ਸਤਯੁਗ ਦਾ ਸੱਚ (ਲੇਖ )

ਗੁਰਸ਼ਰਨ ਸਿੰਘ ਕੁਮਾਰ   

Email: gursharan1183@yahoo.in
Cell: +91 94631 89432
Address: 1183, ਫੇਜ਼-10
ਮੁਹਾਲੀ India
ਗੁਰਸ਼ਰਨ ਸਿੰਘ ਕੁਮਾਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸਮਾਂ ਆਪਣੀ ਰਫ਼ਤਾਰ ਨਾਲ ਹਰ ਸਮੇਂ ਚਲਦਾ ਰਹਿੰਦਾ ਹੈ। ਇਹ ਕਦੀ ਨਹੀਂ ਰੁਕਦਾ। ਇਸ ਲਈ ਸਮੇਂ ਨੂੰ ਕੋਈ ਕੈਦ ਨਹੀਂ ਕਰ ਸਕਦਾ ਭਾਵ ਸਮੇਂ ਨੂੰ ਕੋਈ ਬੰਨ੍ਹ ਕੇ ਵੀ ਨਹੀਂ ਰੱਖ ਸਕਦਾ। ਸਮੇਂ ਨੂੰ ਪੁੱਠਾ ਗੇੜ ਵੀ ਨਹੀਂ ਦਿੱਤਾ ਜਾ ਸਕਦਾ। ਜੋ ਸਮਾਂ ਗੁਜ਼ਰ ਗਿਆ ਸੋ ਗੁਜ਼ਰ ਗਿਆ। ਗੁਜ਼ਰੇ ਸਮੇਂ ਨੂੰ ਕਦੀ ਵਾਪਿਸ ਨਹੀਂ ਲਿਆਇਆ ਜਾ ਸਕਦਾ। ਇਸੇ ਤਰ੍ਹਾਂ ਆਉਣ ਵਾਲੇ ਸਮੇਂ ਵਿਚ ਝਾਤੀ ਵੀ ਨਹੀਂ ਮਾਰੀ ਜਾ ਸਕਦੀ। ਆਉਣ ਵਾਲੀਆਂ ਘਟਨਾਵਾਂ ਦਾ ਕੇਵਲ ਅੰਦਾਜ਼ਾ ਹੀ ਲਾਇਆ ਜਾ ਸਕਦਾ ਹੈ ਜੋ ਗ਼ਲਤ ਵੀ ਹੋ ਸਕਦਾ ਹੈ। ਆਉਣ ਵਾਲੀਆਂ ਘਟਨਾਵਾਂ ਨੂੰ ਰੋਕਿਆ ਵੀ ਨਹੀਂ ਜਾ ਸਕਦਾ। ਸਮੇਂ ਦੀ ਰਫ਼ਤਾਰ ਹਰ ਸਮੇਂ ਇਕੋ ਜਹੀ ਹੀ ਰਹਿੰਦੀ ਹੈ ਪਰ ਜੇ ਅਸੀਂ ਸੁੱਖ ਵਿਚ ਹੋਈਏ ਤਾਂ ਸਾਨੂੰ ਲਗਦਾ ਹੈ ਜਿਵੇਂ ਸਮਾਂ ਬਹੁਤ ਤੇਜ਼ੀ ਨਾਲ ਗੁਜ਼ਰ ਰਿਹਾ ਹੈ। ਜੇ ਅਸੀਂ ਦੁੱਖ ਵਿਚ ਹੋਈਏ ਅਤੇ ਸਾਡੇ ਮਨ ਤੇ ਗਮਾਂ ਦੇ ਬੱਦਲ ਛਾਏ ਹੋਣ ਤਾਂ ਸਾਨੂੰ ਜਾਪਦਾ ਹੈ ਜਿਵੇਂ ਸਮੇਂ ਦੀ ਰਫ਼ਤਾਰ ਬਹੁਤ ਧੀਮੀ ਹੋ ਗਈ ਹੈ। ਸਮੇਂ ਨੂੰ ਨਾਪਣ ਲਈ ਮਨੁੱਖ ਨੇ ਸਕਿੰਟ, ਮਿੰਟ, ਘੰਟੇ, ਘੜੀਆਂ, ਪਹਿਰ, ਦਿਨ, ਹਫਤੇ, ਮਹੀਨੇ ਅਤੇ ਸਾਲ ਬਣਾਏ ਹਨ। ਸਾਡੇ ਬ੍ਰਹਾਮਣ ਲੋਕਾਂ ਨੇ ਜਨਤਾ ਨੂੰ ਭੰਬਲ ਭੂਸੇ ਵਿਚ ਪਾਉਣ ਲਈ ਅਗੋਂ ਇਸ ਸੰਸਾਰ ਤੇ ਚਾਰ ਯੁਗ ਬਣਾਏ ਹਨ। ਉਹ ਹਨ-ਸਤਯੁਗ, ਤਰੇਤਾ, ਦਵਾਪਰ ਅਤੇ ਕਲਯੁਗ। ਇਨ੍ਹਾਂ ਯੁਗਾਂ ਦੀ ਅੱਗੋਂ ਉਮਰ ਵੀ ਨਿਸਚਿਤ ਕੀਤੀ ਗਈ ਹੈ। ਪੰਡਤਾਂ ਅਨੁਸਾਰ ਕਲਯੁਗ ਦੀ ਉਮਰ ੧੭,੨੮,੦੦੦ ਸਾਲ ਹੈ, ਤਰੇਤਾ ਦੀ ਉਮਰ ੧੫, ੯੬, ੦੦੦, ਦੁਆਪਰ ਦੀ ਉਮਰ ੮, ੬੪, ੦੦੦ ਅਤੇ ਕਲਯੁਗ ਦੀ ਉਮਰ ੪, ੭੨, ੦੦੦ ਸਾਲ ਹੈ (ਇਨ੍ਹਾਂ ਅੰਕੜਿਆਂ ਬਾਰੇ ਅਲੱਗ ਅਲੱਗ ਪੰਡਤਾਂ ਵਿਚ ਅਪਵਾਦ ਵੀ ਹੋ ਸਕਦਾ ਹੈ)। ਕਾਲ ਚੱਕਰ ਦੇ ਹਿਸਾਬ ਜਦ ਇਕ ਯੁਗ ਆਪਣੀ ਉਮਰ ਪੂਰੀ ਕਰ ਲੈਂਦਾ ਹੈ ਤਾਂ ਦੂਜਾ ਯੁਗ ਸ਼ੁਰੂ ਹੋ ਝਾਂਦਾ ਹੈ। ਇਸ ਹਿਸਾਬ ਸਿਰ ਸਭ ਤੋਂ ਪਹਿਲ਼ਾਂ ਇਸ ਸ੍ਰਿਸ਼ਟੀ 'ਤੇ ਸਤਿਯੁਗ ਆਇਆ, ਫਿਰ ਤਰੇਤਾ, ਫਿਰ ਦੁਆਪਰ ਅਤੇ ਉਸ ਤੋਂ ਬਾਅਦ ਹੁਣ ਕਲਯੁਗ ਚਲ ਰਿਹਾ ਹੈ। ਕਲਯੁਗ ਤੋਂ ਬਾਅਦ ਇਹ ਬ੍ਰਹਾਮਣ ਫਿਰ ਸਤਯੁਗ ਆਉਣ ਦੀ ਉਮੀਦ ਰੱਖੀ ਬੈਠੇ ਹਨ। ਮਨੁੱਖ ਦੀ ਆਦਤ ਹੈ ਕਿ ਜੋ ਵਸਤੂ ਸਾਹਮਣੇ ਹੈ ਉਸ ਦੀ ਕਦਰ ਨਹੀਂ ਕਰਦਾ ਪਰ ਜੋ ਵਸਤੂ ਹੱਥੋਂ ਨਿਕਲ ਗਈ ਹੈ ਉਸ ਦੇ ਗੁਣ ਗਾਉਂਦਾ ਨਹੀਂ ਥੱਕਦਾ। ਉਨ੍ਹਾਂ ਅਨੁਸਾਰ ਕਲਯੁਗ ਭਾਵ ਹੁਣ ਸਭ ਤੋਂ ਭੈੜਾ ਯੁਗ ਹੈ। ਇਸ ਯੁਗ ਵਿਚ ਸਭ ਤੋਂ ਜਿਆਦਾ ਪਾਪ ਹੋ ਰਹੇ ਹਨ ਮਨੁੱਖ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਆਦਿ ਵਿਸ਼ਿਆਂ ਵਿਕਾਰਾਂ ਵਿਚ ਫਸਿਆ ਪਿਆ ਹੈ। ਹਰ ਪਾਸੇ ਲੁੱਟ ਖਸੁਟ ਅਤੇ ਅਨਾਰਕੀ ਫੈਲੀ ਹੋਈ ਹੈ।