ਪੁਲ ਅਤੇ ਦੀਵਾਰਾਂ (ਲੇਖ )

ਗੁਰਸ਼ਰਨ ਸਿੰਘ ਕੁਮਾਰ   

Email: gursharan1183@yahoo.in
Cell: +91 94631 89432
Address: 1183, ਫੇਜ਼-10
ਮੁਹਾਲੀ India
ਗੁਰਸ਼ਰਨ ਸਿੰਘ ਕੁਮਾਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਆਓ ਪੁੱਲ ਬਣਾਈਏ, 
ਦੀਵਾਰਾਂ ਨੂੰ ਤੌੜੀਏ,
ਅਤੇ ਦਿਲਾਂ ਨੂੰ ਜੋੜੀਏ।

ਹਰ ਕਰਮ ਦਾ ਪ੍ਰਤੀਕਰਮ ਜ਼ਰੂਰ ਹੁੰਦਾ ਹੈ। ਜ਼ਿੰਦਗੀ ਵਿਚ ਸਾਨੂੰ ਦੂਜੇ ਕੋਲੋਂ ਜੋ ਕੁਝ ਵੀ ਮਿਲਦਾ ਹੈ, ਉਹ ਆਪਣਾ ਬੀਜਿਆ ਹੋਇਆ ਹੀ ਮਿਲਦਾ ਹੈ। ਸਾਡਾ ਵਿਉਹਾਰ ਇਕ ਗੇਂਦ ਦੀ ਤਰ੍ਹਾਂ ਹੈ। ਜੇ ਅਸੀਂ ਕਿਸੇ ਗੇਂਦ ਨੂੰ ਜ਼ੋਰ ਨਾਲ ਦੀਵਾਰ 'ਤੇ ਮਾਰਾਂਗੇ ਤਾਂ ਉਹ ਓਨੇ ਜ਼ੋਰ ਨਾਲ ਹੀ ਵਾਪਸ ਸਾਡੇ ਵਲ ਆਵੇਗੀ। ਸਾਡਾ ਵਿਉਹਾਰ ਹੀ ਸਾਡੇ ਕੋਲ ਵਾਪਸ ਆਉਂਦਾ ਹੈ। ਜੇ ਅਸੀਂ ਕਿਸੇ ਨੂੰ ਖ਼ੁਸ਼ੀ ਦਿਆਂਗੇ ਤਾਂ ਬਦਲੇ ਵਿਚ ਸਾਨੂੰ ਵੀ ਖ਼ੁਸ਼ੀ ਹੀ ਵਾਪਸ ਮਿਲੇਗੀ। ਜੇ ਅਸੀਂ ਕਿਸੇ ਨੂੰ ਇੱਜ਼ਤ ਨਾਲ ਸੰਬੋਧਨ ਕਰਾਂਗੇ ਤਾਂ ਉਹ ਵੀ ਸਾਡੇ ਨਾਲ ਇੱਜ਼ਤ ਨਾਲ ਹੀ ਪੇਸ਼ ਆਵੇਗਾ। ਬੰਦੇ ਦੀ ਇੱਜ਼ਤ ਉਸ ਦੇ ਆਪਣੇ ਹੱਥ ਹੀ ਹੁੰਦੀ ਹੈ। ਜੇ ਅਸੀਂ ਕਿਸੇ ਨੂੰ ਘਟੀਆ ਤਰੀਕੇ ਨਾਲ ਬੁਲਾਵਾਂਗੇ ਤਾਂ ਉਹ ਵੀ ਸਾਨੂੰ ਉਸੇ ਢੰਗ ਨਾਲ ਹੀ ਜੁਵਾਬ ਦੇਵੇਗਾ। ਸਭ ਦੇ ਸਾਹਮਣੇ ਸਾਡੀ ਇੱਜ਼ਤ ਮਿੱਟੀ ਵਿਚ ਮਿਲਾ ਕੇ ਰੱਖ ਦੇਵੇਗਾ। ਇਸੇ ਲਈ ਕਹਿੰਦੇ ਹਨ ਕਿ ਦੁਨੀਆਂ ਖੂਹ ਦੀ ਆਵਾਜ਼ ਹੈ। ਜਿੰਨਾ ਉੱੱਚੀ ਅਸੀਂ ਖੂਹ ਵਿਚ ਬੋਲਾਂਗੇ ਓਨਾ ਉੱਚੀ ਹੀ ਸਾਡੀ ਆਵਾਜ਼ ਗੂੰਜ ਕੇ ਸਾਡੇ ਕੋਲ ਵਾਪਸ ਆਵੇਗੀ। ਅੱਜ ਕੱਲ੍ਹ ਤਾਂ ਛੋਟੇ ਬੱਚੇ ਵੀ ਕੋਈ ਵਾਧੂ ਗੱਲ ਨਹੀਂ ਸਹਾਰਦੇ। ਉਹ ਵੀ ਆਪਣਾ ਨਾਮ ਪਿਆਰ ਅਤੇ ਇੱਜ਼ਤ ਨਾਲ ਪੁਕਾਰਿਆ ਜਾਣਾ ਚਾਹੁੰਦੇ ਹਨ। ਪ੍ਰਮਾਤਮਾ ਨੇ ਮੁਸਕਰਾਉਣ ਦੀ ਦਾਤ ਕੇਵਲ ਮਨੁੱਖ ਨੂੰ ਹੀ ਦਿੱਤੀ ਹੈ। ਜਾਨਵਾਰ ਨਹੀਂ ਮੁਸਕਰਾ ਸੱਕਦੇ। ਇਸੇ ਤਰ੍ਹਾਂ ਭਾਸ਼ਾ ਦੀ ਦਾਤ ਵੀ ਮਨੁੱਖ ਤੋਂ ਸਿਵਾ ਕਿਸੇ ਜੀਵ ਨੂੰ ਨਹੀਂ ਮਿਲੀ। ਪਰ ਜਾਨਵਰ ਅਤੇ ਪਸ਼ੂ ਪੰਛੀ ਸਭ ਪਿਆਰ ਅਤੇ ਨਫ਼ਰਤ ਦੀ ਭਾਸ਼ਾ ਨੂੰ ਬਾਖ਼ੂਬੀ ਸਮਝਦੇ ਹਨ। ਜੇ ਜਾਨਵਰ ਅਤੇ ਪਸ਼ੂ ਪੰਛੀਆਂ ਨਾਲ ਪਿਆਰ ਨਾਲ ਵਰਤੋਗੇ ਤਾਂ ਉਹ ਵੀ ਇਸ ਪਿਆਰ ਸਦਕਾ ਤੁਹਾਡੇ ਵਲ ਆਪਣੇ ਆਪ ਖਿੱਚੇ ਚਲੇ ਆਉਣਗੇ। ਉਹ ਤੁਹਾਡੇ ਨਾਲ ਪੂਰਾ ਲਾਡ ਕਰਨਗੇ। ਇੱਥੋਂ ਤੱਕ ਕਿ ਤੁਹਾਡੇ ਕਿਸੇ ਸੰਕਟ ਸਮੇਂ ਤੁਹਾਡੀ ਮਦਦ ਲਈ ਆਪਣੀ ਜਾਨ ਤੱਕ ਵੀ ਕੁਰਬਾਨ ਕਰ ਦੇਣਗੇ। ਇਸ ਸਬੰਧ ਵਿਚ ਪਾਲਤੂ ਕੁੱਤੇ ਅਤੇ ਘੋੜੇ ਦੀਆਂ ਕਈ ਕਹਾਣੀਆਂ ਮਸ਼ਹੂਰ ਹਨ।
ਆਪਸੀ ਰਿਸ਼ਤਿਆਂ ਵਿਚ ਮਨੁੱਖ ਦੀਆਂ ਦੋ ਵੱਡੀਆਂ ਭਾਵਨਾਵਾਂ ਹਨ-'ਪਿਆਰ ਅਤੇ ਨਫ਼ਰਤ'। ਜਦ ਮਨੁੱਖ ਆਪਸ ਸੰਪਰਕ ਵਿਚ ਆਉਂਦੇ ਹਨ ਤਾਂ ਉਨ੍ਹਾਂ ਵਿਚ ਜਾਂ ਪਿਆਰ ਅਤੇ ਸਦਭਾਵਨਾ ਦੇ ਭਾਵ ਉਪਜਦੇ ਹਨ ਜਾਂ ਨਫ਼ਰਤ ਅਤੇ ਨਾਪਸੰਦਗੀ ਦੇ ਭਾਵ ਉਪਜਦੇ ਹਨ। ਕਈ ਵਾਰੀ ਕੋਈ ਭਾਵ ਨਹੀਂ ਉਪਜਦੇ, ਉਨ੍ਹਾਂ ਨਾਲ ਇਕ ਦੂਜੇ ਦਾ ਵਰਤੋਂ ਵਿਉਹਾਰ ਵੀ ਬੇਲਾਗ ਹੀ ਰਹਿੰਦਾ ਹੈ, ਜਿਵੇਂ ਡਾਕ ਦੇ ਇਕੋ ਬੋਰੇ ਵਿਚ ਵਧਾਈ ਦੀ ਚਿੱਠੀ ਵੀ ਹੋਵੇ ਅਤੇ ਨਾਲ ਹੀ ਮੌਤ ਦੀ ਦੁੱਖ ਭਰੀ ਚਿੱਠੀ ਪਈ ਹੋਵੇ। ਉਨ੍ਹਾਂ ਦਾ ਆਪਸ ਵਿਚ ਕੋਈ ਤਾਲਮੇਲ ਨਹੀਂ ਹੁੰਦਾ। ਦੂਜੇ ਪਾਸੇ ਮਨੁੱਖਾਂ ਵਿਚ ਪੂਰੀਆਂ ਭਾਵਨਾਵਾਂ ਜੁੜੀਆਂ ਹੋਈਆਂ ਹੁੰਦੀਆ ਹਨ। ਜਿੰਨਾ ਮਨੁੱਖਾਂ ਦਾ ਆਪਸ ਵਿਚ ਪਿਆਰ ਹੁੰਦਾ ਹੈ ਉਹ ਇਕ ਦੂਜੇ ਦੇ ਸੁੱਖ ਵਿਚ ਖ਼ੁਸ਼ੀ ਮਹਿਸੂਸ ਕਰਦੇ ਹਨ ਅਤੇ ਦੁੱਖ ਵਿਚ ਦੁਖੀ ਹੁੰਦੇ ਹਨ। ਇਸੇ ਤਰ੍ਹਾਂ ਜਿੰਨਾ ਮਨੁੱਖਾਂ ਵਿਚ ਆਪਸ ਵਿਚ ਨਫ਼ਰਤ ਹੋਵੇ ਉਹ ਦੂਜੇ ਦੀ ਖ਼ੁਸ਼ੀ ਦੇਖ ਕੇ ਚੰਗਾ ਮਹਿਸੂਸ ਨਹੀਂ ਕਰਦੇ ਸਗੋਂ ਉਸ ਦੇ ਦੁਖੀ ਹੋਣ ਤੇ ਸਹਿਜ ਜਾਂ ਚੰਗਾ ਮਹਿਸੂਸ ਕਰਦੇ ਹਨ। 
ਪਿਆਰ ਉਹ ਅੰਮ੍ਰਿਤ ਹੈ ਜੋ ਇਨਸਾਨ ਨੂੰ ਕਦੀ ਮੁਰਝਾਉਣ ਨਹੀਂ ਦਿੰਦਾ। ਪਿਆਰ ਬੰਦੇ ਨੂੰ ਕਦੀ ਇਕੱਲੇਪਣ ਜਾਂ ਤਣਾਅ ਵਿਚ ਨਹੀਂ ਆਉਣ ਨਹੀਂ ਦਿੰਦਾ। ਪਿਆਰ ਬੰਦੇ ਨੂੰ ਖ਼ੁਦਕੁਸ਼ੀਆਂ ਦੇ ਰਾਹ ਤੋਂ ਮੋੜਦਾ ਹੈ। ਪਿਆਰ ਬੰਦੇ ਨੂੰ ਮੌਤ ਦੇ ਮੁੰਹ ਵਿਚੋਂ ਕੱਢ ਕੇ ਇਕ ਨਵਾਂ ਜੀਵਨ ਦਾਨ ਦਿੰਦਾ ਹੈ। ਪਿਆਰ ਰੂਹ ਦੀ ਖੁਰਾਕ ਹੈ ਇਸ ਲਈ ਹਰ ਕੋਈ ਪਿਆਰ ਦਾ ਭੁੱਖਾ ਹੈ। ਸਵਿਤਰੀ ਦੇ ਪਿਆਰ ਦਾ ਸਦਕਾ ਹੀ ਧਰਮਰਾਜ ਨੂੰ ਸਤਿਆਵਾਨ ਨੂੰ ਮੁੜ ਜੀਵਨ ਦਾਨ ਦੇਣਾ ਪਿਆ। ਦੂਜਿਆਂ ਦੀ ਖ਼ੁਸ਼ੀ ਵਿਚ ਆਪਣੀ ਖ਼ੁਸ਼ੀ ਦੇਖਣਾ ਹੀ ਪਿਆਰ ਦਾ ਹੁਨਰ ਹੈ। ਜੋ ਇਨਸਾਨ ਇਹ ਹੁਨਰ ਸਿੱਖ ਗਿਆ ਉਹ ਕਦੀ ਦੁਖੀ ਨਹੀਂ ਹੋ ਸਕਦਾ। ਹਰ ਜੀਵ ਨੂੰ ਪਿਆਰ ਦੀ ਸਖਤ ਲੋੜ ਹੈ। ਇਸੇ ਲਈ ਹਰ ਕੋਈ ਆਪਣੇ ਦਿਲ ਨੂੰ ਹਥੇਲੀ ਤੇ ਰੱਖ ਕੇ ਮੰਡੀ ਵਿਚ ਪਿਆਰ ਦੀ ਭਾਲ ਵਿਚ ਭਟਕ ਰਿਹਾ ਹੈ ਪਰ ਫਿਰ ਵੀ ਪਿਆਰ ਨਹੀਂ ਮਿਲਦਾ। ਪਿਆਰ ਕੋਈ ਐਡੀ ਸਸਤੀ ਵਸਤੂ ਨਹੀਂ ਕਿ ਬਾਜ਼ਾਰ ਗਏ ਤੇ ਪੈਸੇ ਖ਼ਰਚ ਕੇ ਪਿਆਰ ਖਰੀਦ ਲਿਆ। ਪੈਸੇ ਨਾਲ ਤੁਸੀਂ ਆਪਣੀ ਹਵਸ ਤਾਂ ਪੂਰੀ ਕਰ ਸਕਦੇ ਹੋ ਪਰ ਸੱਚਾ ਪਿਆਰ ਹਾਸਲ ਨਹੀਂ ਕਰ ਸਕਦੇ। ਪਿਆਰ ਸਮਰਪਣ ਅਤੇ ਕੁਰਬਾਨੀ ਮੰਗਦਾ ਹੈ। ਇਸ ਵਿਚ ਹਉਮੇ, ਲਾਲਚ ਅਤੇ ਕ੍ਰੋਧ ਦਾ ਤਿਆਗ ਕਰਨਾ ਪੈਂਦਾ ਹੈ। ਦੂਜੇ ਤੇ ਵਿਸ਼ਵਾਸ ਹੀ ਪਿਆਰ ਦੀ ਨੀਂਹ ਹੁੰਦਾ ਹੈ। ਪਿਆਰ ਕੋਈ ਇਕ ਤਰਫ਼ਾ ਚੱਲਣ ਵਾਲੀ ਸੜਕ ਨਹੀਂ। ਇਹ ਦੋਵੇਂ ਪਾਸੇ ਚੱਲਣ ਵਾਲੀ ਸੜਕ ਹੈ। ਅਸੀਂ ਦੂਜੇ ਤੋਂ ਪਿਆਰ ਤਾਂ ਚਾਹੁੰਦੇ ਹਾਂ ਪਰ ਉਸ ਨੂੰ ਪਿਆਰ ਕਰਦੇ ਸਮੇਂ ਕੰਜੂਸੀ ਕਰ ਜਾਂਦੇ ਹਾਂ। ਅਸੀ*ਂ ਆਪ ਉਸ ਕੋਲੋਂ ਇੱਜ਼ਤ ਚਾਹੁੰਦੇ ਹਾਂ ਪਰ ਉਸ ਨੂੰ ਪੂਰੀ ਇਜ਼ੱਤ ਨਹੀਂ ਦਿੰਦੇ। ਅਸੀਂ ਇਹ ਤਾਂ ਚਾਹੁੰਦੇ ਹਾਂ ਕਿ ਲੋਕ ਸਾਡੀ ਖ਼ੁਸ਼ੀ ਵਿਚ ਸ਼ਾਮਲ ਹੋ ਕੇ ਲੋਕੀ ਸਾਨੂੰ ਵਧਾਈਆਂ ਦੇਣ ਪਰ ਦੂਜੇ ਦੀ ਖ਼ੁਸ਼ੀ ਜਾਂ ਉਸ ਦੀ ਪ੍ਰਾਪਤੀ ਨੂੰ ਅਣਗੋਲਿਆਂ ਕਰ ਜਾਂਦੇ ਹਾਂ। ਇਕ ਔਰਤ ਇਹ ਤਾਂ ਚਾਹੁੰਦੀ ਹੈ ਕਿ ਉਸ ਦਾ ਜਵਾਈ ਉਸ ਦੀ ਲੜਕੀ ਦੀ ਹਰ ਗੱਲ ਮੰਨੇ ਪਰ ਉਹ ਇਹ ਕਦੀ ਨਹੀਂ ਚਾਹੁੰਦੀ ਕਿ ਉਸ ਦਾ ਪੁੱਤਰ ਵੀ ਉਸ ਦੀ ਨੂੰਹ ਦੀ ਹਰ ਗੱਲ ਮੰਨੇ। ਅਜਿਹੇ ਬੰਦੇ ਨੂੰ ਜੋਰੂ ਦਾ ਗ਼ੁਲਾਮ ਕਹਿ ਕੇ ਭੰਡਿਆ ਜਾਂਦਾ ਹੈ।। ਇਸੇ ਤਰ੍ਹਾਂ ਹਰ ਮਾਂ ਇਹ ਚਾਹੁੰਦੀ ਹੈ ਕਿ ਉਸ ਦਾ ਪੁੱਤਰ ਹਰ ਕੰਮ ਉਸ ਦੀ ਮਰਜ਼ੀ ਅਨੁਸਾਰ ਕਰੇ ਪਰ ਉਹ ਇਹ ਨਹੀਂ ਚਾਹੁੰਦੀ ਕਿ ਉਸ ਦਾ ਜਵਾਈ ਵੀ ਆਪਣੀ ਮਾਂ ਦੀ ਮਰਜ਼ੀ ਅਨੁਸਾਰ ਹੀ ਚੱਲੇ। ਇਹ ਸਾਡੀ ਦੋਗੱਲੀ ਨੀਤੀ ਹੈ। ਇਸ ਵਿਤਕਰੇ ਭਰੀ ਸੋਚ ਨਾਲ ਹੀ ਰਿਸ਼ਤੇ ਤਿੜਕਦੇ ਹਨ ਜੋ ਸਾਡੇ ਦੁੱਖ ਦਾ ਕਾਰਨ ਬਣਦੇ ਹਨ। ਇਹੀ ਦੁੱਖ ਸਾਡੇ ਜੀਵਨ ਦੀ ਸ਼ਾਂਤੀ ਭੰਗ ਕਰਦਾ ਹੈ।
ਪਿਆਰ ਅਤੇ ਨਫ਼ਰਤ ਦੀਆਂ ਭਾਵਨਾਵਾਂ ਨੂੰ ਅਸੀਂ ਪੁੱਲਾਂ aਤੇ ਦੀਵਾਰਾਂ ਨਾਲ ਵੀ ਤੁਲਨਾ ਕਰ ਸਕਦੇ ਹਾਂ। ਪੁੱਲ ਆਪਸ ਵਿਚ ਇਕ ਦੂਸਰੇ ਨੂੰ ਮਿਲਾਉਂਦੇ ਹਨ। ਪੁੱਲਾਂ ਨਾਲ ਨਜ਼ਦੀਕੀਆਂ ਵਧਦੀਆਂ ਹਨ।ਪੁੱਲ ਦੂਰੀਆਂ ਦੂਰ ਕਰਦੇ ਹਨ ਅਤੇ ਨਜ਼ਦੀਕੀਆਂ ਵਧਾਉਂਦੇ ਹਨ। ਲੋਕ ਇਕ ਦੂਜੇ ਦੇ ਸੰਪਰਕ ਵਿਚ ਆਉਂਦੇ ਹਨ। ਉਨ੍ਹਾਂ ਵਿਚ ਮੇਲ ਮਿਲਾਪ ਵਧਦਾ ਹੈ ਜੋ ਦਿਲਾਂ ਨੂੰ ਜੋੜਦਾ ਹੈ। ਦੀਵਾਰਾਂ ਦਿਲਾਂ ਵਿਚ ਦੂਰੀਆਂ ਪੈਦਾ ਕਰਦੀਆਂ ਹਨ। ਇਕ ਦੂਜੇ ਨਾਲ ਮੇਲ ਮਿਲਾਪ ਦੇ ਸਬੰਧ ਘਟਦੇ ਹਨ। ਇਸ ਨਾਲ ਪਿਆਰ ਭਰੇ ਰਿਸ਼ਤੇ ਤਿੜਕਦੇ ਹਨ। ਦਿਲ ਇਕ ਦੂਜੇ 'ਤੋਂ ਦੂਰ ਹੋ ਜਾਂਦੇ ਹਨ। ਆਪਸ ਵਿਚ ਗ਼ਲਤ-ਫਹਿਮੀਆਂ ਵਧਦੀਆਂ ਹਨ। ਇਕ ਦੂਜੇ ਦੇ ਮਨ ਵਿਚ ਨਫ਼ਰਤ ਪੈਦਾ ਹੋ ਜਾਂਦੀ ਹੈ। ਇਕ ਦੂਜੇ ਦੇ ਦੁੱਖ ਸੁਖ ਦਾ ਪਤਾ ਹੀ ਨਹੀਂ ਲੱਗਦਾ। ਇਸੇ ਲਈ ਕਹਿੰਦੇ ਹਨ-ਕੰਧ ਓਹਲੇ ਪ੍ਰਦੇਸ। ਦੀਵਾਰਾਂ ਦੂਰੀਆਂ ਪੈਦਾ ਕਰਦੀਆਂ ਹਨ। ਨਫ਼ਰਤਾਂ, ਗ਼ਲਤਫ਼ਹਿਮੀਆਂ ਅਤੇ ਸ਼ੰਕੇ ਵਧਦੇ ਹਨ। ਆਪਸੀ ਸਦਭਾਵਨਾ ਖਤਮ ਹੁੰਦੀ ਹੈ ਅਤੇ ਰਿਸ਼ਤੇ ਟੁੱਟਦੇ ਹਨ। ਓਪਰੇਪਣ ਦਾ ਅਹਿਸਾਸ ਪੈਦਾ ਹੁੰਦਾ ਹੈ। 
