ਸੁੱਖ ਦਾ ਚੜ੍ਹੇ ਨਵਾਂ ਸਾਲ..! (ਲੇਖ )

ਗੁਰਦੀਸ਼ ਗਰੇਵਾਲ   

Email: gurdish.grewal@gmail.com
Cell: +1403 404 1450, +91 98728 60488 (India)
Address:
Calgary Alberta Canada
ਗੁਰਦੀਸ਼ ਗਰੇਵਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


name of abortion pill in uk

order abortion pill online uk partickcurlingclub.co.uk abortion pill online
ਮੇਰੇ ਦਾਦੀ ਜੀ ਭਾਵੇਂ ਅਨਪੜ੍ਹ ਸਨ ਪਰ ਉਹਨਾਂ ਨੂੰ ਦੇਸੀ ਮਹੀਨਿਆਂ ਦਾ ਪੂਰਾ ਗਿਆਨ ਸੀ। ਸੰਗਰਾਂਦ ਵਾਲੇ ਦਿਨ ਗੁਰੁ ਘਰ ਜਾਣਾ ਵੀ ਉਹਨਾਂ ਨੂੰ ਕਦੇ ਨਹੀਂ ਸੀ ਭੁੱਲਦਾ। ਕਿਹੜੇ ਮਹੀਨੇ ਕਿਹੜੀ ਫਸਲ ਬੀਜੀ ਜਾਂਦੀ ਹੈ ਤੇ ਕਦੋਂ ਉਸ ਨੇ ਪੱਕਣਾ ਹੈ- ਇਹ ਸਭ ਉਹਨਾਂ ਦੇ ਜ਼ਿਹਨ ਵਿੱਚ ਵਸਿਆ ਹੋਇਆ ਸੀ। ਪਰ ਅੰਗਰੇਜ਼ੀ ਮਹੀਨੇ ਉਹਨਾਂ ਨੂੰ ਬੋਲਣੇ ਵੀ ਔਖੇ ਲਗਦੇ। ਸਕੂਲ ਪੜ੍ਹਦਿਆਂ ਅਸੀਂ ਉਹਨਾਂ ਨੂੰ ਦੱਸਣਾ ਕਿ- 'ਹੁਣ ਕੁੱਝ ਦਿਨਾਂ ਤੱਕ ਨਵਾਂ ਸਾਲ ਚੜ੍ਹਨ ਵਾਲਾ ਹੈ' ਤਾਂ ਉਹਨਾਂ ਹਮੇਸ਼ਾ ਇਹੀ ਕਹਿਣਾ ਕਿ- 'ਸੁੱਖ ਦਾ ਚੜ੍ਹੇ ਨਵਾਂ ਸਾਲ!' ਉਹ ਤਾਂ ਤਿਉਹਾਰਾਂ ਤੇ ਵੀ ਸੁਤੇ ਸਿੱਧ ਕਹਿ ਦਿੰਦੇ ਕਿ-'ਸੁੱਖ ਦੀ ਆਏ ਦੀਵਾਲੀ'। ਤੇ ਹੁਣ ਜਦ ਇਹਨਾਂ ਦਿਨ ਤਿਉਹਾਰਾਂ ਤੇ ਵਾਪਰਦੀਆਂ ਕਈ ਅਣਸੁਖਾਵੀਆਂ ਘਟਨਾਵਾਂ ਤੇ ਨਜ਼ਰ ਮਾਰਦੀ ਹਾਂ ਤਾਂ ਮੈਂਨੂੰ ਜਾਪਦਾ ਕਿ- ਸਾਡੇ ਬਜ਼ੁਰਗਾਂ ਵਲੋਂ ਸਰਬੱਤ ਦੇ ਭਲੇ ਦੀ ਅਰਦਾਸ ਕਰਨਾ ਤੇ ਸਭ ਦੀ ਸੁੱਖ ਮੰਗਣਾ- ਕਿੰਨਾ ਸਾਰਥਕ ਸੀ!
