ਨਿਸਚੈ ਕਰ ਅਪਨੀ ਜੀਤ ਕਰੋਂ (ਲੇਖ )

ਗੁਰਸ਼ਰਨ ਸਿੰਘ ਕੁਮਾਰ   

Email: gursharan1183@yahoo.in
Cell: +91 94631 89432
Address: 1183, ਫੇਜ਼-10
ਮੁਹਾਲੀ India
ਗੁਰਸ਼ਰਨ ਸਿੰਘ ਕੁਮਾਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


prednisolone pharmacy

prednisolone london
ਜੇ ਅਸੀਂ ਆਸ਼ਾਵਾਦ ਅਤੇ ਚੜ੍ਹਦੀ ਕਲਾ ਦੀ ਜਿਉਂਦੀ ਜਾਗਦੀ ਮਿਸਾਲ ਦੇਖਣੀ ਹੈ ਤਾਂ ਸਾਨੂੰ ਸਿੱਖ ਕੌਮ ਦੇ ਅਸੂਲਾਂ, ਕੁਰਬਾਨੀਆਂ, ਕੰਮਾਂ-ਕਾਰਾਂ ਅਤੇ ਪ੍ਰਾਪਤੀਆਂ ਵਲ ਝਾਤੀ ਮਾਰਨੀ ਪਵੇਗੀ। ਫਿਰ ਸਾਨੂੰ ਆਪਣੇ ਆਪ ਪਤਾ ਲਗ ਜਾਵੇਗਾ ਕਿ ਆਸ਼ਾਵਾਦ ਕੀ ਹੁੰਦਾ ਹੇ? ਸਿੱਖ ਸਦਾ ਆਸ਼ਾਵਾਦੀ ਰਹਿੰਦੇ ਹਨ ਇਸ ਲਈ ਉਹ ਹਮੇਸ਼ਾਂ ਚੜ੍ਹਦੀ ਕਲਾ ਵਿਚ ਰਹਿੰਦੇ ਹਨ। ਸਿੱਖਾਂ ਦੀ ਅਬਾਦੀ ਇਸ ਸਮੇਂ ਦੁਨੀਆਂ ਭਰ ਵਿਚ ਮੁੱਠੀ ਭਰ ਹੀ ਹੈ ਪਰ ਉਹ ਸਾਰੇ ਸੰਸਾਰ ਵਿਚ ਆਪਣੇ ਆਸ਼ਾਵਾਦੀ ਦ੍ਰਿਸ਼ਟੀਕੋਣ ਦੇ ਕਾਰਨ ਹੀ ਨਿੱਤ ਨਵੀਆਂ ਬੁਲੰਦੀਆਂ ਨੂੰ ਛੂਹ ਰਹੇ ਹਨ।}
ਗੁਰੂ ਨਾਨਕ ਸਾਹਿਬ ਜੀ ਨੇ ਪੰਦਰਵੀਂ ਸਦੀ ਵਿਚ ਭਾਰਤ ਵਿਚ ਸਿੱਖੀ ਦਾ ਬੂਟਾ ਲਾਇਆ। ਗੁਰੁ ਅੰਗਦ ਦੇਵ ਜੀ ਤੋਂ ਲੈ ਕੇ ਗੁਰੂ ਤੇਗ਼ ਬਹਾਦਰ ਜੀ ਭਾਵ ਅਗਲੇ ਅੱਠ ਗੁਰੁ ਸਾਹਿਬ ਨੇ ਇਸ ਨੂੰ ਸਿੰਜਿਆ ਅਤੇ ਜੋਬਨ ਤੱਕ ਪਹੁੰਚਾਇਆ। ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜ ਕੇ ਧਰਮੀ ਸਿੱਖਾਂ ਤੋਂ ਸੰਤ ਸਿਪਾਹੀ ਬਣਾਏ ਅਤੇ ਸਿੱਖੀ ਨੂੰ ਇਕ ਨਿਆਰਾ ਰੂਪ ਦਿੱਤਾ। ਇਸ ਸਮੇਂ ਮੁਗਲ ਹਕੂਮਤ ਦੇ ਗ਼ਰੀਬ ਪਰਜਾ 'ਤੇ ਬਹੁਤ ਜ਼ੁਲਮ ਹੋ ਰਹੇ ਸਨ। ਲੋਕ ਉੱਚੀ ਅਵਾਜ਼ ਵਿਚ ਗੱਲ ਵੀ ਨਹੀਂ ਸਨ ਕਰ ਸਕਦੇ। ਆਮ ਪਰਜਾ ਘੋੜੇ ਦੀ ਸਵਾਰੀ ਅਤੇ ਸ਼ਸਤਰ ਧਾਰਨ ਦੀ ਜ਼ੁੱਰਤ ਵੀ ਨਹੀਂ ਸੀ ਕਰ ਸਕਦੀ। ਇਸ ਨੂੰ ਹਕੂਮਤ ਲਈ ਵੰਗਾਰ ਸਮਝਿਆ ਜਾਂਦਾ ਸੀ। ਧਰਮੀ ਲੋਕ ਵੀ ਹਕੂਮਤ ਦੇ ਜ਼ੁਲਮ ਦਾ ਸ਼ਿਕਾਰ ਸਨ। ਇਸੇ ਕਾਰਨ ਗੁਰੂ ਅਰਜਨ ਦੇਵ ਜੀ, ਗੁਰੂ ਤੇਗ਼ ਬਹਾਦਰ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲੇ ਨੂੰ ਤਸੀਹੇ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਉਨ੍ਹਾਂ ਦੀਆਂ ਇਨ੍ਹਾਂ ਕੁਰਬਾਨੀਆਂ ਨੂੰ ਮੁੱਖ ਰੱਖ ਕੇ ਹੀ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਨੇ ਜ਼ੁਲਮ ਦੇ ਖ਼ਿਲਾਫ਼ ਅਵਾਜ਼ ਉਠਾਉਣ ਲਈ ਖ਼ਾਲਸਾ ਪੰਥ ਦੀ ਨੀਂਹ ਰੱਖੀ। ਗੁਰੂ ਗੋਬਿੰਦ ਸਿੰਘ ਜੀ ਨੇ ਦੱਬੇ ਕੁਚਲੇ ਲੋਕਾਂ ਦੀ ਬਾਂਹ ਫੜੀ। ਉਨ੍ਹਾਂ ਨੂੰ ਘੋੜ-ਸਵਾਰੀ ਕਰਨ ਅਤੇ ਸ਼ਸਤਰਧਾਰੀ ਹੋ ਕੇ ਜ਼ੁਲਮ ਦਾ ਡੱਟ ਕੇ ਮੁਕਾਬਲਾ ਕਰਨ ਲਈ ਪਰੇਰਿਆ। ਫਿਰ ਕੀ ਸੀ, ਇਨ੍ਹਾਂ ਲਿਤਾੜੇ ਹੋਏ ਅਤੇ ਨੀਵੀਂਆਂ ਜਾਤੀਆਂ ਵਿਚ ਇਕ ਆਸ਼ਾ ਦੀ ਕਿਰਨ ਪੈਦਾ ਹੋਈ। ਅਨੰਦਪੁਰ ਸਾਹਿਬ ਵਿਚ ਘੋੜ ਸਵਾਰੀ ਅਤੇ ਸ਼ਸਤਰਾਂ ਦੇ ਆਪਸੀ ਮੁਕਾਬਲੇ ਹੋਣ ਲੱਗੇ। ਜਦ ਨਗਾਰੇ 'ਤੇ ਚੋਟ ਪੈਂਦੀ ਤਾਂ ਇਹ ਸਿੱਧੀ ਹਕੂਮਤ ਦੀ ਛਾਤੀ ਵਿਚ ਵੱਜਦੀ। ਹਕੂਮਤ ਇਸ ਵੰਗਾਰ ਨਾਲ ਬਿਲਬਿਲਾ ਉੱਠਦੀ। ਹਕੂਮਤ ਸਿੱਖਾਂ ਦੀ ਵੈਰੀ ਬਣ ਗਈ ਅਤੇ ਸਿੱਖ ਕੌਮ ਨੂੰ ਜ਼ੁਲਮ ਅਤੇ ਜ਼ਬਰ ਨਾਲ ਖ਼ਤਮ ਕਰਨ ਤੇ ਤੁਲ ਗਈ। ਉੱਧਰ ਗੁਰੂ ਗੋਬਿੰਦ ਸਿੰਘ ਜੀ ਨੇ ਗੱਜ ਕੇ ਕਿਹਾ:
ਸਵਾ ਲਾਖ ਸੇ ਏਕ ਲੜਾਊਂ।
ਤਬੈ ਗੋਬਿੰਦ ਸਿੰਘ ਨਾਮ ਕਹਾਉਂ॥  ਚੌਪਈ-੫੯

੧੬੯੯ ਈਸਵੀ ਦੀ ਵਿਸਾਖੀ ਵਾਲੇ ਦਿਨ ਗੁਰੁ ਗੋਬਿੰਦ ਸਿੰਘ ਜੀ ਨੇ ਵਿਸ਼ੇਸ਼ ਸੁਨੇਹੇ ਭੇਜ ਕੇ ਅਨੰਦਪੁਰ ਸਾਹਿਬ ਵਿਚ ਇਕ ਵੱਡਾ ਇਕੱਠ ਕੀਤਾ। ਉਸ ਦਿਨ ਗੁਰੂ ਗੋਬਿੰਦ ਸਿੰਘ ਜੀ ਦੇ ਚਿਹਰੇ ਤੇ ਇਕ ਵਿਸ਼ੇਸ਼ ਜਲਾਲ ਸੀ। ਉਨ੍ਹਾਂ ਨੇ ਸਟੇਜ 'ਤੇ ਖੜ੍ਹੇ ਹੋ ਕੇ ਨੰਗੀ ਤਲਵਾਰ ਲਹਿਰਾਉਂਦਿਆਂ ਹੋਇਆਂ ਅਵਾਜ਼ ਦਿੱਤੀ ਕਿ ਅੱਜ ਗੁਰੂ ਨੂੰ ਇਕ ਸਿਰ ਦੀ ਲੋੜ ਹੈ। ਹੈ ਕੋਈ ਐਸਾ ਸਿੱਖ ਜੋ ਗੁਰੂ ਨੂੰ ਆਪਣਾ ਸੀਸ ਭੇਟ ਕਰੇ? ਸੰਗਤ ਵਿਚ ਸਨਾਟਾ ਛਾ ਗਿਆ। ਸਭ ਤੋਂ ਪਹਿਲਾਂ ਭਾਈ ਦਇਆ ਰਾਮ ਹਾਜ਼ਰ ਹੋਇਆ ਅਤੇ ਆਪਣਾ ਸੀਸ ਭੇਟ ਕੀਤਾ। ਇਸ ਤੋਂ ਬਾਅਦ ਗੁਰੂ ਜੀ ਦੀ ਵੰਗਾਰ ਨਾਲ ਹੋਰ ਚਾਰ ਸਿੱਖਾਂ ਨੇ ਵਾਰੀ-ਵਾਰੀ ਆਪਣੇ ਸੀਸ ਭੇਟ ਕੀਤੇ। ਗੁਰੂ ਜੀ ਨੇ ਇਨ੍ਹਾਂ ਪੰਜਾਂ ਸਿੱਖਾਂ ਨੂੰ ਪੰਜ ਪਿਆਰਿਆਂ ਦਾ ਨਾਮ ਦਿੱਤਾ ਅਤੇ ਉਨ੍ਹਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਖਾਲਸਾ ਕੌਮ ਦੀ ਨੀਂਹ ਰੱਖੀ। ਫਿਰ ਉਹ ਪੰਜਾਂ ਪਿਆਰਿਆਂ ਤੋਂ ਆਪ ਅੰਮ੍ਰਿਤ ਛਕ ਕੇ ਸਿੰਘ ਸਜੇ ਅਤੇ ਬਦਲੇ ਵਿਚ ਆਪਣਾ ਸਾਰਾ ਪਰਿਵਾਰ ਵਾਰਨ ਦੀ ਪੇਸ਼ਕੱਸ਼ ਕੀਤੀ। ਆਪ ਜੀ ਨੇ ਸਿੱਖਾਂ ਲਈ ਕੇਸ, ਕੰਘਾ, ਕੜਾ, ਕਿਰਪਾਨ ਅਤੇ ਕਛਹਿਰਾ ਧਾਰਨ ਕਰਨਾ ਜ਼ਰੂਰੀ ਕਰ ਦਿੱਤਾ। ਕੇਸਾਂ ਦੇ ਨਾਲ-ਨਾਲ ਸਿੱਖਾਂ ਨੂੰ ਪਗੜੀ ਧਾਰਨ ਦੀ ਵੀ ਹਦਾਇਤ ਕੀਤੀ (ਬੇਸ਼ੱਕ ਇਹ ਰੀਤ ਗੁਰੂ ਨਾਨਕ ਦੇਵ ਜੀ ਤੋਂ ਹੀ ਚਲੀ ਆਉਂਦੀ ਸੀ)। ਪੱਗ ਸਿੱਖਾਂ ਦੇ ਸਿਰ ਦਾ ਤਾਜ਼ ਹੈ। ਪਗੜੀ ਕਾਰਨ ਹੀ ਸਿੱਖਾਂ ਨੂੰ ਸਰਦਾਰ ਕਿਹਾ ਜਾਂਦਾ ਹੈ, ਜਿਸ ਦਾ ਭਾਵ ਹੈ ਕਬੀਲੇ ਦਾ ਮੁੱਖੀਆ। ਇਹ ਸਰਦਾਰੀ ਸਾਨੂੰ ਗੁਰੂ ਸਾਹਿਬ ਨੇ ਵਿਰਸੇ ਵਿਚ ਦਿੱਤੀ ਹੈ। ਹਾਲੀ ਵੀ ਕਈ ਲੋਕ ਪਗੜੀਧਾਰੀ ਸਿੱਖਾਂ ਨੂੰ ਦੇਖ ਕੇ ਸਤਿਕਾਰ ਵਜੋਂ ਆਪਣਾ ਸਿਰ ਝੁਕਾ ਲੈਂਦੇ ਹਨ। ਇਸ ਸਰਦਾਰੀ ਨੂੰ ਕਾਇਮ ਰੱਖਣ ਲਈ ਸਿੱਖ ਆਪਣੀ ਜਾਨ ਤੱਕ ਵੀ ਕੁਰਬਾਨ ਕਰ ਦਿੰਦੇ ਹਨ। ਲੱਖਾਂ ਦੀ ਭੀੜ ਵਿਚ ਜੇ ਇਕ ਵੀ ਸਿੱਖ ਖੜਾ ਹੋਏ ਤਾਂ ਉਹ ਆਪਣੀ ਪਗੜੀ ਕਾਰਨ ਇਵੇਂ ਪਛਾਣਿਆ ਜਾਂਦਾ ਹੈ, ਜਿਵੇਂ ਗਿੱਦੜਾਂ ਦੇ ਝੁੰਡ ਵਿਚੋਂ ਸ਼ੇਰ।
ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਹਮੇਸ਼ਾਂ ਆਸ਼ਾਵਾਦੀ ਹੋ ਕੇ ਚੜ੍ਹਦੀ ਕਲਾ ਵਿਚ ਰਹਿਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਨੇ ਸਿੱਖਾਂ ਨੂੰ ਜ਼ਾਬਰ ਹਕੂਮਤ ਦੇ ਸਾਹਮਣੇ ਡਟਣ ਦੇ ਯੋਗ ਬਣਾਇਆ। ਗੁਰੂ ਸਾਹਿਬ ਭਗਤੀ ਅਤੇ ਸ਼ਕਤੀ ਦੇ ਉਪਾਸ਼ਕ ਸਨ। ਉਨ੍ਹਾਂ ਨੇ ਗੱਜ ਕੇ ਕਿਹਾ
ਦੇਹ ਸ਼ਿਵਾ ਬਰ ਮੋਹਿ ਇਹੈ ਸ਼ੁਭ ਕਰਮਨ ਤੇ ਕਬਹੂੰ ਨ ਟਰੋਂ।
ਨਾ ਡਰੋਂ ਅਰਿ ਸੋ ਜਬ ਜਾਇ ਲਰੋ ਨਿਸਚੈ ਕਰ ਅਪਨੀ ਜੀਤ ਕਰੋਂ॥  ਸਵਈਏ---੨੩੧

ਗੁਰੂ ਸਾਹਿਬ ਨੇ ਫੋਕੇ ਜੈਕਾਰੇ ਜਾਂ ਨਾਅਰੇ ਹੀ ਨਹੀਂ ਦਿੱਤੇ, ਸਗੋਂ ਇਨ੍ਹਾਂ ਨੂੰ ਪਰਤੱਖ ਕਰ ਕੇ ਵੀ ਦਿਖਾਇਆ। ਚਮਕੌਰ ਸਾਹਿਬ ਦੀ ਲੜਾਈ ਦੁਨੀਆਂ ਭਰ ਦੇ ਇਤਿਹਾਸ ਵਿਚ ਸਭ ਤੋਂ ਅਸਾਵੀਂ ਜੰਗ ਮੰਨੀ ਜਾਂਦੀ ਹੈ, ਜਿੱਥੇ ਕੇਵਲ ਚਾਲੀ ਸਿੱਖਾਂ ਨੇ ਆਪਣੀ ਜਾਨ ਹੂਲ ਕੇ ਦਸ ਲੱਖ ਦੀ ਮੁਗਲ ਫ਼ੌਜ ਦਾ ਮੁਕਾਬਲਾ ਕੀਤਾ। ਇਕ ਵੀ ਸਿੱਖ ਨੇ ਹਾਰ ਨਹੀਂ ਮੰਨੀ। ਦੁਸ਼ਮਣ ਦੀ ਦਸ ਲੱਖ ਦੀ ਫ਼ੌਜ ਗੁਰੂ ਸਾਹਿਬ ਜਾਂ ਕਿਸੇ ਵੀ ਸਿੱਖ ਨੂੰ ਜਿੰਦਾ ਫੜਨ ਵਿਚ ਕਾਮਯਾਬ ਨਹੀਂ ਹੋਈੇ। ਗੁਰੂ ਜੀ ਨੇ ਤਲਵਾਰ ਕਿਸੇ 'ਤੇ ਜ਼ੁਲਮ ਕਰਨ ਲਈ ਜਾਂ ਕਿਸੇ ਦੀ ਜ਼ਮੀਨ ਜਾਇਦਾਦ ਤੇ ਕਬਜ਼ਾ ਕਰਨ ਲਈ ਨਹੀਂ ਚੁੱਕੀ, ਸਗੋਂ ਉਨ੍ਹਾਂ ਨੇ ਤਲਵਾਰ ਗ਼ਰੀਬ ਗੁਰਬੇ ਦੀ ਰੱਖਿਆ ਕਰਨ ਲਈ ਉਠਾਈ। ਆਮ ਤੋਰ ਤੇ ਹਰ ਲੜਾਈ ਜ਼ਰ, ਜ਼ੋਰੂ ਅਤੇ ਜ਼ਮੀਨ ਲਈ ਲੜੀ ਜਾਂਦੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਜ਼ਿੰਦਗੀ ਵਿਚ ਅਨੇਕਾਂ ਲੜਾਈਆਂ ਲੜੀਆਂ। ਉਹ ਹਰ ਯੁੱਧ ਵਿਚ ਕਾਮਯਾਬ ਹੋ ਕੇ ਨਿੱਤਰੇ। ਉਨ੍ਹਾਂ ਨੇ ਕੋਈ ਵੀ ਲੜਾਈ ਜ਼ਰ, ਜ਼ੋਰੂ ਅਤੇ ਜ਼ਮੀਨ ਲਈ ਨਹੀਂ ਲੜੀ।
ਕਹਿੰਦੇ ਹਨ ਜੇ ਰੋਂਦੇ ਜਾਵੋਗੇ ਤਾਂ ਮਰਿਆਂ ਹੋਇਆਂ ਦੀ ਖ਼ਬਰ ਹੀ ਲਿਆਵੋਗੇ। ਪਰ ਸਿੱਖ ਐਸਾ ਨਹੀਂ ਕਰਦੇ। ਉਹ ਹਮੇਸ਼ਾਂ ਚੜ੍ਹਦੀ ਕਲਾ ਵਿਚ ਹੀ ਰਹਿੰਦੇ ਹਨ। ਉਨ੍ਹਾਂ ਦਾ ਹਰ ਕੰਮ ਜਿੱਤ ਦੇ ਅਹਿਸਾਸ ਨਾਲ ਹੀ ਭਰਿਆ ਹੋਇਆ ਹੁੰਦਾ ਹੈ। ਇਹ ਅਹਿਸਾਸ ਹੀ ਉਨ੍ਹਾਂ ਅੰਦਰ ਇਕ ਨਵੀਂ ਸ਼ਕਤੀ ਅਤੇ ਇਕ ਨਵਾਂ ਜੋਸ਼ ਭਰ ਦਿੰਦਾ ਹੈ ਕਿਉਂਕਿ ਉਨ੍ਹਾਂ ਦੇ ਗੁਰੂ ਨੇ ਕਿਹਾ ਸੀ:
"ਨਿਸਚੈ ਕਰ ਅਪਨੀ ਜੀਤ ਕਰੋਂ"
