ਗੁਰਮੀਤ ਪਨਾਗ ਦੀ 'ਮੁਰਗ਼ਾਬੀਆਂ' ਲੋਕ-ਅਰਪਿਤ (ਖ਼ਬਰਸਾਰ)


ਬਰੈਂਪਟਨ,-  ਬੀਤੇ ਸ਼ਨੀਵਾਰ 6 ਅਕਤੂਬਰ ਨੂੰ ਲਿਟਰੇਰੀ ਰਿਫ਼ਲੈੱਕਸ਼ਨਜ਼ ਵੱਲੋਂ ਐੱਫ਼.ਬੀ.ਆਈ. ਇੰਟਰਨੈਸ਼ਨਲ ਸਕੂਲ ਵਿਚ ਕੈਨੇਡੀਅਨ ਪੰਜਾਬੀ ਕਹਾਣੀ ਆਯੋਜਿਤ ਕੀਤੇ ਗਏ ਸੈਮੀਨਾਰ ਦੌਰਾਨ ਗੁਰਮੀਤ ਪਨਾਗ ਦੀ ਪਲੇਠੀ ਕਹਾਣੀ ਪੁਸਤਕ ਮੁਰਗ਼ਾਬੀਆਂ ਲੋਕ-ਅਰਪਿਤ ਕੀਤੀ ਗਈ। ਇਸ ਮੌਕੇ ਪ੍ਰਧਾਨਗੀ-ਮੰਡਲ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਉਚੇਚੇ ਤੌਰ ਤੇ ਆਏ ਪ੍ਰਸਿੱਧ ਕਹਾਣੀਕਾਰ ਤੇ ਆਲੋਚਕ ਪ੍ਰੋ. ਬਲਦੇਵ ਸਿੰਘ ਧਾਲੀਵਾਲ, ਕਹਾਣੀਕਾਰ ਜਰਨੈਲ ਸਿੰਘ ਅਤੇ ਪੁਸਤਕ ਲੇਖਿਕਾ ਗੁਰਮੀਤ ਪਨਾਗ ਸ਼ਾਮਲ ਸਨ ਅਤੇ ਮੰਚ-ਸੰਚਾਲਨ ਦੀ ਜਿੰ.ਮੇਂਵਾਰੀ ਕਵਿੱਤਰੀ ਸੁਰਜੀਤ ਕੌਰ ਨੇ ਨਿਭਾਈ। ਸੈਮੀਨਾਰ ਦੀ ਆਰੰਭਤਾ ਤੋਂ ਪਹਿਲਾਂ ਪਿਆਰਾ ਸਿੰਘ ਕੁੱਦੋਵਾਲ ਵੱਲੋਂ ਆਏ ਸਮੂਹ ਮਹਿਮਾਨਾਂ ਨੂੰ ਜੀ-ਆਇਆਂ ਕਿਹਾ ਗਿਆ। 

ਬਲਦੇਵ ਸਿੰਘ ਧਾਲੀਵਾਲ ਨੇ ਆਪਣੇ ਕੁੰਜੀਵੱਤ-ਭਾਸ਼ਨ "ਕੈਨੇਡਾ ਦੀ ਪੰਜਾਬੀ ਕਹਾਣੀ: ਪਾਰ-ਰਾਸ਼ਟਰੀ ਸਰੋਕਾਰ" ਵਿਚ ਕੈਨੇਡਾ ਵਿਚ ਲਿਖੀ ਜਾ ਰਹੀ ਪੰਜਾਬੀ ਕਹਾਣੀ ਬਾਰੇ ਆਪਣੇ ਵਿਚਾਰ ਵਿਸਥਾਰ-ਸਹਿਤ ਪੇਸ਼ ਕੀਤੇ। ਭਾਸ਼ਨ ਦੇ ਆਰੰਭ ਵਿਚ ਹੀ ਉਨ੍ਹਾਂ ਕਿਹਾ ਕਿ ਇਹ ਕੈਨੇਡਾ ਦੀ ਪੰਜਾਬੀ ਕਹਾਣੀ ਦਾ ਸਰਵੇਖਣ ਜਾਂ ਮੁਲਾਂਕਣ ਨਹੀਂ ਹੈ ਅਤੇ ਇਹ ਤਾਂ ਜੋ ਕੁਝ ਇੱਥੇ ਹੋ ਰਿਹਾ ਹੈ, ਉਸ ਦੀ ਕੇਵਲ ਇਕ ਪੰਛੀ-ਝਾਤ ਹੀ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਬਹੁ-ਰਾਸ਼ਟਰੀ ਸੱਭਿਆਚਾਰਾਂ ਵਾਲਾ ਦੇਸ਼ ਹੈ ਅਤੇ ਇੱਥੇ ਮੁੱਖ ਸਮੱਸਿਆ ਆਪਣੀ ਪਛਾਣ ਦੀ ਬਣ ਜਾਂਦੀ ਹੈ ਕਿ ਮੈਂ ਕੀ ਹਾਂ। ਉਨ੍ਹਾਂ ਅਨੁਸਾਰ ਸ਼ਬਦ ਪਾਰ-ਰਾਸ਼ਟਰੀ (ਟ੍ਰਾਂਸ-ਨੈਸ਼ਨਲ) ਅੰਗਰੇਜ਼ੀ ਸ਼ਬਦ ਗਲੋਬਲ ਦੇ ਵਧੇਰੇ ਨੇੜੇ ਹੈ ਅਤੇ ਪਾਰ-ਰਾਸ਼ਟਰੀਵਾਦ ਦੀਆਂ ਜੜ੍ਹਾਂ ਭਾਰਤੀ ਤੇ ਪੰਜਾਬੀ ਰਾਸ਼ਟਰਵਾਦ ਨਾਲ ਡੂੰਘੀਆਂ ਜੁੜੀਆਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਸੱਭਿਆਚਾਰਕ-ਸੰਵਾਦ ਰਚਾਉਂਦਿਆਂ ਹੋਇਆਂ ਲੋਕਾਂ ਵਿਚ ਵੱਖ-ਵੱਖ ਦੇਸ਼ਾਂ ਦੇ ਸੱਭਿਆਚਾਰਾਂ ਦੀ ਸਵੀਕਾਰਤਾ ਦੀ ਭਾਵਨਾ ਕੰਮ ਕਰਦੀ ਹੈ। ਕਈ ਪਰਵਾਸੀਆਂ ਵਿਚ ਇਹ ਸਵੀਕਾਰਤਾ ਜਲਦੀ ਹੋ ਜਾਂਦੀ ਹੈ ਅਤੇ ਉਹ ਦੂਸਰੇ ਸੱਭਿਆਚਾਰਾਂ ਨੂੰ ਜਲਦੀ ਅਪਨਾਅ ਲੈਂਦੇ ਹਨ, ਜਦਕਿ ਕਈਆਂ ਨੂੰ ਇਸ ਦੇ ਲਈ ਕਾਫ਼ੀ ਦੇਰ ਲੱਗ ਜਾਂਦੀ ਹੈ। ਆਪਣੇ ਇਨ੍ਹਾਂ ਕਥਨਾਂ ਦੀ ਵਿਆਖਿਆ ਲਈ ਉਨ੍ਹਾਂ ਬੀ.ਸੀ. ਦੇ ਕਹਾਣੀਕਾਰ ਰਵਿੰਦਰ ਰਵੀ, ਜੀ.ਟੀ.ਏ. ਦੇ ਕਹਾਣੀਕਾਰਾਂ ਮੇਜਰ ਮਾਂਗਟ, ਕੁਲਜੀਤ ਮਾਨ, ਮਿੰਨੀ ਗਰੇਵਾਲ, ਰਛਪਾਲ ਗਿੱਲ, ਹਰਪ੍ਰੀਤ ਸੇਖਾ ਅਤੇ ਕਈ ਹੋਰ ਲੇਖਕਾਂ ਦੀਆਂ ਕਹਾਣੀਆਂ ਦੇ ਹਵਾਲੇ ਦਿੱਤੇ ਜਿਨ੍ਹਾਂ ਵਿਚ ਇਕ ਅੰਗਰੇਜ਼ੀ ਨਾਵਲਕਾਰ ਸਲਮਾਨ ਰਸ਼ਦੀ ਦਾ ਵੀ ਇਕ ਹਵਾਲਾ ਸ਼ਾਮਲ ਸੀ। ਉਨ੍ਹਾਂ ਗੁਰਮੀਤ ਪਨਾਗ ਦੀਆਂ ਕਹਾਣੀਆਂ ਮੁਰਗ਼ਾਬੀਆਂ, ਗੋਰੀ ਅੱਖ ਦਾ ਟੀਰ, ਵੀਜ਼ਾ ਨਾਨੀ ਦਾ, ਕੋਈ ਦੇਸ਼ ਨਾ ਜਾਣੇ ਮੇਰਾ ਅਤੇ ਮਿੱਸ ਇੱਜ਼ੀ ਵਿਚ ਇਨ੍ਹਾਂ ਦੀ ਪਾਤਰ-ਉਸਾਰੀ ਅਤੇ ਪਾਤਰਾਂ ਦੇ ਆਪਣੀ ਟਕਰਾਅ ਦੀ ਵੀ ਬਾਖ਼ੂਬੀ ਗੱਲ ਕੀਤੀ ਜੋ ਇੱਥੇ ਨਵੀਂ ਸੱਭਿਆਚਾਰਕ ਸਪੇਸ ਭਾਲਦੇ ਹਨ।
ਇਸ ਦੌਰਾਨ ਹੋਈ ਬਹਿਸ ਵਿਚ ਭਾਗ ਲੈਂਦਿਆਂ ਹੋਇਆਂ ਬਲਦੇਵ ਦੂਹੜੇ ਨੇ ਕੈਨੇਡਾ ਵਿਚ ਕਮਿਊਨਿਟੀ ਅਤੇ ਵਿਅੱਕਤੀਗ਼ਤ ਪੱਧਰ ਤੇ ਹੋ ਰਹੀ ਤਬਦੀਲੀ ਦਾ ਜ਼ਿਕਰ ਕਰਦਿਆਂ ਹੋਇਆਂ ਟਰਾਂਜ਼ੀਸ਼ਨ, ਸੈੱਲਫ਼-ਰੀਅਲਾਈਜ਼ੇਸ਼ਨ ਅਤੇ ਕੈਨੇਡੀਅਨ ਮਿਡਲ ਕਲਾਸ ਦੀ ਗੱਲ ਤੇ ਵਧੇਰੇ ਜ਼ੋਰ ਦਿੱਤਾ ਅਤੇ ਪੁਸਤਕ ਜਾਂ ਇਸ ਦੀਆਂ ਕਹਾਣੀਆਂ ਦੀ ਗੱਲ ਘੱਟ ਕੀਤੀ। ਅਨੂਪ ਬੱਬਰਾ ਨੇ ਅੰਗਰੇਜ਼ੀ ਅਤੇ ਪੰਜਾਬੀ ਦੀ ਰਲਵੀਂ-ਮਿਲਵੀਂ ਭਾਸ਼ਾ ਵਿਚ ਗੁਰਮੀਤ ਪਨਾਗ ਦੀਆਂ ਕਹਾਣੀਆਂ ਵੀਜ਼ਾ ਨਾਨੀ ਦਾ ਅਤੇ ਇਕ-ਦੋ ਹੋਰਨਾਂ ਦੀ ਸ਼ਲਾਘਾ ਕੀਤੀ। ਪ੍ਰੋੜ-ਲੇਖਕ ਪੂਰਨ ਸਿੰਘ ਪਾਂਧੀ ਨੇ ਕਿਹਾ ਕਿ ਗੁਰਮੀਤ ਦੀਆਂ ਕਹਾਣੀਆਂ ਰੌਚਕ ਤੇ ਦਿਲਚਸਪ ਹਨ ਅਤੇ ਇਨ੍ਹਾਂ ਵਿਚ ਇਕ ਕਹਾਣੀ ਦੇ ਵਿੱਚੋਂ ਹੀ ਹੋਰ ਕਹਾਣੀ ਨਿਕਲਦੀ ਹੈ। ਅੰਮ੍ਰਿਤਸਰ ਤੋਂ ਆਏ ਮਲਵਿੰਦਰ ਸ਼ਾਇਰ ਨੇ ਕਿਹਾ ਕਿ ਇਸ ਪੁਸਤਕ ਦੀਆਂ ਕਹਾਣੀਆਂ ਮਨੋਰੰਜਨ ਨਹੀਂ ਕਰਦੀਆਂ, ਸਗੋਂ ਉਹ ਪਾਠਕਾਂ ਨੂੰ ਬੇਚੈਨ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਕੁਝ ਸੋਚਣ ਲਈ ਮਜਬੂਰ ਕਰਦੀਆਂ ਹਨ। ਕੈਲੇਫ਼ੋਰਨੀਆ ਤੋਂ ਆਏ ਕਹਾਣੀਕਾਰ ਹਰਜਿੰਦਰ ਪੰਧੇਰ ਨੇ ਕਿਹਾ ਕਿ ਪਨਾਗ ਉਸਾਰੂ ਸੋਚ ਨੂੰ ਪ੍ਰਨਾਈ ਹੋਈ ਹੈ ਅਤੇ ਉਸ ਦੀਆਂ ਕਹਾਣੀਆਂ ਪਰਵਾਰਿਕ ਟੁੱਟ-ਭੱਜ, ਡਰੱਗ ਵੇਚਣ ਤੇ ਇਸ ਦੇ ਸੇਵਨ ਅਤੇ ਨੀਓ-ਕਲੋਨੀਇਜ਼ਮ ਦੀਆਂ ਸਮੱਸਿਆਵਾਂ ਦੀ ਗੱਲ ਕਰਦੀਆਂ ਹਨ। ਪੰਜਾਬ ਤੋਂ ਆਏ ਬੁੱਧ ਸਿੰਘ ਘੁੰਮਣ ਨੇ ਸਿਧਾਂਤ ਦੀ ਗੱਲ ਕਰਦਿਆਂ ਕਿਹਾ ਕਿ ਇਸ ਤੋਂ ਬਿਨਾਂ ਤਾਂ ਐਵੇਂ ਟੱਕਰਾਂ ਮਾਰਨਾ ਹੀ ਹੈ। ਬਰਜਿੰਦਰ ਗੁਲਾਟੀ ਨੇ ਗੁਰਮੀਤ ਪਨਾਗ ਨਾਲ ਆਪਣੀ ਨੇੜਤਾ ਦੱਸਦਿਆਂ ਕਿਹਾ ਕਿ ਉਹ ਉਸ ਦੀਆਂ ਕਹਾਣੀਆਂ ਦੀ ਪਹਿਲੀ ਪਾਠਕ ਹੈ ਜਿਸ ਨੇ ਇਹ ਕਹਾਣੀਆਂ ਟਾਈਪ ਕਰਦਿਆਂ ਇਨ੍ਹਾਂ ਦਾ ਅੱਖਰ-ਅੱਖਰ ਪੜ੍ਹਿਆ ਹੈ। ਪੱਛਮੀ ਪੰਜਾਬ ਦੇ ਪਿਛੋਕੜ ਦੇ ਪ੍ਰੋ. ਆਸ਼ਿਕ ਰਹੀਲ ਦਾ ਕਹਿਣਾ ਸੀ ਕਿ ਪੰਜਾਬੀ ਵਿਚ ਕਹਾਣੀ ਲਿਖਣ ਦਾ ਕੰਮ ਚੜ੍ਹਦੇ ਪੰਜਾਬ ਵਿਚ ਲਹਿੰਦੇ ਪੰਜਾਬ ਨਾਲੋਂ ਵਧੇਰੇ ਅਤੇ ਬਿਹਤਰ ਹੋ ਰਿਹਾ ਹੈ। ਪ੍ਰੋ. ਜਗੀਰ ਸਿੰਘ ਕਾਹਲੋਂ ਨੇ ਬਲਦੇਵ ਧਾਲੀਵਾਲ ਦੇ ਕੁੰਜੀਵਤ-ਭਾਸ਼ਨ ਦੀ ਤਾਰੀਫ਼ ਕਰਦਿਆਂ ਕਿਹਾ ਕਿ ਬਲਦੇਵ ਨੇ  ਥੋੜ੍ਹੇ ਜਿਹੇ ਸ਼ਬਦਾਂ ਵਿਚ ਹੀ ਕੈਨੇਡਾ ਦੀ ਕਹਾਣੀ ਬਾਰੇ ਬੜਾ ਕੁਝ ਕਹਿ ਦਿੱਤਾ ਹੈ। ਗੁਰਮੀਤ ਪਨਾਗ ਬਾਰੇ ਉਨ੍ਹਾਂ ਦਾ ਕਹਿਣਾ ਸੀ ਕਿ ਉਸ ਦੀ ਸੋਚ ਮਾਨਵ-ਵਾਦੀ ਹੈ ਅਤੇ ਉਸ ਨੇ ਇਸ ਪੁਸਤਕ ਦੇ ਛਪਣ ਵਿਚ ਬੇ-ਸਬਰੀ ਨਹੀਂ ਵਿਖਾਈ। ਇਸ ਦੇ ਨਾਲ ਹੀ ਉਨ੍ਹਾਂ ਮੁਰਗ਼ਾਬੀਆਂ ਅਤੇ ਕਾਸ਼ਨੀ ਸੁਪਨੇ ਦੇ ਹਵਾਲੇ ਨਾਲ ਵੀ ਆਪਣੇ ਕੁਝ ਵਿਚਾਰ ਸਾਂਝੇ ਕੀਤੇ।
ਗੁਰਮੀਤ ਪਨਾਗ ਨੇ ਇਸ ਮੌਕੇ ਬੋਲਦਿਆਂ ਆਪਣੇ ਪਿੰਡ ਡਡਹੇੜੀ( ਸੰਤੋਖ ਸਿੰਘ ਧੀਰ ਦਾ ਪਿੰਡ) ਵਿਚ ਗੁਜ਼ਾਰੇ ਬਚਪਨ ਅਤੇ ਪਿਤਾ ਜੀ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਦੱਸਿਆ ਕਿ ਉਸ ਦੇ ਪਿਤਾ ਜੀ ਉਸ ਨੂੰ ਡਾਕਟਰ ਬਨਾਉਣਾ ਚਾਹੁੰਦੇ ਸਨ ਪਰ ਉਸ ਦਾ ਝੁਕਾਅ ਸਾਹਿਤ ਪੜ੍ਹਨ ਤੇ ਲਿਖਣ ਵੱਲ ਸੀ। ਉਸ ਨੇ ਪਹਿਲਾਂ ਅੰਗਰੇਜ਼ੀ ਵਿਚ ਅਤੇ ਫਿਰ ਪੰਜਾਬੀ ਵਿਚ ਲਿਖਣਾ ਸ਼ੁਰੂ ਕੀਤਾ ਅਤੇ ਉਸ ਦੀ ਪਹਿਲੀ ਕਹਾਣੀ ਵੀਜ਼ਾ ਨਾਨੀ ਦਾ ਸੀ ਜੋ ਉਸ ਨੂੰ ਕਈ ਵਾਰ ਲਿਖਣੀ ਪਈ। ਕਹਾਣੀਕਾਰ ਜਰਨੈਲ ਸਿੰਘ ਨੇ ਆਪਣੇ ਪ੍ਰਧਾਨਗੀ-ਭਾਸ਼ਨ ਵਿਚ ਜਿੱਥੇ ਮੁੱਖ-ਬੁਲਾਰੇ ਪ੍ਰੋ. ਬਲਦੇਵ ਸਿੰਘ ਅਤੇ ਆਏ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ, ਉੱਥੇ ਉਨ੍ਹਾਂ ਨੇ ਗੁਰਮੀਤ ਪਨਾਗ ਦੀਆਂ ਕਹਾਣੀਆਂ ਦੀ ਸਿਫ਼ਤ ਕਰਨ ਦੇ ਨਾਲ ਨਾਲ ਇਹ ਵੀ ਕਿਹਾ ਕਿ ਇਨ੍ਹਾਂ ਵਿੱਚੋਂ ਕਈ ਫ਼ਸਟ-ਪਰਸਨ ਤੋਂ ਸ਼ੁਰੂ ਹੋ ਕੇ ਥਰਡ-ਪਰਸਨ ਵਿਚ ਚਲੇ ਜਾਂਦੀਆਂ ਹਨ ਅਤੇ ਕਈ ਇਸ ਤੋਂ ਉਲਟ ਚੱਲਦੀਆਂ ਹਨ। ਉਨ੍ਹਾਂ ਪਨਾਗ ਨੂੰ ਇਸ ਵੱਲ ਵਿਸ਼ੇਸ਼ ਧਿਆਨ ਦੇਣ ਲਈ ਕਿਹਾ।
ਸਮਾਗਮ ਦੇ ਦੂਜੇ ਹਿੱਸੇ ਵਿਚ 'ਕੈਨੇਡੀਅਨ ਪੰਜਾਬੀ ਕਹਾਣੀ ਦੀਆਂ ਰੂਪਾਕਾਰ ਵਿਸ਼ੇਸ਼ਤਾਈਆਂ' ਬਾਰੇ ਸੈਮੀਨਾਰ ਕੀਤਾ ਗਿਆ ਜਿਸ ਵਿਚ ਡਾ. ਬਲਦੇਵ ਸਿੰਘ ਧਾਲੀਵਾਲ, ਸੁਰਜਨ ਜੀਰਵੀ, ਡਾ. ਅਰਵਿੰਦਰ ਕੌਰ, ਪ੍ਰੋਫੈਸਰ ਰਾਮ ਸਿੰਘ, ਕਹਾਣੀਕਾਰ ਜਰਨੈਲ ਸਿੰਘ ਅਤੇ ਮੇਜਰ ਮਾਂਗਟ ਪੈਨਲ-ਸੰਵਾਦ ਵਿਚ ਸ਼ਾਮਲ ਸਨ। ਪੈਨਲ ਸੰਵਾਦ ਦਾ ਆਰੰਭ ਕਰਨ ਤੋਂ ਪਹਿਲਾਂ ਮੇਜਰ ਮਾਂਗਟ ਨੇ ਪੈਨਲ ਵਿਚਲੇ ਵਿਦਵਾਨਾਂ ਦੀ ਸੰਖੇਪ ਜਾਣ-ਪਛਾਣ ਕਰਵਾਈ। ਉਪਰੰਤ ਡਾ. ਬਲਦੇਵ ਸਿੰਘ ਧਾਲੀਵਾਲ ਨੇ ਕੇਨੇਡੀਅਨ ਪੰਜਾਬੀ ਕਹਾਣੀ ਦੇ ਰੂਪਾਕਾਰ ਬਾਰੇ ਦੱਸਿਆ ਕਿ ਪਹਿਲੀ ਗੱਲ ਤਾਂ ਕਹਾਣੀ ਲੇਖਕ ਅਤੇ ਕਹਾਣੀ ਵਿਚਲੇ ਵਕਤਾ (ਨੈਰੇਟਰ) ਦਾ ਨਿਖੇੜਾ ਕਰਨਾ ਲਾਜ਼ਮੀ ਹੈ ਤੇ ਫਿਰ ਇਸ ਦੀ ਭਾਸਾ ਅਤੇ ਸੰਵਾਦ ਦੀ ਵਾਰੀ ਆਉਂਦੀ ਹੈ। ਸੁਰਜਨ ਜੀਰਵੀ ਹੁਰਾਂ ਕਹਾਣੀ ਦੇ ਸੱਭਿਆਚਾਰ ਨਾਲ ਰਿਸ਼ਤੇ ਦੀ ਗੱਲ ਕੀਤੀ। ਡਾ. ਅਰਵਿੰਦਰ ਕੌਰ ਨੇ ਕੈਨੇਡਾ ਦੀ ਪੰਜਾਬੀ ਕਹਾਣੀ ਸਬੰਧੀ ਕੀਤੀ ਗਈ ਆਪਣੀ ਖੋਜ ਦੇ ਹਵਾਲੇ ਨਾਲ ਵਿਚਾਰ ਪੇਸ਼ ਕੀਤੇ। ਪ੍ਰੋ ਰਾਮ ਸਿੰਘ ਦਾ ਵਿਚਾਰ ਸੀ ਕਿ ਕਿਸੇ ਵੀ ਰਚਨਾ ਦਾ ਵਿਸ਼ਾ ਹੀ ਆਪਣਾ ਰੂਪ ਨਿਰਧਾਰਤ ਕਰਦਾ ਹੈ। ਕਹਾਣੀਕਾਰ ਜਰਨੈਲ ਸਿੰਘ ਨੇਂ ਆਪਣੀਆਂ ਕਹਾਣੀਆਂ ਦੀਆਂ ਉਦਾਹਰਣਾਂ ਦੇ ਕੇ ਇਸ ਵਿਸ਼ੇ ਦੀ ਵਿਆਖਿਆ ਕੀਤੀ। ਇਸ ਸੰਵਾਦ ਵਿਚ ਸਵਾਲ ਪੁੱਛਣ ਵਾਲਿਆਂ ਵਿਚ ਅਨੂਪ ਬਾਬਰਾ, ਸੁਰਜੀਤ ਕੌਰ, ਜਗੀਰ ਸਿੰਘ ਕਾਹਲੋਂ, ਰਛਪਾਲ ਕੌਰ ਗਿੱਲ, ਬੋਧ ਸਿੰਘ ਘੁੰਮਣ, ਸ਼ਾਇਰ ਮਲਵਿੰਦਰ ਵੀ ਸਾਮਲ ਸਨ। ਇਸ ਸਮਾਗਮ ਦੀ ਸਫਲਤਾ ਵਿਚ ਹਿੱਸਾ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਪ੍ਰਬੰਧਕਾਂ ਵਲੋਂ ਸਨਮਾਨਿਤ ਕੀਤਾ ਗਿਆ। ਇਸ ਤਰ੍ਹਾਂ ਸਮੁੱਚੇ ਤੌਰ ਤੇ ਇਹ ਪਲੇਠਾ ਕਹਾਣੀ ਸੈਮੀਨਾਰ ਬਹੁਤ ਸਫ਼ਲ ਰਿਹਾ ਜਿਸ ਵਿਚ ਸੱਤਰ ਤੋਂ ਵੱਧ ਸਰੋਤੇ ਨੇ ਮੰਤਰ ਮੁਗਧ ਹੋ ਕੇ ਅੰਤ ਤੱਕ ਬੈਠੇ ਰਹੇ।