ਹਰ ਸਾਲ ਵਾਂਗ ਅੱਜ ਵੀ ਆਪਾਂ, ਨਵੇਂ ਸਾਲ ਦੀ ਦਹਿਲੀਜ਼ ਤੇ ਖੜ੍ਹੇ ਹਾਂ। ਜੇ ਪਿਛਲੇ ਸਾਲ ਤੇ ਝਾਤੀ ਮਾਰੀਏ ਤਾਂ ਹੋਰ ਕਈ ਛੋਟੀਆਂ ਘਟਨਾਵਾਂ ਤੋਂ ਇਲਾਵਾ, ਅੰਮ੍ਰਿਤਸਰ ਵਾਪਰਿਆ ਰੇਲ ਹਾਦਸਾ ਬਹੁਤ ਵੱਡਾ ਦੁਖਾਂਤ ਸੀ- ਜੋ ਵਾਪਰਿਆ ਵੀ ਦੁਸਹਿਰੇ ਵਾਲੇ ਦਿਨ ਸੀ। ਇਹਨਾਂ ਘਟਨਾਵਾਂ ਤੋਂ ਸਾਨੂੰ ਅੱਗੋਂ ਲਈ ਕੁਝ ਸਿੱਖਣ ਦੀ ਲੋੜ ਹੈ। ਇਹਨਾਂ ਦਿਨ ਤਿਉਹਾਰਾਂ ਤੇ ਭੀੜ ਦਾ ਜੁੜਨਾ ਤੇ ਫਿਰ ਬੇਧਿਆਨੇ ਰੇਲ ਦੀ ਪਟੜੀ ਤੇ ਖੜ੍ਹ ਜਾਣਾ ਜਾਂ ਬੈਠ ਜਾਣਾ- ਸਾਡੀ ਅਣਗਹਿਲੀ ਦੀਆਂ ਹੀ ਮਿਸਾਲਾਂ ਹਨ। ਇਹਨਾਂ ਮੁਲਕਾਂ ਵਿੱਚ ਵੀ ਕਈ ਦਰਦਨਾਕ ਹਾਦਸੇ ਵਰਤੇ ਨੇ ਪਿਛਲੇ ਸਾਲ। ਵਿਨੀਪੈਗ ਹੋਏ ਇੱਕ ਐਕਸੀਡੈਂਟ ਵਿੱਚ   ਹਾਕੀ ਖਿਡਾਰੀਆਂ ਦੀ ਹੋਈ ਮੌਤ ਦਿਲ ਹਲੂਣ ਗਈ। ਕਿੰਨੇ ਮਾਵਾਂ ਦੇ ਗੱਭਰੂ ਪੁੱਤ ਨਸ਼ਿਆਂ ਦੇ ਗੈਂਗ ਵਿੱਚ ਫਸ ਕੇ ਗੋਲੀਆਂ ਦਾ ਸ਼ਿਕਾਰ ਬਣੇ। ਕਿਸੇ ਦੀ ਅਣਗਹਿਲੀ ਕਾਰਨ, ਸਾਡੇ ਆਪਣੇ ਹੀ ਸ਼ਹਿਰ ਵਿੱਚ ਕਈ ਘਰ ਅੱਗ ਦੀ ਭੇਟ ਚੜ੍ਹ ਗਏ। ਬਹੁਤ ਕੁਝ ਅਣਸੁਖਾਵਾਂ ਵਰਤਿਆ। ਹੁਣ ਸਾਡੇ ਲੋਕਾਂ ਨੇ ਨਵੇਂ ਸਾਲ ਦੇ ਵੀ ਜਸ਼ਨ ਮਨਾਉਣੇ ਹਨ। ਮਹਿਫਲਾਂ ਸਜਣਗੀਆਂ, ਪਟਾਖੇ ਚਲਾਏ ਜਾਣਗੇ, ਨਸ਼ਿਆਂ ਦਾ ਵਿਉਪਾਰ ਵੀ ਉਸ ਦਿਨ ਖੂਬ ਚਮਕੇਗਾ। ਕੀ ਇਹ ਸਭ ਸਮੇਂ ਦੀ ਤੇ ਪੈਸੇ ਦੀ ਬਰਬਾਦੀ ਨਹੀਂ? ਕੀ ਅਸੀਂ ਵਾਤਾਵਰਣ ਦੂਸ਼ਿਤ ਕਰਨ ਲਈ ਜ਼ਿੰਮੇਵਾਰ ਨਹੀਂ ਹੋਵਾਂਗੇ? ਕੀ ਅਸੀਂ ਹਰ ਸਾਲ ਵਾਪਰੀਆਂ ਮੰਦਭਾਗੀਆਂ ਘਟਨਾਵਾਂ ਤੋਂ ਕੁੱਝ ਨਹੀਂ ਸਿੱਖਦੇ? ਇਹ ਸਭ ਸੋਚਣ ਦੀ ਲੋੜ ਹੈ। 
