ਸੁਪਨਿਆਂ ਨੂੰ ਸਾਕਾਰ ਕਰੋ (ਲੇਖ )

ਗੁਰਸ਼ਰਨ ਸਿੰਘ ਕੁਮਾਰ   

Email: gursharan1183@yahoo.in
Cell: +91 94631 89432
Address: 1183, ਫੇਜ਼-10
ਮੁਹਾਲੀ India
ਗੁਰਸ਼ਰਨ ਸਿੰਘ ਕੁਮਾਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਨੀਂਦ ਵਿਚ ਹਰ ਮਨੁੱਖ ਸੁਪਨੇ ਦੇਖਦਾ ਹੈ। ਕੁਝ ਸੁਪਨੇ ਸਵੇਰ ਤੱਕ ਯਾਦ ਰਹਿੰਦੇ ਹਨ ਅਤੇ ਕੁਝ ਭੁੱਲ ਜਾਂਦੇ ਹਨ। ਕਈ ਲੋਕਾਂ ਨੂੰ ਇਕੋ ਸੁਪਨਾ ਹੀ ਵਾਰ ਵਾਰ ਆਉਂਦਾ ਰਹਿੰਦਾ ਹੈ। ਕਈਆਂ ਨੂੰ ਜ਼ਿਆਦਾਤਰ ਦਿਨ ਦੇ ਕਾਰ ਵਿਉਹਾਰ ਬਾਰੇ ਸੁਪਨੇ ਆਉਂਦੇ ਰਹਿੰਦੇ ਹਨ। ਕਈਆਂ ਨੂੰ ਮਨ ਲੁਭਾਉਣੇ ਸੁਪਨੇ ਆਉਂਦੇ ਹਨ ਕਈਆਂ ਨੂੰ ਮਰਿਆਂ ਹੋਇਆ ਦੇ ਡਰਾਉਣੇ ਸੁਪਨੇ ਆਉਂਦੇ ਰਹਿੰਦੇ ਹਨ। ਉਹ ਅੱਧੀ ਰਾਤੀ ਵੀ ਨੀਂਦ ਵਿਚ ਬਰੜਾ ਬਰੜਾ ਕੇ ਉੱਠਦੇ ਹਨ ਅਤੇ ਸਾਰਾ ਦਿਨ ਵੀ ਇਨ੍ਹਾਂ ਸੁਪਨਿਆਂ ਕਾਰਨ ਪ੍ਰੇਸ਼ਾਨ ਰਹਿੰਦੇ ਹਨ। ਆਮ ਤੌਰ ਤੇ ਤਾਂ ਇਨ੍ਹਾਂ ਸੁਪਨਿਆਂ ਦਾ ਕੋਈ ਵਜ਼ੂਦ ਨਹੀਂ ਹੁੰਦਾ। ਫਿਰ ਵੀ ਅਲੱਗ ਲੋਕ ਇਨ੍ਹਾਂ ਸੁਪਨਿਆਂ ਦੇ ਅਲੱਗ ਅਲੱਗ ਅਰਥ ਹੀ ਕੱਢਦੇ ਹਨ। ਪੰਡਤ ਸੁਪਨਿਆਂ ਦੇ ਆਪਣੀ ਤਰ੍ਹਾਂ ਦੇ ਹੀ ਅਰਥ ਕੱਢਦੇ ਹਨ। ਉਹ ਲੋਕਾਂ ਨੂੰ ਵਹਿਮਾਂ ਭਰਮਾ ਵਿਚ ਪਾ ਕੇ ਹੋਰ ਉਲਝਾ ਦਿੰਦੇ ਹਨ ਅਤੇ ਉਨ੍ਹਾਂ ਦਾ ਦਿਮਾਗੀ ਅਤੇ ਆਰਥਿਕ ਤੌਰ ਤੇ ਸ਼ੋਸਣ ਕਰਦੇ ਹਨ। ਹੋਮੀਓਪੈਥੀ ਦੇ ਡਾਕਟਰ ਇਸ ਨੂੰ ਬਿਮਾਰੀ ਦੱਸਦੇ ਹਨ ਅਤੇ ਕਹਿੰਦੇ ਹਨ ਕਿ ਹੋਮੀਓਪੈਥੀ ਵਿਚ ਇਸ ਦਾ ਪੂਰਾ ਇਲਾਜ ਹੈ। ਮਨੋਵਿਗਿਆਨਕ ਮਾਨਸਿਕ ਰੋਗੀਆਂ ਦਾ ਆਪਣੇ ਹਿਸਾਬ ਸਿਰ ਇਲਾਜ ਕਰਦੇ ਹਨ। ਉਹ ਰੋਗੀ ਦੇ ਮਨ ਅੰਦਰੋਂ ਗੁੰਝਲਾਂ ਖ੍ਹੋਲਣ ਦੀ ਕੋਸ਼ਿਸ਼ ਕਰਦੇ ਹਨ ਤਾਂ ਕਿ ਉਸ ਅੰਦਰੋਂ ਡਰ, ਸ਼ੰਕਾ ਅਤੇ ਵਹਿਮ ਨਿਕਲ ਜਾਣ ਅਤੇ ਰੋਗੀ ਮਾਨਸਿਕ ਤੌਰ ਤੇ ਤੰਦਰੁਸਤ ਹੋ ਜਾਏ ਅਤੇ ਉਸ ਨੂੰ ਡਰਾਉਣੇ ਸੁਪਨਿਆਂ ਤੋਂ ਛੁਟਕਾਰਾ ਮਿਲ ਜਾਏ। ਬਾਈਬਲ ਵਿਚ ਆਉਂਦਾ ਹੈ ਕਿ ਜਦ ਪ੍ਰਮਾਤਮਾ ਨੇ ਮਨੁੱਖ ਨੂੰ ਕੋਈ ਖਾਸ ਸੰਦੇਸ਼ ਦੇਣਾ ਹੁੰਦਾ ਹੈ ਤਾਂ ਉਹ ਸੁਪਨਿਆਂ ਰਾਹੀਂ ਹੀ ਦਿੰਦਾ ਹੈ। ਖੈਰ ਇਹ ਸਾਰੇ ਸੁਪਨੇ ਅਵਚੇਤਨ ਮਨ ਰਾਹੀਂ ਹੀ ਲਏ ਜਾਂਦੇ ਹਨ ਅਤੇ ਇਨ੍ਹਾਂ ਦਾ ਹਕੀਕਤ ਵਿਚ ਕੋਈ ਖਾਸ ਵਜੂਦ ਨਹੀਂ ਹੁੰਦਾ।। ਕੁਝ ਸਕਾਲਰ ਅਤੇ ਤੀਖਣ ਬੁੱਧੀ ਦੇ ਲੋਕ ਜਦ ਕਿਸੇ ਸਮੱਸਿਆ ਦਾ ਹੱਲ ਕੱਢਣ ਲਈ ਲਗਾਤਾਰ ਜੂਝਦੇ ਰਹਿੰਦੇ ਹਨ ਪਰ ਕੋਈ ਹੱਲ ਨਹੀਂ ਨਿਕਲਦਾ, ਰਾਤ ਨੂੰ ਨੀਂਦ ਵਿਚ ਵੀ ਉਨ੍ਹਾਂ ਦਾ ਅਵਚੇਤਨ ਮਨ ਉਸ ਸਮੱਸਿਆ ਦਾ ਹੱਲ ਕੱਢਣ ਵਲ ਲੱਗਾ ਰਹਿੰਦਾ ਹੈ ਅਤੇ ਕਈ ਵਾਰੀ ਸੁਪਨੇ ਵਿਚ ਹੀ ਉਨ੍ਹਾਂ ਦੀ ਸਮੱਸਿਆ ਦਾ ਸਹੀ ਹੱਲ ਨਿਕਲ ਆਉਂਦਾ ਹੈ। ਇਸ ਨੂੰ ਕਰਿਸ਼ਮਾ ਹੀ ਸਮਝਿਆ ਜਾਂਦਾ ਹੈ।

