ਕੁੜੀ ਕਨੇਡਾ ਦੀ (ਕਿਸ਼ਤ 4) (ਨਾਵਲ )

ਅਨਮੋਲ ਕੌਰ   

Email: iqbal_it@telus.net
Address:
Canada
ਅਨਮੋਲ ਕੌਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


10

ਘਰ ਪਹੁੰਚ ਕੇ ਦਾਦੀ ਜੀ ਨਾਲ ਅਤੇ ਭਾਪਾ ਜੀ ਨਾਲ ਇਸ ਤਰਾਂ ਗੱਲਾਂ ਕਰਨ ਲੱਗੀ ਜਿਵੇ ਭੂਆ ਜੀ ਦੇ ਜਾ ਕੇ ਬੜੀ ਖੁਸ਼ ਹੋਈ ਹੋਵੇ। ਤਿੰਨਾ ਜਣਿਆ ਨੂੰ ਧਿਆਨ ਨਾਲ ਗੱਲਾਂ ਕਰਦੇ ਦੇਖ ਮੈ ਚੁਬਾਰੇ ਦੀ ਪੌੜੀ ਵੱਲ ਜਾਣ ਲੱਗਾ ਤਾਂ ਦਾਦੀ ਜੀ ਨੇ ਪੁੱਛਿਆ, " ਰੋਟੀ ਨਹੀ ਖਾਣੀ।"
" ਨਹੀ, ਭੂਆ ਜੀ ਦੇ ਖਾ ਕੇ ਹੀ ਆਏ ਹਾਂ।"
" ਦੁੱਧ ਤਾਂ ਪੀਵੇਗਾਂ ਹੀ।" ਦਾਦੀ ਜੀ ਨੇ ਫਿਰ ਕਿਹਾ, " ਪੀ ਕੇ ਹੀ ਉੱਪਰ ਜਾਂਈ।"
" ਅਜੇ ਤਾਂ ਮੇਰਾ ਦਿਲ ਨਹੀ ਕਰਦਾ।" ਮੈ ਕਿਹਾ, " ਸਿਰ ਜਿਹਾ ਦੁੱਖਦਾ।"
" ਤੁਸੀ ਜਦੋਂ ਵੀ ਦੋਨੋ ਇਕੱਲੇ ਬਾਹਰ ਨੂੰ ਜਾਂਦੇ ਹੋ ਤੁਹਾਡਾ aਦੋਂ ਹੀ ਇਕ ਦਾ ਸਿਰ ਦੁੱਖਣ ਲੱਗ ਜਾਦਾਂ।" ਭਾਪਾ ਜੀ ਨੇ ਗੱਲ ਧਿਆਨ ਵਿਚ ਲਿਆਉਂਦੇ ਕਿਹਾ, " ਕੀ ਗੱਲ, ਤੁਹਾਡੇ ਵਿਚ….?
ਮੈਂ ਅਤੇ ਹਰਨੀਤ ਨੇ ਇਕਦਮ ਇਕ ਦੂਜੇ ਵੱਲ ਦੇਖਿਆ।ਮਂੈ ਤਾਂ ਇਸ ਦਾ ਜ਼ਵਾਬ ਸੋਚ ਹੀ ਰਿਹਾ ਸੀ ਕਿ ਹਰਨੀਤ ਬੋਲ ਪਈ, " ਨਹੀ ਭਾਪਾ ਜੀ, ਅਸੀ ਤਾਂ ਇਕੱਠੇ ਬਹੁਤ ਹੀ ਫਨ ਕਰਦੇ ਹਾਂ।"
ਅੱਖਾਂ ਅੱਡੀ ਹੈਰਾਨ ਹੁੰਦਾ ਮੈ ਉਸ ਨੂੰ ਦੇਖ ਰਿਹਾ ਸੀ।ਉਹ ਫਿਰ ਬੋਲੀ, " ਰਾਈਟ, ਮਨਮੀਤ, ਆਪਾਂ ਬਹੁਤ ਫਨ ਕਰਦੇ ਹਾਂ ਨਾ।"
ਮੇਰਾ ਦਿਲ ਕਰੇ ਕਿ ਜ਼ਵਾਬ ਦੇਵਾਂ ਜਿਹੜਾ ਫਨ ਤੂੰ ਮੇਰਾ ਕਰਾ ਰਹੀ ਏ, ਉਸ ਤਰਾਂ ਦਾ ਫਨ ਤਾਂ ਕਿਸੇ ਦੁਸ਼ਮਨ ਦਾ ਵੀ ਨਾ ਹੋਵੇ, ਪਰ ਮਰਦਾ ਕੀ ਨਹੀ ਕਰਦਾ, ਮੈਂ ਵੀ ਹਾਂ ਹਾਂ ਕਰਨ ਲੱਗਾ।
" ਪੁੱਤ ਇਹ ਫਨ ਕੀ ਹੁੰਦਾ ਆ।" ਦਾਦੀ ਜੀ ਵਿਚੋਂ ਹੀ ਬੋਲ ਪਏ, " ਤੁਸੀ ਰਲ ਕੇ ਗਾਂਉਂਦੇ-ਗੌਂਦੇ ਹੋ,ਗਾਉਣ ਨੂੰ ਤਾਂ ਨਹੀ ਫਨ ਕਹਿੰਦੇ।"
"ਅੱਗੇ ਗਾਉਣ ਵਾਲੇ ਘੱਟ ਆ।" ਮੈ ਖਿੱਝ ਕੇ ਕਿਹਾ, " ਤੁਸੀ ਸਾਨੂੰ ਵੀ ਗਾਉਣ ਲਾ ਦਿਉ।"
" ਮਨਮੀਤ, ਤੁਸੀ ਖਿਝਦੇ ਕਿਉਂ ਹੋ।" ਹਰਨੀਤ ਸਿਰੇ ਦੀ ਐਕਟਿੰਗ ਕਰਦੀ ਬੋਲੀ, " ਬੀਜ਼ੀ, ਫਨ ਦਾ ਮਤਲਵ ਹੁੰਦਾ ਹੈ ਕਿ ਅਸੀ ਆਪਸ ਵਿਚ ਬਹੁਤ ਹਾਸਾ-ਮਜ਼ਾਕ ਕਰਦੇ ਹਾਂ।"
" ਪੁੱਤ, ਰਾਜ਼ੀ ਰਹਿ।" ਦਾਦੀ ਜੀ ਨੇ ਹਰਨੀਤ ਨੂੰ ਅਸੀਸ ਦੀਤੀ, " ਤੁਸੀ ਸਾਰੀ ਉਮਰ ਹੀ ਫਨ ਕਰਦੇ ਰਹੋ।"
ਮੇਰਾ ਦਿਲ ਕਰੇ ਕਿ ਉੱਚੀ ਬੋਲ ਕੇ ਕਹਾਂ ਕਿ ਤੁਹਾਨੂੰ ਸਭ ਨੂੰ ਬੁਧੂ ਬਣਾ ਰਹੀ ਏ। aਦੋਂ ਹੀ ਫੋਨ ਵਜ ਪਿਆ, ਮੈਂ ਕਾਹਲੀ ਕਾਹਲੀ ਤੁਰ ਕੇ ਫੋਨ ਚੁੱਕ ਕੇ ਹੈਲੋ ਕਿਹਾ ਤਾਂ ਅੱਗੇ ਬੋਲਣ ਵਾਲੇ ਨੇ ਕਿਹਾ, " ਮੈਂ ਹਰਨੀਤ ਨਾਲ ਗੱਲ ਕਰ ਸਕਦਾਂ।"
" ਤੁਸੀ ਕੌਣ ਬੋਲਦੇ ਹੋ ?"
" ਤੁਸੀ ਹਰਨੀਤ ਨੂੰ ਫੋਨ ਦਿਉ।"
ਮੈਂ ਹਰਨੀਤ ਨੂੰ ਅਵਾਜ਼ ਮਾਰੀ ਤਾਂ ਉਹ  ਇਕ ਤਰਾਂ ਦੌੜਦੀ ਹੋਈ ਫੋਨ ਵੱਲ ਨੂੰ ਆਈ। ਮੈਂ ਕਮਰੇ ਦੇ ਦਰਵਾਜ਼ੇ  ਉਹਲੇ ਹੋ ਕੇ ਗੱਲਾਂ ਸੁਨਣ ਲੱਗਾ। ਹਰਨੀਤ ਦੇ ਬੋਲ ਸੁਣੇ," ਹਾਏ, ਤੂੰ ਇਹ ਫੋਨ ਕਿਥੋਂ ਲਿਆ?...ਅੱਛਾ ਅੱਛਾ ਮੀਨੀ ਤੋਂ…. ਆਈ ਐਮ ਉ..ਕੇ ਡੋਂਟ ਵਰੀ…। ਮੈ ਹੋਰ ਵੀ ਗੱਲਾਂ ਸੁਨਣੀਆਂ ਚਾਹੁੰਦਾ ਸੀ ਕਿ ਭਾਪਾ ਜੀ ਨੇ ਅਵਾਜ਼ ਮਾਰ ਲਈ, " ਮਨਮੀਤ ਕਿਹਦਾ ਫੋਨ ਆ?"
" ਹਰਨੀਤ ਦਾ ਆ।" ਮੈ ਉਹਨਾਂ ਦੇ ਕੋਲ  ਜਾ ਕੇ ਕਿਹਾ, " ਬਾਹਰੋਂ ਲੱਗਦਾ ਹੈ।"
" ਹਰਨੀਤ ਦੀ ਕੋਈ ਸਹੇਲੀ ਹੋਵੇਗੀ।" ਦਾਦੀ ਜੀ ਦੁੱਧ ਵਾਲਾ ਸਟੀਲ ਦਾ ਪਤੀਲਾ ਗੈਸ ਉੱਪਰ ਰੱਖਦੇ ਬੋਲੇ, " ਚੰਗੇ ਸੁਭਾਅ ਵਾਲਿਆਂ ਨੂੰ ਸਭ ਯਾਦ ਕਰਦੇ ਨੇ, ਸਹੇਲੀ ਕਹਿੰਦੀ ਹੋਣੀ ਆ ਤੂੰ ਸੁਹਰਿਆਂ ਦੇ ਜਾ ਕੇ ਮੈਨੂੰ  ਭੁੱਲ ਹੀ ਗਈ।"
ਦਾਦੀ ਜੀ ਜੋ ਆਪਣੇ ਕੋਲੋਂ ਅੰਦਾਜ਼ੇ ਲਾ ਰਹੇ ਸਨ, ਮੈਨੂੰ ਉਹਨਾਂ ਤੇ ਵੀ ਗੁੱਸਾ ਚੜ੍ਹ ਰਿਹਾ ਸੀ। ਕਹਿਣ ਹੀ ਲੱਗਾ ਸੀ ਕਿ ਸਹੇਲੀ ਨਹੀ ਸੁਹੇਲਾ ਹੈ, ਪਰ ਮੇਰੀ ਨਿਗਾਹ ਸਾਹਮਣੀ ਕੰਧ ਉੱਪਰ ਲੱਗੇ ਕਲੰਡਰ ਤੇ ਚਲੀ ਗਈ।  ਵੈਨਕੂਵਰ ਸ਼ਹਿਰ ਦੀ ਬਹੁਤੀ ਸੋਹਣੀ ਦਿਖ ਪੇਸ਼ ਕਰਦੇ ਇਸ ਕਲੰਡਰ ਨੇ ਮੈਨੂੰ ਕੈਨੇਡਾ ਦਾ ਚੇਤਾ ਕਰਾ ਦਿੱਤਾ, ਤਾਂ ਗੁੱਸਾ ਆਪਣੇ ਆਪ ਹੀ ਸ਼ਾਤੀ ਵਿਚ ਬਦਲ ਗਿਆ।ਮੈ ਨਿਢਾਲ ਅਜਿਹਾ ਹੋ ਫਿਰ ਪੌੜੀ ਵੱਲ ਨੂੰ ਤੁਰ ਪਿਆ।
" ਦੁੱਧ ਗਰਮ ਹੋ ਗਿਆ ਆ।" ਦਾਦੀ ਜੀ ਨੇ ਫਿਰ ਕਿਹਾ, " ਪੀ ਕੇ ਹੀ ਜਾਂਈ।"
ਮੈ ਉਹਨਾਂ ਨੂੰ ਅਣਸੁਣੇ ਕਰਦਾ ਪੌੜ੍ਹੀਆਂ ਚੜ੍ਹਨ ਲੱਗਾ ਤਾਂ ਪਿਛੌਂ ਹਰਨੀਤ ਦੀ ਅਵਾਜ਼ ਸੁਣੀ, " ਬੀਜ਼ੀ, ਮੈ ਲੈ ਜਾਵਾਂਗੀ ਇਹਨਾਂ ਲਈ ਦੁੱਧ।"
ਆਪਣੇ ਕਮਰੇ ਵਿਚ ਜਾ ਕੇ ਕੁਰਤਾ-ਪੁਜਾਮਾ ਹੀ ਪਾਇਆ ਸੀ ਕਿ ਕਮਰੇ ਦੇ ਬੰਦ ਦਰਵਾਜ਼ੇ ਨੂੰ ਕਿਸੇ ਨੇ ਖੜਕਾਇਆ। ਮੇਰੇ ਜੈਸ ਕਹਿਣ 'ਤੇ ਹਰਨੀਤ ਦੁੱਧ ਦਾ ਗਿਲਾਸ ਲੈ ਅੰਦਰ ਆਈ।ਉਸ ਨੇ ਸੋਫੇ ਦੇ ਸਾਹਮਣੇ ਪਏ ਮੇਜ਼ ਤੇ ਗਿਲਾਸ ਰੱਖ ਦਿੱਤਾ ਅਤੇ ਆਪ ਸੋਫੇ ਤੇ ਬੈਠਦੀ ਬੋਲੀ, " ਦੁੱਧ ਪੀ ਲਉ।" ਉਸ ਦੇ ਪਿਆਰ ਭਰੇ ਵਿਵਹਾਰ ਨੂੰ ਦੇਖਦੇ ਹੈਰਾਨ ਹੁੰਦੇ, ਉਹਦੇ ਵਾਂਗ ਹੀ ਕਿਹਾ, 'ਥੈਂਕਸ', ਪਰ ਨਾਲ ਹੀ ਪੰਜਾਬੀ ਵਿਚ ਵੀ ਕਿਹਾ, " ਇਹ ਏਨੀ ਵੱਡੀ ਮਿਹਰਬਾਨੀ ਕਿਵੇ ਕਰ ਦਿੱਤੀ।"
" ਤੁਸੀ ਵੀ ਤਾਂ ਕਈ ਵਾਰੀ ਡਾਊਨ ਸਟੇਅਰ ਤੋਂ ਮੈਨੂੰ ਚੀਜ਼ਾ ਲਿਆ ਹੀ ਦਿੰਦੇ ਹੋ।" 
ਉਸ ਦਾ ਚੰਗਾ ਮੂਡ ਦੇਖ ਕੇ ਮੈ ਪੁੱਛ ਲਿਆ, " ਫੋਨ, ਤੁਹਾਡੇ ਬੁਆਏ ਫਰੈਂਡ ਦਾ ਸੀ।"
" ਹਾਂ ਜੀ।" ਉਸ ਨੇ ਮੁਸਕ੍ਰਾ ਕੇ ਦੱਸਿਆ, " ਉਹ ਪੰਜਾਬ ਆ ਰਿਹਾ ਆ।"
ਮਨ ਵਿਚ ਇਕ ਦਮ ਗਾਲ ਨਿਕਲ ਗਈ 'ਇਹਦੀ ਭੈਣ…" ਪਰ ਜ਼ਬਾਨ ਨੇ ਇੰਨਾ ਹੀ ਕਿਹਾ, " ਕਿਉਂ?
" ਉਹ ਮੈਨੂੰ ਮਿਲਣ ਆ ਰਿਹਾ ਹੈ।ਸੈਡ ਫੀਲ ਕਰਦਾ ਹੈ"
" ਤੁਸੀ ਛੇਤੀ ਤਾਂ ਚਲੇ ਜਾਣਾ ਏ। ਫਿਰ ਇਸ ਮਾਂ ਦੇ ਜਾ… ਨੂੰ ਉਦਾਸੀ ਕਾਹਦੀ।"
" ਤੁਸੀ ਉਸ ਨੂੰ ਗਾਲ ਕੱਢਣ ਲੱਗੇ ਸੀ।"
"ਨਹੀ ਨਹੀ।" ਮੈ ਫਿਰ ਝੂਠ ਬੋਲਿਆ, " ਮੇਰਾ ਮਤਲਵ ਮਾਂ ਦੇ ਸਨ ਨੂੰ ਉਦਾਸੀ ਕਿਉਂ ਆ।"
" ਉਹ ਕਹਿ ਰਿਹਾ ਸੀ ਬਹੁਤ ਦੇਰ ਹੋ ਗਈ ਤੈਂਨੂੰ ਦੇਖਿਆ ਨਹੀ।"
" ਕੈਨੇਡਾ ਵਿਚ ਤੁਸੀ ਰੋਜ਼ ਮਿਲਦੇ ਸੀ। ਕਿੱਥੇ ਮਿਲਦੇ ਸੀ"?
" ਤੁਹਾਡੇ ਸਵਾਲਾਂ ਦੇ ਜ਼ਵਾਬ ਦੇਣ ਨਹੀ ਆਈ।" ਮੇਰੇ ਇਸ ਸਵਾਲ 'ਤੇ ਥੌੜ੍ਹਾ ਖਿਝ ਕੇ ਬੋਲੀ, "  ਮੈਂ ਤੁਹਾਡੇ ਤੋਂ ਇਕ ਫੇਵਰ ਲੈਣ ਆਈ ਹਾਂ।"
ਮੇਰੇ ਦਿਮਾਗ ਨੇ ਮੈਨੂੰ ਕਿਹਾ ਸੰਭਲ ਜਾਹ, ਅੱਗੇ ਡੀਲ ਵਿਚ ਫਸ ਗਿਆ, ਹੁਣ ਫੇਵਰ ਵਿਚ ਨਾ ਫਸ ਜਾਂਈ, ਪਰ ਕਹਿੰਦੇ ਨੇ ਨਾ ਕਿ ਜੇ ਉੱਖਲੀ ਵਿਚ ਸਿਰ ਦਿੱਤਾ ਤਾਂ ਫਿਰ ਮੋਹਿਲਆਂ ਦਾ ਕੀ ਡਰ ਇਹ ਸੋਚ ਕੇ ਮੈ ਕਹਿ ਹੀ ਦਿੱਤਾ , " ਕਿਸ ਗੱਲ ਲਈ ਫੇਵਰ ਚਾਹੀਦੀ ਏ?"
" ਮੈ ਉਸ ਨੂੰ ਮਿਲਣ ਜਾਣਾ ਹੈ।"
ਦੁੱਧ ਲਿਆਉਣ ਦੇ ਮਕਸਦ ਦਾ ਪਤਾ ਲੱਗਦੇ ਹੀ ਮੈ ਖਿਝ ਗਿਆ ਅਤੇ  ਜਾਉ ਦੇ ਥਾਂ ਇਕਦਮ ਮੇਰੇ ਮੂੰਹ ਵਿਚੋਂ ਨਿਕਲਿਆ, 'ਜਾਹ।"
" ਮੈ ਇਕੱਲੀ ਨੇ ਥੌੜ੍ਹਾ ਜਾਣਾ।"
" ਹੋਰ ਪੰਚਾਇਤ ਲੈ ਕੇ ਜਾਣੀ ਆ।" ਮੈ ਆਪਣੇ ਗੁੱਸੇ ਨੂੰ ਵਸ ਵਿਚ ਕਰਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਸੀ, ਫਿਰ ਵੀ ਗੁੱਸੇ ਭਰੇ ਬੋਲ ਨਿਕਲੇ, " ਇਹ ਗੱਲ ਆਪਣੀ ਡੀਲ ਦਾ ਹਿੱਸਾ ਨਹੀ, ਇਸ ਲਈ ਮੈਂ ਇਹ ਗੱਲਾਂ ਸੁਣਨੀਆਂ ਨਹੀ ਚਾਹੁੰਦਾ।" 
" ਤੁਸੀ ਮੇਰੇ ਨਾਲ ਜਾ ਨਹੀ ਸਕਦੇ?"
" ਤੁਸੀ ਇਕੱਲੇ ਕਿਉਂ ਨਹੀ ਜਾਂਦੇ?"
" ਮੇਰੇ ਪੇਰੈਂਟਸ ਨੇ ਪੁੱਛਣਾ ਨਹੀ, ਤੂੰ ਕਿੱਥੇ ਜਾ ਰਹੀ ਏ ਇਕੱਲੀ?"
" ਜਾਣਾ ਕਿੱਥੇ ਆ?" ਪਤਾ ਨਹੀ ਇਹ ਕਿਵੇ ਮੇਰੇ ਮੂੰਹ ਵਿਚੋਂ ਨਿਕਲ ਗਿਆ, " ਕਿਹੜੀ ਜਗਹ ਮਿਲਣਾ ਚਾਹੁੰਦੇ ਹੋ?"
" ਜਲੰਧਰ, ਦੇ ਕੋਲ ਹਵੇਲੀ ਰਸੈਟੋਰੈਂਟ ਵਿਚ।"
" ਕਿਸ ਦਿਨ"?
" ਨਕੈਸ ਸੰਡੇ।"
" ਤੁਹਾਡਾ ਮਤਲਵ, ਪਰਸੋਂ ਨੂੰ।"
" ਜੈਸ।" ਉਸ ਨੇ ਖੁਸ਼ ਹੁੰਦੇ ਕਿਹਾ, " ਤੁਸੀ ਸਕੂਟਰ ਤੇ ਹੀ ਮੈਨੂੰ ਲਿਜਾ ਸਕਦੇ ਹੋ।"
" ਪਰ ਤੁਸੀ ਤਾਂ ਕੱਲ ਨੂੰ ਆਪਣੇ ਡੈਡੀ ਨਾਲ ਜਾ ਰਹੇ ਹੋ।"
" ਤੁਸੀ ਸੰਡੇ ਨੂੰ ਸਾਡੇ ਪਿੰਡ ਆ ਜਾਣਾ ਤੇ ਮੈਨੂੰ ਪਿਕ ਕਰ ਲੈਣਾ।ਰੁਕਨ ਨੂੰ ਤਾਂ ਮੈ ਤੁਹਾਡੇ ਕੋਲ ਵੀ ਰੁਕ ਸਕਦੀ ਹਾਂ, ਪਰ ਆਪਣੇ ਮਾਮੇ ਦੀਆਂ ਕੁੜੀਆਂ ਨਾਲ ਲੁਧਿਆਣੇ ਜਾਣਾ ਆ।"
" ਮਾਮੇ ਦੀਆਂ ਕੁੜੀਆਂ ਜਲੰਧਰ ਨਹੀ ਤੁਹਾਡੇ ਨਾਲ ਜਾ ਸਕਦੀਆਂ।"
" ਜੂ ਡੂ ਨੋਟ ਅੰਡਰਸਟੈਂਡ।" ਉਸ ਨੇ ਆਪਣੀਆਂ ਅੱਖਾਂ ਅਤੇ ਹੱਥਾ ਨੂੰ ਗੋਲ ਜਿਹੇ ਘੁੰਮਾਉਂਦੇ ਕਿਹਾ, " ਮੈਂ ਡੀਲ ਵਿਚ ਕਿਹਾ ਸੀ ਕਿ ਇਸ ਗੱਲ ਦਾ ਸੀਕਰਟ ਤੁਹਾਡੇ ਅਤੇ ਮੇਰੇ ਵਿਚ ਹੀ ਆ।"
ਦਿਲ ਤਾਂ  ਕਰੇ ਇਕ ਥੱਪੜ ਮਾਰਾਂ, ਗੁੱਸੇ- ਗਿਲੇ ਵੀ ਆਪਣਿਆ ਨਾਲ ਹੀ ਹੁੰਦੇ ਨੇ, ਪਰ ਇਹ ਮੇਰੀ ਲੱਗਦੀ ਵੀ ਕੀ ਆ। ਇਸ ਲਈ ਉਹਦੀ ਬੋਲੀ ਵਿਚ ਹੀ ਕਹਿ ਦਿੱਤਾ, " ਉ.ਕੇ ਪਰਸੋਂ ਨੂੰ ਮੈ ਤੁਹਾਡੇ ਪਿੰਡ ਆ ਜਾਵਾਂਗਾ।"
" ਰਿਮੈਂਵਰ, ਈਲਵੈਨ aੁ ਕਲਾਕ ਪਹੁੰਚ ਜਾਣਾ।" ਇਹ ਕਹਿੰਦੀ ਹੋਈ ਸੋਫੇ ਤੋਂ, ਖੁਸ਼ੀ ਵਿਚ ਇਕ ਤਰਾਂ ਛਾਲ ਮਾਰਦੀ ਉੱਠੀ ਅਤੇ ਥੈਂਕਸ ਕਹਿੰਦੀ ਹੋਈ ਇਕਦਮ ਕਮਰੇ ਵਿਚੋਂ ਬਾਹਰ ਚਲੀ ਗਈ। ਮਂੈ ਠੰਡੇ ਹੋ ਚੁੱਕੇ ਦੁੱਧ ਦੇ ਗਿਲਾਸ ਨੂੰ ਮੂੰਹ  ਲਾ ਇਸ ਤਰਾਂ ਪੀਣ ਲੱਗਾ ਜਿਵੇ ਕੋਈ ਮੈਚ ਹਾਰ ਚੁੱਕਾ ਆਦਮੀ ਪਾਣੀ ਪੀਂਦਾ ਹੈ।

11


      
ਐਤਵਾਰ ਵਾਲੇ ਦਿਨ ਮੈਂ ਸਵੇਰੇ ਹੀ ਉੱਠਿਆ ਅਤੇ ਛੇਤੀ ਹੀ ਨਹਾ ਕੇ ਤਿਆਰ ਹੋ ਗਿਆ। ਚੁਬਾਰੇ ਦੀਆਂ ਪੌੜੀਆਂ ਉਤਰ ਵਿਹੜੇ ਵਿਚ ਦੀ ਲੰਘਦਾ ਹੋਇਆ ਰਸੌਈ ਵਿਚ ਗਿਆਂ ਤਾਂ ਦੇਖਾਂ ਦਾਦੀ ਜੀ ਮੂਲੀਆਂ ਵਾਲੇ ਪਰੌਂਠੇ ਬਣਾ ਰਹੇ ਸੀ । ਰਾਣੋ ਰਾਤ ਦੇ ਪਏ ਜੂਠੇ ਭਾਡੇ ਮਾਜ਼ ਰਹੀ ਸੀ।ਮੈਨੂੰ ਦੇਖਦੇ ਸਾਰ ਹੀ ਦਾਦੀ ਜੀ ਨੇ ਪੁੱਛਿਆ, " ਕਿਤੇ ਜਾ ਰਿਹਾ ਏ?"