ਸਮਾਂ ਆਪਣੀ ਤੋਰ ਨਿਰੰਤਰ ਤੁਰਿਆ ਜਾ ਰਿਹਾ ਹੈ। ਇਸ ਸਮੇਂ ਨੂੰ ਕੋਈ ਵੀ ਬੰਨ੍ਹ ਨਹੀਂ ਸਕਿਆ। ਹਰ ਸਾਲ ਨਵਾਂ ਚੜ੍ਹਦਾ ਹੈ ਤੇ ਖਤਮ ਹੋ ਜਾਂਦਾ ਹੈ। ਇਹ ਇੱਕ ਕੁਦਰਤੀ ਪ੍ਰਕਿਰਿਆ ਹੈ। ਭਾਈ ਵੀਰ ਸਿੰਘ ਜੀ ਨੇ ਇਸ ਸਮੇਂ ਬਾਰੇ ਬਹੁਤ ਹੀ ਖੂਬਸੂਰਤ ਸਤਰਾਂ ਲਿਖੀਆਂ ਹਨ-
ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ,
ਫੜ ਫੜ ਰਹੀ ਧਰੀਕ ਸਮੇਂ ਖਿਸਕਾਈ ਕੰਨੀ,
ਕਿਵੇਂ ਨਾ ਸੱਕੀ ਰੋਕ ਅਟਕ ਜੋ ਪਾਈ ਭੰਨੀ,
ਤ੍ਰਿਖੇ ਅਪਨੇ ਵੇਗ ਗਿਆ ਟੱਪ ਬੰਨੇ ਬੰਨੀ।
ਹੋ ਅਜੇ ਸੰਭਾਲ 'ਸਮੇਂ' ਨੂੰ, 
ਕਰ ਸਫਲ ਉਡੰਦਾ ਜਾਂਵਦਾ।
ਇਹ ਠਹਿਰਨ ਜਾਚ ਨਾ ਜਾਣਦਾ,
ਲੰਘ ਗਿਆ ਨਾ ਮੁੜ ਕੇ ਆਂਵਦਾ।

ਸਚੁਮੱਚ ਬੀਤਿਆ ਵਕਤ ਕਦੇ ਵਾਪਿਸ ਨਹੀਂ ਆਉਂਦਾ। ਇਸ ਕੀਮਤੀ ਵਕਤ ਨੂੰ ਸੰਭਾਲਣ ਦੀ ਲੋੜ ਹੈ। ਲੋੜ ਹੈ ਆਪਣੇ ਅੰਦਰ ਦਾ ਲੇਖਾ ਜੋਖਾ ਕਰਨ ਦੀ। ਪੁਰਾਣੇ ਵਕਤ ਵਿੱਚ ਹੋਈਆਂ ਗਲਤੀਆਂ ਜਾਂ ਭੁੱਲਾਂ ਤੋਂ ਕੁੱਝ ਸਬਕ ਲੈਣ ਦੀ ਤੇ ਆਪਣੇ ਵਿਕਾਰਾਂ ਨੂੰ ਤਿਆਗ ਕੇ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਦੀ। ਆਪਾਂ ਸਾਰਾ ਸਾਲ ਦੂਜਿਆਂ ਦੇ ਨੁਕਸ ਕੱਢਣ ਤੇ ਹੀ ਲਾ ਦਿੰਦੇ ਹਾਂ। ਪਹਿਲਾਂ ਆਪ ਹੋਰਾਂ ਦੀਆਂ ਕਮੀਆਂ ਢੂੰਡਦੇ ਹਾਂ ਤੇ ਫਿਰ ਉਹਨਾਂ ਨੂੰ ਕਈਆਂ ਨਾਲ ਸ਼ੇਅਰ ਕਰਦੇ ਹਾਂ। ਆਓ ਇਸ ਨਵੇਂ ਸਾਲ ਤੇ ਆਪਣੇ ਮਨਾਂ ਅੰਦਰ ਝਾਤੀ ਮਾਰੀਏ। ਆਪਣੀਆਂ ਕਮਜ਼ੋਰੀਆਂ ਲੱਭ ਕੇ, ਉਹਨਾਂ ਨੂੰ ਦੂਰ ਕਰਨ ਦਾ ਯਤਨ ਕਰੀਏ।