ਬੰਦਾ ਹੀ ਬੰਦੇ ਨੂੰ ਖਾ ਰਿਹਾ ਹੈ। ਕੋਈ ਕਿਸੇ ਨਾਲ ਵਫਾਦਾਰ ਨਹੀਂ। ਭ੍ਰਿਸ਼ਟਾਚਾਰ ਦਾ ਜ਼ਮਾਨਾ ਹੈ। ਪੈਸੇ ਪਿੱਛੇ ਲੋਕ ਅੰਨ੍ਹੇ ਹੋਏ ਪਏ ਹਨ। ਉਹ ਰੱਬ ਨੂੰ ਭੁੱਲ ਬੈਠੇ ਹਨ। ਸਭ ਲੋਕ ਅਪਰਾਧੀ ਬਣੇ ਬੈਠੇ ਹਨ। ਇਸ ਲਈ ਕਲਯੁਗ ਵਿਚ ਮਨੁੱਖ ਬਹੁਤ ਦੁਖੀ ਹੈ। ਇਨ੍ਹਾਂ ਧਰਮ ਦੇ ਠੇਕੇਦਾਰਾਂ ਅਨੁਸਾਰ ਕਲਯੁਗ ਤੋਂ ਇਲਾਵਾ ਸਾਰੇ ਯੁਗ ਚੰਗੇ ਸਨ ਕਿਉਂਕਿ ਉਦੋਂ ਇਤਨੇ ਪਾਪ ਨਹੀਂ ਸਨ ਹੁੰਦੇ। ਸਤਯੁਗ ਦਾ ਮਤਲਬ ਹੀ ਸੱਤ ਦਾ ਯੁਗ ਹੈ। ਉਸ ਸਮੇਂ ਸਾਰੇ ਲੋਕ ਧਰਮੀ ਸਨ। ਉਦੋਂ ਦੇਸ਼ ਵਿਚ ਦੁੱਧ ਦੀਆਂ ਨਦੀਆਂ ਵਗਦੀਆਂ ਸਨ। ਸਭ ਲੋਕ ਸਭ ਤਰ੍ਹਾਂ ਖ਼ੁਸ਼ਹਾਲ ਸਨ ਅਤੇ ਸੁੱਖ ਸ਼ਾਤੀ ਨਾਲ ਆਪਣਾ ਜੀਵਨ ਬਤੀਤ ਕਰਦੇ ਸਨ।ਇਸੇ ਤਰ੍ਹਾਂ ਉਹ ਦੁਆਪਰ ਅਤੇ ਤਰੇਤਾ ਦੇ ਗੁਣ ਗਾਉਂਦੇ ਨਹੀਂ ਥੱਕਦੇ। ਇਨ੍ਹਾਂ ਯੁਗਾਂ ਵਿਚ ਬਹੁਤ ਰਿਸ਼ੀ ਮੁਨੀ ਹੋਏ ਜਿਨ੍ਹਾਂ ਨੇ ਪ੍ਰਮਾਤਮਾ ਦੀ ਘੋਰ ਤਪੱਸਿਆ ਕਰ ਕੇ ਉਸ ਨੂੰ ਖ਼ੁਸ਼ ਕੀਤਾ। ਇਨ੍ਹਾਂ ਯੁਗਾਂ ਵਿਚ ਹੀ ਵੇਦਾਂ ਦੀ ਰਚਨਾ ਹੋਈ। ਸਿਰਫ ਕਲਯੁਗ ਹੀ ਮਾੜਾ ਹੈ ਕਿਉਂਕਿ ਉਹ ਸਾਡੇ ਸਾਹਮਣੇ ਪ੍ਰਤੱਖ ਹੈ। ਜੇ ਪੰਡਤ ਕੋਈ ਗਲ ਮਾੜੀ ਵਾਪਰਦੀ ਦੇਖਦੇ ਹਨ ਜਾਂ ਉਹ ਆਪ ਹੀ ਕੋਈ ਗ਼ਲਤ ਕੰਮ ਕਰ ਬੈਠਣ ਤਾਂ ਉਸ ਨੂੰ ਲੁਕਾਉਣ ਲਈ ਉਹ ਚਲਾਕੀਆਂ ਕਰਦੇ ਹੋਏ ਕਲਯੁਗ ਨੂੰ ਹੀ ਸਾਰਾ ਦੋਸ਼ ਦਿੰਦੇ ਹਨ। ਉਹ ਕਹਿੰਦੇ ਹਨ: ਕੀ ਕਰੀਏ ਜੀ ਇਹ ਕੰਮ ਤਾਂ ਹੋਣਾ ਹੀ ਸੀ, ਕਲਯੁਗ ਦਾ ਜੋ ਜ਼ਮਾਨਾ ਹੈ। ਭਾਵ ਇਸ ਬੁਰਾਈ ਵਿਚ ਉਨ੍ਹਾਂ ਦਾ ਕੋਈ ਦੋਸ਼ ਨਹੀਂ, ਦੋਸ਼ ਸਾਰਾ ਕਲਯੁਗ ਦਾ ਹੈ। ਇਸ ਤਰ੍ਹਾਂ ਉਹ ਆਪਣੇ ਆਪ ਨੂੰ ਸਹਿਜੇ ਹੀ ਦੋਸ਼ ਮੁਕਤ ਕਰ ਲੈਂਦੇ ਹਨ।
ਹੁਣ ਵਿਚਾਰਨ ਵਾਲੀ ਗਲ ਇਹ ਹੈ ਕਿ ਕੀ ਵਾਕਿਆ ਹੀ ਸਤਯੁਗ, ਤਰੇਤਾ ਅਤੇ ਦੁਆਪਰ ਅਸਲ ਵਿਚ ਹੀ ਐਨੇ ਚੰਗੇ ਯੁਗ ਸਨ ਕਿ ਉਦੋਂ ਸਭ ਬੰਦੇ ਧਰਮੀ ਹੀ ਸਨ ਅਤੇ ਕੋਈ ਦੁਖੀ ਨਹੀਂ ਸੀ? ਕੀ ਉਨ੍ਹਾਂ ਯੁਗਾਂ ਦੇ ਮੁਕਾਬਲੇ ਕਲਯੁਗ ਅਸਲ ਵਿਚ ਹੀ ਐਨਾ ਬੁਰਾ ਹੈ ਕਿ ਇਸ ਯੁਗ ਵਿਚ ਜਨਮ ਲੈਣਾ ਹੀ ਨਰਕ ਭੋਗਣ ਦੇ ਬਰਾਬਰ ਹੈ। ਸਭ ਤੋਂ ਪਹਿਲੀ ਗਲ ਤਾਂ ਇਹ ਹੈ ਕਿ ਇਕ ਯੁਗ ਦੇ ਪ੍ਰਾਣੀਆਂ ਦੀ ਦੂਜੇ ਯੁਗ ਤਕ ਪਹੁੰਚ ਨਹੀਂ ਇਸ ਲਈ ਦੂਜੇ ਯੁਗ ਦੀ ਕੋਈ ਗਲ ਦਾਅਵੇ ਨਾਲ ਮੰਨਣ ਯੋਗ ਨਹੀਂ ਕਹੀ ਜਾ ਸਕਦੀ। ਇਸ ਲਈ ਮੁਕਾਬਲਾ ਕਠਿਨ ਹੈ। ਪੰਡਤ ਸਤਯੁਗ ਦੀਆਂ ਸਭ ਤੋਂ ਜਿਆਦਾ ਸਿਫ਼ਤਾਂ ਕਰਦੇ ਹਨ। ਕਲਯੁਗ ਤੋਂ ਪਹਿਲੇ ਦੀਆਂ ਸਾਨੂੰ ਦੋ ਮਿਥਿਹਾਸਿਕ ਕਥਾਵਾਂ ਮਿਲਦੀਆਂ ਹਨ। ਉਹ ਹਨ ਰਮਾਇਣ ਅਤੇ ਮਹਾਂਭਾਰਤ। ਇਸ ਤੋਂ ਇਲਾਵਾ ਦੇਵਤਿਆਂ ਦੀਆਂ ਜ਼ਿੰਦਗੀਆਂ ਬਾਰੇ ਕੁਝ ਦੰਦ ਕਥਾਵਾਂ ਵੀ ਮਿਲਦੀਆਂ ਹਨ ਜੋ ਉਨ੍ਹਾਂ ਦੀ ਜ਼ਿੰਦਗੀ ਅਤੇ ਚਾਲਚਲਣ ਬਾਰੇ ਕੁਝ ਚਾਨਣਾ ਪਾਉਂਦੀਆਂ ਹਨ। ਇਸ ਲਈ ਇਨ੍ਹਾਂ ਕਥਾਵਾਂ ਨਾਲ ਹੀ ਅਸੀਂ ਆਪਣੀ ਕਲਪਨਾ ਅਨੁਸਾਰ ਪੁਰਾਤਨ ਯੁਗਾਂ ਦੀ ਫੇਰੀ ਲਾ ਸਕਦੇ ਹਾਂ। ਅਸੀਂ ਦੇਖ ਸਕਦੇ ਹਾਂ ਕਿ ਸਤਯੁਗ, ਤਰੇਤਾ ਅਤੇ ਦੁਆਪਰ ਵਿਚ ਕੀ ਗੁਣ ਸਨ ਅਤੇ ਕਲਯੁਗ ਦੇ ਕੀ ਔਗੁਣ ਹਨ। ਪਹਿਲੀ ਗਲ ਤਾਂ ਇਹ ਹੈ ਕਿ ਉਪਰੋਕਤ ਦੋ ਮਹਾਂ ਕਾਵਿ ਨੂੰ ਮਿਥਿਹਾਸਿਕ ਕਿਹਾ ਜਾਂਦਾ ਹੈ ਭਾਵ ਇਹ ਇਤਿਹਾਸ ਵਿਚ ਕਦੀ ਨਹੀਂ ਵਾਪਰੀਆਂ। ਮਿਥਿਆ ਦਾ ਅਰਥ ਵੀ ਹੈ ਕਾਲਪਨਿਕ। ਚਲੋ ਅਸੀਂ ਥੋੜ੍ਹੀ ਦੇਰ ਲਈ ਆਪਣੀ ਬੁੱਧੀ ਨੂੰ ਪਾਸੇ ਰੱਖ ਕੇ ਇਨ੍ਹਾਂ ਨੂੰ ਅਸਲੀ ਹੀ ਮੰਨ ਲੈਂਦੇ ਹਾਂ ਇਸ ਲਈ ਇਨ੍ਹਾਂ ਦੇ ਪਾਤਰਾਂ ਦੇ ਜੀਵਨ ਤੋਂ ਸੇਧ ਲੈ ਕੇ ਵਿਚਾਰ ਕਰਦੇ ਹਾਂ ਕਿ ਸਤਯੁਗ ਅਤੇ ਕਲਯੁਗ ਦੇ ਤੱਥਾਂ ਵਿਚ ਕੀ ਸਚਾਈ ਹੈ।
ਭਾਰਤ ਵਿਚ ਮਹਾਨ ਚਿੰਤਕ ਅਤੇ ਸੰਤ ਹੋਏ ਹਨ ਓਸ਼ੋ। ਓਸ਼ੋ ਦੇ ਸਤਯੁਗ ਬਾਰੇ ਨਿਵੇਕਲੇ ਵਿਚਾਰ ਹਨ। ਓਸ਼ੋ ਕਹਿੰਦਾ ਹੈ ਕਿ ਤੁਸੀਂ ਇਸ ਸੰਸਾਰ 'ਤੇ ਸਤਯੁਗ ਨੂੰ ਦੁਬਾਰਾ ਲਿਆਉਣ ਦਾ ਸੋਚਣਾ ਵੀ ਨਾ। ਸਤਯੁਗ ਵਿਚ ਅੋਰਤਾਂ ਅਤੇ ਗ਼ਰੀਬ ਲੋਕਾਂ ਦੀ ਹਾਲਾਤ ਬੜੀ ਤਰਸ ਯੋਗ ਸੀ। ਔਰਤਾਂ ਸਰੇ ਆਮ ਬਜ਼ਾਰ ਵਿਚ ਵਿਕਦੀਆਂ ਸਨ। ਉਨ੍ਹਾਂ ਨੂੰ ਮੰਡੀ ਦਾ ਮਾਲ ਹੀ ਸਮਝਿਆਂ ਜਾਂਦਾ ਸੀ। ਇਹ ਅੋਰਤਾਂ ਕੋਈ ਰਾਣੀਆਂ ਮਹਾਰਾਣੀਆਂ ਤਾਂ ਹੋਣਗੀਆਂ ਨਹੀਂ। ਕੇਵਲ ਗ਼ਰੀਬਾਂ ਦੀਆਂ ਔਰਤਾਂ ਹੀ ਵਿਕਦੀਆਂ ਸਨ। ਉਨ੍ਹਾਂ ਨਾਲ ਵਿਭਚਾਰ ਕੀਤਾ ਜਾਂਦਾ ਸੀ। ਧਰਮ ਦੇ ਪੁਜਾਰੀ ਛੋਟੀਆਂ ਬੱਚੀਆਂ ਨੂੰ ਦੇਵਦਾਸੀਆਂ ਬਣਾ ਕੇ ਰੱਖਦੇ ਸਨ ਅਤੇ ਉਨ੍ਹਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦੇ ਸਨ। ਉਨ੍ਹਾਂ ਦੇਵਦਾਸੀਆਂ ਨੂੰ ਅਮੀਰਾਂ ਵਜੀਰਾਂ ਦੀ ਅਯਾਸ਼ੀ ਲਈ ਵੀ ਭੇਟ ਕੀਤਾ ਜਾਂਦਾ ਸੀ। ਇਨ੍ਹਾਂ ਨੂੰ ਕਦੀ ਪਤਨੀ ਦਾ ਹੱਕ ਨਹੀਂ ਸੀ ਮਿਲਦਾ। ਇਨ੍ਹਾਂ ਨੂੰ ਕੇਵਲ ਭੋਗ ਦੀ ਵਸਤੂ ਹੀ ਸਮਝਿਆ ਜਾਂਦਾ ਸੀ। ਗ਼ਰੀਬ ਬੰਦਿਆਂ ਦੀ ਵੀ ਸਰੇ ਆਮ ਬੋਲੀ ਲਗਦੀ ਸੀ ਅਤੇ ਉਨ੍ਹਾਂ ਨੂੰ ਅਮੀਰ ਲੋਕ ਖ੍ਰੀਦ ਲੈਂਦੇ ਸਨ ਅਤੇ ਉਨ੍ਹਾਂ ਨੂੰ ਸਾਰੀ ਉਮਰ ਲਈ ਗ਼ੁਲਾਮ ਬਣਾ ਕੇ ਰੱਖਦੇ ਸਨ। ਉਨ੍ਹਾਂ ਨੂੰ ਥੋੜ੍ਹਾ ਜਿਹਾ ਹੀ ਖਾਣ ਨੂੰ ਦਿੱਤਾ ਜਾਂਦਾ ਸੀ ਤਾਂ ਕਿ ਉਹ ਜ਼ਿੰਦਾ ਰਹਿਣ ਭਾਵ ਮਰਨ ਨਾ ਅਤੇ ਉਨ੍ਹਾਂ ਦੀ ਹਰ ਸਮੇਂ ਗ਼ੁਲਾਮੀ ਕਰਦੇ ਰਹਿਣ। ਉਨ੍ਹਾਂ ਤੋਂ ਸਖ਼ਤ ਵਗਾਰਾਂ ਲਈਆਂ ਜਾਂਦੀਆਂ ਸਨ ਅਤੇ ਤਰ੍ਹਾਂ ਤਰ੍ਹਾਂ ਦੇ ਤਸੀਹੇ ਦਿੱਤੇ ਜਾਂਦੇ ਸਨ। ਇਹ ਹੈ ਸਤਯੁਗ ਦਾ ਸੱਚ। ਸਤਯੁਗ ਵਿਚ ਬਹੁਤ ਰਿਸ਼ੀ ਮੁਨੀ ਹੋਏ। ਉਨ੍ਹਾਂ ਨੇ ਘੋਰ ਤਪੱਸਿਆ ਕੀਤੀ ਪਰ ਵਿਸ਼ਵਾ ਮਿਤੱਰ ਜਿਹੇ ਮਹਾਨ ਤਪੱਸਵੀ  ਵੀ ਪਰਾਈ ਨਾਰੀ ਨੂੰ ਦੇਖ ਕੇ ਡੋਲ ਗਏ ਅਤੇ ਉਰਵਸ਼ੀ ਅਪਸਰਾ ਦਾ ਸਤਿ ਭੰਗ ਕੀਤਾ। ਇੰਦਰ ਅਤੇ ਚੰਦਰਮਾ ਜਿਹੇ ਦੇਵਤੇ ਵੀ ਸਤਿ ਦੇ ਪੂਰੇ ਨਾ ਰਹਿ ਸੱਕੇ। ਉਹ ਗੋਤਮ ਰਿਸ਼ੀ ਦੀ ਪਤਨੀ ਅਹੱਲਿਆ ਦੀ ਸੁੰਦਰਤਾ ਬਾਰੇ ਜਾਣ ਕੇ ਕਾਮ ਵਿਚ ਅੰਨ੍ਹੇ ਹੋਏ ਅਤੇ ਉਸ ਦਾ ਸਤਿ ਭੰਗ ਕਰਨ ਤੁਰ ਪਏ। ਅੰਤ ਅਹੱਲਿਆ ਨੂੰ ਗੋਤਮ ਰਿਸ਼ੀ ਦੇ ਸਰਾਪ ਕਾਰਨ ਤਰੇਤੇ ਯੁਗ ਤਕ ਸਿਲ ਪੱਥਰ ਵਿਚ ਤਬਦੀਲ ਹੋ ਕਿ ਰਹਿਣਾ ਪਿਆ। ਸੂਰਜ ਦੇਵਤਾ ਦੁਆਰਾ ਕੁਆਰੀ ਰਾਜਕੁਮਾਰੀ ਕੁੰਤੀ (ਜੋ ਬਾਅਦ ਵਿਚ ਮਹਾਰਾਣੀ ਬਣੀ ਅਤੇ ਪੰਜ ਪਾਂਡੂਆਂ ਦੀ ਮਾਂ ਬਣੀ) ਤੋਂ ਕਰਣ ਦਾ ਜਨਮ ਲੈਣਾ ਵੀ ਦੇਵਤਿਆਂ ਦੇ ਕਿਰਦਾਰ ਤੇ ਚਾਨਣ ਪਾਉਂਦਾ ਹੈ। 
ਇਨ੍ਹਾਂ ਯੁਗਾਂ ਵਿਚ ਹੀ ਵੇਦ ਰਚੇ ਗਏ। ਧਾਰਮਿਕ ਗ੍ਰੰਥਾਂ ਵਿਚ ਲਿਖਿਆ ਗਿਆ-"ਢੋਲ, ਗਵਾਰ, ਸ਼ੁਦਰ, ਪਸ਼ੂ ਔਰ ਨਾਰੀ। ਸਭੋ ਤਾੜਨ ਕੇ ਅਧਿਕਾਰੀ। ਉਸ ਸਮੇਂ ਸ਼ੂਦਰਾਂ ਅਤੇ ਅੋਰਤਾਂ ਨੂੰ ਪਸ਼ੂਆਂ ਦੇ ਬਰਾਬਰ ਗਿਣਿਆ ਜਾਂਦਾ ਸੀ। ਉਨ੍ਹਾਂ ਨੂੰ ਮਨੁੱਖ ਨਹੀਂ ਸੀ ਸਮਝਿਆ ਜਾਂਦਾ। ਸ਼ੂਦਰਾਂ ਨੂੰ ਵੇਦਾਂ ਦੇ ਸੁਨਣ ਦਾ ਵੀ ਅਧਿਕਾਰ ਨਹੀਂ ਸੀ। ਜਦ ਰਾਜਾ ਰਾਮਚੰਦਰ ਨੂੰ ਪਤਾ ਲੱਗਾ ਕਿ ਇਕ ਸ਼ੂਦਰ ਨੇ ਛੋਰੀ ਛਿਪੇ ਵੇਦਾਂ ਦੇ ਮੰਤਰ ਸੁਣ ਲਏ ਹਨ ਤਾਂ ਰਾਮ ਨੇ  ਉਸ ਦੇ ਕੰਨਾ ਵਿਚ ਪਿੰਘਲਿਆ ਹੋਇਆ ਸੀਸਾ ਪੁਵਾ ਦਿੱਤਾ। ਉਸ ਵਿਚਾਰੇ ਦੀ ਪੀੜਾ ਦਾ ਕੌਣ ਅੰਦਾਜ਼ਾ ਲਾ ਸਕਦਾ ਹੈ?
ਇਸ ਤੋਂ ਇਲਾਵਾ ਰਾਮ ਨੇ ਬਾਲੀ ਨਾਲ ਕੋਈ ਦੁਸ਼ਮਣੀ ਨਾ ਹੁੰਦਿਆਂ ਹੋਇਆਂ ਵੀ ਉਸ ਦਾ ਚੋਰੀ ਛਿਪੇ ਕਤਲ ਕੀਤਾ। ਲੰਕਾਪਤੀ ਰਾਵਣ ਦੇ ਮਰਦਿਆਂ ਹੀ ਉਸ ਦੀ ਪਟਰਾਣੀ ਦਮੋਦਰੀ ਨੇ ਭਭੀਖਣ ਨਾਲ ਸ਼ਾਦੀ ਕਰ ਲਈ। ਇਹ ਸਨ ਉਨ੍ਹਾਂ ਦੇ ਕਿਰਦਾਰ।
ਹੁਣ ਅਸੀਂ ਮਹਾਂਭਾਰਤ ਦੀਆਂ ਕੁਝ ਝਲਕੀਆਂ ਦੇਖਦੇ ਹਾਂ ਕਿ ਉਦੋਂ ਸਾਡੇ ਮਹਾਂਰਿਸ਼ੀਆਂ ਅਤੇ ਧਰਮ ਗੁਰੂਆਂ ਦੇ ਕੀ ਕਿਰਦਾਰ ਸਨ ਅਤੇ ਗ਼ਰੀਬਾਂ ਅਤੇ ਔਰਤਾਂ ਦਾ ਸਮਾਜ ਵਿਚ ਕੀ ਸਥਾਨ ਸੀ। ਲੋਕ ਕਿੰਨੇ ਕੁ ਸੁਖੀ ਸਨ। ਮਹਾਂ ਭਾਰਤ ਦੇ ਸਮੇਂ ਜੇ ਅਸੀਂ ਕੇਵਲ ਇਕੱਲੀ ਦਰੋਪਦੀ ਦੇ ਜੀਵਨ ਤੇ ਹੀ ਝਾਤੀ ਮਾਰੀਏ ਤਾਂ ਸਾਨੂੰ ਪਤਾ ਲਗ ਜਾਂਦਾ ਹੈ ਕਿ ਉਸ ਸਮੇਂ ਸਮਾਜ ਵਿਚ ਔਰਤ ਦਾ ਕੀ ਸਥਾਨ ਸੀ। ਦਰੋਪਦੀ ਜੋ ਕਿ ਰਾਜਪੁੱਤਰੀ ਸੀ ਉਸ ਨੂੰ ਅਰਜੁਨ ਨੇ ਸਵੰਬਰ ਵਿਚ ਜਿੱਤਿਆ ਸੀ। ਇਸ ਹਿਸਾਬ ਸਿਰ ਉਹ ਅਰਜੁਨ ਦੀ ਪਤਨੀ ਸੀ ਪਰ ਉਸ ਨੂੰ ਭੋਗ ਦੀ ਵਸਤੂ ਸਮਝ ਕੇ ਪੰਜਾਂ ਪਾਂਡੂਆਂ ਨੇ ਭੋਗਿਆ। ਉਹ ਕਿਸੇ ਇਕ ਦੀ ਪਤਨੀ ਬਣ ਕੇ ਨਾ ਰਹਿ ਸਕੀ।