ਬ੍ਰਿਖ ਵੀ ਚੜ੍ਹ ਜਾਂਦੇ ਹਨ ਅੰਧ-ਵਿਸ਼ਵਾਸ਼ ਦੀ ਭੇਟ (ਲੇਖ )

ਸਾਧੂ ਰਾਮ ਲੰਗਿਆਣਾ (ਡਾ.)   

Email: dr.srlangiana@gmail.com
Address: ਪਿੰਡ ਲੰਗੇਆਣਾ
ਮੋਗਾ India
ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕੁਦਰਤ ਦੇ ਦਿਲਕਸ਼ ਕ੍ਰਿਸ਼ਮਿਆਂ ਨੂੰ ਦੇਖ ਦੇ ਕਈ ਵਾਰ ਅਸੀਂ ਦੰਗ ਹੀ ਰਹਿ ਜਾਂਦੇ ਹਾਂ, ਜੋ ਸਾਨੂੰ ਸੋਚਣ ਲਈ ਮਜ਼ਬੂਰ ਕਰ ਦਿੰਦੇ ਹਨ।ਕੁਦਰਤ ਸਾਡੀਆਂ ਅਜਿਹੀਆਂ ਵੰਨ-ਸੁਵੰਨੀਆਂ ਦਾਤਾਂ ਨਾਲ ਝੋਲੀਆਂ ਭਰ ਦਿੰਦੀ ਹੈ। ਕਿ ਅਸੀਂ ਉਸਦਾ ਕਿਸੇ ਵੀ ਕੀਮਤ 'ਤੇ ਮੁੱਲ ਅਦਾ ਨਹੀਂ ਕਰ ਸਕਦੇ..। ਸਾਨੂੰ ਪਤਾ ਹੀ ਹੈ ਕਿ ਹਰ ਚੀਜ਼ ਧਰਤੀ ਚੋਂ ਕੁਦਰਤੀ ਤਰੀਕਿਆਂ ਨਾਲ ਮਨੁੱਖ ਹੀ ਪੈਦਾ ਕਰ ਸਕਦਾ ਹੈ ਪਰ ਜੇ ਕੁਦਰਤ ਚਾਹੇ ਤਾਂ ਉਹ ਧਰਤੀ ਤੋਂ ਇਲਾਵਾ ਕਿਸੇ ਹੋਰ ਜਗ੍ਹਾ ਤੇ ਵੀ ਆਪਣੀਆਂ ਅਣਮੁੱਲੀਆਂ ਦਾਤਾਂ ਨੂੰ ਜਨਮ ਦਿੰਦੀ ਹੈ। ਮੇਰੀ ਸਾਹਿਤ ਦੀ ਲੜੀ ਦੇ ਦੋ ਸੁਨਹਿਰੀ ਮਣਕੇ ਸਾਹਿਤਕਾਰ ਮਨਪ੍ਰੀਤ ਬਰਗਾੜੀ ਅਤੇ ਜਸਵੰਤ ਗਿੱਲ ਸਮਾਲਸਰ ਨੇ ਇੱਕ ਫੋਟੋ ਭੇਜ ਕੇ ਕੁਦਰਤ ਬਲਵਾਨ ਬਾਰੇ ਚਰਚਾ ਕਰਦਿਆਂ ਦੱਸਿਆ ਕਿ ਉਹਨਾਂ ਦੇ ਘਰ ਇੱਕ ਸੁੱਕ ਚੁੱਕੇ ਦਰੱਖਤ ਦੇ ਦੋਸਾਂਗ ਦੇ ਪੋਲ ਵਿਚਕਾਰ ਕੁਦਰਤ ਦੀ ਬਖਸ਼ਿਸ਼ ਨਾਲ ਇੱਕ ਪਿੱਪਲ ਦੇ ਪੌਦੇ ਨੇ ਜਨਮ ਧਾਰ ਲਿਆ ਹੈ।