ਸਾਥੀਓ ਆਪਣੇ ਘਰਾਂ ਵਿੱਚ ਬੜਾ ਸਮਾਨ ਵਾਧੂ ਪਿਆ ਹੁੰਦਾ ਹੈ। ਬੱਚਿਆਂ ਦੇ ਵੱਡੇ ਹੋਣ ਤੇ ਉਹਨਾਂ ਦਾ ਛੋਟੇ ਹੁੰਦਿਆਂ ਦਾ ਕਿੰਨਾ ਕੁੱਝ ਵਧੀਆ ਹਾਲਤ ਦਾ ਪਿਆ ਸਮਾਨ- ਕਿਸੇ ਲੋੜਵੰਦ ਦੀ ਲੋੜ ਪੂਰੀ ਕਰ ਸਕਦਾ ਹੈ। ਕਿਸੇ ਤਰ੍ਹਾਂ ਦੀ ਵੀ ਭਲਾਈ ਕਰਕੇ, ਆਪਾਂ ਨਵਾਂ ਸਾਲ ਮਨਾ ਸਕਦੇ ਹਾਂ। ਸਮਾਜ ਲਈ ਕੋਈ ਵੋਲੰਟੀਅਰ ਕਾਰਜ ਕਰਨ ਦੀ ਸ਼ੁਰੂਆਤ ਕਰ ਸਕਦੇ ਹਾਂ। ਕਿਸੇ ਰੁੱਸੇ ਹੋਏ ਨੂੰ ਮਨਾ ਕੇ, ਕਿਸੇ ਨੂੰ ਮਾਫ ਕਰਕੇ, ਕਿਸੇ ਤੋਂ ਮਾਫੀ ਮੰਗ ਕੇ, ਆਪਣੇ ਮਨ 'ਚੋਂ ਈਰਖਾ ਦਾ ਬੀਜ ਨਾਸ ਕਰਕੇ, ਗੁੱਸੇ ਤੇ ਕਾਬੂ ਕਰਕੇ, ਕੋਈ ਭੈੜੀ ਵਾਦੀ ਤਿਆਗ ਕੇ- ਵੀ ਨਵੇਂ ਸਾਲ ਦਾ ਸੁਆਗਤ ਕਰ ਸਕਦੇ ਹਾਂ। ਪਰ ਇਹ ਸਭ ਕੁੱਝ ਇੱਕ ਦਿਨ ਲਈ ਨਹੀਂ, ਪੂਰੇ ਸਾਲ ਲਈ ਕਰਨਾ ਪਵੇਗਾ।
ਕਹਿੰਦੇ ਹਨ ਕਿ ਕਿਸੇ ਦਾ ਬੁਰਾ ਸੋਚਣਾ ਵੀ ਉੱਨਾ ਹੀ ਮਾੜਾ ਹੈ- ਜਿੰਨਾ ਬੁਰਾ ਕਰਨਾ। ਬੁਰਾ ਸੋਚਣ ਨਾਲ, ਜੋ ਨੈਗੇਟਿਵ ਅਨਰਜੀ ਭਾਵ ਵਿਚਾਰਾਂ ਦੀਆਂ ਤਰੰਗਾਂ, ਅਸੀਂ ਦੂਜਿਆਂ ਨੂੰ ਭੇਜਦੇ ਹਾਂ ਉਹੀ ਸਾਨੂੰ ਉਸ ਪਾਸਿਓਂ ਮਿਲਦੀਆਂ ਹਨ। ਇਸ ਦਾ ਮਤਲਬ ਹੋਇਆ ਕਿ ਸਾਡੇ ਭੈੜੇ ਵਿਚਾਰ ਕੁਦਰਤੀ ਤੌਰ ਤੇ ਘੁੰਮ ਕੇ ਸਾਡੇ ਕੋਲ ਹੀ ਆ ਰਹੇ ਹਨ, ਤੇ ਉਹ ਸਾਡਾ ਹੀ ਨੁਕਸਾਨ ਕਰ ਰਹੇ ਹਨ। ਸੋ ਕਿਉਂ ਨਾ ਆਪਾਂ ਪੌਜ਼ਿਟਿਵ ਅਨਰਜੀ ਹੀ ਦੂਜਿਆਂ ਨੂੰ ਭੇਜੀਏ। ਇਸੇ ਕਰਕੇ ਸਿਆਣੇ ਕਹਿੰਦੇ ਹਨ ਕਿ ਨਫਰਤ ਨੂੰ ਨਫਰਤ ਨਾਲ ਨਹੀਂ ਪਿਆਰ ਨਾਲ ਜਿੱਤਿਆ ਜਾ ਸਕਦਾ ਹੈ। ਚਲੋ- ਇਸ ਸਾਲ ਤੋਂ ਇਹ ਇੱਕ ਨਵਾਂ ਤਜਰਬਾ ਕਰੀਏ। ਆਪਣੇ ਵਿਰੋਧੀਆਂ ਨੂੰ ਜਾਂ ਕਹਿ ਲਵੋ ਕਿ ਈਰਖਾ ਕਰਨ ਵਾਲਿਆਂ ਨੂੰ ਵੀ ਪੌਜ਼ਿਟਿਵ ਵਾਈਬਰੇਸ਼ਨ ਭੇਜੀਏ। ਤੁਸੀਂ ਹੈਰਾਨ ਹੋਵੋਗੇ ਕਿ ਅਜੇਹਾ ਕਰਨ ਨਾਲ ਉਹ ਕੁੱਝ ਸਮੇਂ ਵਿੱਚ ਹੀ ਤੁਹਾਡੇ ਦੋਸਤ ਬਣ ਜਾਣਗੇ। ਇਹ ਤਜਰਬਾ ਆਪਾਂ ਆਪਣੇ ਘਰ ਪਰਿਵਾਰਾਂ ਵਿੱਚ ਵੀ ਕਰ ਸਕਦੇ ਹਾਂ। ਸਾਡੀ 'ਈਗੋ' ਕਾਰਨ ਪਰਿਵਾਰ ਟੁੱਟ ਰਹੇ ਹਨ। ਤਲਾਕ ਦਰ ਹਰ ਸਾਲ ਵਧਦੀ ਹੀ ਜਾਂਦੀ ਹੈ। ਪਰਿਵਾਰ ਦਾ ਹਰ ਮੈਂਬਰ ਦੂਜੇ ਤੋਂ, ਪਿਆਰ ਸਤਿਕਾਰ ਦੀ ਆਸ ਰੱਖਦਾ ਹੈ। ਜਦ ਉਹ ਪੂਰੀ ਨਹੀਂ ਹੁੰਦੀ ਤਾਂ ਝੁੰਜਲਾ ਉੱਠਦਾ ਹੈ ਤੇ ਗੁੱਸੇ ਵਿੱਚ ਆ ਕੇ, ਆਪਣਾ ਜਾਂ ਪਰਿਵਾਰ ਦਾ ਕੋਈ ਨੁਕਸਾਨ ਕਰ ਬੈਠਦਾ ਹੈ। ਕਈ ਅਜੇਹੇ ਹਾਲਾਤਾਂ ਵਿੱਚ ਨਸ਼ਿਆਂ ਦਾ ਸਹਾਰਾ ਲੈ ਲੈਂਦੇ ਹਨ, ਕੁੱਝ ਡਿਪਰੈਸ਼ਨ ਵਿੱਚ ਚਲੇ ਜਾਂਦੇ ਹਨ ਤੇ ਕੁੱਝ ਪਰਿਵਾਰ ਤੋਂ ਵੱਖ ਹੋ ਜਾਂਦੇ ਹਨ- ਤੇ ਕੁਝ ਤਾਂ ਆਤਮ ਹੱਤਿਆ ਤੱਕ ਵੀ ਪਹੁੰਚ ਜਾਂਦੇ ਹਨ। ਹੁਣ ਜੇ ਆਪਾਂ ਇਸ ਸਾਲ ਤੋਂ ਹੀ ਇਹ ਫੈਸਲਾ ਕਰ ਲਈਏ ਕਿ- ਅਸੀਂ ਸਭ ਨੂੰ ਪਿਆਰ ਤੇ ਸਤਿਕਾਰ ਦੇਣਾ ਹੀ ਹੈ ਬਦਲੇ ਵਿੱਚ ਉਸ ਤੋਂ ਕੋਈ ਆਸ ਨਹੀਂ ਰੱਖਣੀ। ਉਹ ਸਾਨੂੰ ਪਿਆਰ ਕਰੇ ਜਾਂ ਨਾਂ- ਇਹ ਉਸ ਦੀ ਮਰਜ਼ੀ। ਤਾਂ ਘਰ ਦਾ ਮਹੌਲ ਹੀ ਬਦਲ ਜਾਏਗਾ। ਰਿਸ਼ਤਿਆਂ ਵਿੱਚ ਇੱਕ ਅਨੋਖਾ ਆਪਣਾਪਨ ਆਉਣਾ ਸ਼ੁਰੂ ਹੋ ਜਾਏਗਾ। ਦੂਸਰਾ ਬੰਦਾ- ਚਾਹੇ ਉਹ ਤੁਹਾਡਾ ਮਾਂ-ਬਾਪ ਹੈ, ਸੱਸ ਸਹੁਰਾ ਹੈ, ਜੀਵਨ ਸਾਥੀ ਹੈ ਜਾਂ ਬੱਚਾ ਹੈ- ਉਸ ਦਾ ਤੁਹਾਡੇ ਪ੍ਰਤੀ ਵਤੀਰਾ ਖੁਦ-ਬਖੁਦ ਬਦਲ ਜਾਏਗਾ। 
