ਕਦਰ ਕਰੋ ਵਕਤ ਦੀ (ਲੇਖ )

ਕੈਲਾਸ਼ ਚੰਦਰ ਸ਼ਰਮਾ   

Email: kailashchanderdss@gmail.com
Cell: +91 80540 16816
Address: 459,ਡੀ ਬਲਾਕ,ਰਣਜੀਤ ਐਵੀਨਿਊ,
ਅੰਮ੍ਰਿਤਸਰ India
ਕੈਲਾਸ਼ ਚੰਦਰ ਸ਼ਰਮਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਅੱਜ ਦੇ ਯੁੱਗ ਵਿਚ ਹਰ ਵਿਅਕਤੀ ਤਣਾਅ-ਰਹਿਤ, ਖੂਬਸੂਰਤ ਤੇ ਮਹਿਕਾਂ ਖਿਲਾਰਦੀ ਜ਼ਿੰਦਗੀ ਜਿਊਣਾ ਲੋਚਦਾ ਹੈ ਅਤੇ ਇਸ ਲਈ ਉਹ ਹਰ ਸੰਭਵ ਕੋਸ਼ਿਸ਼ ਵਿੱਚ ਲੱਗਿਆ ਵੀ ਰਹਿੰਦਾ ਹੈ। ਵਿਅਕਤੀ ਦੀ ਇਸ ਖਾਹਿਸ਼ ਨੂੰ ਪੂਰਾ ਕਰਨ ਲਈ ਵਕਤ, ਸਮਾਂ ਅਤੇ ਮੌਕਾ ਹਰ ਇਨਸਾਨ ਦੀ ਜ਼ਿੰਦਗੀ ਵਿੱਚ ਫਰਿਸ਼ਤੇ ਬਣ ਕੇ ਆਉਂਦੇ ਹਨ। ਜੋ ਲੋਕ ਇਨ੍ਹਾਂ ਦੀ ਕਦਰ ਕਰਦੇ ਹੋਏ ਬਿਨਾ ਕਿਸੇ ਦੇਰੀ ਦੇ ਮਿਹਨਤ ਨਾਲ ਆਪਣੀ ਮੰਜ਼ਿਲ ਪ੍ਰਾਪਤੀ ਵੱਲ ਕਦਮ ਵਧਾ ਦਿੰਦੇ ਹਨ, ਉਨ੍ਹਾਂ ਦੀ ਜ਼ਿੰਦਗੀ ਆਨੰਦ ਨਾਲ ਭਰ ਜਾਂਦੀ ਹੈ ਅਤੇ ਜੋ ਆਪਣੀ ਦੋਗਲੀ ਸੋਚ ਨਾਲ ਅੱਗੇ ਵਧਣ ਦਾ ਫੈਸਲਾ ਕਰਨ ਵਿਚ ਦੇਰੀ ਕਰ ਦਿੰਦੇ ਹਨ, ਉਹ ਸਾਰੀ ਉਮਰ ਦੁੱਖਾਂ ਤੇ ਪਛਤਾਵੇ ਦੀ ਚੱਕੀ ਪੀਸਦੇ ਰਹਿੰਦੇ ਹਨ।
               ਵਕਤ ਇੱਕ ਅਜਿਹਾ ਅਨਮੋਲ ਖਜ਼ਾਨਾ ਹੈ ਜੋ ਜ਼ਿੰਦਗੀ ਵਿੱਚ ਸਿਰਫ ਇੱਕ ਵਾਰ ਹੀ ਮਿਲਦਾ ਹੈ ਤੇ ਜ਼ਿਆਦਾ ਦੇਰ ਤੱਕ ਨਹੀਂ ਰੁਕਦਾ। ਇਹ ਆਪਣੇ ਤਰੀਕੇ ਨਾਲ ਆਪਣੀ ਚਾਲੇ ਤੁਰਦਾ ਰਹਿੰਦਾ ਹੈ ਤੇ ਕਦੇ ਵੀ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ। ਜ਼ਿੰਦਗੀ ਵਿਚ ਅਸੀਂ ਹਰ ਚੀਜ਼ ਨੂੰ ਆਪਣੀ ਦੌਲਤ ਤੇ ਹਿੰਮਤ ਨਾਲ ਦੁਬਾਰਾ ਪ੍ਰਾਪਤ ਕਰ ਸਕਦੇ ਹਾਂ ਪਰ ਬੀਤੇ ਹੋਏ ਵਕਤ ਨੂੰ ਕੋਈ ਵੀ ਅੱਜ ਤੱਕ ਨਹੀਂ ਫੜ ਸਕਿਆ ਤੇ ਨਾ ਹੀ ਕੋਈ ਖਰੀਦ ਸਕਿਆ ਹੈ। ਇੱਕ ਵਾਰ ਲੰਘ ਗਿਆ ਵਕਤ ਦੁਬਾਰਾ ਤੁਹਾਡਾ ਬੂਹਾ ਨਹੀਂ ਖੜਕਾਉਂਦਾ।
      ' ਵਕਤ ਕਹਿਤਾ ਹੈ ਕਿ ਮੈਂ ਫਿਰ ਨਹੀਂ ਆਊਂਗਾ, ਮੁਝੇ ਖੁਦ ਨਹੀਂ ਪਤਾ ਕਿ ਤੁਝੇ ਹਸਾਊਂਗਾ ਜਾਂ ਰੁਲਾਊਂਗਾ
      ਜੀਨਾ ਹੈ ਤੋ ਇਸ ਪਲ ਕੋ ਜੀ ਲੇ, ਕਿਸੀ ਭੀ ਹਾਲ ਮੇਂ, ਮੈਂ ਇਸ ਪਲ ਕੋ ਅਗਲੇ ਪਲ ਤੱਕ ਰੋਕ ਨਹੀਂ ਪਾਊਂਗਾ'।
                ਕੇਵਲ ਉਹੀ ਲੋਕ ਵਕਤ ਨੂੰ ਫੜ ਸਕਦੇ ਹਨ ਜੋ ਕੰਮ ਵਿੱਚ ਯਕੀਨ ਰੱਖਦੇ ਹੋਏ ਗਤੀਸ਼ੀਲ ਰਹਿੰਦੇ ਹਨ ਤੇ ਮੌਕਾ ਪਛਾਣਦੇ ਹਨ। ਵਿਅਕਤੀ ਨੂੰ ਮਿਲਿਆ ਵਕਤ, ਅਜਿਹੇ ਕੱਚੇ ਮਾਲ ਵਰਗਾ ਹੁੰਦਾ ਹੈ ਜਿਸ ਦੀ ਸਹੀ ਵਰਤੋਂ ਨਾਲ ਮਨਚਾਹੀਆਂ ਚੀਜ਼ਾਂ ਦਾ ਨਿਰਮਾਣ ਕੀਤਾ ਜਾ ਸਕਦਾ ਹੈ। ਸਮਾਂ ਬਰਬਾਦ ਕਰਨ ਦਾ ਅਰਥ ਹੈ ਆਪਣੇ ਕੰਮ ਨੂੰ ਆਪ ਹੀ ਪ੍ਰਭਾਵਿਤ ਕਰਨਾ। ਸਮੇਂ ਦੀ ਬਰਬਾਦੀ, ਵਿਅਕਤੀ ਦੇ ਕੰਮ 'ਤੇ ਅਸਰ ਤਾਂ ਪਾਉਂਦੀ ਹੀ ਹੈ, ਨਾਲ ਹੀ ਅੱਗੇ ਚੱਲ ਕੇ ਉਸ ਦੇ ਕੈਰੀਅਰ ਨੂੰ ਵੀ ਪ੍ਰਭਾਵਿਤ ਕਰਦੀ ਹੈ। ਸਮੇਂ ਦੇ ਨਾਲ ਨਾਲ ਖੁਦ ਨੂੰ ਬਦਲਦੇ ਹੋਏ ਹੀ ਅਸੀਂ ਲਗਾਤਾਰ ਤਰੱਕੀ ਦੇ ਰਾਹ 'ਤੇ ਅੱਗੇ ਵਧ ਸਕਦੇ ਹਾਂ। 
                ਸਫਲ ਤੇ ਚੰਗਾ ਜੀਵਨ ਜਿਊਣ ਲਈ ਸਮੇਂ ਦਾ ਮੁੱਲ ਸਮਝੋ ਤੇ ਇਸ ਦੀ ਕਦਰ ਕਰੋ। ਵਰਤਮਾਨ ਸਮਾਂ ਮਨੁੱਖ ਨੂੰ ਮੁਫਤ ਵਿੱਚ ਮਿਲਿਆ ਇੱਕ ਤੋਹਫਾ ਹੈ। ਇਸ ਦੀ ਸਹੀ ਵਰਤੋਂ ਹੀ ਮਨੁੱਖ ਨੂੰ ਸਫਲਤਾ ਦੀਆਂ ਪੌੜੀਆਂ ਚੜ੍ਹਾਉਂਦੀ ਹੈ। ਕੁਦਰਤ  ਵੱਲੋਂ ਮਿਲੇ ਦਿਨ-ਰਾਤ ਦੇ ੨੪ ਘੰਟੇ ਹਰ ਕਿਸੇ ਨੇ ਆਪੋ ਆਪਣੇ ਢੰਗ ਨਾਲ ਵਰਤਣੇ ਹੁੰਦੇ ਹਨ। ਕਈ ਲੋਕ ਸਮੇਂ ਦੀ ਸਹੀ ਯੋਜਨਾਬੰਦੀ ਨਾਲ ਬਹੁਤ ਕੁਝ ਕਰ ਜਾਂਦੇ ਹਨ ਅਤੇ ਕਈ ਆਪਣੀਆਂ ਕਮਜ਼ੋਰੀਆਂ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦੇ ਹੋਏ ਆਪਣੀ ਮਾੜੀ ਕਿਸਮਤ ਤੇ ਸਮੇਂ ਦੀ ਕਮੀ ਦਾ ਰੋਣਾ ਰੋਂਦੇ ਹੋਏ ਹੱਥ ਮਲਦੇ ਰਹਿ ਜਾਂਦੇ ਹਨ। ਕਈ ਵਾਰ ਅਸੀਂ ਆਪਣਾ ਕੰਮ ਤੇਜ਼ੀ ਨਾਲ ਕਰਨ ਦੀ ਬਜਾਏ ਦੂਸਰਿਆਂ ਨਾਲ ਗੱਪਾਂ ਮਾਰਦੇ ਹੋਏ ਹੌਲੀ-ਹੌਲੀ ਕਰਦੇ ਹਾਂ ਜਿਸ ਨਾਲ ਕੰਮ ਨੂੰ ਪੂਰਾ ਕਰਨ ਵਿੱਚ ਸਮਾਂ ਵੱਧ ਲੱਗਦਾ ਹੈ। ਇਸ ਤਰਾਂ ਅਸੀਂ ਆਪਣੇ ਨਾਲ ਦੂਸਰਿਆਂ ਦਾ ਸਮਾਂ ਵੀ ਬਰਬਾਦ ਕਰਦੇ ਹਾਂ। ਕਈ ਵਾਰ ਅਸੀਂ ਨਾ ਸੁੱਤੇ ਹੁੰਦੇ ਹਾਂ ਅਤੇ ਨਾ ਹੀ ਜਾਗਦੇ ਪਰ ਮੰਜੇ 'ਤੇ ਇੱਧਰ-ਉੱੱਧਰ ਪਾਸੇ ਮਾਰਦੇ ਹੋਏ ਸਮਾਂ ਬਰਬਾਦ ਕਰਦੇ ਰਹਿੰਦੇ ਹਾਂ। ਇਹ ਆਲਸ ਹੈ। ਆਲਸ ਤੇ ਆਰਾਮ ਵਿਚ ਅੰਤਰ ਸਮਝੋ। ਇੱਕ ਘੰਟਾ ਸਵੇਰੇ ਉੱਠ ਕੇ ਜ਼ਿੰਦਗੀ ਦੇ ਕਈ ਵਰ੍ਹੇ ਵਧ ਜਾਂਦੇ ਹਨ। ਚਿੰਤਾ ਨਾਲ ਕੁਝ ਨਹੀਂ ਬਣਦਾ, ਕੰਮ ਕਰਨ ਨਾਲ ਹੀ ਕੰਮ ਮੁੱਕਦੇ ਹਨ। ਮੰਜ਼ਿਲ ਵੱਲ ਪੁੱਟਿਆ ਹਰ ਕਦਮ ਸਫਰ ਘਟਾਉਂਦਾ ਹੈ। ਹਰ ਰੋਜ਼ ਰਾਤ ਨੂੰ ਵਰਤੇ ਵਕਤ ਦੀ ਸਮੀਖਿਆ ਕਰੋ ਅਤੇ ਫਾਲਤੂ ਆਜਾਈਂ ਸਮੇਂ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰੋ। ਕੁਦਰਤ ਹਰ ਵਿਅਕਤੀ ਨੂੰ ਇਕੋ ਜਿਹਾ ਮੌਕਾ ਦਿੰਦੀ ਹੈ।
                     ਵਕਤ ਕਿਸੇ ਦੇ ਰੋਕਿਆਂ ਨਹੀਂ ਰੁਕਦਾ। ਇਹ ਤਾਂ ਆਪਣੀ ਤੋਰ ਤੁਰਦਾ ਰਹਿੰਦਾ ਹੈ  ਭਾਵੇਂ ਇਸ ਦੇ ਰਾਹ ਵਿਚ ਆਇਆ ਕੀੜਾ ਮਕੌੜਾ ਵੀ ਮਸਲਿਆ ਜਾਵੇ ਜਾਂ ਕਿਸੇ ਦੇ ਜਜ਼ਬਾਤਾਂ ਦਾ ਘਾਣ ਹੋ ਜਾਵੇ। ਵਕਤ ਕਦੇ ਘੱਟ ਨਹੀਂ ਹੁੰਦਾ, ਸਿਰਫ ਉਸ ਦਾ ਸਹੀ ਸੰਤੁਲਨ ਬਿਠਾਉਣਾ ਹੁੰਦਾ ਹੈ। ਜ਼ਰੂਰੀ, ਘੱਟ ਜ਼ਰੂਰੀ ਅਤੇ ਗੈਰ ਜ਼ਰੂਰੀ ਕੰਮਾਂ ਦੀ ਪਹਿਚਾਣ ਕਰਕੇ ਸਭ ਨੂੰ ਢੁਕਵਾਂ ਸਮਾਂ ਦੇਣਾ ਹੁੰਦਾ ਹੈ। ਭਵਿੱਖ ਦੇ ਸੁੰਦਰ ਸੰਸਾਰ ਦੀ ਉਸਾਰੀ ਲਈ ਯੋਜਨਾ ਬਣਾ ਕੇ, ਉਸ ਦੀ ਪੂਰਨਤਾ ਲਈ ਮਿਹਨਤ ਨਾਲ ਇੰਤਜ਼ਾਰ ਕਰਨਾ ਪਵੇਗਾ। ਅੱਜ ਦਾ ਸਮਾਂ ਅਨਮੋਲ ਹੈ, ਇਸ ਨੂੰ ਪਹਿਚਾਣੋ। ਜੇਕਰ ਅਸੀਂ ਸਮੇਂ ਦੀ ਕਦਰ ਨਹੀਂ ਕਰਾਂਗੇ ਤਾਂ ਸਮਾਂ ਵੀ ਸਾਡੀ ਕਦਰ ਨਹੀਂ ਕਰੇਗਾ। ਸਹੀ ਮੌਕੇ 'ਤੇ ਸਹੀ ਫੈਸਲੇ ਲੈਣ ਵਾਲੇ ਲੋਕ ਆਪਣੀ ਮਿਹਨਤ ਨਾਲ ਪਲਾਂ ਵਿਚ ਹੀ ਗੁਰਬਤ ਦਾ ਫਾਹਾ ਵੱਢ ਦਿੰਦੇ ਹਨ ਜਦੋਂ ਕਿ ਗਲਤ ਫੈਸਲੇ ਲੈਣ ਦੇ ਆਦੀ, ਕੰਮਚੋਰ, ਵਿਹਲੜ, ਆਲਸੀ ਲੋਕ ਆਪਣੀ ਜ਼ਿੰਦਗੀ ਨੂੰ ਨਰਕ ਬਣਾ ਲੈਂਦੇ ਹਨ। ਪੱਛਮੀ ਦੇਸ਼ਾਂ ਦੇ ਲੋਕ ਸਾਡੇ ਵਾਂਗ ਸਮਾਂ ਬਰਬਾਦ ਨਹੀਂ ਕਰਦੇ। ਉਹ ਹਰ ਕੰਮ ਨੂੰ ਤਨ-ਮਨ ਨਾਲ ਕਰਦੇ ਹਨ। ਇਸੇ ਕਾਰਨ ਹੀ ਉਹ ਪੈਰ-ਪੈਰ 'ਤੇ ਤਰੱਕੀ ਕਰ ਰਹੇ ਹਨ। ਜੇਕਰ ਬਚਪਨ ਤੋਂ ਹੀ ਸਮੇਂ ਦੀ ਪਾਬੰਦੀ ਦੀ ਆਦਤ ਪਾ ਲਈ ਜਾਵੇ ਤਾਂ ਸਾਰੀ ਜ਼ਿੰਦਗੀ ਸੌਖ ਨਾਲ ਨਿਕਲ ਜਾਂਦੀ ਹੈ ਜਿਸ ਨਾਲ ਵਕਤ ਦੇ ਹੱਥੋਂ ਖੁੱਸ ਜਾਣ ਦਾ ਕੋਈ ਪਛਤਾਵਾ ਨਹੀਂ ਹੁੰਦਾ। ਸਮੇਂ ਦੀ ਪਾਬੰਦੀ ਇੱਕ ਅਜਿਹਾ ਗੁਣ ਹੈ ਜਿਹੜਾ ਨਾ ਸਿਰਫ ਦੂਜਿਆਂ ਕੋਲੋਂ ਇੱਜ਼ਤ ਦਿਵਾਉਂਦਾ ਹੈ ਸਗੋਂ ਇਸ ਨੂੰ ਅਪਣਾ ਕੇ ਵਿਅਕਤੀ ਦਾ ਹਰ ਕੰਮ ਵੀ ਆਸਾਨ ਹੋ ਜਾਂਦਾ ਹੈ। ਵਕਤ ਦੀ ਸਹੀ ਵਰਤੋਂ ਨਾ ਕਰਨ ਵਾਲਾ ਕਦੇ ਸੁਖੀ ਨਹੀਂ ਰਹਿ ਸਕਦਾ। ਸਮੇਂ ਦੀ ਪ੍ਰਵਾਹ ਕਰਨ ਵਾਲੇ ਲੋਕ ਹਮੇਸ਼ਾਂ ਬੁਲੰਦੀਆਂ ਹਾਸਲ ਕਰ ਲੈਂਦੇ ਹਨ। ਇਤਿਹਾਸ ਵਿਚ ਜਿੰਨੇ ਵੀ ਮਹਾਨ ਵਿਅਕਤੀ ਹੋਏ ਹਨ, ਉਹ ਖੁਦ ਵੀ ਵਕਤ ਦੀ ਕਦਰ ਕਰਦੇ ਸਨ ਤੇ ਦੂਜਿਆਂ ਨੂੰ ਵੀ ਇਸ ਦੀ ਕਦਰ ਕਰਨ ਦੀ ਸਲਾਹ ਦਿੰਦੇ ਸਨ।
                      ਵਿਹਲੇ ਰਹਿਣਾ ਤੇ ਸਮੇਂ ਦੀ ਕਦਰ ਨਾ ਕਰਨਾ ਆਪਣੇ ਆਪ ਵਿੱਚ ਇੱਕ ਦੁਖਦਾਈ ਰੋਗ ਹੈ। ਸਮੇਂ ਨੂੰ ਕਾਬੂ ਕਰਨਾ ਸਿੱਖੋ ਨਾ ਕਿ ਉਸ ਨੂੰ  ਆਪਣੇ ਉੱਪਰ ਹਾਵੀ  ਹੋਣ ਦਿਓ। ਕੁਝ ਲੋਕ ਕਰਦੇ ਕੁਝ ਨਹੀਂ ਪਰ ਬਾਅਦ ਵਿੱਚ ਦੋਸ਼ ਕਿਸਮਤ ਨੂੰ ਦਿੰਦੇ ਹਨ।ਸਿਆਣੇ ਕਹਿੰਦੇ ਹਨ: 