ਇਹ ਕੁਦਰਤ ਦਾ ਦਿਲਕਸ਼ ਨਜ਼ਾਰਾ ਮਨੁੱਖ ਨੂੰ ਨੇਕ ਖਿਆਲ ਗ੍ਰਹਿਣ ਕਰਵਾਉਂਦਾ ਹੋਇਆ ਸੰਦੇਸ਼ ਦੇ ਰਿਹਾ ਹੈ। ਕਿ ਐ ਮਨੁੱਖ... ਤੂੰ ਤਾਂ ਦਿਨ-ਰਾਤ ਦਰੱਖਤਾਂ ਨੂੰ ਵੱਢਣ ਵੱਲ ਵੱਧ ਧਿਆਨ ਰੱਖਦੈ.. ਤੇ ਨਵੇਂ ਪੈਦਾ ਕਰਨ ਬਾਰੇ ਕਦੇ ਸੋਚਦਾ ਵੀ ਨਹੀਂ। ਤੂੰ ਰੇਹਾਂ-ਸਪ੍ਰੇਹਾਂ ਨਾਲ ਧਰਤੀ ਮਾਂ ਦਾ ਕਾਲਜਾ ਫੂਕੀ ਜਾਨੈਂ, ਵਾਤਾਵਰਨ ਗੰਧਲਾ ਕਰਨ ਵੱਲ ਤੁਰਿਆ ਹੋਇਐ, ਤੂੰ ਕੁਦਰਤ ਨਾਲ ਖਿਲਵਾੜ ਕਰ ਰਿਹੈਂ, ਪ੍ਰੰਤੂ ਕੁਦਰਤ ਤੈਨੂੰ ਅਜੇ ਵੀ ਆਪਣੇ ਤੌਰ-ਤਰੀਕਿਆ ਨਾਲ ਬਚਣ ਦਾ ਸੰਕੇਤ ਦਿੰਦੀ ਹੈ। ਇਸ ਤੋਂ ਇਲਾਵਾ ਤੂੰ ਪੜ੍ਹ-ਲਿਖ ਕੇ ਦਿਨੋਂ-ਦਿਨ ਅੰਧ-ਵਿਸ਼ਵਾਸ਼ ਦੇ ਚੱਕਰਾਂ ਵਿੱਚ ਪਿਸਦਾ ਜਾਨੈਂ, ਐ ਮਨੁੱਖ.. ਮੈਂ ਤੈਨੂੰ ਬਹੁਤ ਸਮਾਂ ਪਹਿਲਾਂ ਇੱਕ 'ਜੰਡ' ਨਾਂਅ ਦਾ ਦਰੱਖਤ ਮੀਂਹ-ਕਣੀ ਧੁੱਪ ਤੋਂ ਬਚਣ ਲਈ ਪ੍ਰਦਾਨ ਕੀਤਾ ਸੀ। ਪ੍ਰੰਤੂ ਤੂੰ ਤਾਂਤਰਿਕ ਦੀਆਂ ਘੁੰਮਣ-ਘੇਰੀਆਂ 'ਚ ਪੈ ਕੇ ਉਸ ਜੰਡ ਦੀਆਂ ਜੜ੍ਹਾਂ ਦੇ ਆਲੇ-ਦੁਆਲੇ ਇੱਟਾਂ-ਪੱਥਰਾਂ ਦੀ ਚਿਣਾਈ ਕਰ ਰੱਖੀ ਐ। ਜਿਸ ਨਾਲ ਉਸਨੂੰ ਮਿਲਣ ਵਾਲੀ ਕੁਦਰਤੀ ਊਰਜਾ ਬੰਦ ਹੋ ਗਈ ਹੈ ਤੇ ਤੂੰ ਉਸਨੂੰ ਉਸਦੇ ਵਧਣ ਫੁੱਲਣ ਦਾ ਦਮ ਘੁੱਟ ਦਿੱਤਾ ਹੈ। ਉਸਦੀ ਕੁਦਰਤੀ ਖਾਧ-ਖੁਰਾਕ, ਹਵਾ-ਪਾਣੀ ਵਗੈਰਾ ਦੇਣ ਦੀ ਬਜਾਏ, ਉਲਟਾ ਤੂੰ ਉਸਦੀਆਂ ਜੜ੍ਹਾਂ 'ਚ ਕਈ ਪ੍ਰਕਾਰ ਦੇ ਤੇਲ ਜਾਂ ਹੋਰ ਫੂਕ ਸ਼ਾਸਤਰਾਂ ਵੱਲੋਂ ਦਿੱਤੇ ਜਾਂਦੇ ਨੁਕਸਾਨਦਾਇਕ ਕੈਮੀਕਲ ਪਾ ਕੇ, ਉਸਦਾ ਅੰਤ ਕਰਨ ਵੱਲ ਤੁੱਲ ਗਿਆਂ ਐਂ। ਉਸਦੇ ਤਨ ਉੱਪਰ ਪਾਣੀ ਦਾ ਛਿੜਕਾਅ ਕਰਨ ਦੇ ਬਜਾਏ ਤੂੰ ਰੰਗ-ਬੇਰੰਗੀਆਂ ਚੁੰਨੀਆਂ ਨਾਲ ਉਸ ਨਰ ਨੂੰ ਨਾਰੀ ਦਾ ਰੂਪ ਧਾਰਨ ਕਰਨ ਲਈ ਦਿਨੋ-ਦਿਨ ਉਸਦਾ ਜਨਾਜਾ ਕੱਢ ਰਿਹੈਂ ਅਤੇ ਉਸਦੇ ਨੇੜੇ ਧੂਣੀਆਂ ਲਗਾ-ਲਗਾ ਕੇ ਉਸਦੀਆਂ ਕੋਮਲ ਕਲੀਆਂ ਨੂੰ ਭਾਂਬੜ ਬਣਾ ਰਿਹੈਂ, ਮਨੁੱਖ ਜ਼ਰਾ ਹੋਸ਼ ਕਰ.. ਸੰਭਲ ਜਾ, ਨਹੀਂ ਤਾਂ ਉਹ ਦਿਨ ਦੂਰ ਨਹੀਂ ਹਨ ਜਦੋਂ ਤੂੰ ਗੰਧਲੇ ਵਾਤਾਵਰਨ ਦੀਆਂ ਮਾਰਾਂ ਝੱਲਦਾ ਹੋਇਆ ਅੱਖਾਂ 'ਚ ਘਸੁੰਨ ਦੇ-ਦੇ ਰੋਣ ਲਈ ਮਜ਼ਬੂਰ ਹੋਵੇਂਗਾ।ਇੱਥੇ ਬੁੱਧੀਜੀਵੀ ਵਰਗ ਦਾ ਕਹਿਣਾ ਹੈ ਕਿ ਜੰਡ ਦੇ ਦਰੱਖਤ 'ਤੇ ਬੁਲਬੁਲੇ-ਗੁਬਾਰੇ ਬੰਨ੍ਹਣ ਨਾਲ ਤੇਰੇ ਘਰ ਕੁੜੀ ਜੰਮਣ ਦੀ ਬਜਾਏ ਪੁੱਤਰ ਨੇ ਜਨਮ ਨਹੀਂ ਲੈਣਾ। ਇਸ ਘਟਨਾ ਦਾ ਪਿਛੋਕੜ ਕੁਝ ਅਜਿਹੇ ਸੁਝਾਅ ਰਾਹੀਂ ਸੁਚੇਤ ਕਰਦਾ ਹੋਇਆ ਕਹਿੰਦਾ ਹੈ, ਕਿ ਪੁਰਾਣੇ ਸਮੇਂ 'ਚ ਦੋ ਕਿਸਾਨ ਭਰਾਵਾਂ ਨਰੈਂਣੇ-ਸੁਰੈਂਣੇ ਦੀ ਜ਼ਮੀਨ ਦੀ ਵੰਡ ਹੋਈ ਸੀ। ਅਤੇ ਨਰੈਂਣੇ ਵਾਲੇ ਪਾਸੇ ਜ਼ਮੀਨ 'ਚ ਜੰਡ ਲੱਗਾ ਹੋਇਆ ਸੀ। ਵੰਡ ਉਪੰਰਤ ਨਰੈਂਣਾ ਤਾਂ ਜੰਡ ਦੀ ਛੱਤਰੀ ਦੇ ਸਹਾਰੇ ਮੀਂਹ-ਧੁੱਪ ਤੋਂ ਬਚਾਅ ਕਰ ਲੈਂਦਾ ਸੀ ਤੇ ਸੁਰੈਂਣਾ ਧੁੱਪ ਜਾਂ ਮੀਂਹ ਨਾਲ ਹਾਲੋਂ-ਬੇਹਾਲ ਹੋ ਜਾਇਆ ਕਰਦਾ ਸੈਂ, ਸੁਰੈਂਣੇ ਤੋਂ ਨਰੈਂਣੇ ਦਾ ਸੁੱਖ ਜ਼ਿਆਦਾ ਚਿਰ ਸਹਿਣ ਨਾ ਕੀਤਾ ਗਿਆ ਤੇ ਉਸਨੇ ਬਾਬੇ ਕੌਲੀ ਚੱਟ ਗੱਪੂ ਟੇਸ਼ਨ ਵਾਲੇ ਦੀ ਅੰਧ-ਵਿਸ਼ਵਾਸ਼ ਸਕੀਮ ਮੁਤਾਬਿਕ ਨਰੈਂਣੇ ਦੇ ਜੰਡ ਨੂੰ ਖਤਮ ਕਰਨ ਲਈ ਤੇ ਉਸਨੇ ਨਰੈਂਣੇ ਨੂੰ ਆਪਣੀ ਜਾਲਸਾਜ਼ੀ 'ਚ ਫਸਾਉਣਾ ਸ਼ੁਰੂ ਕਰ ਦਿੱਤਾ।ਇੱਕ ਦਿਨ ਉਸਨੇ ਮੂੰਹ ਹਨੇਰੇ ਖੇਤ ਵਿੱਚ ਜਾ ਕੇ ਜੰਡ ਦੇ ਦਰੱਖਤ ਨਾਲ ਦੋ ਬੁਲਬੁੱਲੇ ਅਤੇ ਇੱਕ ਖੰਮਣੀਂ ਬੰਨ੍ਹ ਦਿੱਤੀ।
      ਜਿਉਂ ਹੀ ਖੇਤ ਜਾਣ ਸਮੇਂ ਨਰੈਂਣੇ ਦੇ ਇਹ ਦ੍ਰਿਸ਼ ਨਿਗ੍ਹਾ ਪਿਆ ਤਾਂ ਉਸਨੇ ਜਦੋਂ ਸੁਰੈਂਣੇ ਤੋਂ ਇਸ ਬਾਰੇ ਪੁੱਛਿਆ। ਤਾਂ ਸੁਰੈਂਣੇ ਨੇ ਕਿਹਾ, ਕਿ ਭਰਾਵਾ ਰਾਤੀਂ ਮੈਨੂੰ ਸੁਪਨੇ 'ਚ ਆਪਣਾ ਬਾਪੂ ਮਿਲਿਆ ਸੀ। ਤੇ ਉਸਨੇ ਆਪਣੇ ਬਾਰੇ ਮੈਨੂੰ ਕਿਹਾ ਸੀ ਕਿ ਜੇਕਰ ਤੁਸੀਂ ਖੇਤ ਵਿੱਚ ਲੱਗੇ ਜੰਡ 'ਤੇ ਬੁਲਬੁਲੇ ਬੰਨੋਗੇ ਅਤੇ ਉਸਦੇ ਆਲੇ-ਦੁਆਲੇ ਇੱਟਾਂ ਦਾ ਪੱਕਾ ਥੜ੍ਹਾ ਬੰਨ ਦੇਵੋਂਗੇ ਤੇ ਉਸਦੀ ਜੜ੍ਹ 'ਚ ਹਰ ਤੀਸਰੇ ਦਿਨ ਪਾਣੀ ਦੀ ਬਜਾਏ ਤੇਲ ਪਾਇਆ ਕਰੋਂਗੇ ਤਾਂ ਤੁਹਾਡੀਆਂ ਮੱਝਾਂ ਕੱਟੀਆਂ ਦੇਣਗੀਆਂ, ਗਊਆਂ ਵੱਛੇ ਦੇਣਗੀਆਂ। ਖੇਤ ਵਿੱਚ ਫਸਲ ਦਾ ਭੰਡਾਰ ਲੱਗ ਜਾਇਆ ਕਰੇਗਾ।
ਨਰੈਂਣਾ ਅੰਧ-ਵਿਸ਼ਵਾਸ਼ੀ ਦਿਮਾਗ ਦਾ ਮਾਲਕ ਸੀ।ਤੇ ਉਸਨੇ ਸੁਰੈਂਣੇ ਦੀ ਸਲਾਹ ਮੰਨਣੀਂ ਸ਼ੁਰੂ ਕਰ ਦਿੱਤੀ। ਨਰੈਂਣੇ ਨੇ ਤੀਸਰੇ ਦਿਨ ਦੀ ਬਜਾਏ ਰੋਜ਼ ਹੀ ਜੰਡ ਦੀ ਜੜ੍ਹ 'ਚ ਪਾਣੀ ਦੀ ਬਜਾਏ ਤੇਲ ਪਾਉਣਾ ਸ਼ੁਰੂ ਕਰ ਦਿੱਤਾ ਤੇ ਚੁਫੇਰੇ ਇੱਟਾਂ ਦਾ ਪੱਕਾ ਥੜ੍ਹਾ ਬਣਾ ਦਿੱਤਾ।ਜੰਡ ਦੀ ਊਰਜਾ ਸ਼ਕਤੀ ਬੁਰੀ ਤਰ੍ਹਾਂ ਨਸ਼ਟ ਹੋਣੀ ਸ਼ੁਰੂ ਹੋ ਗਈ। ਦੂਜੇ ਪਾਸੇ ਕੁਦਰਤ ਵੱਲੋਂ ਉਹਨਾਂ ਦੀ ਦੇਸੀ ਗਊ ਨੇ ਵੱਛਾ ਦੇ ਦਿੱਤਾ ਅਤੇ ਇੱਕ ਨੂੰਹ ਕੋਲ ਮੁੰਡੇ ਨੇ ਅਤੇ ਦੂਸਰੀ ਕੋਲ ਕੁੜੀ ਨੇ ਜਨਮ ਲਿਆ। ਇਹ ਅੰਧ ਵਿਸ਼ਵਾਸ਼ੀ ਗੱਲ ਹੌਲੀ ਹੌਲੀ ਪਿੰਡ ਅਤੇ ਇਲਾਕੇ ਵਿੱਚ ਵੱਡੀ ਪੱਧਰ 'ਤੇ ਫੈਲਣੀ ਸ਼ੁਰੂ ਹੋ ਗਈ ਤੇ ਲੋਕ ਅੰਨ੍ਹੀ ਸ਼ਰਧਾ ਦੇ ਕਾਇਲ ਹੋਣੇ ਸ਼ੁਰੂ ਹੋ ਗਏ। ਹੁਣ ਹੋਰ ਬਹੁਤ ਸਾਰੇ ਲੋਕਾਂ ਨੇ ਵੀ ਨਰੈਂਣੇ ਵਾਂਗੂੰ ਜੰਡ ਦੇ ਬ੍ਰਿਖ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਪੂਜਾ ਦੀ ਭੇਟਾ ਨਾਲ ਨਰੈਂਣੇ ਦੀ ਕਮਾਈ ਵਿੱਚ ਵੀ ਚੋਖਾ ਵਾਧਾ ਹੋਣਾ ਤਾਂ ਸ਼ੁਰੂ ਹੋ ਗਿਆ ਪ੍ਰੰਤੂ ਇਸ ਵਾਰ ਉਹਨੂੰ ਨਰਮੇ ਦੀ ਫਸਲ ਵਿੱਚ ਪੂਰੀ ਤਰ੍ਹਾਂ ਘਾਟਾ ਪੈ ਗਿਆ ਸੀ। ਲੋਕਾਂ ਨੇ ਵੱਡੀ ਪੱਧਰ 'ਤੇ ਜੰਡ ਦੀ ਜੜ੍ਹ 'ਚ ਰੋਜ਼ਾਨਾ ਦੀ ਤਰ੍ਹਾਂ ਤੇਲ ਪਾਉਣਾ ਸ਼ੁਰੂ ਕਰ ਦਿੱਤਾ ਸੀ। ਆਖਰ ਕੁਝ ਹੀ ਸਮੇਂ ਵਿੱਚ ਜੰਡ ਜੜ੍ਹ ਪੱਖੋਂ ਖੋਖਲਾ ਹੋ ਕੇ ਧਰਤੀ ਉੱਪਰ ਪਲਟ ਗਿਆ। ਇਸ ਤਰ੍ਹਾਂ ਜੰਡ ਦਾ ਅੰਤ ਹੋ ਗਿਆ ਸੀ। ਇੱਥੇ ਇਹ ਵੀ ਗੱਲ ਵਰਨਣਯੋਗ ਹੈ ਕਿ ਲੱਕੜ ਮਾਹਿਰ ਖਰੀਦਦਾਰ ਵਪਾਰੀ ਲੋਕ ਵੀ ਜੰਡ ਨੂੰ ਖਰੀਦਣ ਤੋਂ ਇਸ ਕਰਕੇ ਟਾਲਾ ਵੱਟਦੇ ਹਨ ਕਿ ਇਸਦੀ ਲੱਕੜ ਕੋਈ ਕੀਮਤੀ ਵਸਤੂ ਤਿਆਰ ਨਹੀਂ ਕਰਦੀ । ਇਸ ਵਿੱਚ ਕੀੜਿਆਂ ਦਾ ਜਖੀਰਾ ਵੀ ਵੱਡੀ ਪੱਧਰ 'ਤੇ ਮੌਜੂਦ ਰਹਿੰਦਾ ਹੈ। ਇਹ ਕਿ ਇਸਨੂੰ ਕਟਰ ਨਾਲ ਚੀਰਣ ਸਮੇਂ ਇਸ 'ਚੋਂ ਬਦਬੂਦਾਰ ਗੰਧ ਵੀ ਨਿਕਲਦੀ ਹੈ ਅਤੇ ਜਿੰਨ੍ਹਾਂ ਬ੍ਰਿਛਾਂ ਉੱਪਰ ਤੇਲ ਜਾਂ ਹੋਰ ਕੈਮੀਕਲਾਂ ਦੀ ਵਰਤੋਂ ਕੀਤੀ ਹੋਈ ਹੁੰਦੀ ਹੈ, ਉਸ ਨਾਲ ਆਰਾ-ਆਰੀ ਦੇ ਕਟਰ ਵੀ ਖਰਾਬ ਹੋ ਜਾਂਦੇ ਹਨ ਅਤੇ ਬਾਲਣ ਪੱਖੋਂ ਵੀ ਜ਼ਿਆਦਾ ਵਧੀਆ ਨਹੀਂ ਹੈ। ਇਸਦਾ ਗੰਧਲਾ ਧੂੰਆਂ, ਮਨੁੱਖੀ ਸਿਹਤ ਲਈ ਵੀ ਅਤਿਘਾਤਕ ਕਰ ਦਿੱਤਾ ਗਿਆ ਹੈ।