ਇਸ ਸਬੰਧੀ ਇੱਕ ਘਟਨਾ ਮੈਂਨੂੰ ਯਾਦ ਆਈ। ਇੱਕ ਆਯੁਰਵੈਦ ਡਾਕਟਰ ਦੀ ਲਾਡਾਂ ਨਾਲ ਪਾਲ਼ੀ, ਤੇ ਹੋਸਟਲ ਵਿੱਚ ਰਹਿ ਕੇ ਪੜ੍ਹੀ ਧੀ, ਇੱਕ ਵਿਧਵਾ ਮਾਂ ਦੇ ਇੱਕਲੌਤੇ ਪੁੱਤਰ ਨਾਲ ਵਿਆਹੀ ਗਈ। ਰਿਸ਼ਤਿਆਂ ਤੋਂ ਅਨਜਾਣ ਉਸ ਬੱਚੀ ਦਾ ਪਹਿਲੇ ਸਾਲ ਹੀ, ਆਪਣੀ ਸੱਸ ਨਾਲ ਤਕਰਾਰ ਸ਼ੁਰੂ ਹੋ ਗਿਆ। ਛੇ ਕੁ ਮਹੀਨੇ ਬਾਅਦ ਉਸ ਆਪਣੇ ਬਾਪ ਨੂੰ ਆ ਕੇ ਕਿਹਾ ਕਿ- 'ਉਸ ਘਰ ਵਿੱਚ ਜਾਂ ਮੈਂ ਰਹਾਂਗੀ ਜਾਂ ਮੇਰੀ ਸੱਸ'। ਮਾਂ-ਬਾਪ ਦੇ ਸਮਝਾਉਣ ਤੇ ਵੀ ਉਹ ਨਾ ਮੰਨੀ ਤੇ ਕਹਿਣ ਲੱਗੀ-'ਜਾਂ ਮੈਂਨੂੰ ਜ਼ਹਿਰ ਦੇ ਦਿਓ ਜਾਂ ਮੇਰੀ ਸੱਸ ਨੂੰ.. ਕਿਉਂਕਿ ਮੇਰੇ ਹਸਬੈਂਡ ਵੀ ਆਪਣੀ ਮਾਂ ਦੀ ਹੀ ਸੁਣਦੇ ਹਨ'। ਬਾਪ ਸੋਚੀਂ  ਪੈ ਗਿਆ। ਆਖਿਰ ਉਸ ਨੂੰ ਇੱਕ ਤਰਕੀਬ ਸੁਝੀ। ਉਸ ਆਪਣੀ ਧੀ ਨੂੰ ਇੱਕ ਦਵਾਈ ਦੀ ਸ਼ੀਸ਼ੀ ਦਿੰਦਿਆਂ ਕਿਹਾ- 'ਬੇਟਾ ਇਸ ਵਿੱਚ ਤੇਰੀ ਸੱਸ ਲਈ ਜ਼ਹਿਰ ਹੈ। ਇਸ ਦੀ ਰੋਜ਼ ਇੱਕ ਚੂੰਢੀ ਉਸ ਦੇ ਭੋਜਨ ਵਿੱਚ ਪਾ ਦਿਆ ਕਰੀਂ- ਪਰ ਇਹ ਭਿਣਕ ਕਿਸੇ ਨੂੰ ਨਾ ਲੱਗੇ। ਇਸ ਤਰ੍ਹਾਂ ਛੇ ਕੁ ਮਹੀਨੇ ਵਿੱਚ ਇਹ ਹੌਲੀ ਹੌਲੀ ਅਸਰ ਕਰੇਗੀ ਤੇ ਤੇਰੀ ਸੱਸ ਆਪੇ ਹੀ ਮਰ ਜਾਏਗੀ'.. 'ਪਰ ਇੱਕ ਸ਼ਰਤ ਹੈ ਨਾਲ'। 'ਉਹ ਕਿਹੜੀ?' ਉਸ ਖੁਸ਼ ਹੁੰਦਿਆਂ ਪੁੱਛਿਆ। 