ਖੋਖਲਾਪਣ (ਮਿੰਨੀ ਕਹਾਣੀ)

ਵਿਵੇਕ    

Email: vivekkot13@gmail.com
Address: ਕੋਟ ਈਸੇ ਖਾਂ
ਮੋਗਾ India
ਵਿਵੇਕ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਰਮੇਸ਼ ਅਜੇ ਘਰ ਵੜਿਆ ਹੀ ਸੀ ਕਿ ਉਸ ਦਾ ਦਸ ਕੁ ਸਾਲਾ ਬੱਚਾ ਚਿੰਟੂ ਭੱਜ ਕੇ ਉਸ ਦੀਆਂ ਲੱਤਾ ਨਾਲ ਚਿੰਬੜ ਗਿਆ।

             ਆ ਪੁੱਤਰਾ, ਕਹਿ ਰਮੇਸ਼ ਨੇ ਉਸ ਨੂੰ ਗੋਦੀ ਚੁੱਕ ਲਿਆ।

  'ਪਾਪਾ ਪਾਪਾ ਮੈਂ ਕੈਨੇਡਾ ਜਾਵਾਂਗਾ। ਇਹ ਕਹਿੰਦੇ ਹੋਏ ਚਿੰਟੂ ਦੀਆਂ ਅੱਖਾਂ ਵਿੱਚ ਚਮਕ ਸੀ।

       'ਅੱਛਾ ਤੂੰ ਕੈਨੇਡਾ ਜਾਵੇਗਾ।,ਤੈਨੂੰ ਕਿਸਨੇ ਕਹਿ ਦਿੱਤੀ ਇਹ ਗੱਲ,ਰਮੇਸ਼ ਨੇ ਝੂਠੀ ਮੂਠੀ ਹੈਰਾਨ ਹੁੰਦੇ ਹੋਏ ਪਿਆਰ ਨਾਲ ਚਿੰਟੂ ਨੂੰ ਘੁੱਟ ਲਿਆ।

        'ਪਾਪਾ, ਮੇਰਾ ਦੋਸਤ ਗੁਰਪ੍ਰਤਾਪ ਕਹਿੰਦਾ ਸੀ ਜ਼ਦੋ ਆਪਾ ਵੱਡੇ ਹੋ ਜਾਵਾਂਗੇ ਤਾਂ ਕੈਨੇਡਾ ਜਾਵਾਂਗੇ।ਉੱਥੇ ਉਸ ਦੇ ਦਾਦਾ ਦਾਦੀ ਤੇ ਤਾਇਆ ਜੀ ਰਹਿੰਦੇ ਨੇ,ਉਹ ਜ਼ਦੋ ਜਾਵੇਗਾ ਮੈਨੂੰ ਆਪਣੇ ਨਾਲ ਲੈ ਕੇ ਜਾਵੇਗਾ।ਉਹ ਇਹ ਵੀ ਕਹਿੰਦਾ ਸੀ ਕਿ ਏਥੇ ਕਿਸੇ ਨੇ ਨਈ ਰਹਿਣਾ। ਸਭ ਨੇ ਬਾਹਰਲੇ ਦੇਸ਼ਾ ਚ' ਚਲੇ ਜਾਣਾ ਹੈ।

        'ਕਿਉਂ ਨੀ ਰਹਿਣਾ ਏਥੇ ਕਿਸੇ ਨੇ,ਰਮੇਸ਼ ਚੁੰਹਦਾ ਸੀ ਬੱਚਾ ਕੁੱਝ ਹੋਰ ਦੱਸੇ।

'ਪਾਪਾ ,ਗੁਰਪ੍ਰਤਾਪ ਕਹਿੰਦਾ ਸੀ ਕਿ ਏਥੇ ਆਪਾ ਨੂੰ ਕੋਈ ਕੰਮ ਨਹੀ ਮਿਲਣਾ।ਪੜਾਈ ਤੋਂ ਬਾਦ ਜਦੋਂ ਆਪਾ ਵੱਡੇ ਹੋ ਗਏ ਆਪਾ ਵੀ ਬਾਹਰ ਜਾ ਕੇ ਹੀ ਕੰਮ ਕਰਾਂਗੇ।ਇਸ ਲਈ ਪਾਪਾ ਆਪਾ ਨੂੰ ਕੈਨੇਡਾ ਹੀ ਜਾਣਾ ਪੈਣਾ।ਆਪਣੀ ਗੱਲ ਦੱਸਦੇ ਹੋਏ ਬੱਚੇ ਦੇ ਮੂੰਹ ਤੇ ਵੱਡਿਆ ਵਰਗੀ ਸਿਆਣਪ ਜਿਹੀ ਆ ਗਈ ਸੀ।

    'ਨਹੀ ਯਾਰ, ਰਮੇਸ਼ ਨੇ ਚਿੰਟੂ ਨੂੰ ਗੋਦ ਵਿੱਚੋਂ ਉਤਾਰ ਦਿੱਤਾ।ਇਹ ਆਪਣਾ ਦੇਸ਼ ਹੈ ਆਪਾ ਇੱਥੇ ਹੀ ਰਹਾਂਗੇ ਕੰਮ ਕਰਾਂਗੇ।ਰਮੇਸ਼ ਨੇ ਇਹ ਗੱਲ ਕਹਿ ਤਾਂ ਦਿੱਤੀ ਸੀ ਪਰ ਲੋਕਾਂ ਦੀ ਬਾਹਰ ਜਾਣ ਦੀ ਹੋੜ ਨੌਜੁਆਨਾਂ ਦੀ ਬੇਰੋਜ਼ਗਾਰੀ ਬਾਰੇ ਸੋਚਦਿਆਂ ਉਸਨੂੰ ਆਪਣੀ ਹੀ ਗੱਲ ਖੋਖਲੀ ਜਿਹੀ ਜਾਪੀ।