ਗ਼ਜ਼ਲ (ਗ਼ਜ਼ਲ )

ਹਰਦੀਪ ਬਿਰਦੀ   

Email: deepbirdi@yahoo.com
Cell: +91 90416 00900
Address:
Ludhiana India 141003
ਹਰਦੀਪ ਬਿਰਦੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਗਲੇ ਲਗਕੇ ਗਿਲ੍ਹੇ ਸਾਰੇ ਮਿਟਾਵਣ ਦਾ ਇਰਾਦਾ ਹੈ।
ਸਭੇ ਰੋਸੇ ਜੜਾਂ ਤੋਂ ਹੀ ਮੁਕਾਵਣ ਦਾ ਇਰਾਦਾ ਹੈ।

ਕਲੀ ਨੂੰ ਡਰ ਕਿਸੇ ਵੀ ਖਾਰ ਦਾ ਨਾ ਜਿਸ ਜਗ੍ਹਾ ਹੋਵੇ
ਮੇਰਾ ਏਹੋ ਜਿਹਾ ਗੁਲਸ਼ਨ ਬਨਾਵਣ ਦਾ ਇਰਾਦਾ ਹੈ।

ਜਲਾ ਰਾਵਣ ਕਹੇ ਦੁਨੀਆਂ ਬੁਰਾਈ ਨੂੰ ਹਰਾ ਦਿੱਤਾ
ਮੇਰਾ ਮਨ ਦੀ ਬੁਰਾਈ ਨੂੰ ਹਰਾਵਣ ਦਾ ਇਰਾਦਾ ਹੈ।

ਉਹ ਸੁਪਨੇ ਜੋ ਰਹੇ ਤਾਬੀਰ ਤੋਂ ਵਾਂਝੇ ਉਨ੍ਹਾਂ ਨੂੰ ਮੁੜ
ਤੇਰੇ ਨੈਣਾਂ ਦੀ ਸਰਦਲ ਤੇ ਸਜਾਵਣ ਦਾ ਇਰਾਦਾ ਹੈ।

ਤੇਰੀ ਖ਼ਾਤਿਰ ਕਈ ਵਾਰੀ ਮੈਂ ਜਿੱਤਕੇ ਹਾਰ ਜਾਂਦਾ ਸਾਂ
ਸਜਾਕੇ ਖੇਲ ਫਿਰ ਤੈਨੂੰ ਜਿਤਾਵਣ ਦਾ ਇਰਾਦਾ ਹੈ।

ਹਵਾ ਦੂਸ਼ਿਤ ਨਾ ਪਾਣੀ ਪੀਣ ਦੇ ਕਾਬਿਲ ਰਿਹਾ ਜਗ ਤੇ
ਜੋ ਬਚਦਾ ਹੈ ਕਰੇ ਕੋਸ਼ਿਸ ਬਚਾਵਣ ਦਾ ਇਰਾਦਾ ਹੈ।

ਜੋ ਤਾਕਤ ਦੇ ਨਸ਼ੇ ਅੰਦਰ ਰਹੇ ਉਡਦਾ ਹਮੇਸ਼ਾ ਹੀ
ਕਿ ਅੱਥਰੇ ਨੂੰ ਜਮੀਂ ਉੱਪਰ ਗਿਰਾਵਣ ਦਾ ਇਰਾਦਾ ਹੈ।

ਮੈਂ ਤੇਰੀ ਯਾਦ ਵਿੱਚ ਰੋਣਾ ਜਾਂ ਮੈਥੋਂ ਜੀਅ ਨਹੀਂ ਹੋਣਾ
ਤੇਰੇ ਦਿਲ ਚੋੰ ਭੁਲੇਖਾ ਇਹ ਮੁਕਾਵਣ ਦਾ ਇਰਾਦਾ ਹੈ।

ਬਚੇਗਾ ਕੀ ਮੇਰੇ ਅੰਦਰ ਮੈਂ ਵੇਖਾਂ ਤਾਂ ਸਹੀ ਕੇਰਾਂ
ਤੈਨੂੰ ਖੁਦ ਚੋੰ ਰਕਮ ਵਾਂਗੂੰ ਘਟਾਵਣ ਦਾ ਇਰਾਦਾ ਹੈ।