ਨੀਂਦ ਤੋਂ ਇਲਾਵਾ ਕੁਝ ਸੁਪਨੇ ਦਿਨ ਵੇਲੇ ਚੇਤਨ ਮਨ ਨਾਲ ਪੂਰੀ ਤਰ੍ਹਾਂ ਹੋਸ਼ ਵਿਚ ਲਏ ਜਾਂਦੇ ਹਨ। ਇਹ ਸੁਪਨੇ ਹੁੰਦੇ ਹਨ ਮਨੁੱਖ ਦੀ ਜ਼ਿੰਦਗੀ ਬਣਾਉਣ ਦੇ, ਕਿਸੇ ਮੁਕਾਮ ਤੇ ਪਹੁੰਚਣ ਦੇ ਜਾਂ ਕੁਝ ਚੀਜ਼ ਪ੍ਰਾਪਤ ਕਰਨ ਦੇ। ਇਨ੍ਹਾਂ ਸੁਪਨਿਆਂ ਨੂੰ ਮਨੁੱਖ ਦੀ ਮੰਜ਼ਿਲ ਜਾਂ ਨਿਸ਼ਾਨਾ ਵੀ ਕਿਹਾ ਜਾ ਸਕਦਾ ਹੈ। ਇਸ ਲਈ ਭਾਰਤ ਦੇ ਸਾਬਕਾ ਰਾਸ਼ਟਰਪਤੀ ਏ.ਜੇ.ਪੀ ਅਬਦੁਲ ਕਲਾਮ ਕਹਿੰਦੇ ਹਨ ਕਿ,"ਸੁਪਨਾ ਉਹ ਨਹੀਂ ਹੁੰਦਾ ਜੋ ਨੀਂਦ ਵਿਚ ਲਿਆ ਜਾਏ, ਸਗੋਂ ਸੁਪਨਾ ਤਾਂ ਉਹ ਹੁੰਦਾ ਹੈ ਜੋ ਨੀਂਦ ਹੀ ਨਾ ਆਉਣ ਦੇਵੇ।" ਹਰ ਮਨੁੱਖ ਨੂੰ ਅਜਿਹੇ ਸੁਪਨੇ ਲੈਣ ਦਾ ਪੂਰਾ ਹੱਕ ਹੈ ਤੁਸੀਂ ਵੀ ਅਜਿਹੇ ਸੁਪਨੇ ਲੈ ਸਕਦੇ ਹੋ। ਬੇਸ਼ੱਕ ਵੱਡੇ ਤੋਂ ਵੱਡਾ ਸੁਪਨਾ ਲਓ। ਇਸ ਲਈ ਪਹਿਲਾਂ ਤੁਹਾਨੂੰ ਆਪਣੀ ਜ਼ਿੰਦਗੀ ਦਾ ਨਿਸ਼ਾਨਾ ਮਿਥਣਾ ਪਵੇਗਾ। ਤੁਸੀਂ ਆਪਣੀ ਬਿਰਤੀ ਨੂੰ ਇਕਾਗਰ ਕਰ ਕੇ ਸੋਚੋ ਕਿ ਤੁਸੀਂ ਜ਼ਿੰਦਗੀ ਵਿਚ ਕੀ ਬਣਨਾ ਚਾਹੁੰਦੇ ਹੋ। ਕੀ ਤੁਸੀਂ ਇਕ ਡਾਕਟਰ ਬਣਨਾ ਚਾਹੁੰਦੇ ਹੋ, ਇਨੰਜੀਨੀਅਰ, ਰਾਜਨੇਤਾ, ਐਕਟਰ, ਬੁੱਤਸਾਜ, ਚਿਤੱਰਕਾਰ, ਜਾਂ ਸਾਹਿਤਕਾਰ ਆਦਿ। ਤੁਸੀਂ ਜੋ ਚਾਹੋ ਬਣ ਸਕਦੇ ਹੋ। ਸਭ ਦੇ ਸੁਪਨੇ ਅਲੱਗ ਅਲੱਗ ਹੁੰਦੇ ਹਨ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਧਰਤੀ ਬੇਸ਼ੱਕ ਸਭ ਦੀ ਇਕੋ ਜਿਹੀ ਹੀ ਹੈ ਪਰ ਆਕਾਸ਼ ਸਭ ਦਾ ਅਲੱਗ ਅਲੱਗ ਹੁੰਦਾ ਹੈ। ਆਪਣੇ ਆਕਾਸ਼ ਦੀ ਉੱਚਾਈ ਤੱਕ ਪਹੁੰਚਣ ਲਈ ਤੁਹਾਡੇ ਖੰਭਾਂ ਵਿਚ ਬਲ ਹੋਣਾ ਚਾਹੀਦਾ ਹੈ। ਇਹ ਬਲ ਹੈ ਤਹਾਡਾ ਪੱਕਾ ਇਰਾਦਾ, ਤੁਹਾਡੀ ਲਿਆਕਤ, ਮਿਹਨਤ ਅਤੇ ਤੁਹਾਡਾ ਹੌਸਲਾ। ਇਸ ਬਲ ਨਾਲ ਤੁਸੀਂ ਉੱਚੀ ਤੋਂ ਉੱਚੀ ਉਡਾਰੀ ਲਾ ਸਕਦੇ ਹੋ ਅਤੇ ਆਪਣੇ ਆਸਮਾਨ ਨੂੰ ਛੂਹ ਸਕਦੇ ਹੋ। ਇਸ ਤਰ੍ਹਾਂ ਤੁਸੀਂ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਦੇ ਹੋ।
ਸੁਪਨਿਆਂ ਦਾ ਮਰ ਜਾਣਾ ਬਹੁਤ ਦੁਖਦਾਈ ਹੁੰਦਾ ਹੈ। ਇਸ ਲਈ ਆਪਣੀ ਚਾਦਰ ਦੇਖ ਕੇ ਹੀ ਪੈਰ ਪਸਾਰੋ।ਫਿਰ ਵੀ ਜੇ ਤੁਸੀਂ ਹੋਰ ਅੱਗੇ ਵਧਣਾ ਚਾਹੁੰਦੇ ਹੋ ਤਾਂ ਕੋਈ ਹਰਜ਼ ਨਹੀਂ। ਆਪਣੀ ਚਾਦਰ ਨੂੰ ਮਿਹਨਤ ਨਾਲ ਵੱਡਾ ਕਰੋ। ਪਹਿਲਾਂ ਇਹ ਦੇਖੋ ਕਿ ਕੀ ਤੁਹਾਡੇ ਵਿਚ ਆਪਣੇ ਸੁਪਨੇ ਨੂੰ ਪੂਰਾ ਕਰਨ ਦੀ ਯੋਗਤਾ ਹੈ। ਜੇ ਯੋਗਤਾ ਘੱਟ ਹੈ ਤਾਂ ਉਸ ਨੂੰ ਵਧਾਓ। ਕਦੀ ਗੈਰ ਮੁਨਾਸਿਬ ਜਾਂ ਗੈਰ ਕੁਦਰਤੀ ਸੁਪਨੇ ਨਾ ਦੇਖੋ। ਜੇ ਤੁਸੀਂ ਚੰਨ ਨੂੰ ਜੱਫ਼ਾ ਮਾਰਨਾ ਚਾਹੋਗੇ ਤਾਂ ਤੁਹਾਡੀ ਇਹ ਖਾਹਿਸ਼ ਕਦੀ ਪੂਰੀ ਨਹੀਂ ਹੋਣ ਵਾਲੀ। ਇਸ ਲਈ ਆਪਣੀ ਹੈਸੀਅਤ ਵਿਚ ਰਹੋ, ਨਹੀਂ ਤੇ ਤੁਹਾਡੇ ਪੱਲੇ ਨਿਰਾਸ਼ਾ ਹੀ ਪਵੇਗੀ। ਆਪਣੀ ਮੰਜ਼ਿਲ ਆਪਣੀ ਦਿਲਚਸਪੀ, ਵਿਦਿਅਕ ਅਤੇ ਸਰੀਰਕ ਯੋਗਤਾ ਅਤੇ ਵਸੀਲਿਆਂ ਅਨੁਸਾਰ  ਬੜੀ ਸਮਝਦਾਰੀ ਨਾਲ ਚੁਣੋ। ਇਕ ਵਾਰੀ ਆਪਣੀ ਮੰਜ਼ਿਲ ਚੁਣ ਲਈ ਤਾਂ ਫਿਰ ਪਲਟ ਕੇ ਦੂਸਰੀ ਲਾਈਨ ਵਿਚ ਜਾਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਇਸ ਨਾਲ ਬਹੁਤ ਕੀਮਤੀ ਸਮਾਂ, ਧਨ ਅਤੇ ਮਿਹਨਤ ਬਰਬਾਦ ਹੁੰਦੀ ਹੈ। ਬੰਦਾ ਉੱਪਰ ਜਾ ਕਿ ਫਿਰ ਸਿਫ਼ਰ ਲੈਵਲ ਤੇ ਪਹੁੰਚ ਜਾਂਦਾ ਹੈ। ਮਨ ਨੂੰ ਬੜੀ ਨਿਰਾਸ਼ਾ ਵੀ ਹੁੰਦੀ ਹੈ। ਨਵੇਂ ਪੇਸ਼ੇ ਵਿਚ ਤੁਹਾਡਾ ਮਨ ਵੀ ਨਹੀਂ ਖੁਭਦਾ। ਇਸ ਲਈ ਤੁਹਾਡੇ ਨਿਸ਼ਾਨੇ ਦੀ ਚੋਣ ਅੰਤਿਮ ਹੋਣੀ ਚਾਹੀਦੀ ਹੈ। ਤੁਹਾਡਾ ਇਰਾਦਾ ਪੱਕਾ ਹੋਣਾ ਚਾਹੀਦਾ ਹੈ। ਜਦ ਤੁਸੀਂ ਆਪਣਾ ਸੁਪਨਾ ਸਿਰਜ ਲਿਆ ਭਾਵ ਆਪਣਾ ਨਿਸ਼ਾਨਾ ਮਿਥ ਲਿਆ ਤਾਂ ਇਸ ਲਈ ਸਖਤ ਮਿਹਨਤ ਦੀ ਲ਼ੋੜ ਹੈ। ਹਰ ਬੰਦੇ ਨੂੰ ਆਪਣੇ ਸਵਰਗ ਦਾ ਆਪ ਹੀ ਨਿਰਮਾਣ ਕਰਨਾ ਪੈਂਦਾ ਹੈ।ਜੇ ਤੁਸੀਂ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਤਾਂ ਸੁਪਨੇ ਲੈਣ ਦਾ ਕੋਈ ਲਾਭ ਨਹੀਂ। ਤੁਹਾਡੇ ਸੁਪਨੇ ਮੁੰਗੇਰੀ ਲਾਲ ਦੇ ਹੁਸੀਨ ਸੁਪਨੇ ਬਣ ਕੇ ਹੀ ਰਹਿ ਜਾਣਗੇ। ਅਜਿਹੇ ਸੁਪਨਿਆਂ ਨੂੰ ਦੇਖਣ ਨੂੰ ਤਾਂ ਕੋਈ ਪੈਸਾ ਵੀ ਖਰਚ ਨਹੀਂ ਹੁੰਦਾ ਅਤੇ ਨਾ ਹੀ ਹੱਥ ਹਿਲਾਉਣੇ ਪੈਂਦੇ ਹਨ। ਸਫ਼ਲਤਾ ਲਈ ਕੋਈ ਛੋਟਾ ਰਸਤਾ ਨਹੀਂ ਹੁੰਦਾ। ਬੰਦਾ ਕਦਮ ਕਦਮ ਚਲ ਕੇ ਹੀ ਆਪਣੀ ਮੰਜ਼ਿਲ ਤੇ ਪਹੁੰਚਦਾ ਹੈ। 
ਕਹਿੰਦੇ ਹਨ-"ਜਦੋਂ ਜਾਗੋ ਉਦੋਂ ਸਵੇਰਾ।" ਤੁਸੀਂ ਵੀ ਨੀਂਦਰ ਵਿਚੋਂ ਜਾਗੋ । ਹਨੇਰੇ ਨੂੰ ਛੱਡੋ ਅਤੇ ਰੋਸ਼ਨੀ ਵਿਚ ਆਓ। ਤੁਹਾਨੂੰ ਸਭ ਕੁਝ ਸਪਸ਼ਟ ਨਜ਼ਰ ਆਵੇਗਾ ਕਿ ਤੁਹਾਡੀ ਮੰਜ਼ਿਲ ਕਿਹੜੀ ਹੈ? ਕਿਹੜੇ ਰਸਤੇ 'ਤੇ ਚਲ ਕੇ ਅਤੇ ਕੀ ਕੀ ਜਤਨ ਕਰ ਕੇ ਤੁਸੀਂ ਆਪਣੀ ਮੰਜ਼ਿਲ ਤੇ ਪਹੁੰਚ ਸਕਦੇ ਹੋ। ਆਪਣੇ ਸੁਪਨੇ ਦੀ ਪੂਰਤੀ ਲਈ ਆਪਣੀਆਂ ਸਾਰੀਆਂ ਸਰੀਰਕ, ਮਾਨਸਿਕ, ਆਰਥਿਕ ਅਤੇ ਸਮਾਜਿਕ ਸ਼ਕਤੀਆਂ ਪੂਰੀ ਤਰ੍ਹਾਂ ਝੋਂਕ ਦਿਓ।। ਆਪਣੇ ਸੁਪਨੇ ਦੀ ਸਫ਼ਲਤਾ ਲਈ ਪੂਰੀ ਤਰ੍ਹਾਂ ਸਮਰਪਿਤ ਹੋਵੋ। ਉਠਦਿਆਂ ਬੈਠਦਿਆਂ, ਖਾਂਦਿਆਂ ਪੀਂਦਿਆਂ ਅਤੇ ਸੌਂਦਿਆਂ ਤੁਹਾਡਾ ਸਾਰਾ ਧਿਆਨ ਤੁਹਾਡੇ ਸੁਪਨੇ ਦੀ ਪੂਰਤੀ ਵਲ ਹੀ ਹੋਣਾ ਚਾਹੀਦਾ ਹੈ। ਸਮਾਂ ਬਹੁਤ ਕੀਮਤੀ ਹੈ ਇਸ ਲਈ ਸਮੇਂ ਨੂੰ ਅਜ਼ਾਇਆ ਨਾ ਗੁਆਓ। ਕਦੀ ਅੱਜ ਦਾ ਕੰਮ ਕੱਲ੍ਹ ਤੇ ਨਾ ਛੱਡੋ। ਕਿਸੇ ਕੰਮ ਨੂੰ ਕਦੀ ਅੱਧਵਾਟੇ ਵੀ ਨਾ ਛੱਡੋ।ਜੇ ਕੋਈ ਕੰਮ ਬਹੁਤ ਵੱਡਾ ਜਾਂ ਮੁਸ਼ਕਲ ਹੈ ਤਾਂ ਉਸ ਦੇ ਹਿੱਸੇ ਕਰ ਲਓ। ਪੜਾਅ ਵਾਰ ਹਰ ਹਿੱਸੇ ਨੂੰ ਨੇਪਰੇ ਚਾੜ੍ਹੋ। ਆਪਣੀ ਮੰਜ਼ਿਲ ਤੋਂ ਉਰੇ ਕੋਈ ਸਮਝੌਤਾ ਨਾ ਕਰੋ। ਯਾਦ ਰੱਖੋ ਪੜਾਅ ਪੜਾਅ ਹੀ ਹੁੰਦੇ ਹਨ ਅਤੇ ਮੰਜ਼ਿਲ ਮੰਜ਼ਿਲ ਹੀ ਹੁੰਦੀ ਹੈ। ਕਿਸੇ ਪੜਾਅ ਤੇ ਰੁਕ ਕੇ ਤੁਸੀਂ ਕੁਝ ਦੇਰ ਆਰਾਮ ਤਾਂ ਕਰ ਸਕਦੇ ਹੋ। ਆਪਣੇ ਅੰਦਰ ਊਰਜ਼ਾ ਦੀ ਬੈਟਰੀ ਨੂੰ ਚਾਰਜ ਕਰ ਸਕਦੇ ਹੋ ਪਰ ਮੰਜ਼ਿਲ ਤੇ ਪਹੁੰਚਣ ਦਾ ਤੁਹਾਡਾ ਅਗਲਾ ਸਫ਼ਰ ਜਾਰੀ ਰਹਿਣਾ ਚਾਹੀਦਾ ਹੈ।
ਕਈ ਲੋਕ ਸਾਰੀ ਉਮਰ ਕੇਵਲ ਹਨੇਰਾ ਹੀ ਢੋਂਦੇ ਰਹਿੰਦੇ ਹਨ। ਉਨ੍ਹਾਂ ਨੂੰ ਜ਼ਿੰਦਗੀ ਦੇ ਮਕਸਦ ਦਾ ਹੀ ਨਹੀਂ ਪਤਾ ਚਲਦਾ। ਉਨ੍ਹਾ ਲਈ ਖਾਣਾ ਪੀਣਾ ਅਤੇ ਸਾਹ ਲੈਣਾ ਹੀ ਜ਼ਿੰਦਗੀ ਹੈ। ਕਈ ਲੋਕ ਨਸ਼ਿਆ ਵਿਚ ਹੀ ਜ਼ਿੰਦਗੀ ਗ਼ਲਤਾਨ ਕਰ ਲੈਂਦੇ ਹਨ। ਕਈਆਂ ਦਾ ਮਕਸਦ ਕੇਵਲ ਅਤੇ ਕੇਵਲ ਪੈਸਾ ਕਮਾਉਣਾ ਹੀ ਹੁੰਦਾ ਹੈ ਪਰ ਪੈਸਾ ਹੀ ਜ਼ਿੰਦਗੀ ਵਿਚ ਸਭ ਕੁਝ ਨਹੀਂ ਹੁੰਦਾ। ਨਾ ਹੀ ਪੈਸੇ ਨਾਲ ਪੂਰੀ ਖ਼ੁਸ਼ੀ ਅਤੇ ਸੰਤੁਸ਼ਟੀ ਮਿਲਦੀ ਹੈ। ਪੈਸਾ ਕਮਾਉਣਾ ਵੀ ਕੋਈ ਮਾੜੀ ਗਲ ਨਹੀਂ। ਗ਼ੁਰਬਤ ਵਿਚ ਜ਼ਿੰਦਗੀ ਬਿਤਾਉਣ ਦਾ ਵੀ ਕੋਈ ਫਾਇਦਾ ਨਹੀਂ। ਪੈਸਾ ਇਮਾਨਦਾਰੀ ਨਾਲ ਕਮਾਓ ਅਤੇ ਖ਼ੁਸ਼ਹਾਲ ਹੋਵੋ। ਬੰਦੇ ਦੇ ਸਮਾਜ ਅਤੇ ਪਰਿਵਾਰ ਪ੍ਰਤੀ ਵੀ ਕੁਝ ਫ਼ਰਜ਼ ਹਨ। ਸਮਾਜ ਵਿਚ ਰਹਿ ਕੇ ਹੀ ਬੰਦਾ ਪੂਰੀ ਤਰ੍ਹਾਂ ਮਨੁੱਖ ਕਹਾ ਸਕਦਾ ਹੈ। ਕਈ ਲੋਕਾਂ ਨੂੰ ਦੂਜਿਆਂ ਵਿਚ ਕੇਵਲ ਦੋਸ਼ ਹੀ ਨਜ਼ਰ ਆਉਂਦੇ ਹਨ। ਉਹ ਆਪਣੇ ਆਪ ਨੂੰ ਦੂਜਿਆਂ ਤੋਂ ਬਹੁਤ ਉੱਚਾ ਅਤੇ ਸਿਆਣਾ ਸਮਝਦੇ ਹਨ। ਉਹ ਹਰ ਸਮੇਂ ਦੂਸਰਿਆਂ ਦੀ ਨਿੰਦਿਆ ਵਿਚ ਹੀ ਸਮਾਂ ਬਰਬਾਦ ਕਰਦੇ ਰਹਿੰਦੇ ਹਨ। ਕਈ ਲੋਕਾਂ ਨੂੰ ਹਰ ਸਮੇਂ ਆਪਣੇ ਦੁੱਖਾਂ ਦੇ ਰੌਣੇ ਰੋਂਦੇ ਰਹਿਣ ਦੀ ਆਦਤ ਹੁੰਦੀ ਹੈ। ਉਨ੍ਹਾਂ ਨੂੰ ਇਹ ਇਕ ਤਰ੍ਹਾਂ ਦਾ ਨਸ਼ਾ ਹੀ ਹੁੰਦਾ ਹੈ। ਉਹ ਸਮਝਦੇ ਹਨ ਕਿ ਇਸ ਨਾਲ ਉਨ੍ਹਾਂ ਨੂੰ ਦੂਸਰਿਆਂ ਦੀ ਹਮਦਰਦੀ ਮਿਲਦੀ ਹੈ। ਹਰ ਸਮੇਂ ਕਿਸੇ ਦੇ ਤਰਸ ਦੇ ਪਾਤਰ ਬਣੇ ਰਹਿਣਾ ਵੀ ਠੀਕ ਨਹੀਂ। ਕਿਸੇ ਕਵੀ ਨੇ ਠੀਕ ਹੀ ਲਿਖਿਆ ਹੈ:
