ਮਨੁੱਖੀ ਜ਼ਿੰਦਗੀ ਦਾ ਅਸਲ ਮੂਲ (ਲੇਖ )

ਵਿਵੇਕ    

Email: vivekkot13@gmail.com
Address: ਕੋਟ ਈਸੇ ਖਾਂ
ਮੋਗਾ India
ਵਿਵੇਕ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਅੱਜ ਦੀ ਮਨੁੱਖਤਾ ਨੂੰ ਸਭ ਤੋਂ ਵੱਡੀ ਸਮੱਸਿਆ ਰਿਸ਼ਤਿਆ ਦੇ ਟੁੱਟਣ ਅਤੇ ਉਹਨਾਂ ਦਾਂ ਆਪਸੀ ਗਲਤਫਿਹਮੀਆਂ ਦਾ ਸ਼ਿਕਾਰ ਹੋ ਜਾਣਾ ਹੈ।ਚਾਹੇ ਵਿੱਦਿਅਕ ਜਾਂ ਤਕਨੀਕੀ ਤੌਰ ਤੇ ਅਸੀਂ ਬਹੁਤ ਹੀ ਅਗਾਂਹਵਧੂ ਹੋ ਚੁੱਕੇ ਹਾਂ ਅਤੇ ਪਲ ਪਲ ਦੀ ਜਾਣਕਾਰੀ ਸਾਡੀ ਮੁੱਠੀ ਚ ਕੈਦ ਹੋ ਚੁੱਕੀ ਹੈ ਫਿਰ ਵੀ ਸਾਡੇ ਮਨ ਅੰਦਰ ਇੱਕ ਖਲਾਅ ਜਿਹਾ ਹੈ।

    ਮਨੁੱੱਖ ਨੇ ਹੁਣ ਤੱਕ ਦੀ ਤੱਰਕੀ ਲਈ ਸਦੀਆ ਦਾ ਸਫਰ ਹੰਢਾਇਆ ਹੈ।ਇਸ ਸਫਰ ਦੌਰਾਨ ਕੁਦਰਤ ਹੀ ਉੇਸ ਦੀ ਸਾਥੀ ਸੀ।ਇਸ ਸਾਥ ਵਿੱਚੋਂ ਹੀ ਸਾਡੇ ਸਾਕ ਸੰਬਧੀ ਬਣੇ।ਦੋਸਤ ਬਣੇ ਭਾਈਚਾਰਾ ਬਣਿਆ।ਇੰਜ਼ ਹੀ ਉਸਦੇ ਸੰਸਕਾਰ ਬਣੇ ਜੋ ਹੁਣ ਤੱਕ ਉਸ ਦੇ ਮਨ ਦੇ ਧੁਰ ਅੰਦਰ ਤੱਕ ਬਹਿ ਗਏ ਹਨ ਜਿੰਨਾਂ ਤੋਂ ਆਜ਼ਾਦ ਹੋਣਾ ਬਹੁਤ ਹੀ ਮੁਸ਼ਕਲ ਹੈ।

