ਨਕਲ ਦੀ ਪਕੜ (ਮਿੰਨੀ ਕਹਾਣੀ)

ਸਾਧੂ ਰਾਮ ਲੰਗਿਆਣਾ (ਡਾ.)   

Email: dr.srlangiana@gmail.com
Address: ਪਿੰਡ ਲੰਗੇਆਣਾ
ਮੋਗਾ India
ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਦਸਵੀਂ ਅਤੇ ਬਾਰਵੀਂ ਜਮਾਤ ਦੇ ਪੰਜਾਬੀ ਵਿਸ਼ੇ ਨਾਲ ਸੰਬੰਧਤ ਪੱਕੇ ਪੇਪਰ ਚੱਲ ਰਹੇ ਸਨ ਤਾਂ ਡਿਊਟੀ 'ਤੇ ਤਾਇਨਾਤ ਸੁਪਰਡੈਂਟ (ਦਸਵੀਂ ਜਮਾਤ) ਨੇ ਆਪਣੇ ਉੱਚ ਅਧਿਕਾਰੀ ਨੂੰ ਫੋਨ ਕਰਦਿਆਂ ਕਿਹਾ...ਜਨਾਬ ਜੀ...ਜਨਾਬ ਜੀ...ਮੇਰੀ ਗੱਲ ਜ਼ਰਾ ਗੌਰ ਨਾਲ ਸੁਣਿਓਂ ਕਿ ਮੇਰੇ ਹਲਕੇ ਅਧੀਨ ਸਕੂਲ ਅੰਦਰ ਦਸਵੀਂ ਦਾ ਪੇਪਰ ਹੱਲ ਕਰਨ ਲਈ ਵੱਡੀ ਪੱਧਰ 'ਤੇ ਨਕਲ ਚੱਲ ਰਹੀ ਐ, ਜਦ ਮੈਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਵਿਦਿਆਰਥੀ ਕਿਸੇ ਰਾਜਸੀ ਲੀਡਰ ਦਾ ਡਰਾਵਾ ਦੇ ਰਹੇ ਹਨ। ਅੱਜ ਤਾਂ ਅਜੇ ਪਹਿਲਾ ਪੇਪਰ ਹੀ ਐ ਜੀ..ਇਹ ਤਾਂ...!
   ਓ ਭਾਈ ਭਲਿਆ ਮਾਣਸਾ ਤੂੰ ਐਨੀ ਟੈਨਸ਼ਨ ਨਾ ਲੈ...ਦਸਵੀਂ ਪਾਸ ਵਿਅਕਤੀ ਤਾਂ ਸਿਰਫ ਤੇ ਸਿਰਫ ਆਪਣੇ ਪਾਸ ਸਰਟੀਫਿਕੇਟ ਦੇ ਸਹਾਰੇ ਨਾਲ ਡਰਾਈਵਿੰਗ ਲਾਇਸੰਸ ਬਣਾਉਣ ਜੋਗਾ ਹੀ ਰਹਿ ਗਿਆ ਐ...।
     (ਸੁਪਰਡੈਂਟ ਬਾਰਵੀਂ ਜਮਾਤ) ਜਨਾਬ ਜੀ..ਜਨਾਬ ਜੀ..ਅੱਜ ਬਾਰਵੀਂ ਦੇ ਪੇਪਰ 'ਚ ਇੱਕ ਲੜਕਾ ਪੌਕੇਟ ਲੈ ਕੇ ਪਹੁੰਚਿਆ ਗਿਆ ਐ, ਜਿਸਨੂੰ ਮੈਂ ਕਾਬੂ ਕਰ ਲਿਆ ਏ...ਅੱਗੇ ਦੱਸੋ ਨਕਲ ਕੇਸ ਦਰਜ ਕਰ ਦੇਵਾਂ ਜੀ...।
 "ਸੁਪਰਡੈਂਟ ਸਾਹਿਬ ਜੀ ਇਸ ਵਿਦਿਆਰਥੀ ਦੀ ਸਰੀਰਕ ਬਣਤਰ ਕਿਹੋ ਜਿਹੀ ਐ...?"
     ਜਨਾਬ ਕੱਦ ਪੱਖੋਂ ਮਧਰਾ ਹੈ, ਇੱਕ ਅੱਖੋਂ ਟੀਰਾ...। ਆਰਥਿਕ ਪੱਖੋਂ ਵੀ ਡਾਵਾਂਡੋਲ ਜਿਹਾ ਲੱਗਦੈ ਜੀ...।
ਓ..ਭਾਈ ਸੁਪਰਡੈਂਟ ਸਾਹਿਬ, ਤੂੰ ਸੋਚ ਕੇ ਦੇਖ ਕਿ ਅੱਜ ਸਾਡੇ ਮੁਲਕ ਦਾ ਢਾਂਚਾ ਵੱਡੀ ਪੱਧਰ 'ਤੇ ਹਿੱਲ ਚੁੱਕਾ ਐ, ਵਿਦੇਸ਼ਾਂ ਦੀ ਦੌੜ ਲਈ ਦਿਨੋ-ਦਿਨ ਅਰਬਾਂ-ਖਰਬਾਂ ਰੁਪਇਆ ਸਾਡੇ ਤੋਂ ਖੁੱਸਦਾ ਜਾ ਰਿਹਾ ਹੈ। ਸਾਡੇ ਦੇਸ਼ 'ਚ ਜਵਾਕ ਬਾਰਵੀਂ ਤੋਂ ਅੱਗੇ ਉੱਚ ਯੋਗਤਾ ਹਾਸਿਲ ਕਰਨਾ ਹੀ ਨਹੀਂ ਚਾਹੁੰਦੇ। ਕਾਲਜ/ਯੂਨੀਵਰਸਿਟੀਆਂ ਵਿਹਲੇ ਹੁੰਦੇ ਜਾ ਰਹੇ ਹਨ। ਸਾਡੇ ਹਾਕਮ ਕੁੰਭਕਰਨੀ ਸੌਂ ਰਹੇ ਹਨ। ਹਜ਼ਾਰਾਂ ਨੌਜਵਾਨ ਹੱਥਾਂ 'ਚ ਡਿਗਰੀਆਂ ਚੁੱਕੀ ਬੇਰੁਜ਼ਗਾਰ ਧੱਕੇ ਖਾਂਦੇ ਫਿਰਦੇ ਨੇ...ਤੇ ਜੋ ਬਾਰਵੀਂ ਪਾਸ ਐ..ਉਹ ਸਿਰਫ ਤੇ ਸਿਰਫ ਫੌਜ ਦੀ ਭਰਤੀ ਦੇਖਣ ਤੱਕ ਸੀਮਤ ਰਹਿ ਗਿਆ ਐ...। ਤੇ ਜਿਹੜਾ ਤੁਸੀਂ ਕਾਬੂ ਕਰੀ ਬੈਠੇ ਓ...ਉਹ ਤਾਂ ਵਿਚਾਰਾ ਫੌਜ ਦੇ ਵੀ ਅਣਫਿੱਟ ਹੈ। ਮੇਰੀ ਤੁਹਾਨੂੰ ਸਲਾਹ ਹੈ ਕਿ  ਸੁਪਰਡੈਂਟ ਸਾਹਿਬ ਤੁਸੀਂ ਇੱਕ ਵਾਰ ਇਸਨੂੰ ਚਿਤਾਵਨੀ ਦੇ ਕੇ ਨਿਮਰਤਾ ਦੇ ਪਾਤਰ ਬਣਨ ਦੀ ਕੋਸ਼ਿਸ਼ ਕਰੋ..।