ਐਸੋਸੀਏਸ਼ਨ ਨੇ ਵਿਸ਼ੇਸ਼ ਸੈਮੀਨਾਰ ਕਰਵਾਇਆ (ਖ਼ਬਰਸਾਰ)


ਕੈਲਗਰੀ: ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਪਿਛਲੇ ਦੋ ਸਾਲਾਂ ਤੋਂ ਘਰੇਲੂ ਹਿੰਸਾ ਪ੍ਰਤੀ ਜਾਗਰੂਕਤਾ ਪੈਦਾ ਕਰਨ ਵਿੱਚ ਅਹਿਮ ਯੋਗਦਾਨ ਪਾ ਰਹੀ ਹੈ। ਇਸੇ ਸਬੰਧ ਵਿੱਚ ਪਿਛਲੀਆਂ ਮੀਟਿੰਗਾਂ ਵਿੱਚ, ਪੀੜ੍ਹੀ- ਪਾੜਾ ਘਟਾਉਣ ਲਈ ਮੈਂਬਰਾਂ ਦੀ ਟੇਬਲ ਡਿਸਕਸ਼ਨ ਕਰਵਾਈ ਗਈ ਸੀ, ਜਿਸ ਦੇ ਬਹੁਤ ਸਾਰਥਕ ਨਤੀਜੇ ਪ੍ਰਾਪਤ ਹੋਏ। ਇਸੇ ਲੜੀ ਵਿੱਚ ਯੂਨਾਈਟਿਡ ਵੇਅ ਦੇ ਸਹਿਯੋਗ ਨਾਲ, ੩ ਜੂਨ ਦਿਨ ਐਤਵਾਰ ਨੂੰ, ਜੈਂਸਿਸ ਸੈਂਟਰ ਵਿਖੇ, ਮੈਂਬਰਾਂ ਦੀ ਭਰਵੀਂ ਹਾਜ਼ਰੀ ਵਿੱਚ, ਡਰੱਗ ਅਬਿਊਜ਼ ਅਵੇਅਰਨੈਸ ਵਿੱਚ ਮਾਪਿਆਂ ਤੇ ਗਰੈਂਡ-ਪੇਰੈਂਟਸ ਦੇ ਰੋਲ ਸਬੰਧੀ ਇੱਕ ਵਿਸ਼ੇਸ਼ ਸੈਮੀਨਾਰ ਆਯੋਜਿਤ ਕੀਤਾ ਗਿਆ, ਜਿਸ ਵਿੱਚ ਇਸ ਵਿਸ਼ੇ ਦੇ ਦੋ ਮਾਹਿਰਾਂ- ਜੋਗਿੰਦਰ ਸੰਘਾ, ਅਤੇ ਤਾਨੀਆਂ ਭੁੱਲਰ ਦੇ ਲੈਕਚਰ ਕਰਵਾਏ ਗਏ। 

ਸਭ ਤੋਂ ਪਹਿਲਾਂ ਸਕੱਤਰ ਗੁਰਦੀਸ਼ ਕੌਰ ਗਰੇਵਾਲ ਨੇ ਸਟੇਜ ਦੀ ਕਾਰਵਾਈ ਚਲਾਉਂਦਿਆਂ, ਮਹਿਮਾਨਾਂ ਅਤੇ ਮੈਂਬਰਾਂ ਨੂੰ 'ਜੀ ਆਇਆਂ' ਕਹਿੰਦਿਆਂ ਹੋਇਆਂ, ਅੱਜ ਦੀ ਵਿਸ਼ੇਸ਼ ਮੀਟਿੰਗ ਦੀ ਰੂਪ-ਰੇਖਾ ਦੀ ਜਾਣਕਾਰੀ ਦਿੱਤੀ ਅਤੇ ਬੁਲਾਰਿਆਂ ਨੂੰ ਵਾਰੀ ਵਾਰੀ ਸੱਦਾ ਦਿੱਤਾ। ਸਭਾ ਦੀ ਪ੍ਰਧਾਨ ਡਾ. ਬਲਵਿੰਦਰ ਕੌਰ ਬਰਾੜ ਨੇ, ਡਰੱਗ ਅਵੇਅਰਨੈਸ ਦੇ ਸਬੰਧ ਵਿੱਚ ਵੱਡਿਆਂ ਦੇ ਰੋਲ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ- ਅਸੀਂ ਦਾਦੀਆਂ ਨਾਨੀਆਂ ਨੇ ਆਪਣੇ ਸਿਰ ਤੇ ਕਈ ਧੁੱਪਾਂ ਛਾਵਾਂ ਹੰਢਾਈਆਂ ਹਨ ਤੇ ਅਸੀਂ ਗਰੈਂਡ ਚਿਲਡਰਨ ਦੀਆਂ ਬਦਲਦੀਆਂ ਹੋਈਆਂ ਹਰਕਤਾਂ ਪੜ੍ਹ ਕੇ, ਮਾਪਿਆਂ ਨੂੰ ਇਸ ਬਾਰੇ ਸੂਚਿਤ ਕਰ ਸਕਦੇ ਹਾਂ- ਜਦ ਕਿ ਮਾਪਿਆਂ ਕੋਲ ਇਸ ਕੰਮ ਲਈ ਵਿਹਲ ਨਹੀਂ ਹੈ। ਸਭਾ ਦੀ ਕੋ-ਆਰਡੀਨੇਟਰ ਗੁਰਚਰਨ ਥਿੰਦ ਨੇ, ਇਸ ਮੀਟਿੰਗ ਦੇ ਮਨੋਰਥ ਬਾਰੇ ਦੱਸਦਿਆਂ ਕਿਹਾ ਕਿ- 'ਪੀੜ੍ਹੀ ਪਾੜਾ ਪੂਰਨਾ' ਦੇ ਈਵੈਂਟ ਨੂੰ ਅੱਗੇ ਤੋਰਦਿਆਂ ਹੀ, ਅੱਜ ਨਸ਼ਿਆਂ ਦੇ ਮੁੱਦੇ ਤੇ ਇਹ ਸੈਮੀਨਾਰ ਕਰਵਾਇਆ ਜਾ ਰਿਹਾ ਹੈ- ਕਿਉਂਕਿ ਨਸ਼ਿਆਂ ਨੇ ਅੱਜ ਪੂਰੀ ਦੁਨੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਉਹਨਾਂ ਬੁਲਾਏ ਗਏ ਬੁਲਾਰਿਆਂ ਬਾਰੇ ਵੀ ਸੰਖੇਪ ਜਾਣਕਾਰੀ ਦਿੱਤੀ।
ਪਹਿਲੇ ਬੁਲਾਰੇ, ਜੋਗਿੰਦਰ ਸੰਘਾ ਨੇ ਆਪਣੀ ਜਾਣ-ਪਛਾਣ ਕਰਾਉਂਦਿਆਂ ਦੱਸਿਆ ਕਿ- ਉਹ ਤਕਰੀਬਨ ੪੦ ਕੁ ਸਾਲ ਤੋਂ ਇਸ ਮੁਲਕ ਵਿੱਚ ਰਹਿ ਰਹੇ ਹਨ। ਰੇਲਵੇ 'ਚੋਂ ਰਿਟਾਇਰ ਹੋਣ ਬਾਅਦ, ਕਾਫੀ ਸਾਲ ਹੈਲਥ ਸੇਫਟੀ ਨਾਲ ਕੰਮ ਕਰਨ ਕਾਰਨ, ਉਹਨਾਂ ਨੂੰ ਅਜੇਹੇ ਪਰਿਵਾਰਾਂ ਨੂੰ ਮਿਲਣ ਦਾ ਮੌਕਾ ਮਿਲਿਆ, ਜਿਹਨਾਂ ਦੇ ਬੱਚੇ ਡਰੱਗ ਲੈਣ ਦੇ ਆਦੀ ਸਨ। ਉਹਨਾਂ ਨਸ਼ਿਆਂ ਦੀਆਂ ਵੱਖ ਵੱਖ ਕਿਸਮਾਂ, ਉਹਨਾਂ ਦੀ ਵਰਤੋਂ ਦੇ ਨਵੇਂ ਨਵੇਂ ਢੰਗ, ਨਸ਼ਿਆਂ ਦੇ ਬੁਰੇ ਪ੍ਰਭਾਵ, ਟੀਨ-ਏਜਰ ਬੱਚਿਆਂ ਦੇ ਨਸ਼ਿਆਂ ਦੇ ਆਦੀ ਹੋਣ ਦੇ ਕਾਰਨਾਂ ਤੇ ਚਾਨਣਾ ਪਾਉਣ ਤੋਂ ਇਲਾਵਾ, ਆਪਣੇ ਕੁੱਝ ਨਿੱਜੀ ਤਜਰਬੇ ਵੀ ਸਾਂਝੇ ਕੀਤੇ। ਸਭਾ ਦੀਆਂ ਕੁੱਝ ਮੈਂਬਰਾਂ ਦੇ ਸੁਆਲਾਂ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ- ਨਸ਼ਿਆਂ ਦੇ ਗੈਂਗ ਹੁਣ ਕੈਲਗਰੀ 'ਚ ਵੀ ਇੰਨੇ ਆ ਗਏ ਹਨ ਕਿ ਕਈ ਵਾਰੀ ਪੁਲਿਸ ਵੀ ਬੇਬਸ ਹੋ ਜਾਂਦੀ ਹੈ। ਉਹਨਾਂ ਅਨੁਸਾਰ- ਕਈ ਨਸ਼ਿਆਂ ਦੀ ਦੁਆਈਆਂ ਵਿੱਚ ਵਰਤੋਂ ਹੋਣ ਕਾਰਨ, ਉਹਨਾਂ ਦੀ ਆਮਦ ਬੰਦ ਨਹੀਂ ਹੋ ਰਹੀ। ਪਰ ਫਿਰ ਵੀ- ਬੱਚਿਆਂ ਨਾਲ ਨੇੜਤਾ ਰੱਖਣ, ਉਹਨਾਂ ਨੂੰ ਸੁਣਨ ਤੇ ਸਮਝਣ, ਘਰੇਲੂ ਮਹੌਲ ਸੁਖਾਵਾਂ ਰੱਖਣ ਤੇ ਉਹਨਾਂ ਦੀ ਸੰਗਤ ਤੇ ਨਜ਼ਰ ਰੱਖਣ ਨਾਲ, ਇਸ ਸਮੱਸਿਆ ਤੇ ਕੁੱਝ ਹੱਦ ਤੱਕ ਕਾਬੂ ਪਾਇਆ ਜਾ ਸਕਦਾ ਹੈ। ਉਹਨਾਂ ਨੇ ਆਪਣੀਆਂ ਦੋ ਪੁਸਤਕਾਂ ਵੀ ਸੰਸਥਾ ਨੂੰ ਭੇਟ ਕੀਤੀਆਂ।
ਦੂਸਰਾ ਬੁਲਾਰਾ- ਪੰਜਾਬੀ ਕਮਿਊਨਿਟੀ ਹੈਲਥ ਸਰਵਿਸਜ਼ ਤੋਂ ਆਈ ਕੌਂਸਲਰ ਤਾਨੀਆਂ ਭੁੱਲਰ ਸੀ- ਜਿਸ ਨੇ ਬਹੁਤ ਹੀ ਰੌਚਕ ਤੇ ਪ੍ਰਭਾਵਸ਼ਾਲੀ ਢੰਗ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਨਸ਼ਿਆਂ ਦੇ ਕਾਰਨਾਂ ਦੀ ਗੱਲ ਕਰਦੇ ਹੋਏ ਉਸ ਦੱਸਿਆ ਕਿ- ਇਹਨਾਂ ਵਿੱਚ ਕੁੱਝ ਐਸੇ ਕੈਮੀਕਲ ਹੁੰਦੇ ਹਨ ਜੋ ਦਿਮਾਗ ਨੂੰ ਕੁੱਝ ਸਮੇਂ ਲਈ ਅਜੀਬ ਖੁਸ਼ੀ ਪ੍ਰਦਾਨ ਕਰਦੇ ਹਨ ਤੇ ਫਿਰ ਹੌਲੀ ਹੌਲੀ ਸਾਡੇ ਬੱਚੇ ਇਸ ਦੇ ਆਦੀ ਹੋ ਜਾਂਦੇ ਹਨ। ਟੀਨ ਏਜਰ ਬੱਚਿਆਂ ਦਾ ਖਾਣਾ ਘੱਟ ਕਰ ਦੇਣਾ, ਸੁਸਤ ਹੋਣਾ ਜਾਂ ਪਹਿਲਾਂ ਨਾਲੋਂ ਚੁੱਪ ਰਹਿਣਾ- ਉਹਨਾਂ ਦੇ ਡਰੱਗ ਲੈਣ ਦੇ ਸੰਕੇਤ ਹਨ- ਜਿਹਨਾਂ ਨੂੰ ਨੋਟ ਕਰਨ ਬਾਅਦ, ਬੱਚਿਆਂ ਨੂੰ ਵੱਧ ਤੋਂ ਵੱਧ ਸੁਣਨਾ ਤੇ ਕੌਂਸਲਿੰਗ ਬਹੁਤ ਜਰੂਰੀ ਹੈ। ਨਸ਼ਿਆਂ ਬਾਰੇ ਇੰਟਰਨੈੱਟ ਤੋਂ ਜਾਣਕਾਰੀ ਵੀ ਬਹੁਤ ਲਾਭਕਾਰੀ ਸਿੱਧ ਹੁੰਦੀ ਹੈ। ਕਿਉਂਕਿ ਜੇ ਬੱਚੇ ਨੂੰ ਨਸ਼ੇ ਦੀ ਕਿਸਮ ਤੇ ਉਸ ਦੇ ਬੁਰੇ ਪ੍ਰਭਾਵਾਂ ਬਾਰੇ ਪਤਾ ਹੋਏਗਾ, ਤਾਂ ਉਹ ਸਾਥੀਆਂ ਦੇ ਕਹਿਣ ਤੇ ਵੀ ਉਸ ਦਾ ਸੁਆਦ ਨਹੀਂ ਚੱਖੇਗਾ। ਇਸ ਤੋਂ ਬਿਨਾ ਬੱਚਿਆਂ ਤੇ ਪਰਿਵਾਰਕ ਸੰਸਕਾਰਾਂ ਦਾ ਵੀ ਪ੍ਰਭਾਵ ਪੈਂਦਾ ਹੈ। ਭਾਵੇਂ ਆਮ ਸਕੂਲਾਂ ਵਿੱਚ ੫੦% ਤੋਂ ਵੱਧ ਬੱਚੇ ਸਿਗਰਟ ਪੀਂਦੇ ਹਨ- ਪਰ ਚੰਗੇ ਸੰਸਕਾਰਾਂ ਵਾਲਾ ਬੱਚਾ ਉਸ ਨੂੰ ਹੱਥ ਨਹੀਂ ਲਾਏਗਾ। ਹਾਲਾਂ ਕਿ ਇਥੋਂ ਦੇ ਜੰਮਪਲ਼ ਬੱਚੇ ਪਰਾਈਵੇਸੀ ਵੀ ਭਾਲਦੇ ਹਨ- ਪਰ ਫਿਰ ਵੀ ਉਹਨਾਂ ਨੂੰ ਗਤੀਵਿਧੀਆਂ ਵਿੱਚ ਪਾ ਕੇ, ਜਾਂ ਵੱਧ ਸਮਾਂ ਉਹਨਾਂ ਨਾਲ ਬਿਤਾ ਕੇ, ਮਾਪੇ ਆਪਣੇ ਬੱਚਿਆਂ ਨੂੰ ਇਸ ਭੈੜੀ ਅਲਾਮਤ ਤੋਂ ਬਚਾ ਸਕਦੇ ਹਨ। ਉਸ ਦੱਸਿਆ ਕਿ- ਮੈਂਨੂੰ ਪੀ.ਸੀ.ਐਚ.