      ਵਿਗਿਆਨਕ ਸੋਚ ਤੇ ਹਰ ਪਲ ਬਦਲਦੀ ਤਕਨੀਕ ਵੀ ਇਸ ਵਿੱਚ ਪਰਿਵਰਤਨ ਨਹੀ ਲਿਆ ਸਕੀ ਤੇ ਨਾ ਹੀ ਲਿਆ ਸਕਦੀ ਹੈ।ਅੱਜ ਵਿਗਿਆਨ ਕਹਿੰਦਾ ਹੈ ਕਿ ਅਸਾਂ ਨੇ ਜੀਵਨ ਨੂੰ ਬਹੁਤ ਹੀ ਸੌਖਾਲਾ ਬਣਾ ਦਿੱਤਾ ਹੈ।ਬਟਨ ਨੱਪੋ ਹਰ ਚੀਜ਼ ਹਾਜ਼ਰ ਹੈ।ਜਿਸ ਜਗਾ੍ਹ ਮਨੁੱਖੀ ਤਾਕਤ ਲੱਗਦੀ ਸੀ ਉਸ ਦੀ ਥਾਂ ਇੱਕ ਬਟਨ ਨੇ ਲੈ ਲਈ ਹੈ।ਕੀ ਇਸ ਤਰਾਂ੍ਹ ਮਨੁੱਖ ਦੀ ਤਾਕਤ ਖਤਮ ਹੋ ਜਾਵੇਗੀ।ਨਹੀ ਮਨੁੱਖੀ ਹੋਂਦ ਕਦੇ ਵੀ ਖਤਮ ਨਹੀ ਹੋ ਸਕਦੀ।ਹਰ ਵਿਗਿਆਨਕ ਖੋਜ ਮਗਰ ਮਨੁੱਖੀ ਹੱਥ ਹੈ।ਹਰ ਨਵੀਂ ਤਕਨੀਕ ਮਗਰ ਮਾਨਵੀ ਦਿਮਾਗ ਹੀ ਹੈ।ਇਹਨਾਂ ਸਭ ਦਾ ਮੁੱਖ ਮਕਸਦ ਹੀ ਹੈ ਕਿ ਜਨ ਜੀਵਨ ਹੋਰ ਸੌਖਾ ਹੋ ਜਾਵੇ।ਬੱਸ ਏਸੇ ਥਾਂ ਆ ਕੇ ਅਸੀ ਗਲਤ ਹਾਂ।

    ਮਨੁੱਖ ਦਾ ਬਦਲ ਮਨੁੱਖ ਹੀ ਹੈ ਇਸ ਦੀ ਥਾਂ ਕੋਈ ਨਹੀ ਲੈ ਸਕਦਾ।ਵੱਡੀ ਤੋਂ ਵੱਡੀ ਮਸ਼ੀਨ ਵੀ ਮਨੁੱਖੀ ਬਦਲ ਨਹੀ ਹੋ ਸਕਦੀ।ਜੋ ਮੋਹ ਪਿਆਰ ਮਨੁੱਖ ਦੇ ਅੰਦਰ ਕੁਦਰਤੀ ਹੈ ਉਸ ਦੀ ਜਗਾਂ੍ਹ ਕੋਈ ਵੀ ਮਸ਼ੀਨ ਨਹੀ ਲੈ ਸਕਦੀ।ਅਸਲ ਹਕੀਕਤ ਇਹ ਹੈ ਕਿ ਬੰਦਾ ਹੀ ਬੰਦੇ ਦਾ ਦਾਰੂ ਹੈ।ਇਸ ਦੇ ਉਲਟ ਅਜੋਕੀ ਸੋਚ ਪੈਸੇ ਨਾਲ ਜੁੜੀ ਹੋਈ ਹੈ ਤੇ ਦਿਨ ਰਾਤ ਇਸ ਦਾ ਹੀ ਪ੍ਰਚਾਰ ਪ੍ਰਸਾਰ ਕੀਤਾ ਜਾਦਾ ਹੈ ਕਿ ਤੁਹਾਡੀ ਹਰ ਜਰੂਰਤ ਦਾ ਹੱਲ ਸਿਰਫ ਤੇ ਸਿਰਫ ਤਕਨੀਕ ਹੀ ਹੈ।

