ਪਿਛੋਕੜ (ਕਹਾਣੀ)

ਕੈਲਾਸ਼ ਚੰਦਰ ਸ਼ਰਮਾ   

Email: kailashchanderdss@gmail.com
Cell: +91 80540 16816
Address: 459,ਡੀ ਬਲਾਕ,ਰਣਜੀਤ ਐਵੀਨਿਊ,
ਅੰਮ੍ਰਿਤਸਰ India
ਕੈਲਾਸ਼ ਚੰਦਰ ਸ਼ਰਮਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਅੱਲਾ ਬਖਸ਼ ਸਾਡੇ ਪਿੰਡ ਵਿੱਚ ਮੋਚੀ ਦਾ ਕੰਮ ਕਰਦਾ ਸੀ। ਉਸ ਦਾ ਇਕਲੌਤਾ ਲੜਕਾ ਜਮਾਲ, ਸਰਕਾਰੀ ਸਕੂਲ ਦੀ ਅੱਠਵੀਂ ਜਮਾਤ ਦਾ ਵਿਦਿਆਰਥੀ ਸੀ।ਛੁੱਟੀ ਤੋਂ ਬਾਅਦ ਜਮਾਲ ਆਪਣੇ ਅੱਬਾ ਕੋਲ ਆ ਜਾਂਦਾ ਤੇ ਕੰਮ ਵਿੱਚ ਮਦਦ ਕਰਦਾ।ਸ਼ਾਮ ਨੂੰ ਜੋ ਪੈਸੇ ਇਕੱਠੇ ਹੁੰਦੇ, ਉਸ ਨਾਲ ਘਰ ਦਾ ਗੁਜ਼ਾਰਾ ਚੱਲ ਜਾਂਦਾ।
                  ਇੱਕ ਦਿਨ ਪੁਲੀਸ ਦੀ ਭਰੀ ਗੱਡੀ ਆਈ ਤੇ ਸੜਕ ਕੰਢੇ ਬੈਠੇ ਕੰਮ ਕਰਨ ਵਾਲਿਆਂ ਨੂੰ ਕਹਿਣ ਲੱਗੀ, "ਅੱਜ ਵੱਡੇ ਸਾਹਿਬ ਨੇ ਆਉਣਾ ਹੈ, ਉਨ੍ਹਾਂ ਦੇ ਚਲੇ ਜਾਣ ਤੋਂ ਬਾਅਦ ਕੰਮ ਕਰ ਲੈਣਾ"।ਜਮਾਲ ਇਹ ਸਭ ਵੇਖ ਰਿਹਾ ਸੀ।ਵੱਡੇ ਸਾਹਿਬ ਆਏ ਤੇ ਕਾਫੀ ਦੇਰ ਤੱਕ ਲੋਕਾਂ ਨੂੰ ਮਿਲਦੇ ਰਹੇ।ਸ਼ਾਮ ਪੈ ਗਈ। ਅੰਧੇਰਾ ਹੋਣਾ ਸ਼ੁਰੂ ਹੋ ਗਿਆ।ਉਸ ਦਿਨ ਅੱਲਾ ਬਖਸ਼ ਦੇ ਕਮਾਏ ਹੋਏ ਪੈਸਿਆਂ ਨਾਲ ਸਿਰਫ ਘਰ ਵਿੱਚ ਆਟਾ ਹੀ ਆ ਸਕਿਆ।ਥੱਕੇ ਹਾਰੇ ਅੱਲਾ ਬਖਸ਼ ਨੇ ਘਰ ਆ ਕੇ ਫਿਜ਼ਾ ਨੂੰ ਕਿਹਾ, "ਵੱਡੇ ਸਾਹਿਬ ਆਏ ਸਨ,ਅੱਜ ਕੇਵਲ ਆਟਾ ਹੀ ਲਿਆਂਦਾ ਜਾ ਸਕਿਆ ਹੈ"।ਉਸ ਦਿਨ, ਰੋਟੀ ਉਨ੍ਹਾਂ ਨੇ ਨਮਕ ਨਾਲ ਹੀ ਖਾ ਲਈ।ਜਮਾਲ ਦੇ ਮਨ ਉੱਪਰ ਇਸ ਦਾ ਡੂੰਘਾ ਅਸਰ ਹੋਇਆ।ਉਹ ਸਾਰੀ ਰਾਤ ਚੰਗੀ ਤਰ੍ਹਾਂ ਸੌਂ ਨਾ ਸਕਿਆ।
                  ਸਵੇਰੇ  ਚਾਹ ਪੀਣ ਸਮੇਂ, ਜਮਾਲ ਨੇ ਆਪਣੇ ਅੱਬਾ ਨੂੰ ਪੁੱਛਿਆ,"ਅੱਬਾ, ਵੱਡਾ ਸਾਹਿਬ ਕੀ ਹੁੰਦਾ ਏ? ਵੱਡਾ ਸਾਹਿਬ ਕਿਵੇਂ ਬਣੀਦਾ ਏ? ਕੀ ਮੈਂ ਵੱਡਾ ਸਾਹਿਬ ਬਣ ਸਕਦਾ ਹਾਂ"? ਅੱਲਾ ਬਖਸ਼ ਨੇ ਜਮਾਲ ਵੱਲ ਹੈਰਾਨਗੀ ਭਰੀਆਂ ਨਜ਼ਰਾਂ ਨਾਲ ਵੇਖਦੇ ਹੋਏ ਕਿਹਾ,"ਵੱਡਾ ਸਾਹਿਬ ਤਾਂ ਹਰ ਕੋਈ ਬਣ ਸਕਦਾ ਹੈ ਪਰ ਇਸ ਲਈ ਬਹੁਤ ਮਿਹਨਤ ਤੇ ਪੜ੍ਹਾਈ ਕਰਨੀ ਪੈਂਦੀ ਹੈ। ਗਰੀਬ ਲੋਕ ਤਾਂ ਰੋਜ਼ ਦੀ ਕਮਾਈ ਨਾਲ ਮਸਾਂ ਪੇਟ ਦੀ ਭੁੱਖ ਹੀ ਮਿਟਾ ਪਾਉਂਦੇ ਨੇ।ਪੜ੍ਹਾਈ ਲਈ ਉਨ੍ਹਾਂ ਕੋਲ ਪੈਸਾ ਹੀ ਨਹੀਂ ਹੁੰਦਾ, ਇਸ ਲਈ ਉਨ੍ਹਾਂ ਦੇ ਵੱਡਾ ਸਾਹਿਬ ਬਣਨ ਦੇ ਸੁਪਨੇ ਕੇਵਲ ਸੁਪਨੇ ਹੀ ਰਹਿ ਜਾਂਦੇ ਨੇ"।       
                  ਇਹ ਸਭ ਸੁਣ ਕੇ ਜਮਾਲ ਦੇ ਮਨ 'ਚ ਹੋਰ ਵਲਵਲੇ ਖੜੇ ਹੋ ਗਏ। ਉਹ ਰੋਜ਼ ਵਾਂਗ ਸਕੂਲ ਗਿਆ।ਉਦਾਸੀ ਉਸ ਦੇ ਚਿਹਰੇ 'ਤੇ ਸਾਫ ਝਲਕ ਰਹੀ ਸੀ।ਉਸ ਦੇ ਅਧਿਆਪਕ ਨੇ ਇਸ ਦਾ ਕਾਰਨ ਪੁੱਛਿਆ।ਜਮਾਲ ਨੇ ਸਾਰੀ ਬੀਤੀ ਦਿਲ ਖੋਲ੍ਹ ਕੇ ਦੱਸ ਦਿੱਤੀ।ਅਧਿਆਪਕ ਨੇ ਜਮਾਲ ਨੂੰ ਹੌਂਸਲਾ ਦਿੰਦੇ ਹੋਏ ਕਿਹਾ,"ਬੱਸ, ਇੰਨੀ ਛੋਟੀ ਜਿਹੀ ਗੱਲ ਏ!