ਕੁੜੀ ਕਨੇਡਾ ਦੀ (ਕਿਸ਼ਤ 6) (ਨਾਵਲ )

ਅਨਮੋਲ ਕੌਰ   

Email: iqbal_it@telus.net
Address:
Canada
ਅਨਮੋਲ ਕੌਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


19

ਕਾਫੀ ਦਿਨ ਹੋ ਗਏ, ਨਾ ਤਾਂ ਕੈਨੇਡਾ ਵਾਲਿਆਂ ਦਾ ਕੋਈ ਫੋਨ ਆਇਆ ਅਤੇ ਨਾ ਹੀ ਅਸੀ ਕੀਤਾ।ਭਾਪਾ ਜੀ ਅਤੇ ਦਾਦੀ ਜੀ ਨੇ ਦੋ ਕੁ ਵਾਰੀ ਮੈਨੂੰ ਪੁੱਛਿਆ ਵੀ, " ਹਰਨੀਤ ਦਾ ਫੋਨ ਆਇਆ ਸੀ?" ਮੈ ਬਹਾਨੇ-ਬਾਜ਼ੀ ਨਾਲ ਉਹਨਾਂ ਨੂੰ ਜ਼ਵਾਬ ਦੇ ਦਿੰਦਾ। ਅੱਜ ਦਾਦੀ ਜੀ ਨੇ ਮੇਥੀ ਵਾਲੇ ਪਰਾਂਠੇ ਬਣਾਏ ਨੇ, ਸਵੇਰ ਦੇ ਮੈਨੂੰ ਦੋ ਵਾਰੀ ਅਵਾਜ਼ ਮਾਰ ਚੁੱਕੇ ਨੇ ਆ ਕੇ ਖਾ ਲੈ। ਭਾਪਾ ਜੀ ਵੀ ਰਸੌਈ ਵਿਚ ਹੀ ਨੇ, ਪਰ ਮੈ ਥੱਲੇ ਜਾਣਾ ਨਹੀ ਚਾਹੁੰਦਾ ਕਿaਂਕਿ ਮੈਨੂੰ ਡਰ ਹੈ, ਉਹਨਾਂ ਫਿਰ ਹਰਨੀਤ ਦੇ ਫੋਨ ਬਾਰੇ ਪੁੱਛਣਾ ਹੈ, ਉਹ ਹੀ ਗੱਲ ਹੋਈ ਅਜੇ ਚੁਬਾਰੇ ਦੀਆਂ ਪੌੜੀਆਂ ਉਤਰ ਹੀ ਰਿਹਾ ਸਾਂ ਕਿ ਪੈਰਾ ਦੀ ਆਹਟ ਸੁਣ  ਕੇ ਰਸੌਈ ਵਿਚ ਮੇਥੀ ਵਾਲੇ ਪਰੌਂਠੇ ਬਣਾਉਂਦੇ ਦਾਦੀ ਜੀ ਬੋਲੇ, "ਹੁਣ ਹਰਨੀਤ ਦਾ ਫੋਨ ਨਹੀ ਕਦੀ ਆਇਆ।"
" ਆਉਂਦਾ ਹੀ ਰਹਿੰਦਾ ਏ।" ਮੈ ਝੂਠਾ ਜ਼ਵਾਬ ਦਿੱਤਾ, " ਪਰਸੋਂ ਹੀ ਅਇਆ ਸੀ, ਜਦੋਂ ਤੁਸੀ ਲੰਬੜਾ ਦੇ ਅਖੰਡ-ਪਾਠ 'ਤੇ ਗਇਉਂ ਸੀ।"
" ਤੂੰ ਕਹਿੰਦਾ ਸੀ ਕਿ ਹਰਨੀਤ ਨਾਲ ਗੱਲ ਕਰਾ ਦੇਵੇਗਾ।" ਦਾਦੀ ਜੀ ਪੁੱਛ ਰਹੇ ਸਨ, " ਪਰ ਤੂੰ ਕਰਾਈ ਕਦੇ ਨਹੀ।"
" ਕੁਦਰਤੀ ਜਦੋਂ ਵੀ ਉਹਦਾ ਫੋਨ ਆਉਂਦਾ ਹੈ।" ਮੈ ਪਰੌਂਠਾ ਥਾਲੀ ਵਿੱਚ ਰੱਖਦੇ ਕਿਹਾ, " ਤੁਸੀ ਲਾਗੇ-ਸ਼ਾਗੇ ਹੁੰਦੇ ਹੀ ਨਹੀ।"
" ਸੱਚੀ, ਮੈ ਵੀ ਕਦੇ ਤੈਨੂੰ ਫੋਨ ਕਰਦੇ ਦੇਖਿਆ ਹੀ ਨਹੀ।" ਦਾਦੀ ਜੀ ਦੁੱਧ ਤੋਂ ਵੀ ਚਿੱਟੇ ਮੱਖਣ ਦਾ ਪੇੜਾ ਮੇਰੇ ਪਰੌਂਠਿਆ ਤੇ ਰੱਖਦੇ ਬੋਲੇ, "  ਹੁਣ ਜੇ ਉਸ ਦਾ ਫੋਨ ਅਇਆ ਜਾਂ ਤੂੰ ਕੀਤਾ ਤਾਂ ਮੇਰੀ ਹਰਨੀਤ ਨਾਲ ਗੱਲ ਜ਼ਰੂਰ ਕਰਾ ਦੇਂਈ।"
" ਹੁਣੇ ਘੁੰਮਾ ਲੈ।" ਭਾਪਾ ਜੀ ਪਰੌਂਠੇ ਦੀ ਬੁਰਕੀ ਮੂੰਹ ਵਿਚ ਪਾਉਂਦੇ ਬੋਲੇ, " ਅਜੇ ਸਵੇਰਾ ਸਵੇਰਾ ਹੈ ਅਤੇ ਉਧਰ ਸ਼ਾਮ ਹੀ ਹੋਈ ਹੈ, ਸਾਰੇ ਘਰ ਹੋਣੇ ਨੇ, ਚੱਲ ਤੂੰ ਨੰਬਰ ਮਿਲਾ।"
" ਪਰੌਂਠੇ ਖਾ ਕੇ ਮਿਲਾਉਂਦਾ ਹਾਂ।" ਮੈਂ ਲੱਸੀ ਵਾਲਾ ਗਿਲਾਸ ਚੁੱਕਦਿਆਂ ਕਿਹਾ, " ਬੀਜੀ ਤੁਸੀ ਵੀ ਰੋਟੀ ਖਾ ਲਉ, ਫਿਰ ਕਰਦੇ ਹਾਂ ਗੱਲ।"
ਮੈਨੂੰ ਮੇਥੀ ਦੇ ਪਰੌਂਠਿਆ ਦਾ ਕੋਈ ਵੀ ਸਵਾਦ ਨਹੀ ਸੀ ਆ ਰਿਹਾ, ਕਿਉਂਕਿ ਮੇਰੀ ਪੂਰੀ ਸ਼ਕਤੀ ਹਰਨੀਤ ਨਾਲ ਫੋਨ ਤੇ ਕੀ ਗੱਲ ਕਰਨੀ ਹੈ ਇਸ ਵਿਚ ਲੱਗੀ ਹੋਈ ਸੀ।ਜਦੋਂ ਪਰੌਂਠੇ ਮੁੱਕੇ aਦੋਂ ਹੀ ਭਾਪਾ ਜੀ ਬੋਲੇ, " ਹੱਥ ਧੋ ਕੇ ਛੇਤੀ ਫੋਨ ਕਰ ਲਾ।"
" ਆਹੋ, ਕਾਕਾ ਕਿਤੇ ਉਹ ਸੋਂ ਹੀ ਨਾ ਜਾਣ।" ਦਾਦੀ ਜੀ ਭਾਪਾ ਜੀ ਨਾਲੋ ਵੀ ਕਾਹਲੀ ਵਿਚ ਬੋਲੇ, " ਅਗਲੀ ਨੇ ਸਵੇਰੇ ਕੰਮ ਤੇ ਵੀ ਜਾਣਾ ਹਊ।"
ਮੈਨੂੰ ਦਾਦੀ ਜੀ ਤੇ ਗੁੱਸਾ ਵੀ ਆਇਆ ਕਿ ਹਰਨੀਤ ਭਾਂਵੇ ਦਾਦੀ ਜੀ ਨਾਲ ਗੱਲ ਕਰਨ ਲਈ ਮੰਨੇ ਵੀ ਨਾ, ਪਰ ਦਾਦੀ ਜੀ ਨੂੰ ਉਹਦੇ ਕੰਮ ਤੇ ਜਾਣ ਦਾ ਵੀ ਫਿਕਰ ਆ। ਜੱਕੋਤਕੀ ਵਿਚ ਮੈਂ ਫੋਨ ਘੁੰਮਾ ਹੀ ਲਿਆ।ਉਧਰੋਂ 'ਹੈਲੋ' ਕਹਿਣ 'ਤੇ ਹੀ ਮੈਂ ਪਛਾਣ ਲਿਆ ਕਿ ਇਹ ਹਰਨੀਤ ਦੀ ਮੱਮੀ ਹੈ।ਮੈਂ ਕਿਹਾ, " ਸਤਿ ਸ੍ਰੀ ਅਕਾਲ ਮੱਮੀ ਜੀ।"
" ਸਤਿ ਸ੍ਰੀ ਅਕਾਲ ਬੇਟਾ ਜੀ।" ਹਰਨੀਤ ਦੀ ਮੱਮੀ ਨੇ ਇੰਨੇ ਪਿਆਰ ਨਾਲ ਕਿਹਾ ਕਿ ਮੈਨੂੰ ਆਪਣੀ ਮਾਂ ਯਾਦ ਆ ਗਈ, ਇਸੇ ਯਾਦ ਵਿਚ ਸ਼ਬਦਾਂ ਨੂੰ ਮਾਂ ਦੇ ਪਿਆਰ ਦਾ ਰਸ ਪਿਲਾਉਂਦਾ ਬੋਲਿਆ, " ਮੱਮੀ ਜੀ ਕੀ ਹਾਲ ਆ?"
" ਹਾਲ ਤਾਂ ਠੀਕ ਹੈ, ਬੇਟਾ ਜੀ।" ਉਸ ਨੇ ਮਾਂ ਪੁੱਤ ਦਾ ਰਿਸ਼ਤਾ ਬਣਾਉਂਦਿਆ ਕਿਹਾ, " ਤੁਸੀ ਹਰਨੀਤ ਨਾਲ  ਤਾਂ ਫੋਨ ਤੇ ਗੱਲ ਕਰ ਲੈਂਦੇ ਹੋ, ਕਦੇ ਮੱਮੀ ਨਾਲ ਵੀ ਕਰ ਲਿਆ ਕਰੋ।"
ਇਸ ਗੱਲ-ਬਾਤ ਤੋਂ ਮੈਨੂੰ ਪੱਕਾ ਪਤਾ ਲੱਗ ਗਿਆ ਕਿ ਜਿਹੜੀ ਹੁਸ਼ਿਆਰੀ ਮਂੈ ਆਪਣੇ ਘਰਦਿਆਂ ਨਾਲ ਖੇਡ ਰਿਹਾ ਹਾਂ, ਉਧਰ ਉਹ ਹੀ ਚਲਾਕੀ ਆਪਣੇ ਮਾਪਿਆ ਨਾਲ ਚਲਾ ਰਹੀ ਹੈ।
" ਕਿਉਂ ਨਹੀ ਜ਼ਰੂਰ ਜ਼ਰੂਰ।" ਮੈਂ ਫਿਰ ਆਪਣੀ ਮਾਂ ਨੂੰ ਯਾਦ ਕਰਦਿਆਂ ਕਿਹਾ, " ਮਾਂ ਦਾ ਪਿਆਰ ਤਾਂ ਨਸੀਬਾਂ ਵਾਲਿਆਂ ਨੂੰ ਹੀ ਮਿਲਦਾ ਆ।"
" ਬੇਟਾ ਜੀ, ਗੱਲ ਤਾਂ ਤੁਹਾਡੀ ਬਿਲਕੁਲ ਠੀਕ ਹੈ।" ਮੱਮੀ ਜੀ ਵੀ ਮਾਂ ਵਾਲੇ ਮੋਹ ਵਿਚ ਭਿਜ ਕੇ ਬੋਲੇ, " ਹਰਨੀਤ ਨੇ ਮੈਨੂੰ ਦੱਸਿਆ ਸੀ ਕਿ ਤੁਹਾਡਾ ਆਪਣੀ ਮਾਂ ਨਾਲ ਬਹੁਤ ਹੀ ਪਿਆਰ ਸੀ, ਉਸ ਦੇ ਤੁਰ ਜਾਣ ਨਾਲ ਤੁਹਾਡਾ ਸੁਭਾਅ ਥੌੜਾ ਵੱਖਰਾ ਜਿਹਾ ਬਣ ਗਿਆ।"
ਇਹ ਗੱਲ ਸੁਣ ਕੇ ਮਂੈ ਹੈਰਾਨ ਹੁੰਦਾ ਹੋਇਆ  ਗੁੰਮ-ਸੁੰਮ ਵੀ ਹੋ ਗਿਆ।ਮੇਰੇ ਵੱਖਰੇ ਸੁਭਾਅ ਵਾਲੀ ਗੱਲ ਤਾਂ ਪਹਿਲਾਂ ਮੈਂਨੂੰ ਸਮਝ ਹੀ ਨਾ ਆਵੇ।ਫਿਰ ਮੇਰੇ ਦਿਮਾਗ ਨੇ ਹੀ ਹੈਰਾਨਗੀ ਦੂਰ ਕਰਦਿਆਂ ਕਿਹਾ ਕਿ ਮਾਂ ਦੀ ਬੱਚੀ ਤੇਰੇ ਨਾਲੋ ਕਈ ਗੁਣਾ ਉੱਤੇ ਹੈ।ਆਪਨੇ ਮਨ ਨਾਲ ਗੱਲ ਕਰਦਿਆਂ ਮੈਂ ਕਿਹਾ, " ਮਨਾ,ਤੇਰਾ ਸੁਭਾਅ ਨਹੀ ਵੱਖਰਾ।ਉਸ ਨੇ ਤੇਰੇ ਤੋਂ ਵੱਖ ਹੋਣ ਦੀਆਂ ਸਕੀਮਾਂ ਘੜਨੀਆਂ ਸ਼ੁਰੂ ਵੀ ਕਰ ਦਿੱਤੀਆਂ ਨੇ।"। ਕੱਲ ਨੂੰ ਜਦੋਂ ਤਲਾਕ ਹੋਣਾ ਤਾਂ ਮੇਰੇ ਤੇ ਪਹਿਲਾਂ ਇਹ ਹੀ ਇਲਜ਼ਾਮ ਲੱਗਣਾ ਕਿ ਮੁੰਡੇ ਦਾ ਸੁਭਾਅ ਬਹੁਤ ਭੈੜਾ ਸੀ, ਖੈਰ  ਉਸ ਟਾਈਮ ਮੈਂ ਵੀ ਕਹਿ ਦਿੱਤਾ, " ਹਾਦਸਿਆ ਦਾ ਅਸਰ ਸੁਭਾਵਾਂ ਤੇ ਹੋ ਹੀ ਜਾਂਦਾ ਏ, ਪਰ ਜੇ ਜੀਵਨ ਸਾਥੀ ਚੰਗਾ ਹੋਵੇ ਤਾਂ ਸੁਭਾਅ ਤਾਂ ਕੀ, ਬੰਦੇ ਦੀ ਸ਼ਖਸ਼ੀਅਤ ਬਦਲ ਜਾਂਦੀ ਏ।"
" ਹਰਨੀਤ ਦੇ ਸੁਭਾਅ ਦਾ ਤੁਸੀ ਫਿਕਰ ਨਾ ਕਰਿਉ।" ਮੱਮੀ ਜੀ ਨੇ ਧੀ ਦੀ ਸਿਫਤ ਕਰਦਿਆ ਕਿਹਾ, " ਉਹ ਤਾਂ ਜਿਵੇ ਅਸੀ ਕਹਾਂਗੇ, ਉਸ ਤਰਾਂ ਹੀ ਮੰਨੇ ਗੀ।"
ਦਿਲ ਕਰੇ ਕਹਿ ਦੇਵਾਂ, ਤੁਹਾਡਾ ਕਿਹਾ ਤਾਂ ਉਸ ਤਰਾਂ ਮੰਨਦੀ ਹੈ ਜਿਵੇ ਕਹਿੰਦੇ ਨੇ, ਕਿ ਸਰਪੰਚਾ ਦਾ ਕਿਹਾ ਸਿਰ ਮੱਥੇ ਤੇ, ਪਰਨਾਲਾ ਥਾਂ ਦੀ ਥਾਂ।ਮੈਨੂੰ ਥੌੜ੍ਹਾ ਜਿਹਾ ਚੁੱਪ ਦੇਖ ਕੇ ਮੱਮੀ  ਨੇ ਫਿਰ ਕਿਹਾ, " ਹਰਨੀਤ ਨਾਲ ਗੱਲ ਕਰਨੀ ਹੋਣੀ ਏ, ਠਹਿਰੋ ਹੁਣੇ ਹੀ ਕਰਵਾਉਂਦੀ ਹਾਂ।" 
" ਹਾਂ ਜੀ।" ਮੈਂ ਇੰਨਾ ਹੀ ਕਿਹਾ, " ਕਰਵਾ ਦਿਉ।"
" ਸਤਿ ਸ੍ਰੀ ਅਕਾਲ ਜੀ।" ਫੋਨ ਵਿਚੋਂ ਸ਼ਹਿਦ ਭਰੀ ਅਵਾਜ਼ ਆਈ, " ਪਰਸੋਂ ਮੈ ਤੁਹਾਡੇ ਨਾਲ ਅਜੇ ਹੋਰ ਗੱਲ ਕਰਨੀ ਸੀ, ਤੁਸੀ ਫੋਨ ਹੀ ਕੱਟ ਗਏ।"
ਉਸ ਦੀ ਇਹ ਗੱਲ ਗਵਾਹੀ ਭਰ ਰਹੀ ਸੀ ਕਿ ਉਸ ਦੀ ਮਾਤਾ ਸ਼੍ਰੀ ਜੀ, ਉਸ ਦੇ ਕੋਲ ਹੀ ਖੜ੍ਹੀ ਹੈ। ਗੱਲ ਸੰਭਾਲਦਿਆਂ ਮੈਂ ਵੀ ਕਹਿ ਦਿੱਤਾ, " ਕਈ ਵਾਰੀ ਗੱਲ ਕਰਦਿਆਂ ਕਰਦਿਆਂ ਕੁਨੈਕਸ਼ਨ ਕੱਟਿਆ ਜਾਂਦਾ ਹੈ, ਉਸ ਦਿਨ ਵੀ ਕੱਟਿਆ ਗਿਆ ਸੀ।"
" ਪੰਜਾਬ ਵਾਲਿਆਂ ਦੇ ਕੁਨੈਕਸ਼ਨ ਛੇਤੀ ਹੀ ਕੱਟੇ ਜਾਂਦੇ ਨੇ।" ਉਸ ਨੇ ਪਤਾ ਨਹੀ ਕਿਹੜੇ ਹਿਸਾਬ ਨਾਲ ਕਿਹਾ, " ਇਧਰ ਤਾਂ ਮਜ਼ਬੂਤ ਹੁੰਦੇ ਨੇ।"
ਪਿਤਾ ਜੀ ਅਤੇ ਦਾਦੀ ਜੀ ਕੋਲ ਹੋਣ ਕਾਰਨ ਮੇਰੇ ਮੂੰਹ ਵਿਚੋਂ ਵੀ ਨਿਕਲ ਗਿਆ, " ਫੋਨਾ ਦੇ ਕੁਨੈਕਸ਼ਨਾ ਦੀ ਤਾਂ ਕੋਈ ਗੱਲ ਨਹੀ, ਦਿਲਾਂ ਦੇ ਕੁਨੈਕਸ਼ਨ ਮਜ਼ਬੂਤ ਹੋਣੇ ਚਾਹੀਦੇ ਨੇ।"
ਮੇਰੀ ਗੱਲ ਸੁਣ ਕੇ ਭਾਪਾ ਜੀ ਹੱਸ ਜਿਹੇ ਪਏ ਤਾਂ ਬੋਲੇ, " ਮਨਮੀਤ ਪਹਿਲਾਂ ਬੀਜੀ ਨਾਲ ਗੱਲ ਕਰਵਾ ਦੇ, ਫਿਰ ਮੁੜ ਆਪਣੀਆਂ ਤਾਰਾਂ ਜੋੜ ਲਇਉ।"
" ਆ ਬੀਜੀ ਨਾਲ ਗੱਲ ਕਰ ਲਉ ਪਹਿਲਾਂ।" ਮਂੈ ਦਾਦੀ ਜੀ ਨੂੰ ਫੋਨ ਫੜਾਉਂਦਿਆ ਕਿਹਾ, " ਮੁੜ ਕੇ ਆਪਾਂ ਗੱਲ ਕਰਦੇ ਹਾਂ।"
 aਧਰੋਂ ਪੈਰੀ ਪੈਂਦੀ ਕਿਹਾ ਲੱਗਦਾ ਸੀ ਕਿਉਂਕਿ ਦਾਦੀ ਜੀ ਨੇ ਫੋਨ ਫੜ੍ਹਦਿਆ ਹੀ ਕਿਹਾ," ਗੁਰੂ ਭਲਾ ਕਰੇ।" 
" ਅਸੀ ਤਾਂ ਪੁੱਤ ਜਿਹੜਾ ਯਾਦ ਕਰਨਾ, ਕਰਨਾ ਹੀ ਸੀ।" ਦਾਦੀ ਜੀ ਗੰਭੀਰ ਹੋ ਕੇ ਕਹਿ ਰਹੇ ਸਨ, " ਤੇਰੇ ਜਾਣ ਤੋਂ ਬਾਅਦ ਤਾਂ ਮਨਮੀਤ ਨੂੰ ਵੀ ਚੈਨ ਨਹੀ, ਬਸ ਪਰੇਸ਼ਾਨ ਜਿਹਾ ਹੋਇਆ ਸਕੂਟਰ ਲੈ ਕੇ ਇਧਰ-ਉਧਰ ਘੁੰਮਦਾ ਰਹਿੰਦਾ ਆ।"
ਹੁਣ ਦਾਦੀ ਜੀ ਚੁੱਪ ਹੋ ਕੇ ਉਸ ਨੂੰ ਸੁਣ ਰਹੇ ਸਨ ਅਤੇ ਫਿਰ ਬੋਲੇ, " ਪੁੱਤ, ਛੇਤੀ ਛੇਤੀ ਫੋਨ ਕਰ ਲਿਆ ਕਰ।" ਇਸ ਤੋਂ ਬਾਅਦ ਹਰਨੀਤ ਨੇ ਕੁੱਝ ਹੋਰ ਕਿਹਾ। ਜਿਸ ਦੇ ਜ਼ਵਾਬ ਵਿਚ ਦਾਦੀ ਜੀ ਮੇਰੇ ਵੱਲ ਦੇਖਦੇ ਹੋਏ ਬੋਲੇ, " ਕੋਈ ਨਹੀ ਮਂੈ ਸਮਝਾਊਗੀ ਮਨਮੀਤ ਨੂੰ, ਦਿਲ ਦਾ ਤਾਂ ਬਾਹਲਾ ਹੀ ਚੰਗਾ ਆ, ਉਦਾ ਹੀ ਕਦੀ ਗਰਮ ਹੋ ਜਾਂਦਾ ਆ।"
ਹਰਨੀਤ ਨੇ ਜੋ ਗੱਲਾਂ ਕੀਤੀਆਂ, ਦਾਦੀ ਜੀ ਦੀ ਗੱਲ-ਬਾਤ ਤੋਂ ਮੈਨੂੰ ਸਭ ਸਮਝ ਆ ਗਈਆਂ।ਦਾਦੀ ਜੀ ਨੇ ਫਿਰ ਭਾਪਾ ਜੀ ਨੂੰ ਫੋਨ ਫੜਾ ਦਿਤਾ, ਮੈਨੂੰ ਨਹੀ ਪਤਾ ਕਿ ਹਰਨੀਤ ਨੇ ਭਾਪਾ ਜੀ ਨਾਲ ਗੱਲ ਕਰਨ ਲਈ ਕਿਹਾ ਜਾਂ ਦਾਦੀ ਜੀ ਨੇ ਆਪ ਹੀ ਫੜਾ ਦਿੱਤਾ।
ਰਸਮੀ ਸੁਲਾਮ-ਦੁਆ ਤੋਂ ਬਾਅਦ ਭਾਪਾ ਜੀ ਨੇ ਗੱਲ ਕਰਨੀ ਸ਼ੁਰੂ ਕੀਤੀ, " ਪੁੱਤਰ ਜੀ, ਜਦੋਂ ਮਨਮੀਤ ਨਾਲ ਗੱਲ ਕਰਦੇ ਹੋ, ਸਾਡੇ ਨਾਲ ਵੀ ਦੋ ਬੋਲ ਸਾਂਝੇ ਕਰ ਲਿਆ ਕਰੋ।"
ਹਰਨੀਤ ਨੇ aਧਰੋਂ ਹਾਂ ਜੀ ਹੀ ਕਿਹਾ ਲਗਦਾ ਸੀ, ਕਿਉਂਕਿ ਭਾਪਾ ਜੀ ਫਿਰ ਬੋਲੇ, " ਸਾਡੇ ਆਪਣੇ ਤਾਂ ਕੋਈ ਧੀ ਨਹੀ, ਹੁਣ ਤੂੰ ਹੀ ਸਾਡੀ ਬੱਚੀ ਹੈ।"
ਭਾਪਾ ਜੀ ਦੀ ਸਾਰੀ ਗੱਲ-ਬਾਤ ਵਿਚੋਂ ਧੀ ਦੇ ਭਾਵਕ ਰਿਸ਼ਤੇ ਦੀ ਖਸ਼ਬੂ ਆ ਰਹੀ ਸੀ। ਜਿੰਨੀ ਇਸ ਧੀ ਵਾਲੇ ਮਿੱਠੇ ਰਿਸ਼ਤੇ ਦੀ ਮਿੱਠੀ ਸੁਗੰਧ ਆਲੇ-ਦੁਆਲੇ ਫੈਲ ਰਹੀ ਸੀ। ਮੇਰਾ ਦਿਲ ਉਨਾਂ ਹੀ ਘਟ ਰਿਹਾ ਸੀ। ਮਂੈ ਨਹੀ ਚਾਹੁੰਦਾ ਸੀ ਕਿ ਤਲਾਕ ਹੋਣ ਪਿਛੋਂ ਇਹ ਭਾਵਕਤਾ ਨਾਲ ਬੁਣਿਆ ਰਿਸ਼ਤਾ ਭਾਪਾ ਜੀ ਨੂੰ ਕੋਈ ਨੁਕਸਾਨ ਪਹੁੰਚਾਵੇ।ਮੈਂ ਆਪਣਾ ਹੱਥ ਅੱਗੇ ਕਰਦਿਆਂ ਕਿਹਾ, "ਲਿਆਉ ਹੁਣ ਮੈ ਗੱਲ ਕਰ ਲੈਂਦਾ ਹਾਂ॥"
" ਤੂੰ ਤਾਂ ਰੋਜ਼ ਹੀ ਗੱਲਾਂ ਕਰਦਾ ਰਹਿੰਦਾ ਆ।" ਭਾਪਾ ਜੀ ਨੇ ਫੋਨ ਆਪਣੇ ਹੋਰ ਵੀ ਨਜ਼ਦੀਕ ਕਰਦਿਆਂ ਕਿਹਾ, " ਬਹਿ ਜਾ ਜਰਾ ਅਰਾਮ ਨਾਲ ਸਾਨੂੰ ਵੀ ਦੋ ਗੱਲਾਂ ਕਰ ਲੈਣ ਦੇ।"
ਇਸ ਤੋਂ ਬਾਅਦ ਹਰਨੀਤ ਨੇ ਕੋਈ ਗੱਲ ਕੀਤੀ ਲੱਗਦੀ ਸੀ ਕਿਉਂਕਿ ਭਾਪਾ ਜੀ ਕਹਿ ਰਹੇ ਸਨ, " ਤੂੰ ਤਾਂ ਸਾਨੂੰ ਮਨਮੀਤ ਤੋਂ ਵੀ ਪਿਆਰੀ ਆ।ਉਹਦੇ ਨਾਲੋ ਤੇਰੇ ਤੇ ਜ਼ਿਆਦਾ ਭਰੋਸਾ ਹੈ।ਅੱਛਾ, ਵੈਸੇ ਮਂੈ ਤਾਂ ਉਸ ਨੂੰ ਗਰਮ ਹੁੰਦੇ ਘੱਟ ਹੀ ਦੇਖਿਆ॥"
ਭਾਪਾ ਜੀ ਚੁੱਪ ਹੋ ਗਏ, ਹਰਨੀਤ ਅਜੇ ਵੀ ਕੁੱਝ ਉਹਨਾਂ ਨੂੰ ਕਹਿ ਰਹੀ ਸੀ। ਥੌੜ੍ਹੀ ਦੇਰ ਬਾਅਦ ਭਾਪਾ ਜੀ ਫਿਰ ਬੋਲੇ, " ਜੇ ਉਹ ਗੁੱਸੇ ਵਿਚ ਘੱਟ- ਵਧ ਬੋਲ ਵੀ ਗਿਆ ਤਾਂ ਪੁੱਤਰ ਜੀ ਤੁਸੀ ਹਊ-ਪਰੇ ਕਰ ਦਿਉ। ਮੈਂ ਉਸ ਨਾਲ ਬੈਠ ਕੇ ਗੱਲ ਕਰਾਂਗਾਂ।"
" ਮੈਂ ਫੜਾਉਂਦਾ ਮਨਮੀਤ ਨੂੰ, ਇਕ ਮਿੰਟ।" ਇਹ ਕਹਿ ਕੇ ਭਾਪਾ ਜੀ ਨੇ ਮੈਨੂੰ ਫੋਨ ਫੜ੍ਹਾ ਦਿੱਤਾ ਅਤੇ ਆਪ ਦਾਦੀ ਜੀ ਨਾਲ ਕਮਰੇ ਤੋਂ ਬਾਹਰ ਚਲੇ ਗਏ।ਮੈ ਫੋਨ ਫੜ੍ਹਦੇ ਸਾਰ ਹੀ ਕਿਹਾ, " ਜੋ ਤੁਸੀ ਕਰ ਰਿਹੇ ਹੋ ਠੀਕ ਨਹੀ।"
" ਮੈਂ ਕੀ ਕੀਤਾ?" ਉਸ ਨੇ ਭੋਲੀ ਬਣਦੇ ਪੁੱਛਿਆ, " ਮੈ ਸਿਰਫ ਤੁਹਾਡੇ ਸੁਭਾਅ ਬਾਰੇ ਹੀ ਗੱਲ ਕੀਤੀ ਆ।"
" ਮੇਰੇ ਸੁਭਾਅ ਨੂੰ ਕੀ ਹੋਇਆ ਹੈ?" ਮੈ ਥੌੜ੍ਹਾ ਗੁੱਸੇ ਵਿਚ ਕਿਹਾ, "ਬਿਨਾ ਵਜਹ ਤਾਂ ਮੈਨੂੰ ਬਦਨਾਮ ਨਾ ਕਰੋ।"
" ਸਾਡੇ ਦੋਹਾਂ ਵਿਚੋਂ ਇਕ ਨੂੰ ਤਾਂ ਬਦਨਾਮ ਹੋਣਾ ਹੀ ਪੈਣਾ ਆ।" ਉਸ ਨੇ ਹਲਕਾ ਜਿਹਾ ਹਾਸਾ ਹੱਸਦੇ ਕਿਹਾ, " ਤਲਾਕ ਕਰਨ ਲਈ ਕੋਈ ਰੀਜ਼ਨ ਵੀ ਲੱਭਣਾ ਪੈਣਾ ਹੈ।"
ਉਸ ਦੀਆਂ ਗੱਲਾਂ ਤੋਂ ਲੱਗਾ ਕਿ ਮੱਮੀ ਕੋਲ ਨਹੀ ਹੈ। ਇਸ ਕਰਕੇ ਤਲਾਕ ਬਾਰੇ ਬੋਲ ਰਹੀ ਹੈ। " ਮੇਰੇ ਸੁਭਾਅ ਦਾ ਹੀ ਤੁਹਾਨੂੰ ਰੀਜ਼ਨ ਮਿਲਿਆ।" ਮੈਂ ਪੁੱਛਿਆ, " ਜੇ ਮੈ ਝੂਠਾ ਹੀ ਭੰਡੀ-ਪਰਚਾਰ ਕਰੀ ਜਾਵਾਂ ਕਿ ਤੁਹਾਡੀਆਂ ਆਦਤਾਂ ਠੀਕ ਨਹੀ। ਫਿਰ ਦੱਸੋ, ਤੁਹਾਡੇ ਤੇ ਕੀ ਗੁਜ਼ਰੇਗੀ?"
" ਆਪਣਾ ਤਾਂ ਰਿਸ਼ਤਾ ਹੀ ਝੂਠ ਦੀ ਬੁਨਿਆਦ ਉੱਪਰ ਖੜ੍ਹਾ ਹੈ।" ਉਸ ਨੇ ਸਾਫ ਹੀ ਕਿਹਾ, " ਮੇਰੇ ਬਾਰੇ ਜੋ ਮਰਜ਼ੀ ਕਹੀ ਜਾਵੋ, ਆਈ ਡੋਂਟ ਕਿਅਰ।"
ਪਤਾ ਨਹੀ ਕਿਉਂ ਮੈਂ ਇਕਦਮ ਗੰਭੀਰ ਹੋ ਗਿਆ ਤੇ ਹਉਕਾ ਭਰ ਕੇ ਕਿਹਾ, " ਤੁਹਾਨੂੰ ਸੱਚ-ਮੁੱਚ ਹੀ ਮੇਰੀ ਕੋਈ ਕਿਅਰ ਨਹੀ ਹੈ?"
ਉਸ ਨੇ ਨਾਲ ਹੀ ਜ਼ਵਾਬ ਦਿੱਤਾ, " ਕੇਅਰ ਵੀ ਉਹਨਾਂ ਦੀ ਹੀ ਕਰੀਦੀ ਹੈ, ਜੋ ਆਪ ਵੀ ਕਿਸੇ ਦੀ ਕਿਅਰ ਕਰਦੇ ਹੋਣ।"
" ਤੁਹਾਡਾ ਕੀ ਮਤਲਵ, ਮੈ ਤੁਹਾਡੀ ਕੋਈ ਪਰਵਾਹ ਨਹੀ ਕਰਦਾ।"
ਉਹ ਓਪਰਾ ਜਿਹਾ ਹਾਸਾ ਹੱਸਦੀ ਬੋਲੀ, " ਤੁਸੀ ਤਾਂ ਇਕਦਮ ਆਪਣੇ ਵੱਲ ਨੂੰ ਗੱਲ ਲੈ ਜਾਂਦੇ ਹੋ, ਆਈ ਮੀਨ ਮੇਰਾ ਬੋਆਏ ਫਰੈਂਡ ਮੇਰੀ ਬਹੁਤ ਕਿਅਰ ਕਰਦਾ ਹੈ ਅਤੇ ਮੈਂ ਉਹਦੀ।"
ਉਹਦੇ ਇਸ ਜ਼ਵਾਬ ਨੇ ਮੇਰੇ ਸੀਨੇ ਵਿਚ ਅੱਗ ਬਾਲ ਦਿੱਤੀ। ਦਿਲ ਇਸ ਤਰਾਂ ਉਛਲਿਆ ਕਿ ਜੇ ਕੋਲ ਹੁੰਦੀ ਤਾਂ ਸ਼ਾਇਦ ਉਸ ਦੇ ਥੱਪੜ ਵੀ ਮਾਰ ਦਿੰਦਾਂ, ਪਰ ਦਿਮਾਗ ਨੇ ਮੈਂਨੂੰ ਠੰਡਾ ਕਰਦਿਆ  ਪੁੱਛਿਆ, " ਉਹ ਤੇਰੀ ਲੱਗਦੀ ਵੀ ਕੀ ਹੈ?"
ਇਹ ਸੋਚਦਿਆਂ ਮੈਂ ਵੀ ਉਹਦੇ ਵਾਂਗ ਹੱਸਦੇ ਪੁੱਛਿਆ, "ਉਹ ਅਜੇ ਜ਼ਿਊਂਦਾ ਹੈ?ਵੈਸੇ ਤਹਾਨੂੰ ਬਹੁਤ ਬਹੁਤ ਮੁਬਾਰਕਾਂ ਜੇ ਤੁਸੀ ਇਕ ਦੂਜੇ ਦੀ ਏਨੀ ਪਰਵਾਹ ਕਰਦੇ ਹੋ। ਭਾਂਵੇ ਇਸ ਤੋਂ ਵੀ ਜ਼ਿਆਦਾ ਕਰੋ,ਆਈ ਡੋਂਟ ਕਿਅਰ।"
ਮੇਰਾ ਜ਼ਵਾਬ ਸੁਣ ਕੇ ਜਿਵੇ ਉਸ ਨੂੰ ਝਟਕਾ ਜਿਹਾ ਲੱਗਾ ਹੋਵੇ, ਉਹ ਇਕਦਮ ਚੁੱਪ ਜਿਹੀ ਹੋ ਗਈ।
" ਮੈਂ ਤੁਹਾਡਾ ਅਪਲਾਈ ਕਰ ਦਿੱਤਾ ਹੈ।" ਉਸ ਨੇ ਹੌਲੀ  ਅਜਿਹੀ ਅਵਾਜ਼ ਵਿਚ ਕਿਹਾ, " ਛੇਤੀ ਹੀ ਤੁਹਾਨੂੰ ਪੇਪਰ ਮਿਲ ਜਾਣਗੇ।"
" ਥੈਂਕਉ।"
ਫਿਰ a'ਕੇ, ਬਾਏ ਕਹਿ ਕੇ ਫੋਨ ਰੱਖ ਗਈ। 
ਫੋਨ ਰੱਖਣ ਤੋਂ ਬਾਅਦ ਮੈ ਸੋਚ ਰਿਹਾ ਸੀ। ਜਦੋਂ ਮੈਂ ਉਸ ਨੂੰ ਆਈ ਡੋਂਟ ਕਿਅਰ ਕਿਹਾ ਤਾਂ ਉਸ ਦਾ ਗੱਲ ਕਰਨ ਦਾ ਤਰੀਕਾ ਹੀ ਬਦਲ ਗਿਆ ਸੀ। ਕਿਤੇ ਉਹਦੇ ਦਿਲ ਵਿਚ ਮੇਰੀ ਕੋਈ ਥਾਂ ਤਾਂ ਨਹੀ ਬਨਣ ਲੱਗ ਪਈ।ਪਰ ਮਂੈ ਇਸ ਖਿਆਲ ਨੂੰ ਸੁਪਨਾ ਸਮਝ ਕੇ ਛੱਡ ਦਿੱਤਾ। ਮੈਨੂੰ ਤਾਂ ਇਹ ਨਹੀ  ਪਤਾ ਲਗ ਰਿਹਾ ਸੀ ਕਿ ਇਸ ਚੱਕਰ ਵਿਚ  ਮੈਨੂੰ ਮੇਰੇ ਲਾਲਚ ਨੇ ਫਸਾਇਆ ਹੈ ਜਾਂ ਹਰਨੀਤ ਦੀ ਚਾਲ ਨੇ। ਇਹਨਾਂ ਗੱਲਾਂ ਵਿਚ ਗੁਆਚਾ ਪਤਾ ਨਹੀ ਫੋਨ ਕੋਲ ਹੋਰ ਕਿੰਨੀ ਦੇਰ ਖੜ੍ਹਾ ਰਹਿੰਦਾ ਜੇ ਬਾਹਰੋ ਗੁਰਦੁਆਰੇ ਵਾਲੇ ਭਾਈ ਜੀ ਦੀ ਅਵਾਜ਼ ਮੈਨੂੰ ਨਾ ਸੁਣਦੀ, ਜੋ ਦਾਦੀ ਜੀ ਨਾਲ ਗੁਰਬਾਣੀ ਦੀ ਇਹ ਤੁਕ -