    ਇਸ ਝੂਠੇ ਪਰਚਾਰ ਨੇ ਵਿਅਕਤੀ ਨੂੰ ਅੰਦਰੋ ਅੰਦਰੀ ਖੋਖਲਾ ਕਰ ਦਿੱਤਾ ਹੈ।ਇੱਕ ਵਿਅਕਤੀ ਬੀਮਾਰ ਹੈ ।ਹਰ ਤਰਾਂ੍ਹ ਦਾ ਡਾਕਟਰ ਉਸ ਕੋਲ ਮੌਜੂਦ ਹੈ ਹਰ ਤਰਾਂ੍ਹ ਦੀ ਦੁਆਈ ਉਸ ਦੀ ਮੇਜ਼ ਤੇ ਪਈ ਹੈ।ਹਰ ਵੇਲੇ ਦੀ ਦੇਖ ਭਾਲ ਨਾਲ ਤੇ ਡਾਕਰਟੀ ਉਪਚਾਰ ਨਾਲ ਬੰਦਾ ਠੀਕ ਵੀ ਹੋ ਜ਼ਾਦਾ ਹੈ।ਪਰ ਜਿੰਨਾਂ ਚਿਰ ਦੋ ਚਾਰ ਰਿਸ਼ਤੇਦਾਰ ਦੋਸਤ ਜਾਣ ਪਹਿਚਾਨ ਵਾਲੇ ਉਸ ਦਾ ਆ ਕੇ ਹਾਲ ਚਾਲ ਨਾ ਪੁੱਛ ਲੈਣ ਤੱਦ ਤੱਕ ਬੰਦਾ ਆਪਣੇ ਆਪ ਨੂੰ ਅੰਦਰੋ ਤੰਦਰੁਸਤ ਨਹੀ ਸਮਝਦਾ।ਇਹ ਮਨੁੱਖੀ ਲੋੜ ਹੈ।ਕੀ ਇਸ ਨੂੰ ਕੋਈ ਮਸ਼ੀਨ ਪੂਰਾ ਕਰ ਦੇਵੇਗੀ।ਇਸ ਅਧੁਨਿਕਤਾ ਨੇ ਮਨੁੱਖ ਨੂੰ ਮਨੁੱਖ ਰਹਿਣ ਹੀ ਨਹੀ ਦਿੱਤਾ।ਹਰ ਥਾਂ ਤੇ ਨਿੱਜਵਾਦ ਨੂੰ ਭਾਰੂ ਕੀਤਾ ਜਾ ਰਿਹਾ ਹੈ।ਜਦ ਕਿ ਆਦਮੀ ਆਦਮੀ ਦਾ ਸਾਥ ਭਾਲਦਾ ਹੈ।ਰੌਣਕ ਚੁੰਹਦਾ ਹੈ।ਮੇਲੇ ਤਿੱਥ ਤਿਓਹਾਰ ਮਨਾਓਣੇ ਇਸਦਾ ਕੁਦਰਤੀ ਸੁਭਾਅ ਹੈ।

      ਵਪਾਰੀਕਰਣ ਨੇ ਅਜਿਹਾ ਜਾਲ ਸੁੱਟਿਆ ਹੈ ਕਿ ਉਸ ਦਾ ਪਰਚਾਰ ਕਹਿੰਦਾ ਹੈ ਕਿ ਤੁਸੀ ਘਰ ਬੈਠੇ ਫੋਨ ਤੇ aੇਂਗਲ ਘੁੰਮਾਓ ਤੇ ਹਰ ਚੀਜ ਤੁਹਾਡੇ ਘਰ ਪੁੰਹਚ ਜਾਵੇਗੀ।ਜੇ ਹਰ ਚੀਜ਼ ਇੰਜ਼ ਹੀ ਬੈਠੇ ਬੈਠੇ ਮਿਲ ਗਈ ਤਾਂ ਇਹ ਵੱਡੇ ਬਜ਼ਾਰ ਕਿਸ ਲਈ ਹਨ।ਬੰਦਾ ਤਾਂ ਘਰ ਵਿੱਚ ਬਹਿ ਕੈਦੀ ਤੇ ਨਕਾਰਾ ਹੋ ਜਾਵੇਗਾ।