ਪਿਆਰ ਪੁੱਲਾਂ ਦੀ ਤਰਾਂ ਆਪਸ ਵਿਚ ਜੋੜਦਾ ਹੈ। ਸਾਡੇ ਵਿਚ ਨਜ਼ਦੀਕੀਆਂ ਵਧਦੀਆਂ ਹਨ। ਨਫ਼ਰਤ ਸਾਨੂੰ ਆਪਸ ਤੋਂ ਤੋੜਦੀ ਹੈ ਜਾਣੀ ਕਿ ਨਫ਼ਰਤ ਸਾਨੂੰ ਇਕ ਦੂਜੇ ਤੋਂ ਦੂਰ ਕਰਦੀ ਹੈ। ਜਦ ਕੋਈ ਮਨੁੱਖ ਦੂਸਰੇ ਦੀਆਂ ਨਜ਼ਰਾਂ ਤੋਂ ਗ਼ਿਰ ਜਾਂਦਾ ਹੈ ਤਾਂ ਉਸ ਲਈ ਦੁਬਾਰਾ ਉਸ ਦੀਆਂ ਨਜ਼ਰਾਂ ਵਿਚ ਉੱਠਣਾ ਅਸੰਭਵ ਜਿਹਾ ਹੋ ਜਾਂਦਾ ਹੈ।। ਉਨ੍ਹਾਂ ਵਿਚ ਸਭ ਨਜ਼ਦੀਕੀਆਂ ਖ਼ਤਮ ਹੋ ਜਾਂਦੀਆਂ ਹਨ। ਦੂਰੀਆਂ ਅਤੇ ਗ਼ਲਤਫ਼ਹਿਮੀਆਂ ਵਧਦੀਆਂ ਜਾਂਦੀਆਂ ਹਨ।ਨਫ਼ਰਤ ਉਹ ਜ਼ਹਿਰ ਹੈ ਜੋ ਬੰਦੇ ਨੂੰ ਕਦੀ ਨਹੀਂ ਖਿੜਣ ਦਿੰਦਾ।
ਕਈ ਲੋਕ ਆਪਣੇ ਆਪ ਨੂੰ ਬਹੁਤ ਸਿਆਣਾ ਅਤੇ ਉੱਚਾ ਸਮਝਦੇ ਹਨ। ਉਨ੍ਹਾਂ ਵਿਚ ਭਰਮ ਹੁੰਦਾ ਹੈ ਕਿ ਉਨ੍ਹਾਂ ਦੀ ਅਕਲ ਬਹੁਤ ਵੱਡੀ ਹੈ ਅਤੇ ਉਨ੍ਹਾਂ ਦੇ ਬਰਾਬਰ ਦਾ ਕੋਈ ਵੀ ਨਹੀਂ। ਉਹ ਦੂਸਰੇ 'ਤੇ ਆਪਣਾ ਹੁਕਮ ਠੋਸਣਾ ਚਾਹੁੰਦੇ ਹਨ। ਜਦ ਇਹ ਹੁਕਮ ਨਹੀਂ ਚੱਲਦਾ ਤਾਂ ਕਰੋਧ ਵਿਚ ਆ ਕਿ ਕੌੜਾ ਅਤੇ ਉੱਚਾ ਬੋਲਦੇ ਹਨ। ਉਹ ਦੂਜੇ ਨੂੰ ਬਹੁਤ ਘਟੀਆ ਸਮਝਦੇ ਹਨ। ਉਨ੍ਹਾਂ ਨਾਲ ਵਰਤਣ ਲੱਗੇ ਵੀ ਬਹੁਤ ਘਟੀਆ ਵਿਉਹਾਰ ਕਰਦੇ ਹਨ। ਇਸ ਤਰ੍ਹਾਂ ਦੂਜੇ ਲੋਕ ਵੀ ਉਨ੍ਹਾਂ ਦੇ ਨੇੜੇ ਲੱਗਣ ਤੋਂ ਕਤਰਾਉਣ ਲੱਗ ਪੈਂਦੇ ਹਨ। ਹੌਲੀ ਹੌਲੀ ਉਨ੍ਹਾਂ ਦਾ ਸਮਾਜਿਕ ਦਾਇਰਾ ਵੀ ਬਹੁਤ ਤੰਗ ਹੁੰਦਾ ਜਾਂਦਾ ਹੈ। ਅਜਿਹੇ ਲੋਕਾਂ ਦੀ ਆਪਣੇ ਪਰਿਵਾਰ ਵਿਚ ਵੀ ਕਿਸੇ ਨਾਲ ਨਹੀਂ ਬਣਦੀ। ਉਨ੍ਹਾਂ ਦੇ ਘਰ ਵਿਚ ਹਰ ਸਮੇ ਤਣਾਅ ਰਹਿੰਦਾ ਹੈ। ਕਈ ਵਾਰੀ ਤਾਂ ਤੁਫ਼ਾਨ ਤੋਂ ਪਹਿਲਾਂ ਵਾਲੀ ਚੁੱਪ ਬਣੀ ਰਹਿੰਦੀ ਹੈ। ਫਿਰ ਮਹਾਂ ਭਾਰਤ ਛਿੜ ਜਾਂਦਾ ਹੈ। ਅਜਿਹੇ ਹਾਲਤ ਵਿਚ ਉੱਥੇ ਪਿਆਰ ਕਿਵੇਂ ਪਨਪ ਸਕਦਾ ਹੈ? ਅਜਿਹੇ ਬੰਦੇ ਆਪਣੀ ਜ਼ਿੰਦਗੀ ਵਿਚ ਸਭ ਨਾਲੋਂ ਅਲੱਗ ਥਲੱਗ ਹੋ ਕੇ ਰਹਿ ਜਾਂਦੇ ਹਨ। ਉਹ ਜ਼ਿੰਦਗੀ ਭਰ ਨਾ ਤਾਂ ਕਿਸੇ ਨੂੰ ਪਿਆਰ ਦੇ ਸਕਦੇ ਹਨ, ਨਾ ਹੀ ਕਿਸੇ ਤੋਂ ਪਿਆਰ ਹਾਸਿਲ ਕਰ ਸਕਦੇ ਹਨ। ਉਹ ਆਪ ਵੀ ਖੁਸ਼ਕ ਹੁੰਦੇ ਹਨ ਅਤੇ ਦੂਜਿਆਂ ਨੂੰ ਵੀ ਖੁਸ਼ਕ ਹੀ ਰੱਖਦੇ ਹਨ। ਅਜਿਹੇ ਲੋਕਾਂ ਦਾ ਤਾਂ ਰੱਬ ਹੀ ਰਾਖਾ ਹੁੰਦਾ ਹੈ।
ਕਿਸੇ ਪਰਿਵਾਰ, ਸੰਸਥਾਂ ਜਾਂ ਮੁਲਕ ਦਾ ਵਿਕਾਸ ਆਪਸੀ ਪਿਆਰ ਅਤੇ ਸਹਿਯੋਗ ਨਾਲ ਹੀ ਸੰਭਵ ਹੁੰਦਾ ਹੈ।ਜਦ ਦੋ ਦਿਲ ਮਿਲਦੇ ਹਨ ਤਾਂ ਇਕ ਨਵੇਂ ਸੰਸਾਰ ਦੀ ਰਚਨਾ ਹੁੰਦੀ ਹੈ। ਉਨ੍ਹਾਂ ਦਾ ਜੀਵਨ ਸਫ਼ਲ ਹੁੰਦਾ ਹੈ। ਉਨ੍ਹਾਂ ਨੂੰ ਆਪਣੀ ਮੰਜਿਲ ਤੇ ਪਹੁੰਚਣ ਲਈ ਇਕ ਨਵੀਂ ਅਤੇ ਸਪਸ਼ਟ ਰਾਹ ਮਿਲਦੀ ਹੈ। ਜਦ ਦੋ ਹੱਥ ਮਿਲਦੇ ਹਨ ਤਾਂ ਉਨ੍ਹਾਂ ਨੂੰ ਇਕ ਨਵੀਂ ਸ਼ਕਤੀ ਮਿਲਦੀ ਹੈ। ਫਿਰ ਵਿਕਾਸ ਛਾਲਾਂ ਮਾਰ ਕੇ ਅੱਗੇ ਵਧਦਾ ਹੈ। ਸ਼ਾਂਤੀ ਦੇ ਸਮੇਂ ਇਕ ਦੂਜੇ ਦੇ ਸਹਿਯੋਗ ਨਾਲ ਹੀ ਦੇਸ਼ ਦਾ ਵਿਕਾਸ ਹੁੰਦਾ ਹੈ। ਦੇਸ਼ ਵਿਚ ਰਿਕਾਰਡ ਉੱਪਜ ਪੈਦਾ ਹੁੰਦੀ ਹੈ। ਨਵੇਂ ਕਾਰਖਾਨੇ ਲੱਗਦੇ ਹਨ। ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ। ਭੁੱਖਮਰੀ ਖਤਮ ਹੁੰਦੀ ਹੈ। ਮੁਰਝਾਏ ਹੋਏ ਚਿਹਰੇ ਖਿੜ ਉੱਠਦੇ ਹਨ। ਨਵੀਆਂ ਸੜਕਾਂ ਬਣਦੀਆਂ ਹਨ। ਪੁੱਲ ਬਣਦੇ ਹਨ ਜੋ ਦਿਲਾਂ ਨੂੰ ਜੋੜਦੇ ਹਨ। ਵੱਡੇ ਵੱਡੇ ਬੰਧ ਉਸਾਰੇ ਜਾਂਦੇ ਹਨ। ਲੋਕਾਂ ਵਿਚ ਸੁਹਜ ਸੁਆਦ ਦੀ ਰੁੱਚੀ ਵਧਦੀ ਹੈ। ਕਲਾਕਾਰ ਆਪਣੇ ਸ਼ਾਹਕਾਰ ਤਿਆਰ ਕਰਦੇ ਹਨ ਜੋ ਸਾਰੀ ਦੁਨੀਆਂ 'ਤੇ ਆਪਣੀ ਛਾਪ ਛੱਡ ਜਾਂਦੇ ਹਨ।। ਵਿਦਿਆ ਅਤੇ ਵਿਗਆਨ ਦਾ ਵਿਕਾਸ ਹੁੰਦਾ ਹੈ। ਉਪਲੱਭਦੀਆਂ ਦੀਆਂ ਨਵੀਂਆਂ ਸਿਖ਼ਰਾਂ ਛੁਹੀਆਂ ਜਾਂਦੀਆਂ ਹਨ। ਸੁੰਦਰਤਾ ਅਤੇ ਸਫਾਈ ਦਾ ਦੌਰ ਸ਼ੁਰੂ ਹੁੰਦਾ ਹੈ।। ਦੇਸ਼ ਵਿਚ ਨਵੀਂਆਂ ਸੈਰਗਾਹਾਂ ਅਤੇ ਅਜੂਬੇ ਬਣਦੇ ਹਨ ਜੋ ਦੂਜੇ ਮੁਲਕਾਂ ਦੇ ਸੈਲਾਨੀਆਂ ਨੂੰ ਪਿਆਰ ਦਾ ਸੁਨੇਹਾ ਦਿੰਦੇ ਹਨ। ਉਨ੍ਹਾਂ ਨੂੰ ਸੰਮੋਹਿਤ ਕਰ ਕੇ ਆਪਣੀ ਤਰਫ ਖ਼ਿੱਚਦੇ ਹਨ।। ਪਰਸਪਰ ਪਿਆਰ ਵਧਦਾ ਹੈ। ਦਿਲ ਜੁੜਦੇ ਹਨ। ਇਕ ਦੂਸਰੇ ਦੇ ਦਿਲਾਂ ਵਿਚ ਇਜ਼ੱਤ ਅਤੇ ਕਦਰ ਵਧਦੀ ਹੈ। ਦੇਸ਼ ਅਸਲ ਵਿਚ ਇਸ ਧਰਤੀ ਤੇ ਹੀ ਸਵਰਗ ਦਾ ਨਜ਼ਾਰਾ ਪੇਸ਼ ਕਰਦੇ ਹਨ।
ਜਦ ਕੋਈ ਪਰਿਵਾਰ, ਸੰਸਥਾ ਜਾਂ ਦੇਸ਼ ਆਪਣੀ ਅੰਦਰੂਨੀ ਫੁੱਟ ਵਿਚ ਉਲਝਿਆਂ ਹੋਵੇ ਤਾਂ ਉੱਥੇ ਨਫ਼ਰਤਾਂ ਵਧਦੀਆਂ ਹਨ। ਦਿਲਾਂ ਦਰਮਿਆਨ ਦੀਵਾਰਾਂ ਖੜੀਆਂ ਹੁੰਦੀਆਂ ਹਨ। ਬਣੇ ਬਣਾਏ ਪੁੱਲ ਟੁਟਦੇ ਹਨ। ਇਮਾਰਤਾਂ ਖੰਡਰ ਦਾ ਨਜ਼ਾਰਾ ਪੇਸ਼ ਕਰਦੀਆਂ ਹਨ। ਲੋਕ ਇਕ ਦੂਜੇ ਦੇ ਖ਼ੂਨ ਦੇ ਪਿਆਸੇ ਬਣ ਜਾਂਦੇ ਹਨ। ਸੰਸਥਾ ਦੇ ਵਿਕਾਸ ਨਾਲੋਂ ਨਿੱਜੀ ਹਉਮੇ ਨੂੰ ਪਹਿਲ ਦਿੱਤੀ ਜਾਂਦੀ ਹੈ। ਹਰ ਗਲ ਮੁੱਛ ਦਾ ਸਵਾਲ ਬਣ ਜਾਂਦੀ ਹੈ। ਆਪਸ ਵਿਚ ਅਸਹਿਮਤੀਆਂ ਅਤੇ ਦੂਰੀਆਂ ਵਧਦੀਆਂ ਹਨ। ਇਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਫਿਰ ਉਹ ਹਿਸਾਬ ਹੁੰਦਾ ਹੈ ਕਿ 'ਦੂਜੇ ਦੀ ਮੱਝ ਮਰ ਜਾਵੇ, ਆਪਣੀ ਭਾਵੇਂ ਕੰਧ ਢਹਿ ਜਾਵੇ'। ਅਜਿਹੇ ਪਰਿਵਾਰ, ਸੰਸਥਾ ਅਤੇ ਦੇਸ਼ ਦੇ ਵਿਕਾਸ ਦਾ ਪਹੀਆਂ ਉਲਟਾ ਘੁਮੰਣ ਲੱਗ ਪੈਂਦਾ ਹੈ। ਉਹ ਅੱਗੇ ਵਧਣ ਦੀ ਬਜਾਏ ਦੂਜਿਆਂ ਨਾਲੋਂ ਕਈ ਸਾਲ ਪੱਛੜ ਜਾਂਦੇ ਹਨ। ਜਦ ਕਿਸੇ ਦੋ ਜਾਂ ਵੱਧ ਮੁਲਕਾਂ ਵਿਚ ਗ਼ਲਤ-ਫਹਿਮੀਆਂ ਵਧ ਜਾਣ ਤਾਂ ਉਨ੍ਹਾਂ ਵਿਚ ਹਰ ਸਮੇਂ ਤਣਾਅ ਰਹਿਣ ਲੱਗ ਜਾਂਦਾ ਹੈ। ਗਲਬਾਤ ਨਾਲ ਵੀ ਕੋਈ ਹੱਲ ਨਹੀਂ ਨਿਕਲਦਾ। ਤਾਕਤਵਰ ਮੁਲਕ ਕਮਜ਼ੋਰ ਮੁਲਕ ਨੂੰ ਦਬਾਉਣਾ ਚਾਹੁੰਦਾ ਹੈ। ਇਸ ਲਈ ਆਪਸ ਵਿਚ ਅਸਹਿਮਤੀ ਪੈਦਾ ਹੋ ਜਾਂਦੀ ਹੈ। ਆਪਸੀ ਵਿਸ਼ਵਾਸ ਅਤੇ ਸਹਿਯੋਗ ਖਤਮ ਹੋ ਜਾਂਦਾ ਹੈ। ਸਰਹੱਦਾਂ ਤੇ ਨਿੱਤ ਨਵੀਂਆਂ ਝੜਪਾਂ ਹੁੰਦੀਆਂ ਰਹਿੰਦੀਆਂ ਹਨ। ਦੂਸਰੇ ਮੁਲਕ ਵਿਚ ਘੁਸਬੈਠ ਕਰਾ ਕੇ ਅੱਤਵਾਦੀ ਭੇਜੇ ਜਾਂਦੇ ਹਨ, ਜੋ ਉੱਥੇ ਖ਼ੂਨ ਖਰਾਬੇ ਅਤੇ ਅੱਗਜਨੀ ਦੀਆਂ ਘਟਨਾਵਾਂ ਕਰਦੇ ਹਨ ਅਤੇ ਉਸ ਮੁਲਕ ਨੂੰ ਅੰਦਰੂਨੀ ਤੋਰ 'ਤੇ ਕਮਜ਼ੋਰ ਕਰਦੇ ਹਨ। ਇਹ ਝੜਪਾਂ ਅੱਗੇ ਜਾ ਕੇ ਯੁੱਧ ਦਾ ਰੂਪ ਧਾਰਨ ਕਰ ਲੈਂਦੀਆਂ ਹਨ। ਇਕ ਦੂਜੇ ਮੁਲਕ ਨੂੰ ਤਬਾਹ ਅਤੇ ਬਰਬਾਦ ਕਰਨ ਲਈ ਚਾਲਾਂ ਚੱਲੀਆਂ ਜਾਂਦੀਆਂ ਹਨ। ਫਿਰ ਮਾਰੂ ਹਥਿਆਰਾਂ ਨਾਲ ਦੂਜੇ ਮੁਲਕ ਨੂੰ ਫਨਾਹ ਕੀਤਾ ਜਾਂਦਾ ਹੈ। ਕੀਮਤੀ ਮਨੁੱਖੀ ਜਾਨਾਂ ਦਾ ਘਾਨ ਹੁੰਦਾ ਹੈ। ਅਰਬਾਂ ਰੁਪਏ ਦੀ ਜਾਇਦਾਦ ਸੜ ਕੇ ਸੁਆਹ ਹੋ ਜਾਂਦੀ ਹੈ। ਸਾਰੀ ਮਨੁੱਖਤਾ ਸ਼ਰਮਸਾਰ ਹੁੰਦੀ ਹੈ। ਪਹਿਲੀ ਅਤੇ ਦੂਜੀ ਸੰਸਾਰ ਜੰਗ ਇਸੇ ਹਉਮੇ ਦਾ ਹੀ ਨਤੀਜ਼ਾ ਸੀ, ਜਿਸਦੇ ਜ਼ਖਮ ਹਾਲੀ ਵੀ ਰਿਸ ਰਹੇ ਹਨ। ਹਾਲੀ ਵੀ ਉਹ ਹੀ ਤਬਾਹੀ ਅਤੇ ਬਰਬਾਦੀ ਦੇ ਮੰਜਰ ਨਜ਼ਰ ਆਉਂਦੇ ਹਨ।ਇਹ ਜੰਗਾਂ ਆਪਣੇ ਪਿੱਛੇ ਮੌਤ, ਬਿਮਾਰੀ ਅਤੇ ਬਰਬਾਦੀ ਛੱਡ ਜਾਂਦੀਆਂ ਹਨ। ਆਮ ਤੋਰ ਤੇ ਜਾਲਮ ਹਾਕਮਾਂ ਦੇ ਮਨ ਵਿਚ ਹਉਮੇ ਬਹੁਤ ਹੁੰਦੀ ਹੈ। ਉਨ੍ਹਾਂ ਨੂੰ ਆਪਣੀ ਅਕਲ ਅਤੇ ਤਾਕਤ ਦਾ ਬਹੁਤ ਘੁਮੰਡ ਹੁੰਦਾ ਹੈ।ਉਹ ਸਾਰੀ ਦੁਨੀਆਂ ਤੇ ਰਾਜ ਕਰਨਾ ਚਾਹੁੰਦੇ ਹਨ। ਸਿਕੰਦਰ, ਹਿਟਲਰ ਅਤੇ ਮੋਸੋਲੀਨੀ ਜਹੇ ਹਾਕਮਰਾਨ ਹੀ ਸਨ ਜਿਨ੍ਹਾਂ ਨੇ ਸਾਰੀ ਦੁਨੀਆਂ ਨੂੰ ਵਿਨਾਸ਼ ਦੇ ਕਿਨਾਰੇ ਤੇ ਲਿਆ ਕੇ ਖੜ੍ਹਾਂ ਕਰ ਦਿੱਤਾ। ਉਨ੍ਹਾਂ ਦੀ ਖ਼ੂਨੀ ਪਿਆਸ ਫਿਰ ਵੀ ਨਹੀਂ ਬੁੱਝੀ।