ਹੋਰ ਤਾਂ ਹੋਰ ਉਹ ਰਾਜ-ਪੁੱਤਰੀ ਹੋਣ ਦੇ ਨਾਲ ਨਾਲ ਰਾਜ- ਬਹੂ ਵੀ ਸੀ ਅਤੇ ਉਸ ਦੇ ਪਟਰਾਣੀ ਬਣਨ ਦੀ ਉਮੀਦ ਸੀ ਪਰ ਉਸ ਨੂੰ ਇਕ ਵਸਤੂ ਸਮਝ ਕੇ ਧਰਮਰਾਜ ਯੁਧਿਸ਼ਟਰ ਨੇ ਜੂਏ ਵਿਚ ਹਾਰ ਦਿੱਤਾ। ਇੱਥੇ ਹੀ ਬਸ ਨਹੀਂ ਉਸ ਦਾ ਜੇਠ ਦੁਰਯੋਜਨ ਜੋ ਉਸ ਸਮੇਂ ਹਸਤਨਾਪੁਰ ਦਾ ਰਾਜਾ ਸੀ, ਵੀ ਉਸ 'ਤੇ ਮੈਲੀ ਅੱਖ ਰੱਖਦਾ ਸੀ। ਭਰੇ ਦਰਬਾਰ ਵਿਚ ਸਭ ਦੇ ਸਾਹਮਣੇ ਦਰੋਪਦੀ ਨੂੰ ਨੰਗਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਸ ਸਮੇਂ ਉਸ ਦੇ ਪੰਜੇ ਪਤੀ (ਪਾਂਡੂ) ਚੁੱਪ ਹਨ। ਭੀਸ਼ਮ ਪਿਤਾਮਾ, ਰਾਜ-ਗੁਰੂ ਦਰੋਣਾਚਾਰਿਆ, ਕਰਣ ਵਰਗੇ ਵੀਰ ਅਤੇ ਪਿਤਾ ਸਮਾਨ ਧਰਿਤਰਾਸ਼ਟਰ ਸਾਰੇ ਦੇ ਸਾਰੇ ਇਸ ਨੰਗੇ ਨਾਚ ਨੂੰ ਭਰੇ ਦਰਬਾਰ ਵਿਚ ਮੋਨ ਰਹਿ ਕੇ ਦੇਖ ਰਹੇ ਸਨ। ਉਸ ਸਮੇਂ ਕਿਸੇ ਵੀਰ ਦਾ ਖ਼ੂਨ ਨਹੀਂ ਖੋਲ੍ਹਿਆ, ਕਿਸੇ ਵੀਰ ਦੀ ਵੀਰਤਾ ਨਹੀਂ ਜਾਗੀ ਜੋ ਦੁਰਯੋਜਨ ਦੇ ਇਸ ਬੇਸ਼ਰਮੀ ਦੇ ਕੰਮ ਨੂੰ ਰੋਕ ਸਕੇ।। ਇਸ ਤੋਂ ਸਹਿਜੇ ਹੀ ਅਨੁਮਾਨ ਲਗ ਜਾਂਦਾ ਹੈ ਕਿ ਜੇ ਇਕ ਰਾਜ ਕੰਨਿਆ ਅਤੇ ਹੋਣ ਵਾਲੀ ਪਟਰਾਣੀ ਨੂੰ ਦਵਾਪਰ ਵਿਚ ਭੋਗ ਦੀ ਵਸਤੂ ਅਤੇ ਮੰਡੀ ਦਾ ਮਾਲ ਸਮਝਿਆ ਜਾਂਦਾ ਹੈ ਅਤੇ ਭਰੇ ਦਰਬਾਰ ਵਿਚ ਜ਼ਲੀਲ ਕੀਤਾ ਜਾ ਸਕਦਾ ਹੈ ਤਾਂ ਉਸ ਸਮੇਂ ਆਮ ਔਰਤ ਦੀ ਕੀ ਹਾਲਤ ਹੋਵੇਗੀ। 
ਯੁਧਿਸ਼ਟਰ ਨੂੰ ਯੁਗਾਂ ਦੇ ਬੀਤਣ ਦੇ ਬਾਅਦ ਵੀ ਧਰਮਰਾਜ ਯੁਧਿਸ਼ਟਰ ਹੀ ਕਿਹਾ ਜਾਂਦਾ ਹੈ। ਉਸ ਨੇ ਅਰਜੁਨ ਦੀ ਵਿਹਾਤਾ ਔਰਤ ਨਾਲ ਸਬੰਧ ਬਣਾਏ ਅਤੇ ਆਪਣੇ ਛੋਟੇ ਭਰਾਵਾਂ ਨੂੰ ਵੀ ਅਜਿਹਾ ਕਰਨ ਦੀ ਇਜਾਜ਼ਤ ਦਿੱਤੀ। ਫਿਰ ਉਹ ਜੁਆਰੀ ਵੀ ਸੀ। ਜੂਏ ਵਿਚ ਸਾਰਾ ਰਾਜਭਾਗ ਹਾਰ ਗਿਆ। ਇੱਥੇ ਹੀ ਬਸ ਨਹੀਂ ਉਸ ਨੇ ਆਪਣੇ ਆਪ ਨੂੰ, ਆਪਣੇ ਭਰਾਵਾਂ ਨੂੰ ਅਤੇ ਦਰੋਪਦੀ ਨੂੰ ਵੀ ਇਕ ਵਸਤੂ ਸਮਝ ਕਿ ਜੂਏ ਵਿਚ ਹਾਰ ਦਿੱਤਾ। ਯੁਧਿਸ਼ਟਰ ਨੂੰ ਸਤਿਆਵਾਦੀ ਵੀ ਕਿਹਾ ਜਾਂਦਾ ਹੈ। ਇਸ ਗਲ ਨੂੰ ਉਸ ਦੇ ਦੁਸ਼ਮਣ ਵੀ ਮੰਨਦੇ ਹਨ। ਉਸ ਨੇ ਆਪਣੇ ਗੁਰੂ ਦਰੋਣਾਚਾਰਿਆ ਦਾ ਅਰਧ-ਸੱਚ (ਭਾਵ ਅੱਧਾ ਝੂਠ ਵੀ) ਬੋਲ ਕੇ ਕਿਹਾ ਕਿ ਅਸਵਥਾਮਾ (ਦੋਰਣਾਚਾਰਿਆ ਦਾ ਪੁੱਤਰ) ਮਰ ਗਿਆ ਹੈ ਜਦ ਕਿ ਦਰੋਣਾਚਾਰਿਆ ਦਾ ਪੁੱਤਰ ਜ਼ਿਉਂਦਾ ਸੀ, ਕੇਵਲ ਅਸਵਥਾਮਾ ਹਾੱਥੀ ਮਰਿਆ ਸੀ। ਇਸ ਤਰ੍ਹਾਂ ਯੁਧਿਸ਼ਟਰ ਆਪਣੇ ਗੁਰੂ ਦੇ ਪ੍ਰਾਣ ਲੈਣ ਦਾ ਵੀ ਕਾਰਨ ਬਣਿਆ।
ਭੀਸ਼ਮ ਪਿਤਾਮਾ ਕੌਰਵਾਂ ਅਤੇ ਪਾਂਡੂਆਂ ਦਾ ਸਾਂਝਾ ਬਜ਼ੁਰਗ ਸੀ ਅਤੇ ਸਾਰੇ ਹੀ ਬਚਪਨ ਵਿਚ ਉਸ ਦੀ ਗੋਦੀ ਵਿਚ ਖੇਡੇ ਸਨ। ਉਸ ਨੇ ਆਪਣੇ ਪਿਤਾ ਖਾਤਰ ਸਾਰੀ ਉਮਰ ਕੁਆਰਾ ਰਹਿਣ ਦੀ ਪ੍ਰਤਿਗਿਆ ਕੀਤੀ ਸੀ ਅਤੇ ਉਸ ਨੂੰ ਨਿਭਾਇਆ ਵੀ, ਇਸ ਲਈ ਸਭ ਦੇ ਸਤਿਕਾਰ ਦਾ ਪਾਤਰ ਸੀ। ਉਹ ਭਰੇ ਦਰਬਾਰ ਵਿਚੋਂ ਕਾਂਸ਼ੀ ਦੇ ਰਾਜੇ ਦੀਆਂ ਤਿਨ ਪੁਤਰੀਆਂ ਅੰਬਾ, ਅੰਬਿਕਾ ਅਤੇ ਅੰਬਾਲਿਕਾ ਨੂੰ ਜਬਰਦਸਤੀ ਅਗਵਾ ਕਰ ਕੇ ਲੈ ਆਇਆ। ਉਸ ਨੇ ਯੁਧ ਵਿਚ ਕੌਰਵਾਂ ਦਾ ਸਾਥ ਦਿੱਤਾ। ਦਰਬਾਰ ਵਿਚ ਦਰੋਪਦੀ, ਜੋ ਉਸ ਦੀ ਨੂੰਹ ਲਗਦੀ ਸੀ, ਦਾ ਚੀਰ ਹਰਨ ਹੁੰਦਾ ਦੇਖ ਕੇ ਮੋਨ ਧਾਰ ਬੈਠਾ।
ਰਾਜ-ਗੁਰੂ ਦਰੋਣਾਚਾਰਿਆ ਕੌਰੂਆਂ ਅਤੇ ਪਾਂਡੂਆਂ ਦਾ ਸਾਂਝਾ ਗੁਰੂ ਸੀ ਅਤੇ ਸਭ ਨੇ ਸ਼ਸਤਰ ਵਿਦਿਆ ਉਸ ਕੋਲੋਂ ਹੀ ਸਿੱਖੀ ਸੀ ਅਤੇ ਸਾਰੇ ਦੇ ਸਾਰੇ ਬਚਪਨ ਵਿਚ ਉਸ ਦੀ ਗੋਦੀ ਵਿਚ ਖੇਡਦੇ ਰਹੇ। ਇਕ ਵਾਰੀ ਉਸ ਕੋਲ ਇਕ ਬਾਲਕ, ਏਕਲਵਯ ਜੋ ਨੀਚੀ ਜ਼ਾਤ ਦਾ ਸੀ, ਆਇਆ ਅਤੇ ਮੱਥਾ ਟੇਕ ਕੇ ਉਸ ਨੂੰ ਸ਼ਿਸ਼ ਬਣਾਉਣ ਦੀ ਪ੍ਰਾਰਥਨਾ ਕੀਤੀ। ਪਰ ਦਰੋਣਾਚਾਰਿਆ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਹ ਕੇਵਲ ਰਾਜਕੁਮਾਰਾਂ ਨੂੰ ਹੀ ਸ਼ਿਸ਼ ਬਣਾਉਂਦਾ ਹੈ। ਏਕਲਵਯ ਆਪਣੀ ਧੁਨ ਦਾ ਪੱਕਾ ਸੀ। ਉਸ ਨੇ ਮਨ ਵਿਚ ਦਰੋਣਾਚਾਰਿਆ ਨੂੰ ਗੁਰੂ ਧਾਰ ਕੇ ਆਪਣੇ ਹੀ ਬਲ 'ਤੇ ਧਨੁਸ਼ ਵਿਦਿਆ ਦਾ ਅਭਿਆਸ ਸ਼ੁਰੂ ਕਰ ਦਿੱਤਾ। ਇਕ ਦਿਨ ਉਹ ਮਹਾਨ ਤੀਰ ਅੰਦਾਜ਼ ਬਣ ਗਿਆ। ਜਦ ਦਰੋਣਾਚਾਰਿਆ ਨੂੰ ਇਸ ਗਲ ਦਾ ਪਤਾ ਲੱਗਾ ਤਾਂ ਉਸ ਨੂੰ ਚੰਗਾ ਨਾ ਲੱਗਾ ਕਿਉਂਕਿ ਉਹ ਤਾਂ ਅਰਜੁਨ ਨੂੰ ਦੁਨੀਆਂ ਦਾ ਸਭ ਤੋਂ ਮਹਾਨ ਤੀਰ ਅੰਦਾਜ਼ ਬਣਾਉਣਾ ਚਾਹੁੰਦਾ ਸੀ। ਉਹ ਸਿੱਧਾ ਏਕਲਵਯ ਕੋਲ ਚਲਾ ਗਿਆ ਅਤੇ ਕਿਹਾ ਕਿ ਜੇ ਤੂੰ ਮੈਨੂੰ (ਮਨ ਅੰਦਰ) ਗੁਰੂ ਧਾਰਿਆ ਹੈ ਤਾਂ ਗੁਰੂ ਦੱਛਣਾ ਤਾਂ ਦਿੱਤੀ ਹੀ ਨਹੀਂ। ਦੇਖੋ ਕਿਤਨਾ ਛੱਲ, ਕਪਟ ਅਤੇ ਬੇਸ਼ਰਮੀ ਅਤੇ ਕਮੀਨਾਪਨ ਹੈ। ਸ਼ਿਸ਼ ਬਣਾਇਆ ਨਹੀਂ, ਸ਼ਸਤਰ ਵਿਦਿਆ ਸਿਖਾਈ ਨਹੀਂ ਪਰ ਫਿਰ ਵੀ ਤੁਰ ਪਏ ਗੁਰੂ ਦੱਛਣਾ ਲੈਣ। ਏਕਲਵਯ ਜੋ  ਮਨ ਦਾ ਸਾਫ ਸੀ ਅਤੇ ਗੁਰੂ ਵਿਚ ਅਥਾਹ ਸ਼ਰਧਾ ਰੱਖਦਾ ਸੀ। ਉਸ ਨੇ ਹੱਥ ਜੋੜ ਕੇ ਕਿਹਾ-"ਹੁਕਮ ਕਰੋ ਗੁਰੂ ਦੇਵ ਮੈਂ ਗੁਰੂ ਦੱਛਣਾ ਦੇਣ ਲਈ ਤਿਆਰ ਹਾਂ।" ਦਰੋਣਾ ਚਾਰਿਆ ਨੇ ਚਲਾਕੀ ਨਾਲ ਏਕਲਵਯ ਦੇ ਸੱਜੇ ਹੱਥ ਦਾ ਅੰਗੂਠਾ ਹੀ ਮੰਗ ਲਿਆ। ਏਕਲਵਯ ਨੂੰ ਪਤਾ ਸੀ ਕਿ ਜੇ ਮੈਂ ਸੱਜੇ ਹੱਥ ਦਾ ਅੰਗੁਠਾ ਦੇ ਦਿੱਤਾ ਤਾਂ ਸਾਰੀ ਉਮਰ ਲਈ ਅਪੰਗ ਹੋ ਕੇ ਰਹਿ ਜਾਵਾਂਗਾ। ਮੇਰੀ ਸਾਰੀ ਜ਼ਿੰਦਗੀ ਦੀ ਤਪੱਸਿਆ (ਸ਼ਸਤਰ ਵਿਦਿਆ) ਵਿਅਰਥ ਹੀ ਚਲੀ ਜਾਵੇਗੀ। ਫਿਰ ਵੀ ਉਸ ਨੇ ਉਸੇ ਸਮੇਂ ਆਪਣੇ ਸੱਜੇ ਹੱਥ ਦਾ ਅੰਗੂਠਾ ਕੱਟ ਕੇ ਦਰੋਣਾਚਾਰਿਆ ਦੀ ਭੇਟ ਕਰ ਦਿੱਤਾ ਅਤੇ ਆਪਣਾ ਸਾਰਾ ਭਵਿਖ ਬਰਬਾਦ ਕਰ ਲਿਆ। ਦਾਨਵੀਰ ਕਰਣ, ਦੁਰਯੋਦਨ ਦੇ ਅਹਿਸਾਨਾ ਥੱਲੇ ਦਬਿਆ ਹੋਇਆ ਸੀ, ਆਪਣੀ ਵੀਰਤਾ ਅਤੇ ਨੈਤਿਕਤਾ ਨੂੰ ਭੁੱਲ ਬੈਠਾ। ਧਰਿਤਰਾਸ਼ਟਰ ਜੋ ਪਹਿਲਾਂ ਹੀ ਅੰਨ੍ਹਾ ਸੀ ਅਤੇ ਰਾਜਗੱਦੀ ਦਾ ਲਾਲਚੀ ਸੀ, ਉਹ ਵੀ ਪੁੱਤਰ ਮੋਹ ਵਿਚ ਫਸ ਕੇ ਸਭ ਦੁਰਾਚਾਰ ਅਤੇ ਅਨਿਆਇ ਚੁੱਪ ਕਰ ਕੇ ਬਰਦਾਸ਼ਤ ਕਰ ਗਿਆ।