" ਹਰਨੀਤ ਦੇ ਪਿੰਡ ਨੂੰ ਜਾਣਾ ਆ।" ਮੇਰੀ ਗੱਲ ਸੁਣ ਕੇ ਰਾਣੋ ਜ਼ੋਰ ਦੀ ਹੱਸਦੀ ਬੋਲੀ, " ਬੀਬੀ ਜੀ, ਦੇਖ ਲਉ, ਅੱਜਕੱਲ ਦੇ ਮੁੰਡੇ ਕਿਵੇ ਝੱਟ ਵਹੁਟੀ ਦੇ ਗੁਲਾਮ ਬਣ ਜਾਂਦੇ ਨੇ, ਕੱਲ ਅਜੇ ਉਹ ਗਈ ਤੇ ਅੱਜ ਇਹ ਉਹਦੇ ਮਗਰ ਚੱਲਿਆ ਵਾ।" ਰਾਣੋ ਦੀ ਇਸ ਗੱਲ ਦਾ ਜ਼ਵਾਬ ਮੇਰੇ ਕੋਲ ਨਹੀ ਸੀ, ਸਗੋਂ ਸ਼ਰਮਿੰਦਗੀ ਅਜਿਹੀ ਮਹਿਸੂਸ ਹੋਈ।ਸ਼ਰਮਿੰਦਗੀ ਉਸ ਵੇਲੇ ਥੌੜ੍ਹੀ ਦੂਰ ਵੀ ਹੋ ਗਈ ਜਦੋਂ ਦਾਦੀ ਜੀ ਨੇ ਮੁਸਕਰਾ ਕੇ ਕਿਹਾ, " ਰਾਣੋ, ਮੈਨੂੰ ਤਾਂ ਇਹ ਗੱਲ ਗੁਲਾਮੀ ਵਾਲੀ ਨਹੀ ਲੱਗਦੀ, ਸਗੋਂ ਪਿਆਰ ਦਿਸਦਾ ਹੈ ਕਿ ਦੋਹਾਂ ਦਾ ਇਕ ਦੂਜੇ ਤੋਂ ਬਗ਼ੈਰ ਰਹਿਣਾ ਕਿੰਨਾ ਔਖਾ ਹੈ, ਵਾਹਿਗੁਰੂ ਇਹਨਾਂ ਦਾ ਪਿਆਰ ਇਸ ਤਰਾਂ ਹੀ ਬਣਾਈ ਰੱਖੇ।" 
" ਹਾਂ ਜੀ, ਬੀਜ਼ੀ, ਅਸੀ ਅੱਜ ਜਲੰਧਰ ਨੂੰ ਜਾਣਾ ਹੈ।"
ਰਾਣੋ ਆਪਣੀ ਆਦਤ ਤੋਂ ਮਜ਼ਬੂਰ ਹੁੰਦੀ ਫਿਰ ਬੋਲੀ, " ਮਨਮੀਤ, ਹਰਨੀਤ ਨੂੰ ਤੂੰ ਫਿਲਮ ਦਿਖਾਉਣ ਤਾਂ ਨਹੀ ਚੱਲਿਆ, ਜਦੋਂ ਸਾਡਾ ਵਿਆਹ ਹੋਇਆ ਸੀ, ਕਾਕੇ ਦੇ ਭਾਪੇ ਨੇ ਮੈਨੂੰ ਫਿਲਮ ਦਿਖਾਈ ਸੀ।"
" ਅੱਛਾ, ਰਾਣੋ।" ਮੈ ਹਸਾਉਣ ਲਈ ਕਿਹਾ, " ਦੇਖ ਲੈ ਕਾਕੇ ਦੇ ਭਾਪੇ ਨੇ ਕਿਡਾ ਵੱਡਾ ਕੰੰਮ ਕੀਤਾ, ਰਾਂਝੇ ਨੇ ਤਾਂ ਹੀਰ ਨੂੰ ਕੋਈ ਫਿਲਮ ਨਾ ਦਿਖਾਈ, ਪਰ ਕਾਕੇ ਦੇ ਭਾਪੇ ਨੇ ਤੈਂਨੂੰ ਦਿਖਾ ਦਿੱਤੀ। ਕੀ ਨਾਮ ਸੀ ਫਿਲਮ ਦਾ?"
ਦਾਦੀ ਜੀ ਹੱਸ ਪਏ ਅਤੇ ਰਾਣੋ ਬੋਲੀ, " ਸੜ ਜਾਣਾ ਕੀ ਨਾਂ ਸੀ, ਚੇਤਾ ਹੀ ਭੁੱਲ ਗਿਆ, ਨਾਲੇ ਮਨਮੀਤ  ਮੈਨੂੰ  ਟਿਚਰਾਂ ਨਾ ਕਰਿਆ ਕਰ।"
" ਮੈ ਤਾਂ ਤੈਂਨੂੰ ਕੋਈ ਟਿਚਰ ਨਹੀ ਕੀਤੀ, ਸੱਚਾਈ ਦੱਸੀ ਆ।"
" ਕਾਕਾ, ਪਰੌਂਠਾ ਖਾ ਲੈ।" ਦਾਦੀ ਜੀ ਵਿਚੋਂ ਹੀ ਬੋਲੇ, " ਜਿੱਥੇ ਜਾਣਾ ਹੈ ਜਾਹ, ਐਂਵੀ  ਨਾ ਰਾਣੋ ਨਾਲ ਮੱਥਾ ਲਾਇਆ ਕਰ।"
ਦਹੀਂ ਨਾਲ ਮੂਲੀਆਂ ਵਾਲੇ ਪਰੌਂਠੇ ਖਾ ਕੇ ਸਕੂਟਰ ਨੂੰ ਕਿਕ ਲਾ ਹਰਨੀਤ ਦੇ ਪਿੰਡ ਨੂੰ ਤੁਰਨ ਲੱਗਾ ਤਾਂ ਦਾਦੀ ਜੀ ਬੋਲੇ, " ਪੁੱਤ, ਧੁੰਦ ਆ, ਧਿਆਨ ਨਾਲ ਸਕੂਟਰ ਚਲਾਈ।"
ਧੁੰਦ ਅਤੇ ਠੰਡ ਵਿਚ ਮੇਰੇ ਹੱਥ- ਪੈਰ ਸੁੰਨ ਹੋ ਰਹੇ ਸੀ, ਫਿਰ ਵੀ ਹਰਨੀਤ ਦੀ ਇਛਾ ਪੂਰੀ ਕਰਨ ਜਾ ਰਿਹਾ ਸੀ। ਇੱਛਾਵਾ ਬੰਦੇ ਨੂੰ  ਦੁਖੀ  ਵੀ ਕਰਦੀਆਂ ਨੇ। ਸਕੂਟਰ ਦੜੌਂਦਾ ਮੈ ਇਹ ਗੱਲ ਸੋਚ ਰਿਹਾ ਸੀ ਜੇ ਤਾਂ ਪੂਰੀਆਂ ਹੋ ਜਾਣ ਤਾਂ ਨਿਆਰੇ-ਬਲਿਹਾਰੇ, ਜੇ ਨਾ ਪੂਰੀਆਂ ਹੋਣ ਤਾਂ ਦੁੱਖ ਤੋਂ ਬਿਨਾਂ ਕੁੱਝ ਹੱਥ ਨਹੀ ਆਉਂਦਾ,  ਮਹਾਤਮਾ ਬੁੱਧ ਜੀ ਨੇ ਵੀ ਕਿਹਾ ਕਿ ਇੱਛਾਵਾ ਹੀ ਬੰਦੇ ਦੇ  ਦੁੱਖ ਦਾ ਕਾਰਨ ਬਣਦੀਆਂ, ਪਰ ਬੰਦੇ ਦੀ ਨਸਲ ਲਈ ਇਛਾਵਾਂ ਛੱਡਣੀਆਂ ਬਹੁਤ ਔਖੀਆਂ ਨੇ, ਹੁਣੇ ਹੀ ਦੇਖ ਲਉ, ਮੈ ਕੈਨੇਡਾ ਜਾਣ ਦੀ ਇੱਛਾ ਵਿਚ ਕਿਹੜੇ ਢੋਣੇ ਢੋ ਰਿਹਾ ਹਾਂ।
   ਹਰੇ ਲੋਹੇ ਦੇ ਗੇਟ ਦੀ ਘੰਟੀ ਵਜਾਈ ਹੀ ਸੀ ਕਿ ਹਰਨੀਤ ਦੌੜੀ ਆਈ। ਉਸ ਨੇ ਅੱਜ ਪੈਂਟ ਅਤੇ ਜੈਕਟ ਪਾਈ ਹੋਈ ਸੀ, ਬਿਲਕੁਲ ਤਿਆਰ-ਬਰ ਤਿਆਰ ਸੀ।ਉਸ ਦੇ ਮੂੰਹ ਤੋਂ ਲੱਗ ਰਿਹਾ ਸੀ ਕਿ ਉਹ ਹੁਣੇ ਹੀ ਤੁਰਨਾ ਚਾਹੁੰਦੀ ਏ, ਪਰ aਦੋਂ ਹੀ ਉਸ ਦੀ ਮੱਮੀ ਆ ਗਈ। ਮਂੈ ਵੀ ਐਕਟਿੰਗ ਕਰਦਾ ਉਸ ਦੇ ਗੋਡਿਆ ਵੱਲ ਨੂੰ ਝੁੱਕਿਆ ਤਾਂ ਉਸ ਨੇ ਥੈਂਕਉ ਦੇ ਨਾਲ ਅੰਦਰ ਆਉਣ ਲਈ ਵੀ ਕਿਹਾ। ਉਸ ਨੇ ਕੋਠੀ ਦੀ ਵੱਡੀ ਬੈਠਕ ਵੱਲ ਇਸ਼ਾਰਾ ਕਰਦੇ ਕਿਹਾ, "ਹਰਨੀਤ, ਮਨਮੀਤ ਨੂੰ ਲਿਵਇੰਗ ਰੂਮ ਵਿਚ ਲੈ ਜਾ, ਮੈ ਚਾਹ ਲੈ ਕੇ ਆਉਂਦੀ ਹਾਂ।" ਉਸ ਦਿਨ ਮੈਨੂੰ ਪਤਾ ਲੱਗਾ ਕਿ ਕੈਨੇਡਾ ਵਿਚ ਬੈਠਕ ਨੂੰ ਲਿਵਇੰਗ ਰੂਮ ਕਹਿੰਦੇ ਹੋਣਗੇ।ਵੱਡੇ ਵਿਹੜੇ ਵਿਚ ਖੜ੍ਹੀ ਕਾਰ ਦੇ ਖੱਬੇ ਪਾਸੇ ਇਸ ਕੋਠੀ ਦੀ ਬੈਠਕ ਫਿਕੇ ਹਰੇ ਰੰਗ ਦੇ ਰੋਗਨ ਵਿਚ ਸਜੀ ਪਈ ਸੀ।ਬੈਠਕ ਦੇ ਅੱਗੇ ਛੋਟੀ ਗੈਲਰੀ ਵਿਚ ਮਨੀ ਪਲਾਂਟ ਦੀ ਵੇਲ ਉਤਾਂਹ ਤੱਕ ਆਪਣੀਆਂ ਟਾਹਣੀਆਂ ਫਲਾਈ ਬੈਠੀ ਸੀ। ਬੈਠਕ ਤੋਂ ਬਣੇ ਲੀਵਇੰਗ ਰੂਮ ਵਿਚ ਪਏ ਸੋਫੇ 'ਤੇ ਉੱਪਰ ਬੈਠਣ ਹੀ ਲੱਗਾ ਸੀ ਕਿ ਹਰਨੀਤ ਬੋਲੀ, " ਤੁਹਾਡਾ ਮੂੰਹ ਕਿਨਾ ਰੈਡ ਜਿਹਾ ਹੋਇਆ ਆ।"
" ਇੰਨੀ ਠੰਡ ਵਿਚ ਸਕੂਟਰ ਚਲਾ ਕੇ ਲਿਆਇਆ ਹਾਂ,ਮੂੰਹ ਨੇ ਤਾਂ ਲਾਲ ਹੋਣਾ ਹੀ ਸੀ।" ਇਹ ਜਵਾਬ ਦੇ ਕੇ ਮਂੈ ਸੋਚ ਰਿਹਾ ਸੀ ਕਿ ਸ਼ੁਕਰ, ਇਸ ਦਾ ਧਿਆਨ ਮੇਰੇ ਮੂੰਹ ਵੱਲ ਵੀ ਗਿਆ।
" ਅੈਨੀਵੇ, ਥੈਂਕਊ, ਠੰਡ ਵਿਚ ਸਕੂਟਰ ਚਲਾਉਣ ਦਾ।" ਉਸ ਨੇ ਇਕਦਮ ਕਿਹਾ , "ਹੁਣ ਚਾਹ ਛੇਤੀ  ਪੀ ਲਇਉ।"
  " ਮੈ ਪੀਂਦਾ ਹੀ ਨਹੀ।" ਮੈਂ ਉਸ ਦੇ ਮੂੰਹ ਵੱਲ ਝਾਕ ਦੇ ਕਿਹਾ, " ਮੈਨੂੰ ਪਤਾ ਹੈ ਤੁਹਾਨੂੰ ਆਪਣੇ ਸੁਹੇਲੇ ਨੂੰ ਮਿਲਣ ਦੀ ਕਾਹਲੀ ਹੈ।"
" ਸੁਹੇਲਾ ਨਹੀ ਹੁੰਦਾ, ਬੁਆਏ ਫਰੈਂਡ ਹੁੰਦਾ।"
ਪਹਿਲਾਂ ਤਾਂ ਮੇਰੇ ਦਿਲ ਵਿਚ ਆਇਆ ਕਿ ਕਹਾਂ ਪੰਜਾਬੀਆ ਦੀ ਬੋਲੀ ਵਿਚ ਯਾਰ ਵੀ ਹੁੰਦਾ ਏ, ਪਰ ਮੈ ਸੱਭਿਅਕ ਬਣਦੇ ਇੰਨਾ ਹੀ ਕਿਹਾ," ਪੰਜਾਬੀ ਵਿਚ ਸੁਹੇਲਾ ਹੀ ਹੁੰਦਾ ਹੈ।" 
ਉਸ ਨੇ ਆਪਣੀ ਮੱਮੀ ਨੂੰ ਆਉਂਦੇ ਦੇਖਿਆ ਤਾਂ ਆਪਣੇ ਸੱਜੇ ਹੱਥ ਦੀ ਪਹਿਲੀ ਉਂਗਲ ਬੁੱਲਾਂ 'ਤੇ ਰੱਖ ਕੇ ਛੀ.ਛੀ..ਈ. ਕਿਹਾ।
ਉਸ ਦੀ ਮੱਮੀ ਨੇ ਕੱਪ ਵਿਚ ਚਾਹ ਪਾਉਂਦੇ ਹਰਨੀਤ ਨੂੰ ਪੁੱਛਿਆ, " ਤੂੰ ਚਾਹ ਪੀਣੀ ਆ?"
" ਨਹੀ।" ਉਸ ਨੇ ਕਾਹਲੀ ਨਾਲ ਕਿਹਾ, " ਮਨਮੀਤ ਨੂੰ ਪਿਲਾ ਦਿਉ।"
" ਕੋਈ ਨਹੀ ਮੈ ਆਪੇ ਹੀ ਪੀ ਲਵਾਂਗਾ।" ਮੈਂ ਵਿਚੋਂ ਹੀ ਹੱਸ ਕੇ ਬੋਲਿਆ, " ਵੈਸੇ ਚਾਹ ਤਾਂ ਮੈਨੂੰ ਚਾਹੀਦੀ ਹੀ ਸੀ, ਸਕੂਟਰ 'ਤੇ ਆਉਂਦਿਆਂ ਠੰਡੀ ਹਵਾ ਨੇ ਬਸ ਹੀ ਕਰਾ ਦਿੱਤੀ ।"
" ਮੈ ਤਾਂ ਹਰਨੀਤ ਨੂੰ ਕਿਹਾ ਸੀ ਕਿ ਡਰਾਈਵਰ ਤੁਹਾਨੂੰ ਜਲੰਧਰ ਨੂੰ ਲੈ ਜਾਵੇਗਾ।" ਹਰਨੀਤ ਦੀ ਮੱਮੀ ਨੇ ਦੱਸਿਆ, " ਪਰ ਹਰਨੀਤ ਕਹਿੰਦੀ ਕਿ ਅਸੀ ਦੋਵਾਂ ਨੇ ਹੀ ਜਾਣਾ ਹੈ।"
" ਮੱਮੀ, ਅਸੀ ਪੰਜਾਬ ਵਿਚ ਦੋਨਾਂ ਨੇ ਥੌੜ੍ਹੇ ਦਿਨ ਹੀ ਤਾਂ ਇਕੱਠਿਆ ਰਹਿਣਾ ਹੈ।" ਹਰਨੀਤ ਬੋਲੀ, " ਫਿਰ ਮੈਂ ਕੈਨੇਡਾ ਚਲੇ ਜਾਣਾ ਹੈ, ਇਹ ਇੱਥੇ ਰਹਿਣਗੇ।"
" ਇਸ ਕਰਕੇ ਤਾਂ ਮੈ ਡਰਾਈਵਰ ਨੂੰ ਰੋਕ ਦਿੱਤਾ।" ਮੱਮੀ ਨੇ ਮੁਸਕ੍ਰਾ ਕੇ ਕਿਹਾ, " ਤੁਸੀ ਦੋਵੇ ਜਿਵੇ ਮਰਜ਼ੀ ਘੁੰਮੋ-ਫਿਰੋ।"
" ਵੈਸੇ ਤੁਹਾਡੇ ਵਲੋਂ ਦਿੱਤਾ ਸੁਜੈਸ਼ਨ(ਸੁਝਾਅ) ਮੈ ਮਨਮੀਤ ਨੂੰ ਵੀ ਦੱਸਿਆ ਸੀ।" ਹਰਨੀਤ ਫਿਰ ਬੋਲੀ, " ਇਹ ਕਹਿੰਦੇ ਆਪਾਂ ਦੋਵੇ ਹੀ ਚਲਦੇ ਹਾਂ।"
ਹਰਨੀਤ ਦੀ ਇਹ ਗੱਲ ਸੁਣ ਕੇ ਚਾਹ ਪੀਂਦੇ ਨੂੰ ਉਥੂ ਆ ਗਿਆ, ਅੱਧਪੀਤਾ ਚਾਹ ਦਾ ਕੱਪ ਮੈ ਇਕਦਮ ਮੇਜ਼ ਉੱੱਪਰ ਰੱਖ ਦਿੱਤਾ ਅਤੇ ਜੈਕਟ ਦੀ ਜੇਬ ਵਿਚੋਂ ਰੁਮਾਲ ਕੱਢ ਕੇ ਮੂੰਹ ਅੱਗੇ ਰੱਖਿਆ।
" ਮਨਮੀਤ ਕੀ ਗੱਲ ਹੋਈ?" ਉਸ ਦੀ ਮੱਮੀ ਨੇ ਪੁੱਛਿਆ, " ਪਾਣੀ ਲਿਆਈਏ।"
" ਨਹੀ, ਕੋਈ ਗੱਲ ਨਹੀ।" ਮੈ ਆਪਣਾ ਗਲਾ ਸਾਫ ਕਰਦੇ ਕਿਹਾ, " ਖੰਘ ਜਿਹੀ ਆ ਗਈ ।"
" ਹੋਰ ਚਾਹ ਪਾ ਕੇ ਦੇਵਾਂ?" ਮੱਮੀ ਨੇ ਪੁੱਛਿਆ, " ਬਰਫੀ ਲੈ ਲਵੋ।"
" ਚਾਹ ਨਾਲ ਤਾਂ ਅੱਗੇ ਉਹਨਾਂ ਨੂੰ ਖੰਘ ਆ ਗਈ ਆ।" ਹਰਨੀਤ ਮੁਸਕ੍ਰਾਉਂਦੀ ਬੋਲੀ, " ਤੁਸੀ ਹੋਰ ਚਾਹ ਪੀਣ ਲਈ ਕਹਿ ਰਹੇ ਹੋ।"
" ਨਹੀ ਹੁਣ ਅਸੀ ਚਲਦੇ ਹੀ ਹਾਂ।" ਮੈ ਹਰਨੀਤ ਦੇ ਕਾਹਲੇਪਣ ਨੂੰ ਪਹਿਚਾਣਦੇ ਕਿਹਾ, " ਹੁਣ ਤਾਂ ਧੁੰਦ ਵੀ ਘਟ ਗਈ ਹੈ, ਲੱਗਦਾ ਹੈ ਧੁੱਪ ਨਿਕਲੇਗੀ।"
ਹਰਨੀਤ ਦੀ ਮੱਮੀ ਕੱਪ ਚੁੱਕ ਕੇ ਰਸੋਈ ਵੱਲ ਨੂੰ ਚੱਲ ਪਈ ਅਤੇ ਅਸੀ ਸਕੂਟਰ ਵੱਲ ਨੂੰ। 
ਸਕੂਟਰ ਕੋਠੀ ਤੋਂ ਬਾਹਰ ਕੱਢਦੇ ਸਾਰ ਹੀ ਮਂੈ ਕਹਿ ਦਿੱਤਾ, " ਅਗਲਾ ਭਾਂਵੇ ਅੱਗੇ ਆਇਆ ਹੀ ਨਾ ਹੋਵੇ, ਤੁਸੀ ਚਾਹ ਪੀਣੀ ਵੀ ਭਾਰੀ ਕੀਤੀ ਹੋਈ ਸੀ।"
" ਆਵੇਗਾ ਤਾਂ ਜ਼ਰੂਰ।" ਹਰਨੀਤ ਨੇ ਬੜੇ ਮਾਣ ਨਾਲ ਕਿਹਾ, " ਚਾਹ ਤਾਂ ਤੁਹਾਡੇ ਤੋਂ ਆਪ ਨਹੀ ਸੀ ਪੀ ਹੁੰਦੀ, ਖੰਘਣ ਲੱਗ ਪਏ।"
" ਤੁਹਾਡੇ ਝੂਠ ਨੇ ਹੀ  ਚਾਹ ਨਹੀ ਪੀਣ ਦਿੱਤੀ।" ਮੈ ਜੀ.ਟੀ ਰੋਡ ਉੱਪਰ ਸਕੂਟਰ ਪਾਉਂਦੇ ਕਿਹਾ, " ਤੁਸੀ ਏਡੀ ਛੇਤੀ ਝੂਠੀ ਗੱਲ ਕਿਵੇ ਬਣਾ ਲੈਂਦੇ ਹੋ?"
" ਬਰੇਨ(ਦਿਮਾਗ) ਨਾਲ।"
" ਤੁਹਾਨੂੰ ਡਰ ਨਹੀ ਲੱਗਦਾ ਕਿ ਜੇ ਤੁਹਾਡਾ ਝੂਠ ਫੜਿਆ ਜਾਵੇ ਫਿਰ।"
" ਮੈ ਝੂਠ ਉੱਥੇ ਹੀ ਬੋਲਦੀ ਹਾਂ ਜਿੱਥੇ ਪਤਾ ਹੁੰਦਾ ਹੈ ਕਿ ਫੜਿਆ ਨਹੀ ਜਾਵੇਗਾ।"
" ਜੇ ਮਂੈ ਕਹਿ ਦਿੰਦਾ ਕਿ ਮੈਂ ਤਾਂ ਕਿਹਾ ਨਹੀ ਕਿ ਅਸੀ ਇਕੱਲੇ ਜਾਣਾ ਚਾਹੁੰਦੇ ਹਾਂ, ਫਿਰ।"
" ਮੈਨੂੰ ਪਤਾ ਸੀ ਤੁਸੀ ਕਹਿਣਾ ਨਹੀ।" ਹਰਨੀਤ ਨੇ ਸਾਹ ਖਿੱਚ ਕੇ ਕਿਹਾ, " ਜੇ ਕਹਿ ਵੀ ਦੇਂਦੇ ਤਾਂ ਮਂੈ ਕਹਿਣਾ ਸੀ, ਮੱਮੀ ਦੇ ਸਾਹਮਣੇ ਸੰਗੋਂ ਨਾ, ਫਿਰ ਕੀ ਹੋ ਗਿਆ ਜੇ ਮੈ ਤਹਾਡੀ ਗੱਲ ਮੱਮੀ ਨੂੰ ਦੱਸ ਦਿੱਤੀ।"
" ਬਲਿਹਾਰੇ ਤੁਹਾਡੇ ਝੂਠ ਦੇ ਅਤੇ ਬਲਿਹਾਰੇ ਮੇਰੇ।"
ਮੇਰੀ ਗੱਲ ਸੁਣ ਕੇ ਹੱਸਦੀ ਬੋਲੀ, " ਇਸ ਤਰਾਂ ਕਹੋ ਕਿ ਬਲਿਹਾਰੇ ਹਰਨੀਤ ਦੇ ਅਤੇ ਉਸ ਦੇ ਬਰੇਨ 'ਤੇ,  ਤੁਸੀ ਆਪਣੇ-ਆਪ ਨੂੰ ਹੀ ਬਲਿਹਾਰੇ ਕਹਿ ਦਿੱਤਾ।"
" ਮੇਰੇ ਵੀ ਬਲਿਹਾਰੇ ਆ।" ਮੈਂ ਬੋਲਿਆ, " ਜਿਹੜਾ ਤੁਹਾਨੂੰ ਅਤੇ ਤੁਹਾਡੇ ਝੂਠ ਨੂੰ ਸਹਿਣ ਕਰ ਰਿਹਾ ਹਾਂ।"
ਸਾਹਮਣੇ ਇੱਕ ਵੱਡਾ ਟਰੱਕ ਆਉਂਦਾ ਦੇਖਿਆ ਤਾਂ ਸਕੂਟਰ ਨੂੰ  ਇਕਦਮ ਇਕ ਪਾਸੇ ਕੀਤਾ।
" ਮੈਨੂੰ ਤਾਂ ਬਹੁਤ ਡਰ ਲੱਗਦਾ ਇੰਡੀਆਂ ਵਿਚ ਟਰੈਵਲ ਕਰਦਿਆਂ।" ਹਰਨੀਤ ਨੇ ਕਿਹਾ, " ਨਾ ਇੱਥੇ ਕੋਈ ਰੂਲ ਨੂੰ ਫੋਲੋ ਕਰਦਾ ਹੈ, ਨਾ ਕੋਈ ਸਪੀਡ ਦੀ ਪਰਵਾਹ ਕਰਦਾ ਹੈ।"
" ਜਿਵੇ ਤੁਸੀ  ਝੂਠ ਦੀ ਕੋਈ ਪ੍ਰਵਾਹ ਨਹੀ ਕਰਦੇ।" ਮੈ ਹੱਸਦੇ ਕਿਹਾ, " ਮੈਨੂੰ ਤੁਹਾਡੇ ਝੂਠ ਤੋਂ ਡਰ ਲੱਗਦਾ ਰਹਿੰਦਾ ਹੈ।"
" ਰੂਲ ਫੋਲੋ ਨਾ ਕੀਤੇ ਜਾਣ ਤਾਂ ਐਕਸੀਡੈਂਟ ਹੋਣ ਦਾ ਡਰ ਰਹਿੰਦਾ ਹੈ।" ਉਸ ਨੇ ਆਪਣਾ ਮੂੰ੍ਹਹ  ਮੇਰੇ ਕੰਨ ਕੋਲ ਲਿਆ ਕੇ ਕਿਹਾ, " ਤੁਸੀ ਕਿਉਂ ਮੇਰੇ ਝੂਠ ਤੋਂ ਡਰੀ ਜਾਂਦੇ ਹੋ,ਝੂਠ ਬੋਲਣ ਨਾਲ ਕੁਝ ਨਹੀ ਹੋਣ ਲੱਗਾ?"
