ਚਾਚੀ ਬਚਨੋ (ਕਹਾਣੀ)

ਕੈਲਾਸ਼ ਚੰਦਰ ਸ਼ਰਮਾ   

Email: kailashchanderdss@gmail.com
Cell: +91 80540 16816
Address: 459,ਡੀ ਬਲਾਕ,ਰਣਜੀਤ ਐਵੀਨਿਊ,
ਅੰਮ੍ਰਿਤਸਰ India
ਕੈਲਾਸ਼ ਚੰਦਰ ਸ਼ਰਮਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਚਾਚੀ, ਸਾਡੇ ਪਿੰਡ ਦੇ ਹਰ ਘਰ ਦੀ ਸ਼ਾਨ ਸੀ।ਉੱਚੇ ਲੰਬੇ ਕੱਦ, ਸੋਹਣੇ, ਸੁਨੱਖੇ ਸਰੀਰ ਤੇ ਸੁਡੌਲ ਦਿੱਖ ਦੀ ਮਾਲਕ ਬਚਨੋ, ਆਪਣੇ ਦ੍ਰਿੜ੍ਹ ਇਰਾਦੇ ਕਾਰਨ ਸਾਰੇ ਪਿੰਡ 'ਚ ਮਸ਼ਹੂਰ ਸੀ।ਜਦੋਂ ਹੱਸਦੀ ਤਾਂ ਚਿੱਟੇ ਮੋਤੀਆਂ ਵਰਗੇ ਦੰਦ ਉਸ ਦੀ ਖੂਬਸੂਰਤੀ ਨੂੰ ਹੋਰ ਵੀ ਚਾਰ ਚੰਨ ਲਾ ਦਿੰਦੇ।ਗੱਲਾਂ ਕਰਦੀ ਤਾਂ ਇਸ ਤਰ੍ਹਾਂ ਮਹਿਸੂਸ ਹੁੰਦਾ ਜਿਵੇਂ ਫੁੱਲ ਕਿਰ ਰਹੇ ਹੋਣ।ਪਿੰਡ ਦਾ ਹਰ ਘਰ ਉਸ ਨੂੰ ਆਪਣਾ ਹੀ ਲੱਗਦਾ।ਪਿੰਡ ਦੇ ਕਿਸੇ ਵੀ ਘਰ ਦਾ ਦੁੱਖ-ਸੁੱਖ ਉਸ ਦਾ ਆਪਣਾ ਹੀ ਹੋ ਜਾਂਦਾ।ਕੋਈ ਵਿਆਹ ਵਾਲਾ ਘਰ ਹੋਵੇ ਜਾਂ ਕਿਸੇ ਦੇ ਘਰ 'ਚ ਗਮੀ ਦਾ ਮੌਕਾ, ਚਾਚੀ ਸਭ ਤੋਂ ਪਹਿਲਾਂ ਉੱਥੇ ਪਹੁੰਚ ਜਾਂਦੀ।ਹਰ ਘਰ ਨਾਲ ਉਸ ਦਾ ਕੋਈ ਨਾ ਕੋਈ ਰਿਸ਼ਤਾ ਸੀ।ਇਹ ਰਿਸ਼ਤੇ ਕੋਈ ਖੂਨ ਦੇ ਰਿਸ਼ਤੇ ਨਾ ਹੋ ਕੇ ਉਸ ਦੇ ਆਪਣੇ ਹੀ ਸਿਰਜੇ ਹੋਏ ਸਨ।ਕਿਸੇ ਘਰ 'ਚ ਉਸ ਦੀ ਭੈਣ ਸੀ ਤੇ ਕਿਸੇ 'ਚ ਭਰਾ।ਕਿਸੇ ਨਾਲ  ਉਹ ਆਪਣਾ ਧੀ ਦਾ ਰਿਸ਼ਤਾ ਜੋੜ ਲੈਂਦੀ ਤੇ ਕਿਸੇ ਨਾਲ ਪੁੱਤ ਦਾ।ਕਿਤੇ ਕੋਈ ਉਸ ਦਾ ਬਾਪ ਸੀ ਤੇ ਕਿਤੇ ਉਸ ਦੀ ਮਾਂ।ਇਹ ਰਿਸ਼ਤੇ ਉਸ ਨੇ ਬੜੇ ਸੋਚ ਸਮਝ ਕੇ ਆਪਣੀ ਤੀਖਣ ਬੁੱਧੀ ਦੀ ਵਰਤੋਂ ਕਰਦਿਆਂ ਬਣਾਏ ਸਨ।ਇਸ ਦੇ ਪਿੱਛੇ ਛਿਪੇ ਉਸ ਦੇ ਮੰਤਵ ਨੂੰ ਕਦੇ ਵੀ ਕੋਈ ਨਾ ਭਾਂਪ ਸਕਿਆ।ਜਿਸ ਘਰ ਵਿੱਚ ਔਰਤ ਦੀ ਮਰਦ ਨਾਲੋਂ ਜ਼ਿਆਦਾ ਚਲਦੀ ਸੀ ਉੱਥੇ ਉਹ ਔਰਤ ਉਸ ਦੀ ਭੈਣ ਸੀ ਤੇ ਜਿੱਥੇ ਮਰਦ ਦਾ ਰੋਹਬ ਜ਼ਿਆਦਾ ਹੁੰਦਾ ਉੱਥੇ ਮਰਦ ਨਾਲ ਉਸ ਦਾ ਭਰਾ ਦਾ ਰਿਸ਼ਤਾ ਸੀ।ਦੋਵਾਂ ਦੀ ਇੱਕੋ ਜਿਹੀ ਵਿਚਾਰਧਾਰਾ ਵਾਲੇ ਘਰ 'ਚ ਉਨ੍ਹਾਂ ਦੇ ਬੱਚੇ ਉਸ ਦੇ ਧੀ-ਪੁੱਤਰ ਸਨ।ਜਿਸ ਘਰ 'ਚ ਸਾਰਾ ਕੰਟਰੋਲ ਬਜ਼ੁਰਗਾਂ ਦੇ ਹੱਥ ਸੀ ਉਨ੍ਹਾਂ ਨੂੰ ਉਹ ਆਪਣੇ ਮਾਂ-ਬਾਪ ਕਹਿੰਦੀ।
              ਕਦੇ-ਕਦੇ ਬਚਨੋ ਇਨ੍ਹਾਂ ਘਰਾਂ 'ਚ ਫੇਰਾ ਪਾ ਆਉਂਦੀ, ਉਨ੍ਹਾਂ ਦਾ ਹਾਲ-ਚਾਲ ਪੁੱਛਣ ਲਈ।ਕਿਸੇ ਦੇ ਘਰ ਜਾ ਕੇ ਉਹ ਉਨ੍ਹਾਂ ਦੇ ਅਨੁਸਾਰ ਆਪਣੇ-ਆਪ ਨੂੰ ਢਾਲ ਲੈਂਦੀ।ਬੱਚਿਆਂ ਨਾਲ਼ ਬੱਚਾ ਹੋ ਜਾਂਦੀ, ਬਜ਼ੁਰਗਾਂ ਨਾਲ ਉਨ੍ਹਾਂ ਦੇ ਆਪਣੇ ਬੱਚਿਆਂ ਨਾਲੋਂ ਵੀ ਵੱਧ ਹਮਦਰਦ ਬਣ ਜਾਂਦੀ।ਥੋੜ੍ਹਾ ਬਹੁਤ ਘਰ ਦੀ ਔਰਤ ਨਾਲ ਕੰਮ ਵੀ ਕਰਾ ਦਿੰਦੀ।ਹੌਲੀ-ਹੌਲੀ ਉਸ ਨੇ ਉਨ੍ਹਾਂ ਦੇ ਘਰਾਂ ਵਿੱਚ ਆਪਣਾ ਆਉਣਾ-ਜਾਣਾ ਵਧਾ ਲਿਆ।ਆਪਣੀਆਂ ਦਿਲਕਸ਼ ਆਦਾਵਾਂ ਤੇ ਹਮਦਰਦੀ ਭਰੇ ਵਤੀਰੇ ਸਦਕਾ ਉਸ ਨੇ ਹਰ ਇੱਕ ਦੇ ਦਿਲ ਵਿੱਚ ਆਪਣਾ ਸਥਾਨ ਬਣਾ ਲਿਆ।ਕਈ ਵਾਰ ਜਾਣ ਵੇਲੇ ਉਹ ਕਦੇ ਬੱਚਿਆਂ ਲਈ ਤੇ ਕਦੇ ਘਰ ਦੇ ਕਿਸੇ ਹੋਰ ਮੈਂਬਰ ਦੇ ਖਾਣ ਲਈ ਵੀ ਕੁਝ ਲੈ ਜਾਂਦੀ।