ਐਸ ਵਿੱਚ ਆਪਣੇ ਭਾਈਚਾਰੇ ਦੀ ਕੌਂਸਲਿੰਗ ਲਈ ਰੱਖਿਆ ਗਿਆ ਹੈ। ਪਰ ਦੁੱਖ ਦੀ ਗੱਲ ਇਹ ਹੈ ਕਿ ਆਪਣੇ ਲੋਕ, ਬੱਚਿਆਂ ਦੇ ਡਰੱਗੀ ਹੋਣ ਦਾ ਪਤਾ ਲੱਗਣ ਦੇ ਬਾਵਜ਼ੂਦ, ਇਸ ਮੁਫਤ ਸੇਵਾ ਦਾ ਲਾਭ ਨਹੀਂ ਉਠਾਉਂਦੇ- ਕਿਉਂਕਿ ਅਸੀਂ ਘਰ ਦੀ ਗੱਲ ਬਾਹਰ ਨਹੀਂ ਕਰਨਾ ਚਾਹੁੰਦੇ, ਜਦ ਕਿ ਇਹ ਸਾਰਾ ਕੁਝ ਸਾਡੇ ਵਲੋਂ ਗੁਪਤ ਰੱਖਿਆ ਜਾਂਦਾ ਹੈ। ਸ਼ੁਰੁ ਵਿੱਚ ਗੱਲਬਾਤ ਨਾਲ ਹੀ ਇਹ ਆਦਤ ਛੁੱਟ ਜਾਂਦੀ ਹੈ- ਬਸ਼ਰਤੇ ਕਿ ਅਸੀਂ ਮਾਪੇ ਜਾਂ ਗਰੈਂਡ-ਪੇਰੈਂਟਸ ਹੋਣ ਦੇ ਨਾਤੇ, ਬੱਚਿਆਂ ਦੀਆਂ ਹਰਕਤਾਂ ਤੇ ਨਜ਼ਰ ਰੱਖੀਏ। ਉਹਨਾਂ ਮੈਂਬਰਾਂ ਦੇ ਬਹੁਤ ਸਾਰੇ ਸੁਆਲਾਂ ਦੇ ਤਸੱਲੀਬਖਸ਼ ਜੁਆਬ ਵੀ ਦਿੱਤੇ ਅਤੇ ਸਰਵੇ ਕਰਨ ਲਈ, ਪ੍ਰਫੌਰਮੇ ਵੀ ਭਰਵਾਏ।
ਸੁਰਿੰਦਰ ਗੀਤ ਨੇ ਔਰਤਾਂ ਵਿੱਚ ਵੀ ਨਸ਼ਿਆਂ ਦਾ ਰੁਝਾਨ ਪੈਦਾ ਹੋਣ ਤੇ ਚਿੰਤਾ ਪ੍ਰਗਟ ਕਰਦੇ ਹੋਏ, ਆਪਣੇ ਕੁੱਝ ਨਿੱਜੀ ਤਜਰਬੇ ਸਾਂਝੇ ਕੀਤੇ। ਉਹਨਾਂ ਦੇ ਵਿਚਾਰਾਂ ਦਾ ਸਮਰਥਨ ਕਰਦੇ ਹੋਏ, ਬਲਵਿੰਦਰ ਬਰਾੜ ਤੇ ਗੁਰਦੀਸ਼ ਕੌਰ ਗਰੇਵਾਲ ਨੇ ਵੀ ਕਿਹਾ ਕਿ- ਸਾਡੀਆਂ ਬੱਚੀਆਂ ਜਾਂ ਭੈਣਾਂ ਦਾ ਕੁਰਾਹੇ ਪੈਣਾਂ, ਪਰਿਵਾਰਾਂ ਦੇ ਤਹਿਸ ਨਹਿਸ ਹੋ ਜਾਣ ਦਾ ਸੂਚਕ ਹੈ- ਜਿਸ ਨੂੰ ਹਰ ਹਾਲ ਰੋਕਣਾ ਬਣਦਾ ਹੈ। ਇਸ ਈਵੈਂਟ ਵਿੱਚ 'ਮਜ਼ਬੂਤ ਗਰਲ' ਸੰਸਥਾ ਤੋਂ ਰੂਪ ਰਾਏ ਅਤੇ ਯੂਨਾਈਟਿਡ ਵੇਅ ਤੋਂ ਅਤੀਆ ਵੀ ਉਚੇਚੇ ਤੌਰ ਤੇ ਸ਼ਾਮਲ ਹੋਈਆਂ। ਅੰਤ ਵਿੱਚ ਸਭ ਨੇ ਪੀਜ਼ੇ ਦਾ ਅਨੰਦ ਮਾਣਿਆਂ।