ਕਾਫ਼ਲੇ ਵੱਲੋਂ ਰਾਗ਼, ਸਾਜ਼, ਤੇ ਸ਼ਬਦ ਨੂੰ ਸਮਰਪਿਤ ਮੀਟਿੰਗ (ਖ਼ਬਰਸਾਰ)


ਟਰਾਂਟੋ -- 'ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ' ਦੀ ਜੂਨ ਮਹੀਨੇ ਦੀ ਮੀਟਿੰਗ ਕੁਲਵਿੰਦਰ ਖਹਿਰਾ, ਬਰਜਿੰਦਰ ਗੁਲਾਟੀ ਅਤੇ ਪਰਮਜੀਤ ਦਿਓਲ ਦੀ ਅਗਵਾਈ ਹੇਠ ਸਫ਼ਲਤਾਪੂਰਵਕ ਹੋ ਨਿੱਬੜੀ ਜਿਸ ਵਿੱਚ ਪੂਰਨ ਸਿੰਘ ਪਾਂਧੀ, ਡਾ. ਸੰਤੋਸ਼ ਖੰਨਾ (ਐੱਚ.ਐੱਮ.ਵੀ. ਕੌਲਿਜ ਜਲੰਧਰ), ਅਤੇ ਡਾ. ਰਤਨ ਸਿੰਘ ਢਿੱਲੋਂ (ਹਰਿਆਣਾ) ਰੂਬਰੂ ਹੋਏ ਅਤੇ ਗੁਰਬਚਨ ਚਿੰਤਕ ਦੀ ਕਿਤਾਬ ਰਲੀਜ਼ ਕੀਤੀ ਗਈ।
ਰਾਗਾਂ ਬਾਰੇ ਜਾਣਕਾਰੀ ਦਿੰਦਿਆਂ ਪੂਰਨ ਸਿੰਘ ਪਾਂਧੀ ਨੇ ਕਿਹਾ ਕਿ ਸੰਗੀਤ ਬਾਰੇ ਗੱਲ ਕਰਨਾ ਇਵੇਂ ਹੈ ਜਿਵੇਂ ਹਿਮਾਲੀਆ ਪਰਬਤ ਬਾਰੇ ਜਾਨਣਾ । ਸੰਗੀਤ ਦੀ ਤੁਲਨਾ ਪ੍ਰਕਿਰਤੀ ਨਾਲ਼ ਕਰਦਿਆਂ ਉਨ੍ਹਾਂ ਕਿਹਾ ਕਿ ਹਰ ਗਤੀ-ਸ਼ੀਲ ਰਚਨਾ, ਜਿਵੇਂ ਗਰਜਦੇ ਸਾਗਰ, ਬਰਸਦੇ ਬੱਦਲ਼, ਝੂੰਮਦੀ ਬਨਸਪਤੀ, ਆਦਿ ਵਿੱਚ ਲੈਅ, ਤਾਲ, ਅਤੇ ਰਿਧਮ ਹੈ। ਦੁਨੀਆਂ ਭਰ ਦੇ ਫਿਲੌਸਫ਼ਰਾਂ ਦੇ ਹਵਾਲੇ ਦਿੰਦਿਆਂ ਉਨ੍ਹਾਂ ਕਿਹਾ ਕਿ ਪਲਾਟੋ ਅਨੁਸਾਰ ਸੁਰ-ਤਾਲ ਨਾਲ਼ ਬੱਝੀ ਧੁਨੀ ਆਤਮਾ ਨੂੰ ਪ੍ਰਮਾਤਮਾ ਨਾਲ਼ ਜੋੜਦੀ ਹੈ, ਮਾਰਟਿਨ ਲੂਥਰ ਨੇ ਕਿਹਾ ਕਿ ਸੰਗੀਤ ਪੈਗੰਬਰਾਂ ਦੀ ਕਲਾ ਹੈ, ਤੇ ਕਾਰਲ ਲਾਇਲ ਇਸਨੂੰ ਫ਼ਰਿਸ਼ਤਿਆਂ ਦੀ ਬੋਲੀ ਆਖਦਾ ਹੈ ਜਦਕਿ ਮੁਸਲਿਮ ਪੀਰ-ਫ਼ਕੀਰਾਂ ਨੇ ਰਾਗ਼ ਨੂੰ 'ਅੱਲਾ ਦੀ ਆਵਾਜ਼' ਦੱਸਿਆ ਹੈ। ਰਾਗਾਂ ਪ੍ਰਤੀ ਲਿਖੇ ਗਏ ਇਸ ਮਿਹਨਤ ਅਤੇ ਖੋਜ-ਭਰਪੂਰ ਪਰਚੇ ਨੂੰ ਖੂਬ ਸਲਾਹਿਆ ਗਿਆ।

'ਹੰਸਰਾਜ ਮਹਾਂ-ਵਿਦਿਆਲਿਆ ਕਾਲਿਜ ਜਲੰਧਰ' ਦੀ ਸੰਗੀਤ ਡਿਪਾਰਟਮੈਂਟ ਦੀ ਮੁਖੀ ਅਤੇ ਸਿਤਾਰ-ਵਾਦਕ ਡਾ. ਸੰਤੋਸ਼ ਖੰਨਾ ਨੇ ਤੌੜੀ ਰਾਗ ਵਿੱਚ ਸਿਤਾਰ-ਵਾਦਨ ਕਰਕੇ ਸਭਨਾਂ ਦਾ ਮਨ ਮੋਹ ਲਿਆ। ਐਸੋਸੀਏਟਡ ਪ੍ਰੋਫ਼ੈਸਰ ਵਜੋਂ ਉਹ ਪਿਛਲੇ 20 ਸਾਲ ਤੋਂ ਇਸ ਕਾਲਿਜ ਵਿੱਚ ਬੱਚਿਆਂ ਨੂੰ ਸੰਗੀਤ ਦੀ ਵਿੱਦਿਆ ਦੇ ਰਹੇ ਨੇ। ਕਵੀ ਸੁਖਿੰਦਰ ਨੇ ਡਾ. ਰਤਨ ਸਿੰਘ ਢਿੱਲੋਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਡਾ. ਸਾਹਿਬ ਨੇ ਕੁਰੂਕੁਸ਼ੇਤਰ ਯੂਨੀਵਰਸਿਟੀ ਤੋਂ ਪੀ.ਐੱਚ.ਡੀ. ਕੀਤੀ ਅਤੇ ਨਾਲ਼ ਹੀ ਟ੍ਰਿਬੂਨ ਅਖ਼ਬਾਰ ਨਾਲ਼ ਵੀ ਜੁੜੇ ਰਹੇ। ਅਲੋਚਨਾ ਅਤੇ ਸ਼ਾਇਰੀ ਵਿੱਚ ਇਨ੍ਹਾਂ ਦਾ ਵੱਡਾ ਨਾਂ ਹੈ। ਡਾ. ਢਿੱਲੋਂ ਨੇ ਪਾਂਧੀ ਸਾਹਿਬ ਦੇ ਪਰਚੇ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਸ਼ਬਦ ਸੁਰ ਦਾ ਆਧਾਰ ਹੈ ਤੇ ਸ਼ਬਦ ਬਿਨਾਂ ਸੁਰ ਨਹੀਂ ਬਣ ਸਕਦੀ। ਉਨ੍ਹਾਂ ਕਿਹਾ ਕਿ ਕਵਿਤਾ ਮਹਿਜ਼ ਕਪਲਨਾ ਨਹੀਂ ਹੈ, ਕਵਿਤਾ ਵਿਚਾਰ ਦਿੰਦੀ ਹੈ ਤੇ ਜੋਸ਼ ਭਰਦੀ ਹੈ। 1967 ਵਿੱਚ 'ਕਵਿਤਾ' ਰਸਾਲੇ ਵਿੱਚ ਛਪੀ ਆਪਣੀ ਕਵਿਤਾ ਨੂੰ ਉਨ੍ਹਾਂ ਨੇ ਆਪਣੀ ਪਹਿਲੀ ਕਵਿਤਾ ਕਿਹਾ। ਉਨ੍ਹਾਂ ਕਿਹਾ ਕਿ ਅੱਜ ਦੀ ਕਵਿਤਾ ਸਮਾਜ ਨਾਲ਼ੋਂ ਟੁੱਟ ਕੇ ਸਿਰਫ ਨਿੱਜ ਨਾਲ਼ ਜੁੜ ਕੇ ਰਹਿ ਗਈ ਹੈ ਜਿਸ ਕਰਕੇ ਲੋਕ ਕਵਿਤਾ ਨਾਲ਼ੋਂ ਟੁੱਟ ਗਏ ਨੇ। ਸ਼ਿਕਵਾ ਜ਼ਾਹਿਰ ਕਰਦਿਆਂ ਉਨ੍ਹਾਂ ਕਿਹਾ ਕਿ ਹਰਿਆਣੇ ਦੇ ਪੰਜਾਬੀ ਲੇਖਕਾਂ ਨੂੰ ਲੇਖਕ ਹੀ ਨਹੀਂ ਮੰਨਿਆ ਜਾ ਰਿਹਾ ਤੇ ਪੰਜਾਬ ਦੇ ਵਿਦਵਾਨ ਪੰਜਾਬ ਤੋਂ ਉੱਠ ਕੇ ਸਿੱਧਾ ਦਿੱਲੀ ਜਾ ਕੇ ਰੁਕਦੇ ਨੇ। ਉਨ੍ਹਾਂ ਨੇ ਆਪਣੀ ਕਿਤਾਬ 'ਪਰਵਾਜ਼' ਵਿੱਚੋਂ ਕੁਝ ਕਵਿਤਾਵਾਂ ਸਾਂਝੀਆਂ ਕੀਤੀਆਂ ਜੋ ਸਭ ਨੇ ਬਹੁਤ ਪਸੰਦ ਕੀਤੀਆਂ।
ਗੁਰਬਚਨ ਚਿੰਤਕ ਦੀ ਕਿਤਾਬ 'ਤੇ ਬੋਲਦਿਆਂ ਜਰਨੈਲ ਸਿੰਘ ਕਹਾਣੀਕਾਰ ਨੇ ਕਿਹਾ ਕਿ ਇਹ ਚਿੰਤਕ ਵੱਲੋਂ ਲਿਖੀ ਗਈ ਆਮ ਮਨੁੱਖ ਦੇ ਜੀਵਨ-ਸੰਘਰਸ਼ ਦੀ ਗਾਥਾ ਹੈ। ਨਿਤਾ-ਪ੍ਰਤੀ ਦੀ ਜ਼ਿੰਦਗੀ ਵਿੱਚ ਆਮ ਮਨੁੱਖ ਦੇ ਸਿਰ 'ਤੇ ਹੀ ਕਾਰ-ਵਿਹਾਰ ਚੱਲਦੇ ਨੇ। ਉਨ੍ਹਾਂ ਕਿਹਾ ਕਿ ਚਿੰਤਕ ਆਪਣੀ ਹਿੰਮਤ ਅਤੇ ਹੌਸਲੇ ਨਾਲ਼ ਹੀ ਅਧਿਆਪਕ ਬਣੇ। ਕਿਰਪਾਲ ਸਿੰਘ ਪੰਨੂੰ ਨੇ ਚਿੰਤਕ ਨੂੰ ਹਿੰਮਤੀ ਤੇ ਸਿਰੜੀ ਦੱਸਦਿਆਂ ਕਿਹਾ ਕਿ ਇੱਕ ਚੰਗਾ ਕਾਰੀਗਰ ਹੋਣ ਦੇ ਨਾਤੇ ਇਸਨੇ ਆਪਣੀ ਕਲਾ ਨਾਲ਼ ਕੈਨੇਡਾ ਦੀ ਧਰਤੀ 'ਤੇ ਪੈਰ ਜਮਾਏ ਨੇ। ਆਪਣੀ ਜੀਵਨੀ ਬਾਰੇ ਬੋਲਦਿਆਂ ਚਿੰਤਕ ਨੇ ਕਿਹਾ ਕਿ ਗਰੀਬ ਕੋਲ਼ ਲੁਕਾਉਣ ਨੂੰ ਕੁਝ ਵੀ ਨਹੀਂ ਹੁੰਦਾ, ਇਸੇ ਲਈ ਉਸਦੀ ਜੀਵਨੀ ਦੀ ਕਿਤਾਬ 'ਚੋਂ ਉਸਦੀ ਜ਼ਿੰਦਗੀ ਦੇ ਸੱਚ ਨੂੰ ਵੇਖਿਆ ਜਾ ਸਕਦਾ ਹੈ।
