ਡਾ. ਸਾਧੂ ਰਾਮ ਲੰਗੇਆਣਾ ਨਾਲ ਮੁਲਾਕਾਤ (ਮੁਲਾਕਾਤ )

ਜਗਦੀਸ਼ ਕੁਲਰੀਆਂ    

Email: jagdishkulrian@gmail.com
Cell: +91 94173 29033
Address: 46 ਇੰਮਪਲਾਈ ਕਾਲੋਨੀ, ਬਰੇਟਾ
ਮਾਨਸਾ India 151501
ਜਗਦੀਸ਼ ਕੁਲਰੀਆਂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਡਾ.ਸਾਧੂ ਰਾਮ ਲੰਗੇਆਣਾ ਪੰਜਾਬੀ ਹਾਸ-ਵਿਅੰਗ ਦੇ ਖੇਤਰ ਵਿਚ ਚਰਚਿਤ ਨਾਂ ਹੈ।ਜਿੰਨ੍ਹਾਂ ਦਾ ਸਟਾਕ ਕਰੈਕਟਰ ‘ਤਾਈ ਨਿਹਾਲੀ’ ਬੜਾ ਹਰਮਨ ਪਿਆਰਾ ਹੈ। ਲੰਗੇਆਣਾ ਦੇ ਹਾਸ ਵਿਅੰਗ ਠੇਠ ਮਲਵਈ ਭਾਸ਼ਾ ਵਿਚ ਖੁੱਲ੍ਹਾ ਹਾਸਾ ਪੈਦਾ ਕਰਦੇ ਹੋਏ ਸਮਾਜਿਕ ਵਿਸਗੰਤੀਆਂ ਦੀ ਬਾਖੂਬੀ ਚੀਰ ਫਾੜ ਕਰਦੇ ਹਨ।ਹਾਸ ਵਿਅੰਗ ਕਵਿਤਾ ਤੇ ਵਾਰਤਕ ਦੋਵਾਂ ਦੀ ਲਿਖਣ ਦੀ ਜਾਂਚ ਇਨ੍ਹਾਂ ਕੋਲ ਹੈ। ਸਾਹਿਤ ਦੀ ਚੇਟਕ ਵਿਰਾਸਤ ਵਿਚੋਂ ਮਿਲੀ ਹੈ।ਹੁਣ ਤੱਕ ਇਹ ਕਈ ਕਿਤਾਬਾਂ ਵੀ ਸਾਹਿਤ ਜਗਤ ਦੀ ਝੋਲੀ ਵਿਚ ਪਾ ਚੁੱਕੇ ਹਨ ਤੇ ਕਈ ਇਨਾਮ ਸਨਮਾਨ ਵੀ ਹਾਸਿਲ ਹੋ ਚੁੱਕੇ ਹਨ। ਪੇਸ਼ ਹਨ ਇਨ੍ਹਾਂ ਦੀ ਲੇਖਣੀ ਤੇ ਜੀਵਨ ਬਾਰੇ ਕੀਤੀ ਮੁਲਾਕਾਤ ਦੇ ਮੁੱਖ ਅੰਸ਼:-

? ਸੱਭ ਤੋਂ ਪਹਿਲਾਂ ਇਹ ਦੱਸੋ ਕਿ ਤੁਹਾਡੇ ਨਾਮ ਵਿੱਚ ਤਿੰਨ ਫਰਿਸ਼ਤੇ ਡਾਕਟਰ,ਸਾਧੂ ਅਤੇ ਰਾਮ ਇਕੱਠੇ ਹੋ ਗਏ ਜੋ ਲੋਕਾਂ ਦਾ ਕਲਿਆਣ ਕਰਨ ਲਈ ਮਸ਼ਹੂਰ ਹਨ ਪਰ ਇਹਨਾਂ ਵਿੱਚ ਲੰਗੇਆਣਾ (ਟਾਂਗਕਟੀ) ਕਿਵੇਂ ਤੇ ਕਿਉਂ ਜੁੜ ਗਿਆ ?
- ਕੁਲਰੀਆ ਸਾਹਿਬ ਜੀ, ਮੇਰੇ ਮਾਪਿਆਂ ਨੇ ਮੇਰੇ ਜਨਮ ਸਮੇਂ ਆਪੇ ਲਾਡਾਂ-ਚਾਵਾਂ ਨਾਲ ਮੇਰਾ ਨਾਮ ਸਾਧੂ ਰਾਮ ਹੀ ਰੱਖਿਆ ਸੀ ਜਿਸ ਤਰ੍ਹਾਂ ਹਰੇਕ ਬੱਚੇ ਦੇ ਮਾਪੇ ਰੱਖਦੇ ਹਨ। ਪ੍ਰੰਤੂ ਉਸ ਨਾਮ ਨੂੰ ਅੱਗੇ ਚਾਰ ਚੰਨ ਲਾਉਣੇ ਸਾਡਾ ਫਰਜ਼ ਬਣਦਾ ਹੈ। ਮੈਨੂੰ ਆਪਣੇ ਜੀਵਨ ‘ਚ ਦੋ ਮਾਪਿਆਂ ਦਾ ਪਿਆਰ ਹਾਸਲ ਹੋਇਆ ਹੈ ਪਹਿਲਾ ਪਿਆਰ ਜਨਮ ਦਾਤੇ ਮਾਪੇ ਮਾਤਾ ਸ਼੍ਰੀਮਤੀ ਵਿੱਦਿਆ ਦੇਵੀ ਜੀ ਪਿਤਾ ਵੈਦ ਸ੍ਰੀ ਕੰਸ ਰਾਮ ਸ਼ਰਮਾਂ ਜੀ ਅਤੇ ਦੂਸਰੇ ਮਤਵੰਤੇ ਮਾਪੇ ਮਾਤਾ ਸ਼੍ਰੀਮਤੀ ਕਲਾਵੰਤੀ ਜੀ ਅਤੇ ਪਿਤਾ ਸ਼੍ਰੀ ਹੰਸ ਰਾਮ ਸ਼ਰਮਾਂ ਜੀ। ਇਸ ਤੋਂ ਇਲਾਵਾ ਆਪ ਜੀ ਨੇ ਜੋ ਮੇਰੇ  ਨਾਮ ‘ਚ ਤਿੰਨ ਫਰਿਸ਼ਤੇ ਇਕੱਠੇ ਹੋਣ ਬਾਰੇ ਵਿਅੰਗਮਈ ਸਵਾਲ ਕੱਸਿਆ ਹੈ, ਉਹ ਇਹ ਹੈ ਕਿ ਜੋ ਡਾਕਟਰ ਹੈ ਉਹ ਮੇਰਾ ਡਾਕਟਰੀ ਕਿੱਤਾ ਹੈ। ਜੋ ਸਾਧੂ ਹੈ ਉਹ ਮੇਰਾ ਨਾਮ ਤੇ ਉਸਨੂੰ ਹਿੰਦੂ ਮਤ ‘ਚ ਪੂਰਾ ਕਰਨ ਲਈ ਸਾਧੂ ਰਾਮ ਤੇ ਫਿਰ ਬਣ ਗਿਆ ਡਾਕਟਰ ਸਾਧੂ ਰਾਮ। ਇਸਤੋਂ ਇਲਾਵਾ ਮੈਂ ਆਪਣੇ ਨਾਮ ਨਾਲ ‘ਲੰਗੇਆਣਾ’ ਵੀ ਲਗਾਇਆ ਹੋਇਆ ਹੈ ਜੋ ਮੇਰੇ ਪਿੰਡ ਦਾ ਨਾਮ ਹੈ। ਮੇਰੀ ਡਾਕਟਰ ਸਾਧੂ ਰਾਮ ਲੰਗੇਆਣਾ ਦੇ ਤੌਰ ਤੇ ਸਾਹਿਤਕ ਪਛਾਣ ਹੈ, ਪ੍ਰੰਤੂ ਸਰਕਾਰੀ ਦਸਤਾਵੇਜਾਂ ਵਿੱਚ ਮੇਰਾ ਨਾਮ ਸਿਰਫ ਸਾਧੂ ਰਾਮ ਹੀ ਚੱਲਿਆ ਆ ਰਿਹਾ ਹੈ ਜੀ।
? ਡਾਕਟਰ ਦਾ ਅਹੁਦਾ ਤੁਸੀਂ ਵੀ ਉਵੇਂ ਤਾਂ ਨਹੀਂ ਪ੍ਰਾਪਤ ਕੀਤਾ ਜਿਵੇਂ ਮੰਗਤ ਕੁਲਜਿੰਦ ਦੇ ਸਟੀਕ ਕਰੈਕਟਰ ਡਾ.ਮੰਗੂ ਰਾਮ ਬੀਮਾਰੀ  ਨੇ ਪ੍ਰਾਪਤ ਕੀਤਾ ਸੀ ਜੀਹਨੇ ਬਚਪਨ ਵਿੱਚ ਹੀ ਨਸਬੰਦੀ ਦੀ ਖੇਡ ਖੇਡਦਿਆਂ ਛੋਟੇ ਜਿਹੇ ਬੱਚੇ ਦੀ ਬਹੂ ਬਲੇਡ ਨਾਲ ਕੱਟ ਦਿੱਤੀ ਸੀ ? 
-ਕੁਲਰੀਆ ਸਾਹਿਬ ਜੀ, ਜੋ ਮੇਰੇ ਡਾਕਟਰ ਬਣਨ ਦੇ ਅਹੁਦੇ ਬਾਰੇ ਤੁਸੀਂ ਸਵਾਲ ਕੀਤਾ ਹੈ। ਉਹ ਇਹ ਹੈ ਕਿ ਮੇਰੇ ਪਿਤਾ ਜੀ ਸਵ: ਡਾਕਟਰ ਕੰਸ ਰਾਮ ਆਪਣੇ ਸਮੇਂ ਦੇ ਆਰ.ਐਮ.ਪੀ.(ਰਜਿਸਟਰਡ) ਵੈਦ ਸਨ ਤੇ ਮੇਰੀ ਬੇਟੀ ਗੋਲਡੀ ਸ਼ਰਮਾਂ ਵੀ ਡਾਕਟਰੀ ਖੇਤਰ ‘ਚ ਬੀ.ਐੱਸ.ਸੀ. ਨਰਸਿੰਗ ਡਿਗਰੀ ਕਰ ਚੁੱਕੀ ਹੈ। ਅੱਗੇ ਦਾਤੇ ਦੀ ਕ੍ਰਿਪਾ ਹੈ ਕਿ ਉਹ ਹੋਰ ਕਿਹੜੇ-ਕਿਹੜੇ ਮੁਕਾਮ ਹਾਸਲ ਕਰੇਗੀ। ਇਸ ਤੋਂ ਇਲਾਵਾ ਮੇਰਾ ਇੱਕ ਬੇਟਾ ਬੀ.ਟੈੱਕ ਡੇਅਰੀ ਟੈਕਨਾਲੌਜੀ ਲੁਧਿਆਣਾ ਯੂਨੀਵਰਸਿਟੀ ਤੋਂ ਡਿਗਰੀ ਕਰ ਚੁੱਕਾ ਹੈ ਤੇ ਅੱਜਕੱਲ੍ਹ ਡੇਅਰੀ ਵਿਕਾਸ ਵਿਭਾਗ ‘ਚ ਡੇਅਰੀ ਇੰਸਪੈਕਟਰ ਦੇ ਅਹੁਦੇ ‘ਤੇ ਸੰਨ 2017 ਤੋਂ ਤਾਇਨਾਤ ਹੈ। ਇਸ ਕਰਕੇ ਉਹ ਦੁੱਧ ਦਾ ਡਾਕਟਰ ਹੈ ਤੇ ਛੋਟਾ ਬੇਟਾ ਅਜੇ ਮੈਡੀਕਲ ਦੀ ਪੜ੍ਹਾਈ ਨਾਲ 10+2 ‘ਚ ਪੜ੍ਹ ਰਿਹਾ ਹੈ ਤੇ ਅੱਜ ਸਾਡੇ ਘਰ ‘ਚੋਂ ਮੇਰੇ ਸਮੇਤ 4 ਜਣੇ ਡਾਕਟਰੀ ਖੇਤਰ ‘ਚ ਹਨ ਤੇ ਛੋਟਾ ਲੜਕਾ ਵੀ ਹੋ ਸਕਦੈ ਕਿ ਏਸੇ ਮਾਲਾ ਦੀ ਲੜੀ ‘ਚ ਪਰੋਇਆ ਜਾਵੇ। ਮੇਰੇ ਪਿਤਾ ਜੀ ਮੰਨੇ-ਪ੍ਰਮੰਨੇ ਵੈਦ ਸਨ। ਜਿੰਨ੍ਹਾਂ ਕੋਲ ਬਹੁਤ ਤਜ਼ਰਬੇਕਾਰ ਦੇਸੀ ਦਵਾਈਆਂ ਦੇ ਨੁਸਖੇ ਸਨ ਤੇ ਉਹ ਸੱਪਾਂ ਨੂੰ ਪਾਲਣ ਦਾ ਵੀ ਸ਼ੌਂਕ ਰੱਖਦੇ ਸਨ ਅਤੇ ਸੱਪ ਦੇ ਡੰਗ ਦਾ ਵੀ ਇਲਾਜ ਕਰਿਆ ਕਰਦੇ ਸਨ। ਆਪਣੇ ਹੱਥੀਂ ਬਹੁਤ ਜ਼ਹਿਰੀਲੇ ਸੱਪ ਨੂੰ ਬਿਨ੍ਹਾਂ ਕਿਸੇ ਬੀਨ ਵਗੈਰਾ ਤੋਂ ਸਹਿਜੇ ਹੀ ਫੜ੍ਹ ਲੈਂਦੇ ਸਨ। ਬਹੁਤ ਦੂਰ-ਦੂਰ ਤੱਕ ਸਾਡੀ ਦੇਸੀ ਦਵਾਈ ਪਹੁੰਚਦੀ ਹੈ। ਸੱਪ ਫੜ੍ਹਨ ਦਾ ਸ਼ੌਂਕ ਤਾਂ ਮੇਰੇ ਪਿਤਾ ਜੀ ਤੱਕ ਹੀ ਸੀਮਤ ਰਹਿ ਗਿਆ ਹੈ ਪ੍ਰੰਤੂ ਜੋ ਮੈਂ ਉਨ੍ਹਾਂ ਕੋਲੋਂ ਦੇਸੀ ਨੁਸਖੇ ਹਾਸਲ ਕਰ ਲਏ ਸਨ, ਉਹ ਅੱਜ ਵੀ ਮਰੀਜਾਂ ਲਈ ਸੇਵਾਵਾਂ ਪਿਤਾ ਜੀ ਵਾਂਗ ਸਹਾਈ ਹਨ।
? ਚੰਗੇ ਭਲੇ ਪੁੜੀਆਂ ਵੇਚਦੇ ਵੇਚਦੇ ਆ ਲਿਖਣ ਆਲੇ ਗਧੀਗੇੜ ਵਿਚ ਕਿਵੇਂ ਫਸ ਗਏ ?
