ਕੁੜੀ ਕੈਨੇਡਾ ਦੀ ( ਕਿਸ਼ਤ 1) (ਨਾਵਲ )

ਅਨਮੋਲ ਕੌਰ   

Email: iqbal_it@telus.net
Address:
Canada
ਅਨਮੋਲ ਕੌਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਅਨਮੋਲ ਕੌਰ ਜੀ ਪੰਜਾਬੀ ਸਾਹਿਤ ਦੇ ਸਤਿਕਾਰਯੋਗ ਅਤੇ ਜਾਣੇ ਪਹਿਚਾਨੇ ਲੇਖਿਕਾ ਹਨ। ਉਨ੍ਹਾਂ ਦੀਆਂ ਕਹਾਣੀਆਂ ਵਖ ਵਖ ਪੇਪਰਾਂ ਵਿਚ ਛਪਦੀਆਂ ਰਹਿੰਦੀਆਂ ਹਨ। ਉਹ ਪੰਜਾਬੀ ਮਾਂ ਦੀ ਵੀ ਵਧ ਪੜ੍ਹੇ ਜਾਣ ਵਾਲੀ ਲੇਖਿਕਾ ਹੈ। ਉਨ੍ਹਾਂ ਨੇ ਕਨੇਡਾ ਦੀ ਜ਼ਿੰਦਗੀ ਨੂੰ ਦਰਪੇਸ਼ ਸਮੱਸਿਆਵਾਂ ਅਤੇ ਰਿਸ਼ਤਿਆਂ ਦੀ ਪਾਕੀਜ਼ਗੀ ਬਾਰੇ ਫਿਕਰ ਕਰਨ ਵਾਲਾ ਖੂਬਸੂਰਤ ਨਾਵਲ 'ਕੁੜੀ ਕਨੇਡਾ ਦੀ ' ਲਿਖਿਆ ਹੈ ਜੋ ਅਸੀਂ ਆਪਣੇ ਪਾਠਕਾਂ ਲਈ ਲੜੀਵਾਰ ਪੇਸ਼ ਕਰਨ ਦੀ ਖੁਸ਼ੀ ਲੈ ਰਹੇ ਹਾਂ। - ਸੰਪਾਦਕ

1

ਕੈਨੇਡਾ ਤੋਂ ਆਈ ਕੁੜੀ ਦਾ ਰਿਸ਼ਤਾ ਜਦੋਂ ਆਇਆ ਤਾਂ ਮੈਨੂੰ ਜਿਹੜੀ ਖੁਸ਼ੀ ਹੋਈ,ਹੋਣੀ ਸੀ।ਘਰਦਿਆਂ ਦਾ ਚਾਅ ਵੀ ਸਾਂਭਿਆ ਨਹੀ ਸੀ ਜਾ ਰਿਹਾ ।ਦਾਦੀ ਜੀ ਨੇ ਤਾਂ ਕਹਿ ਵੀ ਦਿੱਤਾ, " ਮਨਮੀਤ, ਜੇ ਕਿਤੇ ਆਹ ਰਿਸ਼ਤਾ ਸਿਰੇ ਚੜ੍ਹ ਜਾਵੇ ਤਾਂ ਪੌਂ ਬਾਰਾ ਹੋ ਜਾਣਗੀਆਂ।" ਪੋਂ ਬਾਰਾ ਦੀ ਮੈਨੂੰ ਕੋਈ ਸਮਝ ਤਾਂ ਨਹੀ ਸੀ ਪਈ ਪਰ ਇਹ ਗੱਲ ਸਾਫ ਹੋ ਗਈ ਸੀ ਕਿ ਬਾਹਰਲੇ ਰਿਸ਼ਤੇ ਨੂੰ ਕਿੰਨੀ ਮੱਹਹਤਾ ਦਿੱਤੀ ਜਾ ਰਹੀ ਹੈ। ਇਸ ਵਾਰ ਮੈ ਬੋਲਣ ਵਾਲਾ  ਹੀ ਸੀ ਕਿ ਭਾਪਾ ਜੀ ਪਹਿਲਾਂ ਹੀ ਬੋਲ ਉੱਠੇ, "ਇਸ ਦੇਸ਼ ਵਿਚ ਤਾਂ ਤੇਰੀ ਪੜ੍ਹਾਈ ਦੀ ਕਦਰ ਕੋਈ ਪੈਣੀ ਨਹੀ, ਬਾਹਰ ਜਾ ਕੇ ਹੋਰ ਪੜ੍ਹ ਕੇ ਚੰਗੀ ਜੌਬ ਲੈ ਸਕਦਾ ਹੈ।" 
ਦੇਖ- ਦਿਖਾਈ ਦੇ ਦਿਨ ਤੱਕ ਇਹ ਗੱਲਾਂ ਸਾਡੇ ਘਰ ਆਮ ਚਲਦੀਆਂ ਰਹੀਆਂ।
  ਮਿੱਥੇ ਦਿਨ 'ਤੇ ਅਸੀ, ਸਾਰਾ ਪ੍ਰੀਵਾਰ ਬਹੁਤ ਹੀ ਬਣ-ਠਣ ਕੇ ਵਿਚੋਲਿਆਂ ਦੇ ਘਰ ਨੂੰ ਤੁਰਨ ਹੀ ਲੱਗੇ ਸਾਂ ਕਿ ਘਰ ਵਿਚ ਕੰੰਮ ਕਰਦੀ ਆਦਿ-ਧਰਮੀਆਂ ਦੇ ਪਿਆਰੇ ਦੀ ਨੂੰਹ ਰਾਣੋ ਬੋਲ ਪਈ, " ਜੇ ਮਨਮੀਤ ਦਾ ਰਿਸ਼ਤਾ ਬਾਹਰ ਹੋ ਗਿਆ ਤਾਂ ਮੈ ਸੋਨੇ ਦੀਆਂ ਵਾਲੀਆਂ ਲੈਣੀਆ ਆ।"
" ਕੁੜੇ, ਤੂੰ ਵਾਲੀਆਂ ਛੱਡ ਚੈਨੀ ਲੈ ਲਈ।" ਦਾਦੀ ਜੀ ਨੇ ਚਾਅ ਨਾਲ ਕਿਹਾ, " ਤੂੰ ਸੁੱਖ ਬਾਬੇ ਰਵੀਦਾਸ ਜੀ ਦੇ ਅੱਗੇ, ਇਹ ਰਿਸ਼ਤੇ ਦੀ ਗੱਲ ਪੱਕੀ ਹੋ ਜਾਵੇ।"
" ਭਗਤ ਰਵੀਦਾਸ ਜੀ ਸਿਰਫ ਰਾਣੋ ਦੀ ਹੀ ਸੁੱਖ ਪੂਰੀ ਕਰਦੇ ਆ।" ਨਾ ਚਾਹੁੰਦਿਆ ਹੋਇਆ  ਵੀ ਮੈਂ ਕਹਿ ਦਿੱਤਾ, " ਪੰਜਾਬੀਆਂ ਨੇ ਕਬਰ-ਸਿਥਾਨ, ਜੰਝ ਘਰ, ਗੁਰ-ਦੁਆਰੇ ਤਾਂ ਵੰਡੇ ਹੀ ਹੋਏ ਨੇ ਹੁਣ ਭਗਤ ਵੀ ਵੰਡਣੇ ਸ਼ੁਰੂ ਕਰ ਦਿੱਤੇ।"
ਮੇਰੀ ਇਸ ਗੱਲ ਦਾ ਜ਼ਵਾਬ ਸ਼ਾਇਦ ਕਿਸੇ ਦੇ ਕੋਲ ਵੀ ਨਹੀ ਸੀ, ਕਿਉਂਕਿ ਇਸ ਬਾਰੇ ਕੋਈ ਕੁੱਝ ਨਾ ਬੋਲਿਆ। ਮੈਨੂੰ ਵੀ ਕੈਨੇਡਾ ਵਾਲੀ ਕੁੜੀ ਦਾ ਚੇਤਾ ਆ ਗਿਆ ਤੇ ਗੱਲ ਅਗਾਂਹ ਨਾ ਵਧਾਈ। ਰਾਣੋ ਨੂੰ ਪੈਸੇ ਦੇ ਕੇ,ਜੋ ਕੁੰਭ ਲਈ ਪਾਣੀ ਦਾ ਗਿਲਾਸ ਲੈ ਕੇ ਖੜ੍ਹੀ ਸੀ ਅਗਾਂਹ ਲੰਘ ਜੀਪ ਵਿਚ ਬੈਠ ਗਿਆ।
ਪਿੰਡ ਦੇ ਬਾਹਰ ਬਣੀ ਫਿਰਨੀ ਉੱਪਰ ਜੀਪ ਪਾਈ ਤਾਂ ਸਾਹਮਣੇ ਬਾਲਮੀਕੀਆਂ ਦੀ ਸ਼ਿੰਦੋ ਜੋ ਲੰਬੜਾ ਦਾ ਗੋਆ ਸੁੱਟ ਰਹੀ ਸੀ ,ਖਾਲੀ ਟੋਕਰਾ ਸਿਰ 'ਤੇ ਲਈ ਆਉਂਦੀ ਦਿਸੀ ਤਾਂ ਦਾਦੀ ਜੀ ਬੋਲੇ, " ਪਹਿਲਾਂ ਹੀ ਖਾਲੀ ਟੋਕਰਾ ਮਿਲ ਗਿਆ, ਅਗਾਂਹ ਕੀ ਪੂਰੀ ਪੈਣੀ।"
" ਬੀਜ਼ੀ, ਤੁਸੀ ਇਸ ਤਰਾਂ ਦੇ ਵਹਿਮ ਕਰਨੋ ਹੱਟਦੇ ਕਿਉਂ ਨਹੀ।" ਭਾਪਾ ਜੀ ਨੇ ਕਿਹਾ, " ਜੇ ਸੰਜੋਗ ਹੋਏ ਤਾਂ ਇਸ ਖਾਲੀ ਟੋਕਰੇ ਨੇ ਹਟਾ ਦੇਣੇ ਆ।"
" ਆਹੋ, ਸੱਚੀ ਕਾਕਾ ਸੰਜੋਗ ਤਾਂ ਰੱਬ ਦੇ ਹੱਥ ਵਿਚ ਆ।" ਦਾਦੀ ਜੀ ਨੇ ਆਪ ਹੀ ਕਿਹਾ, " ਇਹ ਦਾਦਣੀਆਂ ਪੁਰਾਣੀਆਂ ਗੱਲਾਂ ਮਨਾ ਵਿਚੋਂ ਨਿਕਲਦੀਆਂ ਹੀ ਨਹੀ।"
" ਬੀਜ਼ੀ, ਮਨ ਵਿਚੋ ਇਹ ਗੱਲਾਂ ਤੁਸੀ ਆਪ ਹੀ ਕੱਢ ਸਕਦੇ ਹੋ।" ਮੈ ਹੱਸਦੇ ਹੋਏ ਨੇ ਕਿਹਾ, " ਨਵੇ ਜ਼ਮਾਨੇ ਵਿਚ ਇਹੋ ਅਜਿਹੀਆਂ ਗੱਲਾਂ ਦੀ ਕੋਈ ਥਾਂ ਨਹੀ।"
" ਹੁਣੇ ਹੀ ਮੈਨੂੰ ਮਤਾ ਦੇਣ ਲੱਗ ਪਿਆ।" ਦਾਦੀ ਜੀ ਹੱਸਦੇ ਹੋਏ ਬੋਲੇ, " ਅਜੇ ਕੈਨੇਡਾ ਤਾਂ ਜਾ ਆ।"
ਦਾਦੀ ਜੀ ਦੀ ਇਸ ਗੱਲ ਉੱਪਰ ਮੈ ਮੁਸਕ੍ਰਾ ਪਿਆ ਅਤੇ ਭਾਪ ਜੀ ਹੱਸ ਪਏ॥ਕੈਨੇਡਾ ਜਾਣ ਦੀ ਖੁਸ਼ੀ ਵਿਚ ਜੀਪ ਦਾ ਸਟੇਰਰਿੰਗ ਅਨੌਖੀ ਅਜਿਹੀ ਭਾਵਨਾ ਨਾਲ ਘੁੰਮਾ ਕੇ, ਵਿਚੋਲਿਆਂ ਦੇ ਪਿੰਡ ਵੱਲ ਜਾਂਦੀ ਸੜਕ ਵੱਲ ਕਰ ਲਿਆ।ਸਿਆਲਾਂ ਦੀ ਦੁਪਹਿਰ ਵਾਲੀ ਨਿੱਘੀ ਧੁੱਪ ਜੀਪ ਦੇ ਅੰਦਰ ਰੌਸ਼ਨੀ ਖਿਲਾਰਦੀ ਮੈਨੂੰ ਚੰਗੀ ਲੱਗੀ।ਇਸ ਧੁੱਪ ਨਾਲ ਕੈਨੇਡਾ ਤੋਂ ਆਉਣ ਵਾਲੀ ਕੁੜੀ ਦੀ ਤੁਲਨਾ ਕਰਦਾ, ਕਲਪਨਾ ਦੇ ਘੇਰੇ ਵਿਚ ਬੈਠਾ ਜੀਪ ਦੀ ਸਪੀਡ ਘਟਾਈ ਵਧਾਈ ਗਿਆ।ਸੜਕ 'ਤੇ ਲੱਗੇ ਸੈਫਦਿਆਂ ਦੇ ਝੁਰਮਟ ਵਿਚੋਂ ਲੰਘਦਾ,ਵਿਚੋਲਿਆਂ ਦੇ ਪਿੰਡ ਦੀ ਫਿਰਨੀ ਉੱਪਰ ਜਾ ਚੜ੍ਹਿਆ।