ਉਹ ਲੋਕ ਵੀ ਉਸ ਨੂੰ ਵਿਸ਼ੇਸ਼ ਸਤਿਕਾਰ ਦੇਣ ਲੱਗ ਪਏ।ਉਨ੍ਹਾਂ ਨੂੰ ਲੱਗਦਾ ਕਿ ਬਚਨੋ ਕੋਈ ਬੇਗਾਨੀ ਨਹੀਂ ਬਲਕਿ ਉਨ੍ਹਾਂ ਦੇ ਪਰਿਵਾਰ ਦਾ ਹੀ ਇਕ ਅੰਗ ਹੈ।ਜੇਕਰ ਕਿਤੇ ਪੰਜ-ਸੱਤ ਦਿਨ ਉਹ ਫੇਰਾ ਨਾ ਪਾਉਂਦੀ ਤਾਂ ਉਸ ਦੀ ਖੈਰ-ਖਰੀਅਤ ਦਾ ਪਤਾ ਲੈਣ ਲਈ ਉਹ ਲੋਕ ਉਸ ਦੇ ਘਰ ਵੀ ਚਲੇ ਜਾਂਦੇ।
              ਹੌਲੀ-ਹੌਲੀ ਬਚਨੋ ਦਾ ਆਉਣਾ ਜਾਣਾ ਰੋਜ਼ ਦਾ ਹੋ ਗਿਆ, ਕਿਸੇ ਦੇ ਘਰ ਨਾਸ਼ਤੇ ਵੇਲੇ,ਕਿਸੇ ਦੇ ਦੁਪਹਿਰ ਨੂੰ ਤੇ ਕਿਸੇ ਦੇ ਘਰ ਸ਼ਾਮ ਨੂੰ।ਲੋਕਾਂ ਵੱਲੋਂ ਦਿੱਤੇ ਜਾ ਰਹੇ ਮਾਣ-ਸਤਿਕਾਰ ਸਦਕਾ ਹੁਣ ਉਸ ਦਾ ਖਾਣਾ-ਪੀਣਾ ਵੀ ਬਾਹਰ ਹੀ ਹੋ ਗਿਆ। ਘਰ ਦਾ ਰੋਟੀ-ਪਾਣੀ ਦਾ ਕੰਮਕਾਜ ਘਟ ਗਿਆ।ਆਪਣੇ ਘਰਾਂ ਦੀਆਂ ਮੁਸ਼ਕਲਾਂ ਲਈ ਲੱਗਭਗ ਸਾਰੇ ਉਸ ਦੀਆਂ ਸਲਾਹਾਂ ਵੀ ਲੈਣ ਲੱਗ ਪਏ।ਇਸ ਤਰ੍ਹਾਂ ਉਨ੍ਹਾਂ ਦੇ ਘਰਾਂ ਦੇ ਮਸਲਿਆਂ 'ਚ ਉਹ ਲੋੜ ਤੋਂ ਜ਼ਿਆਦਾ ਦਖਲ ਵੀ ਦੇਣ ਲੱਗ ਪਈ।ਸਾਰਾ ਦਿਨ ਅਸੀਸਾਂ ਵੰਡਦੀ ਫਿਰਦੀ।ਕਿਸੇ ਨੂੰ ਪੁੱਤਰ ਦੀ ਅਸੀਸ ਤੇ ਕਿਸੇ ਕੁੜੀ ਨੂੰ ਵਧੀਆ ਸਹੁਰੇ ਮਿਲਣ ਦੀ।ਜਦੋਂ ਕਿਸੇ ਦੇ ਘਰ ਵਿੱਚ ਉਨ੍ਹਾਂ ਦੇ ਬੱਚੇ ਦੇ ਵਿਆਹ ਦੀ ਤਾਰੀਖ ਨੀਯਤ ਹੋ ਜਾਂਦੀ ਤਾਂ ਸਮਝੋ ਕਿ ਉਸ ਦਾ ਰੋਜ਼ ਦਾ ਫੇਰਾ ਉੱਥੇ ਸ਼ੁਰੂ ਹੋ ਜਾਂਦਾ ਜਿਵੇਂ ਸਾਰੀ ਜ਼ਿੰਮੇਵਾਰੀ ਉਸ ਉੱਪਰ ਹੀ ਹੋਵੇ।ਵਿਆਹ ਵਾਲੇ ਘਰ ਵਿੱਚ ਉਹ ਨੱਚ-ਨੱਚ ਕੇ ਧਮਾਲਾਂ ਪਾ ਦਿੰਦੀ।ਕੋਈ ਵੀ ਔਰਤ, ਭਾਵੇਂ ਉਹ ਬੁੱਢੀ ਹੋਵੇ ਜਾਂ ਜਵਾਨ, ਸਭ ਉਸ ਦੇ ਸਾਹਮਣੇ ਹਾਰ ਜਾਂਦੀਆਂ।ਗਾਉਣ ਵਿੱਚ ਵੀ ਉਸ ਦਾ ਕੋਈ  ਸਾਨੀ ਨਹੀਂ ਸੀ।ਨੱਚਣ- ਗਾਉਣ ਤੋਂ ਵਿਹਲੀ ਹੋ ਕੇ ਵਿਆਹ ਨਾਲ ਸੰਬੰਧਤ ਬਾਕੀ ਰਹਿ ਗਏ ਕੰਮਾਂ ਦੀ ਘੋਖ-ਪੜਤਾਲ ਕਰਨ ਲੱਗ ਪੈਂਦੀ ਤਾਂ ਜੁ ਕੋਈ ਕੁਤਾਹੀ ਨਾ ਰਹਿ ਜਾਵੇ।
              ਜਿਨ੍ਹਾਂ ਘਰਾਂ 'ਚ ਉਸ ਦੀ ਪਕੜ ਮਜਬੂਤ ਹੋ ਚੁਕੀ ਸੀ, aੁੱਥੇ ਜੇਕਰ ਉਸ ਦੇ ਮਾਣ-ਸਤਿਕਾਰ ਵਿੱਚ ਕੋਈ ਕਮੀ ਰਹਿ ਜਾਂਦੀ ਤਾਂ ਹੁਣ ਉਹ ਫਟਕਾਰ ਵੀ ਲਗਾ ਦਿੰਦੀ।ਦੁਬਾਰਾ ਫਿਰ ਅਣਗਹਿਲੀ ਹੋਣ 'ਤੇ ਉਹ ਘਰ ਦੇ ਮੁਖੀ (ਜਿਸ ਦੀ ਘਰ ਵਿੱਚ ਜ਼ਿਆਦਾ ਚਲਦੀ ਸੀ) ਨੂੰ ਕਹਿ ਕੇ ਅਣਗਹਿਲੀ ਕਰਨ ਵਾਲੇ ਦੀ ਲਾਹ-ਪਾਹ ਵੀ ਕਰਵਾ ਦਿੰਦੀ।ਘਰ ਦੀਆਂ ਨੂੰਹਾਂ ਉਸ ਦੇ ਆਉਂਦਿਆਂ ਹੀ ਉਸ ਦੀ ਸੇਵਾ ਵਿੱਚ ਜੁੜ ਜਾਂਦੀਆਂ ਤਾਂ ਕਿ ਕੋਈ ਕਮੀ ਨਾ ਰਹਿ ਜਾਵੇ।ਜਿਉਂ-ਜਿਉਂ ਚਾਚੀ ਦੀ ਨੇੜਤਾ ਵਧਦੀ ਗਈ, ਘਰ ਦੇ ਵੱਡੇ ਉਸ ਨਾਲ ਆਪਣੇ ਕਈ ਭੇਦ ਵੀ ਸਾਂਝੇ ਕਰਨ ਲੱਗ ਪਏ।ਕਦੇ ਆਪਣੇ ਨੂੰਹਾਂ-ਪੁੱਤਾਂ ਤੇ ਕਦੇ ਆਪਣੇ ਭੈਣ-ਭਰਾਵਾਂ ਦੇ ਗਿਲ੍ਹੇ-ਸ਼ਿਕਵੇ ਵੀ।ਇਨ੍ਹਾਂ ਭੇਦ ਵਾਲੀਆਂ ਗੱਲਾਂ ਨੂੰ ਢਾਲ ਬਣਾ ਕੇ ਤੇ ਇੱਕ-ਦੂਸਰੇ ਘਰ ਦੇ ਭੇਦ ਸਾਂਝੇ ਕਰ ਕੇ ਉਹ ਆਪਣੇ ਪੈਰ ਜ਼ਿਆਦਾ ਮਜ਼ਬੂਤੀ ਨਾਲ ਪਸਾਰਣ ਲੱਗ ਪਈ।ਉੱਧਰ,ਭਰਾ-ਭਰਾ, ਜੇਠਾਣੀਆਂ- ਦਰਾਣੀਆਂ ਇੱਕ ਦੂਜੇ ਦੇ ਦੁਸ਼ਮਣ ਬਣ ਗਏ ਪਰ ਬਚਨੋ ਦਾ ਸਿੱਕਾ ਪੂਰੀ ਤਰ੍ਹਾਂ ਚਲਦਾ ਗਿਆ।