ਤੂੰ ਵੀ ਤਾਂ ਵੱਡਾ ਸਾਹਿਬ ਬਣ ਸਕਦਾ ਏਂ, ਸਿਰਫ ਮਿਹਨਤ ਦੀ ਲੋੜ ਹੈ, ਜੋ ਤੂੰ ਕਰ ਸਕਦਾ ਹੈਂ।ਜਿੱਥੋਂ ਤੱਕ ਪੈਸੇ ਦਾ ਸਵਾਲ ਏ, ਮਿਹਨਤੀ ਤੇ ਹੁਸ਼ਿਆਰ ਬੱਚਿਆਂ ਨੂੰ ਸਰਕਾਰ ਵਜੀਫਾ ਵੀ ਦਿੰਦੀ ਹੈ, ਜੋ ਉਨ੍ਹਾਂ ਦੀ ਪੜ੍ਹਾਈ ਲਈ ਕਾਫੀ ਹੁੰਦਾ ਹੈ।ਜੇਕਰ ਫਿਰ ਵੀ ਪੈਸੇ ਦੀ ਕੋਈ ਕਮੀ ਰਹਿ ਗਈ ਤਾਂ ਉਹ ਮੈਂ ਪੂਰੀ ਕਰ ਦੇਵਾਂਗਾ।ਬੱਸ ਤੂੰ ਕੇਵਲ ਮਿਹਨਤ ਕਰ"।ਜਮਾਲ ਨੂੰ ਉਸ ਦਾ ਸੁਪਨਾ ਪੂਰਾ ਹੁੰਦਾ ਦਿਸਣ ਲੱਗਾ।ਉਸ ਦਿਨ ਤੋਂ ਉਸ ਨੇ ਹੋਰ ਮਿਹਨਤ ਨਾਲ ਪੜ੍ਹਨਾ ਸ਼ੁਰੂ ਕਰ ਦਿੱਤਾ।ਮਾਂ-ਬਾਪ ਦਾ ਆਸ਼ੀਰਵਾਦ, ਅਧਿਆਪਕ ਦੀ ਅਗਵਾਈ ਤੇ ਜਮਾਲ ਦੀ ਮਿਹਨਤ ਰੰਗ ਲਿਆਉਣ ਲੱਗੀ। ਜਮਾਲ ਹਰ ਜਮਾਤ 'ਚੋਂ ਚੰਗੇ ਨੰਬਰਾਂ ਨਾਲ ਪਾਸ ਹੋਣ ਲੱਗਾ।ਆਖਰਕਾਰ ਆਈ. ਏ. ਐਸ. ਬਣ ਗਿਆ।
                  ਪਿੰਡ ਦਾ ਸ਼ਾਹੂਕਾਰ ਦੀਨ ਦਿਆਲ, ਕਿਸੇ ਕੰਮ ਲਈ ਚੰਡੀਗੜ੍ਹ ਗਿਆ।ਆਪਣੇ ਕੰਮ ਲਈ ਉਹ ਦਫਤਰ ਦੇ ਬਾਬੂਆਂ ਕੋਲ ਧੱਕੇ ਖਾ ਰਿਹਾ ਸੀ ਪਰ ਉਸ ਦਾ ਕੰਮ ਨਹੀਂ ਸੀ ਹੋ ਰਿਹਾ।ਕਿਸੇ ਨੇ ਉਸ ਨੂੰ ਵੱਡੇ ਸਾਹਿਬ ਨੂੰ ਮਿਲਣ ਦੀ ਸਲਾਹ ਦਿੱਤੀ, ਪਰ ਉਹ ਡਰ ਰਿਹਾ ਸੀ।ਆਖਰ ਸ਼ਾਮ ਦੇ ਚਾਰ ਵੱਜ ਗਏ।ਉਹ ਹੌਂਸਲਾ ਕਰ ਕੇ ਅੰਦਰ ਚਲਾ ਗਿਆ।ਅੰਦਰ ਵੜਦਿਆਂ ਹੀ ਉਹ ਅਜੇ ਇੱਧਰ-ਉੱਧਰ ਝਾਕ ਰਿਹਾ ਸੀ ਕਿ ਕਿਸੇ ਨੇ ਉਸ ਦੇ ਪੈਰਾਂ ਨੂੰ ਹੱਥ ਲਾ ਕੇ ਪ੍ਰਣਾਮ ਕੀਤਾ।