                 ਵਿਚੋਲੇ ਦੇ ਇਸ ਘਰ ਵਿਚ ਮੈਂ ਭਾਂਵੇ ਪਹਿਲਾਂ ਵੀ ਇਕ ਦੋ ਵਾਰੀ ਆ ਚੁੱਕਾਂ ਸੀ, ਪਰ ਅੱਜ ਇਹ ਘਰ ਅੱਗੇ ਨਾਲੋ ਜ਼ਿਆਦਾ ਸੋਹਣਾ ਲੱਗ ਰਿਹਾ ਸੀ। ਘਰ ਦੇ ਅੱਗੇ ਬਣੀ ਹਵੇਲੀ ਵਿਚ ਬੱਝੀ ਮੱਝ ਨੇ ਸਿਰ ਘੁੰਮਾ ਕੇ ਮੇਰੇ ਵੱਲ ਇਸ ਤਰਾਂ ਦੇਖਿਆ ਜਿਵੇ ਆਖ ਰਹੀ ਹੋਵੇ ' ਕੀ ਗੱਲ ਆ, ਅੱਜ ਪਛਾਣਿਆ ਹੀ ਨਹੀ ਜਾਂਦਾ'। ਇੰਝ ਲੱਗ ਰਿਹਾ ਸੀ ਜਿਵੇ ਇਸ ਘਰ ਦੀ ਹਰ ਸ਼ੈਅ ਬੋਲ ਕੇ ਕਹਿ ਰਹੀ ਹੋਵੇ, ਵਧਾਈਆਂ, ਪਈ ਕੈਨੇਡਾ ਰਿਸ਼ਤਾ ਹੋ ਰਿਹਾ ਹੈ।" ਮਨ ਹੀ ਮਨ ਵਿਚ ਮਸਕ੍ਰਾਉਂਦਾ ਮੈ ਚਿਪਸ ਲੱਗੀ ਬੈਠਕ ਵਿਚ ਪਏ ਸੋਫੇ ਤੇ ਬੈਠ ਗਿਆ। ਦਾਦੀ ਜੀ ਅਤੇ ਭਾਪਾ ਜੀ ਵੀ ਨਾਲ ਹੀ ਬੈਠ ਗਏ।
ਵਿਚੋਲਿਆਂ ਨੇ ਘਰ ਵਿਚ ਚਾਹ-ਪਾਣੀ ਦਾ ਤਾਂ ਸੋਹਣਾ ਇੰਤਜ਼ਾਮ  ਕੀਤਾ ਹੀ ਹੋਇਆ ਸੀ। ਇਸ ਲਈ ਅਰਾਮ ਨਾਲ ਬੈਠ ਕੇ  ਗੱਪਾਂ ਮਾਰਨ ਲੱਗੇ।ਛੇਤੀ ਹੀ ਵਿਚੋਲਣ ਵੀ ਬੈਠਕ ਵਿਚ ਆਈ ਤਾਂ ਚਾਹ- ਪਾਣੀ ਬਾਰੇ ਪੁੱਛਣ ਲੱਗੀ, " ਤੁਹਾਡੇ ਲਈ ਚਾਹ ਦਾ ਕੱਪ ਬਣਾ ਦਿੰਦੀ ਹਾਂ।"
" ਕੁੜੀ ਵਾਲਿਆਂ ਨੂੰ ਵੀ ਆ ਜਾਣ ਦਿਉ ਫਿਰ ਇਕੱਠੇ ਹੀ ਪੀ ਲਵਾਂਗੇ।" ਭਾਪਾ ਜੀ ਨੇ ਆਪਣੀ ਘੜੀ ਦੇਖਦੇ ਹੋਏ ਕਿਹਾ, " ਪਾਣੀ ਦਾ ਗਿਲਾਸ ਮੈਨੂੰ ਲਿਆ ਦਿਉ।"
ਪਰ ਥੌੜ੍ਹੀ ਦੇਰ ਬਾਅਦ ਵੀ  ਕੁੜੀ ਵਾਲਿਆਂ ਦਾ ਕੋਈ ਨਾਮ-ਨਿਸ਼ਾਨ ਨਾ ਹੋਣ ਕਾਰਨ ਦਾਦੀ ਜੀ ਨੇ ਕਹਿ ਦਿੱਤਾ, " ਕੁੜੀ ਵਾਲੇ ਅਜੇ ਆਏ ਹੀ ਨਹੀ।"
" ਆਉਂਦੇ ਹੀ ਹੋਣਗੇ।" ਵਿਚੋਲੇ ਨੇ  ਹੱਸਦੇ ਹੋਏ ਕਿਹਾ, " ਆਪਾਂ ਨੂੰ ਤਾਂ ਕੈਨੇਡਾ ਜਾਣ ਦੀ ਕਾਹਲੀ ਆ, ਉਹ ਤਾਂ ਅਰਾਮ ਨਾਲ ਹੀ ਆਉਣਗੇ।"
" ਸਾਨੂੰ ਤਾਂ ਕੋਈ ਕਾਹਲੀ ਨਹੀ।" ਦਾਦੀ ਜੀ  ਨੇ ਅੰਦਰੋਂ ਕਾਹਲੀ ਹੋਣ ਦੇ ਬਾਵਜ਼ੂਦ ਵੀ ਉਪਰੋਂ ਕਹਿ ਦਿੱਤਾ, " ਅਸੀ ਤਾਂ ਪਹਿਲਾਂ ਆ ਗਏ, ਪਈ ਕੈਨੇਡਾ ਵਾਲੇ ਟਾਈਮ ਦੇ ਬੜੇ ਪਾਬੰਧ ਹੁੰਦੇ ਨੇ।"
" ਮਾਤਾ ਜੀ , ਮਂੈ ਤਾਂ ਉਦਾ ਹੀ ਛੇੜਦਾ ਸਾਂ।" ਵਿਚੋਲੇ ਨੇ ਦੱਸਿਆ, " ਬਾਹਰੋਂ ਆਏ ਬੰਦੇ ਜੇ ਟਾਈਮ ਦੇ ਪਾਬੰਧ ਵੀ ਹੋਣ ਤਾਂ ਇਧਰਲੇ ਹੀ ਉਹਨਾਂ ਨੂੰ ਲੇਟ ਕਰ ਦਿੰਦੇ ਨੇ।"
" ਉਹ ਕਿਵੇ?" ਪਿਤਾ ਜੀ ਨੇ ਪਾਣੀ ਦਾ ਘੁੱਟ ਅੰਦਰ ਲੰਘਾਉਦੇ ਹੋਏ ਪੁੱਛਿਆ, "  ਇਧਰਲੇ ਬਾਹਰੋਂ ਆਇਆਂ ਨੂੰ  ਲੇਟ ਕਰ ਦਿੰਦੇ ਆ, ਬਈ, ਹੈਰਾਨੀ ਦੀ ਗੱਲ ਆ।"
" ਦੱਸਦਾਂ, ਤਹਾਨੂੰ ਮੈ ਇਹ ਵੀ ਗੱਲ।" ਵਿਚੌਲੇ ਨੇ ਹੱਸਦੇ ਹੋਏ ਕਿਹਾ, " ਪਿਛੱਲੇ ਹੱਫਤੇ ਦੀ ਹੀ ਅਜੇ ਗੱਲ ਆ, ਮੇਰੀ ਸਾਲੀ ਦੀ ਕੁੜੀ ਦਾ ਵਿਆਹ ਸੀ  ਇੰਗਲੈਂਡ ਤੋਂ ਆਇਆ ਹੈ ਸਾਰਾ ਟੱਬਰ।"
" ਆਹੋ, ਮੈਨੂੰ ਪਤਾ।" ਦਾਦੀ ਜੀ ਆਪਣੀ ਹੀ ਗੱਲ ਲੈ ਬੈਠੇ, " ਮੈ ਤਾਂ ਤੈਨੂੰ ਕਿਹਾ ਸੀ ਕਿ ਮਨਮੀਤ ਨਾਲ ਕਰਾ ਦੇ ਰਿਸ਼ਤਾ, ਪਰ ਤੂੰ ਗੱਲ ਨਾ ਗੋਹਲੀ।"
ਵਿਚੌਲੇ ਨੇ ਇਸ ਗੱਲ ਉੱਪਰ ਸ਼ਰਮਿੰਦਗੀ ਮਹਿਸੂਸ ਕੀਤੀ ਅਤੇ ਭਾਪਾ ਜੀ ਨੇ ਪਾਣੀ ਦਾ ਗਿਲਾਸ ਮੇਜ਼ ਉੱਪਰ ਰੱਖਦੇ ਦਾਦੀ ਜੀ ਵੱਲ ਹੈਰਾਨੀ ਨਾਲ ਦੇਖਿਆ।ਮੈਂ ਵੀ ਸ਼ੁਕਰ ਵੀ ਕੀਤਾ ਕਿ ਵਿਚੌਲੇ ਦੀ ਘਰਵਾਲੀ ਪਾਣੀ ਰੱਖ ਕੇ ਮੁੜ ਗਈ ਸੀ ਨਹੀ ਤਾਂ ਕਿਤੇ ਦਾਦੀ ਜੀ ਉਹਨੂੰ ਵੀ ਉਲਾਂਭਾ ਦੇਣ ਲੱਗ ਪੈਂਦੇ ਕਿ ਤੂੰ ਆਪਣੀ ਭਾਣਜੀ ਦਾ ਰਿਸ਼ਤਾ ਸਾਡੇ ਮਨਮੀਤ ਨਾਲ ਕਿਉਂ ਨਹੀ ਕੀਤਾ? ਮੈਂ ਕਹਿਣ ਹੀ ਲੱਗਾ ਸੀ ਕਿ ਦਾਦੀ ਜੀ ਪਿਛੱਲੀਆਂ ਗੱਲਾਂ ਮੁੜ ਮੁੜ ਨਾ ਛੇੜਿਆ ਕਰੋ, ਪਰ aਦੋਂ ਹੀ ਵਿਚੌਲਾ ਬੋਲ ਪਿਆ, " ਮਾਤਾ ਜੀ, ਮੈਂ ਵੀ ਤਹਾਨੂੰ ਦੱਸਿਆ ਸੀ ਕਿ ਉਹ ਤਾਂ ਇੰਗਲੈਂਡ ਤੋਂ ਹੀ ਰਿਸ਼ਤੇ ਦੀ ਪੱਕੀ-ਠੱਕੀ ਕਰਕੇ ਆਏ ਸੀ।"
" ਅੰਕਲ ਜੀ, ਤੁਸੀ ਉਹ ਗੱਲ ਸਣਾਉ ਜਿਹੜੀ ਤੁਸੀ ਦਸੱਣ ਲੱਗੇ ਸੀ।" ਮੈਂ ਇੰਨਾ ਜ਼ਰੂਰ ਕਿਹਾ, " ਫਿਰ ਕੀ ਹੋਇਆ ਤੁਹਾਡੀ ਸਾਲੀ ਦੇ ਵਿਆਹ ਉੱਪਰ।"
" ਸਾਲੀ ਦਾ ਕਾਹਨੂੰ।" ਵਿਚੋਲਾ ਹੱਸਿਆ, " ਸਾਲੀ ਦੀ ਕੁੜੀ ਦਾ।"
" ਉਹ ਸੋਰੀ,।" ਮੈਂ ਆਪਣੀ ਗੱਲਤੀ ਠੀਕ ਕਰਦੇ ਕਿਹਾ, " ਸਾਲੀ ਦੀ ਕੁੜੀ ਦਾ।"
" ਵਿਆਹ ਤੋਂ ਇਕ ਦਿਨ ਪਹਿਲਾਂ ਹੀ ਮੇਰਾ ਸਾਢੂੰ ਰੋਲਾ ਪਾਈ ਜਾਵੇ ਕਿ ਲਾਂਵਾ ਬਾਰਾਂ ਵਜੇ ਤੋਂ ਪਹਿਲਾਂ ਕਰਨੀਆਂ।" ਵਿਚੋਲਾ ਵਿਸਥਾਰ ਨਾਲ ਦੱਸਣ ਲੱਗਾ, " ਮੈਂ ਬਥੇੜਾ ਕਿਹਾ,ਭਰਾਵਾ ਇਹ ਗੱਲ  ਤੇਰੀ ਸਿਰੇ ਨਹੀ ਚੜ੍ਹਨੀ, ਪਰ ਜੀ, ਉਹ ਕਿੱਥੇ ਮੰਨੇ, ਕਹੇ ਮੈਂ ਤਾਂ ਰਾਗੀਆਂ ਨੂੰ ਵੀ ਸਵੇਰ ਦੇ ਸਾਢੇ ਨੋ ਦਾ ਟਾਈਮ ਦੇ ਦਿੱਤਾ ਹੈ, ਵਿਆਹ ਆਲੇ ਦਿਨ ਤੜਕੇ ਉੱਠ ਕੇ ਸਾਰਿਆਂ ਨੂੰ ਜਗਾਉਣ ਲੱਗ ਪਿਆ,ਬਾਕੀ ਸਾਰੇ ਤਾਂ ਹੌਲੀ ਹੌਲੀ ਹੀ ਉੱਠੇ,ਵਿਆਹ ਵਾਲੀ ਕੁੜੀ ਅਤੇ ਮੇਰੀ ਸਾਲੀ ਉੱਠ ਖੜ੍ਹੀਆਂ।ਕੁੜੀ ਨੂੰ ਤਿਆਰ ਕਰਨ ਵਾਲੀ ਵੀ ਚਲੋ ਵੇਲੇ ਨਾਲ ਆ ਗਈ।"
" ਆ ਵੀ ਹੁਣ ਨਵਾ ਹੀ ਰਿਵਾਜ਼ ਤੋਰ ਲਿਆ।" ਦਾਦੀ ਜੀ ਫਿਰ ਨਾ ਬੁਲਣੋ ਹਟੇ, " ਕੁੜੀ ਨੂੰ ਤਿਆਰ ਕਰਨ ਲਈ ਸ਼ਹਿਰੋਂ ਆਉਣ  ਲੱਗ ਪਈਆਂ। ਅੱਗੇ ਬੜਸਹੁਣੀਆਂ ਸਹੇਲੀਆਂ ਕੁੜੀ ਨੂੰ ਤਿਆਰ ਕਰ ਦਿੰਦੀਆਂ ਸੀ।"
