ਯੰਗ ਰਾਈਟਰਜ਼ ਐਸੋਸੀਏਸ਼ਨ 52ਵੇਂ ਸਾਲ ਵਿੱਚ ਦਾਖਲ ਹੋਈ (ਖ਼ਬਰਸਾਰ)


ਲੁਧਿਆਣਾ  --  ਸਾਨੂੰ ਸੋਸ਼ਲ ਮੀਡੀਆ ਨੂੰ ਨਿੰਦਣ ਦੀ ਬਜਾਏ ਉਸਦੇ ਚੰਗੇ ਪ੍ਰਭਾਵਾਂ ਦੀ ਗੱਲ ਕਰਨੀ ਚਾਹੀਦੀ ਹੈ, ਜਿਵੇਂ ਕਿ ਫੇਸਬੁੱਕ ਚੰਗੇ ਸਾਹਿਤ 'ਤੇ ਕਲਾ ਨੂੰ ਵਿਸ਼ਵ ਪੱਧਰ 'ਤੇ ਸਾਂਝਾ ਕਰਕੇ ਇੱਕ ਸੁਚੇਤਕ ਪਾਠਕ ਪੀੜੀ ਸਿਰਜਣ ਵਿੱਚ ਮੋਹਰੀ ਭੂਮਿਕਾ ਅਦਾ ਕਰ ਰਹੀ ਹੈ।ਇਸ ਦੇ ਨਾਲ ਹੀ ਤੁਸੀਂ ਜੋਵੀ ਕਿੱਤਾ ਕਰਦੇ ਹੋਵੋਂ ਉਹ ਤੁਹਾਡੀਆਂ ਲਿਖਤਾ ਵਿੱਚ ਵਿੱਚ ਨਜ਼ਰ ਆਉਣਾ ਚਾਹੀਦਾ ਹੈ, ਜੇਕਰ ਮੈਂ ਪੇਸ਼ੇ ਤੋਂ ਇੰਜੀਨਿਅਰ ਹਾਂ ਤਾਂ ਪਾਠਕ ਨੂੰ ਮੇਰੀਆਂ ਲਿਖਤਾਂ ਪੜ ਕੇ ਇਹ ਮਹਿਸੂਸ ਹੋਣਾ ਚਾਹੀਦਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਲੇਖਕ ਅਤੇ ਚਿੰਤਕ ਜਸਵੰਤ ਜ਼ਫਰ ਨੇ ਕੀਤਾ ਜੋ ਕਿ ਪੀਏਯੂ ਲੁਧਿਆਣਾ ਵਿਖੇ 'ਵਰਸਿਟੀ ਦੀ ਵਿਦਿਆਰਥੀ ਲੇਖਕ ਜੱਥੇਬੰਦੀ ਯੰਗ ਰਾਈਟਰਜ਼ ਐਸੋਸੀਏਸ਼ਨ ਦੀ 52ਵੀਂ ਵਰੇਗੰਢ ਮੌਕੇ ਹੋਏ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸੰਸਥਾਂ ਦੇ ਵਿਦਿਆਰਥੀਆਂ ਦੇ ਮੁਖਾਤਿਬ ਹੋਏ ਸਨ। 

ਯੂਨੀਵਰਸਿਟੀ ਦੇ ਵਿਦਿਆਰਥੀ ਭਵਨ ਦੇ ਸ਼ਹੀਦ ਭਗਤ ਸਿੰਘ ਹਾਲ ਵਿਖੇ ਰੱਖੇ ਗਏ ਇਸ ਸਮਾਗਮ ਦੌਰਾਨ ਇੰਜ. ਜਸਵੰਤ ਜ਼ਫਰ ਨੇ ਸੰਸਥਾ ਦੇ ਵਿਦਿਆਰਥੀਆਂ ਦੇ ਤਿੱਖੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਬਤੌਰ ਲੇਖਕ, ਕਾਰਟੂਨਿਸਟ, ਕਵੀ 'ਤੇ ਚਿੰਤਕ, ਆਪਣੀ ਜਿੰਦਗੀ ਦੇ ਬੇਸ਼ਕੀਮਤੀ ਤਜਰਬੇ ਸਾਂਝੇ ਕਰਦੇ ਹੋਏ ਕਿਹਾ ਕਿ ਕਵਿਤਾ ਸੁਹੱਪਣ ਦੀ ਤਰਾਂ ਹੁੰਦੀ ਹੈ ਜੋ ਕਿ ਨਿਯਮਾਂ ਤੋਂ ਪਰੇ ਹੁੰਦੀ ਹੈ। ਦੁੱਖ ਦੀ ਗੱਲ ਹੈ ਕਿ ਅੱਜ ਸਾਡੀ ਨੋਜੁਆਨ ਪੀੜੀ ਸਾਹਿਤ ਤੋਂ ਟੁੱਟ ਰਹੀ ਹੈ, ਅਕਸਰ ਜਿਸਦਾ ਦੋਸ਼ ਮਨੋਰੰਜਨ ਦੇ ਉੱਨਤ ਵਸੀਲਿਆਂ ਨੂੰ ਮੰਨਿਆ ਜਾਂਦਾ ਹੈ ਹਾਲਾਕਿਂ ਜਿਹਨਾਂ ਦੇਸ਼ਾਂ ਵਿੱਚ ਟੀਵੀ, ਕੰਪਿਊਟਰ ਆਦਿ ਪਹਿਲਾਂ ਵਿਕਸਿਤ ਹੋ ਗਏ ਸਨ, ਉੱਥੇ ਕਿਤਾਬ ਪੜਨ ਨੂੰ ਹਾਲੇ ਵੀ ਵੱਧ ਤਵੱਜੋ ਦਿੱਤੀ ਜਾਂਦੀ ਹੈ। ਇਸ ਮੌਕੇ ਉਹਨਾਂ ਵੱਲੋਂ ਆਪਣੀਆਂ ਲਿਖੀਆਂ ਕਵਿਤਾਵਾਂ ਵੀ ਸੁਣਾਈਆਂ ਗਈਆਂ।
ਉਹਨਾਂ ਤੋਂ ਪਹਿਲਾਂ ਸੰਸਥਾ ਦੇ ਵਿਦਿਆਰਥੀਆਂ ਤੁਸ਼ਾਰ ਕੁਮਾਰ, ਕੰਵਰ ਧਾਲੀਵਾਲ, ਹਰਵਿੰਦਰ ਸਿੰਘ, ਗੁਰਜੀਤ ਕੁਮਾਰ ਅਤੇ ਸੁੱਖਪਾਲ ਕੌਰ ਵੱਲੋਂ ਸਮਾਜਿਕ ਮੁੱਦਿਆਂ 'ਤੇ ਚੋਟ ਕੱਸਦਿਆਂ ਗੀਤ, ਕਵਿਤਾਵਾਂ, ਹਾਸ-ਰੱਸ, ਮਿਮੀਕਰੀ ਆਦਿ ਸੁਣਾ ਕੇ ਰੌਣਕਾ ਲਾਈਆਂ ਗਈਆਂ। ਮੰਚ ਸੰਚਾਲਕ ਦੀ ਭੂਮਿਕਾ ਸੰਦੀਪ ਕੌਰ 'ਤੇ ਕ੍ਰਿਪਾ ਸੇਠ ਨੇ ਨਿਭਾਈ, ਆਏ ਮਹਿਮਾਨਾਂ ਨੂੰ ਸਵਾਗਤੀ ਸ਼ਬਦ ਸਹਾਇਕ ਪਰੋਫੈਸਰ ਇੰਜ ਬਿਕਰਮਜੀਤ ਸਿੰਘ ਨੇ ਕਹੇ ਜਦਕਿ ਉਹਨਾਂ ਦਾ ਧੰਨਵਾਦ ਵਿਦਿਆਰਥੀ ਆਗੂ ਪਲਵਿੰਦਰ ਸਿੰਘ ਬੱਸੀ ਵੱਲੋ ਕੀਤਾ ਗਿਆ।ਸੰਦੀਪ ਕੌਰ ਨੇ ਸੰਸਥਾ ਦੀ ਸੁਨਹਿਰੀ ਵਿਰਾਸਤ ਬਾਰੇ ਜਾਣ-ਪਹਿਚਾਣ ਕਰਾਉੁਂਦਿਆਂ ਕਿਹਾ ਕਿ ਇਸ ਸੰਸਥਾ ਦੀ ਸਥਾਪਨਾ 26 ਅਗਸਤ, 1966 ਨੂੰ ਪੀਏਯੂ ਦੇ ਲੇਖਕ ਵਿਦਿਆਰਥੀ, ਅਧਿਆਪਕਾਂ ਅਤੇ ਬੁੱਧੀ-ਜੀਵੀਆਂ ਵੱਲੋਂ ਸਾਹਿਤਕ ਗਤੀਵਿਧੀਆਂ ਕਰਨ ਅਤੇ ਪੜਨ ਦੇ ਰੁਝਾਨ ਨੂੰ ਵਧਾਉਣ ਦੇ ਮਕਸਦ ਦੇ ਨਾਲ ਕੀਤੀ ਗਈ ਸੀ ਅਤੇ ਇਹ ਸੰਸਥਾ ਅੱਜ ਵੀ 'ਵਰਸਿਟੀ ਦੇ ਵਿਦਿਆਰਥੀਆਂ ਦੇ ਲਈ ਚਾਨਣ-ਮੁਨਾਰੇ ਦਾ ਕੰਮ ਕਰ ਰਹੀ ਹੈ। ਇਸ ਮੌਕੇ ਸੰਸਥਾ ਦੇ ਪੁਰਾਣੇ ਵਿਦਿਆਰਥੀਆਂ ਵਿੱਚੋਂ ਭਵਜੋਤ ਕੌਰ, ਸਰਬਜੀਤ ਸਿੰਘ ਅਤੇ ਚੰਡੀਗੜ ਯੂਨੀਵਰਸਿਟੀ ਘੜੂੰਆਂ ਤੋਂ ਜਸਪ੍ਰੀਤ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਿਰ ਰਹੇ।