ਸਿਉਂਕ (ਲੇਖ )

ਪ੍ਰਭਜੋਤ ਕੌਰ ਢਿੱਲੋਂ   

Email: prabhjotkaurdhillon2017@gmail.com
Cell: +91 98150 30221
Address:
ਮੁਹਾਲੀ India
ਪ੍ਰਭਜੋਤ ਕੌਰ ਢਿੱਲੋਂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸਿਉਂਕ ਜਿਥੇ ਵੀ ਲੱਗਦੀ ਹੈ ਤਬਾਹੀ ਹੀ ਮਚਾਉਂਦੀ ਹੈ।ਖੋਖਲਾ ਕਰ ਦਿੰਦੀ ਹੈ ਅਤੇ ਅਖੀਰ ਵਿੱਚ ਸਭ ਕੁਝ ਮਲੀਆ ਮੇਟ ਹੋ ਜਾਂਦਾ ਹੈ।ਜਦੋਂ ਰਿਸ਼ਤੇ ਹੀ ਖਤਮ ਹੋ ਗਏ ਤਾਂ ਪਰਿਵਾਰ,ਸਮਾਜ ਅਤੇ ਦੇਸ਼ ਵੀ ਖਤਮ ਹੋਣ ਵੱਲ ਹੁੰਦਾ ਹੈ।ਅੱਜ ਹਰ ਕੋਈ ਇੱਕ ਦੂਸਰੇ ਨੂੰ ਕਿਸੇ ਨਾ ਕਿਸੇ ਤਰ੍ਹਾਂ ਗਲਤ ਸਾਬਤ ਕਰਨ ਵਿੱਚ ਲੱਗੇ ਹੋਏ ਹਨ,ਇੱਕ ਦੂਸਰੇ ਨੂੰ ਨੀਵਾਂ ਵਿਖਾਉਣ ਵਿੱਚ ਲੱਗੇ ਹੋਏ ਹਨ।ਸਭ ਕੁਝ ਚੋਰੀ ਚੋਰੀ ਕੀਤਾ ਜਾਂਦਾ ਹੈ।ਇਸ ਨਾਲ ਨਫ਼ਰਤ ਅਤੇ ਇੱਕ ਤਰੇੜ ਸਿਉਂਕ ਵਾਂਗ ਰਿਸ਼ਤੇ ਨੂੰ ਕਮਜ਼ੋਰ ਕਰਨ ਲੱਗ ਜਾਂਦੀ ਹੈ।
ਅੱਜ ਕੱਲ ਸਭ ਤੋਂ ਨਜ਼ਦੀਕੀ ਰਿਸ਼ਤਾ ਮਾਂ ਬਾਪ ਦਾ ਰਿਸ਼ਤਾ ਹੈ।ਇਸ ਵਕਤ ਮਾਪਿਆਂ ਨੂੰ ਘਰਾਂ ਵਿੱਚ ਰੱਖਣ ਲਈ ਕੋਈ ਵੀ ਤਿਆਰ ਨਹੀਂ।ਉਹ ਮਾਪੇ ਜਿਹੜੇ ਦੋ ਤਿੰਨ ਬੱਚਿਆਂ ਨੂੰ ਪਾਲਦੇ ਅਤੇ ਪੈਰਾਂ ਸਿਰ ਕਰਨ ਲਈ ਸਭ ਖਾਹਿਸ਼ਾਂ ਕੁਰਬਾਨ ਕੀਤੀਆਂ ਹਨ ਪਰ ਬੱਚਿਆਂ ਨੂੰ ਮਾਪੇ ਬੋਝ ਲੱਗਣ ਲੱਗ ਜਾਂਦੇ ਹਨ।ਵਧੇਰੇ ਕਰਕੇ ਨੂੰਹ ਪੁੱਤ ਵਧੇਰੇ ਸਮਸਿਆ ਖੜੀ ਕਰਦੇ ਹਨ।ਮਾਪੇ ਸਿਰਫ਼ ਇਸ ਕਰਕੇ ਚੁੱਪ ਰਹਿੰਦੇ ਹਨ ਕਿ ਚਲੋ ਘਰ ਦਾ ਮਾਹੌਲ ਖਰਾਬ ਨਾ ਹੋਵੇ ਪਰ ਨੂੰਹਾਂ ਪੁੱਤ ਸੋਚਦੇ ਹਨ ਕਿ ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਜਾਂ ਮਾਪਿਆਂ ਨੂੰ ਪਤਾ ਹੀ ਨਹੀਂ ਲੱਗ ਰਿਹਾ।ਮਾਪੇ ਅੰਦਰੋਂ ਅੰਦਰ ਪ੍ਰੇਸ਼ਾਨ ਹੁੰਦੇ ਹਨ ਪਰ ਰਿਸ਼ਤੇ ਵਿੱਚ ਇੱਕ ਡਰ ਤੇ ਗੁੱਸਾ, ਸਿਉਂਕ ਦੀ ਤਰ੍ਹਾਂ ਰਿਸ਼ਤੇ ਨੂੰ ਲੱਗ ਜਾਂਦਾ ਹੈ।ਨੂੰਹਾਂ ਪੁੱਤ ਉਸ ਤੋਂ ਅੱਗੇ ਕਦਮ ਚੁੱਕਣ ਲੱਗ ਜਾਂਦੇ ਹਨ।ਜਿਹੜੇ ਮਾਪਿਆਂ ਨੇ ਘਰ ਬਣਾਇਆ ਹੁੰਦਾ ਹੈ ਆਪਣੇ ਬੁਢਾਪੇ ਵਿੱਚ ਚੈਨ ਨਾਲ ਰਹਿਣ ਲਈ, ਉਹ ਉਸ ਘਰ ਵਿੱਚ ਬੇਗਾਨਿਆਂ ਵਾਂਗ ਕਰ ਦਿੱਤੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਵਾਧੂ ਹੋਣ ਦਾ ਅਹਿਸਾਸ ਕਰਵਾਇਆ ਜਾਂਦਾ ਹੈ।ਰਿਸ਼ਤਾ ਵਿੱਚੋ ਵਿੱਚ ਕਮਜ਼ੋਰ ਅਤੇ ਖੋਖਲਾ ਹੋਣ ਲੱਗ ਜਾਂਦਾ ਹੈ।ਅਖੀਰ ਵਿੱਚ ਮਾਪਿਆਂ ਨੂੰ ਬਿਰਧ ਆਸ਼ਰਮ ਵਿੱਚ ਛੱਡ ਦਿੱਤਾ ਜਾਂਦਾ ਹੈ।ਮਾਪੇ ਬਾਕੀ ਦੀ ਸਾਰੀ ਉਮਰ ਉਥੇ ਬੈਠੇ ਰੋਂਦੇ ਰਹਿੰਦੇ ਹਨ ਅਤੇ ਆਪਣੇ ਪੁੱਤ ਨੂੰ ਉਡੀਕਦੇ ਰਹਿੰਦੇ ਹਨ।ਉਨ੍ਹਾਂ ਨੂੰ ਆਪਣੇ ਪੁੱਤ ਦੇ ਆਉਣ ਦੀ ਹਮੇਸ਼ਾ ਉਡੀਕ ਰਹਿੰਦੀ ਹੈ।ਇਥੇ ਡਾਕਟਰ ਮੋਹਨ ਸਿੰਘ ਦਾ ਕਿਹਾ ਠੀਕ ਹੈ,"ਕਈ ਉਡੀਕਦੇ ਬਰੂਹਾਂ 'ਚ ਸਵਾਹ ਹੋ ਗਏ, ਕਈ ਚਿੱਟੀ ਹੋ ਗਈ ਰੱਤ ਦੇ ਗਵਾਹ ਹੋ ਗਏ।"ਕਈਆਂ ਦੇ ਪੁੱਤਾਂ ਨੂੰ ਤਾਂ ਸਸਕਾਰ ਵੇਲੇ ਆਉਣ ਦਾ ਵੀ ਸਮਾਂ ਨਹੀਂ ਹੁੰਦਾ।