                      'ਕਿਸਮਤ ਵਾਲੇ ਹੁੰਦੇ ਹਨ ਉਹ ਲੋਕ, ਜਿੰਨਾਂ ਨੂੰ ਆਪਣੀ ਤਰੱਕੀ ਦਾ ਮੌਕਾ ਮਿਲਦਾ ਹੈ, ਸਮਝਦਾਰ ਉਹ ਹੁੰਦੇ ਹਨ ਜੋ ਮੌਕੇ ਪੈਦਾ ਕਰਦੇ ਹਨ ਅਤੇ ਜ਼ਿੰਦਗੀ ਵਿੱਚ ਜੇਤੂ ਕੇਵਲ ਉਹ ਲੋਕ ਬਣਦੇ ਹਨ ਜੋ ਮਿਲੇ ਮੌਕੇ ਦਾ ਸਹੀ ਵਕਤ 'ਤੇ ਫਾਇਦਾ ਲੈ ਲੈਂਦੇ ਹਨ'।
                      ਸਮੇਂ ਤੋਂ ਖੁੰਝਿਆ ਬੰਦਾ ਕੋਹਾਂ ਦੁਰ ਜਾ ਪੈਂਦਾ ਹੈ। ਨਿਰਾਸ਼ਾ ਅਤੇ ਅਸਫਲਤਾਵਾਂ ਦੀਆਂ ਕਾਲੀਆਂ ਘਟਾਵਾਂ ਅਜਿਹੇ ਵਿਅਕਤੀਆਂ ਦੇ ਚਿਹਰਿਆਂ ਨੂੰ ਕਰੂਪ ਬਣਾ ਦਿੰਦੀਆਂ ਹਨ। ਕਿਸਮਤ ਨੂੰ ਦੋਸ਼ ਦੇ ਕੇ  ਅਸੀਂ ਕੇਵਲ ਆਪਣੇ ਆਪ ਨੂੰ ਹੀ ਧੋਖਾ ਦੇ ਸਕਦੇ ਹਾਂ। ਵੇਲੇ ਦਾ ਖੁੰਝਿਆ, ਕੁਵੇਲੇ ਦੀਆਂ ਟੱਕਰਾਂ ਮਾਰਦਾ ਰਹਿ ਜਾਂਦਾ ਹੈ। ਰੁਕਣਾ, ਖੜਨਾ ਜ਼ਿੰਦਗੀ ਨਹੀਂ।ਜੇਕਰ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਹਰ ਕੰਮ ਸਮੇਂ ਨਾਲ ਕਰਨਾ ਸ਼ੁਰੂ ਕਰ ਦਿਓ। ਜਿਹੜਾ ਕੰਮ ਵੇਲੇ ਨਾਲ ਹੋ ਜਾਵੇ, ਉਸ ਦੀ ਖੁਸ਼ੀ ਤੇ ਸਕੂਨ ਵਧੇਰੇ ਹੁੰਦਾ ਹੈ ਅਤੇ ਥਕਾਵਟ ਵੀ ਘੱਟ ਹੁੰਦੀ ਹੈ। ਵਕਤ ਉਦੋਂ ਤੱਕ ਦੁਸ਼ਮਣ ਨਹੀਂ ਬਣਦਾ ਜਦੋਂ ਤੱਕ ਅਸੀਂ ਇਸ ਨੂੰ ਗਵਾਉਂਦੇ ਨਹੀਂ। ਮੌਕੇ ਦਾ ਸਮੇਂ ਸਿਰ ਫਾਇਦਾ ਲੈਣ ਵਾਲਿਆਂ ਦੇ ਚਿਹਰਿਆਂ 'ਤੇ ਹੀ ਸਦਾ ਖੁਸ਼ੀਆਂ ਆਪਣਾ ਟਿਕਾਣਾ ਬਣਾਉਂਦੀਆਂ ਹਨ। ਇਸ ਲਈ ਮੌਕੇ ਅਨੁਸਾਰ ਸਮਝਦਾਰੀ ਨਾਲ ਕੰਮ ਕਰਨਾ ਹੀ ਸਾਡੀ ਸਭ ਤੋਂ ਵੱਡੀ ਸਿਆਣਪ ਹੈ ਅਤੇ ਸਾਡੀ ਤਰੱਕੀ ਦਾ ਆਧਾਰ। ਯਾਦ ਰੱਖਣਾ ਚਾਹੀਦਾ ਹੈ ਕਿ ਜ਼ਿੰਦਗੀ ਨੂੰ ਬਦਲਣ ਲਈ ਵਕਤ ਨਹੀਂ ਲੱਗਦਾ ਪਰ ਵਕਤ ਦੀ ਤੇਜ਼ ਧਾਰ ਨੂੰ ਬਦਲਣ ਲਈ ਪੂਰੀ ਜ਼ਿੰਦਗੀ ਵੀ ਲੱਗ ਜਾਂਦੀ ਹੈ।