ਵਿਚੋਲੇ ਨੇ ਐਤਕੀ ਦਾਦੀ ਜੀ ਦੀ ਗੱਲ ਨੂੰ ਅਣਗੋਲਦਿਆਂ ਅਗਾਂਹ ਗੱਲ ਕਰਨੀ ਸ਼ੁਰੂ ਕਰ ਦਿੱਤੀ,  "ਸਾਢੂੰ ਹਾਲ-ਦੁਹਾਈ ਪਾ ਕੇ ਸਾਰਿਆਂ ਨੂੰ ਇਕੱਠੇ-ਇਕੂਠੇ ਕਰਕੇ ਵਿਆਹ ਵਾਲੇ ਪੰਡਾਲ ਵਿਚ ਲੈ ਗਿਆ।ਰਾਗੀ ਵੀ ਆ ਗਏ।ਸਾਰੇ ਜਿਉਂ ਭੁੱਖਣ-ਭਾਣੇ ਅੱਡੀਆਂ ਚੁੱਕ ਚੁੱਕ ਕੇ ਮੁੰਡੇ ਵਾਲਿਆਂ ਦੀ ਉਡੀਕ ਕਰਨ ਲੱਗੇ। ਅਗਲੇ ਅਰਾਮ ਨਾਲ ਆਪਣੇ ਸਮੇਂ ਮੁਤਾਬਿਕ ਬਾਰਾ ਕੇ ਵਜੇ ਪੁਹੰਚੇ।ਸਾਰੇ ਮੇਰੇ ਸਾਢੂੰ ਦੇ ਦੁਆਲੇ ਹੋ ਪਏ ਕਿ ਤੈਨੂੰ ਦੱਸਿਆ ਤਾਂ ਸੀ ਕਿ ਅੱਜ-ਕਲ ਵਿਆਹ ਬਾਰਾਂ ਵਜੇ ਤੋਂ ਪਹਿਲਾਂ ਹੋਣਾ ਔਖੀ ਗੱਲ ਆ, ਵੇਚਾਰਾ ਨਿਮੋਝੋਣਾ ਜਿਹਾ ਹੁੰਦਾ ਇਧਰ-ਉਧਰ ਘੁੰਮੀ ਜਾਵੇ।"
" ਅੱਜ ਸਾਡੇ ਨਾਲ ਵੀ ਨਾ ਕਿਤੇ ਇਦਾ ਹੋਵੇ।" ਭਾਪਾ ਜੀ ਨੇ ਹੱਸਦੇ ਹੋਏ ਕਿਹਾ, " ਕਿਉਂਕਿ ਕਿ ਕੁੜੀ ਵਾਲੇ ਤਾਂ ਅਜੇ ਵੀ ਨਹੀ ਆਏ।"
ਵਿਚੋਲੇ ਨੇ ਘੜ੍ਹੀ ਵੱਲ ਦੇਖਿਆ ਅਤੇ ਭਾਪਾ ਜੀ ਨਾਲੋਂ ਵੀ ਉੱਚੀ ਅਵਾਜ਼ ਵਿਚ ਹੱਸਦਾ ਹੋਇਆ ਬੋਲਿਆ, " ਮੈਂ ਤਾਂ ਇਥੋਂ ਤਕ ਸੋਚ ਗਿਆ ਕਿ ਕੀ ਪਤਾ ਆਉਣ ਹੀ ਨਾ।"
ਦਾਦੀ ਜੀ ਵੀ ਕੁਝ ਬੋਲਣ ਹੀ ਲੱਗੇ ਸਨ ਕਿ ਵਿਚੋਲੇ ਨੇ ਸਾਹਮਣੇ ਹੱਥ ਨਾਲ ਇਸ਼ਾਰਾ ਕਰਦੇ ਹੋਏ ਕਿਹਾ, " ਲਉ ਜੀ, ਉਹ ਆ ਗਈ ਉਹਨਾਂ ਦੀ ਕਾਰ।"
ਕਾਰ ਨੇ ਸਾਹਮਣੇ ਵਿਹੜੇ ਦੇ ਦਰਵਾਜ਼ੇ ਕੋਲ ਬਰੇਕ ਲਾਈ ਤਾਂ ਮੇਰਾ ਗਲਾ ਖੁਸ਼ਕ ਜਿਹਾ ਹੋਣ ਲੱਗਾ। ਮੈਂ  ਭਾਪਾ ਜੀ ਵਾਲਾ ਪਾਣੀ ਦਾ ਗਿਲਾਸ ਮੂੰਹ ਨੂੰ ਲਾ ਲਿਆ।ਜਿਸ ਦਾ ਕਿਸੇ ਨੂੰ ਨਹੀ ਪਤਾ ਲੱਗਾ ਕਿਉਂਕਿ ਸਭ ਦਾ ਧਿਆਨ ਕਾਰ ਵੱਲ ਸੀ। ਕਾਰ ਦੀਆਂ ਖੁਲ੍ਹਦੀਆਂ ਬਾਰੀਆਂ ਨੇ ਮੇਰਾ ਉਤਵਲਾਪਨ ਹੋਰ ਵਧਾ ਦਿੱਤਾ। ਮੇਰੇ ਸਰੀਰ ਦਾ ਅੰਗ ਅੰਗ ਧਿਆਨ ਨਾਲ ਕਾਰ ਵਿਚੋਂ ਉਤਰ ਰਹੀਆਂ ਸਵਾਰੀਆਂ ਨੂੰ ਦੇਖਣ ਲੱਗਾ। ਕਾਰ ਵਿਚੋਂ ਉਤਰਨ ਵਾਲੇ ਪੰਜ ਜਣੇ ਸਨ। ਜਿਹਨਾ ਵਿਚੋਂ ਲੱਗਦਾ ਸੀ ਕਿ ਦੋ ਭੈਣਾ, ਇਕ ਭਰਾ ਅਤੇ ਮਾਂ-ਬਾਪ ਹੋਣਗੇ।ਕੁੜੀਆਂ ਤਾਂ ਦੋਨੋ ਹੀ ਇਕ- ਦੂਜੇ ਤੋਂ ਉਪਰ ਸਨ, ਸੁੱਨਖੀਆਂ ਤਾ ਹੈ ਹੀ ਸਨ, ਉਹਨਾਂ ਦੀ ਚਾਲ-ਢਾਲ ਵੀ ਸਮਝ ਵਾਲੀ ਲੱਗੀ।ਮੈ ਅੱਖ ਚੁਰਾ ਕੇ ਦੋਹਾਂ ਦੇ ਮੂੰਹ ਵੱਲ ਵਾਰੀ ਵਾਰੀ ਦੇਖਿਆ। ਥੌੜ੍ਹਾ ਅੱਗੇ ਚੱਲ ਰਹੀ ਕੁੜੀ ਜਿਸ ਨੇ ਸਫੈਦ ਕਮੀਜ਼ ਅਤੇ ਲਾਲ ਰੰਗ ਦੀ ਪੰਜਾਮੀ ਨਾਲ ਲਾਲ ਰੰਗ ਦੀ ਚੁੰਨੀ ਲਈ ਹੋਈ ਸੀ, ਮੈਨੂੰ ਛੋਟੀ ਲੱਗੀ।ਇਸ ਦੇ ਪਿੱਛੇ ਹੀ ਫਿਕੇ ਹਰੇ ਰੰਗ ਦਾ ਸੂਟ ਪਾਈ  ਮਟਕ ਮਟਕ ਕਦਮ ਰੱਖਦੀ ਜੋ ਸਾਡੇ ਵੱਲ ਵੱਧ ਰਹੀ ਸੀ ,ਉਸ ਨੂੰ ਦੇਖ ਕੇ ਮੇਰਾ ਸਾਹ ਇਕ ਸੈਕਿੰਡ ਲਈ ਉੱਤੇ-ਥੱਲੇ ਹੋਇਆ।ਸੂਟ ਨਾਲਦੇ ਟੋਪਸਾ ਵਿਚ ਸਜੇ ਕੰਨਾ ਉੱਪਰ ਉਸ ਦੇ ਰੇਸ਼ਮੀ ਵਾਲ ਢਿਲਕ ਆਏ।ਉਸ ਨੇ ਗੋਰੀਆ ਲੰਮੀਆਂ ਉਂਗਲਾ ਨਾਲ ਉਹਨਾਂ ਨੂੰ ਠੀਕ ਕਰਦਿਆਂ ਮੇਰੇ ਵੱਲ ਇਕ ਛੋਟੀ ਅਜਿਹੀ ਝਾਤ ਪਾਈ ਤਾਂ ਮਨ ਵਿਚ ਇਕਦਮ ਖਿਆਲ ਆਇਆ ਕਿ  ਇਹ ਹੀ ਮੇਰੀ ਜ਼ਿੰਦਗੀ ਦਾ ਹਿੱਸਾ ਬਣਨ ਜਾ ਰਹੀ ਹੋਵੇਗੀ।ਜਦੋਂ ਉਹ ਸਾਡੇ ਨੇੜੇ ਆਏ ਤਾਂ ਅਸੀ ਸਭ ਖੜ੍ਹੇ ਹੋ ਗਏ।
" ਸਤਿ ਸ੍ਰੀ ਅਕਾਲ ਜੀ।" ਕੋਲ ਆਉਂਦਿਆ ਸਾਰਿਆਂ ਇਕੱਠਿਆਂ ਹੀ ਇਕ ਦੂਜੇ ਨੂੰ ਕਹਿ ਦਿੱਤਾ।
" ਸੌਰੀ, ਥੋੜ੍ਹਾ ਲੇਟ ਹੋ ਗਏ।" ਕੁੜੀ ਦੇ ਡੈਡੀ ਨੇ ਕਿਹਾ, " ਤੁਰਨ ਲੱਗੇ ਸਾਂ ਕਿ ਗੈਸਟ ਮਿਲਣ ਆ ਗਏ।"
ਦਿਲ ਵਿਚ ਆਇਆ  ਕਿ ਕਿਹਾਂ ਕਿ ਤੁਹਾਡੇ ਲਈ ਤਾਂ ਥੋੜ੍ਹਾ ਹੀ ਲੇਟ ਸੀ, ਪਰ ਜੋ ਉਡੀਕ ਕਰਦਾ ਹੁੰਦਾ ਹੈ ਉਸ ਲਈ ਤਾਂ ਇਹ ਥੋੜ੍ਹਾ ਹੀ ਪਹਾੜ ਬਣ ਜਾਂਦਾ ਹੈ।ਇਹ ਵਿਚਾਰ ਦਿਲ ਵਿਚ ਹੀ ਲਈ ਬੈਠਾ, ਚਲ ਰਹੀਆਂ ਗੱਲਾਂ ਵਿਚ  ਧਿਆਨ ਪਾਇਆ।
" ਇਹ ਹਰਨੀਤ ਹੈ।" ਵਿਚੋਲੇ ਨੇ ਜਾਣ-ਪਹਿਚਾਨ ਕਰਾਉਂਦਿਆਂ ਕਿਹਾ, " ਭਾਂਵੇ ਛੋਟੀ ਹੁੰਦੀ ਹੀ ਕੈਨੇਡਾ ਚਲੀ ਗਈ ਸੀ, ਪਰ ਪੰਜਾਬੀਅਤ ਇਸ ਵਿਚ ਅਜੇ ਵੀ ਵਸੀ ਹੋਈ ਹੈ।"
" ਬਹੁਤ ਖੁਸ਼ੀ ਹੋਈ ਜੀ ਤੁਹਾਡੇ ਨਾਲ ਮਿਲ ਕੇ।" ਭਾਪਾ ਜੀ ਨੇ ਕਿਹਾ, " ਸਾਡੇ ਮਨਮੀਤ ਦਾ ਵੀ ਪੰਜਾਬ ਨਾਲ ਬਹੁਤ ਪਿਆਰ ਹੈ।"
ਭਾਂਵੇ ਪਿਤਾ ਜੀ ਨੇ ਸੱਚੀ ਗੱਲ ਕਹੀ ਸੀ, ਫਿਰ ਵੀ ਮੈਨੂੰ ਠੀਕ ਨਹੀ ਲੱਗੀ ਕਿਉਂਕਿ ਅਗਲੇ ਸੋਚਣਗੇ ਕਿ ਰਿਸ਼ਤਾਂ ਕਰਨ ਖਾਤਰ ਹਾਂ ਵਿਚ ਹਾਂ ਮਿਲਾ ਰਿਹਾ ਹੈ।ਹੌਲੀ ਹੌਲੀ ਸਭ ਥਾਉ-ਥਾਈਂ ਬੈਠਣ ਲੱਗੇ।ਫਾਰਮੈਲਟੀ ਕਰਦੇ ਸਭ ਇਕ ਦੂਜੇ ਵੱਲ ਦੇਖਦੇ ਮੁਸਕ੍ਰਾਉਣ ਲੱਗੇ।ਪਰ ਜਿਸ ਕੁੜੀ ਨੂੰ ਮੈਂ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ ਦੀ ਕੋਸ਼ਿਸ਼ ਕਰਨੀ ਸੀ, ਉਹ ਤਾਂ ਬਿਲਕੁਲ ਵੀ ਨਹੀ ਸੀ ਮਸਕ੍ਰਾਉਂਦੀ।ਲੇਕਿਨ ਉਸ ਦਾ ਫਾਦਰ ਸਾਹਿਬ ਤਾਂ ਚੰਗਾ ਲੱਗ ਰਿਹਾ ਸੀ ਕਿaਂਕਿ ਉਸ ਨੇ ਬਹੁਤ ਹੀ ਅਪਣੱਤ ਨਾਲ ਚੱਲ ਰਹੀ ਗੱਲ ਨੂੰ ਅੱਗੇ ਤੋਰਿਆ। 
" ਮਨਮੀਤ ਤਾਂ ਪੰਜਾਬ ਵਿਚ ਰਹਿੰਦਾ ਹੈ, ਇਸ ਦਾ ਤਾਂ ਪਿਆਰ ਹੋਵੇਗਾ,ਸਾਥੋਂ ਹੀ ਨਹੀ ਪੰਜਾਬ ਦਾ ਪਿਆਰ ਛੱਡ ਹੁੰਦਾ।" ਕੁੜੀ ਦੇ ਡੈਡੀ ਨੇ ਕਿਹਾ, " ਇੰਨਾ ਚਿਰ ਹੋ ਗਿਆ ਕੈਨੇਡਾ ਵਿਚ ਰਹਿੰਦੇ, ਸੁਪਨੇ ਅਜੇ ਵੀ ਸੱਥ ਵਾਲੀ ਬੋਹੜ ਅਤੇ ਧੰਨਤੀ ਝਿਊਰੀ ਦੀ ਭੱਠੀ ਦੇ ਹੀ ਆਉਂਦੇ ਰਹਿੰਦੇ ਆ।"
" ਇਹ ਤਾਂ ਜੀ, ਪੰਜਾਬ ਦੇ ਪਾਣੀ ਦਾ ਹੀ ਕਮਾਲ ਹੈ।" ਵਿਚੋਲਾ ਦੱਸਣ ਲੱਗਾ, " ਪਿੱਛੇ ਅਜਿਹੇ ਮੇਰਾ ਇਕ ਦੋਸਤ ਅਮਰੀਕਾ ਤੋਂ ਆਇਆ, ਮਂੈ ਉਸ ਦਾ ਹਾਲ-ਚਾਲ ਪੁੱਛਣ ਘਰ ਗਿਆ ਤਾਂ ਕਹਿਣ ਲੱਗਾ, ਜੀ ਬਸ ਮੋਜ਼ਾ ਹੀ ਮੋਜ਼ਾ, ਅਸੀ ਦਿਨੇ ਅਮਰੀਕਾ ਦੇਖੀ ਦੀ ਹੈ ਅਤੇ ਰਾਤ ਨੂੰ ਆਪਣਾ ਪਿੰਡ। ਪਹਿਲਾਂ ਤਾਂ ਮੈਨੂੰ ਸਮਝ ਨਾ ਆਈ। ਜਦੋਂ ਪਤਾ ਲੱਗਾ ਕਿ ਰਾਤ ਦੇ ਸੁਪਨਿਆ ਵਿਚ ਪਿੰਡ ਵਾਲੀ ਗੱਲ ਕਰ ਰਿਹਾ ਹੈ  ਤਾਂ ਮੈ ਬਹੁਤ ਹੱਸਿਆ।"
ਵਿਚੋਲੇ ਦੀ ਗੱਲ ਸੁਣ ਕੇ ਅਸੀ ਵੀ ਸਾਰੇ ਹੱਸ ਪਏ।ਹੱਸਦੇ ਹੋਏ ਮੈ ਹਰਨੀਤ ਵੱਲ ਦੇਖਿਆ ਤਾਂ ਉਹ ਚੁਪ-ਚਾਪ ਬੈਠੀ ਸੀ। ਉਸ ਨੇ ਹੱਸਣਾ ਤਾਂ ਕੀ ਸੀ ਮੁਸਕ੍ਰਾਟ ਤਕ ਦਾ ਨਾਮ-ਨਿਸ਼ਾਨ ਨਹੀ ਸੀ।
ਥੋੜਾ ਚਿਰ ਇਸ ਤਰਾਂ ਦੀਆਂ ਗੱਲਾਂ ਚਲਦੀਆਂ ਰਹੀਆਂ। ਫਿਰ ਮਾੜੀ-ਮੋਟੀ ਪੁਛ-ਪੜਤਾਲ ਕਰਨ ਤੋਂ ਬਾਅਦ,ਛੇਤੀ ਹੀ ਸਾਡੇ ਦੋਨਾਂ ਦੇ ਮਾਪੇ ਰਿਸ਼ਤਾ ਕਰਨ ਲਈ ਤਿਆਰ-ਬਰ ਤਿਆਰ ਹੋ ਗਏ।ਜਦੋਂ ਕਿ ਸਾਡੀ ਆਪਸ ਵਿਚ ਕੋਈ ਗੱਲ-ਬਾਤ ਨਹੀ ਸੀ ਹੋਈ। ਮੈਂ ਤਾਂ ਇਸ ਬਾਰੇ ਚੁੱਪ ਹੀ ਸੀ, ਪਰ ਹਰਨੀਤ ਨੇ ਕਹਿ ਦਿੱਤਾ, "ਸਾਨੂੰ ਗੱਲ ਕਰਨ ਲਈ ਟਾਈਮ ਚਾਹੀਦਾ ਆ।"
ਉਸ ਦੀ ਇਸ ਗੱਲ ਉੱਪਰ ਬਾਕੀ ਤਾਂ ਸਭ ਠੀਕ ਰਹੇ। ਮੇਰੇ ਦਾਦੀ ਜੀ ਨੂੰ ਉਸ ਦੀ ਇਹ ਮੰਗ ਚੰਗੀ ਨਹੀ ਲੱਗੀ, ਪਰ ਪੋਤੇ ਨੂੰ ਕੈਨੇਡਾ ਭੇਜਣ ਦੇ ਚੱਕਰ ਵਿਚ ਚੁੱਪ ਰਹੇ।
ਗੱਲ-ਬਾਤ ਕਰਨ ਲਈ ਵਿਚੋਲੇ ਨੇ ਸਾਨੂੰ ਨਾਲਦੇ ਕਮਰੇ ਵਿਚ ਜਾਣ ਲਈ ਕਿਹਾ।ਮੈਂ ਤਾਂ ਅਜੇ ਬੈਠਾ ਹੀ ਸੀ ਕਿ ਹਰਨੀਤ ਨਾਲ ਵਾਲੇ ਕਮਰੇ ਵੱਲ ਤੁਰ ਵੀ ਪਈ। ਉਸ ਦੇ ਪਿੱਛੇ ਮਂੈ ਵੀ ਤੁਰ ਪਿਆ। ਪਹਿਲੇ ਦਿਨ ਹੀ ਇਸ ਦੇ ਮਗਰ ਤੁਰ ਪਿਆ, ਅੱਗੇ ਕੀ ਹੋਵੇਗਾ? ਇਹ ਖਿਆਲ ਮੇਰੇ ਮਨ ਵਿਚ ਪਤਾ ਨਹੀ ਕਿੱਥੋਂ ਆ ਗਿਆ।ਕੈਨੇਡਾ ਆ ਪਈ, ਕੈਨੇਡਾ, ਇਸ ਸੋਚ ਨੇ ਪਹਿਲੇ ਖਿਆਲ ਨੂੰ ਪਰੇ ਵਗਾਹ ਮਾਰਿਆ ਅਤੇ ਉਸ ਮਗਰ ਤੁਰਨਾ ਵੀ ਚੰਗਾ ਲੱਗਾ।
ਜਿਸ ਕਮਰੇ ਵਿਚ ਅਸੀ ਪੁੱਜੇ,ਉਸ ਦੇ ਸੱਜੇ ਹੱਥ ਇਕ ਮੇਜ਼ ਅਤੇ ਦੋ ਕੁਰਸੀਆਂ ਪਈਆਂ ਸਨ ਅਤੇ ਖੱਬੇ ਹੱਥ ਲਕੜ ਦਾ ਬਣਿਆ ਹੋਇਆ ਤਖਤਪੋਸ਼। ਉਸ ਉੱਪਰ ਸਫੈਦ ਲਾਲ ਧਾਗੇ ਨਾਲ ਕੱਢੀ ਹੋਈ ਚਾਦਰ ਵਿਛੀ ਹੋਈ ਸੀ।ਅੰਗੀਠੀ ਉੱਪਰ ਤਖਤ-ਪੋਸ਼ ਦੀ ਚਾਦਰ ਅਤੇ ਕਢਾਈ ਨਾਲ ਮਿਲਦਾ-ਜੁਲਦਾ ਕੱਪੜਾ ਵਿਛਿਆ ਹੋਇਆ ਸੀ।ਉਸ ਉੱਪਰ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਫੋਟੋ ਸਨ।ਮਂੈ ਹੱਥ ਨਾਲ ਇਸ਼ਾਰਾ ਕਰਕੇ ਹਰਨੀਤ ਨੂੰ ਕੁਰਸੀ ਤੇ ਬੈਠਣ ਲਈ ਕਿਹਾ।ਥੈਂਕਸ ਕਹਿ ਕੇ ਉਹ ਝੱਟ ਕੁਰਸੀ ਤੇ ਬੈਠ ਗਈ। ਨਾਲ ਵਾਲੀ ਕੁਰਸੀ ਤੇ ਜਦੋਂ ਮੈ ਬੈਠਾ ਤਾਂ ਮੇਰੇ ਬਦਨ ਵਿਚ ਝਰਨਾਹਟ ਜਿਹੀ ਹੋਈ।ਇਸ ਝਰਨਾਹਟ ਨੂੰ ਮੈ ਆਪਣੀ ਮੁਸਕ੍ਰਹਾਟ ਵਿਚ ਲਕੋ ਲਿਆ ਅਤੇ ਗੱਲ ਸ਼ੁਰੂ ਕੀਤੀ,  " ਤੁਸੀ ਕੈਨੇਡਾ ਵਿਚ ਕੀ ਕਰਦੇ ਹੋ?"
" ਕੰਮ ਹੀ ਕਰਦੀ ਹਾਂ।" ਉਸ ਨੇ ਰੁੱਖਾ ਜਿਹਾ ਜ਼ਵਾਬ ਦਿੰਦੇ ਕਿਹਾ, " ਤੁਸੀ ਦਿਲੋਂ ਕੈਨੇਡਾ ਜਾਣਾ ਚਾਹੁੰਦੇ ਹੋ।"
" ਜੇ ਦਿਲ ਮਿਲ ਜਾਣ ਤਾਂ ਫਿਰ ਤਾਂ ਦਿਲੋਂ ਹੀ ਜਾਵਾਂਗਾ।" 
"ਵੈਸੇ ਤੁਹਾਨੂੰ ਦਿਲ ਮਿਲਾਉਣ ਵਿਚ ਇੰਟਰੈਸਟ ਲੈਣ ਦੀ ਜ਼ਰੂਰਤ ਨਹੀ।"
"ਕਿਉ?"
" ਇਹ ਗੱਲਾਂ ਤਾਂ  ਕਰਨੀਆਂ ਚਾਹੀਦੀਆਂ ਜੇ ਰੀਅਲ ਵਿਆਹ ਹੋਣਾ ਹੋਵੇ।"
ਮਂੈ ਹੈਰਾਨੀ ਨਾਲ ਉਸ ਦੇ ਵੱਲ ਦੇਖਦੇ ਹੋਏ ਕਿਹਾ, " ਤੁਸੀ ਇਹ ਵਿਆਹ ਰੀਅਲ ਨਹੀ ਕਰਨਾ ?"
" ਮੈਂ ਤਾਂ ਤੁਹਾਡੇ ਨਾਲ ਇਕ ਡੀਲ ਕਰਨਾ ਚਾਹੁੰਦੀ ਹਾਂ।"
" ਡੀਲ ਜਾਂ ਵਿਆਹ।" ਮੈ ਹੱਸਦੇ ਹੋਏ ਫਿਰ ਕਿਹਾ, " ਮਜ਼ਾਕ ਨਾਲ ਵਿਆਹ ਨੂੰ ਡੀਲ ਦਾ ਨਾਮ ਦੇ ਰਿਹੇ ਹੋ।"
" ਮਜ਼ਾਕ ਨਹੀ।" ਉਸ ਨੇ ਹੋਰ ਵੀ ਗੰਭੀਰ ਹੁੰਦੇ ਕਿਹਾ, " ਇਸ ਵਿਚ ਤੁਹਾਡਾ ਵੀ ਫਾਈਦਾ ਅਤੇ ਮੇਰਾ ਵੀ।"
" ਡੀਲ ਤੋਂ ਮਂੈ ਅਜੇ ਵੀ ਤੁਹਾਡਾ ਮਤਲਵ ਨਹੀ ਸਮਝਿਆ?"
" ਵੈਸੇ ਮਂੈ ਤੁਹਾਨੂੰ ਵਿਆਹ ਕੇ ਹੀ ਕੈਨੇਡਾ ਲੈ ਜਾਵਾਂਗੀ।"
" ਇਹ ਤਾਂ ਮੈਨੂੰ ਵੀ ਪਤਾ ਹੈ।"
" ਇਹ ਵਿਆਹ ਲੋਕਾਂ ਅਤੇ ਪੇਰੈਂਟਸ ਦੇ ਅੱਗੇ ਸੱਚਾ ਅਤੇ ਆਪਣੇ ਦੋਹਾਂ ਦੇ ਵਿਚਕਾਰ ਝੂਠਾ।"
" ਝੂਠਾ, ਵਿਆਹ ਵੀ ਝੂਠਾ ਹੋ ਸਕਦਾ ਹੈ?"
" ਬਾਹਰ ਜਾਣ ਦੀ ਖਾਤਰ ਤਾਂ ਪੰਜਾਬੀਆਂ ਦੇ ਵਿਚ ਆਮ ਝੂਠੇ ਵਿਆਹ ਹੁੰਦੇ ਨੇ।"
" ਪਰ, ਮੈਂ ਉਹਨਾਂ ਪੰਜਾਬੀਆਂ ਦੀ ਕਤਾਰ ਵਿਚ  ਖਲੋਣਾ ਨਹੀ ਚਾਹੁੰਦਾ।" ਮੈਂ ਹੈਰਾਨ ਹੁੰਦੇ ਕਿਹਾ, " ਤੁਸੀ ਝੂਠਾ ਵਿਆਹ ਕਿਉਂ ਕਰਨਾ ਚਾਹੁੰਦੇ ਹੋ?"
" ਇਸ ਦਾ ਕਾਰਨ ਤਾਂ ਮੈਂ ਤੁਹਾਨੂੰ ਦੱਸ ਦਿੰਦੀ ਹਾਂ।" ਉਸ ਨੇ ਲੰਮਾ ਸਾਹ ਖਿੱਚਦੇ ਕਿਹਾ, "ਇਹ ਸੀਕਰਟ ਵੀ ਸਾਡੇ ਦੋਹਾਂ ਵਿਚਕਾਰ ਹੀ ਰਹੇਗਾ।"
" ਹਾਂ, ਸਾਡੇ ਵਿਚਾਲੇ ਹੀ ਰਹੇਗਾ।"
" ਮੇਰੇ ਕੋਲ ਬੁਆਏ ਫਰੈਂਡ ਆ।" ਉਸ ਨੇ ਸਾਫ ਲਫਜਾਂ ਵਿਚ ਕਿਹਾ, " ਵਿਆਹ ਮੈਂ ਉਸ ਨਾਲ ਹੀ ਕਰਨਾ ਚਾਹੁੰਦੀ ਹਾਂ।"
ਪੰਜਾਬੀ ਸਭਿਆਚਾਰ ਵਿਚ ਇਹ ਬੁਆਏ ਫਰੈਂਡ ਸ਼ਬਦ ਮੈਨੂੰ ਉਪਰਾ ਜਿਹਾ ਲੱਗਿਆ, ਖੈਰ ਗੱਲ ਅਗਾਂਹ ਤੋਰਦਿਆਂ ਕਿਹਾ, " ਤੁਸੀ ਉਸ ਨਾਲ ਵਿਆਹ ਕਰਵਾ ਲਉ, ਪੰਜਾਬ ਆਉਣ ਦੀ ਕੀ ਲੋੜ ਸੀ?"