'ਕਿਸ ਨੋ ਕਹੀਐ ਨਾਨਕਾ, ਸਭੁ ਕਿਛੁ ਆਪੇ ਆਪਿ'
ਸਾਂਝੀ ਕਰਦੇ ਹੋਏ ਗੁਰਬਾਣੀ ਦੀ ਮੱਹਤਤਾ ਦੱਸ ਰਿਹੇ ਸਨ। ਮੈ ਬਾਹਰ ਵਿਹੜੇ ਵੱਲ ਨੂੰ ਤੁਰ ਪਿਆ। ਮੈਨੂੰ ਦੇਖਦੇ ਸਾਰ ਹੀ ਭਾਈ ਜੀ ਪੁੱਛਣ ਲੱਗੇ, " ਕਿਦਾਂ ਕਾਕਾ ਜੀ, ਬਾਹਰ ਜਾਣ ਦਾ ਕੋਈ ਕੰਮ ਬਣਿਆ?" ਮੈ ਉਹਨਾਂ ਦੇ ਗੋਡਿਆਂ ਵੱਲ ਨੂੰ ਝੁੱਕਦੇ ਹੋਏ ਆਖਿਆ, " ਛੇਤੀ ਹੀ ਬਣ ਜਾਵੇਗਾ।"
" ਕਾਕਾ ਜੀ, ਬਾਹਰ ਜਾ ਕੇ ਆਪਣੇ ਸਿੱਖੀ ਰੀਤੀ-ਰਿਵਾਜ਼ਾਂ ਨੂੰ ਭੁੱਲ ਨਾ ਜਾਇਉ।" ਭਾਈ ਜੀ ਨੇ ਮੈਨੂੰ ਹਦਾਇਤ ਕਰ ਦਿਆਂ ਕਿਹਾ, " ਉੱਥੇ ਜਾ ਕੇ ਵੀ ਗੁਰੂ ਘਰ ਨਾਲ ਜੁੜੇ ਰਹਿਉ, ਜਿਵੇ ਤੁਹਾਡਾ ਪਰਿਵਾਰ ਇੱਥੇ ਰਹਿੰਦਾ ਹੈ,
                ਗੁਰੂ ਦੁਆਰੈ ਹੋਇ ਸੋਝੀ ਪਾਇਸੀ॥

" ਭਾਈ ਜੀ, ਮੈਨੂੰ ਪਤਾ ਲੱਗਾ ਹੈ।" ਭਾਪਾ ਜੀ ਦੱਸ ਰਿਹੇ ਸਨ, " ਬਾਹਰਲੇ  ਪੰਜਾਬੀ ਤਾਂ ਆਪਣੇ ਧਰਮ, ਸਭਿਆਚਾਰ ਅਤੇ ਬੋਲੀ ਨੂੰ ਬਰਕਰਾਰ ਰੱਖਣ ਲਈ ਬਹੁਤ ਮਿਹਨਤ ਨਾਲ ਜਤਨ ਕਰ ਰਿਹੇ ਨੇ।"
" ਪਰ ਇਧਰ ਕਈ ਪੰਜਾਬੀ ਇਹਨਾਂ ਨੂੰ ਤ੍ਰਿਆੰਜਲੀ ਦੇ ਰਿਹੇ ਨੇ।" ਭਾਈ ਜੀ ਨੇ ਸਾਫ ਦੱਸਿਆ, "ਜਦੋਂ ਕਿਸੇ ਵਸਤ ਜਾਂ ਇਨਸਾਨ ਤੋਂ ਦੂਰ ਹੋ ਜਾਈਏ ਤਾਂ ਪਰੇ ਹੋ ਕੇ ਉਸ ਪ੍ਰਤੀ ਮੋਹ ਜਾਗ ਪੈਂਦਾ ਹੈ।"
" ਉਦਾ ਵੀ ਭਾਈ ਜੀ, ਬਾਹਰਲੇ ਦੇਸ਼ਾ ਵਿਚ ਪੜ੍ਹੇ-ਲਿਖੇ ਲੋਕ ਰਹਿੰਦੇ।" ਭਾਪਾ ਜੀ ਨੇ ਕਿਹਾ, " ਉਹਨਾਂ ਨੂੰ ਆਪਣੇ ਅਮੀਰ ਵਿਰਸੇ ਦੀ ਕਦਰ ਹੈ।"
" ਗੁਰੂ ਮਹਾਰਾਜ ਅਜਿਹੇ ਮੱਨੁਖਾਂ ਦਾ ਭਲਾ ਕਰਨ।" ਭਾਈ ਜੀ ਨੇ ਖੁੱਸ਼ ਹੁੰਦਿਆ ਕਿਹਾ," ਕਾਕਾ ਜੀ, ਗੁਰੂ ਨਾਲ ਜੁੜੇ ਰਿਹੇ ਤਾਂ ਜੀਵਨ ਵਿਚ ਸੁੱਖੀ ਰਵੋਗੇ—
                            ਗੁਰਿ ਕਾ ਕਹਿਆ ਸਾ ਕਾਰ ਕਮਾਵਹੁ॥
                             ਗੁਰਿ ਕੀ ਕਰਣੀ ਕਾਹੇ ਧਾਵਹੁ  ॥

ਭਾਈ ਜੀ ਨੂੰ ਮੈ ਕਿਵੇ ਦੱਸਾਂ ਕਿ ਤੁਸੀ ਤਾਂ ਗੁਰੂ ਨਾਲ ਜੁੜਨ ਦੀ ਗੱਲ ਕਰ ਰਹੇ ਹੋ, ਮੈ ਝੂਠ ਨਾਲ ਜੁੜਿਆ ਹੋਇਆ ਹਾਂ।ਭਾਈ ਜੀ ਸੱਚੇ ਗੁਰਮੁੱਖ ਇਨਸਾਨ ਹਨ।ਇਸ ਲਈ ਮੇਰੇ ਮਨ ਵਿਚ ਉਹਨਾਂ ਦੀ ਬਹੁਤ ਕਦਰ ਹੋਣ ਕਾਰਨ ਗੱਲ ਨੂੰ ਹੁੰਗਾਰਾ ਦੇਣ ਲਈ ਜ਼ਰੂਰੀ ਸਮਝਦਿਆ ਕਿਹਾ, " ਭਾਈ ਜੀ ਉਹ ਕਰਮਾਂ ਵਾਲੇ ਨੇ ਜੋ ਇਸ ਤੇਜ਼ ਰਫਤਾਰ ਵਾਲੀ ਜ਼ਿੰਦਗੀ ਵਿਚ ਵੀ ਗੁਰੂ ਨਾਲ ਜੁੜੇ ਹੋਏ ਨੇ।"
" ਗੁਰੂ ਨਾਲ ਤਾਂ ਕੋਈ ਵੀ ਜੁੜ ਜਾਵੇ।" ਮੇਰੇ ਵੱਲ ਦੇਖਦੇ ਹੋਏ ਦਾਦੀ ਜੀ ਨੇ ਕਿਹਾ, " ਗੁਰੂ ਉਸ ਨੂੰ ਹੀ ਕਰਮਾਂ ਵਾਲਾ ਬਣਾ ਲੈਂਦੇ ਨੇ।"
" ਬੀਬੀ ਜੀ, ਆਹ ਗੱਲ ਤੁਸੀ ਬਹੁਤ ਸਹੀ ਕੀਤੀ।" ਭਾਈ ਜੀ ਨੇ ਕਿਹਾ, " ਗੁਰੂ ਤਾਂ ਦਿਆਲੂ ਅਤੇ ਕਿਰਪਾਲੂ ਆ, ਉਹ ਤਾਂ ਹਰ ਕਿਸੇ ਨੂੰ ਗਲ ਨਾਲ ਲਾ ਲੈਂਦਾ ਹੈ।"
" ਦੋਸ਼ੀਆਂ ਨੂੰ ਵੀ?" ਮੇਰੇ ਮੂੰਹ ਵਿਚੋਂ ਆਪ ਮੁਹਾਰੇ ਹੀ ਨਿਕਲ ਗਿਆ, " ਝੂਠਿਆਂ ਅਤੇ ਖੁਦਗਰਜਾਂ ਨੂੰ ਵੀ?"
" ਹਾਂ ਹਾਂ ਹਰ ਇਕ ਨੂੰ।" ਭਾਈ ਜੀ ਬੋਲ ਰਿਹੇ ਸਨ, " ਪਰ ਅਜਿਹੇ ਲੋਕ ਆਪਣੀਆਂ ਗਲਤੀਆਂ ਦਾ ਪਛਤਾਵਾ ਕਰ ਲੈਣ ਅਤੇ ਆਪਣੇ ਹਥਿਆਰ ਗੁਰੂ ਅੱਗੇ ਸੁੱਟ ਕੇ ਆਪਣਾ- ਆਪ ਗੁਰੂ ਦੇ ਚਰਨਾ ਵਿਚ ਅਰਪਣ ਕਰ ਲੈਣ।"
ਅੰਦਰੋਂ –ਅੰਦਰੀ ਮਂੈ ਆਪਣੇ ਮਨ ਨਾਲ ਪ੍ਰਣ ਕੀਤਾ। ਜਦੋਂ ਮੈਂ ਇਸ ਝੂਠੇ ਵਿਆਹ ਦੇ ਸ਼ਿਕੰਜ਼ੇ ਵਿਚੋਂ ਨਿਕਲ ਜਾਵਾਂਗਾ ਤਾਂ ਮੈਂ ਵੀ ਆਪਣਾ-ਆਪ ਗੁਰੂ ਤੋਂ ਨਿਛਾਵਰ ਕਰ ਦੇਵਾਂਗਾ।aਦੋਂ ਹੀ ਮੈਨੂੰ ਆਤਮਾ ਦੀ ਅਵਾਜ਼ ਸੁਣੀ , "ਇਸ ਤਰਾਂ ਦੀ ਚਲਾਕੀ ਗੁਰੂ ਨਾਲ ਨਾ ਕਰ। ਝੂਠ ਬੋਲ ਕੇ, ਬਾਹਰ ਜਾਣ ਦੇ ਲਾਲਚ ਵਿਚ ਆ ਕੇ ਆਪਣਾ ਕੰਮ ਕੱਢ ਲਉ, ਫਿਰ ਗੁਰੂ ਦੇ ਪੈਰੀ ਪੈ ਜਾਊ। ਇਹ ਕੋਈ ਸਿਧਾਂਤ ਥੌੜ੍ਹੀ ਹੋਇਆ। ਅੱਜ-ਕਲ ਦੇ ਜ਼ਮਾਨੇ ਵਿਚ ਆਤਮਾ ਦੀ ਕੌਣ ਸੁਣਦਾ ਹੈ? ਇਸ ਲਈ ਮੈਂ ਵੀ ਨਹੀ ਸੁਣੀ।ਮਨ ਹੋਰ, ਚਿਤ ਚੋਰ ਦੀ ਹਾਲਤ ਬਣਾਉਂਦਿਆ ਮੈ ਭਾਈ ਜੀ ਨੂੰ ਕਿਹਾ, " ਝੂਠ ਅਤੇ ਚਲਾਕੀਆਂ ਵਰਗੇ ਐਬ ਤਾਂ ਬੰਦੇ ਵਿਚ ਆਉਣੇ ਹੀ ਨਹੀ ਚਾਹੀਦੇ।"
" ਇਹਨਾਂ ਐਬਾਂ ਤੋਂ ਸਿਰਫ ਗੁਰਮੁੱਖ ਹੀ ਬਚੇ ਹੋਏ ਨੇ।" ਭਾਈ ਜੀ ਨੇ ਮੁਸਕ੍ਰਾ ਕੇ ਕਿਹਾ, " ਬਾਕੀ ਤਾਂ ਸਭ ਇਸ ਦੀ ਲਪੇਟ ਵਿਚ ਹੀ ਨੇ।" 
ਭਾਈ ਜੀ ਨੇ ਇਹ ਗੱਲ ਭਾਂਵੇ ਸਹਿਜ-ਸੁਭਾਅ ਹੀ ਕੀਤੀ ਸੀ, ਪਰ ਮੈਨੂੰ ਲੱਗ ਰਿਹਾ ਸੀ ਜਿਵੇ ਉਹਨਾਂ ਮੇਰੇ ਮਨ ਦਾ ਚੋਰ ਫੜ੍ਹ ਲਿਆ ਹੋਵੇ।ਭਾਈ ਜੀ ਮੇਰੇ ਨਾਲ ਹੋਰ ਗੱਲਾਂ ਕਰਨੀਆਂ ਚਾਹੁੰਦੇ ਸਨ, ਪਰ ਮੈ ਬਹਾਨਾ ਲਾਇਆ, " ਭਾਈ ਜੀ, ਚੰਗਾ ਫਿਰ, ਮੈਂ ਕਿਤੇ ਜਾਣਾ ਆ, ਜ਼ਰੂਰੀ ਕੰਮ ਆ, ਫਿਰ ਮਿਲਦੇ ਹਾਂ।"
" ਜਾਉ, ਪੁੱਤਰ ਜੀ,ਆਪਾਂ ਫਿਰ ਗੱਲ-ਬਾਤ ਕਰ ਲਵਾਂਗੇ।" ਭਾਈ ਜੀ ਨੇ ਕਿਹਾ, " ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।"
" ਗੁਰੂ ਕੀ ਫਤਿਹ ਜੀ।" ਇਹ ਕਹਿ ਕੇ  ਮੈ ਕੁੜਤਾ ਅਤੇ ਜ਼ੀਨ ਪਾ ਕੇ ਸਕੂਟਰ ਲੈ ਕੇ ਘਰੋਂ ਨਿਕਲ ਪਿਆ।
                                            

                                   

20

                                           


