'ਜ਼ਮੀਰ' ਲੋਕ ਅਰਪਣ (ਖ਼ਬਰਸਾਰ)


ਭੀਖੀ - ਨੇੜਲੇ ਪਿੰਡ ਖੀਵਾ ਮੀਹਾਂ ਸਿੰਘ ਵਾਲਾ ਵਿਖੇ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬ੍ਰੇਰੀ ਵਿੱਚ ਕਨੇਡਾ ਦੀ ਵਸਨੀਕ ਕਹਾਣੀਕਾਰ ਅਨਮੋਲ ਕੌਰ ਦਾ ਕਹਾਣੀ ਸੰਗ੍ਰਹਿ ਜ਼ਮੀਰ ਲੋਕ ਅਰਪਣ ਕੀਤਾ ਗਿਆ। ਲਾਇਬ੍ਰੇਰੀ ਇੰਚਾਰਜ ਰਮਨਦੀਪ ਖੀਵਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਅਜੋਕੇ ਪੀਡੇ ਦੌਰ ਵਿੱਚ ਨਰੋਈ ਮਾਨਸਿਕਤਾ ਲਈ ਕਿਤਾਬਾਂ ਨਾਲ ਜੁੜਨਾ ਸਮੇਂ ਦੀ ਮੰਗ ਹੈ। ਨੌਜਵਾਨਾਂ ਨੂੰ ਸਾਹਿਤ ਵੱਲ ਉਤਸ਼ਾਹਿਤ ਕਰਨ ਲਈ ਅਸੀਂ ਆਪਣੇ ਪਿੰਡ ਵਿੱਚ ਇਹ ਲਾਇਬ੍ਰੇਰੀ ਸਥਾਪਿਤ ਕੀਤੀ ਹੈ ਤਾਂ ਜੋ ਵੱਧ ਤੋਂ ਵੱਧ ਕਿਤਾਬੀ ਸੱਭਿਆਚਾਰ ਘਰ-ਘਰ ਤੱਕ ਪੁੱਜ ਸਕੇ। ਪੁਸਤਕ ਜ਼ਮੀਰ ਬਾਰੇ ਗੱਲਬਾਤ ਕਰਦਿਆਂ ਲਵਪ੍ਰੀਤ ਸਿੰਘ ਨੇ ਕਿਹਾ ਕਿ ਇਸ ਪੁਸਤਕ ਵਿਚਲੀਆਂ ਤੇਰਾਂ ਕਹਾਣੀਆਂ ਪੰਜਾਬ ਅਤੇ ਕਨੇਡਾ ਦੇ ਪੰਜਾਬੀ ਸੱਭਿਅਕ ਅਤੇ ਅਸੱਭਿਅਕ ਰਿਸ਼ਤਿਆਂ ਨੂੰ ਬਿਆਨ ਕਰਦੀਆਂ ਹਨ। ਵਿਦੇਸ਼ ਦੀ ਧਰਤੀ 'ਤੇ ਵਸਦਿਆਂ ਕਹਾਣੀਕਾਰ ਦੇ ਜ਼ਿਹਨ ਅੰਦਰ ਪੰਜਾਬੀਅਤ ਲਈ ਅਥਾਹ ਮੋਹ ਹੈ, ਅਜਿਹੀਆਂ ਪੁਸਤਕਾਂ ਨੂੰ ਸਾਡਾ ਜੀ ਆਇਆਂ ਕਹਿਣਾ ਬਣਦਾ ਹੈ। ਇਸ ਮੌਕੇ ਸਤਨਾਮ ਸਿੰਘ ਨੈਸ਼ਨਲ ਯੂਥ ਵਲੰਟੀਅਰ, ਪ੍ਰਧਾਨ ਸੰਦੀਪ ਸਿੰਘ, ਲਖਵਿੰਦਰ ਸਿੰਘ, ਨਿਰਮਲ ਸਿੰਘ, ਬਿੱਕਰ ਸਿੰਘ, ਕਾਲਾ ਸਿੰਘ, ਮਨਜਿੰਦਰ ਸਿੰਘ, ਹਰਮਨ ਸਿੰਘ, ਹਰਮੇਸ਼ ਸਿੰਘ, ਬਲਵੀਰ ਸਿੰਘ ਆਦਿ ਲਾਇਬ੍ਰੇਰੀ ਅਹੁਦੇਦਾਰ ਹਾਜ਼ਰ ਸਨ।


 

ਸਮਨਦੀਪ ਖੀਵਾ