ਅਣਡਿੱਠਾ ਦਲਦਲ (ਮਿੰਨੀ ਕਹਾਣੀ)

ਸਤਪ੍ਰੀਤ ਸਿੰਘ   

Email: lekhakpunjabi.punjabi@gmail.com
Cell: +91 95926 91220
Address: ਪਿੰਡ ਤੇ ਡਾਕ: ਪੜੌਲ
ਸਾਹਿਬਜ਼ਾਦਾ ਅਜੀਤ ਸਿੰਘ ਨਗਰ India
ਸਤਪ੍ਰੀਤ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


‘‘ਤਾਂ ਕੀ ਹੋਇਆ ਜੇ ਮੁੰਡਾ ਅੱਠ ਜਮਾਤਾਂ ਪੜ੍ਹਿਆ ਏ। ਸੁੱਖ ਨਾਲ਼ ਮੁੰਡੇ ਦੇ ਹਿੱਸੇ 12 ਕਨਾਲ਼ ਜ਼ਮੀਨ ਆਉਂਦੀ ਆ। ਐਸ਼ ਕਰੂਗੀ ਤੁਹਾਡੀ ਜੀਤੀ। ਜੋ ਸਲਾਹ ਹੋਈ, ਦੱਸ ਦਿਓ।" ਕਹਿ ਕੇ ਮੀਤ ਵਿਚੋਲਾ ਚਲਾ ਗਿਆ। ਜੀਤੀ ਰਸੋਈ ਵਿੱਚ ਖੜ੍ਹੀ ਸਾਰੀਆਂ ਗੱਲਾਂ ਸੁਣ ਰਹੀ ਸੀ। ‘‘ਪਹਿਲਾਂ ਮੈਂ ਮੁੰਡੇ ਦੇ ਬਾਰੇ ਪੂਰੀ ਪੜਤਾਲ ਤਾਂ ਕਰ ਲਵਾਂ। ਅੱਜਕੱਲ੍ਹ ਤਕਰੀਬਨ ਹਰ ਗੱਭਰੂ ਨਸ਼ੇ ਦਾ ਪੱਟਿਆ ਹੋਇਆ ਏ।" ਜੀਤੀ ਦੇ ਪਿਓ ਜਾਗਰ ਸਿਓਂ ਨੇ ਜੀਤੀ ਦੀ ਮਾਂ ਬਚਨੀ ਨੂੰ ਕਿਹਾ। ‘‘ਦੇਖੋ ਜੀ, ਜ਼ਿਆਦਾ ਪੁੱਛ ਪੜਤਾਲ ਕੀ ਕਰਨੀ ਐ, ਮੀਤ ਆਪਣੇ ਲਈ ਚੰਗਾ ਰਿਸ਼ਤਾ ਹੀ ਲੈ ਕੇ ਆਊਗਾ। ਪਿੰਡ ਵਿੱਚ ਕਿੰਨੇ ਹੀ ਸਾਕ ਕਰਵਾਏ ਨੇ ਉਸ ਨੇ। ਤੁਸੀਂ ਸਮਾਂ ਨਾ ਬਰਬਾਦ ਕਰੋ। ਪਹਿਲਾਂ ਹੀ ਜੀਤੀ ਦੀ ਉਮਰ ਲੰਘੀ ਜਾਂਦੀ ਐ। ਜੀਤੀ ਦੇ ਨਾਲ਼ ਦੀਆਂ ਦੇ ਕਦੋਂ ਦੇ ਸਾਕ ਹੋ ਗਏ ਨੇ। ‘‘ਨਹੀਂ। ਪਹਿਲਾਂ ਮੈਂ ਪੂਰੀ ਤਸੱਲੀ ਕਰ ਲਵਾਂ, ਫ਼ੇਰ ਹੀ ਸਾਕ ਕਰਾਂਗਾ। ਆਖਰ ਸਾਰੀ ਜ਼ਿੰਦਗੀ ਦਾ ਸਵਾਲ ਏ। ਮੰਨਿਆ ਮੁੰਡੇ ਦੇ ਹਿੱਸੇ ਜ਼ਮੀਨ ਆਉਂਦੀ ਐ ਪਰ ਉਹ ਸਿਰਫ਼ ਅੱਠ ਪੜ੍ਹਿਆ ਏ ਤੇ ਸਾਡੀ ਜੀਤੀ ਐਮ ਏ ਪਾਸ ਏ।" ਜਾਗਰ ਨੇ ਬਚਨੀ ਨੂੰ ਕਿਹਾ। ‘‘ਠੀਕ ਏ, ਜਿਵੇਂ ਤੁਹਾਡੀ ਮਰਜ਼ੀ। ਪਰ ਜ਼ਿਆਦਾ ਵਕਤ ਨਾ ਲਾਇਓ। ਜੋ ਕਰਨਾ ਏ ਜਲਦੀ ਕਰ ਲਓ।" ਸ਼ਾਇਦ ਬਚਨੀ ਨੂੰ ਕੁਝ ਜ਼ਿਆਦਾ ਹੀ ਕਾਹਲ਼ ਸੀ।
ਦੂਜੇ ਦਿਨ ਜਾਗਰ ਸਕੂਟਰ ਚੱਕ ਕੇ ਉਸ ਮੁੰਡੇ ਬਾਰੇ ਪੁੱਛ ਪੜਤਾਲ ਕਰਨ ਸ਼ਹਿਰ ਚਲਾ ਗਿਆ। ਸ਼ਹਿਰ ਵਿੱਚ ਜਾਗਰ ਦਾ ਇੱਕ ਦੋਸਤ ਸੀ ਜਿਹੜਾ ਕਿ ਉਸ ਮੁੰਡੇ ਦੇ ਪਿੰਡ ਦਾ ਹੀ ਸੀ। ਜਦੋਂ ਜਾਗਰ ਨੇ ਉਸਨੂੰ ਜਾ ਕੇ ਦੱਸਿਆ ਕਿ ਤੇਰੇ ਪਿੰਡ ਦੇ ਫ਼ਲਾਣੇ ਮੁੰਡੇ ਦਾ ਰਿਸ਼ਤਾ ਮੇਰੀ ਧੀ ਲਈ ਆਇਆ ਏ ਤਾਂ ਉਸਦਾ ਦੋਸਤ ਇੱਕ ਵਾਰ ਸੋਚੀਂ ਪੈ ਗਿਆ। ਫ਼ੇਰ ਉਸਦੇ ਮਨ ਵਿੱਚ ਪਤਾ ਨਹੀਂ ਕੀ ਆਇਆ, ਉਸਨੇ ਜਾਗਰ ਨੂੰ ਸਕੂਟਰ ਤੇ ਬਿਠਾਇਆ ਤੇ ਪਿੰਡ ਨੂੰ ਚੱਲ ਪਏ। ਜਾਗਰ ਦੇ ਵਾਰ-ਵਾਰ ਪੁੱਛਣ `ਤੇ ਵੀ ਉਸ ਕੁਝ ਨਾ ਦੱਸਿਆ ਬੱਸ ਉਸ ਨਾਲ ਚੁੱਪ ਚਾਪ ਚੱਲਣ ਨੂੰ ਕਿਹਾ।
ਜਾਗਰ ਦੇ ਦੋਸਤ ਨੇ ਸਕੂਟਰ ਇੱਕ ਪੁਰਾਣੀ ਖੰਡਰ ਬਣ ਚੁੱਕੀ ਇਮਾਰਤ ਦੇ ਸਾਹਮਣੇ ਰੋਕ ਦਿੱਤਾ। ਜਾਗਰ ਸਿਓਂ ਨੂੰ ਲੈ ਕੇ ਉਹ ਉਸ ਇਮਾਰਤ ਦੇ ਅੰਦਰ ਗਿਆ। ਉੱਥੇ ਤਿੰਨ-ਚਾਰ ਗੱਭਰੂ ਨੌਜਵਾਨ ਨਸ਼ੇ ਵਿੱਚ ਟੁੰਨ ਹੋ ਕੇ ਬੇਸੁਧੇ ਪਏ ਸਨ। ਜਾਗਰ ਦਾ ਮੱਥਾ ਠਣਕ ਗਿਆ। ਉਹ ਸਾਰੀ ਗੱਲ ਸਮਝ ਗਿਆ। ਉਨ੍ਹਾਂ ਚਾਰ ਗੱਭਰੂਆਂ ਵਿੱਚ ਉਹ ਮੁੰਡਾ ਵੀ ਸੀ ਜਿਸਦਾ ਸਾਕ ਜੀਤੀ ਲਈ ਆਇਆ ਸੀ। ਦੋਵੇਂ ਜਣੇ ਉਸੇ ਸਮੇਂ ਇਮਾਰਤ `ਚੋਂ ਬਾਹਰ ਆ ਗਏ।
‘‘ਕਿਤੇ ਤੂੰ ਇਹ ਨਾ ਸੋਚੇਂ ਕਿ ਮੈਂ ਜੀਤੀ ਦੇ ਰਿਸ਼ਤੇ ਦੀ ਭਾਨੀ ਮਾਰ ਰਿਹਾ ਹਾਂ, ਇਸ ਲਈ ਤੈਨੂੰ ਸੱਚ ਦਿਖਾਉਣ ਲਈ ਇੱਥੇ ਲੈ ਕੇ ਆਇਆ ਹਾਂ। ਜਿਸ ਗੱਭਰੂ ਨੂੰ ਆਪਾਂ ਦੇਖਣ ਆਏ ਸਾਂ ਉਸਦਾ ਹਾਲ ਤਾਂ ਤੂੰ ਵੇਖ ਹੀ ਲਿਆ ਹੋਣੈ। ਸਾਲ ਕੁ ਪਹਿਲਾਂ ਇਨ੍ਹਾਂ ਦੀ ਕੁਝ ਜ਼ਮੀਨ ਇੱਕ ਨਿਜੀ ਕੰਪਨੀ ਨੇ ਮੋਟੇ ਪੈਸੇ ਦੇ ਕੇ ਖਰੀਦ ਲਈ ਸੀ। ਬਸ, ਉਦੋਂ ਤੋਂ ਹੀ ਇਹ ਮੁੰਡਾ ਨਸ਼ਿਆਂ ਦਾ ਆਦੀ ਹੋ ਗਿਆ। ਇਸਦੇ ਘਰਵਾਲ਼ੇ ਇਸਦਾ ਰਿਸ਼ਤਾ ਕਰਵਾਉਣਾ ਚਾਹੁੰਦੇ ਹਨ ਕਿ ਸ਼ਾਇਦ ਵਿਆਹ ਤੋਂ ਬਾਅਦ ਇਹ ਸੁਧਰ ਹੀ ਜਾਏ ਪਰ ਇਸਦਾ ਤਾਂ ਇਹ ਹਾਲ ਹੋਇਆ ਪਿਆ ਹੈ ਕਿ ਇੱਕ ਮੌਤ ਹੀ ਇਸਨੂੰ ਇਸ ਕੋਹੜ ਤੋਂ ਛੁਟਕਾਰਾ ਦਵਾ ਸਕਦੀ ਹੈ।"
ਜਾਗਰ ਨੇ ਆਪਣੇ ਮਿੱਤਰ ਅਤੇ ਪਰਮਾਤਮਾ ਦਾ ਲੱਖ-ਲੱਖ ਸ਼ੁਕਰਾਨਾ ਕੀਤਾ। ਜੀਤੀ ਦੀ ਜ਼ਿੰਦਗੀ ਇਸ ਭਿਆਨਕ ਦਲਦਲ ਵਿੱਚ ਧਸਣ ਤੋਂ ਬਚ ਗਈ ਸੀ।