ਹਰ ਕਿਸੀ ਕੋ ਆਪਣੇ ਜ਼ਖ਼ਮ ਦਿਖਾਇਆ ਨਾ ਕਰੋ
ਲੋਗ ਮੁੱਠੀਓਂ ਨੇ ਨਮਕ ਰੱਖਤੇ ਹੈਂ।

ਉਹ ਨਹੀਂ ਜਾਣਦੇ ਕਿ ਸਮਾਂ ਪਾਣੀ ਦੇ ਵਹਿਣ ਦੀ ਤਰ੍ਹਾਂ ਹੈ। ਜਿਸ ਪਾਣੀ ਨੂੰ ਤੁਸੀਂ ਹੁਣ ਛੂਹ ਰਹੇ ਹੋ ਉਸ ਨੂੰ ਤੁਸੀਂ ਦੁਬਾਰਾ ਨਹੀਂ ਛੂਹ ਸਕਦੇ । ਨਦੀ ਦਾ ਪਾਣੀ ਜਿਹੜਾ ਇਕ ਵਾਰੀ ਲੰਘ ਗਿਆ ਉਸ ਨੇ ਦੁਬਾਰਾ ਨਹੀਂ ਆਉਣਾ। ਇਸੇ ਤਰ੍ਹਾਂ ਜਿਹੜਾ ਸਮਾਂ ਹੱਥੋਂ ਨਿਕਲ ਗਿਆ ਉਸ ਨੂੰ ਤੁਸੀਂ ਦੁਬਾਰਾ ਹਾਸਿਲ ਨਹੀਂ ਕਰ ਸਕਦੇ। ਕਈ ਲੋਕ ਸਾਰੀ ਉਮਰ ਸੌਂ ਕੇ ਜਾਂ ਵਿਹਲੇ ਰਹਿ ਕੇ ਸਮਾਂ ਬਰਬਾਦ ਕਰਦੇ ਹਨ। ਉਸਾਰੂ ਕੰਮਾ ਲਈ ਉਨ੍ਹਾਂ ਕੋਲ ਕੋਈ ਸਮਾਂ ਹੀ ਨਹੀਂ ਹੁੰਦਾ। ਜੋ ਸਮੇਂ ਨੂੰ ਬਰਬਾਦ ਕਰਦਾ ਹੈ, ਸਮਾਂ ਉਸ ਨੂੰ ਇਕ ਦਿਨ ਬਰਬਾਦ ਕਰ ਕੇ ਰੱਖ ਦਿੰਦਾ ਹੈ। ਅਜਿਹੇ ਲੋਕ ਹਰ ਪਲ ਗ਼ਮਾਂ ਵਿਚ ਦੁਖੀ ਹੋ ਕੇ ਮਰਦੇ ਰਹਿੰਦੇ ਹਨ।। ਉਨ੍ਹਾਂ ਦੇ ਮੁਬਾਇਲ ਵਿਚ ਸਾਰੇ ਨਾਮ ਹੁੰਦੇ ਹਨ ਪਰ ਉਨ੍ਹਾਂ ਕੋਲ ਕਿਸੇ ਨਾਲ ਸੱਚੀ ਦੋਸਤੀ ਲਈ ਵਕਤ ਹੀ ਨਹੀਂ ਹੁੰਦਾ। ਹਰ ਪਲ ਦੌੜਦੀ ਦੁਨੀਆਂ ਵਿਚ ਉਨ੍ਹਾਂ ਕੋਲ ਜ਼ਿੰਦਗੀ ਲਈ ਹੀ ਵਕਤ ਨਹੀਂ ਹੁੰਦਾ। ਜਦ ਮੌਤ ਆ ਜਾਂਦੀ ਹੈ ਤਾਂ ਮਨੁੱਖ ਨੂੰ ਆਪਣੇ ਪੈਰਾਂ ਤੇ ਸ਼ਮਸ਼ਾਨ ਤੱਕ ਜਾਣ ਦਾ ਵੀ ਵਕਤ ਨਹੀਂ ਦਿੰਦੀ। ਇਸ ਲਈ ਸਮੇਂ ਦੀ ਕਦਰ ਕਰਦੇ ਹੋਏ ਲਗਾਤਾਰ ਆਪਣੀ ਮੰਜ਼ਿਲ ਵਲ ਵਧਦੇ ਜਾਓ। ਨਹੀਂ ਤੇ ਸਭ ਕੁਝ ਲੁਟਾ ਕਰ ਹੋਸ਼ ਮੇਂ ਆਏ ਤੋ ਕਿਆ ਕੀਆ। ਜਿਸ ਬੰਦੇ ਨੂੰ ਇਹ ਨਹੀਂ ਪਤਾ ਕਿ ਉਸ ਨੇ ਕੱਲ੍ਹ ਸਵੇਰੇ ਉੱਠ ਕੇ ਕੀ ਕੰਮ ਕਰਨਾ ਹੈ ਉਸ ਦਾ ਨਾ ਜਾਗਣਾ ਹੀ ਠੀਕ ਹੈ।
ਆਪਣੇ ਸੁਪਨੇ ਦੀ ਪੂਰਤੀ ਲਈ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਪਹਿਲੀ ਗਲ ਇਹ ਕਿ ਤੁਸੀਂ ਇਹ ਸੋਚੋ ਕਿ ਕੀ ਤੁਸੀਂ ਜ਼ਿੰਦਾ ਹੋ? ਜੇ ਜ਼ਿੰਦਾ ਹੋ ਤਾਂ ਆਪਣੇ ਕੰਮਾ ਨਾਲ ਇਸ ਦਾ ਸਬੂਤ ਦਿਓ।ਰਾਤ ਭਰ ਗਹਿਰੀ ਨੀਂਦ ਲਈ ਵੀ ਦਿਨ ਭਰ ਇਮਾਨਦਾਰੀ ਨਾਲ ਖ਼ੂਬ ਮਿਹਨਤ ਕਰਨੀ ਪੈਂਦੀ ਹੈ। ਇਹ ਸੋਚੋ ਕਿ ਜੇ ਤੁਸੀਂ ਜ਼ਿੰਦਾ ਹੋ ਤਾਂ ਕਿਸ ਲਈ ਜ਼ਿੰਦਾ ਹੋ? ਕੀ ਤੁਹਾਡੀ ਕੋਈ ਮੰਜ਼ਿਲ ਹੈ, ਕੋਈ ਸੁਪਨਾ ਹੈ ਜਿਸ ਨੂੰ ਤੁਸੀ ਸਾਕਾਰ ਕਰਨਾ ਚਾਹੁੰਦੇ ਹੋ? ਜੇ ਤੁਹਾਡਾ ਜੁਆਬ ਹਾਂ ਵਿਚ ਹੈ ਤਾਂ ਫਿਰ ਹਰ ਸਕਿੰਟ, ਮਿੰਟ, ਅਤੇ ਘੰਟੇ ਨੂੰ ਪੂਰੀ ਇਮਾਨਦਾਰੀ ਨਾਲ ਆਪਣੇ ਸੁਪਨੇ ਦੇ ਅਰਪਿਤ ਕਰ ਦਿਓ। ਹਰ ਸਮੇਂ ਖ਼ੁਸ਼ ਰਹੋ। ਕੱਪੜਿਆਂ ਨੂੰ ਅਤਰ ਲਾ ਕੇ ਮਿਲੀ ਖ਼ੁਸ਼ਬੋ ਦਾ ਕੋਈ ਫਾਇਦਾ ਨਹੀਂ ਖ਼ੁਸ਼ਬੋ ਤੁਹਾਡੇ ਕਿਰਦਾਰ ਵਿਚੋਂ ਆਉਣੀ ਚਾਹੀਦੀ ਹੈ। ਜ਼ਿੰਦਾ ਦਿਲੀ ਦਾ ਨਾਮ ਹੀ ਜ਼ਿੰਦਗੀ ਹੈ।