ਸਤਯੁਗ, ਤਰੇਤਾ ਅਤੇ ਦੁਆਪਰ (ਜੇ ਉਨ੍ਹਾਂ ਦੀ ਕੋਈ ਹੋਂਦ ਸੀ) ਵਿਚ ਇਕ ਪੁਰਖੀ ਰਾਜ ਸੀ। ਕੇਵਲ ਰਾਜੇ ਦਾ ਪੁੱਤਰ ਹੀ ਰਾਜਾ ਬਣ ਸਕਦਾ ਸੀ। ਦੂਸਰਾ ਕੋਈ ਰਾਜ ਭਾਗ ਦਾ ਸੁਪਨਾ ਵੀ ਨਹੀਂ ਸੀ ਲੈ ਸਕਦਾ। ਯੁਧ ਵੀ ਰਾਜੇ ਦੀ ਹਉਮੈ ਅਤੇ  ਨਿੱਜੀ ਮੁਫ਼ਾਦ ਕਰ ਕੇ ਹੀ ਲੜੇ ਜਾਂਦੇ ਸਨ। ਇਥੋਂ ਤਕ ਕੇ ਜੇ ਸ਼ਾਂਤੀ ਦਾ ਸਮਾਂ ਵੀ ਹੋਵੇ ਤਾਂ ਰਾਜਾ ਆਪਣਾ ਅਸਵਮੇਧ ਦਾ ਘੋੜਾ ਆਪਣੇ ਰਾਜ ਤੋਂ ਬਾਹਰ ਦੂਰ ਦੂਰ ਤਕ ਦੇ ਇਲਾਕੇ ਵਿਚ ਘੁਮਾ ਦਿੰਦਾ ਸੀ। ਅੱਗੇ ਅੱਗੇ ਘੋੜਾ ਅਤੇ ਪਿੱਛੇ ਪਿੱਛੇ ਉਸ ਦੀ ਸੈਨਾ ਹੁੰਦੀ ਸੀ। ਜਿੱਥੇ ਜਿੱਥੇ ਘੋੜਾ ਘੁਮ ਗਿਆ ਉੱਥੇ ਦਾ ਇਲਾਕਾ ਅਤੇ ਲੋਕ ਉਸ ਰਾਜੇ ਦੇ ਅਧੀਨ ਆ ਜਾਂਦੇ ਸਨ। ਆਮ ਜਨਤਾ ਦੀ ਕੋਈ ਪੁੱਛ ਪਰਤੀਤ ਜਾਂ ਫ਼ਰਿਆਦ ਨਹੀਂ ਸੀ ਸੁਣੀ ਜਾਂਦੀ। ਜਨਤਾ ਨੂੰ ਰਾਜੇ ਦੇ ਨਿੱਜੀ ਯੁੱਧਾਂ ਲਈ ਲੜਨ ਮਰਨ ਲਈ ਜਬਰੀ ਧਕੇਲਿਆ ਜਾਂਦਾ ਸੀ ਅਤੇ ਔਰਤਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਜਾਂਦਾ ਸੀ। ਔਰਤ ਨੂੰ ਦਾਸੀ ਅਤੇ ਪੈਰ ਦੀ ਜੁੱਤੀ ਕਿਹਾ ਜਾਂਦਾ ਸੀ। ਪਤੀ ਨੂੰ ਔਰਤ ਦਾ ਪ੍ਰਮੇਸ਼ਵਰ (ਰੱਬ) ਮੰਨਿਆ ਜਾਂਦਾ ਸੀ।
ਗੁਰਬਾਣੀ ਅਨੁਸਾਰ ਯੁਗ ਹੁੰਦੇ ਹੀ ਨਹੀਂ । ਇਹ ਕੇਵਲ ਮਨ ਦੀ ਅਵਸਥਾ ਹੀ ਹੈ। ਗੁਰੂ ਨਾਨਕ ਦੇਵ ਜੀ ਆਪਣੀ ਬਾਣੀ (ਪੰਨਾ ੯੦੨) ਵਿਚ ਲਿਖਦੇ ਹਨ:
ਸੋਈ ਚੰਦੁ ਚੜਹਿ ਸੇ ਤਾਰੇ ਸੋਈ ਦਿਨੀਅਰੁ ਤਪਤ ਰਹੈ॥
ਸਾ ਧਰਤੀ ਸੋ ਪਉਣੁ ਝੁਲਾਰੇ ਜੁਗ ਜੀਅ ਖੇਲੇ ਥਾਵ ਕੈਸੇ॥

ਭਾਵ ਸਤਯੁਗ, ਤ੍ਰੇਤਾ,ਦਵਾਪਰ ਅਤੇ ਕਲਯੁਗ ਆਦਿ ਸਾਰੇ ਹੀ ਸਮਿਆਂ ਵਿਚ ਉਹ ਹੀ ਚੰਦ ਚੜ੍ਹਦਾ ਆਇਆ ਹੈ। ਉਹੀ ਤਾਰੇ ਹਨ ਅਤੇ ਉਹੀ ਸੂਰਜ ਚਮਕ ਰਿਹਾ ਹੈ। ਧਰਤੀ ਵੀ ਉਹੀ ਹੈ ਅਤੇ ਹਵਾ ਵੀ ਉਹੀ ਝੁਲ ਰਹੀ ਹੈ ਫਿਰ ਮੈਨੂੰ ਦਸੋ ਯੁਗਾਂ ਦਾ ਪ੍ਰਭਾਵ ਕਿਸ ਸਥਾਨ ਤੇ ਪੈ ਰਿਹਾ ਹੈ?
ਪ੍ਰਸਿਧ ਵਿਦਵਾਨ "ਗੁਰਿੰਦਰ ਸਿੰਘ ਕਲਸੀ" ਗੁਰਬਾਣੀ ਦੇ ਵਿਚਾਰਾਂ ਨੂੰ ਇਸ ਤਰ੍ਹਾਂ ਪ੍ਰਗਟ ਕਰਦੇ ਹਨ-"ਜਦੋਂ ਆਮ ਤੌਰ ਤੇ ਮਨੁੱਖਾਂ ਦੀ ਜ਼ਿੰਦਗੀ ਦਾ ਨਿਸ਼ਾਨਾ ਧਰਮ ਹੋਵੇ, ਸੰਤੋਖ ਵਾਲਾ ਸੁਭਾਅ ਆਪਣੇ ਆਪ ਹੀ ਉਨ੍ਹਾਂ ਵਿਚ ਪ੍ਰਬਲ ਹੋ ਜਾਂਦਾ ਹੈ। ਅਜਿਹੇ ਮਨੁੱਖਾਂ ਨੂੰ ਸਤਯੁਗ ਵਿਚ ਜੀਵਨ ਬਤੀਤ ਕਰ ਰਹੇ ਸਮਝੋ। ਜਦੋਂ ਮਨੁੱਖਾਂ ਅੰਦਰ ਸੂਰਮਤਾ ਪ੍ਰਬਲ ਹੋਵੇ ਤਾਂ ਜਤੀ ਰਹਿਣ ਵਾਲੇ ਸੁਭਾਅ ਉਹ ਪ੍ਰਾਪਤ ਕਰ ਲੈਂਦੇ ਹਨ। ਅਜਿਹੀ ਸਥਿਤੀ ਵਿਚ ਮਾਨੋ ਉਹ ਤਰੇਤੇ ਯੁਗ ਵਿਚ ਵਿਚਰ ਰਹੇ ਹਨ। ਇਸੇ ਤਰ੍ਹਾਂ ਉੱਚੇ ਆਚਰਨ ਵਾਲੇ ਮਨੁੱਖ ਆਪਣੀਆਂ ਇੰਦਰੀਆਂ ਵਲੋਂ ਵਿਕਾਰਾਂ ਨੂੰ ਰੋਕ ਕੇ ਰੱਖਦੇ ਹਨ ਭਾਵੇਂ ਉਨ੍ਹਾਂ ਨੂੰ ਕਿੰਨੇ ਵੀ ਕਸ਼ਟ ਕਿਉਂ ਨਾ ਝੱਲਣੇ ਪੈਣ। ਅਜਿਹੇ ਮਨੁੱਖਾਂ ਨੂੰ ਦਵਾਪਰ ਵਿਚ ਸਮਝਿਆ ਜਾ ਸਕਦਾ ਹੈ। ਇਸੇ ਪ੍ਰਕਾਰ ਜਦੋਂ ਮਨੁੱਖਾਂ ਦਾ ਮਨੋਰਥ ਆਪਣੀ ਤ੍ਰਿਸ਼ਨਾ ਨੂੰ ਪੂਰਾ ਕਰਨਾ ਹੋਵੇ ਅਤੇ ਇਸ ਲਈ ਉਹ ਝੂਠ ਦਾ ਸਹਾਰਾ ਲੈ ਰਹੇ ਹੋਣ ਤਾਂ ਅਜਿਹੇ ਮਨੁੱਖਾਂ ਨੂੰ ਕਲਯੁਗ ਦਾ ਵਾਸੀ ਹੀ ਸਮਝਿਆ ਜਾ ਸਕਦਾ ਹੈ।" ਪ੍ਰੋਫੈਸਰ ਸਰਬਜੀਤ ਧੂੰਦਾ ਅਨੁਸਾਰ-"ਗੁਰਬਾਣੀ ਨਾਲੋਂ ਟੁੱਟੇ ਹੋਏ ਮਨੁੱਖ ਕਲਯੁਗੀ ਜੀਵ ਹੁੰਦੇ ਹਨ ਭਾਵ ਉਹ ਕਲੇਸ਼ਾਂ ਵਿਚ ਹੀ ਜੀਵਨ ਬਤੀਤ ਕਰਦੇ ਹਨ।"
