ਜ਼ਿੰਦਗੀ ਬਹੁਤ ਖੂਬਸੂਰਤ ਹੈ (ਲੇਖ )

ਚਰਨਜੀਤ ਕੈਂਥ   

Email: ncollegiate@yahoo.com
Cell: +91 98151 64358
Address: ਅਹਿਮਦਗੜ੍ਹ
ਸੰਗਰੂਰ India
ਚਰਨਜੀਤ ਕੈਂਥ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜ਼ਿੰਦਗੀ ਨੂੰ ਖੂਬਸੂਰਤ ਬਣਾਉਣ ਲਈ ਅਸੀਂ ਬਹੁਤ ਮਿਹਨਤ ਕਰਦੇ ਹਾਂ| ਹਰ ਸੁੱਖ ਸਹੂਲਤ ਪੈਦਾ ਕਰਨ ਲਈ ਦਿਨ-ਰਾਤ ਇੱਕ ਕਰ ਦਿੰਦੇ ਹਾਂ | ਪ੍ਰਮਾਤਮਾਂ ਦੀ ਕਿਰਪਾ ਨਾਲ ਸਭ ਕੁਝ ਪ੍ਰਾਪਤ ਹੋ ਜਾਣ  ਦੇ ਬਾਵਜੂਦ ਮਸ਼ੀਨ ਬਣੇ ਹੋਏ ਜ਼ਿੰਦਗੀ ਜਿਓਣਾ ਹੀ ਭੁਲ ਜਾਂਦੇ ਹਾਂ|ਇਸੇ ਲਈ ਅਸੀਂ ਮਾਨਸਿਕ ਤਣਾਓ ਦਾ ਸ਼ਿਕਾਰ ਹੋ ਜਾਂਦੇ ਹਾਂ| ਜ਼ਿੰਦਗੀ ਬਹੁਤ ਹੀ ਸਿਧੀ-ਸਾਦੀ ਅਤੇ ਸਰਲ ਹੈ ਪ੍ਰੰਤੂ ਅਸੀਂ ਇਸ ਨੂੰ ਬਹੁਤ ਉਲਝਣਾਂ ਭਰੀ ਬਣਾ ਰਖਿਆ ਹੈ| ਫਜੂਲ ਖਰਚੀ, ਫੋਕੀ ਸ਼ੋਹਰਤ ਤੇ ਦਿਖਾਵੇ ਦੀ ਬਿਮਾਰੀ ਸਾਨੂੰ ਅਜਿਹੀ ਦਲ-ਦਲ ਵਿੱਚ ਫਸਾ ਦਿੰਦੀ ਹੈ, ਜਿਸ ਵਿਚੋਂ ਨਿਕਲਣਾ ਹਰੇਕ ਦੇ ਵੱਸ ਵਿੱਚ ਨਹੀਂ ਹੁੰਦਾ|    
         ਜ਼ਿੰਦਗੀ ਦੇ ਖੂਬਸੂਰਤ ਪਲਾਂ ਨੂੰ ਮਾਨਣ ਲਈ ਸਵੇਰੇ ਜਲਦੀ ਉਠੋ, ਲੰਬੀ ਸੈਰ ਕਰੋ ਕੁਦਰਤ ਨੂੰ ਨੇੜੇ ਹੋ ਤੱਕੋ, ਆਪਣੇ ਆਪ ਨੂੰ ਪਹਿਚਾਣੋ ,ਆਪਣੇ ਆਪ ਨੂੰ ਕਲਾਵੇ ਵਿੱਚ ਲੈ ਕੇ ਬੇ- ਅਥਾਹ ਮੁਹੱਬਤ ਕਰੋ ,ਆਪਣੇ ਆਪ ਨਾਲ ਪਿਆਰ ਭਰੀਆਂ ਗੱਲਾਂ ਕਰੋ| ਪ੍ਰਮਾਤਮਾਂ ਤੇ ਮਾਤਾ-ਪਿਤਾ ਦੇ ਸ਼ੁਕਰਗੁਜਾਰ ਹੋਵੋ ਜਿਨ੍ਹਾਂ ਦੀ ਬਦੌਲਤ ਇਹ ਜੀਵਨ ਨਸੀਬ ਹੋਇਆ ਹੈ|ਸ਼ਰੀਰ ਪ੍ਰਮਾਤਮਾਂ ਦਾ ਦਿੱਤਾ ਹੋਇਆ ਅਨਮੋਲ ਤੋਹਫ਼ਾ ਹੈ| ਸ਼ਰੀਰ ਦੇ ਇੱਕ-ਇੱਕ ਅੰਗ ਦੀ ਕਾਰਜ ਸ਼ੈਲੀ ਨੂੰ ਧਿਆਨ ਨਾਲ ਦੇਖੋ ਹਰੇਕ ਅੰਗ ਤੁਹਾਡੇ ਲਈ ਨਿਰੰਤਰ ਦਿਨ ਰਾਤ ਕਿੰਨਾ ਕੰਮ ਕਰ ਰਿਹਾ ਹੈ ਪ੍ਰੰਤੂ ਅਸੀਂ ਉਸ  ਪ੍ਰਤੀ ਕਿੰਨ੍ਹਾ ਕੁ ਫ਼ਰਜ਼ ਨਿਭਾ ਰਹੇ ਹਾਂ|
              ਕੀ ਚਾਹੀਦਾ ਹੈ ਜੋ ਤੁਹਾਡੇ ਕੋਲ ਨਹੀ ? ਸਭ ਕੁਝ ਤਾਂ ਹੈ ਪਰ ਫਿਰ ਵੀ ਕਿਓਂ ਖਾਲੀਪਣ ਮਹਿਸੂਸ ਕਰਦੇ ਹਾਂ|ਕੁਦਰਤ ਦੀ ਗੋਦ ਵਿੱਚ ਬੈਠ ਕੇ ਕੁਦਰਤ ਦੇ ਅਦਭੁਤ ਚਮਤਕਾਰਾਂ ਨੂੰ ਤੱਕੋ ਪਲ-ਪਲ ਕੁਦਰਤ ਦਾ ਚਮਤਕਾਰ ਹੁੰਦਾ ਰਹਿੰਦਾ ਹੈ ਉਸ ਨਾਲ ਇਕ ਮਿਕ ਹੋਵੋ| ਕੁਦਰਤ ਦੀ ਖੂਬਸੂਰਤੀ ਹਰ ਪਾਸੇ ਹੈ,ਬੱਸ ਵੇਖਣ ਵਾਲੀ ਅੱਖ ਤੇ ਮਹਿਸੂਸ ਕਰਨ ਲਈ ਖਿੜਿਆ ਹੋਇਆ ਦਿਲ ਹੀ ਤਾਂ ਚਾਹੀਦਾ ਹੈ|ਚੜ੍ਹਦਾ ਹੋਇਆ ਸੂਰਜ ਤੁਹਾਡੇ ਲਈ ਬੇ- ਅਥਾਹ ਖੁਸ਼ੀਆਂ ਲੈ ਕੇ ਆਉਂਦਾ ਹੈ| ਉਸ ਨੂੰ ਪਿਆਰ ਭਰੇ ਦਿਲ ਨਾਲ ਤੱਕੋ ਤਾਂ ਸਹੀ ਉਸ ਦੀ ਸੁਨਿਹਰੀ ਲਾਲੀ ਨੂੰ ਵੇਖ ਪੰਛੀ ਕਿਸ ਤਰਾਂ ਖੁਸ਼ੀਆਂ ਦੇ ਗੀਤ ਗਾਉਂਦੇ ਹੋਏ ਮਧੁਰ ਸੰਗੀਤ ਪੈਦਾ ਕਰਦੇ ਹਨ| ਉਸ ਸੰਗੀਤ ਦੇ ਵਿੱਚ ਮਸਤ ਹੋਵੋ|ਚੜ੍ਹਦੇ ਹੋਏ ਸੂਰਜ ਦੀਆਂ ਕਿਰਨਾਂ ਤੁਹਾਡੇ ਵਿੱਚ ਨਵਾਂ ਜੋਸ਼ ਤੇ ਉਮੰਗ ਭਰ ਦਿੰਦੀਆਂ ਹਨ|
                     ਦਰੱਖਤਾਂ ਨੂੰ ਹਵਾ ਨਾਲ ਮਸਤੀ ਕਰਦਿਆਂ, ਝੂਮਦਿਆਂ ਨੂੰ ਤੱਕੋ ਕਦੇ- ਕਦੇ ਇਨ੍ਹਾਂ ਦੀ ਖਾਮੋਸ਼ੀ ਨੂੰ ਵੀ ਮਹਿਸੂਸ ਕਰੋ |ਇਹ ਤੁਹਾਡੇ ਨਾਲ ਗੱਲਾਂ ਕਰਦੇ ਮਹਿਸੂਸ ਹੋਣਗੇ ਫੁੱਲਾਂ,ਪੱਤਿਆਂ ਨੂੰ ਵੇਖ ਕੇ ਮੁਸਕਰਾਓ ਇਹ ਕਿਵੇਂ ਤੁਹਾਡੇ ਜੀਵਨ ਨੂੰ ਮਹਿਕਾ ਰਹੇ ਹਨ|ਸਾਰੀ ਬਨਸਪਤੀ ਦੇ ਸ਼ੁਕਰਗੁਜਾਰ ਹੋਵੋ ਜੋ ਸਾੰਨੂ ਜੀਵਨ ਸ਼ਕਤੀ ਦੇ ਰੂਪ ਵਿਚ ਆਕਸੀਜਨ ਦਿੰਦੀ ਹੈ|ਧਰਤੀ ਨੂੰ ਪ੍ਰਣਾਮ ਕਰੋ ਜੋ ਸਾਨੂੰ ਅੰਨ, ਜਲ ਤੇ ਰਹਿਣ ਲਈ ਜੀਵਨ ਦਿੰਦੀ ਹੈ|ਪ੍ਰਮਾਤਮਾਂ ਕਣ- ਕਣ ਵਿੱਚ ਬਿਰਾਜਮਾਨ ਹੈ| ਹਰ ਇੱਕ ਦੇ ਵਿੱਚ ਵਸਦਾ ਹੈ ਬਸ ਮਹਿਸੂਸ ਕਰਨ ਦੀ ਲੋੜ ਹੈ|ਪਲ ਪਲ ਕੁਦਰਤ ਦੇ ਸ਼ੁਕਰਾਨੇ ਵਿੱਚ ਗੁਜਾਰੋ, ਬਸ ਉਸ ਦੀ ਯਾਦ ਅਤੇ ਸ਼ੁਕਰਾਨਾ ਹੀ ਜੀਵਨ ਨੂੰ ਨਿਰੋਗ ਤੇ ਖੁਸ਼ੀ ਭਰਿਆ ਬਣਾ ਦਿੰਦਾ ਹੈ|
        ਸਵੇਰ ਦੇ ਸਮੇਂ ਸਮਰਥਾ ਅਨੁਸਾਰ ਸ਼ਰੀਰਕ ਕਸਰਤ ਵੀ ਕਰੋ ਹੋ ਸਕੇ ਤਾਂ ਯੋਗ ਅਭਿਆਸ ਅਤੇ ਪ੍ਰਾਣਾਯਾਮ ਜਰੂਰ ਕਰੋ| ਇਸ ਸਮੇਂ ਵਾਤਾਵਰਣ ਵਿੱਚ ਆਕਸੀਜਨ ਦੀ ਮਾਤਰਾ ਅਧਿਕ ਹੁੰਦੀ ਹੈ ਲੰਮੇ ਗਹਿਰੇ ਸਾਹ ਲਵੋ ਵੱਧ ਤੋਂ ਵੱਧ ਆਕਸੀਜਨ ਸਾਡੇ ਸ਼ਰੀਰ ਦੇ ਅੰਗ-ਅੰਗ ਵਿੱਚ ਸਮਾ ਜਾਵੇ ਜਿਸ ਨਾਲ ਤਨ ਅਤੇ ਮਨ ਫੁੱਲਾਂ ਦੀ ਤਰਾਂ ਖਿੜ ਜਾਵੇਗਾ|ਯੋਗ ਅਭਿਆਸ ਨਾਲ ਸ਼ਰੀਰ ਦੇ ਵਿੱਚ ਲਚਕ ਪੈਦਾ ਹੋ ਜਾਂਦੀ ਹੈ, ਲਚਕੀਲਾ ਸ਼ਰੀਰ ਨੌਜਵਾਨੀ ਦੀ ਨਿਸ਼ਾਨੀ ਹੁੰਦੀ ਹੈ|ਇਹ ਨਸ਼ਾ ਬੁਢਾਪੇ ਵਿੱਚ ਵੀ ਜਵਾਨੀ ਦਾ ਜੋਸ਼ ਭਰ ਦਿੰਦਾਂ ਹੈ|ਆਪਣੇ ਵਿਚਾਰਾਂ ਨੂੰ ਸਕਾਰਾਤਮਿਕ ਬਣਾਓ ਕਦੇ ਵੀ ਨਾਂਹ ਪੱਖੀ ਵਿਚਾਰਾਂ ਨੂੰ ਮਨ ਉਪਰ ਭਾਰੂ ਨਾਂ ਹੋਣ ਦਿਓ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹੋ|
