'ਜੁਗਨੂੰਆਂ ਦੇ ਅੰਗ-ਸੰਗ' ਪ੍ਰੋਗਰਾਮ ਆਯੋਜਿਤ (ਖ਼ਬਰਸਾਰ)


ਬਾਲਿਆਂਵਾਲੀ -- ਅਦਾਰਾ ਤ੍ਰੈਮਾਸਿਕ 'ਮਿੰਨੀ' ਵੱਲੋਂ ਪੇਂਡੂ ਸਾਹਿਤ ਸਭਾ ਬਾਲਿਆਂਵਾਲੀ ਦੇ ਸਹਿਯੋਗ ਨਾਲ 'ਜੁਗਨੂੰਆਂ ਦੇ ਅੰਗ-ਸੰਗ' ਪ੍ਰੋਗਰਾਮ ਅਤੇ ਸਨਮਾਨ ਸਮਾਰੋਹ ਕਵੀਸ਼ਰ ਮਾਘੀ ਸਿੰਘ ਗਿੱਲ ਯਾਦਗਾਰੀ ਲਾਇਬਰੇਰੀ ਬਾਲਿਆਂਵਾਲੀ ਵਿਖੇ ਕਰਵਾਇਆ ਗਿਆ।ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਪ੍ਰਿੰਸੀਪਲ ਜਗਮੇਲ ਸਿੰਘ ਜਠੌਲ ਜਨਰਲ ਸਕੱਤਰ ਸਰਦਾਰ ਕੇਹਰ ਸਿੰਘ ਰੂਪਾ ਫਾਊਡੇਂਸ਼ਨ ਸ਼ਾਮਿਲ ਹੋਏ।ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸੁਰਿੰਦਰਪ੍ਰੀਤ ਘਣੀਆਂ ਮੀਤ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ, ਬਿਕਰਮਜੀਤ ਨੂਰ ਸੰਪਾਦਕ 'ਮਿੰਨੀ', ਅਮਰਜੀਤ ਸਿੰਘ ਪੇਂਟਰ ਸਟੇਟ ਐਵਾਰਡੀ, ਜਗਦੀਸ਼ ਰਾਏ ਕੁਲਰੀਆਂ ਐਸੋਸੀਏਟ ਮੈਂਬਰ ਪੰਜਾਬ ਸਾਹਿਤ ਅਕਾਦਮੀ ਚੰਡੀਗੜ, ਮੰਗਤ ਕੁਲਜਿੰਦ ਸੰਪਾਦਕ ਸ਼ਬਦ ਤ੍ਰਿੰਝਣ ਅਤੇ ਸਭਾ ਦੇ ਪ੍ਰਧਾਨ ਜੀਤ ਸਿੰਘ ਚਹਿਲ ਸ਼ਾਮਿਲ ਹੋਏ।ਸਭਾ ਦੇ ਜਨਰਲ ਸੱਕਤਰ ਸੁਖਰਦਰਸ਼ਨ ਗਰਗ ਨੇ ਸਭਾ ਦੀਆਂ ਗਤੀਵਿਧੀਆਂ ਦੀ ਰਿਪੋਰਟ ਪੜੀ।ਅਜਮੇਰ ਸਿੰਘ ਦੀਵਾਨਾ ਨੇ 'ਜੀ ਆਇਆ ਨੂੰ' ਕਿਹਾ।

ਇਸ ਤੋਂ ਬਾਅਦ ਸਮਾਗਮ ਦਾ ਪਹਿਲਾ ਸ਼ੈਸ਼ਨ 'ਜੁਗਨੂੰਆਂ ਦੇ ਅੰਗ ਸੰਗ' ਸ਼ੁਰੂ ਹੋਇਆ, ਜਿਸ ਵਿਚ ਵੱਖ ਵੱਖ ਥਾਵਾਂ ਤੋਂ ਪਹੁੰਚੇ ਲੇਖਕਾਂ ਜਿੰਨ੍ਹਾਂ ਵਿਚ ਕੁਲਵਿੰਦਰ ਕੌਸ਼ਲ ਨੇ 'ਡਰ', ਪਰਦੀਪ ਮਹਿਤਾ ਨੇ 'ਕਿਰਦਾਰ', ਸੋਮਨਾਥ ਕਲਸੀਆਂ ਨੇ 'ਟੁਕੜੇ', ਮਹਿੰਦਰਪਾਲ ਮਿੰਦਾ ਨੇ 'ਟੁਟਦੇ ਸੁਪਨੇ', ਅਮਰਜੀਤ ਕੌਰ ਹਰੜ੍ਹ ਨੇ 'ਜ਼ਹਿਰੀਲੀਆਂ ਗਲੀਆਂ', ਸੰਦੀਪ ਕੌਰ ਸੋਖਲ ਨੇ 'ਕਸੂਰ ਕੀ', ਸਨੇਹ ਗੋਸਵਾਮੀ ਨੇ 'ਜਗਤ ਅਭੀ ਸੋ ਰਹਾ ਹੈ', ਅਮਰਜੀਤ ਪੇਂਟਰ ਨੇ 'ਦਰਦ', ਜਗਦੀਸ਼ ਰਾਏ ਕੁਲਰੀਆਂ ਨੇ 'ਬੁਆਏ ਫਰੈਂਡ', ਰਣਜੀਤ ਅਜ਼ਾਦ ਕਾਂਝਲਾ ਨੇ 'ਚੌਂਕ 'ਚ ਖੜਾ ਆਦਮੀ', ਸੁਖਵਿੰਦਰ ਦਾਨਗ੍ਹੜ ਨੇ 'ਰੋਟੀ', ਅੰਮ੍ਰਿਤ ਬਰਨਾਲਾ ਨੇ 'ਸ਼ੋਸ਼ਲ ਮੀਡੀਆ', ਮੰਗਤ ਕੁਲਜਿੰਦ ਨੇ 'ਛਲਾਵਾ', ਜਗਦੀਸ਼ ਪ੍ਰੀਤਮ ਨੇ 'ਲੇਬਲ', ਤਰਸੇਮ ਬਸ਼ਰ ਨੇ 'ਠੰਡੀ ਹਵਾ', ਮਾਸਟਰ ਜਗਨ ਨਾਥ ਨੇ 'ਸਲੀਕਾ', ਅਜਮੇਰ ਸਿੰਘ ਦੀਵਾਨਾ ਨੇ 'ਰੋਸਾ', ਕਮਲਜੀਤ ਸਿੰਘ ਨੇ 'ਲਾਲਸਾ' ਤੇ ਬਲਜੀਤ ਸਿੰਘ ਮੌਜੀਆਂ ਨੇ 'ਪਗਡੰਡੀ' ਨਾਮੀਂ ਮਿੰਨੀ ਕਹਾਣੀਆਂ ਦਾ ਪਾਠ ਕੀਤਾ।ਪੜ੍ਹੀਆਂ ਗਈਆਂ ਮਿੰਨੀ ਕਹਾਣੀਆਂ ਤੇ ਬਿਕਰਮਜੀਤ ਨੂਰ, ਸੁਰਿੰਦਰਪ੍ਰੀਤ ਘਣੀਆਂ ਅਤੇ ਮੰਗਤ ਕੁਲਜਿੰਦ ਨੇ ਗੱਲ ਕਰਦਿਆਂ ਪੰਜਾਬੀ ਮਿੰਨੀ ਕਹਾਣੀ ਦੇ ਵਿਧਾਨਕ ਢਾਂਚੇ ਨੂੰ ਉਭਾਰਿਆ। ਉਨ੍ਹਾਂ ਨਵੇਂ ਲੇਖਕਾਂ ਨੂੰ ਪੰਜਾਬੀ ਮਿੰਨੀ ਕਹਾਣੀ ਦੀਆਂ ਕਿਤਾਬਾਂ ਦਾ ਅਧਿਐਨ ਕਰਨ ਨੂੰ ਵੀ ਕਿਹਾ।ਸਮਾਗਮ ਦੇ ਦੂਜੇ ਸ਼ੈਸ਼ਨ ਵਿਚ ਤ੍ਰੈਮਾਸਿਕ 'ਮਿੰਨੀ' ਦਾ 120ਵਾਂ ਅੰਕ ਪ੍ਰਧਾਨਗੀ ਮੰਡਲ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਤੋਂ ਬਾਅਦ ਅਮਰਜੀਤ ਪੇਂਟਰ ਅਤੇ ਜਗਦੀਸ਼ ਰਾਏ ਕੁਲਰੀਆਂ ਵੱਲੋਂ ਮੰਗਤ ਕੁਲਜਿੰਦ ਦੇ ਸਾਹਿਤਕ ਸਫ਼ਰ ਬਾਰੇ ਵਿਚਾਰ ਸਾਂਝੇ ਕੀਤੇ ਗਏ।ਸਭਾ ਦੇ ਵਿੱਤ ਸੱਕਤਰ ਮਾਸਟਰ ਜਗਨ ਨਾਥ ਨੇ ਸਨਮਾਨ  ਪੱਤਰ ਪੜ੍ਹਿਆ। ਇਸ ਉਪਰਾਂਤ ਮੰਗਤ ਕੁਲਜਿੰਦ ਦਾ ਸਾਹਿਤਕ ਖੇਤਰ ਵਿਚ ਪਾਏ ਵਡਮੁੱਲੇ ਯੋਗਦਾਨ ਬਦਲੇ ਵਿਸ਼ੇਸ਼ ਸਨਮਾਨ ਕੀਤਾ ਗਿਆ।ਸਮਾਗਮ ਦੇ ਮੁੱਖ ਮਹਿਮਾਨ ਪ੍ਰਿੰਸੀਪਲ ਜਗਮੇਲ ਸਿੰਘ ਜਠੌਲ ਨੇ ਸਫ਼ਲ ਪ੍ਰੋਗਰਾਮ ਦੀ ਵਧਾਈ ਦਿੰਦਿਆ ਕਿਹਾ ਕਿ ਪੰਜਾਬੀ ਭਾਸ਼ਾ ਤੇ ਸਭਿਆਚਾਰ ਦੇ ਵਿਕਾਸ ਲਈ ਅਜਿਹੇ ਪ੍ਰੋਗਰਾਮਾਂ ਦਾ ਹੋਣਾ ਬਹੁਤ ਮਹੱਤਤਾ ਰੱਖਦਾ ਹੈ।ਇਸ ਸਮਾਗਮ ਵਿਚ ਮਾਸਟਰ ਦਰਸ਼ਨ ਸਿੰਘ ਸਿੱਧੂ, ਸਤਪਾਲ ਸਿੰਘ ਗਿੱਲ, ਗੁਰਮੀਤ ਸਿੰਘ ਪਟਵਾਰੀ ਅਤੇ ਹੋਰਨਾਂ ਨੇ ਵੀ ਵਿਚਾਰ ਰੱਖੇ।ਅੰਤ ਵਿਚ ਸਭਾ ਦੇ ਪ੍ਰਧਾਨ ਜੀਤ ਸਿੰਘ ਚਹਿਲ ਵੱਲੋਂ ਸਭਨਾਂ ਦਾ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਸੁਖਦਰਸ਼ਨ ਗਰਗ ਵੱਲੋਂ ਬਾਖੂਬੀ ਕੀਤਾ ਗਿਆ।