                      ਸਮਾਂ ਬਹੁਤ ਸ਼ਕਤੀਸ਼ਾਲੀ ਤੇ ਬਲਵਾਨ ਹੁੰਦਾ ਹੈ। ਇਹ ਕਦੋਂ ਇਨਸਾਨ ਦੇ ਹੱਥੋਂ ਨਿਕਲ ਜਾਂਦਾ ਹੈ ਉਸ ਨੂੰ ਪਤਾ ਹੀ ਨਹੀਂ ਲੱਗਦਾ। ਸਮੇਂ ਦੀ ਕਦਰ ਨਾ ਕਰਨ ਵਾਲਿਆਂ ਵਿੱਚ ਨਕਾਰਾਤਮਕ ਰੁਚੀਆਂ ਪ੍ਰਬਲ ਹੋ ਜਾਂਦੀਆਂ ਹਨ। ਇਨ੍ਹਾਂ ਦੀਆਂ ਢਾਹੂ ਰੁਚੀਆਂ ਦਾ ਪ੍ਰਚੰਡ ਬੜੇ ਮਾੜੇ ਰੂਪ ਵਿਚ ਪ੍ਰਗਟ ਹੁੰਦਾ ਹੈ। ਵਕਤ ਲਗਾਤਾਰ ਸਾਡੀ ਜ਼ਿੰਦਗੀ ਦੀ ਡੋਰ ਨੂੰ ਕੁਤਰਦਾ ਜਾ ਰਿਹਾ ਹੈ। ਇਸ ਲਈ ਪਛਾਣੋ ਸਮੇਂ ਦੀ ਨਜ਼ਾਕਤ ਤੇ ਇਸ ਦੇ ਸਹੀ ਮੁੱਲ ਨੂੰ। ਵਕਤ ਦਾ ਪਤਾ ਨਹੀਂ ਚੱਲਦਾ ਆਪਣਿਆਂ ਨਾਲ ਪਰ ਆਪਣਿਆਂ ਦਾ ਪਤਾ ਚੱਲ ਜਾਂਦਾ ਹੈ ਵਕਤ ਦੇ ਨਾਲ। ਦੁੱਖ ਦਾ ਵਕਤ, ਚੰਗੇ- ਮਾੜੇ ਦੋਸਤਾਂ ਅਤੇ ਰਿਸ਼ਤਿਆਂ ਦੀ ਪਹਿਚਾਣ ਵੀ ਕਰਵਾ ਦਿੰਦਾ ਹੈ। ਸਿਆਣਿਆਂ ਨੇ ਕਿਹਾ ਹੈ ਕਿ :
                 " ਵਕਤ ਨੂਰ ਕੋ ਭੀ ਬੇਨੂਰ ਬਣਾ ਦੇਤਾ ਹੈ,  ਵਕਤ ਫਕੀਰ ਕੋ ਭੀ ਹਜ਼ੂਰ ਬਣਾ ਦੇਤਾ ਹੈ
                 ਵਕਤ ਕੀ ਕਦਰ ਕਰ ਐ ਇਨਸਾਨ,  ਵਕਤ ਤੇ ਕੋਇਲੇ  ਕੋ ਭੀ  ਕੋਹਿਨੂਰ ਬਣਾ ਦੇਤਾ ਹੈ"।
                                ਇਸ ਲਈ ਆਪਣੀ ਜ਼ਿੰਦਗੀ ਵਿੱਚ ਖੁਸ਼ੀਆਂ ਦੇ ਦੀਵੇ ਜਲਾਉਣ ਲਈ ਵਕਤ ਦੀ ਕਦਰ ਕਰੋ।