" ਮੇਰੇ ਪੇਰੈਂਟਸ ਮੈਨੂੰ ਮਜ਼ਬੂਰ ਕਰਕੇ ਲੈ ਆਏ ਨੇ।"
" ਤੁਹਾਨੂੰ ਮਜ਼ਬੂਰ ਨਹੀ ਸੀ ਹੋਣਾ ਚਾਹੀਦਾ।" ਮੈ ਕਿਹਾ, " ਹੁਣ ਤਾਂ ਇਧਰ ਵੀ ਲਵ ਮੈਰਿਜ਼ ਹੋ ਰਹੀਆਂ ਨੇ ਕੈਨੇਡਾ ਵਿਚ ਤਾਂ ਬਿਲਕੁਲ ਵੀ ਪਰੋਬਲਮ ਨਹੀ ਹੋਣੀ ਚਾਹੀਦੀ।"
" ਮੈ ਆਪਣੇ ਪੇਰੈਂਟਸ ਨੂੰ ਨਰਾਜ਼ ਨਹੀ ਕਰਨਾ ਚਾਹੁੰਦੀ, ਉਹ ਨਹੀ ਚਾਹੁੰਦੇ ਕਿ ਮੈ ਆਪਣੇ ਬੁਆਏ ਫਰੈਂਡ ਨਾਲ ਵਿਆਹ ਕਰਾਂ।"
" ਉਹ ਕਿਉਂ ਨਹੀ ਚਾਹੁੰਦੇ?"
"ਤੁਸੀ ਇਹ ਗੱਲਾਂ ਛੱਡੋ, ਸਿਧਾ ਦੱਸੋ ਡੀਲ ਨਾਲ ਐਗਰੀ ਕਰਦੇ ਹੋ।"
" ਸਿਰਫ ਆਪਣੇ ਪੇਰੈਂਟਸ ਦੀ ਖੁਸ਼ੀ ਲਈ ਹੀ ਤੁਸੀ ਇਹ ਸਭ ਕਰ ਰਹੇ ਹੋ?"
" ਹੋਰ ਵੀ ਇਕ ਰੀਜ਼ਨ ਹੈ।" ਉਸ ਨੇ ਹੋਰ ਵੀ ਡੂੰਘਾ  ਸਾਹ ਖਿੱਚਦੇ ਕਿਹਾ, " ਜਿਸ ਕਰਕੇ ਇਹ ਮੈਨੂੰ ਕਰਨਾ ਪੈ ਰਿਹਾ ਹੈ।"
"ਉਹ ਵੀ ਦੱਸ ਦਿਉ ਤਾਂ ਜੋ ਮੈਨੂੰ ਵੀ ਫੈਂਸਲਾ ਕਰਨ ਵਿਚ ਸਹਾਇਤਾ ਹੋ ਜਾਵੇ।"
"  ਮੇਰੀ ਗਰਾਂਡਮਾਂ ਦੀ ਸਿਹਤ ਠੀਕ ਨਹੀ ਰਹਿੰਦੀ।"
 " ਇਹ ਗੱਲ ਤਾਂ ਤੁਹਾਡੇ ਡੈਡੀ ਵੀ ਦੱਸ ਰਹੇ ਸਨ।" ਦੂਜੇ ਪਾਸੇ ਹੋਈ ਗੱਲ-ਬਾਤ ਦੇ ਅਧਾਰ ਤੇ ਮੈਂ ਕਿਹਾ, " ਉਹ ਕਹਿ ਰਹੇ ਸਨ ਕਿ ਤੁਹਾਡੇ ਦਾਦੀ ਜੀ ਮਰਨ ਤੋਂ ਪਹਿਲਾਂ ਪਹਿਲਾਂ ਤੁਹਾਡਾ ਵਿਆਹ ਦੇਖਣਾ ਚਾਹੁੰਦੇ ਨੇ।"
" ਮਂੈ ਆਪਣੀ ਗਰਾਂਡ ਮਾਂ ਦੇ ਬਹੁਤ ਹੀ ਕਲੋਜ਼ ਹਾਂ।" ਹਰਨੀਤ ਨੇ ਦੱਸਿਆ, " ਉਹਨਾਂ ਦੀ ਵਿਸ਼ ਹੈ  ਮਰਨ ਤੋਂ ਪਹਿਲਾਂ ਮੇਰਾ ਵਿਆਹ ਦੇਖਣ ਦੀ।"
" ਮੈਂ ਤੁਹਾਨੂੰ ਸਲਾਹ ਦਿੰਦਾ ਹਾਂ,ਤੁਸੀ ਆਪਣੇ ਬੁਆਏ ਫਰੈਂਡ ਨਾਲ ਹੀ  ਵਿਆਹ ਕਰਵਾ ਲਉ। "
" ਤੁਹਾਨੂੰ ਦੱਸਿਆ ਤਾਂ ਹੈ ਮੇਰੇ ਪੇਰੈਂਟਸ ਮੇਰੇ ਬੁਆਏ-ਫਰੈਂਡ ਨੂੰ ਪਸੰਦ ਨਹੀ ਕਰਦੇ।" ਉਸ ਨੇ ਖਿਝ ਕੇ ਕਿਹਾ, " ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਉਹ ਨਹੀ ਮੰਨੇ।"
" ਨਾ ਪਸੰਦ ਕਰਨ ਦਾ ਕੋਈ ਕਾਰਨ ਹੋਵੇਗਾ।" ਮੈਂ ਢੀਠ ਹੁੰਦਿਆ ਸਿਧਾ ਹੀ ਕਿਹਾ, " ਸਮਝਾਈ ਜਾਉ ਹੌਲੀ ਹੌਲੀ ਮੰਨ ਜਾਣਗੇ।"
" ਹੌਲੀ ਹੌਲੀ ਮਨਾਉਣ ਦਾ ਟਾਈਮ ਨਹੀ ਹੈ।" ਉਸ ਨੇ ਹੋਰ ਖਿਝ  ਕੇ ਕਿਹਾ, " ਡਾਕਟਰ ਨੇ ਗਰਾਂਡ-ਮਾਂ ਨੂੰ ਛੇ ਮਹੀਨੇ ਦਾ ਟਾਈਮ ਦਿੱਤਾ ਹੈ।"
" ਤੁਹਾਡਾ ਮਤਲਵ ਛੇ ਮਹੀਨੇ ਬਆਦ ਤੁਹਾਡੇ ਦਾਦੀ ਜੀ ਮਰ ਜਾਣਗੇ।" ਮੈ ਆਪਨੀ ਦਾਦੀ ਜੀ ਬਾਰੇ ਸੋਚਦੇ ਕਿਹਾ, " ਪ੍ਰਮਾਤਮਾ ਦਾ ਸ਼ੁਕਰ ਮੇਰੇ ਦਾਦੀ ਜੀ ਤਾਂ ਠੀਕ ਹਨ। ਤੁਹਾਡੇ ਦਾਦੀ ਜੀ ਵੀ ਤੁਹਾਡੇ ਨਾਲ ਹੀ ਕੈਨੇਡਾ ਤੋਂ ਆਏ ਨੇ।"
" ਹਾਂ, ਲੈ ਕੇ ਆਏ ਹਾਂ, ਉਹਨਾਂ ਨੂੰ ਵਿਆਹ ਦਿਖਾਉਣ ਵਾਸਤੇ।"
" ਇਸ ਦਾ ਮਤਲਵ ਤੁਸੀ ਦਾਦੀ ਜੀ ਦੀ ਇਛਾ  ਪੂਰੀ ਕਰਨ ਦੇ ਨਾਲ ਘਰਦਿਆਂ ਦੀ ਮਰਜ਼ੀ ਵੀ ਪੂਰੀ ਕਰਨਾ ਚਾਹੁੰਦੇ ਹੋ।" ਮੈ ਸੋਚ ਕੇ ਮੁਸਕ੍ਰਾਂਉਦੇ ਹੋਏ ਕਿਹਾ, " ਬੁਆਏ- ਫਰੈਂਡ ਨੂੰ ਨਾਲ ਰੱਖ ਆਪਣੀ ਖੁਸ਼ੀ ਦਾ ਵੀ ਖਿਆਲ ਰੱਖ ਰਹੇ ਹੋ।ਇਕ ਤੀਰ ਨਾਲ ਕਈ ਨਿਸ਼ਾਨੇ ਲਾ ਰਹੇ ਹੋ"। ਪਤਾ ਨਹੀ ਉਹ ਮੇਰੀ ਤੀਰ ਵਾਲੀ ਗੱਲ ਸਮਝੀ ਜਾਂ ਨਹੀ, ਪਰ ਛੇਤੀ ਹੀ ਬੋਲੀ ," ਅਸਲੀ ਵਿਆਹ ਤਾਂ ਮੈ ਆਪਣੇ ਬੁਆਏ-ਫਰੈਂਡ ਨਾਲ ਹੀ ਕਰਨਾ ਹੈ।"
" ਤੁਹਾਨੂੰ ਯਕੀਨ ਹੈ ਕਿ ਆਪਣੇ ਝੂੱਠੇ ਵਿਆਹ ਦੇ ਡੀਬੋਰਸ ਤੋਂ ਬਾਅਦ ਤੁਹਾਡੇ ਪੇਰੈਂਟਸ ਤਹਾਡਾ ਵਿਆਹ  ਬੁਆਏ- ਫਰੈਂਡ ਨਾਲ ਕਰ ਦੇਣਗੇ।"
" ਸ਼ੁਅਰ, ਕਰਨਗੇ।" ਉਸ ਨੇ ਖੁਸ਼ ਹੁੰਦੇ ਕਿਹਾ, " ਆਪਣੇ ਕਲਚਰ ਵਿਚ ਦੂਜੀ ਵਾਰੀ ਕੁੜੀ ਦਾ ਵਿਆਹ ਕਰਨਾ ਕਿੰਨਾ ਮੁਸ਼ਕਲ ਹੁੰਦਾ ਹੈ, ਡੀਵੋਰਸ ਵਾਲੀ ਕੁੜੀ ਨਾਲ ਕੌਣ ਵਿਆਹ ਕਰਵਾਏਗਾ,ਇਹ ਸੋਚ ਕੇ ਉਹਨਾ ਆਪ ਹੀ ਮੇਰਾ ਵਿਆਹ ਮੇਰੇ ਬੁਆਏ-ਫਰੈਂਡ ਨਾਲ ਕਰ ਦੇਣਾ ਹੈ।"
" ਦਾਦ ਦਿੰਦਾਂ ਹਾਂ ਤੁਹਾਡੀ ਹੁਸ਼ਿਆਰੀ ਦੀ।" ਮਂੈ ਹੱਸਦੇ ਕਿਹਾ, " ਇਹਦਾ ਮਤਲਵ ਤੁਹਾਡੇ ਘਰਦੇ ਸਭ ਕੁੱਝ ਜਾਣਦੇ ਨੇ।"
" ਹੁਣ ਉਹ ਇਹ ਹੀ ਜਾਣਦੇ ਨੇ ਕਿ ਮੈ ਆਪਣੇ ਬੁਆਏ-ਫਰੈਂਡ ਨੂੰ ਛੱਡ ਦਿੱਤਾ ਹੈ ਅਤੇ ਉਹਨਾਂ ਦੀ ਮਰਜ਼ੀ ਨਾਲ ਐਗਰੀ ਹੋ ਗਈ ਹਾਂ।"

" ਇਹ ਝੂਠੇ ਵਿਆਹ ਦਾ ਨਾਟਕ ਕਿੰਨਾ ਚਿਰ ਕਰਨਾ ਪਵੇਗਾ?"
