ਬਾਲ ਪੁਸਤਕ ‘ਟਾਹਲੀ ਬੋਲੀ` ਦਾ ਲੋਕ ਅਰਪਣ (ਖ਼ਬਰਸਾਰ)


ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖੁੱਲ੍ਹੇ ਮੈਦਾਨ ਵਿਚ ਚੱਲ ਰਹੇ ਵਿਸ਼ਾਲ ਪੁਸਤਕ ਮੇਲੇ ਦੌਰਾਨ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਡਾ. ਦਰਸ਼ਨ ਸਿੰਘ ‘ਆਸ਼ਟ` ਦੀ ਬਾਲ ਕਹਾਣੀਆਂ ਦੀ ਪੁਸਤਕ ‘ਟਾਹਲੀ ਬੋਲੀ` ਦੇ ਦੂਜੇ ਐਡੀਸ਼ਨ ਦਾ ਲੋਕ ਅਰਪਣ ਕੀਤਾ ਗਿਆ। ਤਰਲੋਚਨ ਪਬਲਿਸ਼ਰਜ਼ ਚੰਡੀਗੜ੍ਹ ਵੱਲੋਂ ਛਾਪੀ ਇਸ ਪੁਸਤਕ ਬਾਰੇ ਡਾ. ‘ਆਸ਼ਟ` ਨੇ ਕਿਹਾ ਕਿ ਪੁਸਤਕ ‘ਟਾਹਲੀ ਬੋਲੀ` ਦੀਆਂ ਕਹਾਣੀਆਂ ਮਨੁੱਖ ਨਾਲੋਂ ਰੁੱਸਦੀ ਜਾ ਰਹੀ ਪ੍ਰਕ੍ਰਿਤੀ ਦੀ ਗੱਲ ਕਰਦੀਆਂ ਹਨ ਅਤੇ ਮਨੁੱਖ ਨੂੰ ਸੁਚੇਤ ਕਰਦੀਆਂ ਹਨ ਕਿ ਜੇਕਰ ਕੁਦਰਤੀ ਵਸੀਲਿਆਂ ਦੀ ਬਰਬਾਦੀ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਮਨੁੱਖੀ ਜ਼ਿੰਦਗੀ ਬਚਾਉਣੀ ਔਖੀ ਹੋ ਜਾਵੇਗੀ। ਪਬਲੀਕੇਸ਼ਨ ਬਿਊਰੋ ਦੇ ਪ੍ਰੋਫੈਸਰ ਇੰਚਾਰਜ ਡਾ. ਸਰਬਜਿੰਦਰ ਸਿੰਘ ਨੇ ਇਸ ਪੁਸਤਕ ਨੂੰ ਪੰਜਾਬੀ ਬਾਲਾਂ ਦੇ ਹੱਥਾਂ ਤੱਕ ਪੁੱਜਣ ਲਈ ਇਕ ਸਾਰਥਿਕ ਉਪਰਾਲੇ ਵਜੋਂ ਤੁਲਨਾ ਦਿੱਤੀ।ਇਸ ਪੁਸਤਕ ਦੇ ਪ੍ਰਕਾਸ਼ਕ ਤਰਲੋਚਨ ਪਬਲਿਸ਼ਰਜ਼ ਚੰਡੀਗੜ੍ਹ ਦੇ ਮਾਲਕ ਸ. ਤਰਲੋਚਨ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਦੀ ਖੁਸ਼ੀ ਅਤੇ ਤਸੱਲੀ ਹੈ ਕਿ ਉਹਨਾਂ ਵੱਲੋਂ ਡਾ. ਆਸ਼ਟ ਦੀ ਛਾਪੀ ਇਹ ਬਾਲ ਪੁਸਤਕ ਕੇਵਲ ਤਿੰਨ ਮਹੀਨਿਆਂ ਦੇ ਅਰਸੇ ਵਿਚ ਹੱਥੋ ਹੱਥੀ ਵਿਕ ਗਈ ਸੀ। ਪਹਿਲਾ ਐਡੀਸ਼ਨ ਖ਼ਤਮ ਹੋਣ ਤੇ ਅੱਜ ਪੁਸਤਕ ਮੇਲੇ ਵਿਚ ਦੂਜੇ ਐਡੀਸ਼ਨ ਦਾ ਲੋਕਅਰਪਣ ਹੋਣ ਨਾਲ ਉਸ ਦੀ ਪ੍ਰਕਾਸ਼ਨ ਸੰਸਥਾ ਅਤੇ ਮਾਤ ਭਾਸ਼ਾ ਪੰਜਾਬੀ ਦਾ ਸਿਰ ਹੋਰ ਉਚਾ ਹੋਇਆ ਹੈ।ਇਸ ਸੰਖੇਪ ਪਰੰਤੂ ਪ੍ਰਭਾਵਸ਼ਾਲੀ ਸਮਾਗਮ ਦੀ ਵਿਸ਼ੇਸ਼ਤਾ ਇਹ ਰਹੀ ਕਿ ਇਸ ਪੁਸਤਕ ਨੂੰ ਲੋਕ ਅਰਪਣ ਕਰਨ ਦੀ ਰਸਮ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ. ਰਾਜਵੰਤ ਕੌਰ ਪੰਜਾਬੀ,ਗੀਤਕਾਰ ਬਚਨ ਬੇਦਿਲ, ਮਹਿੰਦਰ ਸਿੰਘ ਸਿਬੀਆ,ਪੁਸਤਕ ਵਿਕਰੇਤਾ ਐਸ.ਐਲ.ਮਦਾਨ,ਗੁਰਿੰਦਰ ਸਿੰਘ ਆਦਿ ਤੋਂ ਇਲਾਵਾ ਖ਼ੁਦ ਬੱਚੇ ਵੀ ਹਾਜ਼ਰ ਸਨ।