ਹਰ ਕੰਮ ਉਹ ਇੰਨੀ ਚਲਾਕੀ ਨਾਲ ਕਰਦੀ ਕਿ ਹਰ ਇੱਕ ਨੂੰ ਲੱਗਦਾ ਕਿ ਬਚਨੋ ਕੇਵਲ ਉਸੇ ਦੀ ਹੀ ਸਕੀ ਹੈ।ਆਪਣੀ ਫਿਤਰਤ ਅਨੁਸਾਰ ਬਖਸ਼ਦੀ ਉਹ ਕਿਸੇ ਨੂੰ ਵੀ ਨਾ, ਭਾਵੇਂ ਉਹ ਉਸ ਦਾ ਭਰਾ ਬਣਿਆ ਹੋਵੇ ਜਾਂ ਮਾਂ-ਬਾਪ, ਭਾਵੇਂ ਉਸ ਨੇ ਉਸ ਨੂੰ ਆਪਣੀ ਧੀ ਕਿਹਾ ਹੋਵੇ ਜਾਂ ਪੁੱਤ।ਉਸ ਦੀ ਨਜ਼ਰ ਵਿੱਚ ਉਸ ਦਾ ਮਤਲਬ ਹੀ ਕੇਵਲ ਉਸ ਦਾ ਨੇੜਲਾ ਰਿਸ਼ਤੇਦਾਰ ਸੀ।ਜੇਕਰ ਕਿਸੇ ਦੇ ਮੁੰਡੇ ਜਾਂ ਕੁੜੀ ਦੀ ਕੋਈ ਗਲਤ ਗੱਲ ਵੀ ਉਸ ਦੇ ਹੱਥ ਲੱਗ ਜਾਂਦੀ ਤਾਂ ਉਹ ਉਨ੍ਹਾਂ ਨੂੰ ਪੂਰਾ ਬਲੈਕਮੇਲ ਕਰਦੀ।ਹੌਲੀ-ਹੌਲੀ ਉਹ ਲੋਕ ਇੱਕ-ਦੂਸਰੇ ਨੂੰ ਦਿਲੋਂ ਦੁਸ਼ਮਣੀ ਦੀ ਅੱਖ ਨਾਲ ਵੇਖਣ ਲੱਗ ਪਏ ਪਰ ਕਦੇ ਵੀ ਕਿਸੇ ਦਾ ਉਸ 'ਤੇ ਸ਼ੱਕ ਨਾ ਜਾਂਦਾ ਕਿਉਂਕਿ ਬਚਨੋ ਕੋਲ ਗੱਲ ਕਰਨ ਦਾ ਤਰੀਕਾ ਤੇ ਸਲੀਕਾ ਇਸ ਤਰ੍ਹਾਂ ਦਾ ਸੀ ਕਿ ਹਰ ਇੱਕ ਉਸ ਨੂੰ ਆਪਣੀ ਹੀ ਚਹੇਤੀ ਸਮਝਦਾ।
               ਇੱਕ ਨਵੀਂ ਆਈ ਦੁਲਹਨ ਸ਼ਰਧਾ ਪੜ੍ਹੀ ਲਿਖੀ ਹੋਣ ਦੇ ਨਾਲ ਕੁਝ ਜ਼ਿਆਦਾ ਹੀ ਹੁਸ਼ਿਆਰ ਸੀ।ਬਚਨੋ ਨੇ ਉਸ 'ਤੇ ਵੀ ਆਪਣਾ ਰੋਹਬ ਪਾਉਣ ਲਈ ਇੱਕ ਦੋ ਵਾਰ ਟੇਢਾ ਜਿਹਾ ਵੇਖ ਕੇ ਟਿੱਚਰ ਕੀਤੀ ਜੋ ਉਸ ਨੂੰ ਚੰਗੀ ਨਾ ਲੱਗੀ।ਕੁਝ ਦੇਰ ਚੁੱਪ-ਚਾਪ ਸਮਾਂ ਕੱਟਣ ਤੋਂ ਬਾਅਦ ਇੱਕ ਦਿਨ ਸ਼ਰਧਾ ਨੇ ਆਪਣੀ ਸੱਸ ਕੋਲ ਬਚਨੋ ਦੀ ਘਰ ਵਿੱਚ ਲੋੜ ਤੋਂ ਵੱਧ ਦਖਲ ਅੰਦਾਜ਼ੀ ਦਾ ਇਤਰਾਜ਼ ਕੀਤਾ।