-ਵਾਹ ਕੁਲਰੀਆ ਜੀ, ਜਿੱਥੋਂ ਤੱਕ ਤੁਸੀਂ ਲਿਖਣ ਆਲੇ ਗਧੀਗੇੜ ਦੀ ਗੱਲ ਕੀਤੀ ਐ, ਉਹ ਇਹ ਐ, ਕਿ ਜਿਵੇਂ ਸਿਆਣੇ ਕਹਿੰਦੇ ਹੁੰਦੇ ਨੇ ‘ਤਾਏ ਦੀ ਧੀ ਚੱਲੀ ਤੇ ਮੈਂ ਕਿਉਂ ਰਹਾਂ ਇਕੱਲੀ’।
? ਕਿਹੜੇ ਕਿਹੜੇ ਸਕੂਲਾਂ ਕਾਲਜਾਂ ਨੂੰ ਤੁਹਾਡੇ ਚਰਨਾਂ ਦੀ ਛੋਹ ਪ੍ਰਾਪਤ ਹੋਈ ਜਿੱਥੋਂ ਤੁਸੀਂ ਆਹ ਡਿਗਰੀਆਂ ਲਈਆਂ, ਬਾਰੇ ਬਲਬ ਜਗਾਉ ?
-ਜਨਾਬ ਮੈਂ ਪ੍ਰਾਇਮਰੀ ਪੱਧਰ ਦੀ ਪੜ੍ਹਾਈ ਆਪਣੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਲੰਗੇਆਣਾ ਕਲਾਂ ਅਤੇ ਬਾਕੀ ਪੜ੍ਹਾਈ ਸਰਕਾਰੀ ਸੀਨੀ.ਸੈਕੰਡਰੀ ਸਕੂਲ ਲੰਗੇਆਣਾ ਖੁਰਦ ਤੋਂ ਹਾਸਲ ਕੀਤੀ ਹੈ। ਉਪਰੰਤ ਰਾਏਪੁਰਾ ਕਾਲਜ ਤੋਂ ਡੀ.ਫਾਰਮੇਸੀ ਹਾਸਲ ਕੀਤੀ।
? ਸਾਹਿਤ ਵੱਲ ਆਉਣ ਦਾ ਸਬੱਬ ਦੂਜੇ ਬਹੁਤੇ ਲੇਖਕਾਂ ਵਾਂਗ ਇਸ਼ਕ ਦੀ ਮਾਰ ਬਣਿਆ ਜਾਂ ਕੋਈ ਹੋਰ ?
-ਵਾਹ ਕੁਲਰੀਆ ਜੀ ਵਾਹ..! ਮਾਰਿਐ ਸਿੱਧਾ ਕਲੇਜੇ ਤੀਰ ਖੁੰਡਾ ਕਰਕੇ..। ਉਹ ਇਹ ਹੈ ਕਿ ਕੁਲਰੀਆ ਜੀ ਜਿੱਥੋਂ ਤੱਕ ਤੁਸੀਂ ਸਾਹਿਤਕ ਖੇਤਰ ‘ਚ ਵੱਲ ਆਉਣ ਬਾਰੇ ਗੱਲ ਕੀਤੀ ਐ, ਇਸ਼ਕ ਦੀ ਮਾਰ ਦੀ ਮੈਨੂੰ ਸਾਹਿਤ ਲਿਖਣ ਦੀ ਚੇਟਕ  ਦੇ ਨਾਲ-ਨਾਲ ਜੋ ਇਸ਼ਕ ਲੜਾਉਣ ਦਾ ਮੁਕਾਮ ਹਾਸਲ ਹੋਇਆ ਹੈ ਉਹ ਵਾਕਿਆ ਹੀ ਇਸ਼ਕ ਹੀ ਹੈ। ਇਸ਼ਕ ਲੜ੍ਹਾਉਣਾ ਹੈ ਭਾਂਵੇਂ ਕਿਸੇ ਨਾਲ ਹੀ ਲੜਾ ਲਵੋ, ਕੁਲਰੀਆ ਸਾਹਿਬ ਮੈਂ ਇਸ਼ਕ ਲੜਾਉਂਦਾ ਹੀ ਆ ਰਿਹਾ ਹੈ ਅਤੇ ਅੱਗੇ ਵੀ ਇਸ਼ਕ ਦੀ ਬਾਜ਼ੀ ਦੀ ਜੰਗ ਜਾਰੀ ਹੈ ਪਰ ਮੈਂ ਜਿਸ ਨਾਲ ਇਸ਼ਕ ਲੜਾ ਰਿਹਾ ਹਾਂ, ਉਹ ਹੈ ਮੇਰੇ ਦਿਲ ਦੀ ਰਾਣੀ ‘ਤਾਈ ਨਿਹਾਲੀ’। ਮੈਂ ਜਦੋਂ ਦਾ ਤਾਈ ਨਿਹਾਲੀ ਨਾਲ ਕਲਮ ਦਾ ਇਸ਼ਕ ਲੜ੍ਹਾਉਣਾ ਸ਼ੁਰੂ ਕੀਤਾ ਹੈ ਤਾਂ ਮੈਂ ਚੰਗੇ-ਚੰਗੇ ਖੇਤਰ ‘ਚ ਮੱਲਾਂ ਮਾਰੀਆਂ ਹਨ ਇਸ ਇਸ਼ਕ ਨਾਲ ਜਿੰਨ੍ਹਾਂ ਚਿਰ ਮੈਂ ਰੋਜ਼ ਕੁਝ-ਨਾ-ਕੁਝ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸ਼ਬਦਬੰਦੀ ਕਰ ਨਹੀਂ ਲੈਂਦਾ ਉਨ੍ਹਾਂ ਚਿਰ ਮੇਰੇ ਤਨ-ਮਨ ਨੂੰ ਸਕੂਨ ਹੀ ਨਹੀਂ ਮਿਲਦਾ, ਤਾਈ ਜੀ ਨਾਲ ਇਸ਼ਕ ਲੜਾਉਂਦਿਆਂ ਹੋਇਆ ਮੈਂ ਤਾਈ ਨਿਹਾਲੀ ਅਤੇ ਬੇਬੇ ਬੰਤੋ ਦੋ ਕਾਮੇਡੀ ਫੀਚਰ ਫਿਲਮਾਂ  ਪਾਠਕਾਂ/ਸਰੋਤਿਆਂ ਦੀ ਲੋਕ ਕਚਹਿਰੀ ‘ਚ ਸਨਮੁਖ ਕਰ ਚੁੱਕਾ ਹਾਂ ਅਤੇ ਹੁਣ ਤੱਕ 7 ਪੁਸਤਕਾਂ ਜਿੰਨ੍ਹਾਂ ‘ਚ ਵਿਅੰਗ ਪੁਸਤਕਾਂ, ਪਹਿਲੀ ਤਾਈ ਨਿਹਾਲੀ, ਦੂਸਰੀ ਤਾਈ ਨਿਹਾਲੀ ਦਾ ਗਿਫ਼ਟ ਪੈਕ ਅਤੇ ਤੀਸਰੀ ਚੋਣ ਨਿਸ਼ਾਨ ਗੁੱਲੀ ਡੰਡਾ(ਵਾਰਤਿਕ ਵਿਅੰਗ ਹੈ)  ਅਤੇ ਚਾਰ ਪੁਸਤਕਾਂ ਬਾਲ ਸਾਹਿਤ ਜਿੰਨ੍ਹਾਂ ‘ਚ ਬਾਲ ਗੀਤ ਦਾਦੀ ਮਾਂ, ਚੂਹਾ ਲੈ ਗਿਆ ਪੂਣੀਂ, ਮੈਂ ਮੰਮੀ ਦਾ ਰਾਜ ਕੁਮਾਰ ਅਤੇ ਬਾਲ ਕਹਾਣੀਆਂ ਪੁਸਤਕ ਮਾਂ ਦੀ ਮਮਤਾ ਹੈ। ਅਤੇ ਇੱਕ ਮੈਗਜ਼ੀਨ ‘ਸਾਂਝਾਂ ਦੇ ਆਰ-ਪਾਰ’ ਦੀ ਸੰਪਾਦਨਾ ਵੀ ਕੀਤੀ ਹੈ।ਅੱਗੇ ਸਵਾਲ ਜਿੱਥੋਂ ਤੱਕ ਇਹ ਹੈ ਕਿ ਸਾਹਿਤ ਵੱਲ ਆਉਣ ਦਾ ਸਬੱਬ..ਤਾਂ ਦਾ ਜਵਾਬ ਇਹ ਹੈ ਕਿ ਮੈਨੂੰ ਸਾਹਿਤ ਦੀ ਚੇਟਕ ਆਪਣੀ ਗੁੜ੍ਹਤੀ ‘ਚ ਮਤਲਬ ਬਜ਼ੁਰਗਾਂ ਤੋਂ ਵਿਰਸੇ ਚੋਂ ਹੀ ਮਿਲੀ ਹੈ ਉਹ ਏਸ ਤਰ੍ਹਾਂ ਕਿ ਮੇਰਾ ਦਾਦਾ ਜੀ ਪੰਡਤ ਰਾਮ ਜੀ ਚੰਨਣ ਉਰਫ ਚੰਨਣ ਰਾਮ ਜਿੰਨ੍ਹਾਂ ਨੇ ਪਿੰਗਲ ਅਰੂਜ਼ ਦੀ ਪੜ੍ਹਾਈ ਹਾਸਲ ਕੀਤੀ ਹੋਈ ਸੀ ਉਹ ਆਪਣੇ ਸਮੇਂ ਦੇ ਇੱਕ ਚੰਗੇ ਨਾਮਵਰ ਕਿੱਸਾਕਾਰ ਸਨ। ਜਿੰਨ੍ਹਾਂ ਨੇ ਆਪਣੇ ਹੱਥੀਂ ਕਈ ਕਿੱਸੇ ਵੀ ਲਿਖੇ ਤੇ ਕਵੀਸ਼ਰੀ ਦੀ ਵੀ ਚੰਗੀ ਛੰਦਬੰਦੀ ਕੀਤੀ। ਉਪਰੰਤ ਮੇਰੇ ਪਿਤਾ ਜੀ ਨੇ ਰਚਨਾਵਾਂ ਲਿਖਣ ਦੇ ਨਾਲ-ਨਾਲ ਪਿੰਡ ਦਾ ਇਤਿਹਾਸ ਲਿਖਿਆ। ਉਸਤੋਂ ਬਾਅਦ ਮੇਰੀ ਵਾਰੀ ਆ ਗਈ, ਮੇਰੇ ਤੋਂ ਇਲਾਵਾ ਮੇਰੇ ਦੋਵੇਂ ਲੜਕੇ ਵੀ ਕਲਮ ਅਜ਼ਮਾਈ ਕਰ ਲੈਂਦੇ ਹਨ। ਛੋਟੇ ਲੜਕੇ ਦਾ ਗਲਾ ਠੀਕ ਹੈ ਜੋ ਆਪਣੀ ਬੁਲੰਦ ਅਵਾਜ਼ ਦੇ ਫ਼ਨ ਰਾਹੀਂ ਆਪਣੇ ਸਕੂਲੀ ਪ੍ਰੋਗਰਾਮਾਂ ‘ਚ ਸਟੇਜ ‘ਤੇ ਹਾਜ਼ਰੀਆਂ ਲਗਵਾਉਂਦਾ ਰਹਿੰਦਾ ਹੈ ਅਤੇ ਵੱਡਾ ਲੜਕਾ ਕੁਝ ਨਿੱਕੀਆਂ-ਨਿੱਕੀਆਂ ਫਿਲਮਾਂ ਵੀ ਲੋਕ ਕਚਹਿਰੀ ‘ਚ ਹਾਜ਼ਰ ਕਰ ਚੁੱਕਾ ਹੈ। ਸਾਡੇ ਇਸ ਟੱਬਰ ਤੋਂ ਇਲਾਵਾ ਮੇਰੇ ਸਕੇ ਭੂਆ ਜੀ ਦਾ ਲੜਕਾ ‘ਕ੍ਰਿਸ਼ਨ ਭਨੋਟ’ (ਕੈਨੇਡਾ) ਜੋ ਗਜ਼ਲ ਖੇਤਰ ‘ਚ ਚੰਗਾ ਨਾਮਣਾ ਖੱਟ ਚੁੱਕਾ ਹੈ ਅਤੇ ਮੇਰਾ ਭਾਣਜਾ ‘ਵਿਕਾਸ ਰਿਸ਼ੀ’ ਵੀ ਫੀਚਰ ਫਿਲਮਾਂ ਰਾਹੀਂ ਕੁੱਦ ਰਿਹਾ ਹੈ ਅਤੇ ਜੋ ‘ਰਾਜੂ ਦੱਦਾਹੂਰ’ ਜਿਸਦੀ ਕਲਮਦੇ ਬੋਲ ਹਨ ‘ਆਵੀਂ ਬਾਬਾ ਨਾਨਕਾ ਤੂੰਂ ਜਾਵੀਂ ਬਾਬਾ ਨਾਨਕਾ, ਐਹੋ ਜਿਹੀਆਂ ਖੁਸ਼ੀਆਂ ਲਿਆਵੀਂ ਬਾਬਾ ਨਾਨਕਾ’ ਹਨ ਅਤੇ ਦੂਸਰੇ ‘ਜਸਵੀਰ ਸ਼ਰਮਾਂ ਦੱਦਾਹੂਰ’ ਜਿਸਨੇ ਵਿਰਸੇ ਲਿਖਣ ਦੀ ਲੜੀ ਸ਼ੁਰੂ ਕੀਤੀ ਹੋਈ ਹੈ ਅਤੇ ‘ਗਾਇਕ ਪਵਨ ਦੱਦਾਹੂਰ’ ਵੀ ਮੇਰੇ ਖੂਨ ਦੇ ਰਿਸ਼ਤੇ ‘ਚ ਹੀ ਹਨ ਜਿੰਨ੍ਹਾਂ ਦਾ ਪਿਛੋਕੜ ਲੰਗੇਆਣਾ ਹੈ ਪ੍ਰੰਤੂ ਹੁਣ ਉਹ ਮੇਰੇ ਨੇੜਲੇ ਪਿੰਡ ਦੱਦਾਹੂਰ ਦੇ ਵਸਨੀਕ ਹੋ ਚੁੱਕੇ ਹਨ।
? ਉਂਝ ਕਹਿੰਦੇ ਹੈ ਕਿ ਲੇਖਕ ਬਨਣਾ ਪਰਿਵਾਰ ਲਈ ਦੁਖਾਂ ਦਾ ਪਹਾੜ ਟੁੱਟਣਾ ਹੁੰਦਾ ਹੈ।ਤੁਸੀਂ ਬਹੁਵਿਧਾਵੀ ਲੇਖਕ ਤਾਂ ਬਣ ਗਏ `ਤੇ ਸੱਭ ਤੋਂ ਉਪਰ ਵਿਅੰਗਕਾਰ। ਇਹ ਤਾਂ ਉਹ ਗੱਲ ਹੋ ਗਈ ਕਿ ਇਕ ਕਰੇਲਾ ਅਤੇ ਦੂਜਾ ਨਿੰਮ ਚੜਿਆ, ਇਸ ਬਾਰੇ ਤੁਹਾਡਾ ਕੀ ਮੰਨਣਾ ਹੈ ?