ਸਾਨੂੰ ਇਹ ਮੰਨਣ ਵਿਚ ਕੋਈ ਝਿਜਕ ਨਹੀਂ ਕਿ ਕਲਯੁਗ ਵਿਚ ਪਾਪ ਬਹੁਤ ਹੋ ਰਹੇ ਹਨ। ਹਰ ਤਰਫ ਭ੍ਰਿਸ਼ਟਾਚਾਰ ਅਤੇ ਲਾਲਚ ਫੈਲਿਆ ਹੋਇਆ ਹੈ ਪਰ ਕਲਯੁਗ ਦੇ ਕਈ ਗੁਣ ਵੀ ਹਨ ਜੋ ਕਲਯੁਗ ਨੂੰ ਹੋਰ ਯੁਗਾਂ ਤੋਂ ਚੰਗੇਰਾ ਦਰਸਾਉਂਦੇ ਹਨ। ਪਿਤਾ ਪੁਰਖੀ ਰਾਜ ਕਰੀਬ ਸਾਰੀ ਦੁਨੀਆਂ ਵਿਚ ਖਤਮ ਹੋ ਗਏ ਹਨ। ਆਮ ਤੋਰ ਤੇ ਸਾਰੇ ਦੇਸ਼ਾਂ ਵਿਚ ਪ੍ਰਜਾਤੰਤਰ ਦਾ ਰਿਵਾਜ਼ ਹੈ। ਜਨਤਾ ਵੋਟਾਂ ਦਵਾਰਾ ਆਪਣਾ ਸ਼ਾਸਕ ਜਾਂ ਨੇਤਾ ਚੁਣ ਸਕਦੀ ਹੈ। ਹਰ ਮੁਲਕ ਦਾ ਲੋਕਾਂ ਦਵਾਰਾ ਬਣਾਇਆ ਆਪਣਾ ਸਵਿਧਾਨ ਹੈ। ਚੁਣੀ ਹੋਈ ਸਰਕਾਰ ਨੂੰ ਉਸ ਮੁਤਾਬਕ ਹੀ ਕੰਮ ਕਰਨਾ ਪੈਂਦਾ ਹੈ। ਜੇ ਕੋਈ ਨੇਤਾ ਆਪ ਹੁਦਰੀ ਕਰਦਾ ਹੈ ਤਾਂ ਜਨਤਾ ਉਸ ਨੂੰ ਕੁਰਸੀ 'ਤੋਂ ਥੱਲੇ ਲਾਹ ਦਿੰਦੀ ਹੈ। ਜੇ ਕਿਸੇ ਨਾਲ ਬੇਇਨਸਾਫੀ ਹੋਵੇ ਤਾਂ ਇਨਸਾਫ ਦੁਆਉਣ ਲਈ ਅਦਾਲਤਾਂ ਹਨ। ਗ਼ਰੀਬਾਂ, ਸ਼ੂਦਰਾਂ ਅਤੇ ਔਰਤਾਂ ਸਮੇਤ ਸਭ ਨੂੰ ਬਰਾਬਰ ਦੇ ਹੱਕ ਹਨ। ਇਨ੍ਹਾਂ ਦਾ ਆਰਥਿਕ ਪੱਧਰ ਚੁੱਕਣ ਲਈ ਵੱਖਰੇ ਉਪਰਾਲੇ ਕੀਤੇ ਗਏ ਹਨ। ਇਹ ਆਪਣੀ ਮਾਨਤਾ ਅਨੁਸਾਰ ਕੋਈ ਧਰਮ ਅਪਣਾ ਕੇ ਆਪਣੇ ਹਿਸਾਬ ਸਿਰ ਪੂਜਾ ਕਰ ਸਕਦੇ ਹਨ ਅਤੇ ਅਣਖ ਨਾਲ ਜ਼ਿੰਦਗੀ ਜਿਉਂ ਸਕਦੇ ਹਨ। ਇਨ੍ਹਾਂ ਦਾ ਬੋਧਿਕ ਪੱਧਰ ਉੱਪਰ ਚੁੱਕਣ ਲਈ ਵਿਦਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਬਾਲ ਵਿਆਹ ਅਤੇ ਸਤੀ ਪ੍ਰਥਾ ਖਤਮ ਕੀਤੀ ਜਾ ਚੁੱਕੀ ਹੈ। ਹੁਣ ਔਰਤ ਪੈਰ ਦੀ ਜੁੱਤੀ ਜਾਂ ਮਰਦ ਦੀ ਦਾਸੀ ਨਹੀਂ। ਹੁਣ ਉਹ ਜੀਵਨ ਸੰਗਨੀ ਹੈ। ਔਰਤ ਕੇਵਲ ਮਰਦ ਦੇ ਮੋਢੇ ਨਾਲ ਮੋਢਾ ਮਿਲਾ ਕੇ ਹੀ ਨਹੀਂ ਚਲ ਰਹੀ ਸਗੋਂ ਨਿਤ ਨਵੀਆਂ ਬੁਲੰਦੀਆਂ ਛੂਹ ਕੇ ਸਭ ਦਾ ਮਾਰਗ ਦਰਸ਼ਨ ਵੀ ਕਰ ਰਹੀ ਹੈ। ਰਾਜ ਪ੍ਰਬੰਧ ਵਿਚ ਦਫਤਰਾਂ ਵਿਚ ਔਰਤਾਂ ਦਾ ਪੂਰਾ ਬੋਲਬਾਲਾ ਹੈ।  
ਸਾਡੇ ਵਿਚਾਰ ਅਨੁਸਾਰ ਕਲਯੁਗ ਦਾ ਭਾਵ ਕਲਾ ਦਾ ਯੁਗ ਹੈ ਭਾਵ ਕਲ ਪੁਰਜਿਆਂ ਅਤੇ ਮਸ਼ੀਨਰੀ ਦਾ ਯੁਗ।ਮੋਬਾਈਲ, ਕੰਪਿਊਟਰ, ਇੰਟਰਨੈੱਟ, ਰਾਕੇਟ ਅਤੇ ਹੋਰ ਖੋਜਾਂ ਨੇ ਤਹਿਲਕਾ ਮਚਾ ਦਿੱਤਾ ਹੈ। ਇਹ ਸਭ ਮਨੁੱਖੀ ਦਿਮਾਗ ਦੀ ਉੱਤਮਤਾ ਦੀ ਹਾਮੀ ਭਰਦਾ ਹੈ ਅਤੇ ਮਨੁੱਖ ਨੂੰ ਚਾਰੇ ਯੁਗਾਂ ਵਿਚੋਂ ਸਭ 'ਤੋਂ ਸ੍ਰੇਸ਼ਟ ਸਾਬਤ ਕਰਦਾ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਬ੍ਰਹਾਮਣਾ ਨੇ ਕਲਯੁਗ ਅਤੇ ਨਰਕ ਦਾ ਐਂਵੇ ਡਰ ਪਾਇਆ ਹੋਇਆ ਹੈ ਅਤੇ ਸਤਯੁਗ ਜਾਂ ਸਵਰਗ ਦੇ ਲਾਰੇ ਵੀ ਝੂਠੇ ਹੀ ਹਨ। ਇਸ ਹਿਸਾਬ ਸਿਰ ਕੋਈ ਸਤਯੁਗ ਨਹੀਂ ਹੈ ਇਹ ਕੇਵਲ ਮਨ ਦੀ ਅਵਸਥਾ ਹੀ ਹੈ।