ਸ਼ਾਮ ਦੇ ਚਾਰ-ਪੰਜ ਦਾ ਟਾਈਮ ਹੋਵੇਗਾ।ਬਾਹਰਲੀ ਬੈਠਕ ਵਿਚ ਮੈਂ ਨਾਨਕ ਸਿੰਘ ਦਾ ਨਾਵਲ ਪੜ੍ਹਨ ਵਿਚ ਮਸਤ ਸੀ। ਅਚਾਨਕ ਹੀ ਬਾਹਰ ਦੇਖਿਆ ਤਾਂ ਸਰੂਜ ਅੱਧਾ ਬਦਲਾਂ ਦੇ ਉਹਲੇ ਅਤੇ ਅੱਧਾ ਬਾਹਰ ਹੋਣ ਕਾਰਨ ਮੋਸਮ ਸੁਹਵਨਾ ਜਿਹਾ ਬਣਿਆ ਹੋਇਆ ਸੀ। ਨਾਵਲ ਉਸ ਤਰਾਂ ਹੀ ਕੁਰਸੀ ਉੱਪਰ ਮੂਧਾ ਮਾਰ ਕੇ ਖਿੜਕੀ ਦੇ ਕੋਲ ਖੜ੍ਹਾ ਹੋ ਕੇ ਬਾਹਰ ਦੇਖਣ ਲੱਗਾ।ਠੰਡੀ ਵਗਦੀ ਹਵਾ ਮੀਂਹ ਆਉਣ ਦਾ ਸੰਦੇਸ਼ ਵੀ ਦੇ ਰਹੀ ਸੀ।ਇਸ ਤਰਾਂ ਦੇ ਮੋਸਮ ਵਿਚ ਕਈ ਸਜਣ ਆਪਣੇ ਪਿਆਰਿਆਂ ਨੂੰ ਵੀ ਚੇਤੇ ਕਰਨ ਲੱਗ ਪੈਂਦੇ ਨੇ।ਮੇਰਾ ਧਿਆਨ ਪਤਾ ਨਹੀ ਹਰਨੀਤ ਵੱਲ ਕਿਉਂ ਚਲਿਆ ਗਿਆ? ਜਦੋਂ ਕਿ ਉਸ ਨੇ ਮੈਨੂੰ ਦੱਸ ਦਿੱਤਾ ਸੀ ਕਿ ਉਹ ਆਪਣੇ ਬੁਆਏ ਫਰੈਂਡ ਨੂੰ ਦਿਲ-ਜਾਨ ਨਾਲ ਚਾਹੁੰਦੀ ਆ।ਬਥੇੜੀਆਂ ਕੁੜੀਆਂ ਨਾਲ ਪੜ੍ਹਦੀਆਂ ਸਨ,ਕਈ ਤਾਂ ਆਣੇ-ਬਹਾਣੇ ਦਿਖਾ ਵੀ ਚੁਕੀਆਂ ਸਨ ਕਿ ਉਹ ਮੇਰੇ ਲਾਗੇ ਆਉਣਾ ਚਾਹੁੰਦੀਆਂ ਨੇ। ਪਰ ਇਸ ਦਿਲ ਨੂੰ ਕੁਝ ਹੋਇਆ ਹੀ ਨਹੀ।ਮਾੜਾ- ਮੋਟਾ ਕਿਸੇ ਦਾ ਅਸਰ ਹੋਇਆ ਵੀ ਤਾਂ ਪੜ੍ਹਾਈ ਨੇ ਉਸ ਦਾ ਪ੍ਰਭਾਵ ਪੈਣ ਹੀ ਨਾ ਦਿੱਤਾ।ਹੁਣ ਇਹ ਦਿਲ ਬਗੈਰ ਮਤਲਵ ਦੇ ਹੀ ਹਰਨੀਤ ਬਾਰੇ ਸੋਚਣ ਲਈ ਮਜ਼ਬੂਰ ਕਰ ਦਿੰਦਾ ਹੈ। ਹਾਲਾ ਕਿ ਉਹ ਕਿਸੇ ਹੋਰ ਦੀ ਹੋ ਚੁੱਕੀ ਆ।ਮੈ ਆਪਣੇ ਦਿਲ ਦੀ ਉਦੇੜ-ਬੁਣ ਨਾਲ ਉਲਝਿਆ ਹੋਇਆ ਸਾਂ ਕਿ  ਸਾਡੇ ਮੁਹਰਲੇ ਗੇਟ ਦੀ ਘੰਟੀ ਵੱਜੀ। ਸੋਚਾਂ ਨੂੰ ਇਕ ਪਾਸੇ ਰੱਖਦਾ ਮੈ ਇਕਦਮ ਉਠਿਆ ਅਤੇ ਗੇਟ ਵੱਲ ਨੂੰ ਚਲ ਪਿਆ। ਸੁੰਦਰ ਲਾਲ ਡਾਕੀਆ ਘਰ ਦੇ ਅੱਗੇ ਇਕ ਲਿਫਾਫਾ ਲੈ ਕੇ ਖੜ੍ਹਾ ਸੀ।ਦਿਲ ਵਿਚ ਇਕਦਮ ਭਰਮ ਜਾਗ ਪਿਆ ਕਿਤੇ ਇਹ ਚਿਠੀ ਹਰਨੀਤ ਦੀ ਹੀ ਨਾ ਹੋਵੇ।ਧਿਆਨ ਨਾਲ ਦੇਖਦਾ,ਜਦੋਂ ਮੈਂ ਉਤਸੁਕਤਾ ਨਾਲ ਦਿੱਲੀ ਤੋਂ ਆਈ ਚਿੱਠੀ ਖੋਲ੍ਹਣ ਲੱਗਾ ਤਾਂ ਸੁੰਦਰ ਲਾਲ ਉੱਥੇ ਹੀ ਖਲੋ ਕੇ ਕਿਸੇ ਆਸ ਵਿਚ ਦੇਖਣ ਲੱਗਾ।ਅੰਬੈਸੀ ਵਾਲਿਆ ਨੇ ਇੰਟਰਵਿਊ ਲਈ ਬੁਲਾਇਆ ਸੀ।ਇਸ ਖੁਸ਼ੀ ਦੀ ਚਮਕ ਮੇਰੀਆਂ ਅੱਖਾਂ ਵਿਚ ਦੇਖ ਸੁੰਦਰ ਲਾਲ ਕਹਿਣ ਲੱਗਾ, " ਵਧਾਂਈਆਂ ਜੀ, ਲੱਗਦਾ ਹੈ  ਬਾਹਰ ਜਾਣ ਦਾ ਕੰਮ ਛੇਤੀ ਹੀ ਬਣ ਜਾਵੇਗਾ।"
ਉਸ ਦੇ ਖੜ੍ਹੇ ਹੋਣ ਦਾ ਕਾਰਨ ਸਮਝਦਿਆਂ, ਆਪਣੇ ਪਰਸ ਵਿਚੋਂ ਪੈਸੇ ਕੱਢ ਕੇ ਦੇਂਦਿਆ ਕਿਹਾ, " ਲੱਗਦਾ ਤਾਂ ਮੈਨੂੰ ਵੀ ਇਹ ਹੀ ਹੈ।"
" ਜਿਸ ਦਿਨ ਤੁਹਾਡਾ ਵੀਜ਼ਾ ਆਇਆ।" ਉਸ ਨੇ ਰੁਪਏ ਮੇਰੇ  ਕੋਲੋ ਫੜ੍ਹਦਿਆਂ ਕਿਹਾ, " ਉਸ ਦਿਨ ਮੈ ਇਸ ਤੋਂ ਜ਼ਿਆਦਾ ਲੈਣੇ ਏ।"
" ਲੈ ਲਇਉ ਜੋ ਤੁਸੀ ਲੈਣਾ ਹੈ।" ਮੈ ਕਿਹਾ, " ਸੁੰਦਰ ਲਾਲ ਜੀ, ਵੀਜ਼ਾ ਤਾਂ ਆਉਣ ਦਿਉ।"
" ਮੈ ਤਾਂ ਅਜੇ ਤੁਹਾਡੀ ਵਹੁਟੀ ਵੀ ਨਹੀ ਦੇਖੀ।" ਸੁੰਦਰ ਲਾਲ ਨੇ ਖੁਸ਼ ਹੁੰਦਿਆ ਕਿਹਾ, " ਲੋਕਾਂ ਤੋਂ ਪਤਾ ਲੱਗਾ ਕਿ ਤੁਹਾਡੇ ਵਾਂਗ ਹੀ ਖੂਬਸੂਰਤ ਆ।"
" ਹਰਨੀਤ ਸਾਡੇ ਕੋਲ ਬਹੁਤ ਦੇਰ ਰਹਿ ਨਹੀ ਸੀ ਸਕਦੀ।" ਮੈਂ ਦੱਸਣ ਲੱਗਾ, " ਉਹ ਸਾਰਾ ਪਰਿਵਾਰ ਛੇਤੀ ਹੀ ਵਾਪਸ ਚਲਾ ਗਿਆ।"
" ਬਾਹਰ ਵਾਲਿਆਂ ਕੋਲ ਟਾਈਮ ਹੀ ਇੰਨਾ ਕੁ ਹੁੰਦਾ ਆ।" ਸੁੰਦਰ ਲਾਲ ਮੈਨੂੰ ਦਸ ਰਿਹਾ ਸੀ, " ਜਦੋਂ ਤੁਸੀ  ਕੈਨੇਡਾ ਤੋਂ ਵਾਪਸ ਬਹੂ ਅਤੇ ਬੱਚਿਆ ਨੂੰ ਨਾਲ ਲੈ ਕੇ ਆਵੋਗੇ, ਮਂੈ ਉਦੋਂ ਹਰਨੀਤ ਨੂੰ ਜ਼ਰੂਰ ਮਿਲਾਂਗਾ।"
" aਦੋਂ ਪਤਾ ਨਹੀ ਕਿਹੜੀ ਹਰਨੀਤ ਹੋਣੀ ਆ ਜਾਂ ਗੁਰਨੀਤ,ਖਬਰੇ ਕੋਈ ਹੋਣੀ ਵੀ ਹੈ ਜਾਂ ਨਹੀ।" ਇਹ ਗੱਲ ਕਹਿਣ ਹੀ ਵਾਲਾ ਸੀ, ਪਰ ਬੁੱਲ ਹਿਲੇ ਨਾ।ਗੱਲ ਹੋਰ ਪਾਸੇ ਪਾਉਂਦੇ ਮੈ ਕਿਹਾ, " ਸੁੰਦਰ ਲਾਲ ਜੀ ਵੀਜ਼ਾ ਆਉਣ ਤੇ ਜੋ ਮਰਜ਼ੀ ਲੈ ਲਉ।"
" ਜਾਣ ਲੱਗਿਆ ਆ ਜੈਕਟ ਵੀ ਮੈਨੂੰ ਦੇ ਜਾਣਾ।" ਉਸ ਨੇ ਮੇਰੇ ਪਾਈ ਜੈਕਟ ਵੱਲ ਇਸ਼ਾਰਾ ਕਰਦੇ ਕਿਹਾ, " ਬਾਹਰ ਜਾਣ ਲਈ ਤਾਂ ਲੋਕੀ ਬਹੁਤ ਪਾਪੜ ਵੇਲ ਰਿਹੇ, ਜ਼ਮੀਨਾਂ ਜਾਈਦਾਦਾਂ ਵੇਚ ਵੇਚ ਕੇ ਬਾਹਰ ਜਾ ਰਿਹੇ ਨੇ, ਤੁਹਾਡਾ ਤਾਂ ਸੌਖਾ ਹੀ ਸਰ ਗਿਆ।"
ਮੈਂ ਸੁੰਦਰ ਲਾਲ ਨੂੰ ਦਸ ਤਾਂ ਨਹੀ ਸੀ ਸਕਦਾ ਕਿ ਮੈ ਆਪਣੀ ਜ਼ਮੀਰ ਅਤੇ ਅਣਖ ਵੇਚੀ ਹੈ ਬਾਹਰ ਜਾਣ ਲਈ। ਇਸ ਲਈ ਮੈ ਉਸ ਦੀ ਹੀ ਹਾਂ ਵਿਚ ਹਾਂ ਮਿਲਾਉਂਦੇ ਕਿਹਾ, " ਸੁੰਦਰ ਲਾਲ ਜੀ, ਤੁਸੀ ਠੀਕ ਕਹਿ ਰਿਹੇ ਹੋ।"
" ਮਨਮੀਤ,ਗੇਟ ਤੇ ਕੌਣ ਆਇਆ ਆ।" ਭਾਪਾ ਜੀ ਕਮਰੇ ਵਿਚੋਂ ਹੀ ਅਵਾਜ਼ ਲਗਾ ਕੇ ਪੁੱਛ ਰਿਹੇ ਸਨ, " ਆਉਣ ਵਾਲੇ ਨੂੰ ਅੰਦਰ ਲੈ ਆ, ਬਾਹਰ ਹੀ ਗੱਲਾਂ ਕਰੀ ਜਾ ਰਿਹੇ ਹੋ।"
" ਸਤਿ ਸ੍ਰੀ ਅਕਾਲ ਸਰਦਾਰ ਜੀ।" ਸੁੰਦਰ ਲਾਲ ਨੇ ਉੱਚੀ ਅਵਾਜ਼ ਵਿਚ ਕਿਹਾ, " ਵਧਾਂਈਆਂ ਹੋਣ, ਸਰਦਾਰ ਜੀ,ਦਿੱਲੀ ਤੋਂ ਮਨਮੀਤ ਨੂੰ ਇੰਟਰਵਿਊ ਦੀ ਚਿੱਠੀ ਆ ਗਈ ਏ।"
" ਵਧਾਂਈਆ ਪਈ ਵਧਾਂਈਆਂ।" ਭਾਪਾ ਜੀ ਖੁਸ਼ ਹੁੰਦੇ ਬਾਹਰ ਨੂੰ ਆ ਗਏ। ਸੋ ਰੁਪਏ ਦਾ ਨੋਟ ਸੁੰਦਰ ਲਾਲ ਨੂੰ ਦਿੰਦੇ ਕਹਿਣ ਲੱਗੇ, " ਇਸ ਤਰਾਂ ਖੁਸ਼ੀ ਦੀਆਂ ਖਬਰਾਂ ਸਾਡੇ ਲਈ ਲਿਆਉਂਦਾ ਰਿਹਾ ਕਰ।"
" ਸਰਦਾਰ ਜੀ ਨੀਅਤ ਨੂੰ ਮੁਰਾਦਾਂ ਹੁੰਦੀਆਂ ਨੇ।" ਸੁੰਦਰ ਲਾਲ ਆਪਣੀ ਜੇਬ ਵਿਚ ਪੈਸੇ ਪਾਉਂਦਾ ਕਹਿਣ ਲੱਗਾ, " ਤੁਹਾਡੀਆਂ ਨੀਤਾਂ ਖੁਲ੍ਹੀਆਂ ਹੋਣ ਕਾਰਨ ਤੁਹਾਡੀਆ ਮੁਰਾਦਾ ਵੀ ਪੂਰੀਆਂ ਹੁੰਦੀਆਂ ਰਹਿਣੀਆ ਏ।"