" ਦਾਦੀ ਜੀ ਦੀ ਡੈਥ ਤੋਂ ਬਾਅਦ ਛੇਤੀ ਹੀ ਆਪਾਂ ਡਿਬੋਰਸ ਕਰ ਲਵਾਂਗੇ।" ਉਸ ਨੇ ਇਕਦਮ ਕਿਹਾ, " ਤੁਸੀ ਆਪਣਾ ਡਿਸੀਜ਼ਨ ਦੱਸੋ।"
ਮੇਰੀ ਅਣਖ ਨੇ ਮੈਨੂੰ ਝੰਜੌੜਿਆ,ਦਫਾ ਕਰ ਇਸ ਵਿਆਹ ਨੂੰ। ਪਰ ਅੰਦਰੋ ਲਾਲਚ ਹੋਰ ਵੀ ਉੱਚੀ ਅਵਾਜ਼ ਵਿਚ ਬੋਲਿਆ, " ਪੰਜਾਬ ਵਿਚ ਤਾਂ ਤੇਰਾ ਭੱਵਿਖ ਧੁੰਦਲਾ ਹੀ ਹੈ, ਬਾਹਰ ਨਿਕਲ ਜਾਵੇ ਤਾਂ ਸਾਰੇ ਧੋਣੇ ਧੋਤੇ ਜਾਣਗੇ।"
" ਛੇਤੀ ਦੱਸੋ।" ਉਸ ਨੇ ਕਾਹਲੀ ਨਾਲ ਦੂਸਰੇ ਕਮਰੇ ਵੱਲ ਇਸ਼ਾਰਾ ਕਰਦੇ ਕਿਹਾ, " ਉਸ ਸਾਈਡ ਸਾਡੀ ਉਡੀਕ ਹੋ ਰਹੀ ਆ।"
ਮਂੈ ਅਣਖ ਦੀ ਆਖੀ ਗੱਲ ਦੱਬ ਲਈ ਅਤੇ ਲਾਲਚ ਨੂੰ ਸਾਹਮਣੇ ਰੱਖਦਿਆ ਕਿਹਾ, " ਠੀਕ ਹੈ, ਤੁਸੀ ਮੈਨੂੰ ਕੈਨੇਡਾ ਲੰਘਾ ਦਿਉ।"
" ਉ.ਕੇ ਥੈਂਕਸ।" ਉਸ ਨੇ ਕਿਹਾ, " ਚਲੋ ਫਿਰ ਉਧਰ ਉਹਨਾਂ ਨੂੰ ਵੀ ਦੱਸ ਦਈਏ।"
ਉਹ ਮੇਰੇ ਨਾਲ ਝੂਠਾ ਵਿਆਹ ਕਰ ਰਹੀ ਸੀ, ਫਿਰ ਵੀ ਉਸ ਬਾਰੇ ਚਿੰਤਾ ਕਰਦੇ ਕਿਹਾ, " ਮੇਰੇ ਨਾਲ ਵਿਆਹ ਕਰਵਾਉਣ ਤੋਂ ਬਾਅਦ, ਤੁਹਾਡਾ ਬੁਆਏ ਫਰੈਂਡ ਤੁਹਾਡੇ ਨਾਲ ਵਿਆਹ ਕਰਵਾ ਵੀ ਲਵੇਗਾ।"
" ਡੋਂਟ ਵਰੀ, ਉਸ ਨਾਲ ਵੀ ਮੇਰੀ ਡੀਲ ਹੋ ਚੁੱਕੀ ਹੈ।"
         ਦਿਲ ਵਿਚ ਆਇਆ ਕੇ ਕਹਿ ਦੇਵਾਂ ਕਿ ਡੀਲਾਂ ਹੈ ਜਾਂ ਸਬਜ਼ੀਆਂ ਜੋ ਆਪਣੀ ਮਰਜ਼ੀ ਅਨੁਸਾਰ ਵੇਚ ਰਹੀ ਏ, ਪਰ ਕੈਨੇਡਾ ਜਾਣ ਦੇ ਚੱਕਰ ਨੇ ਮੂੰਹ ਖੋਲ੍ਹਣ ਨਾ ਦਿੱਤਾ।ਉਸ ਦੀ ਹਾਂ ਵਿਚ ਹਾਂ ਮਿਲਾਉਂਦਾ ਉਸ ਦੀ ਪੈੜ ਤੇ ਪੈਰ ਧਰਦਾ ਦੂਜੇ ਕਮਰੇ ਵੱਲ ਤੁਰ ਪਿਆ।
ਸਾਡੇ ਦੋਨਾਂ ਦੀ ਹਾਂ ਸੁਣ ਕੇ ਪਰਿਵਾਰ ਇਕ-ਦੂਜੇ ਨੂੰ ਵਧਾਂਈਆਂ ਦੇਣ ਅਤੇ ਗੱਲਵਕੜੀਆ ਪਾਉਣ ਲੱਗੇ।ਵਿਚੋਲਾ ਖੁਸ਼ੀ ਵਿਚ  ਆਪਣੇ ਮੂੰਹ ਵਿਚ ਬਰਫੀ ਪਾਉਂਦਾ ਬੋਲਿਆ, " ਵਿਆਹ ਦੀ ਤਾਰੀਕ ਤੈਂਹ ਕਰ ਲਉ।"
" ਜਾਗੀਰ ਸਿੰਹਾਂ, ਤੂੰ ਆਪ ਹੁਣ ਸਾਡੇ ਤੋਂ ਵੀ ਕਾਹਲਾ ਆ।" ਦਾਦੀ ਜੀ ਨੇ ਕਿਹਾ, " ਬਾਕੀ ਸ਼ਗਨ-ਵਿਹਾਰ ਤਾਂ ਕਰ ਲੈਣ ਦੇ ਫਿਰ ਤਾਰੀਕ ਵੀ ਰੱਖ ਲੈਂਦੇ ਹਾਂ।"
" ਆਉਂਦੇ ਐਤਵਾਰ ਨੂੰ ਕੁੜਮਾਈ ਰੱਖ ਲੈਂਦੇ ਹਾਂ।" ਹਰਨੀਤ ਦੇ ਡੈਡੀ ਨੇ ਸਲਾਹ ਦਿੱਤੀ, " ਉਸ ਦਿਨ ਹੀ ਵਿਆਹ ਦੀ ਤਾਰੀਖ ਰੱਖ ਲਵਾਂਗੇ।"
" ਨਾਂ ਜੀ ਨਾਂ।" ਵਿਚੋਲੇ ਨੇ ਕਿਹਾ, "  ਕਹਿੰਦੇ ਨੇ ਕਿ ਆਜ ਕਾ ਕਾਮ ਕੱਲ ਪਰ ਮਤ ਛੋਡੋ, ਮੇਰੀ ਮੰਨੋ,ਵਿਆਹ ਤੇ ਕੁੜਮਾਈ ਇਕੱਠਾ ਹੀ ਕਰ ਲਉ।"
ਸਾਰੇ ਹੀ ਵਿਚੋਲੇ ਦੀ ਸਕੀਮ ਨਾਲ ਸਹਿਮਤ ਹੋ ਗਏ। ਝੱਟ ਮੰਗਣੀ ,ਪੱਟ ਵਿਆਹ ਵਾਲੀ ਗੱਲ ਪੱਕੀ ਹੋ ਗਈ।ਵਿਆਹ ਵਾਲੇ ਦਿਨ ਹੀ ਲਾਵਾਂ ਤੋਂ ਪਹਿਲਾਂ ਮੇਰੇ ਮੂੰਹ ਨੂੰ ਛੁਹਾਰਾ ਲਾਉਣ ਦਾ ਪ੍ਰੋਗਰਾਮ ਬਣ ਗਿਆ।ਇਨਾਂ ਸਾਰੀਆਂ ਗੱਲਾਂ ਵਿਚ ਮੈਂ ਕੋਈ ਦਖਲ-ਅੰਦਾਜ਼ੀ ਨਾ ਕੀਤੀ।ਇਕ ਵੱਖਰੀ ਤਰਾਂ ਦੀ ਚੁੱਪ ਨਾਲ ਮੇਰੇ ਬੁੱਲ ਜੁੜ ਗਏ,ਪਰ ਹੁਣ ਹਰਨੀਤ ਦੇ ਹੋਂਟ ਮੁਸਕਾਨ ਨਾਲ ਫੈਲਣ ਲੱਗੇ।ਦੋਹਾਂ ਪਰੀਵਾਰਾਂ ਦੇ ਮੈਂਬਰ ਖੁਸ਼ੀ ਵਿਚ ਇਕ ਦੂਜੇ ਨਾਲ ਉੱਚੀ ਉੱਚੀ ਗੱਲਾਂ ਕਰਦੇ ਵਿਆਹ ਦੀਆਂ ਵਿਉਂਤਾ ਗੁੰਦਣ ਲੱਗੇ।
ਘਰਾਂ ਨੂੰ ਮੁੜਨ ਲੱਗੇ ਹਰਨੀਤ ਸਾਰਿਆਂ ਨੂੰ ਮੁਸਕਾ੍ਰ ਮੁਸਕ੍ਰਾ ਕੇ ਮਿਲਣ ਲੱਗੀ, ਪਰ ਮਂੈ ਤਾਂ ਮੁਸਕ੍ਰਾਉਣਾ ਬਿਲਕੁਲ ਹੀ ਭੁੱਲ ਗਿਆ ਸੀ ਜਾਂ ਮੇਰੀ ਮੁਸਕਾਨ ਹਰਨੀਤ ਨੇ ਖੋਹ ਲਈ ਸੀ।ਜੀਪ ਵਿਚ ਬੈਠਦੇ ਸਾਰ ਦਾਦੀ ਜੀ ਨੇ ਕਹਿ ਵੀ ਦਿੱਤਾ, " ਕਾਕਾ, ਤੈਨੂੰ ਇਹ ਰਿਸ਼ਤਾ ਪਸੰਦ ਵੀ ਹੈ।" ਪਹਿਲਾਂ ਤਾਂ ਦਿਲ ਵਿਚ ਆਇਆ ਕੇ ਕਹਿ ਦੇਵਾਂ ਕੇ ਰਿਸ਼ਤਾ ਨਹੀ ਹੋਇਆ ਡੀਲ ਹੋਈ ਹੈ, ਪਰ ਹਰਨੀਤ ਦੀ ਕਹੀ ਗੱਲ ' ਇਹ ਗੱਲ ਆਪਣੇ ਵਿਚਕਾਰ ਹੀ ਰਹੇ' ਯਾਦ ਆ ਗਈ।
" ਹਾਂ ਜੀ।" ਕੋਈ ਸ਼ੱਕ ਨਾ ਹੋ ਜਾਵੇ ਬਨਾਉਟੀ ਹਾਸਾ ਹੱਸਦੇ ਕਿਹਾ, " ਹਰਨੀਤ ਦਾ ਪ੍ਰੀਵਾਰ ਬਹੁਤ ਹੀ ਸਮਝ ਵਾਲਾ ਲੱਗਾ।"
" ਤੁਸੀ ਫਿਰ ਕੀ ਗੱਲਾਂ ਕੀਤੀਆਂ?" ਭਾਪਾ  ਜੀ ਨੇ ਸਿੱਧਾ ਸਵਾਲ ਪੁੱਛਿਆ, " ਕੁੜੀ ਕੈਨੇਡਾ ਵਿਚ ਕੀ ਕੰਮ ਕਰਦੀ ਆ?"
" ਬਸ ਪੜ੍ਹਾਈ- ਲਿਖਾਈ ਦੀਆਂ ਹੀ ਗੱਲਾ ਕਰਦੇ ਰਹੇ।" ਮੈ ਝੂੱਠ ਬੋਲ ਰਿਹਾ ਸੀ, " ਕੋਈ ਵਧੀਆ ਕੰਮ ਹੈ ਕਿਸੇ ਤੱਕੜੀ ਕੰਪਨੀ ਵਿਚ।"
" ਚਲੋ, ਫਿਰ ਤਾਂ ਠੀਕ ਹੈ।" ਭਾਪਾ ਜੀ ਨੇ ਜੀਪ ਦੀ ਸੀਟ ਨਾਲ ਢੋਅ ਲਾਉਂਦੇ ਕਿਹਾ, " ਫਿਰ ਤਾਂ ਤੂੰ ਉਧਰ ਜਾ ਕੇ ਅਰਾਮ ਨਾਲ ਪੜ੍ਹ ਸਕਦਾ ਹੈ।"
ਮੇਰਾ ਉਧਰ ਜਾ ਕੇ ਕੀ ਹਾਲ ਹੋਵੇਗਾ ਮੈਨੂੰ ਵੀ ਨਹੀ ਸੀ ਪਤਾ, ਲੇਕਿਨ ਮੈ ਉੱਚੀ ਸੁਰ ਵਿਚ ਕਿਹਾ, " ਹਾਂ ਜੀ।"
ਘਰ ਪੁੰਹਚਦਿਆਂ ਹੀ ਦਾਦੀ ਜੀ ਨੇ ਕਿਹਾ, " ਮਨਮੀਤ, ਹੁਣੇ ਹੀ ਤੂੰ ਮਹਿੰਗੇ ਦੇ ਮੱਹਲੇ ਜਾ ਕੇ ਉਸ ਨੂੰ ਕਹਿ ਆ ਕਿ ਕਲੀ ਕਰਨ ਵਾਲਿਆਂ ਦਾ ਪਤਾ ਕਰੇ।"
" ਮੈ ਹੁਣੇ ਤਾਂ ਨਹੀ ਜਾ ਸਕਦਾ।" ਮੈਂ ਦਾਦੀ ਜੀ ਨੂੰ ਸਾਫ ਜ਼ਵਾਬ ਦਿੰਦੇ ਕਿਹਾ, " ਕਲ੍ਹ ਨੂੰ ਦੇਖ ਲਵਾਂਗਾ।"
" ਕਾਕਾ, ਇਦਾ ਲੱਗਦਾ ਜਿਵੇ ਤੈਨੂੰ ਵਿਆਹ ਦਾ ਚਾਅ ਹੀ ਨਹੀ।" ਦਾਦੀ ਜੀ ਨੇ ਮੇਰੇ ਚਿਹਰੇ ਵੱਲ ਦੇਖ ਕੇ ਕਿਹਾ, " ਵਿਆਹ ਦਾ ਸੁਣ ਕੇ ਮੁੰਡਿਆਂ ਦੇ ਮੂੰਹ 'ਤੇ ਤਾਂ ਨੂਰ ਚੜ੍ਹ ਜਾਂਦਾ, ਪਰ ਤੂੰ ਤਾਂ ਬੁਝਿਆ ਬੁਝਿਆ ਜਿਹਾ ਫਿਰਦਾ ਏ।"
" ਬੀਜ਼ੀ, ਇਹਦੇ ਅੱਜ ਤੋਂ ਹੀ ਵਟਣਾ ਲਾਉਣਾ ਸ਼ੁਰੂ ਕਰ ਦਿਉ।" ਭਾਪਾ ਜੀ ਹੱਸ ਕੇ ਬੋਲੇ, " ਨੂਰ ਆਪੇ ਚੜ੍ਹ ਜਾਵੇਗਾ।"
" ਨੂਰ ਤਾਂ ਬੰਦੇ ਦੇ ਅੰਦਰੋਂ ਚੜ੍ਹਦਾ ਹੈ।" ਨਾ ਚਾਹੁੰਦਾ ਹੋਇਆ ਵੀ ਮੈ ਜ਼ਵਾਬ ਦੇਣ ਲੱਗਾ, " ਮਾਂਹੀਏ ਵਟਣੇ ਨਾਲ ਨੂਰ ਕੀ ਚੜ੍ਹਨਾ।"