ਹਰ ਕੋਈ ਪੈਸੇ ਕਮਾਉਣ ਦੀ ਦੌੜ ਵਿੱਚ ਲੱਗੇ ਹੋਏ ਹਨ।ਵਿਖਾਵੇ ਅਤੇ ਫੁੱਕਰਾਪਨ ਬਹੁਤ ਆ ਗਿਆ ਹੈ।ਮਾਪਿਆਂ ਨੂੰ ਨਾਲ ਲੈਕੇ ਜਾਣ ਵਿੱਚ ਉਨ੍ਹਾਂ ਨੂੰ ਠੀਕ ਨਹੀਂ ਲੱਗਦਾ।ਜਿੰਨਾ ਮਾਪਿਆਂ ਨੇ ਇਥੇ ਤੱਕ ਪਹੁੰਚਾਇਆ,ਜੇਕਰ ਉਨ੍ਹਾਂ ਨੂੰ ਇੱਜ਼ਤ ਮਾਣ ਨਹੀਂ ਦੇ ਸਕਦੇ ਤਾਂ ਸਭ ਕਮਾਈ ਅਤੇ ਅਹੁਦੇ ਬੇਮਾਇਨੇ ਨੇ।ਪੈਸਾ ਬਹੁਤ ਕੁਝ ਹੈ ਪਰ ਸਭ ਕੁਝ ਨਹੀਂ।ਜਦੋਂ ਮਾਪਿਆਂ ਦੇ ਨਾਲ ਰਿਸ਼ਤਾ ਟੁੱਟਦਾ ਹੈ ਅਤੇ ਉਨ੍ਹਾਂ ਦਾ ਦਿਲ ਦੁੱਖਦਾ ਹੈ ਤਾਂ ਸਭ ਕੁਝ ਜ਼ੀਰੋ ਹੈ।ਦੌਲਤ ਦੇ ਗੁਲਾਮ ਹੋਕੇ ਅਜਿਹਾ ਕਰਨ ਨਾਲ ਬਹੁਤ ਸਾਰੇ ਰਿਸ਼ਤੇ ਤਹਿਸ ਨਹਿਸ ਹੋ ਜਾਂਦੇ ਹਨ।ਕਿਸੇ ਨੇ ਸੱਚ ਹੀ ਲਿਖਿਆ ਹੈ,"ਦੌਲਤ ਜਿਸ ਨੂੰ ਵੀ ਆਪਣਾ ਪਿਆਰਾ ਬਣਾ ਲੈਂਦੀ ਹੈ ਉਸਨੂੰ ਮੂਰਖ ਬਣਾਕੇ ਛੱਡਦੀ ਹੈ।"
ਆਮ ਹੀ ਕਿਹਾ ਜਾਂਦਾ ਹੈ ਕਿ ਹੁਣ ਲੜਕੀਆਂ ਮਾਪਿਆਂ ਦਾ ਵਧੇਰੇ ਧਿਆਨ ਰੱਖਦੀਆਂ ਹਨ,ਪਰ ਉਹ ਹੀ ਧੀਆਂ ਹਨ ਜਿੰਨਾ ਦੇ ਪਤੀ ਦੇ ਮਾਪੇ ਬਿਰਧ ਆਸ਼ਰਮਾਂ ਵਿੱਚ ਰੁੱਲ ਰਹੇ ਹਨ।
ਮਾਪਿਆਂ ਤੇ ਘਰੇਲੂ ਹਿੰਸਾ ਵੀ ਬਹੁਤ ਹੋ ਰਹੀ ਹੈ।ਮਾਪਿਆਂ ਨੂੰ ਮਾਨਸਿਕ ਤੌਰ ਤੇ,ਆਰਥਿਕ ਤੌਰ ਤੇ ਅਤੇ ਸਰੀਰਕ ਤੌਰ ਤੇ ਤੰਗ ਪ੍ਰਸ਼ਾਨ ਕੀਤਾ ਜਾਂਦਾ ਹੈ।ਇੱਕ ਬਿਰਧ ਆਸ਼ਰਮ ਵਿੱਚ ਰਹਿ ਰਹੀ ਮਾਂ ਦੇ ਹੰਝੂ ਰੁੱਕ ਨਹੀਂ ਸੀ ਰਹੇ।ਉਸਦੇ ਦੋ ਬੇਟੇ ਸਨ।ਉਸਨੇ ਦੱਸਿਆ ਕਿ ਉਸਦੀ ਨੂੰਹਾਂ ਦੇ ਮਾਪੇ ਵੀ ਕਹਿੰਦੇ ਕਿ ਮਹਿੰਗਾਈ ਬਹੁਤ ਹੈ ਤੁਸੀਂ ਬਹੁਤੀ ਦੇਰ ਇੱਕ ਲੜਕੇ ਕੋਲ ਨਾ ਰਹੋ।ਉਹ ਮਾਂ ਬਹੁਤ ਬੁਰੀ ਤਰ੍ਹਾਂ ਟੁੱਟੀ ਹੋਈ ਸੀ।ਉਸ ਦੇ ਰਿਸ਼ਤਿਆਂ ਨੂੰ ਵੀ ਸ਼ਿਉਂਕ ਖਾ ਗਈ ਅਤੇ ਹੁਣ ਉਸਨੂੰ ਵੀ ਇਕੱਲਾਪਣ ਸਿਉਂਕ ਵਾਂਗ ਖਾ ਰਿਹਾ ਹੈ।ਅਸਲ ਵਿੱਚ ਪੈਸੇ ਆ ਗਏ,ਗੱਡੀਆਂ ਕੋਠੀਆਂ ਆ ਗਈਆਂ ਪਰ ਮਨੁੱਖ ਆਪਣੇ ਆਪ ਵਿੱਚ ਬਹੁਤ ਛੋਟਾ ਹੋ ਗਿਆ ਹੈ।ਉਸਦੇ ਵਿੱਚ ਹੰਕਾਰ ਘਰ ਚੁੱਕਿਆ ਹੈ।ਰੋਮਾ ਰੋਲਾ ਅਨੁਸਾਰ,"ਮਨੁੱਖ ਆਪ ਜਿੰਨਾ ਛੋਟਾ ਹੁੰਦਾ ਹੈ ਉਸਦਾ ਹੰਕਾਰ ਉਨਾ ਹੀ ਵੱਡਾ ਹੁੰਦਾ ਹੈ।"
ਭੈਣ ਭਰਾਵਾਂ ਦੇ ਰਿਸ਼ਤੇ ਵੀ ਇਸ ਸਿਉਂਕ ਨੇ ਖਾ ਲਏ ਨੇ।ਭਰਾਵਾਂ ਨੂੰ ਭੈਣਾਂ ਦੇ ਹਿੱਸੇ ਦੀ ਜਾਇਦਾਦ ਚਾਹੀਦੀ ਹੈ ਪਰ ਉਸਦਾ ਘਰ ਆਉਣਾ ਹਜ਼ਮ ਨਹੀਂ ਆਉਂਦਾ।ਹਰ ਲੜਕੀ ਆਪਣੇ ਮਾਪਿਆਂ ਦੇ ਘਰ ਹੱਕ ਨਾਲ ਜਾਂਦੀ ਹੈ ਪਰ ਆਪਣੇ ਪਤੀ ਦੀ ਭੈਣ ਦਾ ਆਉਣਾ ਠੀਕ ਨਹੀਂ ਸਮਝਦੀ।ਹਰ ਲੜਕੀ ਆਪਣੇ ਮਾਪਿਆਂ ਦਾ ਦੁੱਖ ਸੁੱਖ ਸੁਣਦੀ ਹੈ ਪਰ ਪਤੀ ਨੂੰ ਅਜਿਹਾ ਨਹੀਂ ਕਰਨ ਦਿੰਦੀ।ਅਖ਼ੀਰ ਵਿੱਚ ਮਾਪੇ ਬੰਦ ਦਰਵਾਜ਼ਿਆਂ ਦੇ ਪਿੱਛੇ ਰੋਂਦੇ ਰਹਿੰਦੇ ਹਨ।ਇਹ ਰੋਣਾ ਅਤੇ ਝੋਰਾ ਉਨ੍ਹਾਂ ਨੂੰ ਸਿਉਂਕ ਵਾਂਗ ਅੰਦਰੋ ਅੰਦਰੀ ਖਾਂਦਾ ਰਹਿੰਦਾ ਹੈ ਅਤੇ ਨਾਲ ਹੀ ਰਿਸ਼ਤੇ ਨੂੰ ਵੀ।
ਸੋਸ਼ਲ ਮੀਡੀਆ ਤੇ ਆ ਰਹੀਆਂ ਵਿਡੀਉ ਦਿਲ ਹਿਲਾ ਦੇਣ ਵਾਲੀਆਂ ਹਨ।ਇਹ ਬਜ਼ੁਰਗ ਮਾਪੇ ਉਹ ਹਨ ਜਿੰਨਾ ਨੇ ਸਿੱਧੇ ਅਸਿੱਧੇ ਤਰੀਕੇ ਨਾਲ ਹਰ ਜਗ੍ਹਾ ਆਪਣਾ ਯੋਗਦਾਨ ਪਾਇਆ ਹੋਇਆ ਹੈ।ਇੱਕ ਦੋ ਪ੍ਰਤੀਸ਼ਤ ਲੜਕੀਆਂ ਨੂੰ ਹੀ ਮਾਪੇ ਆਪਣੀ ਜਾਇਦਾਦ ਵਿੱਚੋਂ ਉਨ੍ਹਾਂ ਦਾ ਬਣਦਾ ਹੱਕ ਦਿੰਦੇ ਹਨ।ਜਿੰਨਾ ਮਾਪਿਆਂ ਦੀ ਜਾਇਦਾਦ ਤੇ ਹੱਕ ਜਤਾਇਆ ਜਾਂਦਾ ਹੈ,ਉਨ੍ਹਾਂ ਨੂੰ ਹੀ ਫਾਲਤੂ, ਆਪਣੇ ਉਪਰ ਬੋਝ ਸਮਝਿਆ ਜਾਂਦਾ ਹੈ।