ਕਵਿਤਾ ਦੇ ਦੌਰ ਵਿੱਚ ਰਿੰਟੂ ਭਾਟੀਆ, ਇਕਬਾਲ ਬਰਾੜ ਅਤੇ ਪਰਮਜੀਤ ਢਿੱਲੋਂ ਨੇ ਤਰੰਨਮ ਵਿੱਚ ਖੂਬ ਰੰਗ ਬੰਨ੍ਹਿਆ ਜਦਕਿ ਬਲਵਿੰਦਰ ਨੀਟਾ, ਪ੍ਰੀਤਮ ਧੰਜਲ, ਸੁੰਦਰਪਾਲ ਰਾਜਾਸਾਂਸੀ, ਜਗੀਰ ਸਿੰਘ ਕਾਹਲੋਂ, ਹਰਦਿਆਲ ਝੀਤਾ, ਸੁਰਿੰਦਰ ਸ਼ਿੰਦਰ, ਹਰਮੋਹਨ ਲਾਲ ਛਿੱਬੜ, ਮਨੋਜ ਫਗਵਾੜਵੀ ਨੇ ਆਪੋ-ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ। ਮੀਟਿੰਗ ਦੀਆਂ ਸਾਰੀਆਂ ਪ੍ਰਬੰਧਕੀ ਜ਼ਿੰਮੇਂਵਾਰੀਆਂ ਮਨਮੋਹਨ ਗੁਲਾਟੀ ਅਤੇ ਬਰਜਿੰਦਰ ਗੁਲਾਟੀ ਨੇ ਬਾਖੂਬੀ ਨਿਭਾਈਆਂ ਜਦਕਿ ਮਨਦੀਪ ਔਜਲਾ ਨੇ ਸਮਾਗਮ ਦੇ ਪਲਾਂ ਨੂੰ ਕੈਮਰਾ-ਬੰਦ ਕੀਤਾ ਅਤੇ ਕੁਲਵਿੰਦਰ ਖਹਿਰਾ ਨੇ ਬਹੁਤ ਹੀ ਸਲੀਕੇ ਨਾਲ਼ ਸਟੇਜ ਦੀ ਜ਼ਿੰਮੇਂਵਾਰੀ ਨਿਭਾਈ। ਇਸਤੋਂ ਇਲਾਵਾ ਮਿੰਨੀ ਗਰੇਵਾਲ, ਪ੍ਰੋ. ਰਾਮ ਸਿੰਘ, ਮਮਤਾ ਭਾਟੀਆ, ਵਿਸ਼ਵਾਸ ਖੰਨਾ, ਜਗਦੀਸ਼ ਚੋਪੜਾ, ਬਿਕਰਮਜੀਤ ਗਿੱਲ, ਹਰਭਜਨ ਕੌਰ ਗਿੱਲ, ਬਲਦੇਵ ਦੂਹੜੇ, ਲਖਬੀਰ ਸਿੰਘ ਕਾਹਲ਼ੋਂ ਦਲਜੀਤ ਬਨਵੈਤ, ਡਾ. ਅਮਰਜੀਤ ਬਨਵੈਤ ਗੁਰਦਾਸ ਮਿਨਹਾਸ, ਅਮਰਜੀਤ ਕੌਰ ਮਿਨਹਾਸ, ਮਹਿੰਦਰ ਭਟਨਾਗਰ, ਜਗੀਰ ਸਿੰਘ ਕਾਹਲ਼ੋਂ, ਸਰਬਜੀਤ ਕੌਰ ਕਾਹਲ਼ੋਂ, ਦਲਜੀਤ ਸਿੰਘ ਬਰਾੜ, ਰਵਿੰਦਰ, ਅੰਮ੍ਰਿਤ ਕੌਰ ਜ਼ੀਰਵੀ, ਕੁਲਦੀਪ ਕੌਰ ਗਿੱਲ, ਡਾ. ਬਲਜਿੰਦਰ ਸੇਖੋਂ, ਅਮਰ ਸਿੰਘ ਢੀਂਡਸਾ, ਹਰਮੋਹਨ ਚਿੰਤਕ, ਬਲਦੇਵ ਰਹਿਪਾ, ਸੁਖਦੇਵ ਸਿੰਘ ਧਾਲੀਵਾਲ਼, ਗੁਰਬਖਸ਼ ਸਿੰਘ ਕਾਲੜਾ, ਪ੍ਰਕਾਸ਼ ਕੌਰ, ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ, ਜਸਵਿੰਦਰ ਸੰਧੂ, ਅਤੇ ਸੁਰਜਨ ਜ਼ੀਰਵੀ ਨੇ ਹਾਜ਼ਰੀ ਭਰੀ।