ਸੱਸ ਨੇ ਉਸ ਦੀ ਗੱਲ ਵੱਲ ਕੋਈ ਧਿਆਨ ਨਾ ਦਿੱਤਾ ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਬਚਨੋ ਤਾਂ ਹਰ ਗੱਲ ਉਨ੍ਹਾਂ ਦੇ ਭਲੇ ਦੀ ਹੀ ਕਰਦੀ ਸੀ।ਇੱਕ ਦਿਨ ਸ਼ਰਧਾ ਨੇ ਕੋਈ ਘਰ ਦੀ ਭੇਦ ਭਰੀ ਗੱਲ ਬਚਨੋ ਦੀ ਮੌਜੂਦਗੀ ਵਿੱਚ ਆਪਣੀ ਸੱਸ ਨਾਲ ਸਾਂਝੀ ਕਰਦਿਆਂ ਬਚਨੋ ਨੂੰ ਬੇਨਤੀ ਕੀਤੀ ਕਿ ਇਹ ਗੱਲ ਕਿਸੇ ਹੋਰ ਨੂੰ ਨਾ ਪਤਾ ਲੱਗੇ।ਇੱਕ-ਦੋ ਦਿਨਾਂ ਬਾਅਦ ਸ਼ਰਧਾ ਨੂੰ, ਆਪਣੇ ਘਰ ਦੀ ਭੇਦ ਵਾਲੀ ਗੱਲ ਦਾ ਪਤਾ ਗਵਾਂਢੀਆਂ ਦੀ ਲੜਕੀ ਪਿੰਕੀ ਕੋਲੋਂ ਲੱਗਾ।ਪਿੰਕੀ  ਨੇ ਇਹ ਵੀ ਦੱਸ ਦਿੱਤਾ ਕਿ ਇਹ ਗੱਲ ਉਨ੍ਹਾਂ ਦੇ ਘਰ ਬਚਨੋ ਚਾਚੀ ਨੇ ਕੀਤੀ ਸੀ।ਅਗਲੇ ਦਿਨ ਬਚਨੋ ਦੇ ਆਉਣ ਤੋਂ ਪਹਿਲਾਂ ਹੀ ਸ਼ਰਧਾ ਨੇ ਪਿੰਕੀ ਨੂੰ ਆਪਣੇ ਘਰ ਬੁਲਾ ਲਿਆ। ਬਚਨੋ ਦੀ ਰੋਜ਼ ਵਾਂਗ ਖਾਤਰਦਾਰੀ ਕਰਨ ਤੋਂ ਬਾਅਦ ਸ਼ਰਧਾ ਨੇ ਬਚਨੋ ਦੀ ਮੌਜੂਦਗੀ ਵਿੱਚ ਪਿੰਕੀ ਨੂੰ ਉਹੀ ਗੱਲ ਦੱਸਦੇ ਹੋਏ ਪੁੱਛਿਆ ਕਿ ਇਹ ਗੱਲ ਤੈਨੂੰ ਕਿੱਥੋਂ ਪਤਾ ਲੱਗੀ ਸੀ ? ਪਿੰਕੀ ਨੇ ਕਹਿ ਦਿੱਤਾ ਕਿ ਚਾਚੀ ਨੇ ਇਹ ਗੱਲ ਕੱਲ੍ਹ ਸਾਡੇ ਘਰ ਕੀਤੀ ਸੀ। ਸ਼ਰਧਾ ਨੇ ਟੇਢੀ ਜਿਹੀ ਨਜ਼ਰ ਕਰ ਕੇ ਬਚਨੋ ਵੱਲ ਵੇਖਿਆ ਪਰ ਕਿਹਾ ਕੁਝ ਨਾ।ਸ਼ਰਧਾ ਦੀ ਸੱਸ ਨੇ ਇਸ ਤਰ੍ਹਾਂ ਦਾ ਵਤੀਰਾ ਕੀਤਾ ਜਿਵੇਂ ਕੋਈ ਖਾਸ ਗੱਲ ਨਹੀਂ ਹੋਈ।ਜਲਦੀ ਹੀ ਬਚਨੋ ਉਨ੍ਹਾਂ ਦੇ ਘਰੋਂ ਚਲੀ ਗਈ।