-ਹਾਂ ਜੀ। ਇਹ ਗੱਲ ਬਿਲਕੁਲ ਸੋਲਾਂ ਆਨੇ ਐ ਕਿ ਲੇਖਕ ਬਨਣਾ ਪ੍ਰੀਵਾਰ ਲਈ ਦੁੱਖਾਂ ਦਾ ਪਹਾੜ ਟੁੱਟਣਾ ਹੈ ਪ੍ਰੰਤੂ ਜੇਕਰ ਕਲਮ ਅਜ਼ਮਾਈ ਦੇ ਨਾਲ-ਨਾਲ ਆਪਣੇ ਪ੍ਰੀਵਾਰ ਦਾ ਖਿਆਲ ਰੱਖਿਆ ਜਾਵੇ ਸਮੇਂ-ਸਮੇਂ ਤੇ ਲੋੜਾਂ ਪੂਰੀਆਂ ਕਰ ਦਿੱਤੀਆਂ ਜਾਣ ਤਾਂ ਪ੍ਰੀਵਾਰ ਸੌ ਫੀਸਦੀ ਨਹੀਂ ਤਾਂ ਪੰਜਾਹ ਫੀਸਦੀ ਤਾਂ ਤੁਹਾਡੇ ਨਾਲ ਸਹਿਯੋਗੀ ਬਣ ਹੀ ਜਾਵੇਗਾ ਤੇ ਜੇਕਰ ਸਿਰਫ ਕਾਪੀ, ਪੈਨਸਲ ਨੂੰ ਹੀ ਹਿੱਕ ਨਾਲ ਲਗਾਈ ਰੱਖਣਾ ਹੈ ਤੇ ਪ੍ਰੀਵਾਰ ਤੇ ਆਪੇ ਹੀ ਦੁੱਖਾਂ ਦਾ ਪਹਾੜ ਟੁੱਟਣਾ ਹੈ । ਬਾਪੂ-ਬੇਬੇ ਲੇਖਕ ਪੁੱਤ ਦੀ ਕਮਾਈ ਵੱਲ ਝਾਕਣਗੇ, ਧੀਆਂ-ਪੁੱਤਰ ਸਕੂਲ ‘ਚ ਫੀਸ ਭਰਨ ਲਈ ਵਿਰ-ਵਿਰ ਕਰਦੇ ਫਿਰਨਗੇ, ਪਾਲਤੂ ਪਸ਼ੂ ਪੰਛੀ ਵੀ ਕੰਧਾਂ ਨਾਲ ਟੱਕਰਾਂ ਮਾਰਨਗੇ ਤੇ ਪਤਨੀ ਬੱਸ ਚੜ੍ਹ ਕੇ ਪੇਕਿਆਂ ਨੂੰ ਤੁਰ ਜਾਵੇਗੀ। ਵੈਸੇ ਕੁਲਰੀਆਂ ਸਾਹਿਬ ਮੇਰੇ ਦੋਸਤ ਜਸਵੀਰ ਭਲੂਰੀਆ, ਕੰਵਲਜੀਤ ਭੋਲਾ ਲੰਡੇ, ਸਾਧੂ ਸਿੰਘ ਧੰਮੂ ਧੂੜਕੋਟੀ ਅਤੇ ਮੈਂ ਖ਼ੁਦ ਅਸੀਂ ਲੇਖਕ ਦੀ ਕਲਮ ਅਜ਼ਮਾਈ ਦਾ ਵਿਅੰਗਮਈ ਨਾਮ ਰੱਖਿਆ ਹੋਇਆ ਹੈ। ‘ਝੁੱਗੀ ਫੂਕ ਤਮਾਸ਼ਾ ਦੇਖ’, ਜਦੋਂ ਅਸੀਂ ਕੋਈ ਕਿਤਾਬ ਵਗੈਰਾ ਛਪਵਾਉਣੀ  ਹੁੰਦੀ ਹੈ ਤਾਂ ਇਹ ਗੱਲ ਸਾਂਝੀ ਕਰਦੇ ਹਾਂ ਕਿ ਹੁਣ ਕਦੋਂ ਝੁੱਗੀ ਫੂਕਣੀਂ ਐ...! ਆਦਿ..। ਜਿੱਥੋਂ ਤੱਕ ਤੁਸੀਂ ਕਿਹੈ ਕਿ ਬਹੁਵਿਧਾਵੀ ਲੇਖਕ ਅਤੇ ਸਭ ਤੋਂ ਉਪਰ ਵਿਅੰਗਕਾਰ ਅਤੇ ਨਿੰਮ ਤੇ ਕਰੇਲਾ ਮੈਂ ਤੁਹਾਨੂੰ ਪਹਿਲਾਂ ਵੀ ਆਪਣੀ ਗੱਲਬਾਤ ਦੌਰਾਨ ਖੂਨ ਦੇ ਰਿਸ਼ਤੇ ‘ਚੋਂ ਮਿਲੇ ਵਿਰਸੇ ਬਾਰੇ ਕੁਝ ਕੁ ਚਾਨਣਾ ਪਾਇਆ ਹੈ ਕਿ ਜਿਹੜੇ ਮੇਰੇ ਦਾਦਾ ਜੀ ਸਨ ਉਹ ਵੀ ਬਹੁਤ ਮਖੌਲੀ ਸੁਭਾਅ ਦੇ ਇਨਸਾਨ ਸਨ। ਇੱਕ ਵਾਰ ਦਾਦਾ ਜੀ ਸਾਡੇ ਖੇਤੋਂ ਮੱਝਾਂ ਚਾਰ ਕੇ ਘਰ ਨੂੰ ਆ ਰਹੇ ਸਨ ਤਾਂ ਪਿੰਡ ਦੀ ਨਿਆਈਂ ਕੋਲ ਖੜ੍ਹੇ ਇੱਕ ਵਿਅਕਤੀ ਨੇ ਦਾਦਾ ਜੀ ਤੋਂ ਪੁੱਛਿਆ, ਕਿ ਪੰਡਤ ਜੀ ਮੱਝਾਂ ਚਾਰ ਲਿਆਏ...! ਤਾਂ ਦਾਦਾ ਜੀ ਅੱਗੋਂ ਕਹਿੰਦੇ ਕਿ ਭਾਈ ਚੰਗੀ ਤਰ੍ਹਾਂ ਗਿਣ ਕੇ ਵੇਖ ਲੈ..ਚਾਰ ਐ, ਕਿ ਪੰਜ ਐ...। ਕਿਉਂਕਿ ਮੱਝਾਂ ਦੀ ਗਿਣਤੀ ਪੰਜ ਸੀ। ਤੇ ਉਹ ਵਿਅਕਤੀ ਦਾਦਾ ਜੀ ਦਾ ਵਿਅੰਗਮਈ ਜਵਾਬ ਸੁਣ ਕੇ ਅੱਜ ਵੀ ਲੋਟਪੋਟ ਹੋ ਗਿਆ। ਇੱਕ ਹੋਰ ਘਟਨਾ ਹੈ ਕਿ ਦਾਦਾ ਜੀ ਚਿਲਮ ਪੀਣ ਦਾ ਸ਼ੌਂਕ ਰੱਖਦੇ ਸਨ। ਸਿਆਲੂ ਰੁੱਤ ‘ਚ ਇੱਕ ਵਾਰ ਦਾਦਾ ਜੀ ਚਿਲਮ ਪੀ ਰਹੇ ਸਨ ਕਿ ਅਚਾਨਕ ਦਾਦਾ ਜੀ ਦੇ ਕੋਟ ਨੂੰ ਅੱਗ ਲੱਗ ਗਈ ਤਾਂ ਕੋਲ ਬੈਠੇ ਉਹ ਵਿਅਕਤੀ ਨੇ ਕਿਹਾ, ਕਿ ਪੰਡਤ ਜੀ ਕੋਟ ਨੂੰ ਅੱਗ ਲੱਗੀ ਐ, ਤਾਂ ਦਾਦਾ ਜੀ ਅੱਗੋਂ ਫੇਰ ਵਿਅੰਗਮਈ ‘ਚ ਕਹਿਣ ਲੱਗੇ ਕਿ ਜੇ ਕੋਟ (ਸ਼ਹਿਰ) ਨੂੰ ਅੱਗ ਲੱਗ ਗਈ ਐ ਤਾਂ ਕੋਈ ਗੱਲ ਨਹੀਂ ਆਪਾਂ ਮੋਗੇ ਜਾ ਵੜਾਂਗੇ...! ਦਾਦਾ ਜੀ ਤੋਂ ਇਲਾਵਾ ਮੇਰੇ ਪਿਤਾ ਸ਼੍ਰੀ ਕੰਸ ਰਾਮ ਵੀ ਮਖੌਲੀਏ ਸੁਭਾਅ ਦੇ ਮਾਲਕ ਸਨੱ ਏਸ ਕਰਕੇ ਕੁਲਰੀਆਂ ਜੀ ਕਰੇਲਾ ਨਿੰਮ ‘ਤੇ ਹੀ ਨਹੀਂ ਅਸਮਾਨ ‘ਤੇ ਚੜ੍ਹਿਆ ਹੋਇਐ...! 
? ਅਜਿਹੀ ਕੀ ਆਫ਼ਤ ਆਈ ਸੀ ਕਿ ਤੁਸੀਂ ਹਾਸ ਵਿਅੰਗ ਨੂੰ ਪ੍ਰਮੁਖਤਾ ਦਿੱਤੀ ?
-ਕੁਲਰੀਆ ਸਾਹਿਬ, ਮੇਰੀ ਬਾਲ ਅਵਸਥਾ ‘ਚ ਵਾਕਿਆ ਹੀ ਆਫ਼ਤ ਆਈ ਸੀ ਕਿ ਮੈਂ ਹਾਸ-ਵਿਅੰਗ ਨੂੰ ਪ੍ਰਮੁੱਖਤਾ ਦਿੱਤੀ ।ਉਦੋਂ ਮੇਰੀ ਉਮਰ ਮਸਾਂ 5-6 ਸਾਲਾਂ ਦੀ ਹੋਵੇਗੀ ਕਿ ਮੇਰੇ ਨਾਨੀ ਜੀ ਸਵਰਗਵਾਸ ਹੋ ਗਏ ਜਿਸਦੇ ਵਿਛੋੜੇ ਨੂੰ ਲੈ ਕੇ ਮੇਰੀ ਮਾਂ ਨੇ ਸਾਡੇ ਘਰ ‘ਚ ਰੋਣਾ-ਪਿੱਟਣਾ ਸ਼ੁਰੂ ਕਰ ਦਿੱਤਾ। ਮੇਰੀ ਮਾਂ ਦੇ ਨਾਲ ਮੇਰੀ ਮਤਬੰਨੀ ਮਾਤਾ ਅਤੇ ਮੇਰੇ ਭੂਆ ਲਾਜਵੰਤੀ ਜੋ ਅੱਜ ਵੀ 100 ਸਾਲ ਦੀ ਜ਼ਿੰਦਗੀ ‘ਚ ਸਮਾਂ ਬਤੀਤ ਕਰ ਰਹੇ ਹਨ ਇੰਨ੍ਹਾਂ ਨੇ ਰੋਜ਼ ਸਾਡੇ ਵਿਹੜੇ ਵਿੱਚ ਪੱਲੀ ਵਿਛਾ ਲਿਆ ਕਰਨੀ ਤੇ ਆਂਢ-ਗੁਆਂਢ ਦੀਆਂ ਅਤੇ ਪਿੰਡ ‘ਚ ਹੋਰ ਬੁੜੀਆਂ ਨੇ ਆ ਕੇ ਮਾਤਾ ਜੀ ਦੇ ਗਲ ਲੱਗ-ਲੱਗ ਕੇ ਰੋਣ ਦਾ ਸਿਲਸਿਲਾ ਚੱਲ ਪੈਣਾ, ਅੱਧੀਆਂ ਕੁ ਬੁੜੀਆਂ ਨੇ ਮਤਬੰਨੀ ਮਾਤਾ ਤੇ ਕੁਝ ਕੁ ਭੂਆ ਦੇ ਗਲ ਨੂੰ ਚਿੰਬੜ ਜਾਂਦੀਆਂ ਸਨ ਤੇ ਵੱਖੋ-ਵੱਖਰੀਆਂ ਅਵਾਜ਼ਾਂ ਕੱਢ ਕੇ ਸਾਨੂੰ ਸਾਰਿਆਂ ਨੂੰ ਰੋਣ ਲਈ ਮਜ਼ਬੂਰ ਕਰ ਦਿੰਦੀਆਂ ਸਨ।ਇੱਕ ਦਿਨ ਮੈਂ ਵੀ ਬੁੜੀਆਂ ਦੀ ਰੀਸ ਨਾਲ ਮਾਂ ਦੀ ਬੁੱਕਲ ‘ਚ ਬੈਠ ਕੇ ਮਾਂ ਦੇ ਗਲ ਨਾਲ ਚਿੰਬੜ ਗਿਆ ਤੇ ਮੈਂ ਮਾਂ ਨੂੰ ਕਿਹਾ ਕਿ ਮਾਂ-ਮਾਂ ਮੇਰਾ ਵੀ ਰੋਣ ਨੂੰ ਜੀਅ ਕਰਦੈ.. ਨਾ ਪੁੱਤ ਤੂੰ ਨਹੀਂ ਰੋਣਾ। ਮੈਂ ਜ਼ਿੱਦ ਜਿਹੀ ਕਰਨ ਲੱਗਾ ਤਾਂ ਮਾਂ ਨੇ ਝਿੜਕ ਮੈਨੂੰ ਦੂਰ ਬਿਠਾ ਦਿੱਤਾ, ਤਾਂ ਮੈਂ ਸੋਚਿਆ ਕਿ ਕਿਸੇ ਹੋਰ ਬੁੜੀ ਦੇ  ਗਲ ਲੱਗ ਰੋ ਲਵਾਂਗਾ। ਮੈਂ ਬੁੜੀਆਂ ਦੇ ਗਲ ਲੱਗ ਕੇ ਰੋਣ ਨੂੰ ਮੁੱਖ ਰੱਖਦਿਆਂ ਮਾਂ ਦੇ ਕੋਲ ਹੀ ਬੈਠ ਗਿਆ।ਪਰ ਕੋਈ ਵੀ ਬੁੜੀ ਮੇਰੇ ਵੱਲ ਨਾ ਬਹੁੜੀ। ਕੋਈ ਮਾਂ ਦੇ ਗਲ ਤੇ ਬਾਕੀ ਚਾਚੀ-ਤਾਈਆਂ ਦੇ ਗਲ ਲੱਗ ਗਈਆਂ, ਫੇਰ ਮੈਨੂੰ ਸਕੀਮ ਸੁੱਝੀ ਕਿ ਮੈਂ ਮਾਂ ਦੇ ਵਾਂਗੂੰ ਸਿਰ ਉਪਰ ਚੁੰਨੀ ਜਿਹੀ ਲੈ ਲਈ, ਤੇ ਮਾਂ ਦੇ ਨੇੜੇ ਹੋ ਕੇ ਬੈਠ ਗਿਆ। ਏਨੇ ਨੂੰ ਸਾਡੀ ਗਵਾਂਢਣ ਬਚਨੀ ਜੁਲਾਹੀ ਜੋ ਕੁਝ ਕੁ ਮੋਟੇ ਜਿਹੇ ਦਿਮਾਗ ਦੀ ਸੀ। ਉਹ ਵੀ ਆ ਪਹੁੰਚੀ। ਮੇਰੀ ਕਾਂ ਅੱਖ ਵੀ ਉਹਦੇ ਉਪਰ ਸੀ ਤੇ ਅਗਾਂਹ ਉਹਦੇ ਵਾਸਤੇ ਵੀ ਗਲ ਲੱਗਣ ਪੱਖੋਂ ਸਾਰੀਆਂ ਸੀਟਾਂ ਬੁੱਕ ਸਨ ਤੇ ਰੋਣ ਦਾ ਸਿਲਸਿਲਾ ਚੱਲ ਰਿਹਾ ਸੀ। ਬਚਨੀ ਦਾ ਮੂੰਹ-ਸਿਰ ਚੁੰਨੀ ਨਾਲ ਲਪੇਟਿਆ ਹੋਇਆ ਸੀ ਤੇ ਰੋਣ ਲਈ ਸਟਾਰਟ ਤਾਂ ਹੋਈ ਵੀ ਸੀ ਉਹ ਘੁੰਮਦੀ-ਘੁੰਮਦੀ ਮੇਰੀ ਮਾਂ ਵੱਲ ਨੂੰ ਆਈ। ਅਜੇ ਉਹ ਭੁੰਜੇ ਬੈਠਣ ਹੀ ਲੱਗੀ ਸੀ ਕਿ ਮੈਂ ਮੌਕੇ ਦਾ ਲਾਭ ਉਠਾਦਿਆਂ ਚੁੰਨੀ ਦਾ ਘੁੰਡ ਜਿਹੀ ਕੱਢ ਕੇ ਬਚਨੀ ਦੇ ਗਲ ਨਾਲ ਚਿੰਬੜ ਗਿਆ ਤੇ ਅੱਗੋਂ ਬਚਨੀ ਨੇ ਵੀ  ਮੇਰੀਆਂ ਕੱਛਾਂ ਹੇਠ ਦੀ ਹੱਥ ਪਾ ਕੇ ਰੋਣ ਵਾਲਾ ਗਰੁੱਪ ਬਣਾ ਲਿਆ ਤੇ ਮੈਂ ਜਿਉਂ ਹੀ ਉੱਚੀ-ਉੱਚੀ ਚਿਲਾਉਂਦਿਆਂ ਕਿਹਾ ਕਿ ਹਾਏ ਬੇਬੇ...ਹਾਏ ਬੇਬੇ...ਤਾਂ ਬਾਕੀ ਸਾਰੀਆਂ ਰੋ ਰਹੀਆਂ ਬੁੜੀਆਂ ਦੀਆਂ ਆਪਸੀ ਜੱਫੀਆਂ ਛੁੱਟ ਗਈਆਂ।ੱ ਬੂਹ ਨੀਂ ਕੁੱਤੀਏ ਜੁਲਾਹੀਏ.., ਤੂੰ ਮੁੰਡੇ ਦੇ ਗਲ ਨੂੰ ਚਿੰਬੜੀ ਬੈਠੀ ਐ, ਤੈਨੂੰ ਦਿਸਦੈ ਨਹੀਂ। ਮਾਂ ਨੇ ਨਾਲੇ ਤਾਂ ਮੈਨੂੰ ਬਚਨੀ ਦੇ ਗਲ ਨਾਲੋਂ ਇੰਝ ਪੱਟ ਕੇ ਲਾਹਿਆ ਜਿਵੇਂ ਬਗਲਾ ਮੱਝ ਦੇ ਚੱਡੇ ਚੋ ਂਚਿੱਚੜ ਪੁੱਟਦਾ ਹੋਵੇ ਨਾਲ ਮਾਂ ਨੇ ਅਤੇ ਬਾਕੀਆਂ ਬੁੜੀਆਂ ਨੇ ਬਚਨੀ ਵਿਚਾਰੀ ਨੂੰ ਚੰਗੀ ਖੰਡ ਪਾਈ ਤੇ ਬਚਨੀ ਵਿਚਾਰੀ ਆਖੀ ਜਾਵੇ ਕਿ ਮੈਂ ਤਾਂ ਸੋਚਿਆ ਕਿਤੇ ਕੋਈ ਸਿਰ ਤੇ ਚੁੰਨੀ ਵਾਲੀ ਬੁੜੀ ਬੈਠੀ ਐ। ਸੱਥਰ ‘ਤੇ ਰੋਂਦੀਆਂ-ਰੋਂਦੀਆਂ ਸਾਰੀਆਂ ਬੁੜੀਆਂ ‘ਚ ਮੈਂ ਤਮਾਸ਼ਬੀਨ ਬਣਿਆ ਬੈਠਾ ਸਾਂ ਤੇ ਉਹ ਵੀ ਫੇਰ ਰੋਣ ਦੀ ਬਜਾਏ ਮਦਾਰੀ ਦੇ ਖੇਲ ਵਾਂਗੂੰ ਮੇਰੇ ਦੁਆਲੇ ਬੈਠੀਆਂ ਖਿੜ-ਖਿੜ ਕਰ ਰਹੀਆਂ ਸਨ।ਜਿੰਨੇ ਕੁ ਦਿਨ ਇਹ ਸਿਲਸਿਲਾ ਚਲਦਾ ਰਿਹਾ ਮਾਂ ਮੇਰੀ  ਗਹਿਰੀ ਅੱਖ ਰੱਖਦੀ ਰਹੀ...। ਸੋ ਕੁਲਰੀਆ ਸਾਹਿਬ ਕੁਝ ਅਜਿਹੀਆਂ ਹੋਰ ਵੀ ਮੇਰੀਆਂ ਖੁਦ ਨਾਲ ਵਾਪਰੀਆਂ ਹਾਸ ਵਿਅੰਗ ਘਟਨਾਵਾਂ ਹਨ ਜਿੰਨ੍ਹਾਂ ਨੂੰ ਯਾਦ ਕਰ-ਕਰ ਮੈਂ ਖੁਦ ਵੀ ਹੱਸਦਾ ਰਹਿੰਨੈਂ...ਤੇ ਮੇਰੇ ਕੋਲੋਂ ਆਪਣੇ ਆਪ ਹੀ ਕੋਰੇ ਕਾਗਜ਼ ਦੀ ਹਿੱਕ ਤੇ ਹਾਸ ਵਿਅੰਗ ਉਕਰ ਜਾਂਦਾ ਹੈ। 
? ਕੀ ਤੁਸੀਂ ਸਮਝਦੇ ਹੋ ਕਿ ਸਮਾਜ ਵਿੱਚ ਪਈਆਂ ਵਿਸੰਗਤੀਆਂ ਦੀਆਂ ਚਰੜ-ਭੂੰਡੀਆਂ ਕੱਢਣ ਲਈ  ਹਾਸ ਵਿਅੰਗ ਵਿਧਾ ਬਾਕੀ ਸੱਭ ਵਿਧਾਵਾਂ ਤੋਂ ਉਤਮ ਹੈ ?
-ਹਾਂ ਜੀ ਕੁਲਰੀਆਂ ਸਾਹਿਬ, ਚਰੜ-ਭੂੰਡੀਆਂ ਕੱਢਣ ਲਈ ਕਈ ਵਿਧਾਵਾਂ ਨੂੰ ਵਰਤਣਾ ਪੈਂਦਾ ਹੈ, ਉਨ੍ਹਾਂ ਵਿਚ ਹਾਸ ਵਿਅੰਗ ਸਭ ਤੋਂ ਉੱਤਮ ਹੈ।ਕਈ ਸ਼ਬਦਾਂ ਦੀ ਟੇਢੇ ਢੰਗ ਨਾਲ ਵਰਤੋਂ ਕਰਕੇ ਪੰਜਾਬੀ ਅਖਾਣ ਨੂੰ ਮੱਦੇਨਜ਼ਰ ਰੱਖਣਾ ਪੈਂਦਾ ਹੈ, ਤਾਂ ਜੋ ‘ਸੱਪ ਵੀ ਮਰ ਜਾਵੇ ਨਾਲੇ ਸੋਟੀ ਬਚ ਜਾਵੇ’।
? ਆਮ ਤੌਰ ਤੇ ਭਲਵਾਨ ਘੋਲ ਕਰਨ ਤੋਂ ਪਹਿਲਾਂ ਡੰਡ ਬੈਠਕਾਂ ਕੱਢਣਾ,ਹਾਕੀ ਖੇਡਣ ਵਾਲੇ ਮੈਚ ਤੋਂ ਪਹਿਲਾਂ ਗਰਾਊਂਡ ਦਾ ਗੇੜਾ ਲਾਉਣਾ,ਜ਼ਨਾਨੀ ਘਰੇ ਪਹੁੰਚਣ ਵਾਲੇ ਪਤੀ ਨਾਲ ਦੋ ਦੋ ਹੱਥ ਕਰਨ ਲਈ ਪਹਿਲਾਂ ਸੱਸ ਨਾਲ ਪ੍ਰੈਕਟਿਸ ਕਰਨਾ, ਜ਼ਰੂਰੀ ਸਮਝਦੇ ਨੇ,ਉਹਨਾਂ ਦੀ ਤਰ੍ਹਾਂ ਹਾਸ ਵਿਅੰਗ ਲਿਖਣ ਲਈ ਤੁਸੀਂ ਕਿਹੜੀਆਂ ਗੱਲਾਂ ਨੂੰ ਜ਼ਰੂਰੀ ਮੰਨਦੇ ਹੋ ?
- ਕੁਲਰੀਆ ਸਾਹਿਬ , ਹਾਸ ਵਿਅੰਗ ਲਿਖਣ ਲਈ ਮੈਨੂੰ ਅੱਜ ਤੱਕ ਪਹਿਲਾਂ ਤਿਆਰੀ ਜਾਂ ਕੋਈ ਪ੍ਰੈਕਟਿਸ ਨਹੀਂ ਕਰਨੀ ਪਈ ਮੈਨੂੰ ਤਾਂ ਆਪਣੇ-ਆਪ ਨੂੰ ਵੀ ਉਦੋਂ ਹੀ ਪਤਾ ਚੱਲਦੈ, ਜਦੋਂ ਕੋਈ ਨਾ ਕੋਈ ਅਚਾਨਕ ਹੀ ਅੰਦਰਲੇ ਵਲਵਲਿਆ ਰਾਹੀਂ ਕੋਈ ਸੱਪ ਆ ਨਿਕਲਦੈ...।ਹੋ ਸਕਦੈ ਲਿਖਣ ਲਈ ਕੁਝ ਗੱਲਾਂ ਜਰੂਰੀ ਹੋਣ ਪਰ ਮੇਰੇ ਅੰਦਰਲੇ ਵਲਵਲੇ ਹੀ ਮੈਨੂੰ ਕਲਮ ਚੁੱਕਣ ਲਈ ਮਜ਼ਬੂਰ ਕਰਦੇ ਹਨ।
? ਤੁਹਾਡੀਆਂ ਰਚਨਾਵਾਂ ਵਿੱਚ ਹਾਸੇ ਦਾ ਤੜਕਾ ਪੰਜਾਬੀ ਰਸੋਈ ਦੇ ਤੜਕੇ ਵਾਂਗ ਹੁੰਦਾ ਹੈ ਜੀਹਦੇ ਵਿੱਚੋਂ ਮੋਟਾ ਠੁੱਲ੍ਹਾ ਹਾਸਾ ਤਾਂ ਜ਼ਿਆਦਾ ਉਪਜਦਾ ਹੈ, ਪਰ ਤੁਹਾਡੀਆਂ ਰਚਨਾਵਾਂ ਵਿਚਲਾ ਵਿਅੰਗ ਪੇਤਲਾ ਪੈ ਜਾਂਦਾ। ਕੀ ਕਹੋਗੇ ?
-ਇਹ ਹਾਸੇ ਦਾ ਤੜਕਾ ਮੈਂ ਜਾਣ-ਬੁੱਝ ਕੇ ਨਹੀਂ ਲਾਉਂਦਾ.. ਆਪਣੇ-ਆਪ ਹੀ ਲੱਗ ਜਾਂਦਾ ਹੈ। ਕਈ-ਕਈ ਵਿਅੰਗ ਹਾਸੇ ਠੱਠੇ ਨਾਲ ਸੋਨੇ ਤੇ ਸੁਹਾਗਾ ਬਣ ਜਾਂਦੇ ਹਨ ਤੇ ਕੋਈ ਵਿਅੰਗ ਫਿੱਕਾ ਹੁੰਦਾ ਹੋਇਆ ਸਿਰਫ਼ ਚੁਟਕਲਾ ਬਣ ਕੇ ਰਹਿ ਜਾਂਦਾ ਹੈ।ਕੁਝ ਰਚਨਾਵਾਂ ਤੇ ਤੁਹਾਡੀ ਗੱਲ ਨਾਲ ਮੇਰੀ ਸਹਿਮਤੀ ਹੈ। ਮੇਰੀਆਂ ਬਹੁਤੀਆਂ ਰਚਨਾਵਾਂ ਵਿਚ ਵਿਅੰਗ ਦੀ ਚੋਭ ਬਰਕਰਾਰ ਰਹਿੰਦੀ ਹੈ।
? ਆਪਣੀ ਹਾਸ-ਵਿਅੰਗ ਲਿਖਣ ਦੀ ਪ੍ਰੀਕ੍ਰਿਆ ਬਾਰੇ ਵੀ ਕੁਝ ਦੱਸੋ ?
-ਜਦੋਂ ਮੈਂ ਕੋਈ ਰਚਨਾ ਲਿਖਣੀ ਸ਼ੁਰੂ ਕਰਦਾ ਹਾਂ ਤਾਂ ਪਤਾ ਨਹੀਂ ਕਿਉਂ ਚਾਹੇ ਕਵਿਤਾ ਹੋਵੇ, ਚਾਹੇ ਗੀਤ, ਕਹਾਣੀ, ਮਿੰਨੀ ਕਹਾਣੀ ਤੇ ਚਾਹੇ ਹਾਸ-ਵਿਅੰਗ ਦੇ ਸ਼ਬਦ ਆਪਣੇ-ਆਪ ਹੀ ਆਪਣੀ ਯੋਗ ਸਥਾਨ ਹਾਸਲ ਕਰ ਲੈਂਦੇ ਹਨ। ਹਾਸ-ਵਿਅੰਗ ਰਚਨਾ ਪਾਠਕ ਨੂੰ ਸਿਰਫ਼ ਹਾਸਰਸ ਦੇਣ ਤੱਕ ਹੀ ਸੀਮਤ ਨਹੀਂ ਰਹਿੰਦੀ ਹਾਸੇ ਦੇ ਨਾਲ-ਨਾਲ ਕਈ ਵਾਰੀ ਇਹ ਪ੍ਰੀਕਿਆ ਪਾਠਕਾਂ ਨੂੰ ਰੋਣ ਧੋਣ ਲਈ ਵੀ ਬੇਹੱਦ ਮਜ਼ਬੂਰ ਕਰ ਦਿੰਦੀ ਹੈ। ਮੈਂ ਆਪਣੀਆਂ ਕਾਮੇਡੀ ਫੀਚਰ ਫਿਲਮਾਂ ‘ਚ ਜਿੱਥੇ ਪਾਠਕਾਂ/ਦਰਸ਼ਕਾਂ ਲਈ ਹਾਸਾ ਪਾਇਆ ਹੈ ਉੱਥੇ ਟੇਢੇ-ਮੇਢੇ ਢੰਗ ਨਾਲ ਸਮਾਜਿਕ ਬੁਰਿਆਈ ਨੂੰ ਵੀ ਉਜਾਗਰ ਕੀਤਾ ਹੈ ਜਿੰਨ੍ਹਾਂ ਨੂੰ ਪੜ੍ਹ-ਸੁਣ ਕੇ ਪਾਠਕ ਭਾਰੀ ਚਿੰਤਤ ਹੁੰਦਾ ਹੋਇਆ ਸੋਚਣ ਲਈ ਮਜ਼ਬੂਰ ਹੋ ਜਾਂਦਾ ਹੈ ਜਿਵੇਂ ਮੇਰੀ ਕੁਝ ਕਵਿਤਾਵਾਂ ਦੀਆਂ ਪੰਗਤੀਆਂ ਹਨ ‘ਸਾਡੇ ਕਾਕੇ ਨੇ ਬਣਾ ਲਈ ਹੁਣ ਫੇਸ ਬੁੱਕ ਬਈ’, ‘ਬੇਬੇ ਜੀ ਪੈਨਸ਼ਨ ਮਿਲਣੀ ਹੈ ਹੁਣ ਨਹਾ ਧੋ ਕਰੋ ਤਿਆਰੀ’, ‘ਥੋੜ੍ਹਾ-ਬਹੁਤਾ ਮਾਂ ਨਾਲ ਲੜਕੇ ਪਤਨੀ ਨੂੰ ਖੁਸ਼ ਕਰ ਲਿਆ ਕਰ..’ ਆਦਿ। ਬਾਕੀ ਮੈਨੂੰ ਹਾਸ ਵਿਅੰਗ ਜਾਂ ਹੋਰ ਕਿਸੇ ਵਿਧਾ ਦੀ ਸਿਰਜਣਾ ਲਈ ਕੋਈ ਵਿਸ਼ੇਸ਼ ਤੱਰਦਦ ਦੀ ਲੋੜ ਨਹੀਂ ਪੈਂਦੀ।
? ਤੁਹਾਡੀ ‘ਤਾਈ ਨਿਹਾਲੀ’ ਸਟੀਕ ਕਰੈਕਟਰ ਲੋਕਾਂ ਨੂੰ ਨਿਹਾਲ ਕਰਦੀ ਰਹਿੰਦੀ ਹੈ ਇਸ ਬਾਰੇ ਦੱਸੋ ਇਹ ਕਰੈਕਟਰ ਕਿਵੇL ਸਿਰਜਿਆ ਗਿਆ ?
-ਮੇਰੀ ਤਾਈ ਨਿਹਾਲੀ (ਸਟੀਕ ਪਾਤਰ) ਲੋਕਾਂ ਨੂੰ ਬਿਲਕੁਲ ਨਿਹਾਲ ਕਰ ਦਿੰਦੀ ਹੈ। ਪਰ ਇਸ ਦੀ ਜੋ ਸਿਰਜਣਾ ਹੈ ਇਹ ਮੇਰੀ ਜ਼ਿੰਦਗੀ ਦੀਆਂ ਕੁਝ ਕੁ ਮੇਰੇ ਨਾਲ ਵਾਪਰੀਆਂ ਹੋਈਆ ਅਜਿਹੀਆਂ ਘਟਨਾਵਾਂ ਸਨ। ਕੁਝ ਕੁ ਸਮਾਜ ਦੀਆਂ ਘਟਨਾਵਾਂ ਸਨ, ਜਿੰਨ੍ਹਾਂ ਨੂੰ ਲੋਕਾਂ ਦੇ ਕੰਨਾਂ ਤੱਕ ਪਹੁੰਚਾਉਣ ਲਈ ਮੈਨੂੰ ‘ਤਾਈ ਨਿਹਾਲੀ’ ਨਾਮ ਦਾ ਪਾਤਰ ਸਿਰਜ ਕੇ ਆਪਣਾ ਸੋਟਾ ਬਚਾਉਣਾ ਪੈ ਰਿਹਾ ਹੈ। ਤਾਈ ਦੇ ਨਾਲ ‘ਤਾਇਆ ਨਰੈਂਣਾ’ ਵੀ ਕਈ ਥਾਵਾਂ ਤੇ ਆਪਣੇ ਰੋਲ ਅਦਾ ਕਰਦਾ ਹੈ। ਨਾਮਵਰ ਵਿਅੰਗਕਾਰ ‘ਐਮ.ਕੇ.ਰਾਹੀ’ ਨੇ ਆਪਣਾ ਵਿਅੰਗ ਸੰਗ੍ਰਹਿ ‘ਤਾਇਆ ਨਿਹਾਲਾ’ ਸਿਰਜਿਆ ਹੈ। ਮੈਂ ਆਪਣੇ ਵਿਅੰਗ ਲੇਖਣੀ ‘ਚ ਕਿਸੇ ਠੇਠ ਪੰਜਾਬੀ ਨਾਮ ਦੀ ਤਲਾਸ਼ ਵਿੱਚ ਸਾਂ ਕਿ ਜਿਉਂ ਹੀ ਮੈਂ ਉਨ੍ਹਾਂ ਦੀ ਕਿਤਾਬ ਦਾ ਨਾਮ ‘ਤਾਇਆ ਨਿਹਾਲਾ’ ਕਿਤੋਂ ਸੁਣਿਆ ਤਾਂ ਮੈਂ ਫਟਾਫਟ ਆਪਣਾ ਕੋਰਮ ਪੂਰਾ ਲਿਆ ਤੇ ਪਾਤਰ ਦਾ ਨਾਮ ਤਾਈ ਨਿਹਾਲੀ ਰੱਖ ਕੇ ਆਪਣਾ ਧੂੜ ‘ਚ ਟੱਟੂ ਭਜਾਉਣਾ ਸ਼ੁਰੂ ਕਰ ਲਿਆ।
? ‘ਚੋਣ ਨਿਸ਼ਾਨ-ਗੁੱਲੀ ਡੰਡਾ’ ਪੁਸਤਕ ਦੀ ਸਿਰਜਣ ਪ੍ਰਕ੍ਰਿਆ ਬਾਰੇ ਕੁਝ ਸ਼ਬਦ ?
- ‘ਚੋਣ ਨਿਸ਼ਾਨ ਗੁੱਲੀ-ਡੰਡਾ’ ਕੁਲਰੀਆ ਜੀ ਮੇਰਾ ਤੀਸਰਾ ਵਿਅੰਗ ਸੰਗ੍ਰਹਿ ਹੈ। ਇਹ ਇੱਕ ਵਿਅੰਗ ਹੈ ਜਿਸਨੂੰ ਮੈਂ ਆਪਣੀ ‘ਬੇਬੇ ਬੰਤੋ’ ਕਾਮੇਡੀ ਫੀਚਰ ਫਿਲਮ ‘ਚ ਫਿਲਮਾ ਵੀ ਚੁੱਕਾ ਹਾਂ ਜਿਸ ਚੋਂ ਕਟਾਖਸ਼ ਇਹ ਨਿਕਲਦਾ ਹੈ ਕਿ ਸਾਡੇ ਰਾਜਸੀ ਨੇਤਾਵਾਂ ਮੂਹਰੇ ਸਾਡੀ ਭੋਲੀ-ਭਾਲੀ ਦੁਨੀਆ ਗੁੱਲੀ ਹੈ ਤੇ ਨੇਤਾ ਡੰਡਾ ਹੈ। ਇਸ ਕਿਤਾਬ ਦਾ ਜਿਲਦ ਟਾਇਟਲ ਵੀ ਮੈਂ ਖੁਦ ਹੀ ਹੱਥ ‘ਚ ਡੰਡਾ ਫੜ੍ਹਕੇ ਬਣਾਇਆ ਹੈ ਜੋ ਕੋਲ ਖੜ੍ਹੇ ਲੋਕਾਂ ‘ਤੇ ਆਪਣਾ ਰੋਅਬ ਅਜ਼ਮਾਈ ਕਰਦਾ ਹੋਇਆ ਨਜ਼ਰ ਆ ਰਿਹਾ ਹੈ।ਰਾਜਨੀਤਿਕ ਲੋਕਾਂ ਦੀਆਂ ਗੁੱਝੀਆਂ ਚਾਲਾਂ ਤੋਂ ਜਨਤਾ ਨੂੰ ਜਾਗਰੂਕ ਕਰਨ ਦੀ ਛੋਟੀ ਜਿਹੀ ਕੋਸ਼ਿਸ਼ ਹੈ।
? ਅੱਜ ਕੱਲ ਮਿੰਨੀ ਕਹਾਣੀ ਦੀ ਬੜੀ ਚੜ ਮੱਚੀ ਹੋਈ ਹੈ,ਜਣਾ ਖਣਾ ਹੀ ਮਿੰਨੀ ਕਹਾਣੀ ਦੇ ਮਗਰ ਪਿਆ ਹੋਇਆ ਹੈ।ਤੁਸੀਂ ਵੀ ਇਸ ਵਿਧਾ ਤੇ ਹੱਥ ਅਜ਼ਮਾ ਰਹੇ ਹੋ ਕੀ ਤੁਹਾਡੀ ਮਿੰਨੀ ਕਹਾਣੀ ਹਾਸ ਵਿਅੰਗ ਤੋਂ ਪ੍ਰਭਾਵਿਤ ਹੁੰਦੀ ਹੈ?
