ਅਮਰ ਸੂਫ਼ੀ ਨਾਲ਼ ਰੂਬਰੂ (ਖ਼ਬਰਸਾਰ)


ਟਰਾਂਟੋ --  25 ਅਗਸਤ ਨੂੰ ਬਰੈਮਲੀ ਸਿਵਿਕ ਸੈਂਟਰ ਵਿਚਲੀ ਲਾਇਬਰੇਰੀ ਵਿੱਚ ਹੋਈ 'ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ' ਦੀ ਮੀਟਿੰਗ ਨੂੰ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ। ਕੁਲਵਿੰਦਰ ਖਹਿਰਾ ਅਤੇ ਪਰਮਜੀਤ ਦਿਓਲ ਦੀ ਸੰਚਾਲਨਾ ਅਤੇ ਡਾ. ਨਾਹਰ ਸਿੰਘ ਹੁਰਾਂ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਪੱਤਰਕਾਰ ਕੁਲਦੀਪ ਨਈਅਰ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ, ਆਲੋਚਕ ਡਾ. ਗੁਰਇਕਬਾਲ ਸਿੰਘ. ਅਤੇ ਕਵੀ ਅਮਰ ਸੂਫ਼ੀ ਨਾਲ਼ ਗੱਲਬਾਤ ਕੀਤੀ ਗਈ ਅਤੇ ਭੁਪਿੰਦਰ ਦੁਲੈ ਵੱਲੋਂ ਗ਼ਜ਼ਲ ਬਾਰੇ ਸੰਖੇਪ ਜਾਣਕਾਰੀ ਅਤੇ ਪੰਜਾਬੀ ਗ਼ਜ਼ਲ ਦੀ ਮੌਜੂਦਾ ਸਥਿਤੀ ਬਾਰੇ ਵਿਚਾਰ ਪੇਸ਼ ਕੀਤੇ ਗਏ। ਇਸਤੋਂ ਇਲਾਵਾ ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ ਦੀ ਸਵੈਜੀਵਨੀ 'ਚੇਤਿਆਂ ਦੀ ਫੁਲਕਾਰੀ' ਵੀ ਰਲੀਜ਼ ਕੀਤੀ ਗਈ।
ਪਿਛਲੇ ਦਿਨੀਂ ਵਿਛੋੜਾ ਦੇ ਗਏ ਪੰਜਾਬੀ ਦੇ ਨਾਮਵਰ ਪੱਤਰਕਾਰ ਕੁਲਦੀਪ ਨਈਅਰ ਨੂੰ ਕਾਫ਼ਲੇ ਵੱਲੋਂ ਸ਼ਰਧਾਂਜਲੀ ਭੇਂਟ ਕਰਦਿਆਂ ਕਹਾਣੀਕਾਰ ਜਰਨੈਲ ਸਿੰਘ ਨੇ ਕਿਹਾ ਕਿ ਕੁਲਦੀਪ ਨਈਅਰ ਸਿਆਸੀ ਅਤੇ ਸਮਾਜੀ ਮਸਲਿਆਂ ਦਾ ਲੇਖਾ-ਜੋਖਾ ਕਰਨ ਅਤੇ ਪੱਤਰਕਾਰੀ ਦੇ ਉੱਚੇ ਤੇ ਸੁੱਚੇ ਕਿਰਦਾਰ ਨੂੰ ਨਿਭਾਉਣ ਵਾਲ਼ਾ ਪੱਤਰਕਾਰ ਸੀ ਜਿਸਨੇ ਪ੍ਰਧਾਨ ਮੰਤਰੀ ਲਾਲ ਬਹਾਦਰ ਸਾਸ਼ਤਰੀ ਅਤੇ ਨਹਿਰੂ ਵਰਗੇ ਸਿਆਸਤਦਾਨਾਂ ਨੂੰ ਨੇੜਿਓਂ ਤੱਕਿਆ ਅਤੇ ਇੰਟਰਵਿਊ ਕੀਤਾ ਸੀ। ਉਨ੍ਹਾਂ ਕਿਹਾ ਕਿ "ਸਾਥੋਂ ਸਾਡਾ ਜੋਸ਼ੀਲਾ ਤੇ ਪਿਆਰਾ ਪਤੱਰਕਾਰ ਖੁੱਸ ਗਿਆ ਹੈ।" ਉਨ੍ਹਾਂ ਨੂੰ ਹਿੰਦ-ਪਾਕਿ ਦੋਸਤੀ ਦਾ ਖੈਰਖਵਾਹ ਦੱਸਦਿਆਂ ਜਰਨੈਲ ਸਿੰਘ ਨੇ ਕਿਹਾ ਕਿ ਨਈਅਰ ਨੇ ਨਾ ਸਿਰਫ ਆਪਣੀਆਂ ਲਿਖਤਾਂ ਰਾਹੀਂ ਸਗੋਂ ਹਿੰਦ-ਪਾਕਿ ਦੋਸਤੀ ਦਾ ਸੁਨੇਹਾ ਦੇਣ ਦੀ ਪਿਰਤ ਨੂੰ ਵੀ ਬਰਕਰਾਰ ਰੱਖਦਿਆਂ ਪਿਛਲੇ 20 ਸਾਲਾਂ ਤੋਂ ਵਾਘੇ ਬਾਰਡਰ 'ਤੇ 14 ਅਗਸਤ ਦੀ ਰਾਤ ਨੂੰ ਮੋਮ-ਬੱਤੀਆਂ ਬਾਲ਼ਦੇ ਰਹੇ ਜਿਸ ਨੂੰ ਲੱਖਾਂ ਹੀ ਲੋਕਾਂ ਵੱਲੋਂ ਦੋਹਾਂ ਪਾਸਿਆਂ ਤੋਂ ਹੁੰਗਾਰਾ ਮਿਲਦਾ ਆ ਰਿਹਾ ਹੈ। ਕੁਲਵਿੰਦਰ ਖਹਿਰਾ ਨੇ ਕਿਹਾ ਕਿ 'ਕਾਫਲੇ' ਦਾ ਇਹ ਫ਼ਰਜ਼ ਬਣਦਾ ਹੈ ਕਿ ਪੰਜਾਬ, ਪੰਜਾਬੀ, ਅਤੇ ਪੰਜਾਬੀਅਤ ਲਈ ਜੱਦੋਜਹਿਦ ਕਰਨ ਵਾਲ਼ੀ ਹਰ ਕਲਮ ਨੂੰ ਸਲਾਮ ਕਰੇ ਤੇ ਕੁਲਦੀਪ ਨਈਅਰ ਉਹ ਕਲਮ ਸੀ ਜਿਹੜੀ ਹਰ ਪੱਖ ਤੋਂ ਹਰ ਸਮੇਂ ਪੰਜਾਬ ਦੀ ਸਲਾਮਤੀ ਅਤੇ ਬਿਹਤਰੀ  ਲਈ ਯਤਨਸ਼ੀਲ ਰਹੀ ਹੈ। ਜਗੀਰ ਸਿੰਘ ਕਾਹਲੋਂ ਨੇ ਕਿਹਾ ਕਿ ਨਈਅਰ ਵਰਗੇ ਪੰਜਾਬ ਤੇ ਪੰਜਾਬੀ ਦੇ ਮੁਦੱਈ ਨੂੰ ਯਾਦ ਕਰਕੇ ਕਾਫ਼ਲੇ ਨੇ ਸ਼ਲਾਘਾਯੋਗ ਕੰਮ ਕੀਤਾ ਹੈ।
ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ ਦੀ ਸਵੈਜੀਵਨੀ 'ਚੇਤਿਆਂ ਦੀ ਫ਼ੁਲਕਾਰੀ' ਰਲੀਜ਼ ਕਰਦਿਆਂ ਪ੍ਰਿੰਸੀਪਲ ਸਰਵਣ ਸਿੰਘ ਨੇ ਕਿਹਾ ਕਿ ਇਹ ਕਿਤਾਬ ਪਿੰ. ਬਾਜਵਾ ਦੇ ਜੀਵਨ-ਪੰਧ ਦੇ ਮੋੜਾਂ-ਘੋੜਾਂ ਤੇ ਮੰਜ਼ਿਲਾਂ ਦੀ ਦਿਲਚਸਪ ਵਾਰਤਾ ਹੈ ਜਿਸ ਵਿੱਚ ਉਸਦੇ ਬਚਪਨ ਦਾ ਬਿਰਤਾਂਤ ਵੀ ਹੈ ਤੇ ਪੱਕੀ ਉਮਰ ਦਾ ਰੁਮਾਂਸ ਵੀ। ਇਸ ਵਿੱਚ ਅਣਵੰਡੇ ਪੰਜਾਬ ਦੇ ਮਹੌਲ ਤੋਂ ਲੈ ਕੇ ਪੰਜਾਬ ਦੇ ਵੀਹਵੀਂ ਸਦੀ ਦੇ ਸ਼ੁਰੂ ਤੋਂ ਲੈ ਕੇ ਇੱਕੀਵੀਂ ਸਦੀ 'ਚ ਪ੍ਰਵੇਸ਼ ਕਰਨ ਦੇ ਸਮੇਂ ਦਾ ਜਿਊਂਦਾ ਜਾਗਦਾ ਇਤਿਹਾਸ ਹੈ। 
ਗ਼ਜ਼ਲ ਦੇ ਮੁਢਲੇ ਅਸੂਲਾਂ ਅਤੇ ਗ਼ਜ਼ਲ ਦੀ ਮੌਜੂਦਾ ਸਥਿਤੀ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਭੁਪਿੰਦਰ ਦੁਲੈ ਨੇ ਕਿਹਾ ਕਿ ਭਾਵੇਂ ਪੰਜਾਬੀ ਗ਼ਜ਼ਲ ਦਾ ਮੂਲ਼ ਉਰਦੂ ਅਤੇ ਫ਼ਾਰਸੀ ਹੀ ਹੈ ਪਰ ਅਜੋਕੀ ਪੰਜਾਬੀ ਗ਼ਜ਼ਲ ਨਵੇਂ ਦਿਸਹੱਦਿਆਂ ਵੱਲ ਵਧੀ ਹੈ ਤੇ ਇਸਦੇ ਵਿਸ਼ਿਆਂ ਵਿੱਚ ਸਮਾਜੀ ਅਤੇ ਸਿਆਸੀ ਪਾਸਾਰਾ ਵੀ ਹੋਇਆ ਹੈ। ਇਸ ਵਿਸ਼ੇ 'ਤੇ ਬੋਲਦਿਆਂ ਅਮਰ ਸੂਫ਼ੀ ਨੇ ਕਿਹਾ ਕਿ ਨਾ ਸਿਰਫ ਗ਼ਜ਼ਲ ਸਗੋਂ ਨਜ਼ਮ ਵੀ ਉਹੀ ਹੈ ਜੋ ਕਿਸੇ 'ਨਿਜ਼ਾਮ' (ਅਰੂਜ਼ੀ ਬੰਦਿਸ਼) ਵਿੱਚ ਬੱਝੀ ਹੋਵੇ ਜਦਕਿ "ਖੁੱਲ੍ਹੀ ਕਵਿਤਾ" ਨਾਂ ਦੀ ਕੋਈ ਚੀਜ਼ ਕਵਿਤਾ ਨਹੀਂ ਹੈ। ਡਾ. ਗੁਰਇਕਬਾਲ ਨੇ ਪ੍ਰਤੀਕ੍ਰਮ ਕਰਦਿਆਂ ਕਿਹਾ ਕਿ ਗ਼ਜ਼ਲ ਦੀ ਬੰਦਿਸ਼ ਖਿਆਲ ਨੂੰ ਮਾਰਦੀ ਹੈ ਤੇ ਸ਼ਾਇਰ ਆਪਣੀ ਗੱਲ ਨੂੰ ਸਹੀ ਰੂਪ ਵਿੱਚ ਕਹਿਣ ਵਿੱਚ ਅਸਮਰੱਥ ਰਹਿੰਦਾ ਹੈ ਜਦਕਿ ਖਿਆਲ ਦਾ ਬਰਕਰਾਰ ਰਹਿਣਾ ਬਹੁਤ ਜ਼ਰੂਰੀ ਹੈ। ਕੁਲਵਿੰਦਰ ਖਹਿਰਾ ਨੇ ਕਿਹਾ ਕਿ ਕੁਝ ਲੋਕਾਂ ਵੱਲੋਂ ਗ਼ਜ਼ਲ ਦੇ ਪਿੰਗਲ ਅਤੇ ਅਰੂਜ਼ ਨੂੰ ਹਊਆ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਜਦਕਿ ਗੱਲ ਸਿਰਫ ਤਾਲ ਨੂੰ ਸਮਝਣ ਦੀ ਹੈ; ਜਦੋਂ ਲੇਖਕ ਤਾਲ ਫੜ੍ਹ ਲੈਂਦਾ ਹੈ ਤਾਂ ਸਾਰੀ ਦੀ ਸਾਰੀ ਗ਼ਜ਼ਲ ਆਪਣੇ ਆਪ ਹੀ ਉਸ 'ਸੁਰ-ਤਾਲ' (ਬਹਿਰ) ਵਿੱਚ ਬੱਝ ਕੇ ਆਉਣੀ ਸ਼ੁਰੂ ਹੋ ਜਾਂਦੀ ਹੈ ਤੇ ਲੇਖਕ ਨੂੰ ਬਹੁਤੀ ਤੋੜ-ਮਰੋੜ ਨਹੀਂ ਕਰਨੀ ਪੈਂਦੀ।

ਅਮਰ ਸੂਫ਼ੀ ਨੇ ਬੋਲਦਿਆਂ ਕਿਹਾ ਕਿ ਉਸਦੀ ਜ਼ਿੰਦਗੀ ਇੱਕ ਮਿਹਨਤਕਸ਼ ਦੀ ਜ਼ਿੰਦਗੀ ਹੈ ਜਿਸ ਵਿੱਚ ਉਸਨੇ ਮਜ਼ਦੂਰੀ ਕਰਨ ਤੋਂ ਲੈ ਕੇ ਸਖ਼ਤ ਮਿਹਨਤ ਕਰਦਿਆਂ ਆਪਣੀ ਪੜ੍ਹਾਈ ਪੂਰੀ ਕੀਤੀ ਤੇ ਬੱਚਿਆਂ ਨੂੰ ਪੜ੍ਹਾਇਆ।
ਡਾ. ਗੁਰਇਕਬਾਲ ਨੇ ਕਿਹਾ, "ਮੈਂ ਸਾਰੀ ਉਮਰ ਬੇਤਰਤੀਬੀ ਜ਼ਿੰਦਗੀ ਨੂੰ ਤਰਤੀਬ ਦਿੰਦਾ ਦਿੰਦਾ ਬੇਤਰਤੀਬਿਆਂ ਦੀ ਭੀੜ ਵਿੱਚ ਸ਼ਾਮਲ ਹੋ ਗਿਆ ਹਾਂ।" ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੜ੍ਹਾਈ ਤੋਂ ਲੈ ਕੇ ਆਪਣਾ ਘਰ ਬਣਾਉਣ ਤੱਕ ਹਰੇਕ ਮੋੜ 'ਤੇ ਜ਼ਿੰਦਗੀ ਦੀਆਂ ਚੁਣੌਤੀਆਂ ਨੂੰ ਕਬੂਲਿਆ ਤੇ ਡਟ ਕੇ ਉਨ੍ਹਾਂ ਦਾ ਮੁਕਾਬਲਾ ਕੀਤਾ ਹੈ। ਕੈਨੇਡਾ ਦੇ ਜੀਵਨ-ਢੰਗ ਦੀ ਸਿਫ਼ਤ ਕਰਦਿਆਂ ਉਨ੍ਹਾਂ ਕਿਹਾ ਕਿ ਸਿਸਟਮ 'ਚ ਬੱਝਾ ਕੈਨੇਡਾ ਉਨ੍ਹਾਂ ਨੂੰ ਚੰਗਾ ਲੱਗਾ ਹੈ। 