" ਤੇਰੇ ਬੋਲ ਪੂਰੇ ਹੋਣ।" ਪਰੇ ਖੜ੍ਹੇ ਦਾਦੀ ਜੀ ਜਿਹਨਾਂ ਨੇ ਸਾਰੀ ਗੱਲਬਾਤ ਸੁਣ ਲਈ ਸੀ ਕਹਿ ਰਿਹੇ ਸਨ, " ਹੁਣ ਵੀਜ਼ੇ ਦੀ ਵੀ ਚਿੱਠੀ ਛੇਤੀ ਲੈ ਕੇ ਆਈ।"
" ਜ਼ਰੂਰ ਜੀ ਜ਼ਰੂਰ।" ਇਹ ਕਹਿ ਕੇ ਸੁੰਦਰ ਲਾਲ ਲੱਤ ਘੁੰਮਾ ਕੇ ਸਾਈਕਲ ਤੇ ਇੰਝ ਚੜਿਆ ਜਿਵੇ ਐਂਮਬਸੀ ਦਾ ਕੋਈ ਵੱਡਾ ਔਫੀਸਰ ਕਾਰ ਵਿਚ ਬੈਠਦਾ ਹੋਵੇ।ਮੈਨੂੰ ਦਾਦੀ ਜੀ ਤੇ ਥੌੜਾ ਗੁੱਸਾ ਆਇਆ ਅਤੇ ਮੈਂ ਕਹਿ ਵੀ ਦਿੱਤਾ, " ਬੀਜ਼ੀ, ਸੁੰਦਰ ਲਾਲ ਕੋਈ ਵਿਦੇਸ਼ ਮੰਤਰੀ ਆ, ਜਿਸ ਨੇ ਮੇਰਾ ਵੀਜ਼ਾ ਛੇਤੀ ਲੈ ਦੇਣਾ ਆ।"
" ਕਾਕਾ, ਤੈਨੂੰ ਮੇਰੀਆਂ ਗੱਲਾਂ ਦੀ ਸਮਝ ਨਹੀ ਆਉਣੀ।" ਦਾਦੀ ਜੀ ਮੈਨੂੰ ਸਮਝਾaੁਂਦਿਆ ਕਹਿਣ ਲੱਗੇ, " ਇਹਨਾਂ ਗਰੀਬਾਂ ਨੂੰ ਖੁਸ਼ ਰੱਖੀਏ ਤਾਂ ਇਹ ਵੀ ਰੱਬ ਅੱਗੇ ਸਾਡੀਆਂ ਖੁਸ਼ੀਆ ਲਈ ਅਰਦਾਸਾਂ ਕਰਨ ਲੱਗ ਜਾਂਦੇ ਨੇ। ਇਹਨਾ ਨੂੰ ਆਸ ਹੁੰਦੀ ਹੈ ਕਿ ਅਸੀ ਖੁਸ਼ ਹੋਵਾਂਗੇ ਤਾਂ ਇਹਨਾਂ ਨੂੰ ਵੀ ਕੁਛ ਮਿਲੇਗਾ,ਕਈ ਵਾਰੀ ਰੱਬ ਇਹਨਾਂ ਦੀ ਸੁਣ ਵੀ ਲੈਂਦਾ ਹੈ।"
ਦਾਦੀ ਜੀ ਨੇ ਅਜੇ ਆਪਣੀ ਗੱਲ ਪੂਰੀ ਕੀਤੀ ਹੀ ਸੀ ਕਿ ਧੋਤੇ ਭਾਡਿਆਂ ਦੀ ਟੋਕਰੀ ਧੁੱਪੇ ਬਰਾਂਡੇ ਵਿਚ ਰੱਖਦੀ ਰਾਣੋ ਬੋਲ ਪਈ, " ਮੁਬਾਰਕਾਂ, ਲੱਗਦਾ ਹੈ, ਮਨਮੀਤ ਹੁਣ ਛੇਤੀ ਹੀ ਉਡਾਰੀ ਮਾਰੇਗਾ।"
" ਅਜੇ ਤਾਂ ਇੰਟਰਵਿਊ ਤੇ ਬੁਲਇਆ ਹੈ।" ਮਂੈ ਕਿਹਾ, "  ਮੈਡੀਕਲ ਹੋਵੇਗਾ, ਫਿਰ ਕਿਤੇ ਜਾ ਕੇ ਵੀਜ਼ਾ ਆਵੇਗਾ, ਸੋ ਪੰਗੇ ਅਜੇ ਪਏ ਆ।"
" ਪੰਗਿਆ ਵਿਚ ਦੀ ਲੰਘ  ਕੇ ਹੀ ਬਾਹਰ ਜਾ ਹੁੰਦਾ ਆ।" ਰਾਣੋ ਪਤਾ ਨਹੀ ਕਿਹੜੀ ਖੁਸ਼ੀ ਵਿਚ ਬੋਲੀ ਜਾ ਰਹੀ ਸੀ, " ਮਨਮੀਤ, ਜਾਣ ਲੱਗਿਆ, ਆਪਣੇ ਸਾਰੇ ਪੁਰਾਣੇ ਕੱਪੜੇ ਕਾਕੇ ਦੇ ਭਾਪੇ ਨੂੰ ਦੇ ਜਾਵੀ। ਨਾ ਸੱਚ, ਤੂੰ ਇੰਟਰਵਿਊ ਤੇ ਕਦੋਂ ਜਾਣਾ ਆ।"
" ਤੂੰ ਪਹਿਲਾਂ ਕਾਕੇ ਦੇ ਭਾਪੇ ਲਈ ਕੱਪੜੇ ਤਾਂ ਲੈ ਲਾ।" ਮਂੈ ਖਿਝ ਕੇ ਕਿਹਾ, " ਫਿਰ ਇੰਟਰਵਿਊ ਦੀ ਤਾਰੀਕ ਵੀ ਪੁੱਛ ਲਈ।"
" ਕਾਕਾ, ਤੂੰ ਏਡੀ ਛੇਤੀ ਤੱਤਾ ਨਾ ਹੋਇਆ ਕਰ।" ਦਾਦੀ ਜੀ ਵਿਚੋਂ ਹੀ ਕਹਿਣ ਲੱਗੇ, " ਹਰਨੀਤ ਵੀ, ਤਾਂ ਹੀ ਕਹਿੰਦੀ ਸੀ ਕਿ ਤੇਰਾ ਗੁੱਸੇ ਦਾ ਸੁਭਾਅ ਆ।"
ਇਹ ਗੱਲ ਸੁਣ ਕੇ ਮੈਨੂੰ ਹੋਰ ਵੀ ਗੁੱਸਾ ਚੜ੍ਹਿਆ ਅਤੇ ਮੇਰੇ ਮੂੰਹ ਵਿਚੋਂ ਇਕਦਮ ਨਿਕਲ ਗਿਆ, " ਹਰਨੀਤ ਦੀ ਤਾਂ ਐਸੀ ਦੀ…?
ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਭਾਪਾ ਜੀ ਬੋਲ ਪਏ, " ਮਨਮੀਤ ਹਾਅ ਆਪਣੀ ਗੁੱਸੇ ਵਾਲੀ ਆਦਤ ਛੱਡ ਦੇ, ਜੇ ਤੂੰ ਇਸ ਤਰਾਂ ਹੀ ਖਿੱਝਦਾ ਰਿਹਾ ਤਾਂ ਹਰਨੀਤ ਤੇਰੇ ਨਾਲ ਕਿਵੇ ਗੁਜ਼ਾਰਾ ਕਰੇਗੀ।"
" ਚੋਰ ਚੋਰੀ ਤੋਂ ਤਾਂ ਜਾਏ, ਪਰ ਹੇਰਾਫੇਰੀ ਤੋਂ ਨਾ ਜਾਏ।" ਰਾਣੋ ਨੇ ਹੋਰ ਟੋਨਾ ਲਾਇਆ, " ਤੁਸੀ ਜੱਟ ਲੋਕ ਭਾਂਵੇ ਪੜ੍ਹ-ਲਿਖ ਜਿਨਾ ਮਰਜ਼ੀ ਜਾਵੋ, ਆਪਣੀ ਗਾਲ੍ਹਾਂ ਕੱਢਣ ਦੀ ਆਦਤ ਨਹੀ ਛੱਡ ਸਕਦੇ, ਮਨਮੀਤ ਲੱਗਾ ਹੀ ਸੀ ਵਿਚਾਰੀ ਹਰਨੀਤ ਨੂੰ ਗਾਲ੍ਹ ਕੱਢਣ।"
ਇਹਨਾਂ ਸਾਰਿਆਂ ਦੀਆਂ ਗੱਲਾ ਸੁਣ ਕੇ ਮੇਰਾ ਸਿਰ ਪਾਟਣ ਨੂੰ ਕਰੇ। ਨਾ ਮੈ ਕੋਈ ਇਨਾ ਗੁੱਸਾ ਕੀਤਾ ਸੀ ਅਤੇ ਨਾ ਹੀ ਕੋਈ ਗਾਲ੍ਹ ਕੱਢੀ।ਫਿਰ ਵੀ ਮੇਰੇ ਦੁਆਲੇ ਹੋ ਗਏ ਨੇ।ਮੈਨੂੰ ਹੁਣ ਸੱਚੀ ਹੀ ਬਹੁਤ ਗੁੱਸਾ ਚੜ੍ਹ ਗਿਆ। ਅਖੇ ਤੂੰ ਕੋਣ, ਮੈ ਖਾਹ-ਮਖਾਹ ਵਾਂਗ ਮਲੋ- ਮਲੀ ਮੇਰੇ ਤੇ ਗੁੱਸੇ ਦਾ ਇਲਜ਼ਾਮ ਲਾ ਰਿਹੇ ਸਨ। ਇਸ ਗੁੱਸੇ ਵਿਚ ਕੁੜ੍ਹਦਾ ਹੋਇਆ ਚਿੱਠੀ ਹੱਥ ਵਿਚ ਫੜ੍ਹੀ ਚੁਬਾਰੇ ਦੀਆਂ ਪੌੜੀਆ ਦਗੜ ਦਗੜ ਕਰਦਾ ਚੜ੍ਹਨ ਲੱਗਾ।ਭਾਪਾ ਜੀ ਨੇ ਇੰਟਰਵਿਊ ਦੀ ਤਾਰੀਖ ਪੁੱਛਣ ਲਈ ਅਵਾਜ਼ ਵੀ ਲਗਾਈ, ਪਰ ਮਂੈ ਅਣਸੁਣੀ ਕਰਦਾ ਪੌੜੀਆਂ ਚੜ੍ਹਦਾ ਗਿਆ।ਥੱਲੋਂ ਦਾਦੀ ਜੀ ਦੀ ਅਵਾਜ਼ ਉੱਪਰ ਤੱਕ ਆ ਰਹੀ ਸੀ, " ਇਹਦਾ ਗੁੱਸਾ ਤਾਂ ਵਧੀ ਜਾ ਰਿਹਾ ਏ, ਰਾਣੋ ਤੂੰ ਹੀ ਉਸ ਸਾਧ ਦੇ ਡੇਰੇ ਸੁੱਖ ਲੈ। ਕਿਤੇ ਇਹਦੇ ਗੁੱਸੇ ਨੂੰ ਠੱਲ ਪੈ ਜਾਵੇ ਤਾਂ ਸਾਡਾ ਸਾਰਾ ਟੱਬਰ ਤੇਰੇ ਡੇਰੇ ਵਾਲੇ ਸਾਧ ਦੇ ਜ਼ਰੂਰ ਦਰਸ਼ਨ ਕਰੇਗਾ।"
ਮੈ ਚੁਬਾਰੇ ਦੀ ਕੰਧ ਉਪਰੋਂ ਕੁਝ ਬੋਲਣ ਹੀ ਵਾਲਾ ਸੀ ਕਿ ਭਾਪਾ ਜੀ ਬੋਲ ਪਏ, " ਬੀਜੀ, ਪਹਿਲਾਂ ਹਾਅ ਸਾਧ ਦਾ ਨਾ ਲੈਣਾ ਛੱਡੋ, ਅੇਵੈਂ ਰਾਣੋ ਦੇ ਨਾਲ ਸਲਾਹਾਂ ਕਰਨ ਬੈਠ ਜਾਂਦੇ ਹੋ।"
" ਸਰਦਾਰ ਜੀ, ਹੁਣ ਸੱਚੀ ਗੱਲ ਕਹਿਣ ਲੱਗੀ ਆਂ।" ਰਾਣੋ ਬੋਲੀ, " ਜੇ ਤੁਸੀ ਸਾਧ ਦੇ ਜਾਣਾ ਮੰਨ ਜਾਂਦੇ ਤਾਂ ਮਨਮੀਤ ਦਾ ਆਹ ਹਾਲ ਨਹੀ ਸੀ ਹੋਣਾ, ਸਾਧ ਦੀ ਸ਼ਕਤੀ ਹੀ ਇਸ ਨੂੰ ਗੁੱਸਾ ਚੜ੍ਹਾਉਂਦੀ ਆ।"
ਮੇਰਾ ਦਿਲ ਕਰੇ ਕਿ ਮੈ ਚੀਖ ਚੀਖ ਕੇ ਕਹਾਂ ਕਿ ਗੁੱਸਾ ਸਾਧ ਦੀ ਸ਼ੱਕਤੀ ਨਹੀ ਚੜ੍ਹਾਉਂਦੀ ਸਗੋ ਹਰਨੀਤ ਦੀ ਚਾਲ ਨੇ ਤੁਹਾਡੇ ਦੀਮਾਗਾਂ ਵਿਚ ਗੁੱਸੇ ਦੀ ਸ਼ੱਕ ਦਾ ਬੀਜ਼ ਗੱਡ ਦਿੱਤਾ ਆ। ਪਰ ਉਸ ਟਾਈਮ ਕੁੱਝ ਕਹਿਣ ਜਾ ਸਮਝਾਉਣ ਨਾਲ ਉਹਨਾਂ ਨੂੰ ਕੋਈ ਫਰਕ ਨਹੀ ਸੀ ਪੈਣਾ। ਖਾਸ ਕਰਕੇ ਰਾਣੋ ਵਰਗੀ ਨਾਲ ਮੱਥਾ ਲਾਉਣਾ ਕੋਈ ਖਾਲਾ ਜੀ ਵਾੜਾ ਨਹੀ ਸੀ। ਮਂੈ ਆਪਣਾ ਗੁੱਸਾ ਚੁਬਾਰੇ ਦੇ ਦਰਵਾਜ਼ੇ 'ਤੇ ਕੱਢਦੇ ਹੋਏ ਨੇ ਉਸ ਨੂੰ ਜ਼ੋਰ ਦੀ ਬੰਦ ਕੀਤਾ ਅਤੇ ਆਪ ਮੰਜ਼ੇ ਤੇ ਡਿਗ ਪਿਆ।
                                            
 
21
