ਭਾਈ ਕਾਹਨ ਸਿੰਘ ਨਾਭਾ ਫਾਊਂਡੇਸ਼ਨ ਵਲੋਂ ਪੰਜਾਬੀ ਸੰਮੇਲਨ (ਖ਼ਬਰਸਾਰ)


ਵਿਨੀਪੈਗ  -- ਭਾਈ ਕਾਹਨ ਸਿੰਘ ਨਾਭਾ ਫਾਊਂਡੇਸ਼ਨ  ਵਲੋਂ ਵਿਨੀਪੈਗ ਦੇ ਜੈਫਰਸਨ ਕਾਲਜੀਏਟ  ਹਾਲ ਵਿਖੇ ਪੰਜਾਬੀ ਸਾਹਿਤ ਸੰਮੇਲਨ ਕਰਵਾਇਆ ਗਿਆ। ਜਿਸਦਾ ਮੁੱਖ ਵਿਸ਼ਾ ਪੰਜਾਬੀ ਭਾਸ਼ਾ ਨੂੰ ਬਚਾਉਣ ਬਾਰੇ ਸੀ। ਪੰਜਾਬ 'ਚੋਂ ਆਏ ਉਘੇ ਨਾਵਲਕਾਰ ਮਿਤਰਸੈਨ ਮੀਤ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ 29 ਸਤੰਬਰ 1967ਨੂੰ ਪੰਜਾਬ ਦੇ ਮੁੱਖ ਮੰਤਰੀ ਲਛਮਣ ਸਿੰਘ ਗਿੱਲ ਨੇ ਪੰਜਾਬੀ ਭਾਸ਼ਾ ਐਕਟ ਵਿਧਾਨ ਸਭਾ ਪਾਸ ਕਰਵਾ ਕੇ 30 ਸਤੰਬਰ ਨੂੰ ਰਾਜਪਾਲ ਤੋਂ ਦਸਤਖਤ ਕਰਵਾਏ ਅਤੇ ਪਹਿਲੀ ਜਨਵਰੀ 1968 ਨੂੰ ਲਾਗੂ ਕਰਕੇ ਵੈਸਾਖੀ ਦੇ ਮੌਕੇ ਇਸਨੂੰ ਸਾਰੀਆਂ ਪ੍ਰਸ਼ਾਸ਼ਨਿਕ ਅਤੇ ਸਿਖਿਆ ਸੇਵਾਵਾਂ 'ਚ ਸੰਪੂਰਨ ਤੌਰ 'ਤੇ ਲਾਗੂ ਕਰਨ ਦਾ ਐਲਾਨ ਕੀਤਾ। ਇਸ ਤਰ੍ਹਾਂ ਪੰਜਾਬੀ ਨੂੰ ਰਾਜ ਭਾਸ਼ਾ ਬਣਾ ਕੇ ਆਪਣੇ ਰਹਿੰਦੇ 6ਮਹੀਨੇ ਉਹਨਾਂ ਹਰ ਫਾਈਲ 'ਤੇ ਪੰਜਾਬੀ 'ਚ ਦਸਤਖਤ ਕੀਤੇ ਅਤੇ ਉਦੋਂ ਸਾਰੇ ਮੁੱਖ ਸਕੱਤਰਾਂ ਤੱਕ ਨੇ ਪੰਜਾਬੀ ਸਿਖਣੀ ਸ਼ੁਰੂ ਕਰ ਦਿਤੀ ਸੀ। ਲਛਮਣ ਸਿੰਘ ਗਿੱਲ ਤਾਂ ਪੰਜਾਬੀ ਭਾਸ਼ਾ ਐਕਟ ਬਣਾ ਕੇ ਅਮਰ ਹੋ ਗਿਆ ਪਰ ਉਸ ਤੋਂ ਬਾਦ ਬਣੇ  ਪੰਜਾਬ ਦੇ ਸਾਰੇ ਹੁਕਮਰਾਨ ਬੇਈਮਾਨ ਨਿਕਲੇ ,ਉਹਨਾਂ ਪੰਜਾਬੀ ਦਾ ਰਾਜਭਾਸ਼ਾ ਦਾ ਦਰਜਾ ਬਰਕਰਾਰ ਰੱਖਣ 'ਚ ਕੋਈ ਰੁਚੀ ਨਹੀਂ ਦਿਖਾਈ ,ਜਿਸ ਕਾਰਨ ਪੰਜਾਬੀ ਰੁਜ਼ਗਾਰ ਦੀ ਭਾਸ਼ਾ ਨਾ ਬਣ ਸਕੀ। ਪੰਜਾਬੀ ਭਾਸ਼ਾ ਐਕਟ ਬਣੇ ਨੂੰ 51 ਸਾਲ ਹੋ ਗਏ ਹਨ ਪਰ ਹਕੂਮਤਾਂ ਦੀ ਬੇਈਮਾਨੀ ਦੀ ਇੰਤਹਾ ਦੇਖੋ ਕਿ ਇਸ ਵੱਲ ਧਿਆਨ ਹੀ ਨਹੀਂ ਦਿਤਾ ਜਾ ਰਿਹਾ। ਪੰਜਾਬ ਦੇ ਹੁਕਮਰਾਨ ਵੋਟਾਂ ਦੀ ਗਿਣਤੀ ਮਿਣਤੀ ਕਰਦੇ ਰਹੇ ਕਿ ਪੰਜਾਬੀ ਲਾਗੂ ਕਰਨ ਨਾਲ ਕਿਤੇ ਹਿੰਦੂ ਵੋਟ ਨਾ ਟੁੱਟ ਜਾਏ ,ਜਦੋਂ ਕਿ 2001 ਦੀ ਮਰਦਮ ਸ਼ੁਮਾਰੀ 'ਚ 92 % ਲੋਕਾਂ ਨੇ ਆਪਣੀ ਮਾਤ ਭਾਸ਼ਾ ਪੰਜਾਬੀ ਲਿਖਾਈ ਹੈ ਅਤੇ ਰਹਿ ਗਏ 8 % ਲੋਕ ਪਰਵਾਸੀ ਮਜ਼ਦੂਰ ਹਨ। ਉਹਨਾਂ ਕਿਹਾ ਕਿ ਉਹ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨਾਲ ਜੁੜ ਕੇ ਪੰਜਾਬ 'ਚ ਪੰਜਾਬੀ ਲਾਗੂ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ। ਲੱਖਾ ਸਿਧਾਣਾ ਵਰਗਿਆਂ ਨੂੰ ਸੜਕਾਂ ਦੇ ਬੋਰਡਾਂ 'ਤੇ ਪੰਜਾਬੀ ਨੂੰ ਪਹਿਲਾ ਦਰਜਾ  ਦਿਵਾਉਣ ਲਈ ਕੂਚੀ ਫੇਰ ਮੁਹਿੰਮ ਚਲਾ ਕੇ ਜੇਲ੍ਹਾਂ 'ਚ ਜਾਣਾ ਪਿਆ । ਸਾਡੀਆਂ ਸਾਹਿਤ ਸਭਾਵਾਂ ਸਿਰਫ  ਮਤੇ ਪਾਉਣ ਤੱਕ ਹੀ ਸੀਮਿਤ ਹੋ ਕੇ ਰਹਿ ਗਈਆਂ। ਪੰਜਾਬੀ ਦੇ ਹੱਕ 'ਚ ਕਵਿਤਾਵਾਂ ਲਿਖਣ ਵਾਲੇ ਸਾਹਿਤਕਾਰ ਚੇਅਰਮੈਨੀਆਂ ਲੈ ਕੇ ਗੁੰਗੇ ਬਣ ਕੇ ਬੈਠ ਗਏ। ਪੰਜਾਬ ਦੀਆਂ ਸਾਰੀਆਂ ਅਦਾਲਤਾਂ ਦਾ ਕੰਮ ਕਾਜ ਪੰਜਾਬੀ 'ਚ ਕਰਨ ਲਈ 2008 'ਚ ਪੰਜਾਬ ਵਿਧਾਨ ਸਭਾ ਨੇ ਮਤਾ ਤਾਂ ਪਾਸ ਕਰ ਦਿਤਾ ਸੀ ਪਰ ਜਦ ਹਾਈ ਕੋਰਟ ਨੇ ਅਨੁਵਾਦ ਕਰਨ ਲਈ 1400 ਮੁਲਾਜ਼ਮਾਂ ਦੀ ਮੰਗ ਕੀਤੀ ਤਾਂ ਸਰਕਾਰ ਦੜ ਵੱਟ ਗਈ ਅਤੇ ਅੱਜ 10 ਸਾਲ ਬਾਦ ਫਿਰ ਪਰਨਾਲਾ ਉਥੇ ਦਾ ਉਥੇ  ਹੈ। ਪੰਜਾਬ ਸਰਕਾਰ ਵਲੋਂ ਬਣਾਇਆ ਕਮਿਸ਼ਨ ਲੱਖਾਂ ਰੁਪੈ ਲੈ ਕੇ ਮਹੀਨੇ 'ਚ ਸਿਰਫ ਇਕ ਸਫੇ ਦਾ ਅਨੁਵਾਦ ਕਰ ਰਿਹਾ ਹੈ। ਅੱਜ ਪੰਜਾਬੀ ਦੇ ਹੱਕ 'ਚ ਮੁਹਿੰਮ ਕੈਨੇਡਾ ਵਰਗੇ ਦੇਸ਼ਾਂ 'ਚ ਰਹਿੰਦੇ ਪੰਜਾਬੀ ਚਲਾ ਰਹੇ ਹਨ ਜੋ ਕਿ ਬਹੁਤ ਸ਼ਲਾਘਾਯੋਗ ਹੈ। ਭਾਰਤੀ ਪੰਜਾਬ ਅਤੇ ਪਾਕਿਸਤਾਨੀ ਪੰਜਾਬੀ ਤੋਂ ਬਾਦ ਵਿਦੇਸ਼ਾਂ 'ਚ ਵਸਦਾ ਇਹ ਤੀਜਾ ਪੰਜਾਬ ਸੱਚਮੁੱਖ ਵਧਾਈ ਦਾ ਪਾਤਰ ਹੈ ਜੋ ਗਦਰੀ ਬਾਬਿਆਂ ਦੀ ਧਰਤੀ 'ਤੇ ਰਹਿ ਕੇ ਉਹਨਾਂ ਦਾ ਵਾਰਸ ਬਨਣ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬੀਆਂ ਨੇ ਭਾਵੇਂ ਵਿਦੇਸ਼ਾਂ 'ਚ ਆ ਕੇ ਨਵੇਂ ਪੰਜਾਬ ਦੀ ਸਿਰਜਣਾ ਕਰ ਲਈ ਹੈ ਪਰ ਉਹਨਾਂ ਨੂੰ ਆਪਣੀ ਜਨਮ ਭੂਮੀ ਪੰਜਾਬ ਦਾ ਪੂਰਾ ਖਿਆਲ ਰੱਖਣਾ ਚਾਹੀਦਾ  ਹੈ ,ਨਹੀਂ ਤਾਂ 20 ਸਾਲਾਂ ਬਾਦ ਜਦ ਉਹ ਪੰਜਾਬ ਜਾਣਗੇ ਤਾਂ ਉਹਨਾਂ ਨੂੰ ਪੰਜਾਬ 'ਚ ਯੂਪੀ –ਬਿਹਾਰ ਦੇ ਭਈਏ ਹਿੰਦੀ –ਪੰਜਾਬੀ ਦੀ ਰਲੀ ਮਿਲੀ ਖਿਚੜੀ ਬੋਲੀ ਬੋਲਦੇ ਸੁਣਾਈ ਦੇਣਗੇ। 


ਮਿਤਰਸੈਨ ਮੀਤ ਸਰੋਤਿਆਂ ਨਾਲ ਸੰਵਾਦ ਰਚਾਉਂਦੇ ਹੋਏ