ਰੋਜ ਰਾਤ ਨੂੰ ਸੋਣ ਲਗਿਆਂ ਅਗਲੇ ਦਿਨ ਦਾ ਪ੍ਰੋਗਰਾਮ ਬਣਾਓ। ਜੋ ਕੰਮ ਕੱਲ੍ਹ ਕਰਨੇ ਹਨ ਉਨ੍ਹਾਂ ਨੂੰ ਤਰਤੀਬ ਸਿਰ ਇਕ ਕਾਗਜ਼ ਤੇ ਲਿਖੋ। ਅਗਲੇ ਦਿਨ ਸਾਰੇ ਕੰਮ ਲਿਸਟ ਦੇ ਹਿਸਾਬ ਪੂਰੇ ਕਰਨ ਦੀ ਕੋਸ਼ਿਸ਼ ਕਰੋ। ਫਿਰ ਰਾਤ ਨੂੰ ਸੋਣ ਲੱਗਿਆਂ ਦਿਨ ਦੇ ਕੰਮਾ ਦਾ ਲੇਖਾ ਜੋਖਾ ਕਰੋ। ਜਿਹੜੇ ਕੰਮ ਰਹਿ ਗਏ ਹਨ ਉਨ੍ਹਾਂ ਨੂੰ ਫਿਰ ਅਗਲੇ ਦਿਨ ਦੇ ਕਰਨ ਵਾਲੇ ਕੰਮਾ ਦੀ ਸੂਚੀ ਵਿਚ ਸ਼ਾਮਲ ਕਰ ਲਓ। ਇਹ ਵੀ ਸੋਚੋ ਕਿ ਸਾਰਾ ਦਿਨ ਤੁਸੀਂ ਭਲੇ ਦਾ ਕੀ ਕੰਮ ਕੀਤਾ ਹੈ। ਤੁਸੀਂ ਕਿਸੇ ਦਾ ਦਿਲ ਤਾਂ ਨਹੀਂ ਦੁਖਾਇਆ ਜਾਂ ਕਿਸੇ ਦਾ ਹੱਕ ਤਾਂ ਨਹੀਂ ਮਾਰਿਆ? ਜੇ ਤੁਹਾਡੇ ਕੋਲੋਂ ਐਸਾ ਕੋਈ ਗ਼ਲਤ ਕੰਮ ਹੋ ਗਿਆ ਹੈ ਤਾਂ ਉਸ ਨੂੰ ਅੱਗੇ ਤੋਂ ਨਾ ਕਰਨ ਦਾ ਅਹਿਦ ਲਓ। ਇਸ ਤਰ੍ਹਾਂ ਕਰਨ ਨਾਲ ਇਕ ਦਿਨ ਤੁਹਾਡੀ ਸ਼ਖਸ਼ੀਅਤ ਦਿਲਕਸ਼ ਬਣ ਜਾਵੇਗੀ ਅਤੇ ਤੁਸੀਂ ਸਿਰ ਉਠਾ ਕੇ ਜੀਅ ਸਕੋਗੇ।ਤੁਸੀਂ ਉੱਦਮੀ ਬਣੋਗੇ। ਸਮਾਜ ਨੂੰ ਤੁਸੀਂ ਆਪਣੀ ਵੱਖਰੀ ਹਸਤੀ ਦਾ ਅਹਿਸਾਸ ਕਰਾ ਸਕੋਗੇ। ਤੁਹਾਡੇ ਸੁਪਨੇ ਪੂਰੇ ਹੋਣਗੇ।
ਹਰ ਸਮੇਂ ਮੁਰਦਿਆਂ ਦੀ ਤਰ੍ਹਾਂ ਨਾ ਲੋਕਾਂ ਨਾਲ ਪੇਸ਼ ਆਇਆ ਕਰੋ। ਤੁਹਾਡੇ ਕੰਮਾ ਤੋਂ, ਤੁਹਾਡੀ ਆਵਾਜ਼ ਤੋਂ ਅਤੇ ਤੁਹਾਡੇ ਚਿਹਰੇ ਤੋਂ ਜੀਵਨ ਧੜਕਦਾ ਹੋਇਆ ਨਜ਼ਰ ਆਉਣਾ ਚਾਹੀਦਾ ਹੈ। ਦੂਸਰੇ ਨੂੰ ਪਤਾ ਚਲੇ ਕਿ ਤੁਸੀਂ ਅੱਜ ਰੋਟੀ ਖਾਧੀ ਹੈ, ਤੁਹਾਡੀਆਂ ਰਗਾਂ ਅੰਦਰ ਵੀ ਨਰੋਇਆ ਖ਼ੂਨ ਦੌੜ ਰਿਹਾ ਹੈ। ਤੁਸੀਂ ਪੂਰੇ ਹੋਸ਼ ਅਤੇ ਜੋਸ਼ ਵਿਚ ਹੋ ਅਤੇ ਆਪਣੇ ਜ਼ਿੰਦਾ ਹੋਣ ਦਾ ਸਬੂਤ ਦੇ ਰਹੇ ਹੋ। ਪ੍ਰਮਾਤਮਾ ਨੇ ਮਨੁੱਖ ਨੂੰ ਇਸ ਧਰਤੀ ਤੇ ਸਭ ਜੀਵਾਂ ਤੋਂ ਉੱਪਰ ਸਰਦਾਰੀ ਦਿੱਤੀ ਹੈ। ਇਸ ਸਰਦਾਰੀ ਦਾ ਕੁਝ ਖਾਸ ਮਕਸਦ ਹੈ । ਤੁਸੀਂ ਆਪਣੇ ਮਕਸਦ ਨੂੰ ਪੂਰਾ ਕਰੋ। ਇਸ ਸਰਦਾਰੀ ਨੂੰ ਮਾਣੋ। ਆਪਣੇ ਤੋਂ ਉੱਪਰ ਵਾਲਿਆਂ ਦੇ ਧਨ ਅਤੇ ਖ਼ੁਸ਼ਹਾਲੀ ਨੂੰ ਦੇਖ ਕੇ ਈਰਖਾ ਨਾ ਕਰੋ ਸਗੋਂ ਉਨ੍ਹਾਂ ਦੀ ਸਫ਼ਲਤਾ ਦੇ ਭੇਦ ਨੂੰ ਸਮਝੋ। ਆਪਣੀ ਉਨਤੀ ਲਈ ਮਿਹਨਤ ਕਰੋ ਅਤੇ ਆਪਣੇ ਅੰਦਰ ਗੁਣ ਪੈਦਾ ਕਰੋ । ਆਪਣੇ ਅੰਦਰ ਊਰਜ਼ਾ ਦੀ ਚਿੰਗਾੜੀ ਨੂੰ ਹਮੇਸ਼ਾਂ ਭਖਦਾ ਰੱਖੋ। ਹਮੇਸ਼ਾਂ ਆਪਣੀ ਸੋਚ ਨੂੰ ਹਾਂ ਪੱਖੀ ਅਤੇ ਉੱਚਾ ਰੱਖੋ। ਕਿਸੇ ਤੋਂ ਕੁਝ ਮੰਗਣ ਤੋਂ ਪ੍ਰਹੇਜ਼ ਕਰੋ। ਮੰਗਣ ਨਾਲ ਤੁਹਾਡੀ ਇੱਜਤ ਘਟਦੀ ਹੈ। ਸਮਾਜ ਵਿਚ ਤੁਹਾਡਾ ਕਦ ਬੌਨਾ ਬਣ ਕੇ ਰਹਿ ਜਾਂਦਾ ਹੈ। ਸਦਾ ਚੜ੍ਹਦੀ ਕਲਾ ਵਿਚ ਰਹੋ ਅਤੇ ਉਸਾਰੂ ਕੰਮ ਕਰਦੇ ਰਹੋ। ਜੇ ਤੁਸੀਂ ਬੀਮਾਰ ਨਹੀਂ ਤਾਂ ਆਪਣੇ ਸਾਰੇ ਕੰਮ ਆਪ ਕਰੋ। ਆਪਣੇ ਸਰੀਰ ਨੂੰ ਹਮੇਸ਼ਾਂ ਹਰਕਤ ਵਿਚ ਰੱਖੋ। ਹਰਕਤ ਵਿਚ ਹੀ ਬਰਕਤ ਹੈ। ਕਿਸੇ ਦੇ ਮੁਥਾਜ ਨਾ ਬਣੋ। ਜ਼ਿੰਦਗੀ ਦੀਆਂ ਮੁਸ਼ਕਲਾਂ ਦਾ ਡਟ ਕੇ ਮੁਕਾਬਲਾ ਕਰੋ। ਆਪਣੇ ਸੁਪਨੇ ਨੂੰ ਪੂਰਾ ਕਰਨ ਦੇ ਰਸਤੇ ਵਿਚ ਜੇ ਕੋਈ ਰੁਕਾਵਟ ਆਵੇ ਵੀ ਤਾਂ ਪ੍ਰਵਾਹ ਨਾ ਕਰੋ। ਵੱਡੀ ਜਿੱਤ ਹਾਸਿਲ ਕਰਨੀ ਹੋਵੇ ਤਾਂ ਛੋਟੀਆਂ ਛੋਟੀਆਂ ਹਾਰਾਂ ਤਾਂ ਬਰਦਾਸ਼ਤ ਕਰਨੀਆਂ ਹੀ ਪੈਂਦੀਆਂ ਹਨ। ਯਾਦ ਰੱਖੋ ਕਿ ਅਸਫ਼ਲਤਾ ਵੀ ਸਫ਼ਲਤਾ ਦੀ ਪੌੜੀ ਹੀ ਹੈ।
ਹਰ ਘਟਨਾ ਦਾ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ ਹੈ। ਤੁਹਾਡੇ ਦੇਖਦਿਆਂ ਹੀ ਦੇਖਦਿਆਂ ਕਈ ਲੋਕ ਰੋਡਪਤੀ (ਸੜਕ ਛਾਪ) ਤੋਂ ਕਰੋੜ ਪਤੀ ਬਣ ਜਾਂਦੇ ਹਨ। ਉਹ ਐਵੇਂ ਕਿਸੇ ਕਰਿਸ਼ਮੇ ਕਾਰਨ ਹੀ ਸਫ਼ਲਤਾ ਦੀ ਟੀਸੀ ਤੇ ਨਹੀਂ ਪਹੁੰਚਦੇ। ਉਨ੍ਹਾਂ ਦੀ ਸਫ਼ਲਤਾ ਪਿੱਛੇ ਉਨ੍ਹਾਂ ਦੀ ਅਣਥੱਕ ਮਿਹਨਤ ਕੰਮ ਕਰ ਰਹੀ ਹੁੰਦੀ ਹੈ। ਅਜਿਹੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਪੜ੍ਹੋ ਅਤੇ ਸੋਚੋ ਕਿ ਉਹ ਕਿਸ ਤਰ੍ਹਾਂ ਐਨੀ ਜਲਦੀ ਐਨੀ ਉਨਤੀ ਕਰ ਗਏ। ਉਨ੍ਹਾਂ ਦੇ ਸਫ਼ਲਤਾ ਦੇ ਰਾਜ਼ ਨੂੰ ਆਪਣੀ ਜ਼ਿੰਦਗੀ ਵਿਚ ਅਪਣਾਓ। ਵਿਹਲੇ ਸਮੇਂ ਚੰਗੀਆਂ ਪੁਸਤਕਾਂ ਪੜ੍ਹਣ ਦੀ ਆਦਤ ਪਾਓ। ਅੱਜ ਕੱਲ੍ਹ ਖੁਦ ਨੂੰ ਉਤਸ਼ਾਹ ਦੇਣ ਵਾਲੀਆ ਬਹੁਤ ਪੁਸਤਕਾਂ ਬਾਜ਼ਾਰ ਵਿਚ ਆ ਰਹੀਆਂ ਹਨ। ਉਹ ਤੁਹਾਡੇ ਸਫ਼ਲਤਾ ਲਈ ਕੀਤੇ ਜਤਨਾਂ ਨੂੰ ਹੋਰ ਤੇਜ਼ ਕਰਨਗੀਆਂ ਅਤੇ ਤੁਹਾਨੂੰ ਤੇਜ਼ੀ ਨਾਲ ਤੁਹਾਡੀ ਮੰਜ਼ਿਲ ਵਲ ਤੋਰ ਲੈਣਗੀਆਂ। ਹਰ ਸਮੇਂ ਆਪਣੇ ਆਪ ਨੂੰ ਨਿਮਾਣਾ, ਨਿਤਾਣਾ ਅਤੇ ਕਮਜ਼ੋਰ ਜਾਂ ਘਟੀਆ ਨਾ ਸਮਝੋ। ਆਪਣੀ ਕਦਰ ਖੁਦ ਕਰਨਾ ਸਿੱਖੋ। ਜੇ ਤੁਸੀਂ ਆਪਣੀ ਕਦਰ ਆਪ ਕਰੋਗੇ ਤਾਂ ਦੂਸਰੇ ਵੀ ਤੁਹਾਡੀ ਕਦਰ ਕਰਨਗੇ ਅਤੇ ਤੁਹਾਡੇ ਨਾਲ ਇੱਜ਼ਤ ਨਾਲ ਪੇਸ਼ ਆਉਣਗੇ। ਲਗਾਤਾਰ ਆਪਣੇ ਹੁਨਰ ਨੂੰ ਵਧਾਉਂਦੇ ਜਾਓ। ਹਰ ਸਮੇਂ ਸਿੱਖਣ ਦੇ ਹਾਲਾਤ ਵਿਚ ਰਖੋ। ਇਸ ਨਾਲ ਤੁਹਾਡੀ ਲਿਆਕਤ ਵਿਚ ਵਾਧਾ ਹੋਵੇਗਾ ਅਤੇ ਤੁਹਾਡੀ ਕਦਰ ਵਧੇਗੀ। ਜੇ ਤੁਸੀਂ ਕਿਸੇ ਉੱਚੇ ਸਥਾਨ 'ਤੇ ਪਹੁੰਚ ਜਾਂਦੇ ਹੋ ਤਾਂ ਉਸ ਦਾ ਕਦੀ ਘੁਮੰਢ ਨਾ ਕਰੋ।