'ਜਿੰਨਾ ਚਿਰ ਇਹ ਜ਼ਹਿਰੀਲੀ ਦਵਾਈ ਦੇਣੀ ਹੈ, ਉੱਨਾ ਚਿਰ ਤੂੰ ਉਸ ਦੀ ਖੂਬ ਸੇਵਾ ਕਰਨੀ ਹੈ..ਪਿਆਰ ਨਾਲ ਬੋਲਣਾ ਹੈ..ਤੇ ਉਸ ਦੀ ਕਿਸੇ ਗੱਲ ਦਾ ਗੁੱਸਾ ਨਹੀਂ ਕਰਨਾ- ਤਾਂ ਕਿ ਉਸ ਦੀ ਮੌਤ ਤੇ ਕਿਸੇ ਨੂੰ ਵੀ ਤੇਰੇ ਤੇ ਸ਼ੱਕ ਨਾ ਹੋਵੇ। 'ਤੁਸੀਂ ਫਿਕਰ ਨਾ ਕਰੋ ਡੈਡੀ' ਕਹਿ, ਉਹ ਖੁਸ਼ੀ ਖੁਸ਼ੀ ਸਹੁਰੇ ਘਰ ਚਲੀ ਗਈ। ਹੁਣ ਉਹ ਦਿਨੇ ਰਾਤ ਸੱਸ ਦੀ ਸੇਵਾ ਕਰਦੀ..ਮਿੱਠਾ ਬੋਲਦੀ..ਪਰ ਨਾਲ ਹੀ ਉਹ ਦਵਾਈ ਵੀ ਦੇਈ ਜਾਂਦੀ। ਉਸ ਦਾ ਵਤੀਰਾ ਦੇਖ, ਸੱਸ ਵੀ ਉਸ ਨੂੰ ਪਿਆਰ ਕਰਨ ਲੱਗੀ। ਪਤੀ ਜੋ ਚੱਕੀ ਦੇ ਦੋ ਪੁੜਾਂ ਵਿਚਾਲੇ ਪਿਸ ਰਿਹਾ ਸੀ..ਉਸ ਨੇ ਵੀ ਸੁੱਖ ਦਾ ਸਾਹ ਲਿਆ। ਸਾਰੇ ਘਰ ਦਾ ਮਹੌਲ ਹੀ ਬਦਲ ਗਿਆ। ਤਿੰਨ ਕੁ ਮਹੀਨੇ ਵਿੱਚ ਹੀ ਉਸ ਲੜਕੀ ਦੀ ਆਤਮਾ ਨੇ ਉਸ ਨੂੰ ਲਾਹਣਤਾਂ ਪਾਈਆਂ ਕਿ- 'ਇੰਨੀ ਪਿਆਰੀ ਸੱਸ ਦਾ ਤੂੰ ਬੁਰਾ ਸੋਚ ਰਹੀ ਏਂ?' ਤੇ ਉਸ ਦਵਾਈ ਪਾਉਣੀ ਛੱਡ ਦਿੱਤੀ। ਪੇਕੇ ਜਾ ਆਪਣੇ ਬਾਪ ਦੇ ਗਲ਼ ਲੱਗ ਰੋ ਕੇ ਕਹਿਣ ਲੱਗੀ- 'ਡੈਡੀ ਮੇਰੇ ਮੱਮੀ ਬਹੁਤ ਚੰਗੇ ਨੇ..ਮੈਂਨੂੰ ਪਿਆਰ ਕਰਦੇ ਨੇ..ਮੈਂ ਉਹਨਾਂ ਨੂੰ ਗੁਆਉਣਾ ਨਹੀਂ ਚਾਹੁੰਦੀ। ਪਲੀਜ਼ ਕੋਈ ਐਸੀ ਦਵਾਈ ਦਿਓ ਕਿ- ਜਿੰਨੀ ਜ਼ਹਿਰ ਉਹਨਾਂ ਦੇ ਅੰਦਰ ਚਲੀ ਗਈ- ਉਸ ਦਾ ਅਸਰ ਨਾ ਹੋਵੇ'। ਬਾਪ ਨੇ ਘੁੱਟ ਕੇ ਬੇਟੀ ਨੂੰ ਸੀਨੇ ਨਾਲ ਲਾਇਆ ਤੇ ਕਿਹਾ-'ਪੁੱਤਰ ਮੈਂ ਜ਼ਹਿਰ ਨਹੀਂ..ਚੂਰਨ ਦਿੱਤਾ ਸੀ..ਪਰ ਤੈਂਨੂੰ ਸਮਝਾਉਣ ਲਈ ਹੀ ਜ਼ਹਿਰ ਕਿਹਾ ਸੀ'। ਇਹ ਅਸਰ ਹੈ ਪਿਆਰ ਦੇ ਹਥਿਆਰ ਦਾ!