ਸਿੱਖਾਂ ਨੂੰ ਮੌਤ ਦਾ ਡਰ ਨਹੀਂ ਹੁੰਦਾ ਕਿਉਂਕਿ ਉਨ੍ਹਾਂ ਦਾ ਜਨਮ ਹੀ ਖੰਡੇ ਦੀ ਧਾਰ ਵਿਚੋਂ ਹੋਇਆ ਹੈ। ਉਨ੍ਹਾਂ ਨੇ ਸਿਰ ਦੇ ਕੇ ਹੀ ਸਿੱਖੀ ਲਈ ਹੁੰਦੀ ਹੈ। ਸਿੱਖ ਇਕੱਲਾ ਹੀ ਲੱਖਾਂ ਨਾਲ ਭਿੜ ਜਾਂਦਾ ਹੈ। ਉਸ ਨੂੰ ਪਤਾ ਹੁੰਦਾ ਹੈ ਕਿ ਮੇਰੇ ਪਿੱਛੇ ਸਰਬ ਸ਼ਕਤੀਮਾਨ ਪ੍ਰਮਾਤਮਾ ਹੈ ਅਤੇ ਪ੍ਰਮਾਤਮਾ ਦੀ ਕਦੀ ਹਾਰ ਨਹੀਂ ਹੋ ਸਕਦੀ।ਸਿੱਖ ਕੌਮ ਦਾ ਆਧਾਰ ਅਤੇ ਮਨੋਰਥ ਉਸ ਦੇ ਜੈਕਾਰਿਆਂ ਵਿਚੋਂ ਉਭਰ ਕੇ ਸਾਹਮਣੇ ਆਉਂਦਾ ਹੈ।ਸਿੱਖਾਂ ਦੇ ਜੈਕਾਰੇ ਬੜੇ ਸੁੰਦਰ, ਢੁਕਵੇਂ, ਸਰਬੱਤ ਦੇ ਭਲੇ ਵਾਲੇ,, ਮਨੋਵਿਗਿਆਨਕ, ਆਸ਼ਾਵਾਦੀ ਅਤੇ ਜੋਸ਼ ਭਰੇ ਹੁੰਦੇ ਹਨ ਜਿਨ੍ਹਾ ਦਾ ਨਤੀਜਾ ਚੜ੍ਹਦੀ ਕਲਾ ਅਤੇ ਜਿੱਤ ਵਿਚ ਨਿਕਲਦਾ ਹੈ ਜਿਵੇਂ-" ਅੜੇ ਸੋ ਝੜੇ", "ਰਾਜ ਕਰੇਗਾ ਖਾਲਸਾ", "ਦੇਗ਼ ਤੇਗ਼ ਫ਼ਤਿਹ", ਅਤੇ "ਬੋਲੇ ਸੋ ਨਿਹਾਲ-ਸਤਿ ਸ੍ਰੀ ਅਕਾਲ" ਆਦਿ।ਇਹ ਜੈਕਾਰੇ ਹੀ ਉਨ੍ਹਾਂ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਦੇ ਹਨ। ਸਿੱਖ ਹਮੇਸ਼ਾਂ ਆਪਣੀ ਅਰਦਾਸ ਵਿਚ ਇਹ ਜੈਕਾਰੇ ਬੁਲਾਉਂਦੇ ਹਨ। ਜਦ ਸਿੱਖ ਆਪਸ ਵਿਚ ਮਿਲਦੇ ਹਨ ਜਾਂ ਵਿਛੜਦੇ ਹਨ ਤਾਂ ਵੀ ਇਹ ਹੀ ਜੈਕਾਰੇ ਬੁਲਾਏ ਜਾਂਦੇ ਹਨ। ਕੋਈ ਸ਼ੁੱਭ ਕੰਮ ਕਰਨ ਲੱਗਿਆਂ ਵੀ ਇਨ੍ਹਾ ਜੈਕਾਰਿਆਂ ਦਾ ਹੀ ਓਟ ਆਸਰਾ ਲਿਆ ਜਾਂਦਾ ਹੈ। ਜਦ ਜੰਗ ਦੇ ਮੈਦਾਨ ਵਿਚ ਇਹ ਜੈਕਾਰੇ ਗੂੰਜਦੇ ਹਨ ਤਾਂ ਜ਼ਾਲਮ ਹਕੂਮਤ ਦੇ ਤਖਤ ਡੋਲ                     ਜਾਂਦੇ ਹਨ। ਦੁਸ਼ਮਣ ਨੂੰ ਭਾਜੜਾਂ ਪੈ ਜਾਂਦੀਆਂ ਹਨ। ਉਨ੍ਹਾਂ ਦੇ ਹੌਸਲੇ ਢਹਿ-ਢੇਰੀ ਹੋ ਜਾਂਦੇ ਹਨ। ਉਹ ਆਪਣੀ ਜਾਨ ਬਚਾਉਣ ਲਈ ਮੈਦਾਨ ਛੱਡ ਕੇ ਭੱਜ ਉੱਠਦੇ ਹਨ। ਸਿੱਖ ਆਪਣੀ ਜਿੱਤ ਨਾਲ ਕਦੀ ਹੰਕਾਰ ਵਿਚ ਨਹੀਂ ਆਉਂਦੇ। ਉਹ ਸਦਾ ਨਿਮਰਤਾ ਨਾਲ ਆਪਣੀ ਜਿੱਤ ਨੂੰ ਪ੍ਰਮਾਤਮਾ ਦੀ ਜਿੱਤ ਹੀ ਮੰਨਦੇ ਹਨ। ਇਸ ਲਈ ਉਹ ਜੈਕਾਰਾ ਛੱਡਦੇ ਹਨ:
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਿਹ॥