ਦੀਨ ਦਿਆਲ ਨੇ ਹੈਰਾਨਗੀ ਨਾਲ ਉਸ ਵੱਲ ਵੇਖਿਆ।ਇਹ ਤਾਂ ਜਮਾਲ ਸੀ, ਉਨ੍ਹਾਂ ਦੇ ਅੱਲਾ ਬਖਸ਼ ਦਾ ਪੁੱਤਰ।ਜਮਾਲ ਨੇ ਸ਼ਾਹੂਕਾਰ ਦੀ ਖਾਤਰਦਾਰੀ ਕੀਤੀ ਤੇ ਕੁਝ ਮਿੰਟਾਂ ਵਿੱਚ ਹੀ ਉਸ ਦਾ ਕੰਮ ਕਰਵਾ ਦਿੱਤਾ।ਸ਼ਾਹੂਕਾਰ ਦੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ।ਉਸ ਦਾ ਦਿਲ ਕਰੇ ਕਿ ਉਹ ਉੱਡ ਕੇ ਪਿੰਡ ਚਲਾ ਜਾਵੇ ਤੇ ਸਾਰੀ ਵਿਥਿਆ ਅੱਲਾ ਬਖਸ਼ ਨੂੰ ਸੁਣਾਵੇ ਪਰ ਇਹ ਸੰਭਵ ਨਹੀਂ ਸੀ।ਦੀਨ ਦਿਆਲ ਦੇਰ ਰਾਤ ਘਰ ਪਹੁੰਚਿਆ।ਤੜਕਸਾਰ, ਦੀਨ ਦਿਆਲ, ਅੱਲਾ ਬਖਸ਼ ਦੇ ਘਰ ਗਿਆ।ਘਰ ਅੰਦਰ ਵੜਦਿਆਂ ਹੀ ਦੀਨ ਦਿਆਲ ਨੇ ਕਿਹਾ, "ਅੱਲਾ ਬਖਸ਼, ਪ੍ਰਮਾਤਮਾ ਨੇ ਤੁਹਾਡੀ ਮਿਹਨਤ ਨੂੰ ਭਾਗ ਲਾਏ ਨੇ। ਧੰਨ ਜੇ ਤੁਸੀਂ ਜਿਨ੍ਹਾਂ ਜਮਾਲ ਵਰਗੇ ਪੁੱਤਰ ਨੂੰ ਜਨਮ ਦਿੱਤਾ ਏ"।ਇਹ ਕਹਿੰਦੇ ਹੋਏ, ਸ਼ਾਹੂਕਾਰ ਨੇ ਅੱਲਾ ਬਖਸ਼ ਤੇ ਫਿਜ਼ਾ ਨੂੰ ਸਾਰਾ ਵਾਕਿਆ ਸੁਣਾ ਦਿੱਤਾ।ਇਹ ਸੁਣ ਕੇ ਉਨ੍ਹਾਂ ਨੂੰ ਆਪਣੇ ਪੁੱਤਰ 'ਤੇ ਮਾਣ ਮਹਿਸੂਸ ਹੋ ਰਿਹਾ ਸੀ।                          
                  ਕੁਝ ਹੀ ਦਿਨ ਬੀਤੇ ਸਨ ਕਿ ਅੱਲਾ ਬਖਸ਼ ਰੋਜ਼ ਵਾਂਗ ਕੰਮ ਕਰ ਰਿਹਾ ਸੀ।ਪੁਲਿਸ ਦੀ ਇਕ ਵੱਡੀ ਗੱਡੀ ਉਸ ਕੋਲ ਆ ਕੇ ਰੁਕੀ। ਉਸ ਨੂੰ ਵੇਖ ਕੇ ਸਾਰੇ ਕੰਮ ਕਰਨ ਵਾਲੇ ਜਲਦੀ-ਜਲਦੀ ਆਪਣਾ ਸਮਾਨ ਸਮੇਟਣ ਲੱਗੇ ਕਿ ਕਿਸੇ ਨੇ ਅੱਲਾ ਬਖਸ਼ ਦੇ ਪੈਰਾਂ ਨੂੰ ਹੱਥ ਲਾ ਕੇ ਪ੍ਰਣਾਮ ਕੀਤਾ।