ਮੇਰੀ ਗੱਲ ਸੁਣ ਕੇ ਪਿਤਾ ਜੀ ਨੇ ਇਕਦਮ ਮੇਰੇ ਮੂੰਹ ਵੱਲ ਦੇਖਿਆ ਤਾਂ ਮੈਂ  ਗੱਲ ਪਲਟਾਉਂਦਾ,ਨਕਲੀ ਹਾਸੇ ਵਿਚ ਆਪਣਾ ਮੂੰਹ ਛਿਪਾਉਂਦਾ ਬੋਲਿਆ, " ਬੀਜ਼ੀ, ਭਾਪਾ ਜੀ ਦੀ  ਗੱਲ ਠੀਕ ਹੈ, ਮੈਂ ਵੀ ਸੁਣਿਆ ਆ ਕਿ ਵਟਣੇ ਨਾਲ ਚਿਹਰਾ ਚਮਕਣ ਲਗ ਪੈਂਦਾ ਆ।"
" ਹੁਣ ਤੈਨੂੰ ਮੇਰੀ ਗੱਲ ਦੀ ਸਮਝ ਪਈ।" ਭਾਪਾ ਜੀ ਭੋਲੇਪਨ ਵਿਚ ਹੱਸਦੇ ਬੋਲੇ, " ਕਈ ਵਾਰੀ ਤੂੰ ਗੱਲ ਕਰਕੇ ਬੰਦੇ ਨੂੰ ਫਿਕਰ ਵਿਚ ਪਾ ਦਿੰਦਾ ਏ।"
" ਕਈ ਵਾਰੀ ਮੈਂ ਉਦਾ ਹੀ ਗੱਲ ਕਰ ਜਾਂਦਾ ਹਾਂ।" ਮੈਂ ਹੱਸਦੇ ਕਿਹਾ," ਜਿਹਦਾ ਕੋਈ ਮਤਲਵ ਨਹੀ ਹੁੰਦਾ।"
" ਬਗੈਰ ਮਤਲਵ ਦੇ ਨਹੀ ਬੋਲੀ ਜਾਈਦਾ।" ਦਾਦੀ ਜੀ ਨੇ ਮੇਰੇ ਵੱਲ ਘੂਰੀ ਅਜਿਹੀ ਵੱਟਦੇ ਕਿਹਾ, " ਮਤਲਵ ਦੀ ਗੱਲ ਕਰੀਦੀ ਆ।"
" ਵਿਆਹ ਦੇ ਚਾਅ ਵਿਚ ਬੇਮਤਲਵ ਗੱਲਾਂ ਮੂੰਹ ਵਿਚੋਂ ਆਪਣੇ-ਆਪ ਹੀ ਬਾਹਰ ਨਿਕਲਣ ਲਗ ਪੈਂਦੀਆਂ ਨੇ।" ਮੈਂ ਦਾਦੀ ਜੀ ਨੂੰ ਜੱਫੀ ਪਾਉਂਦੇ ਹੋਏ ਮੰਜ਼ੇ ਤੇ ਬੈਠਾਉਂਦੇ ਕਿਹਾ, " ਹੁਣ ਤੁਸੀ  ਥੌੜ੍ਹਾ ਅਰਾਮ ਕਰ ਲਉ, ਕੱਲ ਤੋਂ ਸ਼ੁਰੂ ਕਰ ਦਿਉ, ਵਿਆਹ ਦੇ ਕੰਮ।"
" ਮੋਮੋਠਗਣਾ।" ਇਹ ਕਹਿ ਕੇ ਦਾਦੀ ਜੀ ਅਰਾਮ ਨਾਲ ਮੰਜ਼ੇ ਉੱਪਰ ਬੈਠ ਗਏ ਅਤੇ ਮੈ ਆਪਣੇ ਕੱਪੜੇ ਬਦਲਣ ਲਈ ਤੁਰ ਪਿਆ। ਅੱਜ ਜੋ ਕੁਝ ਵੀ ਵਿਚੋਲੇ ਦੇ ਘਰ ਵਿਚ ਹੋਇਆ ਸੀ। ਉਹ ਅਜੇ ਵੀ ਮੇਰੇ ਦਿਮਾਗ ਵਿਚ ਘੁੰਮ ਰਿਹਾ ਸੀ।ਹਰਨੀਤ ਦੀ ਗੱਲ 'ਤੁਹਾਡੇ ਨਾਲ ਡੀਲ ਕਰਨੀ ਆ'ਵਾਰ ਵਾਰ ਕੰਨਾ ਵਿਚ ਖੜਕ ਕੇ ਮਨ ਦੇ ਚੈਨ ਵਿਚ ਵਿਘਨ ਪੈਦਾ ਕਰ ਰਹੀ ਸੀ।'ਚਲ ਤੈਨੂੰ ਕਿ ਤੂੰ ਤਾਂ ਕੈਨੇਡਾ ਲੰਘਣਾ ਹੈ' ਇਹ ਗੱਲ ਆਪਣੇ ਮਨ ਨੂੰ ਸਮਝਾਉਂਦਾ ਮੈ ਆਪਣੇ ਕਮਰੇ ਵੱਲ ਤੁਰੀ ਗਿਆ।

2
                              
ਵਿਆਹ ਦੀ ਪੂਰੀ ਤਿਆਰੀ ਚਲਣ ਲੱਗ ਪਈ।ਘਰ ਨੂੰ ਨਵਾ ਰੋਗਨ ਹੋ ਰਿਹਾ ਸੀ। ਹਵੇਲੀ ਵਿਚਲੇ ਗੁਸਲਖਾਨੇ ਵਿਚ ਨਵੀ ਸੀਟ ਵਾਲੀ ਟੋਲਿਟ ਲੱਗ ਰਹੀ ਸੀ। ਗੱਲ ਕੀ ਸਾਡੇ ਘਰ ਦੇ ਅੱਡੀਆਂ ਚੁੱਕ ਚੁੱਕ ਕੇ ਵਿਤੋਂ ਬਾਹਰਾ ਖਰਚ ਕਰ ਰਹੇ ਸਨ, ਪਰ ਮਂੈ ਮੂਕ ਬਣ ਤਮਾਸ਼ਾ ਦੇਖਦਾ ਰਿਹਾ ।ਵਿਆਹ ਦੀ ਡੀਲ ਵਿਚ ਫਸਿਆ ਘਰਦਿਆਂ ਨੂੰ ਸਾਥ ਦੇਣ ਦੀ ਕੋਸ਼ਿਸ਼ ਜਾਰੀ ਰੱਖ ਰਿਹਾ ਸਾਂ। ਪਰ ਉਸ ਦਿਨ ਮੇਰਾ ਦਿਲ ਜ਼ਰੂਰ ਕੰਬਿਆ ਜਦੋਂ ਦਾਦੀ ਜੀ ਨੇ ਮਾਂ ਵਾਲਾ ਰਾਣੀ ਹਾਰ ਬਰੀ ਵਾਲੇ ਅਟੈਚੀ ਵਿਚ ਰੱਖਿਆ ਤਾਂ ਮੈਂ ਬੋਲ ਹੀ ਉੱਠਿਆ, " ਦਾਦੀ ਜੀ, ਇਹ ਹਾਰ ਬਾਅਦ ਵਿਚ ਵੀ ਦਿੱਤਾ ਜਾ ਸਕਦਾ ਹੈ।"
" ਸਾਡੇ ਪਰਿਵਾਰ ਦੀ ਜੋ ਰੀਤ ਆ, ਉਹ ਹੀ ਹੋਵੇਗੀ।" ਦਾਦੀ ਜੀ ਨੇ ਸਾਫ ਕਹਿ ਦਿੱਤਾ, " ਕੱਲ ਦੀ ਭੂਤਨੀ ਸਿਵਿਆ ਚ' ਅੱਧ, ਤੂੰ ਕੀ ਜਾਣੇ ਵਿਆਹ-ਸ਼ਾਦੀ ਦੇ ਕੰਮ।"
ਇਸ ਦਿਨ ਤੋਂ ਬਾਅਦ ਮੈਂ ਘਰ ਦਿਆਂ ਦੀ ਹਾਂ ਵਿਚ ਹਾਂ ਮਿਲਾਉਂਦਾ, ਧੁਰ- ਅੰਦਰ ਦੀ ਪਰੇਸ਼ਾਨੀ ਲਕਾਉਦਾਂ, ਉਹਨਾ ਦੇ ਕਦਮ ਨਾਲ ਕਦਮ ਮਿਲਾ ਕੇ ਤੁਰਨ ਲੱਗਾਂ।ਉਹ ਕੀ ਕਰ ਰਿਹੇ ਨੇ ਬਹੁਤਾ ਧਿਆਨ ਦੇਣਾ ਜਾਂ ਦਖਲ-ਅੰਦਜ਼ੀ ਕਰਨਾ ਛੱਡ ਦਿੱਤਾ।
ਵਿਆਹ ਤੋਂ ਪਹਿਲਾਂ ਘਰ ਵਿਚ ਅਖੰਡ ਪਾਠ ਸਾਹਿਬ ਰੱਖਣ ਦੀ ਗੱਲ ਦਾ ਮੈਨੂੰ ਉਸ ਵੇਲੇ ਪਤਾ ਲੱਗਾ ਜਦੋਂ ਮਂੈ ਝੀਰਾਂ ਦੇ ਘਰੋਂ ਦੇਸੀ ਮੁਰਗੀਆਂ ਦੇ ਅੰਡੇ ਲੈ ਕੇ ਆਇਆ। ਦਾਦੀ ਜੀ ਅੰਡਿਆਂ ਨੂੰ ਦੇਖਦੇ ਹੀ ਬੋਲੇ, "  ਕਾਕਾ, ਤੈਨੂੰ ਪਤਾ ਨਹੀ ਛੇਤੀ ਆਪਣੇ ਘਰ ਅਖੰਡ ਪਾਠ ਰੱਖਣਾ ਤੇ ਤੂੰ ਅੰਡੇ ਚੁੱਕੀ ਆਉਂਦਾ ਏ।"
" ਉਹ, ਅੱਛਾ ਜੀ।" ਮੈਂ ਘਬਰਾ ਕੇ ਕਿਹਾ, " ਚਲੋ ਕੋਈ ਨਹੀ ਇਹ ਅੰਡੇ ਆਪਾਂ ਰਾਣੋ ਨੂੰ ਦੇ ਦਿੰਦੇ ਹਾਂ।"
" ਉਹ ਹਵੇਲੀ ਵਿਚ ਗੋਹਾ ਸੁੱਟਣ ਗਈ ਹੈ।" ਦਾਦੀ ਜੀ ਨੇ ਕਿਹਾ, " ਹੁਣੇ ਹੀ ਉਹਨੂੰ ਜਾ ਕੇ ਫੜਾ ਆ।" ਮੈਂ ਉਹਨੀ ਪੈਰੀ ਹੀ ਹਵੇਲੀ ਵੱਲ ਨੂੰ ਇਹ ਸੋਚਦਾ ਤੁਰ ਪਿਆ ਕਿ ਦਾਦੀ ਜੀ ਅੰਡਿਆਂ ਤੋਂ ਹੀ ਡਰੀ ਜਾਂਦੇ ਨੇ, ਪਰ ਜਿਸ ਝੂਠ ਨਾਲ ਮੈਂ ਸਮਝੋਤਾ ਕੀਤਾ ਹੈ ਉਸ ਅੱਗੇ ਅੰਡੇ ਕੀ ਚੀਜ਼ ਨੇ।' ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ ਦੇ ਹਿਸਾਬ ਮੈਂ ਹਵੇਲੀ ਵੱਲ ਕਦਮ ਵਧਾਈ ਗਿਆ।
ਅਖੰਡ-ਪਾਠ ਰੱਖਣ ਤੋਂ ਪਹਿਲਾਂ ਵਿਹੜੇ ਵਿਚਲੀ ਬੈਠਕ ਦੇ ਫਰਸ਼ ਨੂੰ ਧੋਤਾ ਜਾ ਰਿਹਾ ਸੀ। ਰਾਣੋ ਝਾੜੂ ਮਾਰ ਰਹੀ ਸੀ ਅਤੇ ਮਂੈ ਪਾਣੀ ਡੋਲ ਰਿਹਾ ਸੀ। 
" ਧੋਣ ਨਾਲ ਫਰਸ਼ ਕਿੰਨਾ ਸੋਹਣਾ ਨਿਕਲਿਆ।" ਝਾੜੂ ਨਾਲ ਪਾਣੀ ਇਕ ਪਾਸੇ ਨੂੰ ਲਿਜਾਂਦੇ ਹੋਏ ਰਾਣੋ ਨੇ ਕਿਹਾ, " ਸਾਰੀ ਬੈਠਕ ਹੀ ਲਿਸ਼ਕਣ ਲੱਗ ਪਈ।"
" ਬੈਠਕ ਦਾ ਘੱਟਾ-ਮਿੱਟੀ ਤਾਂ ਪਾਣੀ ਨਾਲ ਧੋ ਹੋ ਗਿਆ।" ਮੈਂ ਕੁਝ ਸੋਚਦਾ ਹੋਇਆ ਬੋਲਿਆ, " ਪਰ ਬੰਦੇ ਦੇ ਅੰਦਰ ਦਾ ਮਿੱਟੀ- ਘੱਟਾ ਕਿਵੇ ਧੋ ਹੋਵੇ।"
ਰਾਣੋ ਨੇ ਹੈਰਾਨੀ ਨਾਲ ਮੇਰੇ ਵੱਲ ਦੇਖਿਆ ਤਾਂ ਹੱਸਦੀ ਹੋਈ ਬੋਲੀ, " ਜਦੋਂ ਤੂੰ ਕੈਨੇਡਾ ਪਹੁੰਚ ਗਿਆ, ਤੇਰਾ ਵੀ ਮਿੱਟੀ-ਘੱਟਾ ਧੋ ਹੋ ਜਾਣਾ ਹੈ।"
ਮੈਂ ਰਾਣੋ ਦੀ ਗੱਲ ਉੱਪਰ ਖਿਝ ਗਿਆ ਅਤੇ ਬਾਲਟੀ ਛੱਡ ਕੇ ਬਰਾਂਡੇ ਵੱਲ ਨੂੰ ਤੁਰ ਪਿਆ ਅਤੇ ਨਾਲ ਕਹਿ ਵੀ ਦਿੱਤਾ, " ਬਾਕੀ ਧੋ ਲਾ ਆਪੇ।"
" ਧੋ ਲਊਂਗੀ ਮੈ ਆਪੇ।" ਰਾਣੋ ਨੇ ਨਿਹੋਰੇ ਅਜਿਹੇ ਨਾਲ ਕਿਹਾ, " ਤੂੰ ਵਹੁਟੀ ਦੇ ਸੁਪਨੇ ਦੇਖ।"
" ਹੋਰ ਮੈ ਤੇਰੇ ਦੇਖਣੇ ਆ।" ਮੈ ਤੁਰੇ ਜਾਂਦੇ ਨੇ ਰੁਕ ਕੇ ਕਿਹਾ, " ਕੱਪਤੀ ਕਿਸੇ ਥਾਂ ਦੀ।"
" ਜਿਊਂਦਾ ਰਹੇ ਕਾਕਾ ਦਾ ਭਾਪਾ।" ਰਾਣੋ ਪਾਣੀ ਵਾਲੀ ਬਾਲਟੀ ਖਾਲੀ ਕਰਦੀ ਬੋਲੀ, " ਮੇਰੇ ਸੁਪਨੇ ਲੈਣ ਵਾਲਾ।"