" ਜਦੋਂ ਝੂਠ ਦਾ ਭਾਂਡਾ ਭੱਜਦਾ, ਉਹ ਕਿਤੇ ਐਕਸੀਡੈਂਟ ਨਾਲੋ ਘੱਟ ਹੁੰਦਾ।" ਮੈਂ ਉਸ ਨੂੰ ਜਵਾਬ ਦਿੱਤਾ, " ਵਾਹਨ ਟੁੱਟਣ ਨਾਲ  ਸਰੀਰ ਤੇ ਸੱਟਾਂ- ਚੋਟਾ ਵਜਦੀਆਂ ਏ, ਝੂਠ ਦਾ ਭਾਂਡਾ ਟੁੱਟਣ ਨਾਲ ਦਿਲਾਂ 'ਤੇ  ਵਜਦੀਆਂ ਨੇ।"
" ਮੈ ਸਮਝੀ ਨਹੀ, ਝੂਠ ਦਾ ਪਤਾ ਲੱਗ ਜਾਣ ਉੱਪਰ ਦਿਲਾਂ ਤੇ ਕਿਵੇ ਸੱਟ ਵੱਜਦੀ ਆ।"
    " ਜਿਹੜੇ ਇਨਸਾਨ ਸਾਡੇ ਉੱਪਰ ਯਕੀਂਨ ਰੱਖਦੇ  ਹੋਏ ਸਾਨੂੰ ਪਿਆਰ ਕਰਦੇ ਸਾਡੀ ਹਰ ਇੱਛਾ ਪੂਰਾ ਕਰਨ ਦਾ ਜਤਨ ਕਰਦੇ ਰਹਿੰਦੇ ਆ, ਜਦੋਂ ਉਹਨਾਂ ਨੂੰ ਇਹ ਪਤਾ ਲੱਗੇ ਕਿ ਅਸੀ ਝੂਠ ਬੋਲ ਕੇ ਉਹਨਾਂ ਨੂੰ ਧੋਖੇ ਦਿੰਦੇ ਰਹੇ ਤਾਂ ਉਹਨਾਂ ਦੇ ਦਿਲ 'ਤੇ ਜ਼ਰੂਰ  ਸੱਟ ਵਜਦੀ ਹੈ।"
" ਜੇ ਉਹਨਾਂ ਨੂੰ ਪਤਾ ਹੀ ਲੱਗਣ ਨਾ ਦਿੱਤਾ ਜਾਵੇ ਫਿਰ।"
" ਸੱਚ ਬਹੁਤੀ ਦੇਰ ਛੁਪਾਇਆ ਨਹੀ ਜਾ ਸਕਦਾ।"
" ਨਹੀ ਛਪਾਇਆ ਜਾ ਸਕਦਾ ਤਾਂ ਨਾ ਸਹੀ, ਦੇਖੀ ਜਾਊ aਦੋਂ ਜਦੋਂ ਸੱਚ ਬਾਹਰ ਆਵੇਗਾ।"
" ਤੁਸੀ ਵੀ ਡਰੋ ਨਾ ਕਿ ਲੋਕ ਟਰੈਫਿਕ ਦਾ ਰੂਲ ਫੋਲੋ ਨਹੀ ਕਰਦੇ।" ਮੈ ਮੁਸਕ੍ਰਾ ਕੇ ਕਿਹਾ, " ਜਦੋਂ ਐਕਸੀਡੈਂਟ ਹਊ, ਫਿਰ ਦੇਖੀ ਜਾਊ।"
 ਪਤਾ ਨਹੀ ਉਸ ਨੂੰ ਮੇਰੀ ਗੱਲ ਸੁਣੀ ਜਾਂ ਜਾਣ ਕੇ ਹੀ ਨਾ ਬੋਲੀ ਅਤੇ ਮੈ ਵੀ ਸਕੂਟਰ ਚਲਾਉਣ ਵਿਚ ਮਸਤ ਹੋ ਗਿਆ।

12 


 ਹਵੇਲੀ ਰੈਸਟੋਂਰੈਂਟ ਦੇ ਅੱਗੇ ਮੈ ਸਕੂਟਰ ਰੋਕ ਕੇ ਕਿਹਾ, " ਤੁਸੀ ਅੰਦਰ ਜਾਹ ਆਉ, ਮੈ ਬਜ਼ਾਰ ਵੱਲ ਚੱਕਰ ਮਾਰ ਕੇ ਆਉਂਦਾ ਹਾਂ।" 
" ਤੁਸੀ ਮੇਰੇ ਨਾਲ ਹੀ ਆ ਜਾਉ, ਕੋਈ ਗੱਲ ਨਹੀ।" ਉਸ ਨੇ ਕਿਹਾ, " ਨਾਲੇ ਤੁਹਾਡੀ ਵੀ ਜਾਣ-ਪਹਿਚਾਣ ਹੋ ਜਾਵੇਗੀ।"
ਦਿਲ ਵਿਚ ਆਇਆ ਕਿ ਕਹਾਂ,  ਕਿੱਡਾ ਸਾਲਾ ਕਿਤੇ ਅਮੀਰ-ਖਾਨ ਆ, ਮੈਨੂੰ ਨਹੀ ਲੋੜ ਅਜਿਹੇ ਲੋਕਾਂ ਨਾਲ ਜਾਣ-ਪਹਿਚਾਣ ਕਰਨ ਦੀ, ਪਰ ਮੈਂ ਇੰਨਾ ਹੀ ਕਿਹਾ, " ਤੁਸੀ ਹੀ ਜਾ ਆਉ,  ਮੈ ਕਾਹਨੂੰ ਕਬਾਬ ਵਿਚ ਹੱਡੀ ਬਨਣਾ, ਨਾਲੇ ਭਾਪਾ ਜੀ ਨੇ ਆਲੂਆਂ ਦੇ ਬੀਜ ਬਾਰੇ ਪਤਾ ਕਰਨ ਲਈ ਕਿਹਾ ਏ, ਪਹਿਲਾਂ ਮੈ ਉਹ ਪਤਾ ਕਰ ਆਵਾਂ।"
" ਵਾਪਸ ਕਦੋਂ ਆਵੋਂਗੇ।"
" ਇਕ ਘੰਟਾ ਤਾਂ ਲੱਗ ਹੀ ਜਾਵੇਗਾ।"
ਉ .ਕੇ ਕਹਿੰਦੀ ਹੋਈ ਇਕਦਮ ਅੰਦਰ ਚਲੀ ਗਈ।
ਇਧਰ-ਉਧਰ ਘੁੰਮ ਕੇ ਬੀਜ ਬਾਰੇ ਪਤਾ ਕਰਕੇ ਮੈ ਹਵੇਲੀ ਰੈਸਟੋਰੈਂਟ ਵੱਲ ਤੁਰ ਪਿਆ। ਦੇਖਾਂ ਤਾਂ ਰੈਸਟੋਂਰੈਟ ਦੇ ਅੱਗੇ ਮਹਾਂਰਾਣੀ ਗਲ ਵਿਚ ਪਰਸ ਲਟਕਾਈ ਇਧਰ-ਉਧਰ ਦੇਖ ਰਹੀ ਸੀ।ਮਨ ਵਿਚ ਵਿਚਾਰ ਆਇਆ ਕਿ ਪੁੱਛਾਂ ਸਾਲਾ ਇੰਨੀ ਛੇਤੀ ਚਲਿਆ ਵੀ ਗਿਆ। ਕੋਲ ਜਾ ਕੇ ਸਕੂਟਰ ਰੋਕਦੇ ਮੈਂ ਇੰਨਾ ਹੀ  ਕਿਹਾ, " ਹੋ ਗਈ ਫਿਰ ਮੁਲਾਕਾਤ।"
" ਸੈਂਡੀ ਤਾਂ ਆਇਆ ਹੀ ਨਹੀ।"
" ਕਿਉਂ ਕੀ ਗੱਲ ਹੋਈ?"ਵਿਚੋਂ ਖੁਸ਼ ਹੁੰਦੇ ਹੋਏ ਕਿਹਾ, " ਆ ਤਾਂ ਨੀਤ ਨੂੰ ਮੁਰਾਦ ਹੋ ਗਈ ਲੱਗਦੀ।"
" ਆਈ ਡੋਂਟ ਅੰਡਰਸਟੈਂਡ (ਮੈ ਸਮਝੀ ਨਹੀ)।"
" ਮੇਰਾ ਮਤਲਵ ਹੈ ਵਿਚੋਂ ਤਾਂ ਤੁਸੀ ਵੀ ਨਹੀ ਸੀ ਚਾਹੁੰਦੇ ਕਿ ਉਹ ਆਵੇ।" ਉਸ ਨੂੰ ਜ਼ਬਰਦੱਸਤੀ ਆਪਣੇ ਨਾਲ ਮਿਲਾਉਂਦੇ ਕਿਹਾ, " ਮੈ ਵੀ ਸੋਚਦਾ ਸਾਂ ਕਿ ਉਸ ਦਾ ਇੱਥੇ ਆਉਣ ਦਾ ਕੋਈ ਮਤਲਬ ਹੀ ਨਹੀ।"
      " ਤੁਹਾਡੇ ਲਈ ਮਤਲਵ ਨਾ ਹੋਵੇ, ਮੇਰੇ ਲਈ ਤਾਂ ਹੈ।"
" ਫਿਰ ਆਇਆ ਕਿਉਂ ਨਹੀ।"
" ਆਈ ਡੋਂਟ ਨੋ।"
" ਫੋਨ ਕਰ ਲੈਣਾ ਸੀ।"
" ਫੋਨ ਤਾਂ ਉਹ ਚੁੱਕਦਾ ਹੀ ਨਹੀ।" 
ਸਾਲਾ ਕਿਤੇ ਮਰ…ਦਿਮਾਗ ਵਿਚ ਆਈ ਇਸ ਗੱਲ ਨੂੰ ਜੀਭ ਉੱਪਰ ਲਿਆਉਣ ਤੋਂ ਪਹਿਲਾਂ ਹੀ ਦੱਬ ਲਿਆ।
" ਫਿਰ ਹੁਣ ਕੀ ਕਰਨਾ"?
" ਥੌੜ੍ਹੀ ਦੇਰ ਹੋਰ ਉਡੀਕ ਲੈਂਦੇ ਹਾਂ।"
" ਜੇ ਉਹ ਘੰਟੇ ਵਿਚ ਨਹੀ ਆਇਆ, ਹੁਣ ਕਿਤੇ ਆਉਣ ਲੱਗਾ।" ਮੈ ਆਪਣੀ ਬਾਂਹ ਤੇ ਲੱਗੀ ਘੜੀ ਵੱਲ ਦੇਖ ਕੇ ਕਿਹਾ, " ਮੇਰਾ ਖਿਆਲ ਹੈ ਆਪਾਂ ਨੂੰ ਮੁੜ ਹੀ ਜਾਣਾ ਚਾਹੀਦਾ ਹੈ।"
ਉਹ ਆਲਾ-ਦੁਆਲਾ ਦੇਖਦੀ ਹੋਈ ਸਕੂਟਰ ਤੇ ਬੈਠ ਗਈ। ਰਸਤੇ ਵਿਚ ਵੀ ਕੁੱਝ ਨਾ ਬੋਲੀ ਤਾਂ ਮੈਂ ਕਿਹਾ, " ਕੈਨੇਡਾ ਵਿਚ ਵੀ ਸੈਂਡੀ ਇੰਝ ਹੀ ਕਰਦਾ ਆ, ਟਾਈਮ ਦੇ ਕੇ ਫਿਰ ਆਉਂਦਾ ਨਹੀ।"
ਉਸ ਨੇ ਮੇਰੀ ਪੂਰੀ ਗੱਲ ਦਾ ਕੋਈ ਜਵਾਬ ਨਹੀ ਦਿੱਤਾ। ਬਸ ਇੰਨਾ ਹੀ ਕਿਹਾ, " ਨਾ ਆਉਣ ਦਾ ਕੋਈ ਰੀਜ਼ਨ ਹੀ ਹੋਵੇਗਾ।"
ਦਿਲੋਂ ਤਾਂ ਮੈ ਖੁਸ਼ ਹੀ ਸੀ, ਚਲੋ ਵਧੀਆ ਹੋਇਆ ਕਿ ਉਹ ਨਹੀ ਆਇਆ।ਇਸ ਲਈ ਓਪਰੇ ਮਨ ਨਾਲ ਕਿਹਾ, " ਬਹੁਤ ਉਦਾਸ ਹੋਵੋਗੇ ਕਿ ਸੈਂਡੀ ਨੂੰ ਤੁਸੀ ਮਿਲ ਨਹੀ ਸਕੇ।"
" ਮੈ ਛੋਟੀਆਂ ਛੋਟੀਆਂ ਗੱਲਾਂ 'ਤੇ ਉਦਾਸ ਨਹੀ ਹੁੰਦੀ।" ਉਸ ਦੀ ਗੱਲ ਸੁਣ ਕੇ ਖਿਆਲ ਆਇਆ ਕਿ ਪੁੱਛਾ ਤੂੰ ਚੀਜ਼ ਕੀ ਆ? ਝੂਠ ਤੈਂਨੂੰ ਬੋਦਰ ਨਹੀ ਕਰਦਾ, ਜੇਕਰ ਵਾਅਦਾ ਕਰਕੇ ਕੋਈ ਆਵੇ ਨਾ ਤਾਂ ਫਰਕ ਤੈਨੂੰ ਕੋਈ ਨਹੀ ਪੈਂਦਾ।ਇਸ ਲਈ ਮੈਂ ਫਿਰ  ਬੋਲਿਆ," ਉਦਾਸ ਤਾਂ ਚਲੋ ਨਹੀ ਹੋਏ, ਫਿਕਰ ਤਾਂ ਹੋਵੇਗਾ ਹੀ ਕਿ ਉਹ ਆਇਆ ਨਹੀ।"
" ਮੈਨੂੰ ਉਸ ਦਾ ਫਿਕਰ ਹੈ ਜਾਂ ਨਹੀ ਇਸ ਬਾਰੇ ਤੁਸੀ ਨਾ ਵਰੀ ਕਰੋ।"
" ਮੈ ਤਾਂ ਕਿਸੇ ਬਾਰੇ ਕੋਈ ਵਰੀ ਨਹੀ ਕਰਦਾ।" ਮੈ ਖਿੱਝ ਕੇ ਕਿਹਾ, " ਮੇਰੇ ਵਲੋਂ ਕੋਈ ਖੂਹ ਵਿਚ ਪਏ।"
" ਕਦੀ ਕਦੀ ਤੁਹਾਨੂੰ ਹੋ ਕੀ ਜਾਂਦਾ ਏ।" ਉਹ ਵੀ ਖਿੱਝ ਕੇ ਬੋਲੀ, " ਗੱਲ ਸੈਂਸ ਵਿਚ ਰਹਿ ਕੇ ਕਰਿਆ ਕਰੋ।"
" ਗੱਲ ਕਿਵੇ ਕਰੀਦੀ ਆ, ਮੈਨੂੰ ਪਤਾ ਹੈ, ਤੁਹਾਨੂੰ ਦੱਸਣ ਦੀ ਜ਼ਰੂਰਤ ਨਹੀ।" ਭਾਂਵੇ ਮੈਂ ਆਪ ਵੀ ਖਿੱਝ ਕੇ ਬੋਲ ਰਿਹਾ ਸੀ, ਫਿਰ ਵੀ  ਕਿਹਾ, " ਤੁਹਾਡਾ ਸੁਹੇਲਾ ਨਹੀ ਆਇਆ, ਇਹਦੇ ਵਿਚ ਮੇਰਾ ਕੋਈ ਦੋਸ਼ ਨਹੀ, ਇਸ ਗੱਲ ਦਾ ਗੁੱਸਾ ਮੇਰੇ ਉੱਪਰ ਨਾ ਲਾਉ, ਅਖੇ ਡਿਗੀ ਖੋਤੇ ਤੋਂ ਅਤੇ ਗੁੱਸਾ ਘੁਮਿਆਰ 'ਤੇ।"
ਇਸ ਗੱਲ ਤੋਂ ਬਾਅਦ ਸਾਰੇ ਰਸਤੇ ਵਿਚ ਕੁੱਝ ਨਾ ਬੋਲੀ। ਉਹਨਾਂ ਦੀ ਕੋਠੀ ਅੱਗੇ ਸਕੂਟਰ ਖੜਾ ਕੀਤਾ ਤਾਂ ਚੁੱਪ-ਚਾਪ ਅੰਦਰ ਚਲੀ ਗਈ। ਉਸ ਨੇ ਨਾ ਮੈਨੂੰ ਅੰਦਰ ਆਉਣ ਲਈ ਕਿਹਾ ਅਤੇ ਨਾ ਹੀ ਮੈ ਗਿਆ। ਉੱਥੋਂ ਹੀ ਸਿਧਾ ਸਕੂਟਰ ਆਪਣੇ ਪਿੰਡ ਵੱਲ ਮੋੜ ਲਿਆ ਅਤੇ ਸਕੂਟਰ ਤੇ ਲੱਗਦੀ ਤੇਜ਼ ਹਵਾ ਨਾਲ ਗੱਲਾਂ ਕਰਨ ਲੱਗਿਆ, "ਉਸ ਦੇ ਘਰਦਿਆਂ ਨੇ ਮੇਰੇ ਬਾਰੇ ਪੁੱਛਿਆ ਤਾਂ ਹੋਵੇਗਾ  ਕਿ ਉਹ ਬਾਹਰੋ ਹੀ ਕਿਉਂ ਮੁੜ ਗਿਆ? ਪਤਾ ਨਹੀ ਕੀ ਜ਼ਵਾਬ ਦਿੱਤਾ ਹੋਵੇਗਾ।ਜਵਾਬ ਦੇਣ ਨੂੰ ਹੈ ਤਾਂ ਤੇਜ਼, ਹੋਰ ਨਾ ਕਿਤੇ ਉਸ ਵਲੋਂ ਬੋਲਿਆ ਝੂਠ ਉਹ ਫੜ ਲੈਣ।" ਫਿਰ ਜਿਵੇਂ ਇਕਦਮ ਹਵਾ ਨੇ ਜਵਾਬ ਦਿੱਤਾ, " ਤੈਨੂੰ ਕੀ ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ।" ਹਵਾ ਦੇ ਜਵਾਬ ਨਾਲ ਮੈ ਬਹੁਤਾ ਸੰਤੁਸ਼ਟ ਨਹੀ ਸੀ ਹੋਇਆ,ਪਰ ਮੁਸਕ੍ਰਾ ਜ਼ਰੂਰ ਪਿਆ।
ਘਰ ਪੁਹੰਚਣ 'ਤੇ ਦਾਦੀ ਜੀ ਨੇ ਕਿਹਾ, " ਹਰਨੀਤ ਨੂੰ ਲੈ ਕੇ ਨਹੀ ਆਇਆ।"
" ਮੈ aੁਸ ਨੂੰ ਲੈਣ ਥੌੜ੍ਹੀ ਗਿਆ ਸੀ।" ਮੈ ਸਕੂਟਰ ਨੂੰ ਵਿਹੜੇ ਦੀ ਕੰਧ ਦੇ ਕੋਲ ਖੜ੍ਹਾ ਕਰਦੇ ਕਿਹਾ, " ਨਾਲੇ ਉਹ ਜਾਣ ਕਰਕੇ ਸਮਾਨ- ਸੁਮਾਨ ਤਿਆਰ ਕਰਨ ਵਿਚ ਰੁੱਝੀ ਹੋਈ ਸੀ।"
" ਇਕ ਰਾਤ ਤਾਂ ਉਹ ਸਾਡੇ ਕੋਲ ਹੋਰ ਰਹੇਗੀ ਹੀ॥"
" ਪਤਾ ਨਹੀ।"
" ਉਹਨੂੰ ਕਹਿ ਕੇ ਤਾਂ ਦੇਖੀ।"
" ਕਹਿ ਦੇਵਾਂਗਾ।" ਇਹ ਕਹਿ ਕੇ ਮੈ ਆਪਣੇ ਕਮਰੇ ਵਿਚ ਜਾਣ ਲੱਗਾ ਤਾਂ ਦਾਦੀ ਜੀ ਫਿਰ ਬੋਲੇ, " ਕੁੱਝ ਖਾਣਾ ਹੈ।"
" ਰੋਟੀ ਹੀ ਬਣਾ ਲਉ।" ਮੇਰੇ ਮੂਹੋਂ ਸੱਚ ਨਿਕਲ ਗਿਆ, " ਭੁੱਖ ਲੱਗੀ ਆ, ਸਵੇਰ ਦੇ ਮੂਲੀਆਂ ਵਾਲੇ ਪਰੌਉਂਠੇ ਹੀ ਖਾਧੇ ਹੋਏ ਆ।"
" ਹਾਅ।" ਦਾਦੀ ਜੀ ਨੇ ਇਕਦਮ ਕਿਹਾ, " ਸਾਰੀ ਦਿਹਾੜੀ ਘੁੰਮਦੇ ਰਿਹੇ, ਕੁੱਝ ਖਾਧਾ ਹੀ ਨਹੀ, ਹਰਨੀਤ ਨੂੰ ਵੀ ਭੁੱਖੀ ਹੀ ਛੱਡ ਆਇਆ।"
" ਸਾਰੀ ਦਿਹਾੜੀ ਕਿੱਥੇ ਘੁੰਮੇ ਆ?" ਮੈਂ ਅਜੇ ਵੀ ਗੁੱਸੇ ਵਿਚ ਸਾਂ,ਇਸ ਲਈ ਮੇਰੇ ਮੂੰਹੋ ਇਹ ਹੀ ਨਿਕਲਿਆ, " ਹਰਨੀਤ ਕਿਹੜਾ ਗੂੰਗੀ ਆ, ਭੁੱਖੀ ਹੁੰਦੀ ਤਾਂ ਉਸ ਨੇ ਦੱਸ ਹੀ ਦੇਣਾ ਸੀ।"
" ਕਾਕਾ, ਗੱਲ ਕੀ ਆ।" ਦਾਦੀ ਜੀ ਨੇ ਗੰਭੀਰ ਹੁੰਦੇ ਕਿਹਾ, " ਵਿਆਹ ਤੋਂ ਬਾਅਦ ਤੈਂਨੂੰ ਗੁੱਸਾ ਕੁੱਝ ਜ਼ਿਆਦਾ ਹੀ ਚੜ੍ਹਨ ਲੱਗ ਪਿਆ।"
ਮੇਰੀ ਥਾਂ, ਵਰਾਂਡੇ ਵਿਚ ਕਣਕ ਛੱਟਦੀ ਰਾਣੋ ਬੋਲੀ, " ਬੀਬੀ, ਵਿਆਹ ਤੋਂ ਬਾਅਦ ਤਾਂ ਚੰਗਾ-ਭਲਾ ਸੀ, ਹੁਣੇ ਜਿਹੇ ਇਦਾ ਕਰਨ ਲੱਗਾ ਆ, ਮੈਨੂੰ ਲੱਗਦਾ, ਤਾਂ ਖਿਝਦਾ ਕਿਉਂਕਿ ਹੁਣ ਹਰਨੀਤ ਨੇ ਕੈਨੇਡਾ ਨੂੰ ਚਲੇ ਜਾਣਾ ਆ, ਉਹਦਾ ਵਿਛੌੜਾ ਝੱਲਣਾ ਇਹਨੂੰ ਔਖਾ ਲੱਗਦਾ ਆ।"
ਮੈ ਰਾਣੋ ਵੱਲ ਗੁੱਸੇ ਨਾਲ ਦੇਖ ਕੇ ਆਪਣੇ ਕਮਰੇ ਵਿਚ ਚੱਲਿਆ ਗਿਆ।
         
 

13                                
                                         

ਦਾਦੀ ਜੀ ਦੇ ਕਹੇ ਅਨੁਸਾਰ ਮਂੈ ਉਸ ਨੂੰ ਫੋਨ 'ਤੇ ਰਾਤ ਰਹਿਣ ਲਈ ਪੁੱਛ ਲਿਆ ਸੀ।ਉਸ ਦਿਨ ਰਾਤ ਰਹਿਣ ਲਈ ਸ਼ਾਮ ਅਜਿਹੀ ਨੂੰ ਆਪਣੇ ਡੈਡੀ ਨਾਲ ਕਾਰ ਵਿਚ ਆਈ।ਭਾਪਾ ਜੀ ਨੇ ਜ਼ੋਰ ਪਾ ਕੇ ਉਸ ਦੇ ਡੈਡੀ ਨੂੰ ਵੀ ਰਾਤ ਰਹਿਣ ਲਈ ਮਨਾ ਲਿਆ।ਰਾਤ ਨੂੰ ਰੋਟੀ ਖਾਣ ਤੋਂ ਪਹਿਲਾਂ ਭਾਪਾ ਜੀ ਨੇ ਭਈਏ ਨੂੰ ਭੇਜ ਕੇ ਸੂਬੇਦਾਰ ਪ੍ਰੀਤਮ ਸਿੰਘ ਦੇ ਘਰੋਂ ਰਮ ਦੀ ਬੋਤਲ ਮੰਗਾ ਲਈ। ਮੈ ਤਾਂ  ਪੀਂਦਾ ਨਹੀ ਸੀ, ਪਰ ਭਾਪਾ ਜੀ ਕਿਤੇ ਕਿਤੇ ਆਏ –ਗਏ ਤੇ ਪੈਗ ਲਾ ਲੈਂਦੇ ਸੀ। ਦਾਦੀ ਜੀ ਰਾਣੋ ਨੂੰ ਨਾਲ ਲੈ ਕੇ ਰੋਟੀ ਤਿਆਰ ਕਰਨ ਲੱਗ ਪਏ। ਹਰਨੀਤ ਉੁਹਨਾਂ ਕੋਲ ਰਸੌਈ ਵਿਚ ਹੀ ਚਲੀ ਗਈ। ਮੈ ਭਾਪਾ ਜੀ ਹੋਰਾਂ ਕੋਲ ਹੀ ਬੈਠ ਗਿਆ। ਛੇਤੀ ਹੀ ਪੀਣ ਦਾ ਕੰਮ ਸ਼ੁਰੂ ਹੋ ਗਿਆ। ਭਾਪਾ ਜੀ ਕਦੀ ਮੈਂਨੂੰ ਕਹਿਣ ਪਿਆਜ਼ ਵਿਚ ਸਿਰਕਾ ਪਾ ਕੇ ਲੈ ਆ, ਕਦੀ ਕਹਿਣ ਸੁੱਕੀ ਸਬਜ਼ੀ ਦੀ ਕੌਲੀ  ਲੈ ਆ। ਉਹ ਜੋ ਕਹਿ ਰਹੇ ਸਨ ਮੈਂ ਕਰ ਰਿਹਾ ਸੀ।ਕਿੰਨੀ ਦੇਰ ਇਹ ਦੌਰ ਚਲਦਾ ਰਿਹਾ। ਰੋਟੀ ਵੀ ਤਿਅਰ ਹੋ ਗਈ ਸੀ।ਇਸ ਗੱਲ ਦਾ ਇਸ਼ਾਰਾ ਕਰਦੇ ਦਾਦੀ ਜੀ ਨੇ ਕਿਹਾ, " ਰੋਟੀ ਤਿਆਰ ਆ, ਜਦੋਂ ਕਹੋਂਗੇ, aਦੋਂ ਹੀ ਮੇਜ਼ 'ਤੇ ਰੱਖ ਦੇਵਾਂਗੇ।" 