ਉਸ ਨੇ ਵੇਖਿਆ ਕਿ ਇਹ ਤਾਂ ਉਸ ਦਾ ਪੁੱਤਰ ਜਮਾਲ ਸੀ।ਉਸ ਦੇ ਨਾਲ ਆਏ ਹੋਏ ਦੂਜੇ ਅਫਸਰਾਂ ਦੀ ਮੌਜੂਦਗੀ ਵਿੱਚ ਅੱਲਾ ਬਖਸ਼ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਕੀ ਕਰੇ।ਦੂਰੋਂ ਦੀਨ ਦਿਆਲ ਨੇ ਜਦੋਂ ਵੇਖਿਆ ਤਾਂ ਉਹ ਦੌੜਦਾ ਹੋਇਆ ਆਇਆ ਤੇ ਸਾਰੇ ਲੋਕਾਂ ਨੂੰ ਆਪਣੇ ਗੈਸਟ ਰੂਮ ਵਿਚ ਲੈ ਗਿਆ।ਫਲਾਂ ਦਾ ਰਸ ਤੇ ਹੋਰ ਕਈ ਕੁਝ ਉਸੇ ਵੇਲੇ ਆ ਗਿਆ।ਜਮਾਲ ਨੇ ਕਿਹਾ, "ਸ਼ਾਹ ਜੀ, ਮੈਂ ਤਾਂ ਉਹੋ ਸੱਤੂ ਹੀ ਪੀਣੇ ਹਨ ਜੋ ਬਚਪਨ ਵਿੱਚ ਸਕੂਲੋਂ ਆਉਣ ਸਮੇਂ ਅੱਬਾ ਮੈਨੂੰ ਪਿਆਉਂਦੇ ਸਨ"।ਕੁਝ ਦੇਰ ਬੈਠਣ ਤੋਂ ਬਾਅਦ, ਜਮਾਲ ਸ਼ਾਮ ਨੂੰ ਘਰ ਆਉਣ ਦਾ ਵਾਇਦਾ ਕਰਦੇ ਹੋਏ ਕੰਮ ਲਈ ਚਲਾ ਗਿਆ।ਜਾਂਦੇ ਹੋਏ ਆਪਣੇ ਅੱਬਾ ਨੂੰ ਕਹਿ ਗਿਆ ਕਿ, "ਅੰਮੀ ਨੂੰ ਸੁਨੇਹਾ ਦੇ ਦੇਣਾ ਕਿ ਸ਼ਾਮ ਨੂੰ ਮੇਰੀ ਸਪੈਸ਼ਲ ਖੀਰ ਤਿਆਰ ਰੱਖੇ"। 
                   ਅੱਲਾ ਬਖਸ਼ ਨੂੰ ਜਲਦੀ ਘਰ ਆਇਆ ਵੇਖ ਫਿਜ਼ਾ ਨੇ ਘਬਰਾਹਟ ਨਾਲ ਪੁੱਛਿਆ, "ਅੱਜ ਕੋਈ ਵੱਡਾ ਅਫਸਰ ਆਇਆ ਸੀ"? "ਹਾਂ ਹਾਂ, ਬਹੁਤ ਵੱਡਾ ਅਫਸਰ",ਅੱਲਾ ਬਖਸ਼ ਨੇ ਜਵਾਬ ਦਿੰਦਿਆਂ ਸਾਰੀ ਗੱਲ ਫਿਜ਼ਾ ਨੂੰ ਸੁਣਾਈ। ਫਿਜ਼ਾ ਨੂੰ ਤਾਂ ਜਿਵੇਂ ਕੋਈ ਗੱਲ ਅਹੁੜ ਹੀ ਨਹੀਂ ਸੀ ਰਹੀ।ਉਹ ਉਸੇ ਵੇਲੇ ਖੀਰ ਬਣਾਉਣ ਦੀ ਤਿਆਰੀ ਵਿੱਚ ਲੱਗ ਪਈ।ਸਾਰਾ ਕੰਮ ਖਤਮ ਕਰਕੇ ਦੋਵੇਂ ਜਮਾਲ ਦਾ ਬੇਸਬਰੀ ਨਾਲ ਇੰਤਜ਼ਾਰ ਕਰਨ ਲੱਗ ਪਏ ਪਰ ਦਸ ਵਜੇ ਤੱਕ ਜਮਾਲ ਨਾ ਆਇਆ।ਉਹ ਸੌਣ ਦੀ ਤਿਆਰੀ ਕਰ ਹੀ ਰਹੇ ਸਨ ਕਿ ਅਚਾਨਕ ਦਰਵਾਜ਼ਾ ਖੜਕਿਆ ਤੇ ਜਮਾਲ ਅੰਦਰ ਆ ਗਿਆ।ਮਾਂ-ਬਾਪ ਨੂੰ ਗੰਭੀਰ ਅਵਸਥਾ ਵਿੱਚ ਵੇਖ ਕੇ ਜਮਾਲ ਨੇ ਪੁੱਛਿਆ, "ਕੀ ਗੱਲ, ਤੁਹਾਨੂੰ ਮੇਰੇ ਆਉਣ ਦੀ ਖੁਸ਼ੀ ਨਹੀਂ ਹੋਈ"? "ਨਹੀਂ ਨਹੀਂ, ਅਜਿਹੀ ਕੋਈ ਗੱਲ ਨਹੀਂ, ਪਰ ਮੈਂ ਸੋਚ ਰਹੀ ਸੀ, ਤੇਰੇ ਨਾਲ ਆਏ ਹੋਏ, ਸਾਡੇ ਬਾਰੇ ਕੀ ਸੋਚਦੇ ਹੋਣੇ ਨੇ? ਮੈਂ ਤਾਂ ਤੇਰੇ ਅੱਬਾ ਨੂੰ ਕਈ ਵਾਰ ਕਿਹਾ ਏ ਕਿ ਜੁੱਤੀਆਂ ਗੰਢਣ ਦਾ ਕੰਮ ਬੰਦ ਕਰ ਦੇਣ।ਲੋਕ ਕੀ ਕਹਿੰਦੇ ਹੋਣਗੇ? ਮੁੰਡਾ ਅਫਸਰ ਲੱਗਾ ਹੋਇਆ ਏ ਤੇ ਬਾਪ ਜੁੱਤੀਆਂ ਗੰਢਦਾ ਏ"। "ਹੱਦ ਹੋ ਗਈ ਏ ਅੰਮੀ, ਦੁਨੀਆਂ ਤਾਂ ਚੰਨ ਤੋਂ ਅੱਗੇ ਵੀ ਪਹੁੰਚ ਗਈ ਏ ਪਰ ਤੁਸੀਂ ਆਪਣੀ ਸੋਚ ਨੂੰ ਅਜੇ ਤੱਕ ਰੂੜ੍ਹੀਵਾਦੀ ਤਰੀਕੇ ਨਾਲ ਨੱਪੀ ਬੈਠੇ ਹੋ।ਅੰਮੀ, ਇਨਸਾਨ ਦਾ ਵਡੱਪਣ ਉਸ ਦੀ ਇਮਾਨਦਾਰੀ ਨਾਲ ਕੀਤੀ ਹੋਈ ਮਿਹਨਤ 'ਤੇ ਨਿਰਭਰ ਕਰਦਾ ਹੈ।ਤੂੰ  ਆਪ ਹੀ ਤਾਂ ਮੈਨੂੰ ਕਹਿੰਦੀ ਹੁੰਦੀ ਸੀ ਕਿ ਕੋਈ ਵੀ ਕੰਮ ਛੋਟਾ-ਵੱਡਾ ਨਹੀਂ ਹੁੰਦਾ, ਕੋਈ ਵੀ ਗਲੀ-ਮੁਹੱਲਾ ਮਾੜਾ ਨਹੀਂ ਹੁੰਦਾ, ਸਾਰਾ ਸਾਡੀ ਸੋਚ 'ਤੇ ਨਿਰਭਰ ਕਰਦਾ ਹੈ।ਸਵੇਰੇ ਵੀ ਮੈਂ ਵੇਖ ਰਿਹਾ ਸੀ ਕਿ ਅੱਬਾ ਸ਼ਰਮ ਮਹਿਸੂਸ ਕਰ ਰਹੇ ਸਨ।
