ਸਾਹਿਤ ਸਭਾ ਦਸੂਹਾ-ਗੜ੍ਹਦੀਵਾਲਾ (ਲੇਖ )

ਲਾਲ ਸਿੰਘ ਦਸੂਹਾ   

Email: voc_lect2000@yahoo.com
Phone: +91 1883 285731
Cell: +91 94655 74866
Address: ਨੇੜੇ ਸੈਂਟ ਪਾਲ ਕਾਨਵੈਂਟ ਸਕੂਲ ਪਿੰਡ ਨਿਹਾਲਪੁਰ , ਦਸੂਹਾ
ਹੁਸ਼ਿਆਰਪੁਰ India 144205
ਲਾਲ ਸਿੰਘ ਦਸੂਹਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸੰਨ 80 ਦੇ ਜੁਲਾਈ ਮਹੀਨੇ ਦੀ ਵੀਹ ਤਾਰੀਖ ਨੂੰ ਹੋਂਦ ਵਿੱਚ ਆਈ ਸਾਹਿਤ ਸਭਾ ਦਸੂਹਾ ਨੇ ਥੋੜੇ ਕੁ ਚਿਰਾਂ ਪਿੱਛੋਂ ਕਾ. ਜੋਗਿੰਦਰ ਸੱਗਲ ਅਤੇ ਗੁਰਬਖਸ਼ ਬਾਹਲਵੀ ਦੀ ਸਲਾਹ ਤੇ ਗੜ੍ਹਦੀਵਾਲਾ ਸਾਹਿਤਕ ਮੰਚ ਨੂੰ ਨਾਲ ਜੋੜ ਕੇ ਸਾਹਿਤ ਸਭਾ ਦਸੂਹਾ-ਗੜ੍ਹਦੀਵਾਲਾ ਵੱਜੋਂ ਸਾਹਿਤਕ ਕਾਰਜ ਆਰੰਭ  ਦਿੱਤੇ । ਹਰ ਵੱਡੇ ਪਿੰਡ, ਹਰ ਕਸਬੇ ਵਿੱਚ ਸੰਗਠਨ ਹੋਏ ਇਹ ਮੰਚ ਐਵੇਂ ਕਿਸੇ ਦੇ ਦਿਮਾਗੀ ਉਬਾਲ ਦਾ ਹਿੱਸਾ ਨਹੀ ਸਨ, ਸਗੋਂ 25 ਜੂਨ 75 ਤੋਂ 21 ਮਾਰਚ 77 ਤੱਕ ਭਾਰਤੀ-ਪੰਜਾਬੀ ਜਨ ਜੀਵਨ ਦੇ ਹਰ ਖੇਤਰ ਦੇ ਭਾਵਾਂ ਮਨੋਭਾਵਾਂ, ਉਮੰਗਾਂ-ਤਰੰਗਾਂ ਨੁੰ ਕੈਦ ਕੀਤੀ ਰੱਖਣ ਦੀ ਕਾਰਵਾਈ ਤੋਂ ਮੁਕਤੀ ਪ੍ਰਾਪਤ ਹੋਣ ਤੇ ਇਸ ਅੰਦਰਲੇ ਹਿਰਖ਼-ਰੋਹ ਦੇ ਪ੍ਰਗਟਾਵੇ ਲਈ ਅਯੌਜਤ ਹੋਏ ਪਲੇਟ ਫਾਰਮ ਸਨ । ਇਹਨਾਂ ਸੱਤਰਾਂ ਦੇ ਲੇਖਕ ਨੇ 21 ਜੂਨ 77 ਨੂੰ ਸਹਿਤ ਸਭਾ ਮੁਕੇਰੀਆਂ ਅਤੇ 20 ਜੁਲਾਈ 80 ਨੂੰ ਸਾਹਿਤ ਸਭਾ ਦਸੂਹਾ ਦਾ ਗਠਨ ਕਰਨ ਵਿੱਚ ਪਹਿਲ ਕਦਮੀ ਕਰਕੇ ਇਹਨਾਂ ਖੇਤਰਾਂ ਦੇ ਪਾਠਕਾਂ ਵਿਦਵਾਨਾਂ,ਲੇਖਕਾਂ ਨੂੰ ਆਪਣੀ ਆਪਣੀ ਪਸੰਦੀਦਾ ਸਿਨਫ਼ ਮਜ਼ਬੂਰੀ ਚ ਦਿਨ ਕਟੀ ਕਰਦੇ ਰਹੇ  ਪੰਜਾਬੀ ਜੀਵਨ ਲਈ ਆਪਣਾ ਆਪ ਪਛਾਨਣ ਦੀ ਕਾਰਵਾਈ ਲਗਾਤਾਰ ਆਰੰਭੀ ਰੱਖੀ ਹੈ ।
ਸਭਾ ਨੇ ਮਾਸਟਰ ਲਾਲ ਸਿੰਘ ਦੇ ਕਹਾਣੀ  ਖੇਤਰ ਨੂੰ , ਸੁਰਿੰਦਰ ਸਿੰਘ ਨੇਕੀ , ਰਘਬੀਰ ਟੇਰਕੀਆਣਾ ਦੇ ਨਾਵਲ ਖੇਤਰ ਨੂੰ , ਪ੍ਰੋ. ਦੀਦਾਰ , ਤਰਸੇਮ ਸਫ਼ਰੀ , ਅਮਰੀਕ ਡੋਗਰਾ ,ਬਲਦੇਵ ਬੱਲੀ , ਮਾ.ਕਰਨੈਲ ਸਿੰਘ ,ਨਵਤੇਜ ਗੜ੍ਹਦੀਵਾਲਾ , ਸੁਖਦੇਵ ਕੌਰ ਚਮਕ, ਮੁਹਿੰਦਰ ਦਾਤਾਰਪੁਰੀ , ਇੰਦਰਜੀਤ ਕਾਜਲ ਦੇ ਕਵਿਤਾ ਖੇਤਰ ਨੂੰ ਉਹਨਾਂ ਦੀਆ ਪ੍ਰਕਾਸ਼ਿਤ ਪੁਸਤਕਾਂ ਤੇ ਗੋਸ਼ਟੀਆਂ ਕਰਵਾ ਕੇ ਪੰਜਾਬੀ ਪਾਠਕਾਂ ਨਾਲ ਪ੍ਰੀਚਤ ਕਰਵਾਇਆ । ਆਪਣੇ 38 ਸਾਲਾਂ ਸਫ਼ਰ ਦੌਰਾਨ ਆਪਣੇ ਲੇਖਕਾਂ ਦੀਆਂ ਪੁਸਤਕਾਂ ਦੇ ਨਾਲ ਨਾਲ “ਲੱਚਰ-ਗਾਇਕੀ ਤੇ ਪੰਜਾਬੀ ਲੇਖਕਾਂ ਦੀਆਂ ਸਮੱਸਿਆਵਾਂ ”,”ਭਗਤ ਸਿੰਘ ਦੀ ਵਿਚਾਰਧਾਰਾ ਤੇ ਅਜੋਕਾ ਸਾਹਿਤਕ ਪ੍ਰਸੰਗ” ਵਰਗੇ ਸੰਵੇਦਨਸ਼ੀਲ ਵਿਸ਼ਿਆਂ ਤੇ ਪੰਜਾਬ ਪੱਧਰੀ ਸੈਮੀਨਾਰ ਕਰਵਾਉਣ ਤੋਂ ਇਲਾਵਾ ਪੰਜ ਕਹਾਣੀ ਦਰਬਾਰਾਂ ਦਾ ਆਯੋਜਨ ਵੀ ਕੀਤਾ । ਇਸੇ ਇਹ ਵੀ ਵਰਨਣ ਕਰਨਾ ਜਰੂਰੀ ਹੈ ਕਿ ਸਭਾ ਕੋਮਲ ਤੋਂ ਕੋਮਲ ਹਾਲ-ਕਮਰਿਆਂ ਅੰਦਰਲੀਆਂ ਸਾਹਿਤਕ ਗੋਸ਼ਟੀਆਂ ਤੱਕ ਸੀਮਤ ਨਹੀ ਰਹੀ, ਸਗੋਂ ਲੋਕ ਸੱਥਾਂ ਵਿੱਚ ਹਾਜ਼ਰੀ ਲਗਵਾਉਣ ਲਈ ਭਾਅ ਜੀ ਗੁਰਸ਼ਰਨ ਸਿੰਘ, ਅਜਮੇਰ ਸਿੰਘ ਔਲਖ , ਕੇਵਲ ਧਾਲੀਵਾਲ , ਕਾ. ਹੰਸਾ ਸਿੰਘ ਤੇ ਦਵਿੰਦਰ ਦਮਨ ਵਰਗੀਆਂ ਉੱਘੀਆਂ ਨਾਟਕ ਹਸਤੀਆਂ ਦੇ ਨਾਟਕੀ ਸੁਨੇਹੇ ਰਾਹੀ ਸਮਕਾਲ ਦੇ ਪੰਜਾਬੀ ਤਾਣੇ ਬਾਣੇ ਅੰਦਰ ਡੂੰਘੀ ਤਰਾਂ ਘਰ ਕਰ ਗਈਆਂ ਸਮਾਜਿਕ ਵਿਸੰਗਤੀਆਂ ਨੂੰ ਲੋਕ-ਚੇਤਨਾ ਦਾ ਹਿੱਸਾ ਬਣਾਉਂਦੀ ਰਹੀ ਹੈ । ਉਪਰੰਤ ਸਭਾ ਦੇ ਹੁਣ ਤੱਕ ਚਾਲੀ ਦੇ ਕਰੀਬ ਕਵੀ ਦਰਬਾਰਾਂ ਦਾ ਆਯੋਜਨ ਕਰਕੇ ਦਸੂਹਾ-ਗੜ੍ਹਦੀਵਾਲਾ ਇਲਾਕੇ ਨਾਲ ਸੰਬੰਧਤ ਨਾਮਵਰ ਹਸਤੀਆਂ ਜਿਹਨਾਂ ਵਿੱਚ ਡਾ. ਮੁਹਿੰਦਰ ਸਿੰਘ ਰੰਧਾਵਾ, ਉਸਤਾਦ ਮੁਜਰਮ ਦਸੂਹੀ , ਕਿੱਸਾਕਾਰ ਮੌਲਵੀ ਗੁਲਾਮ ਰਸੂਲ , ਪ੍ਰੋ. ਦੀਦਾਰ ਆਦਿ ਮਰਹੂਮ ਸਾਹਿਤਕ ਹੱਸਤੀਆਂ ਦੀ ਸਿਮਰਤੀ ਵਿੱਚ ਸਾਹਿਤਕ ਅਵਾਰਡ ਜਿਹਨਾਂ ਲੇਖਕਾਂ ਨੂੰ ਪ੍ਰਦਾਨ ਕੀਤੇ ਗਏ , ਉਹਨਾਂ ਵਿੱਚ ਪ੍ਰਿੰਸੀਪਲ ਸੁਜਾਨ ਸਿੰਘ, ਡਾ.ਰਘਬੀਰ ਸਿੰਘ ਸਿਰਜਨਾ , ਡਾ. ਕੁਲਵੀਰ ਸਿੰਘ ਕਾਂਗ, ਡਾ. ਪ੍ਰਮਿੰਦਰ ਸਿੰਘ , ਡਾ.ਬਲਦੇਵ ਧਾਲੀਵਾਲ , ਡਾ. ਵਰਿਆਮ ਸਿੰਘ ਸੰਧੂ, ਡਾ . ਕਰਮਜੀਤ ਸਿੰਘ , ਪ੍ਰੋ. ਹਰਿੰਦਰ ਸਿੰਘ ਮਹਿਬੂਬ, ਸ਼ਾਇਰ ਪ੍ਰਮਿੰਦਰ ਸਿੰਘ, ਡਾ. ਸੁਰਜੀਤ ਬਰਾੜ , ਸ੍ਰੀ ਗਿਆਨ ਸਿੰਘ ਬੱਲ, ਮੱਖਣ ਕੁਹਾੜ , ਹਰਵਿੰਦਰ ਭੰਡਾਲ, ਸ਼ਾਇਰ ਜਸਵਿੰਦਰ , ਜਗਜੀਤ ਸਿੰਘ ਕੋਮਲ, ਮਦਨਵੀਰ ਆਦਿ ਸ਼ਾਮਿਲ ਹਨ । 
ਸਭਾ ਵੱਲੋਂ ਜਥੇਬੰਦਕ ਕਾਰਜਾਂ ਵਿੱਚ ਸਰਗਰਮੀ ਨਾਲ ਹਿੱਸਾ ਪਾਉਂਦਿਆਂ ਮਾਸਟਰ ਲਾਲ ਸਿੰਘ ਨੇ ਕਰੀਬ 32 ਸਾਲ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਕਾਰਜਕਾਰੀ ਦੇ ਮੈਂਬਰ ਵੱਜੋਂ , ਕੇਂਦਰੀ ਸਭਾ ਦੇ ਹਰ ਸਾਹਿਤਕ-ਸੰਘਰਸ਼ੀ ਕਾਰਜਾਂ ਵਿੱਚ ਸਭਾ ਦੀ ਭਰਵੀਂ ਸ਼ਮੂਲੀਅਤ ਯਕੀਨੀ ਬਣਾਈ ਰੱਖੀ , ਆਪਣੇ ਹੁਣ ਤੱਕ ਦੇ ਸਫ਼ਰ ਦੌਰਾਨ ਸਭਾ  ਕਰੀਬ ਤਿੰਨ ਸੋ ਦੇ ਕਰੀਬ ਸਥਾਨਿਕ,ਦੇਸ਼-ਪ੍ਰਦੇਸ਼ , ਪ੍ਰਬੰਧਕੀ-ਪ੍ਰਕਾਸ਼ਨੀ –ਫਿਲਮੀਂ ਖੇਤਰ ਦੇ ਕਵੀਆਂ ਨਾਟਕਕਾਰਾਂ , ਆਲੋਚਕਾਂ , ਕਹਾਣੀਕਾਰਾਂ,ਕਵੀਆਂ, ਨਿਬੰਧਕਾਰਾਂ ,ਨਾਵਲਕਾਰਾਂ ਨੂੰ ਆਪਣੇ ਵਿਹੜੇ ਬੁਲਾਉਣ ਦਾ ਮਾਣ ਹਾਸਿਲ ਕਰ ਚੁੱਕੀ ਹੈ । ਪਰ,ਇਹ ਮਾਣ ਦਸੂਹਾ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਲਿਟਲ ਫਲਾਵਰ ਕਾਨਵੈਂਟ ਸਕੂਲ ਅਤੇ ਵਿਸ਼ੇਸ਼ ਕਰਕੇ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਫਾਰ ਵੋਮੈਨ ਦੇ ਪ੍ਰਬੰਧਕੀ ਮੈਂਬਰਾਂ, ਪ੍ਰਿੰਸੀਪਲ ਅਤੇ ਪੰਜਾਬੀ ਵਿਭਾਗਾਂ ਦੇ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਸੀ ਹੋ ਸਕਣਾ  । ਸਭਾ ਪ੍ਰਿੰਸੀਪਲ  ਗਿਆਨ ਸਿੰਘ, ਸ੍ਰੀਮਤੀ ਵਿਜੈ ਸ਼ਰਮਾ, ਸ੍ਰੀਮਤੀ ਭੁਪਿੰਦਰ ਕੌਰ ਘੁੰਮਣ ਵਰਗੀਆਂ ਸਾਹਿਤਕ ਲਗਾਓ ਰੱਖਣ ਵਾਲੀਆਂ ਹਸਤੀਆਂ ਦੀ ਵਿਸ਼ੇਸ਼ ਰਿਣੀ ਹੈ ।
ਸਭਾ ਵੱਲੋਂ ਆਯੋਜਤ ਉਪਰੋਤਕ ਸਾਰੀ ਕਾਰਜਸ਼ੀਲਤਾ ਵਿੱਚ ਭਾਵੇਂ ਸਭਾ ਦੇ ਸਮੂਹ ਮੈਂਬਰਾਂ ਦਾ ਭਰਵਾਂ ਯੋਗਦਾਨ ਸ਼ਾਮਿਲ ਹੈ ,ਤਾਂ ਵੀ ਮਾਸਟਰ ਲਾਲ ਸਿੰਘ , ਪ੍ਰੋ. ਬਲਦੇਵ ਬੱਲੀ ,ਜਰਨੈਲ ਸਿੰਘ ਘੁੰਮਣ, ਪ੍ਰੋ. ਦੀਦਾਰ , ਗੁਰਚਰਨ ਰਾਹੀਂ , ਮੁਸ਼ਕਲ ਮੂਣਕ, ਤਰਸੇਮ ਸਿੰਘ ਸਫਰੀ , ਨਵਤੇਜ ਗੜ੍ਹਦੀਵਾਲਾ, ਮਾਸਟਰ ਕਰਨੈਲ ਸਿੰਘ , ਸੁਰਿੰਦਰ ਸਿੰਘ ਨੇਕੀ , ਗੁਰਬਖਸ਼ ਬਾਹਲਵੀ, ਅਨੂਪ ਸਿੰਘ ਪੰਛੀ ਆਦਿ ਅਹੁਦੇਦਾਰਾਂ ਸਿਰ ਵਧੇਰੇ ਜਿੰਮੇਵਾਰੀ ਆਇਤ ਹੁੰਦੀ ਰਹੀ ਹੈ ।