ਮੰਚ ਦੀ ਇਕੱਤਰਤਾ 'ਚ ਰਚਨਾਵਾਂ ਦਾ ਦੌਰ ਚੱਲਿਆ (ਖ਼ਬਰਸਾਰ)


ਲੁਧਿਆਣਾ --  ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੀ ਇਕੱਤਰਤਾ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਈ, ਪ੍ਰਧਾਨਗੀ ਮੰਡਲ ਵਿਚ ਬੀ.ਐਸ.ਐਫ ਦੇ ਸਾਬਕਾ ਡਿਪਟੀ ਕਮਾਂਡੈਟ ਅਤੇ ਉਘੇ ਸਾਹਿਤਕਾਰ ਭੁਪਿੰਦਰ ਸਿੰਘ ਚੌਂਕੀਮਾਨ, ਮੰਚ ਦੇ ਪ੍ਰਧਾਨ ਡਾ. ਗੁਲਜ਼ਾਰ ਸਿੰਘ ਪੰਧੇਰ, ਜਨਰਲ ਸਕੱਤਰ ਦਲਵੀਰ ਸਿੰਘ ਲੁਧਿਆਣਵੀ ਅਤੇ ਭਗਵਾਨ ਢਿੱਲੋਂ ਸ਼ਾਮਿਲ ਸਨ।  ਭੁਪਿੰਦਰ ਸਿੰਘ ਚੌਂਕੀਮਾਨ ਨੇ ਪ੍ਰਧਾਨਗੀ ਭਾਸ਼ਨ ਦਿੰਦਿਆ ਕਿਹਾ ਕਿ ਸਮਾਜ ਵਿਚਲੀਆਂ ਊਣਤਾਈਆਂ ਉਜਾਗਰ ਕਰਨਾ ਲੇਖਕਾਂ ਦਾ ਫ਼ਰਜ਼ ਹੈ, ਪਰ ਲੇਖਕਾਂ ਦਾ ਆਚਰਨ ਅਤੇ ਆਚਾਰ ਉੱਚਾ ਹੋਣਾ ਚਾਹੀਦਾ ਹੈ। ਡਾ. ਪੰਧੇਰ ਨੇ ਕਿਹਾ ਕਿ ਰਚਨਾਵਾਂ ਦੀ ਸਿਰਜਣਾ ਕਰਦੇ ਸਮੇਂ ਪਾਠਕਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ। 

ਜਨਮੇਜਾ ਸਿੰਘ ਜੌਹਲ ਨੇ ਕਿਹਾ ਕਿ ਪੂੰਜੀਵਾਦੀ ਪ੍ਰਬੰਧ ਵਾਲੇ ਲੋਕਤੰਤਰ ਵਿਚ ਠੱਗਾਂ ਨੂੰ ਆਜ਼ਾਦੀ ਮਿਲ ਜਾਂਦੀ ਹੈ ਜਨਤਾ ਨੂੰ ਠੱਗਣ ਦੀ। 
ਰਚਨਾਵਾਂ ਦੇ ਦੌਰ ਵਿਚ ਇੰਦਰਜੀਤ ਪਾਲ ਕੌਰ ਨੇ ਕਹਾਣੀ 'ਰੰਗੀਲੀ ਪੱਖੀ', ਪਰਮਜੀਤ ਕੌਰ ਮਹਿਕ ਨੇ ਗੀਤ 'ਨਸ਼ਾ ਨਈਓਂ ਕਰਨਾ ਜੀ ਨਸ਼ਾ ਨਈਓਂ ਕਰਨਾ' ਕੁਲਵਿੰਦਰ ਕੌਰ ਕਿਰਨ ਨੇ 'ਕਾਹਤੋਂ ਮੋਹ ਹੋ ਜਾਂਦਾ ਉਨ੍ਹਾਂ ਥਾਵਾਂ ਨਾਲ, ਜਿੱਥੇ ਜਾਂਦਿਆਂ ਚਲੇ ਇਕ ਪਰਛਾਵਾਂ ਨਾਲ', ਹਰਬੰਸ ਮਾਲਵਾ ਨੇ 'ਲਹਿੰਦੀ ਲਹਿੰਦੀ ਲਹਿ ਧਰਤੀ ਤੇ', ਬਰਿਸ਼ ਭਾਨ ਘਲੋਟੀ ਨੇ ਕਹਾਣੀ 'ਇੱਜ਼ਤ ਦੀ ਮੌਤ' ਬਲਵਿੰਦਰ ਔਲਖ ਗਲੈਕਸੀ ਨੇ ਕਵਿਤਾ 'ਨਿਸ਼ਾਨ ਤੱਕ ਨਹੀਂ ਮਿਲਦੇ' ਬਲਵੰਤ ਸਿੰਗ ਮੁਸਾਫਿਰ ਨੇ ਕਵਿਤਾ 'ਧਰਤੀ', ਭੁਪਿੰਦਰ ਸਿੰਘ ਚੌਕੀਮਾਨ ਨੇ 'ਭਾਗਾਂ ਖੇਤੀ ਜੀਵਨਾ', ਜੌਹਲ ਨੇ 'ਦੇਵੀਆਂ ਦੇ ਦੇਸ਼ ਵਿਚ' ਪੰਧੇਰ ਨੇ ਕਵਿਤਾ 'ਥੋੜ੍ਹੇ ਫਰਕ ਨਾਲ', ਦਲਵੀਰ ਸਿੰਘ ਲੁਧਿਆਣਵੀ ਨੇ ਦੋਹਰੇ 'ਬਿਨਾਂ ਕਿਤਾਬਾਂ ਜੀਣਾ ਕੀ, ਭੀੜ 'ਚ ਜਾਏ ਗੁਆਚ, ਸ਼ਬਦ ਏਹ ਅਨਮੋਲ ਨੇ ਅੱਖਰ-ਅੱਖਰ ਵਾਚ' ਇੰਜ ਸੁਰਜਨ ਸਿੰਘ, ਬੁੱਧ ਸਿੰਘ ਨੀਲੋਂ, ਬਲਕੌਰ ਸਿੰਘ ਗਿੱਲ, ਰਘਬੀਰ ਸਿੰਘ ਸੰਧੂ, ਅਮਰਜੀਤ ਸ਼ੇਰਪੁਰੀ ਆਦਿ ਨੇ ਵੀ ਆਪੋ-ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਇਨ੍ਹਾਂ ਰਚਨਾਵਾਂ 'ਤੇ ਉਸਾਰੂ ਸੁਝਾਅ ਵੀ ਦਿੱਤੇ ਗਏ।