ਕਈ ਵਾਰੀ ਦੇਖਿਆਂ ਗਿਆ ਹੈ ਕਿ ਇਕਹਿਰੇ ਪਰਿਵਾਰ ਦੇ ਜੀਆਂ ਵਿਚ ਆਪਸ ਵਿਚ ਬਹੁਤ ਪਿਆਰ ਹੁੰਦਾ ਹੈ, ਪਰ ਜਦ ਬੱਚੇ ਵੱਡੇ ਹੋ ਕੇ ਵਿਆਹੇ ਜਾਂਦੇ ਹਨ ਤਾਂ ਉਨ੍ਹਾਂ ਦੀਆਂ ਤਜਰੀਹਾਂ ਬਦਲ ਜਾਂਦੀਆਂ ਹਨ। ਉਨ੍ਹਾਂ ਵਿਚ ਨਿੱਜਤਾ ਵਧਦੀ ਹੈ ਅਤੇ ਪੈਸੇ ਦਾ ਲਾਲਚ ਆ ਜਾਂਦਾ ਹੈ। ਮਾਂ ਪਿਓ ਦੇ ਜਿਉਂਦੇ ਜੀਅ ਹੀ ਬੱਚੇ ਜਾਇਦਾਦ ਦੀਆਂ ਵੰਡੀਆਂ ਪਾਉਣ ਲੱਗ ਪੈਂਦੇ ਹਨ। ਆਪਸੀ ਪਿਆਰ ਨਫ਼ਰਤ ਅਤੇ ਈਰਖਾ ਵਿਚ ਬਦਲ ਜਾਂਦਾ ਹੈ। ਘਰਾਂ ਵਿਚ ਨਫ਼ਰਤ ਦੀਆਂ ਦੀਵਾਰਾਂ ਖੜ੍ਹੀਆਂ ਹੋ ਜਾਂਦੀਆਂ ਹਨ। ਮਾਂ ਪਿਓ ਦੇ ਖ਼ੂਨ ਪਸੀਨੇ ਦੀ ਕਮਾਈ ਨਾਲ ਤਿਨਕਾ ਤਿਨਕਾ ਕਰ ਕੇ ਜੋ ਆਸ਼ਿਆਨਾ ਬਣਿਆ ਹੁੰਦਾ ਹੈ, ਉਹ ਖੇਰੂ ਖੇਰੂ ਹੋ ਜਾਂਦਾ ਹੈ। ਫਿਰ ਬੱਚੇ ਤਾਂ ਮਾਂ ਪਿਓ ਨੂੰ ਵੀ ਵੰਡ ਲੈਂਦੇ ਹਨ। ਜਿੰਨ੍ਹਾਂ ਦਾ ਸਾਰੀ ਉਮਰ ਭਰ ਦਾ ਸਾਥ ਹੁੰਦਾ ਹੈ, ਉਨ੍ਹਾਂ ਵਿਚ ਵੀ ਲੰਮੇ ਵਿਛੋੜੇ ਪਾ ਦਿੰਦੇ ਹਨ। ਜੇ ਸਹਿਮਤੀ ਨਾਲ ਵੰਡ ਵੰਡਾਈ ਨਾ ਹੋਵੇ ਤਾਂ ਇਕ ਦੂਜੇ ਦੀ ਜਾਨ ਦੇ ਦੁਸ਼ਮਣ ਬਣ ਜਾਂਦੇ ਹਨ। ਇਸੇ ਤਰ੍ਹਾਂ ਕਈ ਵਰੀ ਨੌਜੁਆਨ ਲੜਕਾ ਲੜਕੀ ਆਪਸ ਵਿਚ ਪਰੇਮ ਵਿਆਹ ਕਰ ਲੈਂਦੇ ਹਨ। ਉਹ ਮਾਂ ਪਿਓ ਦੀ ਸਹਿਮਤੀ ਦੀ ਪਰਵਾਹ ਨਹੀਂ ਕਰਦੇ। ਜਦ ਕੁਝ ਸਮਾਂ ਬੀਤਣ 'ਤੇ ਉਨ੍ਹਾਂ ਦੀ ਆਪਸ ਵਿਚ ਨਹੀਂ ਬਣਦੀ ਤਾਂ ਨਫ਼ਰਤ ਦੀਆਂ ਦੀਵਾਰਾਂ ਖੜ੍ਹੀਆਂ ਹੋ ਜਾਂਦੀਆਂ ਹਨ। ਇਸ ਦਾ ਨਤੀਜ਼ਾ ਬਹੁਤ ਦੁਖਾਂਤ ਵਿਚ ਨਿਕਲਦਾ ਹੈ। ਗਲ ਤਲਾਕ ਤੱਕ ਪਹੁੰਚ ਜਾਂਦੀ ਹੈ। ਪਿਆਰ ਦੇ ਰਿਸ਼ਤੇ ਤਾਰ ਤਾਰ ਹੋ ਜਾਂਦੇ ਹਨ। ਘਰ ਦੀ ਲੜਾਈ ਬਜ਼ਾਰ ਵਿਚ ਆ ਜਾਂਦੀ ਹੈ। ਇਕ ਦੂਜੇ ਤੇ ਝੂਠੇ ਅਤੇ ਨੰਗੇ ਇਲਜ਼ਾਮ ਲਾਏ ਜਾਂਦੇ ਹਨ। ਸਾਰੇ ਜੀਆਂ ਵਿਚ ਜ਼ਿੰਦਗੀ ਭਰ ਦਾ ਦੁਖਾਂਤ ਪੈਦਾ ਹੋ ਜਾਂਦਾ ਹੈ। ਜ਼ਿੰਦਗੀ ਸੰਤਾਪ ਬਣ ਕੇ ਨਰਕ ਦਾ ਰੂਪ ਧਾਰਨ ਕਰ ਲੈਂਦੀ ਹੈ। ਅਜਿਹੇ ਜੋੜਿਆਂ ਦੀ ਜੇ ਕੋਈ ਅੋਲਾਦ ਹੋਵੇ ਤਾਂ ਉਸ ਦਾ ਮਾਨਸਿਕ ਸੰਤਾਪ ਤਾਂ ਬਿਆਨ ਹੀ ਨਹੀਂ ਕੀਤਾ ਜਾ ਸਕਦਾ।
ਜੁਆਨ ਬੰਦਿਆਂ ਨੇ ਆਪਣੇ ਬੱਚਿਆਂ ਅਤੇ ਬਜ਼ੁਰਗ ਮਾਂ ਬਾਪ ਵਿਚ ਇਕ ਪੁੱਲ ਦਾ ਕੰਮ ਕਰਨਾ ਹੁੰਦਾ ਹੈ, ਤਾਂ ਕਿ ਉਨ੍ਹਾਂ ਦੇ ਬੱਚਿਆਂ ਨੂੰ ਬਜ਼ੁਰਗਾਂ ਦਾ ਪਿਆਰ ਅਤੇ ਚੰਗੇ ਸੰਸਕਾਰ ਮਿਲ ਸੱਕਣ ਅਤੇ ਬਜ਼ੁਰਗਾਂ ਨੂੰ ਬਣਦਾ ਮਾਣ ਸਤਿਕਾਰ ਮਿਲ ਸੱਕੇ। ਉਨ੍ਹਾਂ ਨੂੰ ਮਹਿਸੂਸ ਹੋਵੇ ਕਿ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਜਨਮ ਦੇ ਕੇ ਅਤੇ ਪਾਲ ਪੋਸ ਕੇ ਕੋਈ ਗ਼ਲਤੀ ਨਹੀਂ ਕੀਤੀ। ਉਨ੍ਹਾਂ ਨੂੰ ਪਰਿਵਾਰ ਦੇ ਮੋਢੀ ਹੋਣ ਦਾ ਮਾਣ ਮਹਿਸੂਸ ਹੋ ਸੱਕੇ। ਜਿਹੜੇ ਨੌਜੁਆਨ ਆਪਣੀ ਇਹ ਜ਼ਿੰਮੇਵਾਰੀ ਨਹੀਂ ਨੂੰ ਨਹੀਂ ਨਿਭਾ ਸਕਦੇ ਜਾਂ  ਘਰ ਦੇ ਸਾਰੇ ਜੀਆਂ ਵਿਚ ਪੂਰਾ ਤਾਲਮੇਲ ਨਹੀਂ ਰੱਖ ਸਕਦੇ, ਉਨ੍ਹਾਂ ਦੇ ਪਰਿਵਾਰ ਖੇਰੂ ਖੇਰੂ ਹੋ ਜਾਂਦੇ ਹਨ।। ਬੱਚਿਆਂ ਨੂੰ ਪਿਆਰ ਅਤੇ ਪੂਰੇ ਸੰਸਕਾਰ ਨਹੀਂ ਮਿਲ ਸਕਦੇ ਅਤੇ ਬਜ਼ੁਰਗਾਂ ਦੀ ਨਾ ਹੀ ਪੂਰੀ ਸੰਭਾਲ ਹੋ ਪਾਉਂਦੀ ਹੈ ਅਤੇ ਨਾ ਹੀ ਉਨ੍ਹਾਂ ਨੂੰ ਆਪਣੇ ਘਰ ਵਿਚ ਬਣਦਾ ਮਾਣ ਸਤਿਕਾਰ ਮਿਲਦਾ ਹੈ। ਉਨ੍ਹਾਂ ਦਾ ਬੁਢਾਪਾ ਰੁਲ ਜਾਂਦਾ ਹੈ। ਰੋਜ਼ ਰੋਜ਼ ਦੀ ਬੇਇੱਜ਼ਤੀ ਅਤੇ ਬੇਰੁਖੀ 'ਤੋਂ ਤੰਗ ਆ ਕੇ ਉਨ੍ਹਾਂ ਨੂੰ ਬਿਰਧ ਆਸ਼ਰਮ ਵਿਚ ਸ਼ਰਨ ਲੈਣੀ ਪੈਂਦੀ ਹੈ। ਉਮਰ ਭਰ ਦੇ ਪਿਆਰ ਅਤੇ ਮੋਹ ਦੇ ਰਿਸ਼ਤੇ ਖਤਮ ਹੋ ਜਾਂਦੇ ਹਨ।
ਸਾਡੇ ਦੇਸ਼ ਦੇ ਰਾਜਨੇਤਾ ਲਿੰਗ ਭੇਦ, ਜਾਤਪਾਤ ਅਤੇ ਧਰਮ ਦੇ ਨਾਮ ਤੇ ਆਪਸ ਵਿਚ ਦੀਵਾਰਾਂ ਖੜ੍ਹੀਆਂ ਕਰ ਕੇ ਇਕ ਦੂਸਰੇ ਦੇ ਖ਼ਿਲਾਫ਼ ਨਫ਼ਰਤ ਪੈਦਾ ਕਰਦੇ ਹਨ। ਇਕ ਦੂਜੇ ਨੂੰ ਖ਼ੂਨ ਦੇ ਪਿਆਸੇ ਬਣਾਉਂਦੇ ਹਨ ਅਤੇ ਆਪਣੀਆਂ ਰਾਜਨੀਤਕ ਰੋਟੀਆਂ ਸੇਕਦੇ ਹਨ। ਸਾਨੂੰ ਅਜਿਹੇ ਰਾਜਨੇਤਾਵਾਂ ਤੋਂ ਚੋਕਸ ਰਹਿਣ ਦੀ ਲੋੜ ਹੈ। ਉਨ੍ਹਾਂ ਦੀਆਂ ਲੂੰਬੜ ਚਾਲਾਂ ਤੋਂ ਬਚਣਾ ਚਾਹੀਦਾ ਹੈ।
ਜਦ ਦੋ ਸਿਰ ਇਮਾਨਦਾਰੀ ਨਾਲ ਜੁੜ ਬੈਠਦੇ ਹਨ ਤਾਂ ਸਾਰੀਆਂ ਸਮੱਸਿਆਵਾਂ ਦੇ ਹੱਲ ਨਿਕਲ ਆਉਂਦੇ ਹਨ। ਨਫ਼ਰਤ ਦੀਆਂ ਦੀਵਾਰਾਂ ਢਹਿ ਜਾਂਦੀਆਂ ਹਨ। ਆਪਸੀ ਸਹਿਯੋਗ ਵਧਦਾ ਹੈ। ਇਕ ਦੂਜੇ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਜਾਂਦੀ ਹੈ। ਇਕ ਦੂਜੇ ਦੇ ਵਿਕਾਸ ਦੇ ਕੰਮਾਂ ਵਿਚ ਸਹਾਇਤਾ ਕੀਤੀ ਜਾਂਦੀ ਹੈ। ਕਮਜ਼ੋਰ ਧਿਰ ਨੂੰ ਆਪਣੇ ਪੈਰਾਂ ਤੇ ਖੜ੍ਹਾ ਕੀਤਾ ਜਾਂਦਾ ਹੈ। ਇਸ ਸਦਭਾਵਨਾ ਕਾਰਨ ਸਰਵਪੱਖੀ ਵਿਕਾਸ ਹੁੰਦਾ ਹੈ। ਇਕ ਦੂਜੇ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਜਾਂਦੀਆਂ ਹਨ। ਕਲਾ ਸਾਇੰਸ ਅਤੇ ਸਿਖਿਆ ਦੇ ਖੇਤਰ ਵਿਚ ਨਵੀਆਂ ਉਪਲੱਭਦੀਆਂ ਹੁੰਦੀਆਂ ਹਨ। ਸਭ ਪਾਸੇ ਸ਼ਾਂਤੀ ਅਤੇ ਖ਼ੁਸ਼ਹਾਲੀ ਫੈਲਦੀ ਹੈ।
ਦੋਸਤੋ ਹਰ ਮਨੁੱਖ ਨੇ ਆਪਣੀ ਜ਼ਿੰਦਗੀ ਖੁਦ ਹੀ ਬਣਾਉਣੀ ਹੁੰਦੀ ਹੈ। ਯਾਦ ਰੱਖੋ, ਨਫ਼ਰਤ ਕਦੀ ਨਫ਼ਰਤ ਨਾਲ ਨਹੀਂ ਹਟਦੀ। ਨਫ਼ਰਤ ਹਟਦੀ ਹੈ ਪਿਆਰ, ਵਿਸ਼ਵਾਸ ਅਤੇ ਸਹਿਯੋਗ ਨਾਲ। ਮਨੁੱਖੀ ਰਿਸ਼ਤੇ ਅਨਮੋਲ ਹਨ। ਇਸ ਲਈ ਆਪ ਸੋਚੋ ਕਿ ਕੀ ਤੁਸੀਂ ਘਰ ਵਿਚ ਨਫ਼ਰਤ ਦੀਆਂ ਦੀਵਾਰਾਂ ਖੜ੍ਹੀਆਂ ਕਰਨੀਆਂ ਹਨ ਜਾਂ ਪਿਆਰ ਦੇ ਪੁੱਲ ਬਣਾ ਕੇ ਦਿਲਾਂ ਨੂੰ ਜੋੜਨਾ ਹੈ? ਫੈਸਲਾ ਤੁਹਾਡੇ ਹੱਥ ਹੈ। ਅਸੀਂ ਤਾਂ ਇਹ ਹੀ ਕਹਾਂਗੇ ਕਿ ਆਓ ਪੁੱਲ ਬਣਾਈਏ, ਦੀਵਾਰਾਂ ਨੂੰ ਤੌੜੀਏ ਅਤੇ ਦਿਲਾਂ ਨੂੰ ਜੋੜੀਏ।