                    ਤੁਸੀਂ ਮਿਹਨਤ ਮਜ਼ਦੂਰੀ ਕਰਕੇ ਮੈਨੂੰ ਪੜ੍ਹਾਇਆ ਤੇ ਇੱਥੋਂ ਤੱਕ ਪਹੁੰਚਾਇਆ।ਤੁਸੀਂ ਸਨਮਾਨਯੋਗ ਹੋ ਜਾਂ ਉਹ ਅਮੀਰ ਲੋਕ ਜਿਨ੍ਹਾਂ ਦੇ ਬੱਚੇ ਸਾਰੀਆਂ ਸਹੂਲਤਾਂ ਹੋਣ ਦੇ ਬਾਵਜੂਦ ਨਹੀਂ ਪੜ੍ਹ ਸਕੇ ਤੇ ਵਿਹਲੇ ਫਿਰਦੇ ਨੇ? ਮੈਂ ਤੁਹਾਡੀ ਇਸ ਗੱਲ ਨਾਲ ਤਾਂ ਸਹਿਮਤ ਹਾਂ ਕਿ ਅੱਬਾ ਨੂੰ ਹੁਣ ਆਰਾਮ ਕਰਨਾ ਚਾਹੀਦਾ ਹੈ ਪਰ ਇਸ ਗੱਲ ਨਾਲ ਸਹਿਮਤ ਨਹੀਂ ਕਿ ਇਸ ਕਰਕੇ ਕੰਮ ਛੱਡਿਆ ਜਾਵੇ ਕਿ ਜੁੱਤੀਆਂ ਗੰਢਣ ਦਾ ਕੰਮ ਛੋਟਾ ਤੇ ਮਾੜਾ ਹੈ। ਇਹ ਤਾਂ ਸਾਡਾ ਪਿਛੋਕੜ ਹੈ।ਇਸੇ ਕੰਮ ਦੇ ਸਿਰ 'ਤੇ ਤੁਸਾਂ ਮੈਨੂੰ ਅਫਸਰ ਬਣਾਇਆ।ਅੱਜ, ਦੀਨ ਦਿਆਲ ਵਰਗੇ ਸ਼ਾਹੂਕਾਰ ਵੀ ਜੋ ਕਦੇ ਸਾਨੂੰ ਜ਼ਲੀਲ ਕਰਦੇ ਸਨ, ਹੁਣ ਤੁਹਾਡੇ ਅੱਗੇ-ਪਿੱਛੇ ਫਿਰਦੇ ਹਨ।ਅੱਬਾ ਦਾ ਕੰਮ ਕਰਨ ਵਾਲਾ ਸਮਾਨ ਸਾਡੀ ਜਾਇਦਾਦ ਹੈ।ਇਹ ਹਮੇਸ਼ਾਂ ਹੀ ਮੇਰੇ ਲਈ ਪ੍ਰੇਰਨਾਸ੍ਰੋਤ ਰਹੇਗਾ।ਤੁਸੀਂ ਆਪ ਹੀ ਤਾਂ ਕਿਹਾ ਕਰਦੇ ਸੀ ਕਿ ਜੋ ਲੋਕ ਆਪਣੇ ਪਿਛੋਕੜ ਨੂੰ ਭੁੱਲ ਜਾਂਦੇ ਹਨ ਉਹ ਜ਼ਿੰਦਗੀ ਵਿੱਚ ਕਦੇ ਤਰੱਕੀ ਨਹੀਂ ਕਰ ਸਕਦੇ। ਇਹ ਤਾਂ ਸਾਡੀ ਆਉਣ ਵਾਲੀ ਸੰਤਾਨ ਲਈ ਸਬਕ ਹੋਵੇਗਾ ਕਿ ਛੋਟਾ ਕੰਮ ਵੀ ਜੇਕਰ ਇਮਾਨਦਾਰੀ ਤੇ ਮਿਹਨਤ ਨਾਲ ਕੀਤਾ ਜਾਵੇ ਤਾਂ ਇਨਸਾਨ ਤਰੱਕੀ ਦੀਆਂ ਮੰਜ਼ਲਾਂ ਪਾ ਸਕਦਾ ਏ"।