             ਬਚਨੋ ਦੇ ਚਲੇ ਜਾਣ ਤੋਂ ਬਾਅਦ ਸ਼ਰਧਾ ਨੇ ਆਪਣੀ ਸੱਸ ਨੂੰ ਕਿਹਾ,"ਤੁਸੀਂ ਸਮਝਦੇ ਹੋ ਕਿ ਚਾਚੀ ਤੁਹਾਡੀ ਚਹੇਤੀ ਹੈ। ਇਹ ਕਿਸੇ ਦੀ ਵੀ ਚਹੇਤੀ ਨਹੀਂ। ਅਸਲ ਵਿੱਚ ਇਹ ਤੁਹਾਡੇ ਘਰਾਂ ਦੀਆਂ ਗੱਲਾਂ ਆਪਣੇ ਕੋਲੋਂ ਹੋਰ ਮਿਰਚ- ਮਸਾਲੇ ਲਗਾ ਕੇ ਇੱਕ-ਦੂਜੇ ਦੇ ਘਰਾਂ 'ਚ  ਕਰਦੀ ਹੈ ਜੋ ਤੁਹਾਡੀ ਆਪਸੀ ਦੁਸ਼ਮਣੀ ਦਾ ਕਾਰਨ ਬਣਦੇ ਹਨ।ਮੈਂ ਉਸ ਦਿਨ ਜਾਣਬੁੱਝ ਕੇ ਇਸ ਦੇ ਸਾਹਮਣੇ ਤੁਹਾਡੇ ਨਾਲ ਗੱਲ ਕੀਤੀ ਸੀ ਤੇ ਇਸ ਨੂੰ ਗੁਪਤ ਰੱਖਣ ਲਈ ਕਿਹਾ ਸੀ ਕਿਉਂਕਿ ਮੈਨੂੰ ਇਸ 'ਤੇ ਸ਼ੱਕ ਸੀ। ਮੈਂ ਨਹੀਂ ਕਹਿੰਦੀ ਕਿ ਇਸ ਨਾਲ ਆਪਣੇ ਸਬੰਧਾਂ ਨੂੰ ਖਰਾਬ ਕਰੋ ਪਰ ਮੈਂ ਇਹ ਜ਼ਰੂਰ ਕਹਾਂਗੀ ਕਿ ਆਪਣੇ ਘਰ ਦੀਆਂ ਭੇਦ-ਭਰੀਆਂ ਗੱਲਾਂ ਇਸ ਨਾਲ ਸਾਂਝੀਆਂ ਕਰਨ ਤੋਂ ਸੰਕੋਚ ਜ਼ਰੂਰ ਕੀਤਾ ਜਾਵੇ"।ਉਸ ਦਿਨ ਤੋਂ ਬਾਅਦ ਜਦੋਂ ਵੀ ਬਚਨੋ ਆਉਂਦੀ, ਉਹ ਆਮ ਵਾਂਗ ਉਸ ਨਾਲ ਵਤੀਰਾ ਕਰਦੇ ਪਰ ਹੁਣ ਘਰ ਦੀਆਂ ਗੱਲਾਂ ਘੱਟ ਹੀ ਸਾਂਝੀਆਂ ਕਰਦੇ। ਬਚਨੋ ਨੂੰ ਲੱਗਾ ਕਿ ਉਸ ਦਿਨ ਦੀ ਗੱਲ ਨੂੰ ਇਨ੍ਹਾਂ ਨੇ ਇੰਨੀ ਤਵੱਜੋ ਨਹੀਂ ਦਿੱਤੀ।ਇਸ ਲਈ ਉਸ ਨੇ ਆਪਣਾ ਆਉਣਾ ਜਾਣਾ ਉਸੇ ਤਰ੍ਹਾਂ ਹੀ ਜਾਰੀ ਰੱਖਿਆ।
             ਸਿਆਣੇ ਕਹਿੰਦੇ ਨੇ ਕਿ ਵਿਅਕਤੀ ਦੀਆਂ ਆਦਤਾਂ, ਸਾਰੀ ਉਮਰ ਉਸ ਨੂੰ ਸੰਗਲ ਵਾਂਗ  ਜਕੜ ਕੇ ਰੱਖਦੀਆਂ ਹਨ ਤੇ ਉਸ ਦਾ ਪਿੱਛਾ ਨਹੀਂ ਛੱਡਦੀਆਂ।ਇਹੋ ਹਾਲ ਬਚਨੋ ਦਾ ਸੀ।ਉਸ ਨੇ ਆਪਣੀ ਆਦਤ ਅਨੁਸਾਰ ਲੋਕਾਂ ਦੇ ਘਰਾਂ ਵਿੱਚ ਆਪਣੀ ਘਟੀਆ ਸੋਚ ਦੇ ਕਰਮ ਜਾਰੀ ਰੱਖੇ।