ਇਸ ਮੌਕੇ ਪੰਜਾਬੀ ਬੋਲੀ ਨੂੰ ਸਮਰਪਿਤ ਸਖਸ਼ੀਅਤ ਸ: ਮਹਿੰਦਰ ਸਿੰਘ  ਸੇਖੋਂ ਨੇ ਕਿਹਾ ਕਿ ਉਹ ਇਥੋਂ ਜਾ ਕੇ ਪੰਜਾਬ 'ਚ ਪੰਜਾਬੀ ਬੋਲੀ ਲਈ ਸੰਘਰਸ਼ ਕਰ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਹਰ ਸੂਬੇ 'ਚ ਹਿੰਦੀ ,ਅੰਗਰੇਜੀ ਅਤੇ ਮਾਤਭਾਸ਼ਾ ਦਾ ਤਿੰਨ ਭਾਸ਼ਾਈ ਫਾਰਮੂਲਾ ਲਾਗੂ ਹੈ ਪਰ ਪੰਜਾਬ ਦੀਆਂ ਬੈਂਕਾਂ ,ਅਧਾਰ ਕਾਰਡ ਅਤੇ ਹੋਰ ਅਦਾਰਿਆਂ 'ਚ ਇਹ ਫਾਰਮੂਲਾ ਲਾਗੂ ਨਹੀਂ,ਜਦ ਇਸ ਸਬੰਧੀ ਬੈਂਕ ਮੈਨੇਜਰਾਂ ਤੋਂ ਪੁੱਛਿਆ ਗਿਆ ਕਿ ਏ ਟੀ ਐਮ 'ਚ ਤੀਸਰੀ ਭਾਸ਼ਾ ਪੰਜਾਬੀ ਕਿਉਂ ਨਹੀਂ ਤਾਂ ਉਹਨਾਂ ਕਿਹਾ ਕਿ ਲੋਕ ਮੰਗ ਹੀ ਨਹੀਂ ਕਰ ਰਹੇ।  ਇਸ ਸਬੰਧੀ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਨਾ ਬੇਹੱਦ ਜਰੂਰੀ ਹੈ।  ਪੰਜਾਬ ਦੇ  ਹਰ ਸਕੂਲ ਵਿਚ ਦਸਵੀਂ ਤੱਕ ਪੰਜਾਬੀ ਵਿਸ਼ਾ ਲਾਜ਼ਮੀ ਹੈ ਪਰ ਪੰਜਾਬੀ ਦੇ ਅਨੇਕਾਂ ਪ੍ਰਾਈਵੇਟ ਸਕੂਲਾਂ 'ਚ ਪੰਜਾਬੀ ਬੋਲਣ ਵਾਲੇ ਬੱਚਿਆਂ ਨੂੰ ਸਜ਼ਾ ਦਿੱਤੀ ਜਾਂਦੀ ਹੈ ਅਤੇ ਪੰਜਾਬ 'ਚ ਪੰਜਾਬੀ ਦੇ ਕਥਿਤ ਮੁਦੱਈ ਖਾਮੋਸ਼ ਤਮਾਸ਼ਾ ਦੇਖ ਰਹੇ ਹਨ। ਜਦੋਂ ਕਿ ਦਸਵੀਂ 'ਚ ਪੰਜਾਬੀ ਫੇਲ੍ਹ ਬੱਚਾ ਸਰਟੀਫਿਕੇਟ ਲੈਣ ਦਾ ਹੱਕਦਾਰ ਨਹੀਂ। ਉਹਨਾਂ ਕੈਨੇਡਾ ਰਹਿੰਦੇ ਪੰਜਾਬੀਆਂ ਨੂੰ ਕਿਹਾ ਕਿ ਉਹ ਆਪਣੇ ਬੱਚਿਆਂ ਪ੍ਰਤੀ ਅਵੇਸਲੇ ਨਾ ਹੋਣ । ਆਪਣੇ ਘਰ 'ਚ ਬੱਚਿਆਂ ਨਾਲ ਪੰਜਾਬੀ ਬੋਲਣ ਅਤੇ ਪਹਿਲੇ ਪੰਜ ਸਾਲ ਉਹਨਾਂ ਨੂੰ ਪੰਜਾਬੀ ਪੜ੍ਹਣੀ ਜਰੂਰ ਸਿਖਾਉਣ ਕਿਉਂਕਿ ਪਹਿਲੇ ਪੰਜ ਸਾਲ ਬੱਚਾ ਜੋ ਸਿੱਖ ਜਾਂਦਾ ਹੈ ਉਹ ਸਾਰੀ ਉਮਰ ਨਹੀਂ ਭੁੱਲ ਸਕਦਾ । ਪੰਜ ਸਾਲ ਤੱਕ ਦੇ ਬੱਚੇ ਨੂੰ ਪੰਜਾਬੀ ਦੇ 500 ਸ਼ਬਦ ਜਰੂਰ ਸਿਖਾਏ ਜਾਣ ਇਸ ਲਈ ਭਾਈ ਕਾਹਨ ਸਿੰਘ ਨਾਭਾ ਫਾਊਂਡੇਸ਼ਨ ਵਲੋਂ ਕਿਤਾਬਾਂ ਅਤੇ ਰਸਾਲੇ ਛਾਪ ਕੇ ਮੁਫ਼ਤ ਵੰਡੇ ਜਾ ਰਹੇ ਹਨ।  ਜੇ ਅਸੀਂ ਇਸ ਪ੍ਰਤੀ ਅਵੇਸਲੇ ਰਹੇ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜਿਥੇ ਆਪਣੀ ਭਾਸ਼ਾ ਅਤੇ ਸੱਭਿਆਚਾਰ ਨਾਲੋਂ ਟੁੱਟ ਜਾਣਗੀਆਂ ,ਉਥੇ  ਉਹ ਸਾਡੇ ਵਲੋਂ ਕੀਤੀ ਕੋਤਾਹੀ ਕਾਰਨ ਸਾਨੂੰ ਕਦੇ ਮੁਆਫ ਨਹੀਂ ਕਰਨਗੀਆਂ। 
ਡਾ: ਪਰਮਜੀਤ ਸਿੰਘ ਸਿਧੂ ਨੇ ਆਪਣੇ ਭਾਵਪੂਰਤ ਭਾਸ਼ਣ 'ਚ ਕਿਹਾ ਕਿ  ਭਾਸ਼ਾ ਇਕ ਵਹਿੰਦਾ ਦਰਿਆ ਹੁੰਦੀ ਹੈ ,ਪੰਜਾਬੀ ਦੀਆਂ 45 ਧੁਨੀਆਂ ਨੂੰ ਉਚਾਰਣ ਲਈ55 ਅੱਖਰ ਹਨ। ਬੇਸ਼ਕ ਪੰਜਾਬੀ ਰੋਮਨ ਅਤੇ ਫਾਰਸੀ ਅੱਖਰਾਂ 'ਚ ਲਿਖੀ ਜਾਂਦੀ ਹੈ ਪਰ ਇਸਦਾ ਸਹੀ ਉਚਾਰਣ ਅਤੇ ਪਹਿਚਾਣ ਸਿਰਫ ਗੁਰਮੁਖੀ ਅੱਖਰਾਂ ਨਾਲ ਹੀ ਹੋ ਸਕਦੀ ਹੈ। ਇਹ ਇਕ ਸੰਪੂਰਣ ਭਾਸ਼ਾ ਹੈ ਅਤੇ ਅੰਗਰੇਜੀ ਇਸਦਾ ਬਦਲ ਕਦੇ ਵੀ ਨਹੀਂ ਸਕਦਾ ,ਮਿਸਾਲ ਦੇ ਤੌਰ  ਪੰਜਾਬੀ ਸ਼ਬਦ ਧੀ ਦਾ ਅੰਗਰੇਜੀ ਸ਼ਬਦ ਡਾਟਰ ਕਦੇ ਬਦਲ ਨਹੀਂ ਬਣ ਸਕਦਾ।  ਉਹਨਾਂ ਕਿਹਾ ਕਿ ਪੰਜਾਬੀ ਭਾਸ਼ਾ ਕਦੇ ਮਰ ਨਹੀਂ ਸਕਦੀ ਪਰ 1991 ਦੇ ਵਿਸ਼ਵੀਕਰਨ ਦੇ ਦੌਰ ਨੇ ਇਸਦਾ ਵਿਕਾਸ ਰੋਕ ਦਿੱਤਾ ਹੈ। ਸਰਕਾਰਾਂ ਨੇ ਸਿੱਖਿਆ ਅਤੇ ਸਿਹਤ 'ਤੇ ਖਰਚੇ ਘਟਾ ਕੇ ਇਹਨਾਂ ਨੂੰ ਅਣਗੌਲਿਆ ਕਰਨਾ ਸ਼ੁਰੂ ਕਰ ਦਿਤਾ। ਉਹਨਾਂ ਕਿਹਾ ਕਿ ਦੁਨੀਆਂ ਦੀਆਂ ਭਾਸ਼ਾਈ ਬਰਾਦਰੀਆਂ ਜਦੋਂ ਪਰਵਾਸ ਕਰਦੀਆਂ ਹਨ ਤਾਂ ਬਿਗਾਨੀ ਧਰਤੀ 'ਤੇ ਜਾ ਕੇ ਆਪਣੀ ਭਾਸ਼ਾ ਦਾ ਹੋਰ ਵਿਸਥਾਰ ਕਰਦੀਆਂ ਹਨ। ਇੰਡੋ- ਆਰੀਅਨ ਭਾਸ਼ਾਵਾਂ 'ਚੋਂ ਵਿਕਸਤ ਹੋ ਕੇ ਅੱਜ ਪੰਜਾਬੀ ਸਾਰੀ ਦੁਨੀਆਂ 'ਚ ਫੈਲ ਚੁੱਕੀ ਹੈ ਅਤੇ ਇਸਨੂੰ  ਜਿਉਂਦਾ ਰੱਖਣ ਦੀ ਜ਼ੁੰਮੇਵਾਰੀ ਹੁਣ ਸਾਰੇ ਪੰਜਾਬੀਆਂ ਦੀ ਹੈ। ਗੁਰੂ ਅਰਜਨ ਦੇਵ ਜੀ ਵਲੋਂ ਗੁਰੂ ਗਰੰਥ ਸਾਹਿਬ ਦਾ ਸੰਪਾਦਨ ਕਰਕੇ ਇਸ ਵਿਚ 11 ਵੀਂ ਸਦੀ ਤੋਂ ਲੈਕੇ ਸਤਾਰਵੀਂ ਸਦੀ ਤੱਕ  ਦਾ ਬਹੁ-ਕੀਮਤੀ ਸਾਹਿਤ ਸਾਂਭਿਆ ਗਿਆ ਹੈ ਜੋ  ਕਿ ਪੰਜਾਬੀ ਬੋਲੀ ਨੂੰ ਬਹੁਤ ਵੱਡੀ ਤਾਕਤ ਬਖਸ਼ਦਾ ਹੈ। ਜਿਵੇਂ ਕੁੜੀ ਸਹੁਰੇ ਘਰ ਜਾਕੇ ਆਪਣੇ ਪੇਕਿਆਂ ਨਾਲ ਤੁਅੱਲਕਾਤ ਬਣਾਈ ਰੱਖਦੀ ਹੈ ਅਤੇ ਉਸਦੀਆਂ ਜੜ੍ਹਾਂ  ਹਮੇਸ਼ਾ ਪੇਕਿਆਂ 'ਚ ਹੀ ਰਹਿੰਦੀਆਂ  ਹਨ, ਇਸੇ ਤਰ੍ਹਾਂ ਹੁਣ ਵਿਦੇਸ਼ਾਂ 'ਚ ਰਹਿੰਦੇ ਪੰਜਾਬੀ ਆਪਣੇ ਸਹੁਰੇ ਘਰ 'ਚ ਰਹਿ ਰਹੇ ਹਨ ਅਤੇ ਉਹਨਾਂ ਦੀਆਂ ਜੜ੍ਹਾਂ ਉਹਨਾਂ ਦੇ ਪੇਕੇ ਪਰਿਵਾਰ ਪੰਜਾਬ 'ਚ ਹੀ ਹਨ। ਪੰਜਾਬ 'ਚ ਤਿੰਨ ਭਾਸ਼ਾਈ ਫਾਰਮੂÑਲਾ ਭਾਵੇਂ ਲਾਗੂ ਨਹੀਂ ਹੋਇਆ ਪਰ ਕੈਨੇਡਾ ਦੇ ਪੰਜਾਬੀਆਂ ਦੀ ਹਿੰਮਤ ਅਤੇ ਹੌਸਲਾ ਦੇਖ ਕੇ ਲਗਦਾ ਹੈ ਕਿ ਕੈਨੇਡਾ 'ਚ ਪੰਜਾਬੀ ਨੂੰ ਤੀਜੀ ਭਾਸ਼ਾ ਦਾ ਦਰਜਾ ਜਰੂਰ ਦਿਵਾ ਦੇਣਗੇ। ਉਹਨਾਂ ਕਿਹਾ ਕਿ ਮਾਂ ਬੋਲੀ ਸਿਰਫ ਮਾਂ ਦੀ ਬੋਲੀ ਨਹੀਂ ਹੁੰਦੀ ,ਇਹ ਬੱਚਾ ਆਪਣੇ ਆਲੇ ਦੁਆਲੇ ਤੋਂ ਸਿਖਦਾ ਹੈ। ਇਸ ਲਈ ਜਰੂਰੀ ਹੈ ਕਿ ਤੁਸੀਂ ਆਪਣੇ ਪਰਿਵਾਰ'ਚ ਬੱਚਿਆਂ ਦੇ ਸਾਹਮਣੇ  ਸਾਰੇ ਪਜਾਬੀ 'ਚ ਗੱਲਬਾਤ ਕਰੋ। ਇਸ ਮੌਕੇ ਬਰਿਟਸ਼ ਕੋਲੰਬੀਆ ਤੋਂ ਆਏ ਸਾਥੀ ਦਵਿੰਦਰ ਸਿੰਘ ਘਟੌੜਾ ਨੇ ਕਿਹਾ ਕਿ ਪੰਜਾਬੀ ਭਾਸ਼ਾ ਦੇ ਮਸਲੇ 'ਤੇ ਉਹ ਵਿਨੀਪੈਗ ਦੇ ਪੰਜਾਬੀਆਂ ਦੇ ਹਮੇਸ਼ਾ ਅੰਗਸੰਗ ਖੜ੍ਹੇ ਹਨ ਅਤੇ ਜਦੋਂ ਸਾਨੂੰ ਕੋਈ ਸੇਵਾ ਲਾਈ ਜਾਵੇਗੀ ਅਸੀਂ ਹਾਜਰ ਹੋਵਾਂਗੇ। ਭਾਵੇਂ ਪੰਜਾਬ ਦੇ ਲੋਕ ਸੌਂ  ਗਏ ਹਨ ਪਰ ਅਸੀਂ ਜਾਗਦੇ ਰਹੋ ਦਾ ਹੋਕਾ ਦਿੰਦੇ ਰਹਾਂਗੇ। ਭਾਈ ਕਾਹਨ ਸਿੰਘ ਨਾਭਾ ਫਾਊਂਡੇਸ਼ਨ ਦੇ ਪਰਧਾਨ ਡਾ: ਮਹਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਅਸੀਂ 2012 'ਚ ਇਹ ਸੰਸਥਾ ਸਥਾਪਤ ਕੀਤੀ ਸੀ ਅਤੇ ਇਸ ਰਾਹੀਂ ਕਈ ਅਹਿਮ ਪ੍ਰਾਪਤੀਆਂ ਕੀਤੀਆਂ ਹਨ।  ਬੱਚਿਆਂ ਨੂੰ ਪੰਜਾਬੀ ਸਿਖਾਉਣ ਲਈ ਸਕੂਲ ਖੋਹਲੇ ਗਏ  ਹਨ , ਗੁਰਦਵਾਰਿਆਂ 'ਚ ਕਲਾਸਾਂ ਲਾਈਆਂ ਜਾ ਰਹੀਆਂ ਹਨ,ਹੁਣ ਲੋੜ ਮਾਪਿਆਂ ਨੂੰ ਇਸ ਪਾਸੇ ਧਿਆਨ ਦੇਣ ਦੀ ਹੈ। ਜਿਹੜੇ ਮਾਪੇ ਬੱਚਿਆਂ ਤੋਂ ਅਵੇਸਲੇ ਹੋ ਜਾਂਦੇ ਹਨ ਉਹਨਾਂ ਦੇ ਬੱਚੇ ਭਾਸ਼ਾ ਵੀ ਭੁੱਲ ਜਾਂਦੇ ਹਨ ਅਤੇ ਗੈਂਗਵਾਰ ਅਤੇ ਡਰੱਗ ਵਗੈਰਾ ਦੇ ਸ਼ਿਕਾਰ ਵੀ ਹੋ ਜਾਂਦੇ ਹਨ। ਅਸੀਂ ਆਪਣੀ ਭਾਸ਼ਾ ਅਤੇ ਸੱਭਿਆਚਾਰ ਨਾਲ ਜੋੜ ਕੇ ਆਪਣੇ ਬੱਚਿਆਂ ਨੂੰ  