ਆਓ ਇਸ ਸਾਲ ਦੀ ਸ਼ੁਰੂਆਤ ਇਸ ਪਿਆਰ ਦੇ ਹਥਿਆਰ ਨਾਲ ਕਰੀਏ। ਇੱਕ ਦੂਜੇ ਦੀ ਸੁੱਖ ਮੰਗੀਏ..ਭਲਾ ਮੰਗੀਏ- ਤਾਂ ਸਾਡਾ ਭਲਾ ਉਸ ਸਰਬੱਤ ਦੇ ਭਲੇ ਵਿੱਚ ਆਪੇ ਹੀ ਆ ਜਾਣਾ ਹੈ। ਅੱਜਕਲ ਅਸੀਂ ਲੋਕ ਬਹੁਤ ਸੁਆਰਥੀ ਹੋ ਗਏ ਹਾਂ। ਅਸੀਂ ਸੋਚਦੇ ਹਾਂ ਕਿ ਅਸੀਂ ਸੁਖੀ ਹੋਈਏ ਗੁਆਂਢੀ ਨਹੀਂ। ਅਸੀਂ ਆਪਣੇ ਦੁੱਖਾਂ ਤੋਂ ਇੰਨੇ ਦੁਖੀ ਨਹੀਂ ਹਾਂ ਬਲਕਿ ਦੂਜਿਆਂ ਦੇ ਸੁੱਖ ਦੇਖ ਦੇਖ ਕੇ ਦੁਖੀ ਹਾਂ। 'ਹਾਏ ਉਹਨੇ ਕਿੰਨਾ ਵੱਡਾ ਘਰ ਲੈ ਲਿਆ.. ਉਹਦੇ ਬੱਚੇ ਕਿੰਨੇ ਲਾਇਕ ਹਨ..ਉਹਦਾ ਤਾਂ ਕਾਰੋਬਾਰ ਹੀ ਬੜਾ ਚਲਦਾ ਹੈ..ਉਹ ਤਾਂ ਹੁਣ ਏਥੇ ਆਇਆ- ਪਰ ਉਹਦੀ ਪਛਾਣ ਹੀ ਬੜੀ ਬਣ ਗਈ ਇਸ ਸ਼ਹਿਰ 'ਚ..ਜਾਂ ਫਲਾਨਾ ਤਾਂ ਚਾਰ ਕੁ ਕਿਤਾਬਾਂ ਛਪਾ ਕੇ, ਆਪਣੇ ਆਪ ਨੂੰ ਮਹਾਨ ਲੇਖਕ ਸਮਝਣ ਲੱਗ ਪਿਆ..ਆਦਿ'- ਇਹ ਸਭ ਸਾਡੇ ਅੰਦਰ ਈਰਖਾ ਸਾੜੇ ਦੀਆਂ ਹੀ ਤਾਂ ਨਿਸ਼ਾਨੀਆਂ ਹਨ- ਜੋ ਸਾਨੂੰ ਅੰਦਰੋਂ ਸਾੜ ਕੇ ਸੁਆਹ ਕਰ ਰਹੀਆਂ ਹਨ। ਤਾਂ ਹੀ ਤਾਂ ਪਰਿਵਾਰ ਦੇ ਮੈਂਬਰ ਇੱਕ ਦੂਜੇ ਨੂੰ ਟੁੱਟ ਕੇ ਪੈਂਦੇ ਹਨ-'ਮੈਨੂੰ ਬੁਲਾਓ ਨਾ ਮੇਰਾ ਮੂਡ ਪਹਿਲਾਂ ਹੀ ਬੜਾ ਖਰਾਬ ਹੈ'!
ਸਾਥੀਓ, ਸਾਡੇ ਗੁਰੂ ਸਾਹਿਬਾਂ ਨੇ ਸਾਨੂੰ 'ਸਰਬੱਤ ਦਾ ਭਲਾ' ਮੰਗਣ ਦੀ ਜੀਵਨ ਜਾਚ ਸਿਖਾਈ ਹੈ- ਪਤਾ ਨਹੀਂ ਕਿਉਂ ਅਸੀਂ ਗੁਰੂ ਘਰਾਂ 'ਚ ਜਾ ਕੇ, ਕੇਵਲ ਆਪਣੀਆਂ ਮੰਗਾਂ ਦੀ ਲਿਸਟ ਹੀ ਗੁਰੁ ਨੂੰ ਸੌਂਪ ਕੇ, ਤੇ ਲੰਗਰ ਛਕ ਕੇ ਆ ਜਾਂਦੇ ਹਾਂ। ਆਓ ਇਸ ਨਵੇਂ ਸਾਲ ਦੇ ਸ਼ੁਭ ਦਿਹਾੜੇ ਤੇ- ਜਿੱਥੇ ਆਪਾਂ ਵਟਸਐਪ ਜਾਂ ਫੇਸ ਬੁੱਕ ਤੇ 'ਹੈਪੀ ਨਿਊ ਯੀਅਰ' ਦੇ ਢੇਰ ਸਾਰੇ ਸੁਨੇਹੇ ਅਦਾਨ-ਪ੍ਰਦਾਨ ਕਰਨੇ ਹਨ- ਉਥੇ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ, ਆਪੋ ਆਪਣੇ ਇਸ਼ਟ ਅੱਗੇ ਇਹ ਅਰਦਾਸ ਵੀ ਕਰੀਏ ਕਿ- ਕੁੱਲ ਸੰਸਾਰ ਲਈ 'ਸੁੱਖ ਦਾ ਚੜ੍ਹੇ ਨਵਾਂ ਸਾਲ'!