ਮੇਰੇ ਕੈਨੇਡਾ ਜਾਣ ਦਾ ਤਕਰੀਬਨ ਇਹ ਸਾਰੇ ਪਿੰਡ ਨੂੰ ਹੀ ਪਤਾ ਹੋਣ ਕਾਰਨ  ਬਹੁਤੇ ਲੋਕ ਆਮ ਹੀ ਇਹ ਸਵਾਲ ਪੁੱਛਦੇ  ਰਹਿੰਦੇ, ' ਕਦੋਂ ਕੁ ਜਾ ਰਿਹਾ ਕੈਨੇਡਾ, ਕਿਹੜੇ ਸ਼ਹਿਰ ਜਾਣਾ ਅਤੇ ਪਿੰਡ ਵੱਲ ਮੁੜ ਕਦੋਂ ਗੇੜਾ ਲਾਵੇਗਾ ਆਦਿ। ਇਹਨਾਂ ਸਾਰੇ ਸਵਾਲਾਂ ਦਾ ਜ਼ਵਾਬ ਮੈਂ ਆਪਣੀ ਸਮਝ ਮੁਤਾਬਿਕ ਦੇਂਦਾ ਰਹਿੰਦਾ। ਸਵਾਲਾਂ ਦੇ ਜ਼ਵਾਬ ਦੇਣੇ ਮੈਨੂੰ ਔਖੇ ਵੀ ਨਹੀ ਸੀ ਲੱਗਦੇ। ਪਰ ਇਕ ਦਿਨ ਸਾਡੇ ਗੁਵਾਢ ਵਿਚ ਹੀ ਸੂਬੇਦਾਰਾਂ ਦੇ ਘਰ ਲਾਗੇ ਸ਼ਰੀਕੇ ਚੋ'ਲਗਦੀ ਚਾਚੀ ਬਿਸ਼ਨੀ  ਦੇ ਸਵਾਲਾਂ ਦੇ ਜ਼ਵਾਬ ਦੇਣੇ ਮੈਨੂੰ ਜ਼ਿਆਦਾ ਹੀ ਔਖੇ ਲੱਗੇ । ਉਸ ਦਿਨ ਗੁਰਪੁਰਬ ਹੋਣ ਕਰਕੇ ਮਂੈ ਦਾਦੀ ਜੀ ਨਾਲ ਗੁਰਦੁਆਰੇ ਜਾ ਰਿਹਾ ਸੀ। ਗਲੀ ਦਾ ਖੱਬਾ ਮੋੜ ਮੁੜੇ ਤਾਂ ਬਿਸ਼ਨੀ ਚਾਚੀ ਦਾਣਿਆਂ ਦਾ ਥਾਲ ਚੁੱਕੀ ਨਾਲ ਆ ਰਲੀ, ਆਉਂਦੀ ਕਹਿਣ ਲੱਗੀ, " ਮਨਮੀਤ, ਹੁਣ ਤਾਂ ਤੂੰ ਕੈਨੇਡਾ ਜਾਣ ਵਾਲਾ ਹੀ ਹੋਵੇਗਾ।"
" ਹਾਂ ਜੀ।" ਇਸ ਬਾਰੇ ਹੋਰ ਅਗਾਂਹ ਗੱਲ ਨਾ ਕਰੇ, ਇਸ ਲਈ ਟਾਲਦੇ ਹੋਏ ਕਿਹਾ, " ਚਾਚਾ ਜੀ ਨਹੀ ਆਏ ਤੁਹਾਡੇ ਨਾਲ।"
" ਚਾਚਾ, ਤੇਰਾ ਤਾਂ ਸਵੇਰ ਦਾ ਹੀ ਗੁਰਦੁਆਰੇ ਜਾ ਕੇ ਬੈਠਾ ਆ।" ਚਾਚੀ ਨੇ ਜਵਾਬ ਦਿੱਤਾ, " ਮੈਂ ਉਸ ਨੂੰ ਕਈ ਵਾਰੀ ਕਹਿ ਚੁੱਕੀ , ਤੁਹਾਡੇ ਘਰ ਜਾਣ ਨੂੰ, ਪਰ ਉਹਨੂੰ ਕਿਤੇ ਵਿਹਲ ਮਿਲਦਾ ਆ।"
" ਕੰਮ-ਧੰਦੇ ਦੀ ਜਿੰਮੇਵਾਰੀ ਵੀ ਉਹਦੀ ਹੀ ਆ ਬਿਸ਼ਨੀਏ।" ਦਾਦੀ ਜੀ ਵਿਚੋਂ ਬੋਲੇ, "  ਕੋਈ ਕੰਮ ਸੀ ਜਾ ਉਦਾ ਹੀ ਆਉਣਾ ਸੀ।"
" ਮਨਮੀਤ ਨੂੰ ਹੀ ਕਹਿਣ ਆਉਣਾ ਸੀ ਕਿ ਉਧਰ ਜਾ ਕੇ ਸਾਡੇ ਸੰਤੋਖ ਨੂੰ ਵੀ ਸਦ ਲਏ।" ਚਾਚੀ ਨੇ ਗੱਪ ਮਾਰਦੇ ਕਿਹਾ, " ਉਹਨੂੰ ਰਸੂਲੀ ਪਿੰਡ ਤੋਂ ਇਕ ਰਿਸ਼ਤਾ ਵੀ ਆਇਆ ਪਰ ਮੈਂ ਤਾਂ ਕਹਿ ਤਾ, ਪਈ ਮੇਰੇ ਜੇਠ ਦਾ ਮੁੰਡਾ ਤਾਂ ਕੈਨੇਡਾ ਜਾ ਰਿਹਾ ਆ। ਉਸ ਨੇ ਸਾਡੇ ਮੁੰਡੇ ਨੂੰ ਲੰਘਾ ਲੈਣਾ ਹੈ।"
ਉਸ ਦੀ ਇਹ ਗੱਲ ਸੁਣ ਕੇ ਮੈ ਅਤੇ ਦਾਦੀ ਜੀ ਨੇ ਇਕ ਦੂਜੇ ਦੇ ਮੂੰਹ ਵੱਲ ਦੇਖਿਆ। ਅਸੀ ਉਸ ਨੂੰ ਕੀ ਜ਼ਵਾਬ ਦਈਏ ਪਤਾ ਹੀ ਨਹੀ ਸੀ ਲੱਗ ਰਿਹਾ। ਅਸੀ ਤਾਂ ਅਜੇ ਸੋਚ ਹੀ ਰਹੇ ਸਨ ਕਿ ਚਾਚੀ ਫਿਰ ਬੋਲੀ ਪਈ, "ਮਨਮੀਤ, ਤੂੰ ਵਿਚੋਲਾ ਬਣ ਜਾ, ਆਪਣੀ ਸਾਲੀ ਦਾ ਰਿਸ਼ਤਾ ਸੰਤੋਖ ਨੂੰ ਕਰਾ ਦੇ।" ਇਸ ਗੱਲ ਨੇ ਤਾਂ ਮੇਰੀ ਜੀਭ ਨੂੰ ਤਾਲਾ ਹੀ ਲਾ ਦਿੱਤਾ, ਪਰ ਦਾਦੀ ਜੀ ਬੋਲੇ, " ਬਿਸ਼ਨੀਏ, ਮਨਮੀਤ ਅਜੇ ਆਪ ਤਾਂ ਕੈਨੇਡਾ ਗਿਆ ਨਹੀ, ਦੂਜੀ ਗੱਲ, ਇਹ ਆਪਣੀ ਸਾਲੀ ਦਾ ਵਿਚੋਲਾ ਨਹੀ ਬਣ ਸਕਦਾ।"
" ਹੈਹਾ, ਉਹ ਕਿਉਂ?।" ਚਾਚੀ ਇਕਦਮ ਬੋਲੀ, " ਸਾਲੀ ਤੇ ਇੰਨਾ ਹੱਕ ਵੀ ਨਹੀ।"
" ਚਾਚੀ ਜੀ ਮੇਰਾ  ਤਾਂ ਆਪਣੀ ਘਰਵਾਲੀ…।" ਇਹ ਕਹਿਣ ਹੀ ਲੱਗਾ ਸੀ ਕਿ ਰੁੱਕਦਾ ਹੋਇਆ, ਗੱਲ ਬਦਲ ਕੇ ਬੋਲਿਆ, " ਮੇਰਾ ਸਬੰਧ ਤਾਂ ਹਰਨੀਤ ਨਾਲ ਹੀ ਆ, ਉਸ ਦੀ ਭੈਣ ਬਾਰੇ ਮੈ ਕੁੱਝ ਵੀ ਨਹੀ ਜਾਣਦਾ।"
" ਲੈ ਸਬੰਧ ਬਣਾਉਣ ਨੂੰ ਕਿਹੜੀ ਦੇਰ ਲੱਗਦੀ ਆ।" ਚਾਚੀ ਨੇ ਫਾੜ ਕਰਦੇ ਕਿਹਾ, " ਕੈਨੇਡਾ ਦੀਆਂ ਕੁੜੀਆਂ ਤਾਂ ਬਹੁਤ ਹੀ ਖੁੱਲ੍ਹੇ ਸੁਭਾਅ ਦੀਆਂ ਹੁੰਦੀਆਂ ਆ।"
ਚਾਚੀ ਦਾ ਇਸ ਗੱਲ ਤੋਂ ਕੀ ਮਤਲਵ ਸੀ, ਰੱਬ ਹੀ ਜਾਣੇ, ਪਰ ਸਾਡੇ ਦਾਦੀ ਪੋਤੇ ਦੇ ਹੱਥਾਂ ਦੇ ਤੋਤੇ ਉੱਡ ਗਏ।ਦਾਦੀ ਜੀ ਨੇ ਗੁੱਸੇ ਵਿਚ ਉਸ ਨੂੰ ਕਹਿ ਵੀ ਦਿੱਤਾ, " ਤਾਂਹਿਉਂ ਦਾਰੀ  ਤੈਨੂੰ ਲੈ ਕੇ ਸਾਡੇ ਘਰ ਨਹੀ ਆਉਂਦਾ, ਉਸ ਨੂੰ ਪਤਾ ਹੈ ਕਿ ਤੈਂਨੂੰ ਗੱਲ ਕਰਨੀ ਨਹੀ ਆਉਂਦੀ।"
" ਬੀਬੀ, ਤੁਸੀ ਰਿਸ਼ਤਾ ਨਹੀ ਕਰਾਉਣਾ ਨਾ ਕਰਾਉ।" ਬਿਸ਼ਨੀ ਚਾਚੀ ਖਿੱਝ ਕੇ ਬੋਲੀ, " ਪਰ ਮੇਰੇ ਤਾ ਹਾਅ ਦੋਸ਼ ਨਾ ਲਾ ਕਿ ਮੈਨੂੰ ਗੱਲ ਨਹੀ ਕਰਨੀ ਆਉਂਦੀ।"
" ਚਾਚੀ ਜੀ, ਤਾਂ ਹੀ ਚਾਚਾ ਜੀ ਤਹਾਨੂੰ ਕੁੱਟਦੇ ਆ।" ਮੈਂ ਵੀ ਕਿਹਾ, " ਤੁਹਾਡੀ ਕਹੀ ਗੱਲ ਮੇਰੇ ਸਹੁਰਿਆ ਨੂੰ ਪਤਾ ਲੱਗ ਜਾਵੇ ਤਾਂ ਕੀ ਹੋਵੇਗਾ"?
" ਫਿਟੇ ਮੂੰਹ ਮੇਰੇ, ਜਿਹੜੀ ਮੈ ਤੁਹਾਡੇ ਨਾਲ ਗੱਲ ਕੀਤੀ।" ਚਾਚੀ ਨੇ ਹੁਸ਼ਿਆਰੀ ਨਾਲ ਕਿਹਾ, " ਤੁਸੀ ਦੋਨਾਂ ਨੇ ਤਾਂ ਗੱਲ ਪੁੱਠੀ ਹੀ ਪਾ ਲਈ, ਮੇਰਾ ਭਾਵ ਸੀ ਕਿ ਹਰਨੀਤ ਦੀ ਭੈਣ ਅਤੇ ਮਨਮੀਤ ਵਿਚ ਜੀਜੇ- ਸਾਲੀ ਦਾ ਤਾਂ ਸਬੰਧ ਹੈਗਾ ਈ ਆ।"
" ਸਬੰਧ ਨਹੀ ਕਹੀਦਾ ਰਿਸ਼ਤਾ ਹੁੰਦਾ ਆ।" ਦਾਦੀ ਜੀ ਨੇ ਸਮਝਾਇਆ, " ਗੱਲ ਨੂੰ ਪਹਿਲਾਂ ਨਾਪੀ ਦਾ, ਤੋਲੀਦਾ ਫਿਰ ਬੋਲੀਦਾ।"
" ਚਲੋ, ਹੁਣ ਤਹਾਨੂੰ ਮੇਰਾ ਭਾਵ ਸਮਝ ਆ ਗਿਆ।" ਚਾਚੀ ਨੇ ਗਲੀ ਦੀ ਨਾਲੀ ਟੱਪਦੇ ਕਿਹਾ, " ਮਨਮੀਤ ਤੇਰਾ ਭਲਾ ਹੋਵੇ ਆ ਗੱਲ ਆਪਣੇ ਚਾਚੇ ਨੂੰ ਨਾ ਦੱਸੀ।"
" ਆਹੋ, ਕਾਕਾ ਕਰੀ ਨਾ ਗੱਲ।" ਦਾਦੀ ਜੀ ਨੇ ਕਿਹਾ, " ਨਹੀ ਤਾਂ ਉਸ ਨੇ ਫਿਰ ਇਸਦੀ ਢੁਈ ਸੇਕ ਦੇਣੀ ਆ।"
" ਉਦਾ ਮਨਮੀਤ ਤੂੰ ਕੈਨੇਡਾ ਜਾ ਕੇ ਸੁਹਰਿਆਂ ਦੇ ਵਿਚ ਰਹੇਗਾ ਜਾਂ ਵੱਖ।" ਚਾਚੀ ਆਪਣੀ ਆਦਤ ਅਨੁਸਾਰ ਫਿਰ ਬੋਲੀ, " ਮੀਤੋ ਦਾ ਮੁੰਡਾ ਤਾਂ ਬਹੁਤ ਚਿਰ ਸਹੁਰਿਆਂ ਵਿਚ ਹੀ ਰਿਹਾ।" 
ਮੈਨੂੰ ਨਹੀ ਸੀ ਪਤਾ ਕਿ ਮੀਤੋ ਕੌਣ ਹੈ, ਇਸ ਲਈ ਮੈਂ ਤਾਂ ਚੁੱਪ ਹੀ ਰਿਹਾ।
 " ਨਹੀ ਇਸ ਨੇ ਨਹੀ ਰਹਿਣਾ ਸੁਹਰਿਆਂ ਵਿਚ ਜਾ ਕੇ।" ਮੇਰੇ ਥਾਂ ਤੇ ਦਾਦੀ ਜੀ ਉੱਤਰ ਦੇ ਰਿਹੇ ਸਨ, " ਸਾਡੇ ਭਾਈਆ ਜੀ ਕਿਹਾ ਕਰਦੇ ਸਨ ਕਿ ਸਹੁਰੇ ਘਰ ਜਵਾਈ ਕੁੱਤਾ ਅਤੇ ਭੈਣ ਘਰ ਭਰਾ ਕੁੱਤਾ।"