ਬੇਸ਼ੱਕ ਰਾਣੋ ਸਾਡੇ ਘਰ ਵਿਚ ਕੰੰਮ ਕਰਦੀ ਸੀ,ਪਰ ਅਸੀ ਹਮੇਸ਼ਾ ਉਸ ਨੂੰ ਆਪਣੇ ਘਰ ਦੇ ਮੈਂਬਰ ਵਾਂਗ ਹੀ ਸਮਝਿਆ। ਉਸ ਦੇ ਘਰਵਾਲੇ ਨੂੰ ਦਾਦੀ ਜੀ ਅਤੇ ਭਾਪਾ ਜੀ ਆਪਣੇ ਪੁੱਤਾਂ ਵਾਂਗ ਪਿਆਰ ਕਰਦੇ ਨੇ। ਇਸ ਕਰਕੇ ਰਾਣੋ ਅਤੇ ਮੇਰੇ ਵਿਚਕਾਰ ਦੇਰ ਭਾਬੀ ਵਾਲੀ ਨੋਕ-ਝੋਕ ਹਮੇਸ਼ਾ ਬਰਕਰਾਰ ਰਹਿੰਦੀ।
ਗੁਰੂ ਗ੍ਰੰਥ ਸਾਹਿਬ ਜੀ ਲਿਆਉਣ ਤੋਂ ਪਹਿਲਾਂ ਭਾਈ ਜੀ ਚਾਨਣੀ ਲੈ ਕੇ ਆਏ। ਜਿਸ ਦੇ ਥੱਲੇ ਗੁਰੂ ਜੀ ਦਾ ਆਸਣ ਵਿਛਾਉਣਾ ਸੀ।ਮੈਂ ਅਤੇ ਮੇਰਾ ਦੋਸਤ ਦੇਬੀ ਸ਼ਰਧਾ ਨਾਲ ਚਾਨਣੀ ਟੰਗ ਕੇ ਹੱਟੇ ਹੀ ਸੀ ਕਿ ਦਾਦੀ ਜੀ ਲਲੇਰ ਉੱਪਰ ਲਾਲ ਧਾਗਾ ਬੰਨ ਕੇ ਚੁੱਕੀ ਆਉਣ। ਮੈਂ ਅਤੇ ਦੇਬੀ ਧੁਰੋਂ ਹੀ ਇਹਨਾਂ ਗੱਲਾਂ ਦੇ ਖਿਲਾਫ ਸਾਂ। ਇਸ ਲਈ ਮੈਂ ਕਹਿ ਵੀ ਦਿੱਤਾ, " ਬੀਜ਼ੀ, ਆਹ ਬਾਮਣਬਾਦ ਕਰਨਾ ਛੱਡ ਦਿਉ।"
"ਇਹਦੇ ਵਿਚ ਬਾਮਣਬਾਦ ਕਾਹਦਾ ਸਾਰੇ ਲੋਕੀ ਰੱਖਦੇ ਆ।" ਦਾਦੀ ਜੀ ਨੇ ਕਿਹਾ, " ਕੱਚਾ ਘੜਾ ਕੁੰਭ ਦਾ ਵੀ ਰੱਖਣਾ ਆ, ਬੂਹੇ 'ਤੇ ਪੱਤੇ ਵੀ ਬੰਨਣੇ ਆ।"
" ਬੀਜ਼ੀ, ਜੇ ਸਾਰੇ ਵੀ ਕਰ ਰਿਹੇ ਨੇ ਤਾਂ ਉਹ ਸਾਰੇ ਹੀ  ਗਲਤ ਨੇ।" ਦੇਬੀ ਨੇ ਵੀ ਕਹਿ ਦਿੱਤਾ, " ਆਪਾਂ ਨੂੰ ਉਹਨਾਂ ਦੀ ਨਕਲ ਕਰਨ ਦੀ ਲੋੜ ਨਹੀ।"
ਦਾਦੀ ਜੀ ਗੁੱਸੇ ਨਾਲ ਕਦੀ ਮੇਰੇ ਮੂੰਹ ਵੱਲ ਦੇਖਣ ਅਤੇ ਦੇਬੀ ਦੇ।ਅਸੀ ਦੋਨੋਂ ਭਾਈ ਜੀ ਵੱਲ ਇਸ ਤਰਾਂ ਦੇਖਣ ਲੱਗੇ ਕਿ ਉਹ ਕੁਝ ਬੋਲਣ।ਕਿਉਂਕਿ ਸਾਨੂੰ ਪਤਾ ਸੀ ਕਿ ਭਾਈ ਜੀ ਸਿੱਖ ਧਰਮ ਅਤੇ ਬਾਣੀ ਬਾਰੇ ਕਾਫੀ ਗਿਆਨ ਰੱਖਦੇ ਨੇ। 
" ਬੀਬੀ ਜੀ, ਮਨਮੀਤ ਠੀਕ ਹੀ ਆਂਹਦਾ ਜੇ।" ਭਾਈ ਜੀ ਬੋਲ ਹੀ ਪਏ, " ਇਹ ਸਾਰੀਆਂ ਗੱਲਾਂ ਮਨਮੱਤ ਆ। ਬਾਣੀ ਵਿਚ ਗੁਰੂ ਜੀ ਨੇ ਇਹੋ ਜਿਹੀਆਂ ਗੱਲਾਂ ਨੂੰ ਰੱਦ ਕੀਤਾ ਹੈ ਅਤੇ ਮਨ ਦੀ ਸ਼ੁਧੀ ਉੱਪਰ ਜ਼ਿਆਦਾ ਜ਼ੋਰ ਦਿੱਤਾ ਹੈ।ਵਿਕਾਰ ਦੂਰ ਕਰ ਕੇ ਪ੍ਰਮਾਤਾਮਾ ਨੂੰ ਦਿਲੋਂ ਸੱਚਾ ਪਿਆਰ ਕਰਨਾ ਚਾਹੀਦਾ ਆ 'ਦਿਲਹੁ ਮੁਹਬਤਿ ਜਿੰਨ ਸੇਈ ਸਚਿਆ,।
ਮਾਂਹੀਏ ਤੋਂ ਬਾਅਦ ਜਿਵੇ ਮੇਰੇ ਚਾਚੇ ਦੀ ਨੂੰਹ ਮੇਰੀ ਭਾਬੀ ਮੇਰੇ ਮੂੰਹ ਵਿਚ ਚਾਚੀ ਜੀ ਨੂੰ ਸ਼ਗਨ ਨਹੀ ਸੀ ਪਾਉਂਣ ਦੇਂਦੀ। ਉਸ ਤਰਾਂ ਰਾਣੋ ਕਰ ਰਹੀ ਸੀ। ਜਦੋਂ ਵੀ ਚਾਚੀ ਜੀ ਮੇਰੇ ਮੂੰਹ ਵਿਚ ਮਿੱਠੇ ਚੋਲਾਂ ਦੀ ਬੁਰਕੀ ਪਾਉਣ ਲੱਗਣ ਇਹ ਦੋਨੋ ਜਿਨੀਆਂ ਹੱਥ ਮਾਰ ਕੇ ਛੁਡਾ ਦੇਣ। ਮੈਂ ਇਕ ਹੱਥ ਨਾਲ ਰਾਣੋ ਦੀ ਬਾਹਾਂ ਫੜ੍ਹ ਲਈਆਂ ਅਤੇ ਦੂਜੇ ਹੱਥ ਨਾਲ ਭਾਬੀ ਦੀਆਂ। ਚਾਚੀ ਜੀ ਦੇ ਅੱਗੇ  ਆਪਣਾ ਪੂਰਾ ਮੂੰਹ ਖ੍ਹੋਲਦਿਆਂ ਕਿਹਾ, " ਚਾਚੀ ਜੀ, ਹੁਣ ਪਾਉ ਚੌਲ ਮੇਰੇ ਮੂੰਹ ਵਿਚ, ਦੇਖਾਂ ਕਿਵੇ ਨਹੀ ਮੈਨੂੰ ਖਾਣ ਦਿੰਦੀਆਂ॥"
" ਇਹ ਜ਼ੋਰ ਆਪਣੀ ਵਹੁਟੀ ਨੂੰ ਦਿਖਾਈ।" ਭਾਬੀ ਨੇ ਆਪਣੀ ਇਕ ਬਾਂਹ ਛਡਾਉਂਦੇ ਛੇੜਦੇ ਕਿਹਾ, " ਸਾਨੂੰ ਹਾਸਾ ਮਜ਼ਾਕ ਕਰ ਲੈਣ ਦੇ।"
ਜਦੋਂ ਇਸ ਤਰਾਂ ਦਾ ਮਹੌਲ ਬਣ ਜਾਂਦਾ ਤਾਂ ਮੈ ਭੁੱਲ ਹੀ ਜਾਂਦਾ ਕਿ ਮੇਰਾ ਝੂਠਾ ਵਿਆਹ ਹੋ ਰਿਹਾ ਹੈ।
ਫਿਰ ਵੀ ਬੈਠਕ ਵੱਲ ਜਿਸ ਵਿਚ ਅਖੰਡ- ਪਾਠ ਰੱਖਿਆ, ਮੈਂ ਉਧਰ ਘੱਟ ਹੀ ਜਾਦਾਂ, ਮੈਂਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਹਮਣਾ ਕਰਨਾ ਔਖਾ ਲੱਗਦਾ। ਜਦੋਂ ਵੀ ਗੁਰੂ ਸਾਹਿਬ ਦੇ ਦਰਸ਼ਨ ਕਰਦਾ ਤਾਂ ਮੇਰਾ ਅੰਦਰ ਮੈਨੂੰ ਲਾਹਣਤਾ ਪਾਉਂਦਾ ਮਹਿਸੂਸ ਹੁੰਦਾ ਤਾਂ ਉਦੋਂ ਮਂੈ ਹੱਥ ਜੋੜ ਗੁਰੂ ਸਾਹਮਣੇ ਬੇਨਤੀ ਕਰਦਾ, ਸੱਚੇ ਪਾਤਿਸ਼ਾਹ ਬਖਸ਼ ਲਈ ਕੈਨੇਡਾ ਜਾਣ ਕਾਰਨ ਵੇਲਣੇ ਵਿਚ ਬਾਂਹ ਦਿੱਤੀ ਏ, ਉਦਾਂ ਤੈਨੂੰ ਪਤਾ ਹੀ ਹੈ ਕਿ ਮੈਂ ਝੂਠ ਅਤੇ ਹੇਰਾਫੇਰੀ ਤੋਂ ਦੂਰ ਹੀ ਰਿਹਾ ਹਾਂ।
ਭੋਗ ਤੋਂ ਬਾਅਦ ਵਿਆਹ ਤੋਂ ਇਕ ਦਿਨ ਪਹਿਲਾਂ ਰਾਤ ਨੂੰ ਸਾਡੇ ਘਰ ਕਾਫੀ ਰੌਣਕ ਹੋ ਗਈ ਮੇਰੇ ਯਾਰ-ਬੇਲੀ ਭੰਗੜੇ ਪਾਉਂਦੇ ਮਸਤ ਹੋਏ ਫਿਰਨ। ਪਰ ਮੇਰੀ ਸ਼ਕਤੀ ਆਪਣੇ ਝੂਠੇ ਵਿਆਹ ਨੂੰ ਸੱਚ ਵਿਚ ਲਕਾਉਣ ਲਈ ਲੱਗੀ ਹੋਈ ਕਾਰਨ ਮੈਨੂੰ ਆਪਣਾ ਸਿਰ ਭਾਰਾ ਜਿਹਾ ਮਹਿਸੂਸ ਹੋਇਆ।
" ਮੇਰਾ ਸਿਰ ਦੁੱਖ ਰਿਹਾ ਹੈ।" ਮੈ ਆਪਣੇ ਯਾਰਾਂ- ਮਿੱਤਰਾਂ ਨੂੰ ਕਿਹਾ, " ਮੈ ਉੱਪਰ ਚੁਬਾਰੇ ਵਿਚ ਸੋਣ ਚੱਲਿਆਂ।"
" ਕਾਕਾ, ਹਰੇ ਪੱਤੇ ਵਾਲੀ ਗੋਲੀ ਲੈ ਲਾ।" ਵਿਆਹ ਵਿਚ ਆਈ ਭਾਪਾ ਜੀ ਦੀ ਭੂਆ ਜੋ ਕੋਲ ਹੀ ਖੜ੍ਹੀ ਸੀ ਬੋਲੀ, " ਝੱਟ ਸਿਰ ਹੱਟ ਜਾਣਾ।"
" ਭੂਆ ਜੀ ਇਹਦਾ ਸਿਰ ਤਾਂ ਵਿਆਹ ਦੇ ਚਾਅ ਵਿਚ ਦੁੱਖਦਾ ਆ।" ਮੇਰਾ ਦੋਸਤ ਬਾਲੀ ਬੋਲਿਆ, " ਕੋਈ ਨਾ ਮਿਤਰਾ, ਭਾਬੀ ਆਉਣ ਦੀ ਦੇਰ ਆ, ਸਭ ਸਿਰ-ਸੁਰ ਠੀਕ ਹੋ ਜਾਣੇ ਆ।"
ਪਰ ਉੁਹਨਾਂ ਨੂੰ ਕੀ ਦੱਸਦਾ ਕਿ ਤੁਹਾਡੀ ਨਕਲੀ ਭਾਬੀ ਦੀ ਡੀਲ ਨੇ ਤਾਂ ਸਿਰ ਦੁੱਖਣ ਲਾਇਆ ਆ। ਉਹ ਸਾਰੇ ਮੇਰੇ ਦੁਆਲੇ ਹੋ ਗਏ ਕਿ ਤੂੰ ਸਾਡੇ ਨਾਲ ਭੰਗੜਾ ਪਾ। ਜੇ ਤੁਹਾਡੀ ਰੂਹ ਖੁਸ਼ੀ ਮਹਿਸੂਸ ਹੀ ਨਹੀ ਕਰਦੀ, ਤੁਸੀ ਨੱਚ ਕਿਵੇ ਸਕਦੇ ਹੋ?ਉਹ ਹੀ ਹਾਲ ਮੇਰਾ ਸੀ ਰੋਣ ਨੂੰ ਚਿਤ ਕਰਦਾ ਹੋਵੇ ਭੰਗੜਾ ਕਿਹੜੇ ਭੜੂਏ ਨੂੰ ਸੁੱਝਦਾ।ਚੰਗੀ ਕਰਨੀ ਨੂੰ ਦਾਦੀ ਜੀ ਆ ਗਏ । ਉਹਨਾਂ ਆਉਂਦਿਆ ਹੀ ਕਿਹਾ, " ਮਨਮੀਤ ਨੂੰ ਤੁਸੀ ਜਾਣ ਦਿਉ, ਵਿਆਹ ਦੇ ਕੰਮਾਂ ਵਿਚ ਕਈ ਦਿਨਾਂ ਦਾ ਨੱਠਾ-ਭੱਜਾ ਫਿਰਦਾ ਹੈ, ਜਾ ਕੇ ਅਰਾਮ ਕਰੇ। ਸਗੋ ਤੁਸੀ ਵੀ ਹੁਣ ਸੋਂਵੋ, ਸਵੇਰੇ ਵੇਲੇ ਸਿਰ ਉੱਠੋਗੇ ਅਤੇ ਟੈਮ ਨਾਲ ਜੰਝ ਵੀ ਚੜੇਗੀ।" ਸਾਰਿਆਂ ਨੇ ਦਾਦੀ ਜੀ ਦੀ ਗੱਲ ਮਨ ਲਈ ਅਤੇ ਥਾਂਉ-ਥਾਂਈ ਸੋਣ ਲਈ ਚੱਲ ਪਏ।
ਚਲਦਾ........