" ਅੱਛਾ ਜੀ।" ਭਾਪਾ ਜੀ ਨੇ ਇੰਨਾ ਕਿਹਾ ਅਤੇ ਆਪਣੀਆਂ ਗੱਲਾਂ ਵਿਚ ਫਿਰ ਮਸਤ ਹੋ ਗਏ।ਉਹਨਾਂ ਵਲੋਂ ਰੋਟੀ ਨਾ ਖਾਣ ਦੀ ਸਲਾਹ  ਦੇਖ ਕੇ ਦਾਦੀ ਜੀ ਨੇ ਮੈਨੂੰ ਅਵਾਜ਼ ਮਾਰੀ, " ਮਨਮੀਤ, ਤੂੰ ਤਾਂ ਰੋਟੀ ਖਾ ਲੈ।"
" ਹਰਨੀਤ ਨੇ ਖਾ ਲਈ?" ਮੈ ਰਸੋਈ ਕੋਲ ਜਾਂਦੇ ਕਿਹਾ, " ਚਲੋ, ਪਾ ਦਿਉ, ਖਾ ਲੈਂਦਾ ਹਾਂ।"
" ਹਰਨੀਤ ਖਾ ਰਹੀ ਏ।" ਮੇਰੀ ਗੱਲ ਦਾ ਜ਼ਵਾਬ ਰਾਣੋ ਨੇ ਦਿੱਤਾ, " ਸਾਡੇ ਹੁੰਦਿਆ ਤੂੰ ਹਰਨੀਤ ਦਾ ਫਿਕਰ ਨਾ ਕਰਿਆ ਕਰ।" ਮੈ ਹਰਨੀਤ ਵੱਲ ਦੇਖਿਆ। ਉਹ ਰਸੋਈ ਵਿਚ ਹੀ ਛੋਟੀ ਤ੍ਰਪਾਈ ਉੱਪਰ ਥਾਲੀ ਰੱਖੀ ਹੀ ਪੀੜੀ 'ਤੇ ਬੈਠੀ ਅਰਾਮ ਨਾਲ ਰੋਟੀ ਖਾਂਦੀ ਦਿਸੀ।ਉਹ ਮੂੰਹ ਵਿਚ ਬੁਰਕੀ ਪਾਉਣ ਲੱਗੀ ਤਾਂ ਸਾਡੀਆਂ ਅੱਖਾਂ ਮਿਲ ਗਈਆਂ।ਮੈ ਮੁਸਕ੍ਰਾ ਪਿਆ। ਉਸ ਨੇ ਆਪਣਾ ਮੂੰਹ ਇਕਦਮ ਥੱਲੇ ਕਰ ਲਿਆ ਅਤੇ ਰਹਿੰਦੀ ਰੋਟੀ ਛੇਤੀ ਨਾਲ ਖਤਮ ਕਰਨ ਵਿਚ ਰੁੱਝ ਗਈ।ਜਦੋਂ ਤਕ ਦਾਦੀ ਜੀ ਨੇ ਮੈਨੂੰ ਰੋਟੀ ਪਾਈ ਉਸ ਨੇ ਮੁਕਾ ਵੀ ਲਈ। ਮੈ ਅਜੇ ਸੋਚ ਹੀ ਰਿਹਾ ਸੀ ਕਿ ਰੋਟੀ ਮੇਜ਼ ਉੱਪਰ ਲੈ ਜਾਵਾਂ ਜਾਂ ਇੱਥੇ ਰਸੋਈ ਵਿਚ ਹੀ ਬੈਠ ਜਾਵਾਂ। ਹਰਨੀਤ ਛੇਤੀ ਨਾਲ ਪੀੜ੍ਹੀ ਤੋਂ ਉਠੀ ਅਤੇ ਆਪਣੇ ਭਾਂਡੇ ਚੁੱਕਦੀ ਬੋਲੀ, " ਇੱਥੇ ਬੈਠ ਜਾਉ।" ਮੈਂ ਉੱਥੇ ਬੈਠ ਕੇ ਰੋਟੀ ਖਾਣ ਲੱਗਾ ਅਤੇ ਹਰਨੀਤ ਆਪਣੇ ਕਮਰੇ ਵਿਚ ਚਲੀ ਗਈ। 
ਜਲੰਧਰ ਜਾਣ ਤੋਂ ਬਾਅਦ ਸਾਨੂੰ ਦੋਹਾਂ ਇਕਲਿਆਂ ਨੂੰ ਗੱਲ-ਬਾਤ ਕਰਨ ਦਾ ਮੌਕਾ ਨਹੀ ਸੀ ਮਿਲਿਆ।ਹਰਨੀਤ ਦੇ ਮਨ ਵਿਚ ਤਾਂ ਮੇਰੇ ਨਾਲ ਗੱਲ-ਬਾਤ ਕਰਨ ਦਾ ਕੋਈ ਚਾਅ ਨਹੀ ਹੋਵੇਗਾ। ਇਹ ਮੈਂਨੂੰ ਚੰਗੀ ਤਰਾਂ ਪਤਾ ਸੀ, ਪਰ ਮੇਰਾ ਮਨ ਉਸ ਨਾਲ ਵਰਤਾਲਾਪ ਕਰਨ ਲਈ ਕਾਹਲਾ ਸੀ। ਦਰਅਸਲ ਕਾਹਲ ਇਹ ਸੀ ਕਿ ਮੈ ਪੁੱਛਣਾ ਚਾਹੁੰਦਾ ਸੀ ਕਿ ਸੈਂਡੀ ਆਇਆ ਕਿਉਂ ਨਹੀ?ਰੋਟੀ ਖਾ ਕੇ ਇਸ ਸਵਾਲ ਦਾ ਜ਼ਵਾਬ ਲੈਣ ਲਈ ਮੈ ਉਸ ਦੇ ਮਗਰੇ ਹੀ ਪੌੜੀਆਂ ਚੜ੍ਹ ਗਿਆ।ਅੱਧੇ-ਖੁੱਲ੍ਹੇ ਦਰਵਾਜੇ 'ਤੇ ਥਪਕ ਦਿੱਤੀ ਤਾਂ ਹਰਨੀਤ ਨੇ ਕਿਹਾ, " ਆ ਜਾਉ।" 
" ਅੱਜ ਦੀ ਰਾਤ ਤੁਹਾਡੀ ਆਖਰੀ ਰਾਤ ਹੈ ਸਾਡੇ ਘਰ ਵਿਚ।"
" ਜੈਸ, ਆਈ..ਨੋ।"
" ਇਸ ਤੋਂ ਬਾਅਦ ਤਾਂ ਤੁਸੀ ਸਾਡੇ ਘਰ ਕਦੀ ਵੀ ਨਹੀ ਆਵੋਗੇ।"
" ਇਹ ਤਾਂ ਤੁਹਾਡੇ ਤੇ ਹੈ।"
"ਮੇਰੇ ਤੇ ਕਿਵੇ ਹੈ? ਮੈ ਹੈਰਾਨ ਹੁੰਦੇ ਨੇ ਕਿਹਾ, " ਤਲਾਕ ਤੋਂ ਬਾਅਦ ਆਪਣਾ ਇਹ ਝੂਠਾ ਰਿਸ਼ਤਾ ਵੀ ਖਤਮ ਹੋ ਜਾਵੇਗਾ।"
" ਵੈਸੇ ਕੈਨੇਡਾ ਵਿਚ ਤਾਂ ਗੋਰੇ ਲੋਕੀ ਤਲਾਕ ਤੋਂ ਬਾਅਦ ਵੀ ਫਰੈਂਡ ਬਣੇ ਰਹਿੰਦੇ ਨੇ।"
" ਖੈਰ, ਆਪਾਂ ਤਾਂ ਗੋਰਿਆਂ ਨਾਲੋ ਵੱਖਰੇ ਹਾਂ।"
" ਮੈਨੂੰ ਤਾਂ ਕੋਈ ਫਰਕ ਨਹੀ ਲੱਗਦਾ, ਜੇ ਕੋਈ ਫਰੈਂਡ ਬਣ ਕੇ ਰਹਿਣਾ ਚਾਹੁੰਦਾ ਹੈ ਤਾਂ ਰਹਿ ਸਕਦਾ ਹੈ।"
" ਹਾਂ ਸੱਚ ਫਰੈਂਡ ਤੋਂ ਯਾਦ ਆਇਆ।" ਮੈ ਮੌਕਾ ਤਾੜ ਕੇ ਗੱਲ ਕੀਤੀ, " ਉਸ ਦਿਨ ਤੁਹਾਡਾ  ਫਰੈਂਡ ਕਿਉਂ ਨਹੀ ਆਇਆ, ਪਤਾ ਲੱਗਾ ਕੁੱਝ?"
" ਉਸ ਦਾ ਐਕਸੀਡੈਂਟ ਹੋ ਗਿਆ।"
" ਬਚ ਗਿਆ ਜਾਂ ਮ…ਰ ਗਿਆ।"
ਹਰਨੀਤ ਨੇ ਗੁੱਸੇ ਨਾਲ ਮੇਰੇ ਵੱਲ ਦੇਖ ਕੇ ਕਿਹਾ, " ਮੈ ਤੁਹਾਨੂੰ ਕਿੰਨੀ ਵਾਰੀ ਕਿਹਾ ਤੁਸੀ ਮੇਰੀ ਪਰਸਨਲ ਲਾਈਫ ਵਿਚ ਇੰਟਰਫੀਅਰ ਨਾ ਕਰਿਆ ਕਰੋ।"
 " ਕਿਸੇ ਦਾ ਐਕਸੀਡੈਂਟ ਹੋ ਜਾਵੇ ਤਾਂ ਬੰਦਾ ਪੁੱਛਦਾ ਹੀ ਹੈ ਕਿ ਕੀ ਹਾਲ ਆ?"
" ਜਿਸ ਬੰਦੇ ਦਾ ਐਕਸੀਡੈਂਟ ਹੋਇਆ, ਉਹ ਤੁਹਾਡਾ ਕੁੱਝ ਨਹੀ ਲੱਗਦਾ।"
" ਲੱਗਦਾ ਕਿਉਂ ਨਹੀ,  ਉਹ ਮੇਰੀ ਸੋਂਕਣ ਲੱਗਦਾ।"
 ਇਹ ਗੱਲ ਮੈ ਗੰਭੀਰ ਹੋ ਕੇ ਕਹੀ ਸੀ, ਪਰ ਉਹ ਹੱਸਦੀ ਬੋਲੀ, " ਰਹਿੰਦੇ ਤੁਸੀ ਪੰਜਾਬ ਵਿਚ ਹੋ ਬੋਲਦੇ ਪੰਜਾਬੀ ਹੋ,ਪਰ ਇੰਨਾ ਨਹੀ ਪਤਾ ਕੇ ਮੈਨ(ਆਦਮੀ) ਦੇ ਕੋਲ ਸੌਕਣ ਨਹੀ ਹੁੰਦੀ। ਵੈਸੇ ਵੀ ਤੁਹਾਡਾ ਮੇਰਾ ਕੋਈ ਰਿਸ਼ਤਾ ਨਹੀ, ਉਹ ਸੌਕਣ ਕਿਵੇ ਹੋਇਆ?"
" ਝੂਠੇ ਰਿਸ਼ਤੇ ਦੇ ਹਿਸਾਬ ਨਾਲ ਉਹ ਮੇਰੀ ਸੌਕਣ ਹੀ ਹੋਇਆ। ਇਸ ਲਈ ਇੰਨਾ ਤਾਂ ਦੱਸਿਆ ਜਾ ਸਕਦਾ ਹੈ ਕਿ ਇਹ ਐਕਸੀਡੈਂਟ ਪੰਜਾਬ ਵਿਚ ਹੋਇਆ ਜਾਂ ਕੈਨੇਡਾ ਵਿਚ।"
" ਕੈਨੇਡਾ ਵਿਚ।"
 " ਮੈਨੂੰ ਤਾਂ ਲੱਗਦਾ ਉਹ ਭੈਣ…ਦਾ ਬਰਦ..ਦਰ ਝੂਠ ਬੋਲਦਾ। ਹਸਪਤਾਲ ਵਿਚ ਹੈ?"
" ਘਰ ਹੀ ਹੈ, ਵਾਏ ਦਾ ਵੇ ਉਹ ਮੇਰੇ ਨਾਲ ਝੂਠ ਕਿਉਂ ਬੋਲੇਗਾ?"