ਉਨ੍ਹਾਂ ਨੂੰ ਗੱਲ ਗੱਲ ਤੇ ਬੇਇਜ਼ਤ ਕੀਤਾ ਜਾਂਦਾ ਹੈ,ਉਨ੍ਹਾਂ ਨੂੰ ਗਲਤ ਠਹਿਰਾਇਆ ਜਾਂਦਾ ਹੈ।ਕਿਸ ਹੱਕ ਨਾਲ ਉਹ ਉਸ ਘਰ ਵਿੱਚ ਰਹਿ ਰਹੇ ਹਨ ਸਮਝਣਾ ਬਹੁਤ ਜ਼ਰੂਰੀ ਹੈ।ਅਸਾਮ ਵਿੱਚ ਮਾਪਿਆਂ ਨੂੰ ਜੋ ਨਹੀਂ ਸੰਭਾਲੇਗਾ,ਉਸਦੀ ਦਸ ਤੋਂ ਪੰਦਰਾਂ ਪ੍ਰਤੀਸ਼ਤ ਤਨਖਾਹ ਕੱਟ ਲਈ ਜਾਇਆ ਕਰੇਗੀ।ਦਿੱਲੀ ਤੋਂ ਵੀ ਖ਼ਬਰ ਦਿੱਤੀ ਗਈ ਹੈ ਕਿ 2007 ਵਿੱਚ ਸੀਨੀਅਰ ਸਿਟੀਜ਼ਨਾਂ ਲਈ ਬਣੇ ਕਾਨੂੰਨ ਵਿੱਚ ਸਜ਼ਾ ਤਿੰਨ ਤੋਂ ਛੇ ਮਹੀਨੇ ਤੱਕ ਕਰ ਰਹੇ ਹਨ।ਅਸਲ ਵਿੱਚ ਮਾਪਿਆਂ ਦੀ ਹਾਲਤ ਨਹੀਂ ਹੁੰਦੀ ਕਿ ਉਹ ਇਸ ਤਰ੍ਹਾਂ ਦੇ ਹੱਕਾਂ ਲਈ ਦਫ਼ਤਰਾਂ ਵਿੱਚ ਜਾਣ।
ਜਦੋਂ ਰਿਸ਼ਤਿਆਂ ਵਿੱਚ ਸਵਾਰਥ,ਲਾਲਚ ਅਤੇ ਹੰਕਾਰ ਵਰਗੀ ਸਿਉਂਕ ਲੱਗ ਜਾਏ ਤਾਂ ਰਿਸ਼ਤਿਆਂ ਨੂੰ ਬਚਾਉਣਾ ਬਹੁਤ ਔਖਾ ਹੋ ਜਾਂਦਾ ਹੈ।ਜੇਕਰ ਰਿਸ਼ਤੇ ਜਿਉਂਦੇ ਰੱਖਣੇ ਹਨ ਅਤੇ ਇਸ ਸਿਉਂਕ ਤੋਂ ਬਚਾਕੇ ਰੱਖਣੇ ਹਨ ਤਾਂ ਪਰਿਵਾਰ ਨਾਲ ਜੁੜੇ ਹਰ ਮੈਂਬਰ ਨੂੰ ਧਿਆਨ ਦੇਣਾ ਪਵੇਗਾ।ਰਿਸ਼ਤੇ ਅਤੇ ਆਪਣੇ ਬਹੁਤ ਕੀਮਤੀ ਹੁੰਦੇ ਹਨ।ਕਨਫਿਊਸੀਅਸ ਨੇ ਲਿਖਿਆ ਹੈ,"ਦੂਜਿਆਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇੱਕ ਚੰਗੇ ਸਮਾਜ ਅਤੇ ਜੀਵਨ ਦਾ ਮੁੱਢਲਾ ਸਿਧਾਂਤ ਹੈ।"ਅੱਜ ਹਰ ਰਿਸ਼ਤਾ ਅੰਦਰੋਂ ਖੋਖਲਾ ਹੈ,ਪਿਆਰ ਸਤਿਕਾਰ ਅਤੇ ਆਪਣਾ ਪਨ ਰਿਹਾ ਹੀ ਨਹੀਂ।ਹਾਂਜੀ, ਅੱਜ ਹੰਕਾਰ, ਵਿਖਾਵੇ ਅਤੇ ਮੈਂ ਮੈਂ ਦੀ ਸਿਉਂਕ ਰਿਸ਼ਤਿਆਂ ਨੂੰ ਲੱਗੀ ਹੋਈ ਹੈ।