ਕਵਿਤਾ ਦੇ ਦੌਰ ਵਿੱਚ ਰਿੰਟੂ ਭਾਟੀਆ ਨੇ ਰਾਜਵੰਤ ਰਾਜ ਦੀ ਗ਼ਜ਼ਲ ਗਾ ਕੇ ਅਤੇ ਪਰਮਜੀਤ ਢਿੱਲੋਂ, ਸੁਰਜੀਤ ਕੌਰ, ਡਾ. ਜਗਦੀਸ਼ ਚੋਪੜਾ, ਗੁਰਦਾਸ ਮਿਨਹਾਸ, ਜਗੀਰ ਸਿੰਘ ਕਾਹਲੋਂ, ਸੁਖਿੰਦਰ,  ਗਿਆਨ ਸਿੰਘ ਘਈ, ਸੁਖਦੇਵ ਸਿੰਘ ਝੰਡ, ਪਰਮਜੀਤ ਦਿਓਲ, ਅਤੇ ਇਕਬਾਲ ਬਰਾੜ ਨੇ ਖ਼ੂਬਸੂਰਤ ਰੰਗ ਬੰਨ੍ਹੇ।  ਇਸਤੋਂ ਇਲਾਵਾ ਪੂਰਨ ਸਿੰਘ ਪਾਂਧੀ, ਕਿਰਪਾਲ ਸਿੰਘ ਪੰਨੂੰ, ਗੁਰਦੀਪ ਸਿੰਘ,ਜਸਵਿੰਦਰ ਸਿੰਘ, ਜਸਵਿੰਦਰ ਸੰਧੂ, ਮਿੰਨੀ ਗਰੇਵਾਲ, ਕੰਵਲਦੀਪ ਸਿੰਘ, ਚਰਨਜੀਤ ਬਰਾੜ, ਨਾਟਕਕਾਰ ਜਸਪਾਲ ਢਿੱਲੋਂ, ਗੁਰਬਖ਼ਸ਼ ਉੱਪਲ, ਸੁਰਿੰਦਰ ਸ਼ਿੰਦਰ, ਹਰਜਿੰਦਰ ਮੱਲ੍ਹੀ, ਨਾਹਰ ਸਿੰਘ ਔਜਲਾ, ਬਲਦੇਵ ਦੂਹੜੇ, ਗੁਰਮੀਤ ਪਨਾਂਗ, ਆਗਿਆਪਾਲ ਸਿੰਘ, ਗੁਰਜਸ਼ਨ ਸਿੰਘ, ਡਾ ਅਜੂਬ, ਅਜ਼ਰਾ ਰਾਸ਼ਿਦ, ਮਕਸੂਦ ਚੌਧਰੀ, ਡਾ. ਬਲਜਿਦਰ ਸੇਖੋਂ, ਕੁਲਦੀਪ ਕੌਰ ਗਿੱਲ, ਜਗਜੀਤ ਸਿੰਘ, ਗੁਰਜਿੰਦਰ ਸੰਘੇੜਾ, ਇਤਿਕਾ ਸਿੰਘ, ਆਦਿ ਮੀਟੰਗ ਵਿੱਚ ਸ਼ਾਮਲ ਹੋਏ।
ਪ੍ਰਧਾਨਗੀ ਭਾਸ਼ਨ ਵਿੱਚ ਡਾ. ਨਾਹਰ ਸਿੰਘ ਨੇ ਕਿਹਾ ਕਿ ਗ਼ਜ਼ਲ ਅਤੇ ਕਵਿਤਾ ਦੀ ਆਪੋ-ਆਪਣੀ ਮਹੱਤਤਾ ਹੈ: ਕੋਈ ਗੱਲ ਸਿਰਫ ਕਵਿਤਾ ਵਿੱਚ ਹੀ ਹੋ ਸਕਦੀ ਹੈ ਤੇ ਕੋਈ ਸਿਰਫ ਗ਼ਜ਼ਲ ਵਿੱਚ ਹੀ। ਪਰ ਉਨ੍ਹਾਂ ਕਿਹਾ ਕਿ ਇਹ ਇੱਕ ਅਹਿਮ ਸਵਾਲ ਹੈ ਕਿ ਆਪਣੀ ਖ਼ੂਬਸੂਰਤੀ ਅਤੇ ਪਰਪੱਕਤਾ ਦੇ ਬਾਵਜੂਦ ਕੀ ਵਜ੍ਹਾ ਹੈ ਕਿ ਪੰਜਾਬੀ ਗ਼ਜ਼ਲ ਆਮ ਪੰਜਾਬੀਆਂ ਵਿੱਚ ਏਨੀ ਪ੍ਰਚਲਤ ਨਹੀਂ ਹੋਈ?