ਅੰਗਰੇਜ਼ੀ ਸਕੂਲਾਂ ਵਿੱਚ ਰੁਲਦੀ ਮਾਂ ਬੋਲੀ (ਲੇਖ )

ਅਮਰਦੀਪ ਕੌਰ   

Email: kauramardip@gmail.com
Address: 8-A , New Rajguru Nagar
Ludhiana India
ਅਮਰਦੀਪ ਕੌਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕਈ ਵਾਰ ਲੱਗਦਾ ਅਸੀਂ ਕਦੇ ਅਜ਼ਾਦ ਹੋਏ ਹੀ ਨਹੀਂ। ਅੰਗਰੇਜ਼ ਚਲੇ ਗਏ ਪਰ ਆਪਣੀ ਬੋਲੀ ਤੇ ਸੱਭਿਆਚਾਰ ਨੂੰ ਹਮੇਸ਼ਾ ਲਈ ਸਾਡੀ ਝੋਲੀ ਵਿੱਚ ਪਾ ਗਏ। ਅੱਜ ਹਰੇਕ ਮਾਂ ਬਾਪ ਆਪਣੇ ਬੱਚੇ ਨੂੰ ਅੰਗਰੇਜ਼ੀ ਸਕੂਲਾਂ ਵਿੱਚ ਪੜਾਉਣ ਲਈ ਹੀ ਤਰਜ਼ੀਹ ਦਿੰਦਾ ਹੈ। ਦੇਣ ਵੀ ਕਿਉਂ ਨਾ ? ਜਦ ਉਹਨਾਂ ਨੂੰ ਪਤਾ ਹੈ ਕਿ ਅੰਗਰੇਜ਼ੀ ਪੜੇ ਬਿਨਾਂ ਨਾ ਉਹਨਾਂ ਦੇ ਬੱਚੇ ਨੂੰ ਚੰਗੀ ਨੌਕਰੀ ਮਿਲਣੀ ਹੈ ਤੇ ਨਾ ਹੀ ਚੰਗਾ ਭਵਿੱਖ। ਅਸੀਂ ਮਾਤ ਭਾਸ਼ਾ ਨੂੰ ਬਚਾਉਣ ਦਾ ਸਿਰਫ ਰੌਲਾ ਪਾਉਂਦੇ ਹਾਂ ਪਰ ਇਸ ਨੂੰ ਬਚਾਉਣ ਲਈ ਜੋ ਕਦਮ ਚੁੱਕੇ ਜਾਣੇ ਚਾਹੀਦੇ ਹਨ, ਉਹ ਨਹੀਂ ਚੁੱਕੇ ਜਾ ਰਹੇ। ਇੱਕ ਪਾਸੇ ਤਾਂ ਸਰਕਾਰ ਇਸ ਨੂੰ ਅੰਗਰੇਜ਼ੀ ਸਕੂਲਾਂ ਵਿੱਚ ਲਾਜ਼ਮੀ ਵਿਸ਼ੇ ਵਜੋਂ ਪੜਾਉਣ ਦਾ ਹੁਕਮ ਜਾਰੀ ਕਰਦੀ ਹੈ ਤੇ ਦੂਜੇ ਪਾਸੇ ਇਹੀ ਲਾਜ਼ਮੀ ਵਿਸ਼ਾ ਇਹਨਾਂ ਸਕੂਲਾਂ ਵਿੱਚ ਤੀਜੇ ਵਿਸ਼ੇ ਵਜੋਂ ਪੜਾਉਣ ਤੇ ਕੋਈ ਇਤਰਾਜ਼ ਜ਼ਾਹਿਰ ਕਿਉਂ ਨਹੀਂ ਕਰਦੀ ? ਅੰਗਰੇਜ਼ੀ ਸਕੂਲਾਂ ਵਿੱਚ ਇਸ ਨੂੰ 'ਥਰਡ ਲੈਂਗੁਏਜ਼' ਕਹਿ ਕੇ ਇੱਕ ਨੁੱਕਰੇ ਸੁੱਟ ਦਿੱਤਾ ਜਾਂਦਾ ਹੈ। ਜਿੱਥੇ ਅੰਗਰੇਜ਼ੀ ਤੇ ਹਿੰਦੀ ਵਿਸ਼ੇ ਨੂੰ ਪੜਾਉਣ ਲਈ ਛੇ-ਛੇ, ਸੱਤ-ਸੱਤ ਪੀਰੀਅਡ ਦਿੱਤੇ ਜਾਂਦੇ ਹਨ, ਉੱਥੇ ਪੰਜਾਬੀ ਪੜਾਉਣ ਲਈ ਤਿੰਨ ਪੀਰੀਅਡ ਦੇ ਕੇ ਇਸ ਦਾ ਮਜ਼ਾਕ ਬਣਾਇਆ ਜਾਂਦਾ ਹੈ। ਸਲੇਬਸ ਸਭ ਤੋਂ ਘੱਟ ਰੱਖ ਕੇ ਖਾਨਾ ਪੂਰਤੀ ਪੰਜਾਬੀ ਪੜ੍ਹਾਈ ਜਾਂਦੀ ਹੈ। ਹਫ਼ਤੇ ਵਿੱਚ ਮਿਲਦੇ ਤਿੰਨ ਪੀਰੀਅਡਾਂ ਵਿੱਚ ਵੀ ਕਈ ਵਾਰ ਛੁੱਟੀ ਆ ਜਾਂਦੀ ਹੈ। ਹੁਣ ਤੁਸੀਂ ਧਿਆਨ ਨਾਲ ਸੋਚੋ ਜਿੱਥੇ ਅੰਗਰੇਜ਼ੀ ਤੇ ਹਿੰਦੀ ਹਫ਼ਤਾ ਭਰ ਪੜਾਈ ਜਾਂਦੀ ਹੋਵੇ ਤੇ ਪੰਜਾਬੀ ਦੋ ਤਿੰਨ ਦਿਨ, ਉੱਥੇ ਬੱਚੇ ਪੰਜਾਬੀ ਵਿੱਚ ਕਿੰਨੀ ਕੁ ਮੁਹਾਰਤ ਹਾਸਲ ਕਰਨਗੇ ? ਇਹ ਵਿਤਕਰਾ ਪੰਜਾਬੀ ਵਿਸ਼ੇ ਨਾਲ ਹੀ ਨਹੀਂ ਸਗੋਂ ਪੰਜਾਬੀ ਅਧਿਆਪਕ ਨਾਲ ਵੀ ਕੀਤਾ ਜਾਂਦਾ ਹੈ। ਪਹਿਲਾਂ ਤਾਂ ਪੰਜਾਬੀ ਅਧਿਆਪਕ ਨੂੰ ਉਹ ਮਾਣ ਸਨਮਾਨ ਹੀ ਨਹੀਂ ਮਿਲਦਾ ਜੋ ਹੋਰ ਵਿਸ਼ਿਆਂ ਦੇ ਅਧਿਆਪਕਾਂ ਨੂੰ ਮਿਲਦਾ ਹੈ। ਹੋਰ ਤਾਂ ਹੋਰ ਉਹਨਾਂ ਨੂੰ ਬਾਕੀ ਅਧਿਆਪਕਾਂ ਦੇ ਮੁਕਾਬਲੇ ਜਮਾਤਾਂ ਵੀ ਦੁੱਗਣੀਆਂ ਦਿੱਤੀਆਂ ਜਾਂਦੀਆਂ ਹਨ। ਤਰਕ ਇਹ ਦਿੱਤਾ ਜਾਂਦਾ ਹੈ ਕਿ ਉਹਨਾਂ ਦੇ ਪੀਰੀਅਡ ਘੱਟ ਬਣਦੇ ਸਨ। ਉਦਾਹਰਨ ਦੇ ਤੌਰ ਤੇ ਇੱਕ ਅੰਗਰੇਜ਼ੀ ਜਾਂ ਹਿੰਦੀ ਦੇ ਅਧਿਆਪਕ ਨੂੰ ਪੰਜ ਜਮਾਤਾਂ ਦੇ ਦਿੱਤੀਆਂ ਤਾਂ ਉਹਨਾਂ ਦੇ ਹਫ਼ਤੇ ਦੇ 30 ਪੀਰੀਅਡ ਬਣ ਜਾਂਦੇ ਹਨ । ਹੁਣ ਕਿਉਂਕਿ ਪੰਜਾਬੀ ਅਧਿਆਪਕ ਨੂੰ ਇੱਕ ਜਮਾਤ ਪੜਾਉਣ ਲਈ ਤਿੰਨ ਹੀ ਪੀਰੀਅਡ ਦਿੱਤੇ ਜਾਂਦੇ ਹਨ ਤਾਂ ਉਸ ਦੇ 30 ਪੀਰੀਅਡ ਬਣਾਉਣ ਲਈ ਉਸ ਨੂੰ ਦਸ ਜਮਾਤਾਂ ਦਿੱਤੀਆਂ ਜਾਂਦੀਆਂ ਹਨ। ਇਸ ਵੰਡ ਵੇਲੇ ਇਸ ਗੱਲ ਨੂੰ ਬਿਲਕੁਲ ਅੱਖੋਂ ਪਰੋਖੇ ਕਰ ਦਿੱਤਾ ਜਾਂਦਾ ਹੈ ਕਿ ਦਸ ਜਮਾਤਾਂ ਦੀਆਂ ਕਾਪੀਆਂ ਤੇ ਪੇਪਰ ਇੱਕ ਅਧਿਆਪਕਾ ਨੇ ਕਿਵੇਂ ਚੈੱਕ ਕਰਨੇ ਹਨ ? ਇਹ ਤਾਂ ਮੈਂ ਇੱਥੇ ਸਿਰਫ ਇੱਕ ਪੱਖ ਨੂੰ ਪੇਸ਼ ਕੀਤਾ ਹੈ,ਹੋਰ ਬਹੁਤ ਥਾਈਂ ਵੀ ਪੰਜਾਬੀ ਅਧਿਆਪਕਾ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰਕਾਰਾਂ ਤਾਂ ਸੋਚਦੀਆਂ ਹਨ ਕਿ ਪੰਜਾਬੀ ਵਿਸ਼ੇ ਨੂੰ ਲਾਜ਼ਮੀ ਕਰਕੇ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾ ਲਈ ਹੈ, ਪਰ ਲਾਜ਼ਮੀ ਬਣਾ ਕੇ ਵੀ ਜੋ ਇਸ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ, ਉਹ ਦਿਨ ਦੂਰ ਨਹੀਂ ਜਦੋਂ ਨਾ ਕੋਈ ਪੰਜਾਬੀ ਅਧਿਆਪਕ ਬਣਨਾ ਚਾਹੇਗਾ ਤੇ ਨਾ ਹੀ ਕੋਈ ਪੰਜਾਬੀ ਪੜਣਾ ਚਾਹੇਗਾ। ਜੇ ਆਪਣੀ ਮਾਂ ਬੋਲੀ ਬਚਾਉਣੀ ਹੈ ਤਾਂ ਸਭ ਤੋਂ ਪਹਿਲਾਂ ਸਰਕਾਰਾਂ ਨੂੰ ਇਸ ਨੂੰ ਸਿਰਫ ਲਾਜ਼ਮੀ ਨਹੀਂ ਸਗੋਂ ਪਹਿਲੇ ਵਿਸ਼ੇ ਦੇ ਤੌਰ ਤੇ ਲਾਜ਼ਮੀ ਬਣਾਉਣਾ ਜ਼ਰੂਰੀ ਹੈ। ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਮਾਂ ਬੋਲੀ ਸ਼ਬਦ ਹੀ ਸ਼ਬਦਕੋਸ਼ ਵਿੱਚੋਂ ਅਲੋਪ ਹੋ ਜਾਣਾ ਹੈ।