ਗੁਰੂ ਗੋਬਿੰਦ ਸਿੰਘ ਜੀ ਤੋਂ ਪਿੱਛੋਂ ਵੀ ਸਿੱਖਾਂ ਦੀ ਸੂਰਮਗਤੀ ਦੀਆਂ ਗਾਥਾਵਾਂ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਨਾਲ ਲਿਖੀਆਂ ਹੋਈਆਂ ਹਨ। ਪੰਜਾਬ ਨੂੰ ਭਾਰਤ ਦੀ ਤਲਵਾਰ ਵਾਲੀ ਬਾਂਹ ਵੀ ਕਿਹਾ ਜਾਂਦਾ ਹੈ ਕਿਉਂਕਿ ਬਾਹਰੋਂ ਜਿਹੜੇ ਵੀ ਹਮਲਾਵਰ ਆਉਂਦੇ ਸਨ, ਪਹਿਲਾਂ ਉਨ੍ਹਾਂ ਨੂੰ ਬਹਾਦਰ ਸਿੱਖਾਂ ਦਾ ਹੀ ਸਾਹਮਣਾ ਕਰਨਾ ਪੈਂਦਾ ਸੀ। ਸਿੱਖਾਂ ਨੂੰ ਮੁਗ਼ਲਾਂ, ਅਬਦਾਲੀਆਂ, ਦੁਰਾਨੀਆਂ ਅਤੇ ਫਿਰ ਅੰਗਰੇਜ਼ਾਂ ਦੀਆਂ ਹਕੂਮਤਾਂ ਦੇ ਜ਼ੁਲਮ ਦਾ ਸਾਹਮਣਾ ਕਰਨਾ ਪਿਆ। ਸਿੱਖ ਮੌਤ ਨੂੰ ਸਾਹਮਣੇ ਦੇਖ ਕੇ ਵੀ ਆਸ਼ਾਵਾਦੀ ਰਹਿੰਦੇ ਹਨ।ਮੀਰ ਮੰਨੂ ਦੇ ਜ਼ੁਲਮਾਂ ਨਾਲ ਸਿੱਖ ਡਰੇ ਜਾਂ ਹਾਰੇ ਨਹੀਂ, ਸਗੋਂ ਉਨ੍ਹਾ ਨੇ ਮੌਤ ਨੂੰ ਟਿਚਕਰਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ:
ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ।
ਜਿਉਂ ਜਿਉਂ ਮੰਨੂ ਵੱਢਦਾ, ਅਸੀਂ ਦੂਨ ਸਵਾਏ ਹੋਏ।

ਸਿੱਖਾਂ ਨੇ ਦੇਸ਼ ਦੀ ਰੱਖਿਆ ਲਈ ਆਪਣੀਆਂ ਜਾਨਾ ਵਾਰ ਦਿੱਤੀਆਂ ਪਰ ਕਿਸੇ ਦੀ ਈਨ ਨਾ ਮੰਨੀ। ਉਨ੍ਹਾਂ ਤੇ ਬੜੀਆਂ ਯੁਗ ਗਰਦੀਆਂ ਵਾਪਰੀਆਂ ਜਿਵੇਂ ਛੋਟਾ ਘੱਲੂਕਾਰਾ, ਵੱਡਾ ਘਲੂਕਾਰਾ, ਗੁਰੂ ਕੇ ਬਾਗ ਦਾ ਮੋਰਚਾ, ਨਨਕਾਣਾ ਸਾਹਿਬ ਦਾ ਸਾਕਾ। ਫਿਰ ੧੯੪੭ ਦੀ ਵੰਡ ਦਾ ਕਤਲੇ ਆਮ, ਫਿਰ ੧੯੮੪ ਦੀ ਸਿੱਖ ਨਸਲਕੁਸ਼ੀ ਆਦਿ। ਸਿੱਖ ਇਨ੍ਹਾਂ ਸਾਰੇ ਜ਼ੁਲਮਾਂ ਵਿਚੋਂ ਹੋਰ ਵੀ ਸ਼ਕਤੀਮਾਨ ਹੋ ਕੇ ਨਿੱਤਰੇ। ਇਸ ਲਈ ਸਮੇਂ-ਸਮੇਂ ਹਕੂਮਤ ਨੇ ਸਿੱਖਾਂ 'ਤੇ ਅਨੇਕਾਂ ਜ਼ੁਲਮ ਢਾਹੇ ਅਤੇ ਸਿੱਖ ਕੌਮ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ। ਇਕ ਤਿੜ ਜੋ ਪੱਥਰ ਦਾ ਸੀਨਾ ਪਾੜ ਕੇ ਉਘਦੀ ਹੈ ਉਸ ਨੂੰ ਕੋਈ ਤੁਫ਼ਾਨ ਨਹੀਂ ਮਿਟਾ ਸਕਦਾ। ਸਿੱਖੀ ਦਾ ਤਾਂ ਜਨਮ ਹੀ ਖੰਡੇ ਦੀ ਧਾਰ ਵਿਚੋਂ ਹੋਇਆ ਸੀ, ਇਸ ਲਈ ਸਿੱਖੀ ਨੂੰ ਕੋਈ ਖ਼ਤਮ ਨਾ ਕਰ ਸਕਿਆ। ਸਿੱਖ ਕੌਮ ਨੂੰ ਦਬਾਇਆ ਜਾਂ ਮਿਟਾਇਆ ਨਹੀਂ ਜਾ ਸਕਦਾ। ਮੁਹੰਮਦ ਇਕਬਾਲ ਕੁਝ ਇਸ ਤਰ੍ਹਾਂ ਲਿਖਦਾ ਹੈ ਜੋ ਸਿੱਖਾਂ 'ਤੇ ਪੂਰਾ ਢੁਕਦਾ ਹੈ:
ਕੁਛ ਬਾਤ ਹੈ ਕਿ ਹਸਤੀ ਮਿਟਤੀ ਨਹੀਂ ਹਮਾਰੀ।
ਸਦੀਉਂ ਰਹਾ ਹੈ ਦੁਸ਼ਮਨ, ਦੌਰੇ ਜਮਾਂ ਹਮਾਰਾ॥ 

ਸਿੱਖ ਹਮੇਸ਼ਾਂ ਪ੍ਰਮਾਤਮਾ ਦੇ ਭਾਣੇ ਵਿਚ ਰਹਿੰਦੇ ਹੋਏ ਅਨੰਦ ਵਿਚ ਰਹਿੰਦੇ ਹਨ। ਉਹ ਹਰ ਖ਼ੁਸ਼ੀ (ਵਿਆਹ, ਸ਼ਾਦੀ ਅਤੇ ਜਨਮ ਦਿਨ ਆਦਿ) ਅਤੇ ਦੁੱਖ (ਮਰਨੇ-ਪਰਨੇ ਆਦਿ) 'ਤੇ ਅਨੰਦ ਸਾਹਿਬ ਦਾ ਪਾਠ ਹੀ ਪੜ੍ਹਦੇ ਹਨ।  ਅਨੰਦ ਸਾਹਿਬ ਸਿੱਖਾਂ ਨੂੰ ਨਿਰਾਸ਼ਾ ਤੋਂ ਬਚਾਉਂਦਾ ਹੈ ਅਤੇ ਆਸ਼ਾਵਾਦੀ ਬਣਾਉਂਦਾ ਹੈ। ਸਿੱਖਾਂ ਦੇ ਹਰ ਦੁੱਖ-ਸੁੱਖ ਵਿਚ ਅਰਦਾਸ ਵੀ ਇਕੋ ਹੀ ਹੁੰਦੀ ਹੈ। ਜਿੱਤ ਵੀ ਉਸ ਦੀ ਹੀ ਹੁੰਦੀ ਹੈ ਜਿਸ ਦੀ ਨੀਅਤ ਸਾਫ਼ ਹੋਵੇ। ਪ੍ਰਮਾਤਮਾ ਵੀ ਉਨ੍ਹਾਂ ਦਾ ਹੀ ਸਾਥ ਦਿੰਦਾ ਹੈ। ਇਸ ਲਈ ਕਹਿੰਦੇ ਹਨ-'ਤਾਕਤ ਕੇ ਸਾਥ ਨੇਕ ਇਰਾਦੇ ਭੀ ਰੱਖਣਾ, ਵਰਨਾ ਐਸਾ ਕਿਆ ਥਾ ਜੋ ਰਾਵਣ ਹਾਰ ਜਾਤਾ?' ਸਿੱਖ ਕੋਈ ਵੀ ਗੱਲ ਮੂੰਹੋਂ ਕਹਿੰਦੇ ਹਨ ਉਸ ਨੂੰ ਪੂਰੀ ਕਰ ਕੇ ਵੀ ਦਿਖਾਉਂਦੇ ਹਨ। ਉਨ੍ਹਾਂ ਦੀ ਕਥਨੀ ਅਤੇ ਕਰਨੀ ਇਕੋ ਹੀ ਹੁੰਦੀ ਹੈ ਇਸ ਲਈ ਸਿੱਖ ਸਭ ਦੇ ਵਿਸ਼ਵਾਸ ਤੇ ਖ਼ਰੇ ਉਤਰਦੇ ਹਨ। ਉਹ ਭਾਵੇਂ ਜੰਗ ਦੇ ਮੈਦਾਨ ਵਿਚ ਹੋਣ ਜਾਂ ਕਿਸੇ ਭਾਰੀ ਮੁਸੀਬਤ ਵਿਚੋਂ ਗੁਜ਼ਰ ਰਹੇ ਹੋਣ, ਉਹ ਹਰ ਹਾਲਤ ਵਿਚ ਆਸ਼ਾਵਾਦੀ ਰਹਿੰਦੇ ਹਨ ਅਤੇ ਕਦੀ ਵੀ ਮਾਨਵ-ਵਾਦੀ ਦ੍ਰਿਸ਼ਟੀਕੋਣ ਨਹੀਂ ਤਿਆਗਦੇ। ਜਦ ਉਹ ਆਪਣੇ ਦੁਸ਼ਮਣ ਨੂੰ ਵੀ ਸ਼ਰਨ ਦਿੰਦੇ ਹਨ ਤਾਂ ਆਪਣੇ ਕਾਤਲ ਨੂੰ ਵੀ ਬਖ਼ਸ਼ ਦਿੰਦੇ ਹਨ। ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦੇ ਅਸੂਲ ਨੂੰ ਉਹ ਪੂਰੀ ਤਰ੍ਹਾਂ ਅਪਣਾਉਂਦੇ ਹਨ। ਹਰ ਧਰਮ ਦੇ ਮੰਨਣ ਵਾਲੇ ਕੇਵਲ ਆਪਣੇ ਧਰਮ ਦੀ ਉਨਤੀ ਅਤੇ ਭਲਾ ਚਾਹੁੰਦੇ ਹਨ। ਸਿੱਖ ਇਕ ਬਹਾਦੁਰ ਕੌਮ ਹੋਣ ਦੇ ਨਾਲ ਨਾਲ ਮਾਨਵਵਾਦੀ ਦ੍ਰਿਸ਼ਟੀਕੋਣ ਰੱਖਦੇ ਹੋਏ ਸਾਰੀ ਕਾਇਨਾਤ ਦਾ ਹੀ ਭਲਾ ਮੰਗਦੇ ਹਨ। ਇਸੇ ਲਈ ਉਹ ਆਪਣੀ ਹਰ ਅਰਦਾਸ ਦੇ ਅੰਤ ਵਿਚ ਕਹਿੰਦੇ ਹਨ:

ਨਾਨਕ ਨਾਮ ਚੜ੍ਹਦੀ ਕਲਾ।
ਤੇਰੇ ਭਾਣੇ ਸਰਬੱਤ ਦਾ ਭਲਾ।