-ਹਾਂ ਜੀ ਕੁਲਰੀਆ ਸਾਹਿਬ, ਮਿੰਨੀ ਕਹਾਣੀ ਰਾਹੀਂ ਲੇਖਕ ਨੂੰ ਥੋੜੇ ਸ਼ਬਦਾ ‘ਚ ਵੱਡੀ ਗੱਲ ਕਹਿਣ ਦਾ ਸੁਭਾਗਾ ਸਮਾਂ-ਸਥਾਨ ਹਾਸਲ ਹੋ ਰਿਹਾ ਹੈ ਅੱਜਕੱਲ੍ਹ ਬਹੁਤ ਸਾਰੇ ਲੋਕ ਅਖਬਾਰਾਂ/ਵਟਸਐਪ/ਫੇਸਬੁੱਕ ਜਾਂ ਹੋਰ ਕਿਸੇ ਢੰਗ ਰਾਹੀਂ ਆਪਣੇ ਮਨ ਦੇ ਵਲਵਲੇ ਕੱਢਣ ਲਈ  ਇਸ ਵਿਧਾ ਹੱਥ ਅਜ਼ਮਾ ਰਹੇ ਹਨ। ਅੱਜ ਮਿੰਨੀ ਕਹਾਣੀ ਨੇ ਉੱਚੇ ਸਥਾਨ ‘ਤੇ ਪਹੁੰਚ ਕੇ ਆਪਣਾ ਅਸਲੀ ਦਰਜਾ ਹਾਸਲ ਕਰ ਲਿਆ ਹੈ। ਪਹਿਲਾਂ-ਪਹਿਲਾਂ ਬਹੁਤ ਸਾਰੇ ਲੇਖਕ ਵਿਅੰਗ ਜਾਂ ਹਾਸ ਵਿਅੰਗ ਦੀ ਵਿਧਾ ਅਪਣਾ ਕੇ ਲੋਕਾਂ ਤੱਕ ਸਾਰੀਆਂ ਸਮਾਜਿਕ ਬੁਰਿਆਈ ਨੂੰ ਪਹੁੰਚਾਉਣ ਲਈ ਜ਼ੋਰ ਅਜਮਾਈ ਕਰਦੇ ਸਨ ਪਰ ਮਿੰਨੀ ਕਹਾਣੀ ਨੇ ਇਸ ਢੰਗ ਨੂੰ ਥੋੜ੍ਹੇ ਸ਼ਬਦਾ ਰਾਹੀਂ ਸੌਖਾ ਕਰ ਦਿੱਤਾ ਹੈ। ਅੱਜ ਦੇ ਸਮੇਂ ‘ਚ ਪਾਠਕਾਂ ਕੋਲ ਵੀ ਸਾਹਿਤ ਪੜ੍ਹਨ ਲਈ ਸਮਾਂ ਘੱਟ ਹੋਣ ਕਰਕੇ ਉਹ ਮਿੰਨੀ ਕਹਾਣੀ ਨੂੰ ਵੱਧ ਤੋਂ ਵੱਧ ਪੜ੍ਹਨ ਲਈ ਤਰਜੀਹ ਦੇ ਰਹੇ ਹਨ। ਮੇਰੀਆਂ ਕਈ ਮਿੰਨੀ ਕਹਾਣੀਆਂ ਮਿੰਨੀ ਕਹਾਣੀ ਮੰਚ ਅੰਮ੍ਰਿਤਸਰ ਦੇ ਸਲਾਨਾ ਮੁਕਾਬਲਿਆਂ ‘ਚ ਆਪਣਾ ਯੋਗ ਸਥਾਨ ਹਾਸਲ ਕਰਕੇ ਮੇਰੀ ਲੇਖਣੀ ਨੂੰ ਚਾਰ-ਚੰਨ ਲਗਾ ਚੁੱਕੀਆਂ ਹਨ। ਲਗਾਤਾਰ ਤਿੰਨ ਸਾਲ ਇਨਾਮ ਜਿੱਤ ਕੇ ਹੈਟ੍ਰਿਕ ਬਣ ਚੁੱਕੀ ਹੈ।ਮੇਰੀਆਂ ਕਈ ਮਿੰਨੀ ਕਹਾਣੀਆਂ ਵਿਚ ਵਿਅੰਗ ਦਾ ਝਲਕਾਰਾ ਮਿਲਦਾ ਹੈ।
? ਕੀ ਤੁਸੀਂ ਮਿੰਨੀ ਕਹਾਣੀ ਵਿੱਚ ਵਿਅੰਗ ਦਾ ਹੋਣਾ ਜ਼ਰੂਰੀ ਮੰਨਦੇ ਹੋ ਜੇ ਹਾਂ ਤਾਂ ਕਿਸ ਹੱਦ ਤੱਕ ਜੇ ਨਾ ਤਾਂ ਕਿਉਂ ?
-ਕੁਲਰੀਆ ਜੀ, ਲੇਖਕ ਨੇ ਕਿਵੇਂ ਨਾ ਕਿਵੇਂ ਆਪਣੀ ਕਲਮ ਨਾਲ ਸਮਾਜ ਦੇ ਕਲੰਕ ਨੂੰ ਉਜਾਗਰ ਕਰਨ ਲਈ ਉਪਰਾਲਾ ਕਰਨਾ ਹੈ।ਚਾਹੇ ਉਹ ਮਿੰਨੀ ਕਹਾਣੀ ‘ਚ ਕੁਝ ਨਾ ਕੁਝ ਵਿਅੰਗ ਫਿੱਟ ਕਰਕੇ ਕਰੇ, ਚਾਹੇ ਗੰਭੀਰ ਸ਼ਬਦਾਂ ਦਾ ਵਰਨਣ ਕਰੇ। ਪ੍ਰੰਤੂ ਮਿੰਨੀ ਕਹਾਣੀ ‘ਚ ਜ਼ਿਆਦਾ ਵਿਅੰਗ ਕੱਸਣਾ ਕੋਈ ਜ਼ਰੂਰੀ ਨਹੀਂ ਹੈ ਤਾਂ ਕਿ ਉਹ ਚੁਟਕਲਾ ਰੂਪੀ ਨਾ ਬਣੇ। 
? ਤੁਹਾਡੇ ਵੱਲੋਂ ਨਿਰਮਿਤ ਕਈ ਹਾਸਰਸੀ ਟੈਲੀ ਫਿਲਮਾਂ ਨੇ ਲੋਕਾਂ ਦੇ ਘਰਾਂ ਵਿੱਚ ਭੜਥੂ ਪਾਇਆ ਹੋਇਆ ਹੈ,ਇਹਨਾਂ ਤੋਂ ਵੀ ਪਰਦਾ ਚੱਕੋ ?
-ਬਿਲਕੁਲ ਕੁਲਰੀਆ ਜੀ, ਕਾਮੇਡੀ ਫੀਚਰ ਫਿਲਮ ‘ਤਾਈ ਨਿਹਾਲੀ’ ਇੱਕ ਮੀਲ ਪੱਥਰ ਸਾਬਤ ਹੋਈ ਹੈ ਜਿਸਨੇ ਬਹੁਤ ਉੱਚ ਮੁਕਾਮ ਤੱਕ ਮੰਜ਼ਿਲ ਹਾਸਲ ਕੀਤੀ ਤੇ ਬੇਬੇ ਬੰਤੋ ਵੀ ਆਪਣੇ ਸਮੇਂ ਅਨੁਸਾਰ ਚੰਗਾ ਪ੍ਰਭਾਵ ਛੱਡ ਗਈ ਸੀ। ਇੰਨ੍ਹਾਂ ਫਿਲਮਾਂ ਰਾਹੀਂ ਮੈਂ ਅਨਪੜ੍ਹਤਾ, ਤਾਂਤਰਿਕਾਂ, ਰਾਜਸੀ ਨੇਤਾਵਾਂ ਅਤੇ ਮਾਪਿਆਂ ਦੀ ਸੇਵਾ ਨਾ ਕਰਨ ਵਾਲਿਆਂ ਦੇ ਪੋਲ ਖੋਲ੍ਹਣ ਦਾ ਯਤਨ ਅਪਣਾਇਆ ਹੈ ਜੋ ਕਿਸੇ ਹੱਦ ਤੱਕ ਠੀਕ ਸਾਬਿਤ ਹੋਇਆ ਹੈ। 
? ਪੰਜਾਬੀ `ਚ ਲਿਖੇ ਗਏ ਜਾਂ ਲਿਖੇ ਜਾ ਰਹੇ ਹਾਸ ਵਿਅੰਗ ਸਾਹਿਤ ਤੋਂ ਕੀ ਤੁਸੀਂ ਸੰਤੁਸ਼ਟ ਹੋ ਜਾਂ ਇਸ ਨੂੰ ਹੋਰ ਸੁਧਾਰਣ ਦੀ ਲੋੜ ਹੈ ਤਾਂ ਕਿ ਇਹ ਦੂਸਰੀਆਂ ਭਾਸ਼ਾਵਾਂ ਦੇ ਹਾਸ ਵਿਅੰਗੀ ਸਾਹਿਤ ਸਾਹਮਣੇ ਆਪਣੀ ਮੁੱਛ ਉਤਾਂਹ ਰੱਖ ਸਕੇ ?
-ਕੁਲਰੀਆ ਸਾਹਿਬ ਪੰਜਾਬੀ ‘ਚ ਲਿਖੇ ਜਾ ਰਹੇ ਹਾਸ ਵਿਅੰਗ ‘ਚ ਹਾਸ ਵਿਅੰਗ ਲੇਖਕਾਂ ਨੇ ਹੁਣ ਤੱਕ ਬਹੁਤ ਵੱਡੀਆਂ-ਵੱਡੀਆਂ ਮੱਲਾਂ ਮਾਰੀਆਂ ਹਨ । ਇਸਤੋਂ ਇਲਾਵਾ ਭਾਵੇਂ ਦੂਸਰੀਆਂ ਭਾਸ਼ਾਵਾਂ ‘ਚ ਵੀ ਵਿਅੰਗ ਲਿਖਿਆ ਜਾ ਰਿਹਾ ਹੈ ਉਹ ਉਸ ਰਾਜ ਦੇ ਲੇਖਕਾਂ ਦੀ ਆਪਣੀ ਵਿਲੱਖਣਤਾ ਹੈ। ਮੈਨੂੰ ਤਾਂ ਆਪਣਾ ਦੇਸ਼ ਚੰਗਾ ਲੱਗਦਾ ਹੈ ਇਸ ਕਰਕੇ ਸਾਨੂੰ ਆਪਣੇ ਦੇਸ਼ ਦੀ ਭਾਸ਼ਾ ‘ਚ ਗੱਲ ਵੱਧ ਤੋਂ ਵੱਧ ਕਰਨੀ ਚਾਹੀਦੀ ਹੈ। ਜਿੱਥੋਂ ਤੱਕ ਇਸ ਨੂੰ ਸੁਧਾਰਣ ਦੀ ਗੱਲ ਹੈ ਉਹ ਇਹ ਵੀ ਹੈ ਕਿ ਵਿਅੰਗ ਲੇਖਕ ਦੀ ਬਾਂਹ ਫੜ੍ਹਨ ਨੂੰ ਸਾਡੀਆਂ ਹਾਕਮ ਸਰਕਾਰਾਂ ਕੋਈ ਸਹਿਯੋਗ ਨਹੀਂ ਦੇ ਰਹੀਆਂ। ਨਾ ਹੀ ਕੋਈ ਉਨ੍ਹਾਂ ਦਾ ਖਰੜਾ ਮੁਫ਼ਤ ਛਾਪਿਆ ਜਾ ਰਿਹਾ ਹੈ ਅਤੇ ਨਾ ਹੀ ਕੋਈ ਹੌਂਸਲਾ ਵਧਾਊ ਕੋਈ ਹੋਰ ਉਪਰਾਲਾ ਹੈ ਜਿਸ ਕਰਕੇ ਅੱਜ ਦੇ ਸਮੇਂ ‘ਚ ਵਿਅੰਗ ਜਾਂ ਹੋਰ ਲੇਖਕ ਆਪਣੀਆਂ ਪੁਸਤਕਾਂ ਜਲਦੀ ਛਪਵਾਉਣ ਤੋਂ ਅਸਮਰੱਥ ਨਜ਼ਰ ਆ ਰਹੇ ਹਨ। ਵਿਅੰਗ ਲੇਖਣੀ ਨੂੰ ਸੁਧਾਰਨ ਦੇ ਨਾਲ-ਨਾਲ ਸਾਡੇ ਹਾਕਮਾਂ ਨੂੰ ਵੀ ਸੁਧਾਰਨ ਦੀ ਲੋੜ ਹੈ, ਫੇਰ ਹੀ ਅਸੀਂ ਆਪਣੀ ਮੁੱਛ ਖੜੀ ਰੱਖ ਸਕਦੇ ਹਾਂ ਨਹੀਂ ਤਾਂ ਆਉਣ ਵਾਲੇ ਸਮੇਂ ‘ਚ ਲੇਖਕ ਦੀ ਸਥਿਤੀ ਹੋਰ ਵੀ ਚਿੰਤਾਜਨਕ ਨਜ਼ਰ ਆਵੇਗੀ।
? ਟੀ.ਵੀ. ਉਪਰ ਅੱਜ ਕੱਲ ਪ੍ਰੋਸਿਆ ਜਾ ਰਿਹਾ ਹਾਸ ਵਿਅੰਗ ਕੀ ਹਾਸ ਵਿਅੰਗ ਸਾਹਿਤ ਅਤੇ ਵਿਧਾ ਨੂੰ ਬਲ ਬਖਸ਼ ਰਿਹਾ ਹੈ ਜਾਂ ਉਹਦੀਆਂ ਜੜ੍ਹਾਂ ਨੂੰ ਤੇਲ ਦੇ ਰਿਹਾ ਹੈ ?
