ਜਿੱਤ (ਮਿੰਨੀ ਕਹਾਣੀ)

ਮਨਪ੍ਰੀਤ ਕੋਰ ਭਾਟੀਆ   

Email: mkaur.fzr@gmail.com
Address: ਗੋਗੀਆ ਦ ਮੀਟ, ਗਲੀ ਨੰਬਰ 5 ਜਲੰਧਰ ਕਾਲੋਨੀ,
ਫਿਰੋਜ਼ਪੁਰ India
ਮਨਪ੍ਰੀਤ ਕੋਰ ਭਾਟੀਆ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸਿਖਰ ਦੁਪਹਿਰੇ ਕਾਲਿਜ ਤੋਂ ਪੜ੍ਹ ਕੇ ਨਿਕਲੀ ਸੁਖਮਨ ਥੋੜ੍ਹੀ ਕੁ ਹੀ ਦੂਰ ਪਏ ਆਪਣੇ ਘਰ ਵੱਲ ਰੋਜ ਵਾਂਗ ਹੀ ਪੈਦਲ ਤੁਰ ਪਈ । ਤੁਰਦਿਆਂ-ਤੁਰਦਿਆਂ ਉਸਨੂੰ ਭੁਲੇਖਾ ਜਿਹਾ ਪਿਆ ਜਿਵੇਂ ਦੋ ਮੁੰਡੇ ਉਸ ਦਾ ਪਿੱਛਾ ਕਰ ਰਹੇ ਹਨ । ਕੁਝ ਕੁ ਦੂਰ ਸੁੰਨਸਾਨ ਰਾਹ ਵਿੱਚੋਂ ਲੰਘਦਿਆਂ ਉਸ ਦਾ ਭੁਲੇਖਾ ਪੂਰੇ ਯਕੀਨ ਵਿੱਚ ਬਦਲ ਗਿਆ। ਸੁਖਮਨ ਨੇ ਸੱਜੇ ਹੱਥ ਵਿੱਚ ਫੜੇ ਮੋਬਾਇਲ ਤੋ਼ ਜਲਦੀ ਨਾਲ ਭਰਾ ਦਾ ਨੰਬਰ ਡਾਇਲ ਕੀਤਾ ਅਤੇ ਖੱਬੇ ਹੱਥ ਨਾਲ ਪਰਸ ਵਿੱਚੋਂ ਕੁਝ ਕੱਢਣ ਲੱਗੀ ।
 ਇੰਨੇ ਨੂੰ ਇੱਕ ਮੁੰਡੇ ਨੇ ਉਸਦਾ ਦੁਪੱਟਾ ਖਿੱਚ ਲਿਆ ਅਤੇ ਦੂਜੇ ਨੇ ਉਸਦੇ ਅੱਗੇ ਆਉਂਦਿਆਂ ਉਸਦੀ ਸੱਜੀ ਬਾਂਹ ਫੜ ਲਈ । ਹਵਸ ਉਹਨਾਂ ਦੀਆਂ ਅੱਖਾਂ ਵਿੱਚ ਨੱਚ ਰਹੀ ਸੀ । ਕੁੜੀ ਨੇ ਝੱਟ ਖੱਬੇ ਹੱਥ ਵਿੱਚ ਫੜਿਆ ਸਪਰੇਅ ਮੁੰਡਿਆਂ ਦੀਆਂ ਅੱਖਾਂ ਵਿੱਚ ਛਿੜਕ ਦਿੱਤਾ । ਮੁੰਡੇ ਤੜਪ ਉੱਠੇ ਤੇ ਉਸ ਤੋਂ ਪਰ੍ਹਾਂ ਹੋ ਗਏ । ਇਸ ਤੋਂ ਪਹਿਲਾਂ ਕਿ ਸੰਭਲਦੇ ਜੂਡੋ-ਕਰਾਟੇ ਵਿੱਚ ਮਾਹਿਰ ਸੁਖਮਨ ਨੇ ਮਾਰ-ਮਾਰ ਕੇ ਉਹਨਾਂ ਦਾ ਬੁਰਾ ਹਾਲ ਕਰ ਦਿੱਤਾ ।
 ਇੰਨੇ ਨੂੰ ਫੋਨ ਵਿੱਚੋਂ ਆਉਂਦੀਆਂ ਆਵਾਜ਼ਾ ਤੋਂ ਹੀ ਸਾਰਾ ਮਾਜਰਾ ਸਮਝੇ ਕੁੜੀ ਦੇ ਭਰਾ ਝੱਟ ਉੱਥੇ ਪਹੁੰਚ ਗਏ । ਰਹਿੰਦੀ ਕਸਰ ਉਹਨਾਂ ਨੇ ਪੂਰੀ ਕਰ ਦਿੱਤੀ । ਹੋਸ਼ ਵਿੱਚੋਂ ਪਰਤੇ ਮੁੰਡਿਆਂ ਦਾ ਮਾਰ-ਮਾਰ ਕੇ ਉਹਨਾਂ ਨੇ ਬਿਲਕੁਲ ਹੀ ਬੁਰਾ ਹਾਲ ਕਰ ਦਿੱਤਾ ਅਤੇ ਜਖਮੀ ਹਾਲਤ ਵਿੱਚ ਉਹਨਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ ।
 ਪੁਲਿਸ ਸਟੇਸ਼ਨ ਤੋਂ ਬਾਹਰ ਨਿਕਲਦਿਆਂ ਹੀ ਸੁਖਮਨ ਦੇ ਚਿਹਰੇ ਉੱਤੇ ਜੇਤੂ ਮੁਸਕਾਨ ਫੈਲ ਗਈ ਅਤੇ ਉਹ ਆਪਣੇ ਭਰਾਵਾਂ ਨਾਲ ਕਦਮ ਨਾਲ ਕਦਮ ਮਿਲਾਉਂਦੀ ਘਰ ਵੱਲ ਵੱਧ ਗਈ ।