" ਲੈ ਭਾਈ, ਆਪਣੇ ਮਤਲਵ ਲਈ ਬੰਦਾ ਕੁਤਾ ਵੀ ਬਣ ਜਾਏ ਤਾਂ ਵੀ ਕੀ ਆ।" ਚਾਚੀ ਨੇ ਦਾਣਿਆ ਵਾਲੀ ਥਾਲੀ ਦੂਜੇ ਹੱਥ ਤੇ ਧਰਦੇ ਕਿਹਾ, "ਬੀਬੀ, ਤੂੰ ਤਾਂ ਪਿਛਲੀਆਂ ਗੱਲਾਂ ਨੂੰ ਛੱਡਦੀ ਹੀ ਨਹੀ।"
 ਇਹ ਗੱਲ ਸੁਣ ਕੇ ਦਾਦੀ ਜੀ ਨੂੰ ਇੰਨਾ ਗੁੱਸਾ ਚੜਿਆ ਕਿ ਉਹ ਖਲੋ ਗਏ ਅਤੇ ਆਪਣੇ ਸੱਜੇ ਹੱਥ ਨਾਲ ਇਸ਼ਾਰਾ ਕਰਦੇ ਬੋਲੇ, " ਬਿਸ਼ਨੀਏ, ਉਹ ਤੇਰਾ ਰਾਹ ਤੇ ਇਹ ਸਾਡਾ ਰਾਹ, ਖਬਰਦਾਰ ਅੱਗੇ ਤੋਂ ਸਾਡੇ ਘਰ ਆਈ।"
ਬਿਸ਼ਨੀ ਚਾਚੀ ਬੁੜ-ਬੁੜ ਕਰਦੀ ਸਾਡੇ ਅੱਗੇ ਹੋ ਕੇ ਦੌੜ ਗਈ।
" ਇੰਨੀ ਮੂਰਖ ਜ਼ਨਾਨੀ ਮੈਂ ਤਾਂ ਕਦੇ ਦੇਖੀ ਨਹੀ।" ਦਾਦੀ ਜੀ ਬੋਲੇ, " ਇਹਦੇ ਲੱਛਣ ਹੀ ਭਲੇਮਾਨਸ ਵਿਚਾਰੇ ਜਾਗਰ ਨੂੰ ਕੁੱਪਤਾ ਬਣਾਉਂਦੇ ਆ।"
" ਬੀਜੀ, ਤਹਾਨੂੰ ਪਤਾ ਤਾਂ ਹੈ ਚਾਚੀ ਦੀ ਮਤ ਦਾ।" ਦਾਦੀ ਜੀ ਨੂੰ ਉਹਨਾਂ ਦੀ ਗੱਲ ਹੀ ਚੇਤੇ ਕਰਾਉਂਦਿਆ ਕਿਹਾ, " ਤੁਸੀ ਆਪ ਹੀ ਤਾਂ ਕਹਿੰਦੇ ਹੁੰਦੇ ਆ ਕਿ ਮੂਰਖ ਨਾਲ ਨਾ ਲੂਝੀਏ।"
ਦਾਦੀ ਜੀ ਗੁਰਦੁਆਰੇ ਤੋਂ ਘਰ ਨੂੰ ਚਲੇ ਗਏ ਅਤੇ ਮੈਂ ਲਾਟੀਆਂ ਦੇ ਦੇਬੀ ਨਾਲ  ਉਸ ਦੇ ਮੋਟਰਸਾਈਕਲ 'ਤੇ ਬੈਠ ਉਹਨਾਂ ਦੀ ਪਾਰ ਵਾਲੀ ਮੋਟਰ ਨੂੰ ਚਲਾ ਗਿਆ।ਪਿੰਡ ਵਿਚੋਂ ਦੇਬੀ ਨਾਲ ਹੀ ਮੇਰੀ ਜ਼ਿਆਦਾ ਨੇੜਤਾ ਦਾ ਕਾਰਨ ਸੀ ਉਸ ਦੀ  ਸਮਝਦਾਰੀ ਅਤੇ ਇਮਾਨਦਾਰੀ। ਉਹਨਾਂ ਦੀ ਮੋਟਰ 'ਤੇ ਆੜੂਆਂ ਦੀ ਛਾਵੇ ਮੰਜ਼ਾ ਖਿਚ ਕੇ ਬੈਠ ਗਏ।ਠੰਡੀ ਠੰਡੀ ਹਵਾ ਫਿਰ ਰੁਮਕ ਰੁਮਕ ਕੇ ਚੱਲਣ ਲੱਗੀ।ਇਸ ਥਾਂ ਤੇ ਮੈਨੂੰ ਥੌੜਾ ਚੈਨ ਵੀ ਮਹਿਸੂਸ ਹੋਇਆ।ਮੇਰੇ ਵਿਆਹ ਜਾਂ ਕੈਨੇਡਾ ਬਾਰੇ ਗੱਲਾਂ ਤੋਂ ਅੱਕਾ ਇੱਥੇ ਸ਼ਾਤੀ ਵਿਚ ਬੈਠਾ ਦੇਬੀ ਦੀ ਗੱਲ ਸੁਣਨ ਲੱਗਾ, " ਮਨਮੀਤ, ਹਰਜੀਤ ਹੁਣ ਮੇਰੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਏ।"
" ਉਹ ਜਿਹੜੀ ਆਪਣੇ ਨਾਲ ਪੜ੍ਹਦੀ ਸੀ।" ਮੈ ਪੁੱਛਿਆ, " ਮਦੀਰੇ ਪਿੰਡ ਦੀ।"
" ਆਹੋ, ਉਹ ਹੀ।"
" ਕਾਲਜ ਪੜ੍ਹਦਿਆਂ ਤਾਂ ਉਹਦੇ ਬਾਰੇ ਕਦੇ ਗੱਲ ਨਹੀ ਸੀ ਕੀਤੀ।"
" ਮੈ ਉਸ ਦੀ ਇਜ਼ੱਤ ਤਾਂ ਉਸ ਟਾਈਮ ਵੀ ਬਹੁਤ ਕਰਦਾ ਸੀ।" ਦੇਬੀ ਨੇ ਦੱਸਿਆ, "ਬਾਕੀ ਗੱਲ ਤਾਂ ਬਾਅਦ ਵਿਚ ਹੀ ਹੋਈ।"
" ਉਹ ਕਿਵੇ?"
" ਕਾਲਜ ਤੋਂ ਬਾਅਦ ਪਹਿਲੀ ਵਾਰੀ ਉਸ ਨੂੰ ਮੈ ਜਲਧੰਰ ਕੋਹੇਨੂਰ ਪੈਲਸ ਵਿਚ ਆਪਣੀ ਮਾਸੀ ਦੇ ਮੁੰਡੇ ਦੇ ਵਿਆਹ ਉੱਪਰ ਦੇਖਿਆ।"
" ਉਹ ਉੱਥੇ ਕਿਦਾਂ?"
" ਉਸ ਦੀ ਵੱਡੀ ਭੈਣ ਹੀ ਮੇਰੇ ਮਾਸੀ ਦੇ ਮੁੰਡੇ ਨੂੰ ਵਿਆਹੀ ਜਾਣੀ ਸੀ।"
" ਸੱਚੀ।"
" ਉਸ ਨੂੰ ਉੱਥੇ ਦੇਖ ਮੈ ਤਾਂ ਆਪ ਹੈਰਾਨ ਹੋਇਆ।"
" ਫਿਰ।"
" ਅਸੀ ਦੋਹਾਂ ਨੇ ਇਕ-ਦੂਸਰੇ ਨੂੰ ਸਤਿ ਸ੍ਰੀ ਅਕਾਲ ਬੁਲਾਈ ਅਤੇ ਉਸ ਨੇ ਦੱਸਿਆ ਕਿ ਉਸ ਦੀ ਵੱਡੀ ਭੈਣ ਦਾ ਵਿਆਹ ਹੈ। ਮੈ ਵੀ ਦੱਸਿਆ ਕਿ ਮੇਰੇ ਮਾਸੀ ਦੇ ਮੁੰਡੇ ਦਾ ਵਿਆਹ ਹੈ।"
" ਦੇਬੀ , ਤੈਨੂੰ ਲੱਗਦਾ ਨਹੀ ਕਿ ਜ਼ਿੰਦਗੀ ਵੀ  ਕਈ ਵਾਰੀ ਤੁਹਾਡੇ ਨਾਲ ਮਜ਼ਾਕ ਕਰ ਜਾਂਦੀ ਏ।" ਮੈਂ ਆਪਣੇ ਬਾਰੇ ਸੋਚ ਕੇ ਕਿਹਾ, " ਕਿਤੇ ਝੂੱਠੇ ਰਿਸ਼ਤੇ ਪੈਦਾ ਕਰ ਜਾਂਦੀ, ਕਿਤੇ ਕਿਤੇ ਜਿਹਨਾਂ ਦੀ ਕਦੇ ਉਮੀਦ ਵੀ ਨਹੀ ਹੁੰਦੀ ਉਹ ਪੈਦਾ ਕਰ ਜਾਂਦੀ ਹੈ।"
" ਮੈਂ ਤਾਂ ਆਪ ਨਹੀ ਸੀ ਸੋਚਿਆ ਕਾਲਜ ਤੋਂ ਬਾਅਦ ਕਦੇ ਹਰਜੀਤ ਨੂੰ  ਦੇਖਾਂਗਾ ਵੀ।"
" ਲੈ ਹੁਣ ਤੂੰ ਭਾਂਵੇ ਉਸ ਨੂੰ ਸਾਰੀ ਉਮਰ ਦੇਖੀ।"
" ਦੇਖਣਾ ਤਾਂ ਚਾਹੁੰਦਾ ਆ, ਪਰ ਬੀਬੀ ਨਹੀ ਮੰਨਦੀ।"
" ਕਿਉਂ?"
" ਉਸ ਦੀ ਵੱਡੀ ਭੈਣ, ਸਾਡੀ ਮਾਸੀ ਦੀ ਨੂੰਹ ਕੁੱਪਤੇ ਸੁਭਾਅ ਦੀ ਆ।"
" ਪਰ, ਹਰਜੀਤ ਤਾਂ ਕੁੱਪਤੀ ਨਹੀ ਲੱਗਦੀ।"
" ਹਾਂਅ, ਉਹ ਕਿੱਥੇ ਕੁੱਪਤੀ ਆ।"
" ਚੱਲ ਕੋਈ ਨਹੀ, ਮੈਂ ਮਾਸੀ ਨਾਲ ਗੱਲ ਕਰਾਂਗਾ ।" ਇਹ ਗੱਲ ਮਂੈ ਦੇਬੀ ਨੂੰ ਆਖੀ ਅਤੇ ਇਕ ਆਪਣੇ ਆਪ ਨੂੰ ਮਨ ਵਿਚ ਵੀ ਕਹੀ, 'ਆਪ ਨਾ ਵਸੀ ਸਹੁਰੀ ਤੇ ਹੋਰੀ ਮਤੀ ਦੇ'। ਫਿਰ ਵੀ ਦੇਬੀ ਨਾਲ ਗੱਲਾ ਕਰਨੀਆ ਮੈਨੂੰ ਚੰਗੀਆ ਲੱਗੀਆ।ਥੋੜ੍ਹਾ ਚਿਰ ਲਈ ਆਪਣੀ ਮੁਸ਼ਕਿਲ ਭੁੱਲ ਗਿਆ ਅਤੇ ਮਨ ਦੇਬੀ ਦੀ ਪਰੋਬਲਮ ਹਲ ਕਰਨ ਵਿਚ ਪੈ ਗਿਆ।
" ਤੂੰ ਬੀਬੀ ਨਾਲ ਕਦੋਂ ਗੱਲ ਕਰੇਂਗਾ।"
" ਅੱਜ ਸ਼ਾਮ ਨੂੰ ਹੀ ਕਰ ਲੈਂਦੇ ਆ।"
" ਮੈਨੂੰ ਪਤਾ ਬੀਬੀ ਨੇ ਤੇਰਾ ਕਿਹਾ ਨਹੀ ਮੋੜਨਾ।"
" ਕਾਲਜ ਟਾਈਮ ਲੱਗਦਾ ਤਾਂ ਮੈਂਨੂੰ ਵੀ ਰਹਿੰਦਾ ਸੀ ਤੂੰ ਹਰਜੀਤ ਨੂੰ ਪਸੰਦ ਕਰਦਾ ਏ, ਭਾਂਵੇ ਤੂੰ ਆਪ ਕਦੇ ਕੁਝ  ਨਹੀ ਸੀ ਦੱਸਿਆ।"
" ਕਹਿੰਦੇ ਨੇ ਨਾ ਕਈ ਵਾਰੀ '  ਇਸ ਦੁਨੀਆਂ ਤੋਂ ਭੇਦ ਲੁਕਾਉਂਣਾ ਪੈਂਦਾ ਏ, ਦਿਲ ਅੰਦਰੋਂ ਫੁੱਟ ਫੁੱਟ ਰੋਂਦਾ ਏ, ਪਰ ਬਾਹਰੋ ਮੁਸਕ੍ਰਾਉਣਾ ਪੈਂਦਾ ਏ।"
ਕਹਿਣ ਨੂੰ ਮੈ ਵਾਹ ਵਾਹ ਕਹਿ ਗਿਆ ਕਿ ਤੇਰਾ ਸ਼ੇਅਰ ਬਹੁਤ ਵਧੀਆ ਆ, ਪਰ ਮਹਿਸੂਸ ਕੀਤਾ ਕਿ ਜਿਵੇ ਇਹ ਮੇਰੇ ਹੀ ਧੁਰ- ਅੰਦਰੋਂ ਨਿਕਲਿਆ ਹੋਵੇ।ਦੇਬੀ ਹਰਜੀਤ ਬਾਰੇ ਹੋਰ ਵੀ ਗੱਲਾਂ ਕਰਨੀਆਂ ਚਾਹੁੰਦਾ ਸੀ, ਪਰ ਸਾਹਮਣੇ ਆਉਂਦੇ ਜੀਤਾ ਤੇ ਗੁਰਪ੍ਰੀਤ  ਦਿਸ ਪਏ, ਜੋ ਹੱਥ ਵਿਚ ਤਾਸ਼ ਦੀ ਡੱਬੀ ਫੜ੍ਹੀ ਆਉਂਦੇ ਸਨ।ਅਸੀ ਸਾਰੀ ਦੁਪਹਿਰ ਉੱਥੇ ਹੀ ਬਿਤਾਉਣ ਲਈ ਤਾਸ਼ ਦੀ ਵਾਜੀ ਲਾਉਣ ਲੱਗ ਪਏ।

...ਚਲਦਾ...