-ਕੁਲਰੀਆ ਸਾਹਿਬ ਮੈਂ ਜ਼ਿਆਦਾ ਟੀ.ਵੀ. ਨਹੀਂ ਦੇਖਦਾ। ਕਦੇ-ਕਦੇ ਪੰਜਾਬੀ ਗੀਤ ਵਗੈਰਾ ਸੁਣ ਲਈਦੇ ਨੇ।
? ਪੰਜਾਬੀ `ਚ ਛਪ ਰਹੇ ਰਿਸਾਲੇ ਅਤੇ ਅਖਬਾਰਾਂ ਦੀ ਹਾਸ ਵਿਅੰਗ ਸਾਹਿਤ ਨੂੰ ਕੀ ਦੇਣ ਹੈ ?
-ਬਹੁਤ ਵੱਡਾ ਉਪਰਾਲਾ ਹੈ ਜੀ ਇੰਨ੍ਹਾਂ ਰਸਾਲੇ, ਅਖਬਾਰਾਂ ਦਾ ਜਿੰਨ੍ਹਾਂ ਨੇ ਲੇਖਕ ਦੀ ਕਲਮ ਨੂੰ ਚਾਰ ਚੰਨ ਲਗਾਉਂਦਿਆਂ ਨਿਰੰਤਰ ਜੀਵਤ ਰੱਖਿਆ ਹੋਇਆ ਹੈ ਜੋ ਸਾਡੀ ਗੱਲ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਸਹਾਈ ਹੋ ਰਹੇ ਹਨ। ਅਜੀਤ ਅਖਬਾਰ ‘ਚ ਦਿਲਚਸਪੀਆਂ ਅੰਕ ਤੇ ਮੈਗਜ਼ੀਨ ਪ੍ਰਕਾਸ਼ਿਤ ਹੋ ਰਿਹਾ ਹੈ ਜਿਸ ‘ਚੋਂ ਸਾਨੂੰ ਪੜ੍ਹਨ ਲਈ ਕਾਫੀ ਸਮੱਗਰੀ ਮਿਲਦੀ ਰਹਿੰਦੀ ਹੈ। ਇਸ ਤੋਂ ਇਲਾਵਾ ਹੋਰ ਅਖਬਾਰਾਂ ਵੀ ਵਿਅੰਗ, ਹਾਸ ਵਿਅੰਗ ਨੂੰ ਥੋੜ੍ਹਾ-ਬਹੁਤਾ ਸਥਾਨ ਦੇ ਰਹੀਆਂ ਹਨ। ਬਠਿੰਡਾ ਤੋਂ ‘ਸ਼ਬਦ ਤ੍ਰਿੰਜਣ’ ਅਤੇ ਜਲੰਧਰ ਤੋਂ ‘ਮੀਰਜ਼ਾਦਾ’ ਮੈਗਜ਼ੀਨ ਛਪਦੇ ਹਨ, ਹਾਸ ਵਿਅੰਗ ਛਾਪਣ ‘ਚ ਇਹ ਦੋਨੋਂ ਉੱਚ ਸਥਾਨ ਰੱਖ ਰਹੇ ਹਨ। ਹੋਰ ਕੁਝ ਮੈਗਜ਼ੀਨਾਂ ‘ਚ ਵੀ ਕੁਝ-ਕੁਝ ਵਿਅੰਗ ਪੜ੍ਹਨ ਨੂੰ ਮਿਲਦੇ ਹਨ। ਮੈਂ ਆਪਣੇ ਵੱਲੋਂ ਇੰਨ੍ਹਾਂ ਦਾ ਹਾਰਿਦਕ ਸਵਾਗਤ ਕਰਦਾ ਹੋਇਆ ਧੰਨਵਾਦੀ ਹਾਂ ਜੋ ਹਾਸ ਵਿਅੰਗ ਵਿਧਾ ਨੂੰ ਪ੍ਰਫੁੱਲਤ ਕਰ ਰਹੇ ਹਨ।
? ਆਮ ਤੌਰ ਤੇ ਸਾਹਿਤਕਾਰੀ ਅਤੇ ਪੱਤਰਕਾਰੀ ਦੇ ਕੰਮਾਂ ਵਿੱਚ ਸੁਮੇਲ ਦੀ ਗੁੰਜ਼ਾਇਸ਼ ਘੱਟ ਹੀ ਹੁੰਦੀ ਹੈ। ਮੈਂ ਸੁਣਿਆ ਤੁਸੀ ਪੱਤਰਕਾਰੀ ਦਾ ਕੰਮ ਵੀ ਬੜੀ ਬਾਖੂਬੀ ਕਰ  ਰਹੇ ਹੋ। ਕੀ ਪੱਤਰਕਾਰੀ  ਕਰਨ ਨਾਲ ਤੁਹਾਡੀ ਲਿਖਣ ਕਲਾ ਵਿੱਚ ਨਿਖਾਰ ਆਇਆ ਹੈ ਜਾਂ ਨਿਘਾਰ ?
-ਕੁਲਰੀਆ ਜੀ, ਇਹ ਬਿਲਕੁਲ ਠੀਕ ਹੈ ਕਿ ਇੰਨ੍ਹਾਂ ਦਾ ਆਪਸੀ ਕੋਈ ਸੁਮੇਲ ਨਹੀਂ ਹੈ। ਪਰ ਮਜ਼ਬੂਰੀ ਸਮਝੋ ਚਾਹੇ ਸ਼ੌਂਕ ਸਮਝ ਲਵੋ। ਮੈਨੂੰ ਇਹ ਪੱਤਰਕਾਰੀ ਦੀ ਬਿਮਾਰੀ ਵੀ ਪਿਛਲੇ 17-18 ਸਾਲਾਂ ਤੋਂ ਚਿੰਬੜੀ ਹੋਈ ਹੈ ਪਰ ਪੱਤਰਕਾਰੀ ਲਾਈਨ ਕਈ-ਕਈ ਵਾਰ ਅਜਿਹਾ ਝੰਜੋੜ ਕੇ ਰੱਖ ਦਿੰਦੀ ਹੈ ਕਿ ਸਾਹਿਤ ਰਚਣ ਦਾ ਸਮਾਂ ਹੀ ਨਹੀਂ ਬਚਦਾ ਤੇ ਵਧੀਆ-ਵਧੀਆ ਗੱਲਾਂ ਮਨ ‘ਚੋਂ ਵਿਸਰ ਜਾਂਦੀਆਂ ਹਨ। ਜਿਸ ਨਾਲ ਲਿਖਣ ਕਲਾ ‘ਚ ਨਿਖਾਰ ਦੀ ਬਜਾਏ ਨਿਘਾਰ ਹੀ ਗਿੱਟਿਆਂ ਨੂੰ ਜ਼ੰਜੀਰ ਪਾ ਰੱਖ ਲੈਂਦਾ ਹੈ।
? ਤੁਹਾਡੀਆਂ ਕਾਵਿ ਦੀਆਂ ਕਈ ਵੰਨਗੀਆਂ ਜਿਵੇਂ ਗੀਤ ਜਾਂ ਕਵੀਸ਼ਰੀ ਨੂੰ ਵੱਖ ਵੱਖ ਗਾਇਕਾਂ ਦੀ ਸੁਰੀਲੀ ਆਵਾਜ਼ ਮਿਲੀ ਹੈ  ਇਹਦੇ ਬਾਰੇ ਵੀ ਚਾਨਣਾ ਪਾਉ ?
-ਲੇਖਣੀ ਦੇ ਪਹਿਲੇ-ਪਹਿਲੇ ਦੌਰ ‘ਚ ਮੈਂ ਸੋਲੋ ਗੀਤ ਅਤੇ ਬਾਲ-ਗੀਤ, ਕਵਿਤਾਵਾਂ ਲਿਖਣੀਆਂ  ਸ਼ੁਰੂ ਕੀਤੀਆਂ। ਗੀਤਾਂ ਦੇ ਭੂਤ ਸਵਾਰ ਨੇ ਮੈਨੂੰ ਕਾਫ਼ੀ ਕਲਾਕਾਰਾਂ ਦੇ ਹਾੜੇ ਕੱਢਣ ਲਈ ਮਜ਼ਬੂਰ ਕੀਤਾ। ਜਿੰਨ੍ਹਾਂ ‘ਚੋਂ ਜੱਜ ਸ਼ਰਮਾਂ ਬਾਘਾਪੁਰਾਣਾ ਨੇ ਮੇਰੀ ਕਲਮ ਨੂੰ ਪਛਾਣਿਆ ਤੇ ਦੋ-ਤਿੰਨ ਗੀਤ ਗਾਏ। ਬਾਲ ਗੀਤਾਂ ਨੂੰ ਵੱਖ-ਵੱਖ ਅਖਬਾਰਾਂ/ਮੈਗਜ਼ੀਨਾਂ ਵੱਲੋਂ ਪ੍ਰਮੁੱਖਤਾ ਮਿਲੀ, ਕੁਝ-ਕੁਝ ਚੁਟਕਲੇ ਵੀ ਲਿਖੇ ਸਨ। ਮੈਂ ਇਹ ਛੋਟੀਆਂ ਰਚਨਾਵਾਂ ਡਾ.ਸੁਰਜੀਤ ਬਰਾੜ, ਕ੍ਰਿਸ਼ਨ ਭਨੋਟ ਤੇ ਗੁਰਮੇਜ ਸਿੰਘ ਗੇਜਾ ਲੰਗੇਆਣਾ ਨੂੰ ਜਿਉਂ ਹੀ ਸਾਂਝੀਆਂ ਕੀਤੀਆਂ, ਤਾਂ ਉਨ੍ਹਾਂ ਨੇ ਵਾਹ-ਵਾਹ ਕਰਦਿਆਂ ਮੇਰੇ ‘ਚ ਅਜਿਹਾ ਪੰਪ ਭਰਦਿਆਂ ਸਲਾਹ ਦਿੱਤੀ ਕਿ ਚੁਟਕਲਿਆਂ ਦੇ ਅਕਾਰ ਨੂੰ ਵੱਡਾ ਕਰਕੇ 1-2 ਸਫ਼ਿਆਂ ਦੀਆਂ ਕਹਾਣੀਆਂ ਜਾਂ ਵਿਅੰਗ ਬਣਾ ਕੇ ਲਿਖ। ਫੇਰ ਮੈਂ ਉਵੇਂ ਹੀ ਕੀਤੇ ਤੇ ਮੈਂ 3-4 ਵੱਡੇ ਵਿਅੰਗਾਂ ਨੂੰ ਵੱਖ-ਵੱਖ ਅਖਬਾਰਾ ਨੂੰ ਭੇਜ ਦਿੱਤਾ ਤੇ ਵਾਰੀ-ਵਾਰੀ ਸਾਰੇ ਹੀ ਛਪ ਗਏ। ਫੇਰ ਵਿਅੰਗ ਖੇਤਰ ਦੇ ਪਿਤਾਮਾ ਵਿਅੰਗਕਾਰ ਸ਼੍ਰੀ ਕੇ.ਐੱਲ.ਗਰਗ ਸਾਹਿਬ ਨਾਲ ਜਿਉਂ ਹੀ ਮੇਰਾ ਤਾਲਮੇਲ ਹੋਇਆ ਤਾਂ ਉਨ੍ਹਾਂ ਨੇ ਵੀ ਅਜਿਹਾ ਪੰਪ ਮਾਰਿਆ ਕਿ ਮੈਂ ਫਟਣ ਵਾਲਾ ਹੋ ਗਿਆ। ਮਸਾਂ ਹੀ ਮੋਗੇ ਤੋਂ ਲੰਗੇਆਣੇ ਤੱਕ ਦਾ ਪੈਂਡਾ ਤਹਿ ਕੀਤਾ। ਫੇਰ ਚੱਲ ਸੋ ਚੱਲ...।
? ਲੰਗੇਆਣਾ ਜੀ ਲਗਦੈ ‘ਪੰਪ’ ਤੁਹਾਡੇ ਤੇ ਬਾਹਲਾ ਈਂ ਅਸਰ ਕਰਦੈ ?
-ਸਾਰੀ ਦੁਨੀਆਂ ਦਾ ਇਹੀ ਹਾਲ ਹੈ, ਮੈਂ ਕਾਹਦਾ ਵਿਚਾਰਾ ਕੁਲਰੀਆਂ ਸਾਹਿਬੱ।
? ਆਮ ਤੌਰ `ਤੇ ਲੇਖਕ ਦਾ ਪੈਸਿਆਂ ਨਾਲ ਅੰਕੜਾ 36 ਦੀ ਥਾਂ 39 ਵਾਲਾ ਹੀ ਹੁੰਦਾ ਹੈ ਉਹ ਤਾਂ ਕੇਵਲ ਵਾਹ ਵਾਹ ਦੇ ਭੁੱਖੇ ਹੁੰਦੇ ਹਨ।ਵਾਹ ਵਾਹ ਤਾਂ ਪ੍ਰੋਗਰਾਮਾਂ ਚ ਤੁਹਾਨੂੰ ਮਿਲ ਹੀ ਜਾਂਦੀ ਹੋਵੇਗੀ ਪਰ ਘਰ ਵਿੱਚ ਟੌਹਰ ਬਣਾਉਣ ਲਈ ਕਿੰਨੇ ਕੁ ਸਨਮਾਨ ਚਿੰਨ ਅਤੇ ਸਨਮਾਨ ਪੱਤਰ ਤੁਹਾਡੀਆਂ ਅਲਮਾਰੀਆਂ ਦਾ ਸ਼ਿਗਾਰ ਬਣੇ ਹਨ ?
