ਬਾਰਾਂ ਵੱਜ ਜਾਂਦੇ ਨੇ (ਕਵਿਤਾ)

ਅਮਰਦੀਪ ਕੌਰ   

Email: kauramardip@gmail.com
Address: 8-A , New Rajguru Nagar
Ludhiana India
ਅਮਰਦੀਪ ਕੌਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜਦ ਕਿਸੇ ਧੀ ਭੈਣ ਤੇ ਭੀੜ ਕਦੀ ਬਣ ਆਉਂਦੀ ਹੈ
ਜਦ ਸ੍ਰਿਸ਼ਟੀ ਕਦੇ ਆਪਣਾ ਪ੍ਰਕੋਪ ਦਿਖਾਉਂਦੀ ਹੈ
ਜਦ ਜੰਗਾਂ ਦੇ ਨਾਮ ਤੇ ਲਹੂ ਵਹਾਇਆ ਜਾਂਦਾ ਹੈ
ਜਦ ਕਿਸੇ ਗ਼ਰੀਬ ਗੁਰਬੇ ਨੂੰ ਸਤਾਇਆ ਜਾਂਦਾ ਹੈ
ਤਾਂ ਇਹ ਮਦਦ ਲਈ ਸਭ ਤੋਂ ਪਹਿਲਾਂ ਭੱਜੇ ਆਂਦੇ ਨੇ
ਹਾਂ ਬਈ ਇਹਨਾਂ ਸਿੱਖਾਂ ਦੇ ਉਦੋਂ ਬਾਰਾਂ ਜੋ ਵੱਜ ਜਾਂਦੇ ਨੇ

ਜਦ ਸੜਕਾਂ ਤੇ ਵੇਚ ਕੇ ਪਾਣੀ ਲੋਕੀਂ ਪੈਸਾ ਕਮਾਉਂਦੇ ਨੇ
ਇਹ ਉਹਨਾਂ ਦਿਨਾਂ ਚਂ ਖੜ ਕੇ ਧੁੱਪੇ ਛਬੀਲਾਂ ਲਾਉਂਦੇ ਨੇ
ਮਹਾਂਮਾਰੀ ਤੇ ਭੁੱਖਮਰੀ ਚਂ ਜਿੱਥੇ ਲੋਕੀਂ ਜਾਣੋਂ ਵੀ ਘਬਰਾਂਦੇ ਨੇ
ਉੱਥੇ ਵੀ ਇਹ ਪਹੁੰਚ ਜਾਂਦੇ ਤੇ ਖੁੱਲੇ ਲੰਗਰ ਲਾਉਂਦੇ ਨੇ
ਵੇਖ ਮੁਸੀਬਤ ਚਂ ਕਿਸੇ ਨੂੰ ਇਹ ਟਿਕ ਕੇ ਨਾ ਬਹਿ ਪਾਂਦੇ ਨੇ
ਹਾਂ ਬਈ ਇਹਨਾਂ ਸਿੱਖਾਂ ਦੇ ਉਦੋਂ ਬਾਰਾਂ ਜੋ ਵੱਜ ਜਾਂਦੇ ਨੇ

ਜਿਸ ਪੱਗ ਨਾਲ ਢੱਕ ਕੇ ਕਿਸੇ ਦੀ ਇੱਜ਼ਤ ਘਰ ਲੈ ਆਂਦੇ ਸੀ
ਜਿਸ ਪੱਗ ਨੂੰ ਵੇਖ ਕੇ ਜ਼ਾਲਮਾਂ ਦੇ ਹੋਸ਼ ਹਵਾਸ ਉੱਡ ਜਾਂਦੇ ਸੀ
ਉਸੇ ਪੱਗ ਦਾ ਅੱਜ ਮਜ਼ਾਕ ਉਡਾਇਆ ਜਾ ਰਿਹੈ
ਹਾਸੇ ਦਾ ਪਾਤਰ ਬਣਾ ਕੇ ਹਰ ਪਾਸੇ ਦਿਖਾਇਆ ਜਾ ਰਿਹੈ
ਫਿਰ ਵੀ ਇਹ ਚੁੱਪਚਾਪ ਸਭ ਕੁਝ ਸਹਿ ਜਾਂਦੇ ਨੇ
ਹਾਂ ਬਈ ਇਹਨਾਂ ਸਿੱਖਾਂ ਦੇ ਉਦੋਂ ਬਾਰਾਂ ਜੋ ਵੱਜ ਜਾਂਦੇ ਨੇ

ਕਾਸ਼ ਇਹ ਬਾਰਾਂ ਵੱਜਦੇ ਹੁੰਦੇ ਹਰ ਇੱਕ ਇਨਸਾਨ ਦੇ
ਸੱਚ ਮੰਨਣਾ ਕਦੇ ਹੋਣੇ ਨਹੀਂ ਸਨ ਦਰਸ਼ਨ ਕਿਸੇ ਸ਼ੈਤਾਨ ਦੇ
ਧੀ ਹਰੇਕ ਦੀ ਹੁੰਦੀ ਮਹਿਫ਼ੂਜ਼ ਕੋਈ ਨਾ ਭੇਦ ਭਾਵ ਹੁੰਦਾ
ਹਰ ਕਿਸੇ ਦੀ ਮਦਦ ਕਰਨ ਲਈ ਹਰ ਕੋਈ ਤਿਆਰ ਹੁੰਦਾ
ਕਾਸ਼ ਇਸ ਬਾਰਾਂ ਦੇ ਜੇ ਅਰਥ ਇਹ ਸਾਰੇ ਸਮਝ ਜਾਂਦੇ
ਤਾਂ ਸਤਿਕਾਰ ਵਿੱਚ ਇਸ ਕੌਮ ਦੇ ਸਿਰ ਸਭਨਾਂ ਦੇ ਝੁਕ ਜਾਂਦੇ
ਤਾਂ ਸਤਿਕਾਰ ਵਿੱਚ ਇਸ ਕੌਮ ਦੇ ਸਿਰ ਸਭਨਾਂ ਦੇ ਝੁਕ ਜਾਂਦੇ