ਸਮੇਂ ਦੇ ਹਾਣ ਦੇ ,ਵਧੀਆ ਇਨਸਾਨ ਬਣਾ ਸਕਦੇ ਹਾਂ। ਸਮਾਗਮ ਦੀ ਸ਼ੁਰੂਆਤ  ਪੰਜਾਬੀ ਸ਼ਾਇਰ ਅਮਰਦੀਪ ਸੰਧਾਵਾਲੀਆ ਦੀ ਖੂਬਸੂਰਤ ਗ਼ਜ਼ਲ ਨਾਲ ਕੀਤੀ ਗਈ। ਦਸ਼ਮੇਸ਼ ਸਕੂਲ ਦੇ ਵਿਦਿਆਰਥੀਆਂ ਵਲੋਂ ਕਵਿਤਾਵਾਂ ਅਤੇ ਲੇਖ ਪੇਸ਼ ਕੀਤੇ ਗਏ।  ਅਖੀਰ ਵਿਚ ਜੋਗਿੰਦਰ ਸਿੰਘ ਧਾਮੀ ਨੇ ਇਸ ਸਫਲ ਸੰਮੇਲਨ ਲਈ ਸਾਰਿਆਂ ਦਾ ਧੰਨਵਾਦ ਕੀਤਾ। ਬੁਲਾਰਿਆਂ ਵਲੋਂ ਸਰੋਤਿਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ। ਸਟੇਜ ਸਕੱਤਰ ਦੇ ਫਰਜ਼ ਮੈਡਮ ਡਾ:  ਹਰਜੀਤ ਵਿਰਕ ਨੇ ਵਧੀਆ ਢੰਗ ਨਾਲ ਨਿਭਾਏ। ਸਮਾਗਮ ਦੀ ਸਮਾਪਤੀ 'ਤੇ  ਜੋਰਾ ਸਿੰਘ ਮੰਡੇਰ ਦੀ ਨਵੀਂ ਕਾਵਿ ਪੁਸਤਕ ਵੀ ਰਿਲੀਜ਼ ਕੀਤੀ ਗਈ। ਇਸ ਮੌਕੇ ਬਲਦੇਵ ਸਿੰਘ ਖੋਸਾ , ਵਿਧਾਇਕ ਮਹਿੰਦਰ ਸਿੰਘ ਸਰਾਂ , ਕੌਰ ਸਿੰਘ  ਸਿੱਧੂ,ਅਮਰਜੀਤ ਸਿੰਘ ਸਿਧੂ ਨਥਾਣਾ ,ਦਲਵਿੰਦਰ ਸਿੰਘ ਤੂਰ , ਕਾਲਮ ਨਵੀਸਐਮ ਪੀ ਸਿੰਘ,ਅਮਰਜੀਤ ਢਿੱਲੋਂ ਦਬੜ੍ਹੀਖਾਨਾ, ਹਰਜੀਤ ਕੌਰ ਕਾਹਲੋਂ-ਸੰਧੂ,ਡਾ: ਗਿਆਨੀ ਮਹਿੰਦਰਪਾਲ ਸਿੰਘ ਤੋਂ ਇਲਾਵਾ ਸਾਹਿਤ ਅਤੇ ਸੱਭਿਆਚਾਰਕ ਸਭਾ ਵਿਨੀਪੈਗ ਦੇ ਮੈਂਬਰ ਹਰਨੇਕ ਧਾਲੀਵਾਲ,ਮੰਗਤ ਸਹੋਤਾ,ਹਰਿੰਦਰ ਗਿੱਲ,ਦਰਸ਼ਨ ਵਾਂਦਰ,ਕਮਲ ਜੀ, ਅੰਮ੍ਰਿਤ ਪ੍ਰਭਾਕਰ ,ਅਮਰ ਸਿੰਘ ਗਰੇਵਾਲ , ਸੰਦੀਪ ਸਮਾਲਸਰ ,ਮਨਧੀਰ ਕੌਰ ਮਨੂੰ ਅਤੇ ਸੁਰਿੰਦਰ ਸਿੰਘ ਮਾਵੀ ਆਦਿ ਹਾਜਰ ਸਨ।

 

ਅਮਰਜੀਤ ਢਿੱਲੋਂ ਦਬੜ੍ਹੀਖਾਨਾ