ਮੰਗਤੇ (ਮਿੰਨੀ ਕਹਾਣੀ)

ਜਸਕਰਨ ਲੰਡੇ   

Cell: +91 94176 17337
Address: ਪਿੰਡ ਤੇ ਡਾਕ -- ਲੰਡੇ
ਮੋਗਾ India 142049
ਜਸਕਰਨ ਲੰਡੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਅਸੀਂ ਆਪਣੀ ਰਿਸ਼ਤੇਦਾਰੀ ਵਿੱਚ ਵਿਆਹ ਗਏ ।ਅਸੀਂ ਵਿਆਹ ਵਾਲੇ ਘਰ ਵੇਹੜੇ ਵਿਚ ਕੁਰਸੀਆਂ ਤੇ ਬੈਠੇ ਧੁੱਪ ਸੇਕ ਰਹੇ ਸੀ। ਸਾਡੇ ਕੋਲ ਤਿੰਨ ਚਾਰ ਔਰਤਾਂ ਆਈਆ ਤੇ ਵਧਾਈਆਂ  ਦੇ ਗੀਤ ਗਾ ਕੇ ਸਾਡੇ ਤੋਂ ਵਧਾਈਆਂ  ਮੰਗਣ ਲੱਗੀਆ। ਮੈਂ ਆਪਣੇ ਸਾਂਢੂ ਵੱਲ ਇਸ਼ਾਰਾ ਕਰ ਦਿੱਤਾ ਤੇ ਕਿਹਾ,"ਇਹਤੋਂ ਲੋਵੋ ਇਹ ਹੁਣੇ ਸਰਪੰਚ ਬਣਿਆ ਹੈ।"
ਸਰਪੰਚ ਸਾਂਢੂ ਨੇ ਉਨ੍ਹਾਂ ਨੂੰ ਸੋ ਰੂਪਏ ਫੜਾਏ ਤੇ ਕਹਿਣ ਲੱਗਾ, "ਜਾਓ ਭਾਈ।"
ਕੋਲ ਬੈਠਾ ਸਾਡਾ ਸਾਲਾ ਸਾਹਿਬ  ਮੇਰੇ ਵੱਲ ਇਸ਼ਾਰਾ ਕਰਕੇ ਕਹਿਣ ਲੱਗਾ," ਇਹ ਵੀ ਵਿਆਹ ਵਾਲੇ ਮੁੰਡੇ ਦਾ ਫੁੱਫੜ ਐ ਇਹਤੋਂ ਵੀ ਲਵੋ।"
ਸਾਂਢੂ ਕਹਿਣ ਲੱਗਾ," ਇਹ ਤਾਂ ਵੱਡਾ ਮੰਗਤਾ ਐ।"
ਮੈਂ ਕੁਝ ਕਹਿੰਦਾ ਪਹਿਲਾਂ ਹੀ ਸਾਲਾ ਸਾਹਿਬ ਕਹਿਣ ਲੱਗਾ, "ਵੀਰ ਐਨੀ ਬੇਇਜ਼ਤੀ ਨਾ ਕਰ ਇਹ ਕਿਵੇ ਮੰਗਤਾ ਹੋਇਆ  ? ਸੁੱਖ ਨਾਲ ਪੰਦਰਾਂ ਕਿੱਲਿਆ ਦਾ ਮਾਲਕ ਐ ਸਾਡਾ ਜੀਜਾ।"
ਸਰਪੰਚ ਸਾਂਢੂ ਕਹਿਣ ਲੱਗਾ, "ਵੀਰ ਇਹਨਾਂ ਦਾ ਤਾਂ ਪੱਤਰਕਾਰੀ ਮਹਿਕਮਾ ਹੀ ਮੰਗਤਿਆ ਦਾ ਐ ,ਮੇਰੇ ਸਰਪੰਚ ਬਨਣ ਤੇ ਸਭ ਤੋਂ ਵੱਧ ਪੈਸੇ ਇਹਦੇ ਮਹਿਕਮੇ ਨੇ ਲਏ। ਇਨ੍ਹਾਂ ਤੋਂ ਤਾਂ  ਛੋਟੇ ਗਰੀਬ ਲੀਡਰ ਇਸ ਲਈ ਡਰਦੇ ਐ ਵਈ ਸਪਲੀਮੈਂਟ ਨਾ ਮੰਗ ਲੈਣ ਤੇ ਵੱਡੇ  ਲੀਡਰ ਇਸ ਕਰਕੇ ਡਰਦੇ ਪਤਾ ਨਹੀਂ ਕਿਹੜਾ ਸਵਾਲ ਪੁੱਛਣਗੇ ਤੇ ਅਗਲੇ ਦਿਨ ਕਿਵੇ ਛਾਪਣਗੇ।"