            ਸਾਦੀ ਖੁਰਾਕ ਉਚੇ ਵਿਚਾਰ ਸਰੀਰ ਅਤੇ ਮਨ ਨੂੰ ਤੰਦਰੁਸਤ ਰਖਦੇ ਹਨ| ਅਜਿਹਾ ਜੀਵਨ ਤੁਹਾਨੂੰ ਹਮੇਸ਼ਾਂ ਖੁਸ਼ੀਆਂ ਖੇੜੇ ਬਖਸ਼ਦਾ ਹੈ| ਰੋਜ਼ਾਨਾ ਦੇ ਅਭਿਆਸ ਨਾਲ ਮਨੁੱਖ ਸਬਰ ਅਤੇ ਸੰਤੋਖ ਵੱਲ ਨੂੰ ਵਧਦਾ ਹੋਇਆ ਆਨੰਦ ਨਾਲ ਵਿਸਮਾਦ ਹੋ ਜਾਂਦਾ ਹੈ|ਤੰਦਰੁਸਤ ਮਨ ਹੀ ਜ਼ਿੰਦਗੀ ਦੀ ਹਰ ਮੁਸ਼ਕਿਲ ਨੂੰ ਹੱਸ ਕੇ ਹੱਲ ਕਰਨ ਲਈ ਨਵੇਂ ਰਾਹ ਦਿਖਾਉਦਾ ਹੈ|ਮੁਸ਼ਕਿਲ ਦੇ ਪਲਾਂ ਵਿੱਚ ਤੁਹਾਡਾ ਇਮਤਿਹਾਨ ਹੀ ਤਾਂ ਹੁੰਦਾ ਹੈ|ਦੁੱਖ-ਸੁੱਖ ਜ਼ਿੰਦਗੀ ਦਾ ਹਿੱਸਾ ਹਨ|ਜਿਹੜੇ ਦਰਖਤਾਂ ਨੇ ਕਦੇ ਹਨੇਰੀਆ ਨਾਂ ਝੱਲੀਆਂ ਹੋਣ ਉਹਨਾਂ ਦੀਆਂ ਜੜਾਂ ਕਦੇ ਵੀ ਮਜਬੂਤ ਨਹੀਂ ਹੁੰਦੀਆਂ| ਇਸੇ ਲਈ ਦੁੱਖ ਦੀ ਘੜੀ ਤੁਹਾਨੂੰ ਤਾਕਤਵਰ ਬਣਾਉਦੀ ਹੈ| ਮੁਸ਼ਕਿਲ ਵਿੱਚ ਕਦੇ ਵੀ ਨਾ ਘਬਰਾਓ ਕਿਓਂਕਿ ਮੁਸ਼ਕਿਲ ਹਮੇਸ਼ਾਂ ਨਹੀਂ ਰਹਿੰਦੀ ਇਹ ਤਾਂ ਕੁਝ ਦਿਨਾਂ ਦੀ ਮਹਿਮਾਨ ਹੁੰਦੀ ਹੈ ਇਸ ਦਾ ਹੱਸ ਕੇ ਸਵਾਗਤ ਕਰੋ| ਜ਼ਿੰਦਗੀ ਦੇ ਇੱਕ- ਇੱਕ ਪਲ ਨੂੰ ਦਿਲ ਭਰ ਕੇ ਮਾਣੋ| ਖੁਸ਼ੀਆਂ ਪੈਸੇ ਨਾਲ ਨਹੀਂ ਖਰੀਦੀਆਂ ਜਾਂਦੀਆਂ ਅਤੇ ਨਾਂ ਹੀ ਤੰਦਰੁਸਤੀ ਅਤੇ ਨੀਂਦ ਪੈਸੇ ਨਾਲ ਖਰੀਦੀ ਜਾ ਸਕਦੀ ਹੈ|ਇਸ ਲਈ ਬਹੁਤੇ ਸਿਆਣੇ ਬਣਨ ਦੀ ਲੋੜ ਨਹੀਂ ਮਸਤਾਂ ਵਾਲੀ ਜ਼ਿੰਦਗੀ ਜੀਓ ਬਹੁਤਾ ਸਿਆਣਾ ਵੀ ਆਪਣੀ ਸਿਆਣਪ ਵਿੱਚ ਉਲਝਿਆ ਰਹਿੰਦਾ ਹੈ|ਇਸ ਲਈ ਜ਼ਿੰਦਗੀ ਜਿਓਣ ਦਾ ਸਲੀਕਾ ਤੇ ਕੁਝ ਨਿਯਮਾਂ ਨਾਲ ਹੀ ਮਨ ਦੀ ਮੌਜ ਪ੍ਰਾਪਤ ਕੀਤੀ ਜਾ ਸਕਦੀ ਹੈ ਤਾਂ ਜੋ ਇਹ ਅਣਮੁੱਲੀ ਛੋਟੀ ਜ਼ਿੰਦਗੀ ਨੂੰ ਖੂਬਸੂਰਤ ਬਣਾਈਏ ਅਤੇ ਆਨੰਦਮਈ ਜੀਵਨ ਬਤੀਤ ਕਰੀਏ|