀਸ਼' ਨੂੰ ਲਗੇ ਪਿਆਰਾ।
ਬਣ ਕੇ ਤੇਰੇ ਪੀ ਆਰ, ਵਾਪਿਸ ਨਾ ਜਾਂਦੇ ਹਾਂ।   
ਤੇਰੇ ਹੀ ਗੁਣ ਗਾਂਦੇ ਹਾਂ।
ਵਾਹ....