" ਤੁਹਾਨੂੰ ਦਿਖਾਉਂਦਾ ਕਿ ਤੁਹਾਡੇ ਤੋਂ ਬਗੈਰ ਉਹ ਬਹੁਤ aਦਾਸ ਹੈ, ਜੇ ਤੁਹਾਨੂੰ ਸੱਚਾ ਪਿਆਰ ਕਰਦਾ ਹੁੰਦਾ ਤਾਂ ਉਸ ਨੂੰ ਆਉਣਾ ਚਾਹੀਦਾ ਸੀ।"
" ਸੱਟਾਂ ਲੱਗੀਆਂ ਉਹਦੇ।"
" ਭਾਂਵੇ ਬੰਦਾ ਮਰ ਨਾ ਜਾਵੇ, ਜਿਹੜਾ ਵਾਅਦਾ ਕਰੇ , ਉਹ ਨਿਭਾਏ ਜ਼ਰੂਰ।"
" ਤੁਸੀ ਉਸ ਨੂੰ ਮਾਰਨ 'ਤੇ ਕਿਉ ਤੁਲੇ ਹੋਏ ਹੋ।"
" ਮੈਂ ਕੀ ਲੈਣਾ ਉਸ ਦੇ ਮਰਨ ਤੋਂ ਮੇਰੇ ਵਲੋਂ ਭਾਂਵੇ ਹੁਣ ਮਰ ਜਾਵੇ।"
" ਮਾਂਈਂਡ ਜੂਅਰ ਲੈਂਗਉਇਜ਼।" ਹਰਨੀਤ ਨੇ ਖਿੱਝ ਕੇ ਕਿਹਾ, " ਇਸ ਤੋ ਅੱਗੇ ਤੁਸੀ  ਇਕ ਵੀ ਵਰਡ  ਸੈਂਡੀ ਬਾਰੇ ਕਿਹਾ ਤਾਂ ਮੈ ਤੁਹਾਡੇ ਨਾਲ ਕਦੇ ਵੀ ਗੱਲ ਨਹੀ ਕਰਾਂਗੀ।" 
ਉਸ ਦੀ ਇਹ ਗੱਲ ਸੁਣ ਕੇ ਮੇਰਾ ਦਿਲ ਹਿੱਲ ਜਿਹਾ ਗਿਆ, ਪਰ ਦਿਲ ਤਾਂ ਕਮਲਾ ਆ। ਐਵੇ ਹੀ ਦੂਜੇ ਲੋਕਾਂ ਨੂੰ ਆਪਣਾ ਸਮਝੀ ਜਾਵੇਗਾ। ਇਸ ਲਈ ਮਂੈ ਕਹਿ ਦਿੱਤਾ, " ਬਲਾਉਣਾ ਜ਼ਾ ਨਾ ਬਲਾਉਣਾ ਤੁਹਾਡੀ ਮਰਜ਼ੀ ਹੈ, ਮੈਂ ਤੁਹਾਨੂੰ ਕੋਈ ਫੋਰਸ ਨਹੀ ਕਰਦਾ ਕਿ ਮੈਂਨੂੰ ਬਲਾਉ।"
" ਉ.ਕੇ ਫਿਰ।" ਉਸ ਨੇ ਆਪਣੇ ਕੱਪੜਿਆ ਵਾਲੇ ਬੈਗ ਵਿਚੋਂ ਸੋਣ ਦੇ ਕੱਪੜੇ ਕੱਢਦੇ  ਕਿਹਾ, " ਅੱਜ ਤੋਂ ਬਾਅਦ ਜੇ ਮੇਰਾ ਦਿਲ ਕਹੇਗਾ ਤਾਂ ਹੀ ਤੁਹਾਡੇ ਨਾਲ ਗੱਲ ਕਰਾਂਗੀ।"
ਕਹਿਣ ਹੀ ਵਾਲਾ ਸੀ ਕਿ ਜੋ ਮੇਰਾ ਦਿਲ ਕਰੇਗਾ,ਉਹੋ ਕੁੱਝ ਮੈ ਵੀ ਕਰਾਗਾਂ, ਪਰ ਉਸੇ ਟਾਈਮ ਦਾਦੀ ਜੀ ਨੇ ਥੱਲਿਉ ਅਵਾਜ਼ ਲਗਾਈ, " ਮਨਮੀਤ, ਆਪਣੇ ਭਾਪਾ ਜੀ ਹੋਰਾਂ ਨੂੰ ਇਕ ਵਾਰ ਫਿਰ ਰੋਟੀ ਦਾ ਪੁੱਛ।"
 ਮੈ ਗੱਲ ਉੱਥੇ ਹੀ ਛੱਡ, ਪੌੜੀਆਂ ਉਤਰ  ਭਾਪਾ ਜੀ ਹੋਰਾਂ ਵੱਲ ਬੈਠਕ ਵਿਚ ਗਿਆਂ।ਹਰਨੀਤ ਦੇ ਡੈਡੀ ਦੀਆਂ ਗੱਲਾਂ ਤੋਂ ਲੱਗਾ ਕਿ ਸ਼ਰਾਬ ਉਹਨਾਂ ਨੂੰ ਚੜ੍ਹ ਚੁੱਕੀ ਹੈ।ਉਹ ਭਾਪਾ ਜੀ ਨੂੰ ਦੱਸ ਰਹੇ ਸਨ, " ਮੇਰੇ ਤਿੰਨੇ ਬੱਚੇ ਬਹੁਤ ਚੰਗੇ ਆ, ਪਰ ਕੈਨੇਡਾ ਵਿਚ ਰਹਿਣ ਕਾਰਨ ਇਕ ਪਰੋਬਲਮ ਸਾਨੂੰ ਜ਼ਰੂਰ ਆਈ।"
" ਬੱਚਿਆਂ ਵਲੋਂ ਹੀ ਆਈ।" ਭਾਪਾ ਜੀ ਨੇ ਪੁੱਛਿਆ, " ਲੋਕੀ ਦੱਸਦੇ ਆ ਪਈ ਉਧਰਲੇ ਬੱਚੇ ਕੁੱਝ ਜ਼ਿਆਦਾ ਹੀ ਅਜ਼ਾਦੀ ਭਾਲਦੇ ਨੇ।"
" ਹਾਂ, ਬੱਚਿਆ ਵਲੋਂ ਹੀ ਆਈ।" ਉਹਨਾਂ ਨੇ ਡੂੰਘਾ ਸਾਹ ਲੈ ਕੇ ਕਿਹਾ, " ਜਿਸ ਤਰਾਂ ਆਪਾਂ ਆਪਣੇ ਵੱਡਿਆਂ ਤੋਂ ਡਰਦੇ ਉਹਨਾਂ ਸਾਹਮਣੇ ਖੰਘਦੇ ਵੀ ਨਹੀ ਸੀ, ਪਰ ਉੱਧਰਲੇ ਬੱਚੇ..।"
" ਤੁਹਾਡਾ ਲੜਕਾ ਤਾ ਨਹੀ ਕਿਤੇ ਡਰੱਗ ਦੇ ਚੱਕਰ-ਚੁੱਕਰ ਵਿਚ ਪੈ ਗਿਆ ।" ਭਾਪਾ ਜੀ ਨੇ ਅੰਦਾਜ਼ਾ ਲਾਇਆ, " ਉਧਰ ਵੀ ਆਪਣੇ ਮੁੰਡੇ ਡਰੱਗਾਂ-ਡੁਰਗਾ ਵਿਚ ਫਸੇ ਹੀ ਰਹਿੰਦੇ ਆ।"
" ਮੁੰਡੇ ਵਲੋਂ ਨਹੀ ਕੁੜੀਆਂ ਵਲੋਂ ਆਈ।" ਹਰਨੀਤ ਦੇ ਡੈਡੀ ਦਾ ਇਹ ਜ਼ਵਾਬ ਸੁਣ ਕੇ ਮੇਰੀ ਧੜਕਣ ਤੇਜ਼ ਤੇਜ਼ ਦੌੜਣ ਲੱਗੀ।ਸਾਹਾਂ ਵਿਚ ਹਲਚਲ ਮਚ ਪਈ ਕਿ ਲੱਗਾ ਹੁਣ ਹਰਨੀਤ ਦਾ ਭੇਦ ਖੁਲ੍ਹਣ।ਉਹਨਾਂ ਦੀ ਗੱਲ ਇਧਰ-ਉਧਰ ਕਰਨ ਲਈ ਕੋਸ਼ਿਸ਼ ਕਰਦਿਆਂ ਕਿਹਾ, " ਭਾਪਾ ਜੀ , ਰੋਟੀ ਖਾ ਲਉ, ਹਰਨੀਤ ਕਹਿੰਦੀ ਹੈ ਕਿ ਸਵੇਰੇ ਹੀ ਇਹਨਾਂ ਨੂੰ ਵਾਪਸ ਜਾਣਾ ਪੈਣਾ ਆ।"
" ਚਲੋ, ਸਰਦਾਰ ਜੀ, ਰੋਟੀ ਖਾਂਦੇ ਹਾਂ।" ਹਰਨੀਤ ਦੇ ਡੈਡੀ ਨੇ ਕਿਹਾ, " ਅਸੀ ਅਜੇ ਪੈਕਇੰਗ ਬਗ਼ੈਰਾ ਵੀ ਕਰਨੀ ਹੈ।"
ਪਰ ਭਾਪਾ ਜੀ ਵੀ ਮੇਰਾ ਹੀ ਬਾਪ ਸੀ। ਕੁੜੀਆਂ ਵਲੋਂ ਆਈ ਪਰੋਬਲਮ ਦੀ ਗੱਲ ਨੇ ਉਹਨਾਂ ਨੂੰ ਸ਼ੱਕ ਅਜਿਹੀ ਵਿਚ ਪਾ ਦਿੱਤਾ। ਇਸ ਕਰਕੇ ਰੋਟੀ ਖਾਂਦੇ ਉਹਨਾਂ ਫਿਰ ਕਿਹਾ, " ਹਰਨੀਤ ਤਾਂ ਬਹੁਤ ਚੰਗੀ ਲੜਕੀ ਆ ਇਹ ਤਾਂ ਕਿਸੇ ਨੂੰ ਵੀ ਤਕਲੀਫ ਵਿਚ ਪਾ ਨਹੀ ਸਕਦੀ।"
" ਹਾਂ ਜੀ ਬਹੁਤ ਚੰਗੀ ਆ।" ਉਸ ਦੇ ਡੈਡੀ ਨੇ ਕਿਹਾ, " ਪਰ…।"
" ਡੈਡੀ ਜੀ, ਤੁਸੀ ਇੰਨਾ ਗੱਲਾਂ ਦਾ ਫਿਕਰ ਨਾ ਕਰੋ।" ਮੈ ਝੂਠ ਦਾ ਫਿਰ ਸਾਹਾਰਾ ਲੈਂਦੇ ਕਿਹਾ, " ਹਰਨੀਤ ਨੇ ਦੱਸਿਆ ਸੀ ਕਿ ਉਸ ਦੀ ਛੋਟੀ ਭੈਣ ਨੂੰ ਪੜ੍ਹਨ ਵਿਚ ਪਰੋਬਲਮ ਆ ਰਹੀ ਸੀ, ਪਰ ਹੁਣ ਤਾਂ ਸਭ ਕੁੱਝ ਠੀਕ- ਠਾਕ ਹੋ ਗਿਆ। ਹੁਣ ਤਾਂ ਕਿਸੇ ਗੱਲ ਦੀ ਚਿੰਤਾ ਨਹੀ।"
" ਹਾਂ ਜੀ, ਹਾਂ ਜੀ ਹੁਣ ਸਭ ਠੀਕ- ਠਾਕ ਹੋ ਗਿਆ।" 
" ਇਸ ਤਰਾਂ ਦੀਆਂ ਮੁਸ਼ਕਲਾ ਤਾਂ ਜ਼ਿੰਦਗੀ ਵਿਚ ਆਮ ਹੀ ਆ ਜਾਂਦੀਆਂ ਨੇ।" ਭਾਪਾ ਜੀ ਨੇ ਕਿਹਾ, " ਬਾਕੀ ਜਿਹੜੀ ਤੁਸੀ ਗੱਲ ਕੀਤੀ ਕਿ ਉੱਧਰਲੇ ਬੱਚੇ ਆਪਣੇ ਮਾਂ-ਬਾਪ ਤੋਂ ਡਰਦੇ ਨਹੀ, ਉਹ ਤਾਂ ਹੁਣ ਇਧਰ ਵੀ ਫਰਕ ਪੈ ਗਿਆ।"।
" ਭਾਪਾ ਜੀ, ਮੈਂ ਤਾਂ ਤੁਹਾਡੇ ਤੋਂ ਬਹੁਤ ਡਰਦਾ ਹਾਂ।" ਮੈਂ ਗੱਲ ਹਾਸੇ ਵਿਚ ਪਾਉਣ ਲਈ ਕਿਹਾ, " " ਦੇਖ ਲਉ ਤੁਸੀ ਰੋਟੀ ਖਾਂਦੇ ਹੋ, ਮੈਂ ਸੇਵਾ ਵਿਚ ਤੁਹਾਡੇ ਕੋਲ ਖੜ੍ਹਾ।"
" ਵਟ.. ਸਾਡੀ ਫੈਂਮਲੀ ਵਿਚ, ਹਰਨੀਤ ਨੇ …।" ਹਰਨੀਤ ਦੇ ਡੈਡੀ ਥੱਥਲਾਉਂਦੇ ਹੋਏ ਕਹਿਣ ਲੱਗੇ, " ਬੜੀ ਮੁਸ਼ਕਲ ਨਾਲ ਹਰਨੀਤ ਨੂੰ ਵਿਆਹ ਲਈ…।"
ਉਹਨਾਂ ਦੀ ਗੱਲ ਪੂਰੀ ਹੋਣ ਤੋਂ ਪਹਿਲਾ ਹੀ ਮੈਂ ਬੋਲ ਪਿਆ, " ਦੱਸਿਆ ਸੀ ਹਰਨੀਤ ਨੇ ਕਿ ਉਸ ਨੂੰ ਬੜੀ ਮੁਸ਼ਕਲ ਨਾਲ ਵਿਆਹ ਕਰਾਉਣ ਲਈ ਕੰੰਮ ਤੋਂ ਛੁੱਟੀ ਮਿਲੀ। ਚਲੋ ਹੁਣ ਤਾਂ ਵਿਆਹ ਵੀ ਹੋ ਗਿਆ,ਸਭ ਠੀਕ-ਠਾਕ ਆ।" 
" ਹਾਂ, ਰਾਈਟ ਨਾਉ ਸਭ ਠੀਕ-ਠਾਕ ਆ।"ਇਹ ਕਹਿੰਦੇ ਹੋਏ ਹਰਨੀਤ ਦੇ ਡੈਡੀ ਉਸ ਕਮਰੇ ਵੱਲ ਨੂੰ ਤੁਰ ਪਏ ਜਿੱਥੇ ਉਹਨਾਂ ਦੇ ਸੋਣ ਦਾ ਇੰਤਜ਼ਾਮ ਕੀਤਾ ਹੋਇਆ ਸੀ। ਪਰ ਮੈ ਉਨੀ ਦੇਰ ਉੱਥੇ ਹੀ ਰਿਹਾ ਜਿੰਨੀ ਦੇਰ ਉਹ ਕੱਪੜੇ ਬਦਲ ਕੇ ਆਪਣੇ ਬਿਸਤਰੇ ਉੱਪਰ ਪੈ ਕੇ ਘੁਰਾੜੇ ਨਾ ਮਾਰਨ ਲੱਗੇ। 
ਉੱਪਰ ਜਾ ਕੇ ਹਰਨੀਤ ਦੇ ਕਮਰੇ ਵੱਲ ਨਿਗਾਹ ਮਾਰੀ ਤਾਂ ਉਸ ਦੀ ਬੁੱਝੀ ਹੋਈ ਲਾਈਟ ਅਤੇ ਬੰਦ ਦਰਵਾਜ਼ੇ ਨੇ ਦੱਸ ਦਿੱਤਾ ਕਿ ਉਹ ਸੋਂ ਗਈ ਹੈ। ਇਹ ਰਾਤ ਵੀ ਪਹਿਲੀਆਂ ਰਾਤਾਂ ਵਾਂਗ ਕੱਟਣ ਲਈ ਆਪਣੇ ਕਮਰੇ ਵਿਚ ਵੜ ਗਿਆਂ।

...ਚਲਦਾ...