ਹੌਲੀ-ਹੌਲੀ ਉਸ ਦੀ ਅਸਲੀਅਤ ਲੋਕਾਂ ਦੇ ਸਾਹਮਣੇ ਆਉਣ ਲੱਗ ਪਈ ਤੇ ਸਾਰਿਆਂ ਨੇ ਉਸ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ।ਹੁਣ ਜਦੋਂ ਵੀ ਬਚਨੋ ਜਾਂਦੀ ਤਾਂ ਪਹਿਲਾਂ ਵਰਗਾ ਮਾਣ-ਸਤਿਕਾਰ ਨਾ ਮਿਲਦਾ ਵੇਖ, ਉਸ ਨੇ ਵੀ ਆਉਣਾ ਬਹੁਤ ਘੱਟ ਕਰ ਦਿੱਤਾ।ਉਸ ਦੇ ਕਈ ਦਿਨ ਵੀ ਨਾ ਜਾਣ 'ਤੇ ਕੋਈ ਵੀ ਉਸ ਦਾ ਪਤਾ ਲੈਣ ਨਾ ਆਉਂਦਾ।ਉਸ ਨੂੰ ਮਹਿਸੂਸ ਹੋਣ ਲੱਗ ਪਿਆ ਕਿ ਜਿਵੇਂ ਸਾਰੇ ਹੁਣ ਉਸ ਤੋਂ ਪਰਹੇਜ਼ ਕਰਨ ਲੱਗ ਪਏ ਹਨ।
             ਮੈਂ ਕਦੇ-ਕਦੇ ਉਸ ਦੇ ਘਰ ਮਿਲਣ ਲਈ ਚਲਾ ਜਾਂਦਾ।ਇੱਕ ਦਿਨ ਮੈਨੂੰ ਲੱਗਾ ਜਿਵੇਂ ਉਹ ਡਾਢੀ ਹੀ ਉਦਾਸ ਸੀ। ਕਹਿਣ ਲੱਗੀ, "ਲੋਕ ਵੀ ਕਿੰਨੇ ਖਦੁਗਰਜ਼ ਨੇ, ਆਪਣੇ ਮਤਲਬ ਲਈ ਉਹ ਭਾਈਚਾਰਾ ਪਾ ਲੈਂਦੇ ਹਨ ਤੇ ਮਤਲਬ ਨਿਕਲ ਜਾਣ ਤੋਂ ਬਾਅਦ ਕਿਨਾਰਾ ਕਰ ਲੈਂਦੇ ਹਨ।ਕੰਮ ਕਰਦੇ ਸਮੇਂ ਹੋ ਸਕਦਾ ਏ ਕਿਸੇ ਵੇਲੇ ਕੋਈ ਗਲਤੀ ਵੀ ਹੋ ਗਈ ਹੋਵੇ।ਇਸ ਨੂੰ ਭੁੱਲ ਕੇ ਸੁਧਰਨ ਦਾ ਮੌਕਾ ਦੇਣ ਦੀ ਬਜਾਏ ਬਦਨਾਮੀ ਕਰੀ ਜਾਂਦੇ ਨੇ"।ਉਸੇ ਵੇਲੇ ਰੇਡੀਓ ਤੇ ਗਾਣਾ ਵੱਜਣ ਲੱਗਾ "ਬੁਰੇ ਕਾਮ ਕਾ ਬੁਰਾ ਨਤੀਜਾ…………"। ਬਚਨੋ ਟਿਕਟਿਕੀ ਲਾ ਕੇ ਇੱਕ ਪਾਸੇ ਵੇਖੀ ਜਾ ਰਹੀ ਸੀ।ਮੈਨੂੰ ਲੱਗਾ ਜਿਵੇਂ ਅਤੀਤ ਦੀਆਂ ਯਾਦਾਂ ਦੀ ਘੁੰਮਣਘੇਰੀ ਵਿੱਚ ਫਸੀ ਬਚਨੋ ਦੂਰ ਕਿਸੇ ਦਲਦਲ ਵਿੱਚ ਧਸਦੀ ਜਾ ਰਹੀ ਹੋਵੇ।