    ਪੁਰਾਤਨ ਸਮੇਂ ਵਿੱਚ ਹਾਟ ਬਜ਼ਾਰਮੀਨਾ ਬਜ਼ਾਰ ਅਤੇ ਹਫਤਾਵਾਰੀ ਬਜ਼ਾਰ ਕਿਓੁ ਸਨ ਕਿ ਬੰਦਾ ਘਰੋਂ ਬਹਾਰ ਨਿਕਲੇ ਕਿਸੇ ਨੂੰ ਮਿਲੇ ਘੁੰਮੇ ਫਿਰੇ ਤੇ ਆਪਣੀ ਜਾਣ ਪਹਿਚਾਨ ਬਣਾਵੇ।ਵਿਚਾਰ ਵਟਾਂਦਰਾ ਕਰੇ aਤੇ ਆਪਣਾ ਗਿਆਨ ਵਧਾਵੇ।ਹੁਣ ਤਾਂ ਹਰ ਰਵਾਇਤ ਨੂੰ ਤੋੜਨ ਦਾ ਯਤਨ ਕੀਤਾ ਜਾ ਰਿਹਾ ਹੈ।ਵਿਅਕਤੀ ਨੂੰ ਹਰ ਪੱਖੋ ਹੌਲਾ ਕਰ ਕੇ ਸਿਰਫ ਵਪਾਰੀਕਰਣ ਤੇ ਬਜ਼ਾਰਵਾਦ ਨੂੰ ਉਤਸ਼ਹਿਤ ਕੀਤਾ ਜਾ ਰਿਹਾ ਹੈ ਜੋ ਕਿ ਇੱਕ ਗੈਰ ਕੁਦਰਤੀ ਵਰਤਾਰਾ ਹੈ ਜਿਸ ਦੀ ਸਾਨੂੰ ਕਿਸੇ ਦਿਨ ਵੱਡੀ ਕੀਮਤ ਦੇਣੀ ਪਵੇਗੀ। ਹੋ ਸਕਦਾ ਸਾਡਾ ਸਮਾਜ ਮਾਨਸਿਕ ਬੀਮਾਰਾਂ ਦਾ ਸਮਾਜ ਹੀ ਬਣ ਜਾਵੇ।

     ਕਿਉਂਕਿ ਹੁਣ ਤਾਂ ਮਕਸਦ ਸਿਰਫ ਜੇਬ ਚੋਂ ਪੈਸਾ ਕਢਵਾਓਣਾ ਹੀ ਰਹਿ ਗਿਆ ਹੈ। ਬੱਸ ਬੰਦਾ ਤੇ ਵਸਤੂ ਹੀ ਰਹਿ ਗਏ ਹਨ।ਇਹੋ ਕਾਰਨ ਹੈ ਕਿ ਅਸੀ ਅਧੁਨਿਕ ਤਕਨੀਕ ਦੇ ਵੱਸ ਪੈ ਕੇ ਆਪਣੇ ਆਪ ਨੂੰ ਆਪਣੇ ਭਾਈਚਾਰੇ ਨੂੰ ਭੁੱਲਦੇ ਜਾਦੇ ਹਾਂ।ਅੱਗੇ ਚਾਹੇ ਦੂਰ ਦੂਰ ਸੀ ਇੱਕ ਦੂਜੇ ਦੇ ਨੇੜੇ ਨੇੜੇ ਸਾਂ।ਹੁਣ ਇੱਕ ਦੂਜੇ ਦੇ ਨੇੜੇ ਰਹਿ ਕੇ ਵੀ ਦੂਰ ਹਾਂ।ਤਕਨੀਕ ਨੇ ਸਾਨੂੰ ਨੇੜੇ ਕੀਤਾ ਹੈ ਮੀਲਾਂ ਦੀ ਦੂਰੀ ਘੱਟ ਕਰ ਦਿੱਤੀ ਹੈ ਪਰ ਅਸੀਂ ਇੱਕ ਦੂਜੇ ਤੋਂ ਦਿਲੋਂ ਦੂਰ ਹੋ ਰਹੇ ਹਾਂ।ਜ਼ਦਕਿ ਰਿਸ਼ਤੇ ਨਾਤੇ ਦਾ ਨਿਭਾਅ ਹੀ ਜ਼ਿੰਦਗੀ ਦਾ ਅਸਲ ਮੂਲ ਹੈ।