- ਕੁਲਰੀਆਂ ਜੀ, ਸਨਮਾਨ ਚਿੰਨ੍ਹਾਂ ਨਾਲ ਤਾਂ ਅਲਮਾਰੀ ਭਰੀਆਂ ਪਈਆਂ ਹਨ। ਪਿਆਰਾ ਸਿੰਘ ਦਾਤਾ ਐਵਾਰਡ, ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਮਿਲੇ ਸਨਮਾਨ ਅਤੇ ਹੋਰ ਬਹੁਤ ਸਾਰੇ ਮਿਲੇ ਵਿਸ਼ੇਸ਼ ਸਨਮਾਨਾਂ ਤੋਂ ਇਲਾਵਾ ਜੋ ਦਾਦ ਕਿਸੇ ਰਚਨਾ ਵੱਲੋਂ ਜੇਤੂ ਮੁਕਾਬਲਿਆਂ ਰਾਹੀਂ ਇਨਾਮ ਜਿੱਤ ਕੇ ਜਾ ਫਿਰ ਕਿਸੇ ਅਖਬਾਰਾਂ/ਮੈਗਜ਼ੀਨਾਂ ‘ਚ ਛਪ ਕੇ ਪਾਠਕਾਂ ਵੱਲੋਂ ਮਿਲਦੀ ਹੈ ਉਸ ਨਾਲ ਵੀ ਤਨ-ਮਨ ਨੂੰ ਕਾਫੀ ਅਨਰਜ਼ੀ ਮਿਲਦੀ ਰਹਿੰਦੀ ਹੈ। ਮੇਰੀਆਂ ਰਚਨਾਵਾਂ ਨੇ ਜਿੰਨ੍ਹੇ ਵੀ ਇਨਾਮੀ ਮੁਕਾਬਲਿਆਂ ‘ਚ ਸਨਮਾਨ ਪੱਤਰ/ਸਨਮਾਨ ਚਿੰਨ ਹਾਸਲ ਕੀਤੇ ਹਨ ਉਹ ਮੇਰੇ ਦਿਲ ਦੇ ਸ਼ੀਸ਼ੇ ‘ਚ ਹੀਰੇ ਵਾਂਗ ਫਿੱਟ ਹੋ ਜਾਂਦੇ ਹਨ ਜੋ ਹਮੇਸ਼ਾ ਕਲਮ ਨੂੰ ਚੁੰਮਣ ਲਈ ਸਹਾਈ ਹੋ ਰਹੇ ਹਨ। 
? ਜ਼ਿਆਦਾ ਲੇਖਕ ਵੀਰਾਂ ਦੀ ਘਰਾਂ ਵਿੱਚ ਅਕਸਰ ਹੀ ਕਾਫ਼ੀ ਲਾਹ-ਪਤ ਹੁੰਦੀ ਹੈ।ਵਿਹਲਾ,ਨਿਖੱਟੂ,ਨਿਕੰਮਾ ਕੰਮਚੋਰ ਆਦਿ ਕਈ ਅਲੰਕਾਰਾਂ ਨਾਲ ਉਸ ਨੂੰ ਸ਼ਿੰਗਾਰਿਆ ਜਾਂਦਾ ਹੈ।ਕੀ ਤੁਹਾਡਾ ਵੀ ਮੇਕ-ਅੱਪ ਇੰਝ ਹੀ ਹੁੰਦਾ ਹੈ ?
-ਕੁਲਰੀਆ ਜੀ, ਸਾਡੇ ਪ੍ਰੀਵਾਰ ‘ਚ ਸਾਹਿਤ ਦਾ ਛਿੱਟਾ ਹੋਣ ਕਰਕੇ ਮੈਨੂੰ ਕਦੇ ਅਜਿਹੀ ਮੁਸੀਬਤ ਦਾ ਸਾਹਮਣਾ ਨਹੀਂ ਕਰਨਾ ਪਿਆ। ਮੇਰੇ ਮਾਪੇ, ਘਰਵਾਲੀ ਤੇ ਬੱਚੇ ਮੈਨੂੰ ਹਮੇਸ਼ਾ ਸਾਹਿਤ ਦਾ ਅਗਾਂਹ ਕਦਮ ਪੁੱਟਣ ਲਈ ਸਮੇਂ-ਸਮੇਂ ‘ਤੇ ਸਹਿਯੋਗ ਦਿੰਦੇ ਰਹਿੰਦੇ ਹਨ। ਕਦੇ-ਕਦੇ ਮੈਂ ਆਪਣੀ ਘਰਵਾਲੀ ਨਾਲ ਵੀ ਵਿਅੰਗ ਦਾ ਤਮਾਸ਼ਾ ਕਰ ਜਾਂਦਾ ਹਾਂ ਜਿੰਨ੍ਹਾਂ ‘ਚ ਮੈਂ ਤੁਹਾਨੂੰ ਇੱਕ ਟਰੈਕ ਦਾ ਵੇਰਵਾ ਦਰਸਾਉਂਦਾ ਹਾਂ ਕਿ ਮੇਰੇ ਵਿਆਹ ਹੋਏ ਨੂੰ ਕੁਝ ਦਿਨ ਹੀ ਹੋਏ ਸਨ ਕਿ ਇੱਕ ਦਿਨ ਰਾਤ ਦੇ ਸਮੇਂ ਮੈਂ ਆਪਣੀ ਸ਼੍ਰੀਮਤੀ ਜੀ ਨਾਲ ਇੱਕ ਵਿਅੰਗ ਇਹ ਖੇਡਿਆ ਕਿ ਮੈਂ ਇੱਕ ਪਲਾਸਟਿਕ ਦੀ ਕਿਰਲੀ ਸ਼ਹਿਰੋਂ ਖਰੀਦ ਕੇ ਲਿਆਇਆ ਤੇ ਆਪਣੇ ਚੁਬਾਰੇ ‘ਚ ਬੈੱਡ ਰੂਮ ‘ਚ ਕੰਧ ਨਾਲ ਉਸਨੂੰ ਚਪਕਾ ਦਿੱਤਾ। ਉਪਰੰਤ ਮੈਂ ਸ਼੍ਰੀਮਤੀ ਜੀ ਨਾਲ ਹੋਰਨਾਂ ਗੱਲਾਂ ਦੇ ਨਾਲ-ਨਾਲ ਉਸਦਾ ਧਿਆਨ ਕੰਧ ਉਪਰ ਜਾ ਰਹੀ ਕਿਰਲੀ ਵੱਲ ਦਿਵਾਇਆ ਤੇ ਨਾਲੋ-ਨਾਲ ਹੀ ਮੈਂ ਕਿਰਲੀ ਨੂੰ ਇਕਦਮ ਫੜ੍ਹ ਕੇ ਖਾ ਜਾਣ ਬਾਰੇ ਸ਼੍ਰੀਮਤੀ ਜੀ ਨੂੰ ਦੱਸਦਿਆਂ ਸਾਰ ਹੀ ਕਿਰਲੀ ਮੂੰਹ ‘ਚ ਪਾ ਕੇ ਉਸਨੂੰ  ਚਿੱਥਣਾ ਸ਼ੁਰੂ ਕਰ ਦਿੱਤਾ ਤੇ ਕਿਰਲੀ ਚਿੱਥਦੇ ਨੂੰ ਦੇਖ ਕੇ ਸ਼੍ਰੀਮਤੀ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਪੌੜੀਆਂ ਵੱਲ ਸ਼ੂਟਾਂ ਘੱਤਦਿਆਂ ਹੋਇਆਂ ਵਿਹੜੇ ‘ਚ ਦੁਹਾਈਆਂ ਪਾ ਦਿੱਤੀਆਂ। ਸਾਡਾ ਸਾਰਾ ਟੱਬਰ ਹਾਵੜਾ ਮੇਲ ਵਾਂਗ ਚੰਦ ਮਿੰਟਾਂ ‘ਚ ਮੇਰੇ ਕੋਲ ਚੁਬਾਰੇ ‘ਚ ਪਹੁੰਚ ਗਿਆ। ਮੈਂ ਕਿਰਲੀ ਚਿੱਥੀ ਜਾਵਾਂ, ਘਰਵਾਲੀ ਤੇ ਬਾਕੀ ਟੱਬਰ ਦੇ ਜੀਅ ਮੇਰੇ ਮੂੰਹ ‘ਚ ਆਪਣੀਆਂ ਉਂਗਲਾਂ ਤੁੰਨੀ ਜਾਣ ਤੇ ਨਾਲੇ ਮੈਨੂੰ ਸ਼ਬਦਾਂ ਦੇ ਤੀਰਾਂ ਨਾਲ ਖੰਡ ਪਾਈ ਜਾਣ, ਅਖੀਰ ਮੈਂ ਦੰਦਾਂ ਨੂੰ ਜਿਉਂ ਹੀ ਢਿੱਲਾ ਕੀਤਾ ਤਾਂ ਕਿਰਲੀ ਸ਼੍ਰੀਮਤੀ ਦੇ ਹੱਥ ਆ ਗਈ। ਫੇਰ ਉਨ੍ਹਾਂ ਨੂੰ ਜਿਉਂ ਹੀ ਕਿਰਲੀ ਪਲਾਸਟਿਕ ਦੀ ਹੋਣ ਬਾਰੇ ਪਤਾ ਚੱਲਿਆ, ਤਾਂ ਸਾਰੇ ਟੱਬਰ ਦੇ ਸਾਹ ਵਿੱਚ ਸਾਹ ਆਏ। ਉਪਰੰਤ ਅਸੀਂ  ਹੱਸ-ਹੱਸ ਦੂਹਰੇ ਹੋ ਗਏ। ਇਹ ਯਾਦਾਂ ਤਾਜ਼ੀਆਂ  ਕਰਕੇ ਅਸੀਂ ਅੱਜ ਤੱਕ ਵੀ ਹੱਸਦੇ ਰਹਿੰਦੇ ਹਾਂ..।
? ਕਿਸੇ ਦੇ ਗਿੱਟੇ ਲੱਗੀ ਜਾਂ ਕਿਸੇ ਦੇ ਗੋਡੇ ਲੱਗੀ, ਕਈ ਲੋਕ ਵਿਅੰਗ ਲੇਖਕ ਲਈ ਵੰਝ ਗੱਡੀ ਰੱਖਦੇ ਹਨ,ਲੇਖਕ ਦੇ ਦੁਸ਼ਮਣ ਜ਼ਿਆਦਾ ਅਤੇ ਮਿੱਤਰ ਘੱਟ ਬਣਦੇ ਹਨ-ਤੁਹਾਡਾ ਕੀ ਅਨੁਭਵ ਹੈ ਇਹਦੇ ਬਾਰੇ ?
-ਇਹ ਬਿਲਕੁਲ ਠੀਕ ਹੈ ਜੀ, ਵਿਅੰਗ ਲੇਖਕ ਆਪਣੀ ਕਲਮ ਰਾਹੀਂ ਦੂਸਰਿਆਂ ਦੇ ਪਰਦੇ ਫਾਸ਼ ਕਰਦੇ ਰਹਿੰਦੇ ਹਨ ਜੋ ਸੱਚ ਹੈ। ਪ੍ਰੰਤੂ ਸਾਡੇ ਸਮਾਜ ਅੰਦਰ ਸੱਚ ਸਹਿਣ ਨੂੰ ਕੋਈ ਤਿਆਰ ਹੀ ਨਹੀਂ ਹੈ। ਚਾਰੇ ਪਾਸੇ ਝੂਠ ਦਾ ਕੂੜ ਹੀ ਪ੍ਰਧਾਨ ਹੈ ਜੀ।
? ਜ਼ਰਾ ਇਹ ਵੀ ਦੱਸੋ ਕਿ ਕਿੰਨੇ ਕੁ ਪਬਲਿਸ਼ਰਾਂ ਨੇ ਤੁਹਾਡੀ ਜੇਬ ਨੂੰ ਹੁਣ ਤੱਕ ਸੰਨ੍ਹ ਲਾਈ ਹੈ ?
-ਕੁਲਰੀਆ ਜੀ, ਮੇਰੀਆਂ ਹੁਣ ਤੱਕ 7 ਕਿਤਾਬਾਂ ਆ ਚੁੱਕੀਆਂ ਹਨ ਇੰਨ੍ਹਾਂ ਦੋ  ਮੇਰੀ ਪਹਿਲੀ ਪੁਸਤਕ  ਮਾਸਟਰ ਬਿੱਕਰ ਸਿੰਘ ਭਲੂਰ (ਹਾਂਗਕਾਂਗ) ਨੇ ਛਪਵਾ ਕੇ ਦਿੱਤੀ ਸੀ। ਜਿਸ ‘ਚ ‘ਜਸਵੀਰ ਭਲੂਰੀਆ’ ਜੀ ਦਾ ਪੂਰਨ ਸਾਥ-ਹੁੰਗਾਰਾ ਸੀ ਅਤੇ ਮੇਰੇ ਪਿੰਡ ਦਾ ‘ਜੈਲਦਾਰ ਸਾਧੂ ਸਿੰਘ’ ਦਾ ਕੈਨੇਡੀਅਨ ਪ੍ਰੀਵਾਰ ਵੀ ਮੇਰੀ ਹਰੇਕ ਕਿਤਾਬ ‘ਚ ਥੋੜਾ-ਬਹੁਤਾ ਸਹਿਯੋਗ ਦਿੰਦਾ ਹੈ ਤੇ ਹੋਰ ਸੰਗੀ ਸਾਥੀ ਹਨ ਜੋ ਮੇਰੇ ਲਈ ਸਹਾਈ ਹੋ ਰਹੇ ਹਨ ਪ੍ਰੰਤੂ ਪਬਲੀਸ਼ਰਾਂ ਵੱਲੋਂ ਛਿੱਲ ਪੁੱਟਣ ਵਾਲੀ ਕੋਈ ਕਸਰ ਬਾਕੀ ਨਹੀਂ ਹੈ।
? ਹੋਰ ਕੋਈ ਵਿਸ਼ੇਸ਼ ਗੱਲ ਜੋ ਪਾਠਕਾਂ ਨਾਲ ਸਾਂਝੀ ਕਰਨਾ ਚਾਹੁੰਦੇ ਹੋ ?
-ਪਾਠਕਾਂ ਨੂੰ ਮੇਰੀ ਇਹੋ ਅਰਜ਼ ਹੈ ਕਿ ਸਾਹਿਤ ਪੜ੍ਹਨ ਵੱਲ ਵੱਧ ਤੋਂ ਵੱਧ ਰੁਚੀ ਰੱਖਿਆ ਕਰੋ। ਤਾਂ ਕਿ ਲੇਖਕਾਂ ਦੀਆਂ ਰਚਨਾਵਾਂ ਦਾ ਮੁੱਲ ਪੈਂਦਾ ਰਹੇ ਅਤੇ ਹੌਂਸਲੇ ਬੁਲੰਦ ਰਹਿਣ।