ਹਰ ਮਨੁੱਖ ਆਪਣੇ ਬੱਚਿਆਂ ਬਾਰੇ ਵੀ ਕੁਝ ਸੁਪਨੇ ਸਿਰਜਦਾ ਹੈ। ਤੁਸੀਂ ਵੀ ਆਪਣੇ ਬੱਚਿਆਂ ਦੇ ਸੁਨਹਿਰੀ ਭੱਵਿਖ ਲਈ ਸੁਪਨੇ ਸਿਰਜੋ। ਪਰ ਇਹ ਵੀ ਸੋਚੋ ਕਿ ਤੁਹਾਡੇ ਮਾਂ ਪਿਓ ਨੇ ਵੀ ਤੁਹਾਡੇ ਬਾਰੇ ਕੁਝ ਸੁਪਨੇ ਸਿਰਜੇ ਹੋਣਗੇ। ਤੁਹਾਡੇ 'ਤੋਂ ਕੁਝ ਉਮੀਦਾਂ ਵੀ ਰੱਖੀਆਂ ਹੋਣਗੀਆਂ। ਉਨ੍ਹਾਂ ਉਮੀਦਾਂ 'ਤੇ ਤੁਸੀਂ ਹੀ ਖਰਾ ਉਤਰਨਾ ਹੈ। ਉਨ੍ਹਾਂ ਦੇ ਸੁਪਨਿਆਂ ਨੁੰ ਤੁਸੀਂ ਹੀ ਸਾਕਾਰ ਕਰਨਾ ਹੈ।
ਜੇ ਤੁਸੀਂ ਹਾਲੇ ਤੱਕ ਆਪਣੀ ਮੰਜ਼ਿਲ ਨਹੀਂ ਮਿਥੀ ਤਾਂ ਅੱਜ ਹੀ ਇਹ ਕੰਮ ਕਰੋ। ਸ਼ੁੱਭ ਕੰਮ ਨੂੰ ਕਦੀ ਵੀ ਸ਼ੁਰੂ ਕੀਤਾ ਜਾ ਸਕਦਾ ਹੈ। ਉੱਠੋ ਨੀਂਦ ਵਿਚੋਂ ਜਾਗੋ। ਦੇਖੋ ਬਾਹਰ ਸਵੇਰਾ ਹੋ ਗਿਆ ਹੈ।ਸੂਰਜ ਦੀਆਂ ਸੋਨੇ ਜਿਹੀਆਂ ਸੁਨਹਿਰੀ ਕਿਰਣਾਂ ਤੁਹਾਨੂੰ ਸੱਦਾ ਦੇ ਰਹੀਆਂ ਹਨ ਕਿ ਹੁਣ ਤਾਂ ਜਾਗੋ ਬਥੇਰਾ ਸੌਂ ਲਿਆ। ਹੁਣ ਤਾਂ ਬਿਸਤਰ ਛੱਡੋ। ਬਾਹਰ ਨਿਕਲੋ। ਆਪਣੀ ਜ਼ਿੰਦਗੀ ਦੇ ਸਫ਼ਰ ਤੇ ਚਲੋ। ਜਿੰਨੀ ਜਲਦੀ ਸ਼ੁਰੂ ਕਰੋਗੇ ਉਨੀ ਜਲਦੀ ਹੀ ਆਪਣੀ ਮੰਜ਼ਿਲ ਤੇ ਪਹੁੰਚੋਗੇ ਨਹੀਂ ਤੇ ਹਨੇਰੇ ਵਿਚ ਹੀ ਭਟਕਦੇ ਰਹੋਗੇ ਅਤੇ ਸਾਰੀ ਉਮਰ ਠੋਕ੍ਹਰਾਂ ਖਾਂਦੇ ਰਹੋਗੇ। ਐਂਵੇ ਝੂਠੇ ਵਹਿਮਾ ਵਿਚ ਨਾ ਪਓ। ਇਹ ਨਾ ਸੋਚੋ ਕਿ ਕੋਈ ਦੂਸਰਾ ਆ ਕੇ ਤੁਹਾਨੂੰ ਸਫ਼ਲਤਾ ਦੀ ਟੀਸੀ ਤੇ ਬਿਠਾ ਦੇਵੇਗਾ। ਕਿਸੇ ਦਾ ਸਹਾਰਾ ਨਾ ਲੱਭੋ। ਜੇ ਰੱਬ ਨੇ ਤੁਹਾਨੂੰ ਸਰੀਰ ਦੇ ਸਾਰੇ ਅੰਗ ਦਿੱਤੇ ਹਨ ਤਾਂ ਐਵੇਂ ਕਿਉਂ ਤੁਸੀ ਅਪਾਹਜ ਬਣ ਕੇ ਬੈਠੇ ਹੋ? ਆਪਣੀਆਂ ਸੁੱਤੀਆਂ ਸ਼ਕਤੀਆਂ ਜਗਾਓ ਅਤੇ ਆਤਮ ਵਿਸ਼ਵਾਸ ਨਾਲ ਆਪਣੀ ਮੰਜ਼ਿਲ ਵਲ ਵਧੋ ਅਤੇ ਬੁਲੰਦੀਆਂ ਨੂੰ ਛੂਹ ਲਓ। ਦਲੇਰ ਬੰਦੇ ਹੀ ਖਤਰਿਆਂ ਨੂੰ ਮੁੱਲ ਲੈਂਦੇ ਹਨ। ਉਨ੍ਹਾਂ ਵਿਚ ਦੂਸਰਿਆਂ ਨੂੰ ਕੁਝ ਕਰ ਕੇ ਦਿਖਾਉਣ ਦੀ ਪ੍ਰਬਲ ਇੱਛਾ ਹੁੰਦੀ ਹੈ। ਉਹ ਅਸੰਭਵ ਕੰਮ ਨੂੰ ਵੀ ਸੰਭਵ ਬਣਾ ਲੈਂਦੇ ਹਨ। ਅਜਿਹੇ ਲੋਕ ਹੀ ਦੁਨੀਆਂ ਬਦਲ ਕੇ ਰੱਖ ਦਿੰਦੇ ਹਨ। ਉਨ੍ਹਾਂ ਦੇ ਕੰਮ ਕਰਾਮਾਤ ਹੋ ਨਿਬੜਦੇ ਹਨ। ਇਕ ਦਿਨ ਤੁਹਾਡੇ ਸੁਪਨੇ ਵੀ ਸਾਕਾਰ ਹੋਣਗੇ ਅਤੇ ਧਨ ਦੌਲਤ, ਖ਼ੁਸ਼ਹਾਲੀ ਅਤੇ ਸੁੱਖ ਸ਼ਾਂਤੀ ਸਭ ਕੁਝ ਆਪਣੇ ਆਪ ਤੁਹਾਡੇ ਕੋਲ ਆ ਜਾਵੇਗਾ। ਤੁਸੀਂ ਸਫ਼ਲਤਾ ਦੀਆਂ ਬੁਲੰਦੀਆਂ ਨੂੰ ਛੂਹ ਰਹੇ ਹੋਵੋਗੇ। ਲੋਕ ਅੱਡੀਆਂ ਚੁੱਕ ਕੇ ਤੁਹਾਨੂੰ ਦੇਖਣਗੇ ਅਤੇ ਆਪਣਾ ਆਦਰਸ਼ ਮੰਨਣਗੇ।