ਖ਼ਾਲਸਾ ਮਜ਼ਲੂਮਾਂ ਲਈ ਢਾਲ ਹੈ ਅਤੇ ਦੁਸ਼ਮਣ ਲਈ ਤਲਵਾਰ ਹੈ। ਸਿੱਖ ਕੌਮ ਆਪਣੀ ਬਹਾਦਰੀ, ਦਾਨਵੀਰਤਾ ਅਤੇ ਸੇਵਾ ਦੇ ਖੇਤਰ ਵਿਚ ਹੀ ਅੱਗੇ ਨਹੀਂ, ਸਗੋਂ ਵਿਦਿਆ ਅਤੇ ਲਿਆਕਤ ਦੇ ਖੇਤਰ ਵਿਚ ਵੀ ਮਾਹਿਰ ਹੈ। ਇਸੇ ਲਈ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਦੇ ਉੱਚੇ ਅਹੁਦਿਆਂ ਤੇ ਵੀ ਸਿੱਖ ਬਿਰਾਜਮਾਨ ਹਨ ਅਤੇ ਆਪਣੀ ਲਿਆਕਤ ਦੇ ਜ਼ੌਹਰ ਦਿਖਾ ਰਹੇ ਹਨ। ਇਸ ਸਮੇਂ (੨੦੧੮ ਵਿਚ) ਵੀ ਕੈਨੇਡਾ ਦੀ ਪਾਰਲੀਮੈਂਟ ਵਿਚ ਹੀ ੧੭ ਸਿੱਖ ਪਾਰਲੀਮੈਂਟ ਦੇ ਮੈਂਬਰ ਹਨ ਅਤੇ ਚਾਰ ਕੇਂਦਰੀ ਮੰਤਰੀ ਹਨ, ਜਦ ਕਿ ਭਾਰਤ ਵਿਚ ਕੇਵਲ ਦੋ ਸਿੱਖਾਂ ਨੂੰ ਹੀ ਕੇਂਦਰੀ ਮੰਤਰੀ ਮੰਡਲ ਵਿਚ ਸਥਾਨ ਦਿੱਤਾ ਗਿਆ ਹੈ। ਸਿੱਖ ਕੌਮ ਆਪਣੇ ਵਿਲੱਖਣ ਗੁਣਾ ਕਰ ਕੇ ਦੁਨੀਆਂ ਭਰ ਤੋਂ ਨਿਆਰੀ ਹੈ। ਸਿੱਖ ਆਪਣੇ ਗੁਣਾਂ ਨਾਲ ਆਪਣੀ ਵੱਖਰੀ ਪਛਾਣ ਬਣਾਉਂਦੇ ਹਨ, ਇਸ ਲਈ ਸਾਰੇ ਮਨੁੱਖਾਂ ਤੋਂ ਹੀ ਅੱਡਰੇ ਦਿਸਦੇ ਹਨ।ਸਿੱਖ ਇਸ ਸਮੇਂ ਸਾਰੀ ਦੁਨੀਆਂ ਦੇ ਅਕਾਸ਼ 'ਤੇ ਸਿਤਾਰਿਆਂ ਦੀ ਤਰ੍ਹਾਂ ਚਮਕ ਰਹੇ ਹਨ। ਉਨ੍ਹਾਂ ਦਾ ਤੇਜ਼ ਸੂਰਜ ਦੀ ਤਰ੍ਹਾਂ ਹ,ੈ ਜਿਸ ਨਾਲ ਕੋਈ ਅੱਖ ਮਿਲਾਉਣ ਦਾ ਹੌਸਲਾ ਨਹੀ ਕਰ ਸਕਦਾ।

ਜੇ ਅਸੀਂ ਭਾਰਤਵਾਸੀ ਚਾਹੁੰਦੇ ਹਾਂ ਕਿ ਸਾਡੀ ਕੌਮ ਬਹਾਦਰ ਬਣੇ, ਸਾਡੇ ਬੱਚੇ ਵੱਡੇ ਹੋ ਕੇ ਪੂਰੇ ਮਰਦ ਬਣਨ ਤਾਂ ਸਾਨੂੰ ਉਨ੍ਹਾਂ ਵਿਚੋਂ ਕਾਇਰਤਾ ਦਾ ਜ਼ਹਿਰ ਕੱਢਣਾ ਪਵੇਗਾ। ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਵੱਡੇ ਹੋ ਕੇ ਦੁਸ਼ਮਣ ਦਾ ਮੁਕਾਬਲਾ ਕਰ ਸਕਣ ਤਾਂ ਸਾਨੂੰ ਚਾਹੀਦਾ ਹੈ ਕਿ ਦੇਸ਼ ਦੇ ਹਰ ਬੱਚੇ ਨੂੰ ਚਾਰ ਸਾਹਿਬਜ਼ਾਦਿਆਂ ਦੀਆਂ ਕਹਾਣੀਆਂ ਸੁਣਾਈਆਂ ਜਾਣ ਅਤੇ ਦੇਸ਼ ਦੇ ਸਾਰੇ ਸਕੂਲਾਂ ਵਿਚ ਸਿੱਖ ਕੌਮ ਦਾ ਮਾਣਮੱਤਾ ਇਤਿਹਾਸ ਪੜ੍ਹਾਇਆ ਜਾਏ ਤਾਂ ਕਿ ਉਹ ਹਮੇਸ਼ਾਂ, "ਨਿਸਚੈ ਕਰ ਅਪਨੀ ਜੀਤ ਕਰੋਂ" ਦੇ ਆਸ਼ੇ ਨਾਲ ਹਰ ਮੁਸ਼ਕਲ ਕੰਮ ਨੂੰ ਸਫ਼ਲਤਾ ਪੂਰਵਕ ਕਰ ਸੱਕਣ।