ਗਾਲ਼ ਜਦੋਂ ਗੀਤ ਬਣਦੀ ਹੈ (ਮਿੰਨੀ ਕਹਾਣੀ)

ਹਰਪ੍ਰੀਤ ਸਿੰਘ    

Email: harpreetsingh.kkr@gmail.com
Cell: +91 99924 14888, 94670 4088
Address:
India
ਹਰਪ੍ਰੀਤ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਭੋਲੂ ਸਕੂਲੋਂ ਭੱਜਿਆ-ਭੱਜਿਆ ਆਇਆ ਤਾਂ ਹੌਂਕੇ ਹੌਂਕੇ ਰੋ ਰਿਹਾ ਸੀ ਤੇ ਕਹਿ ਰਿਹਾ ਸੀ ਕਿ ਉਸ ਨੇ ਕੋਈ ਗਾਲ਼ ਨੀ ਕੱਢੀ।ਮਾਂ ਦੇ ਪੁੱਛਣ 'ਤੇ ਭੋਲੂ ਨੇ ਦੱਸ‌ਿਆ,"ਉਸ ਨੇ ਕਿਸੇ ਨੂੰ ਗਾਲ਼ ਨੀ ਕੱਢੀ ਪਰ ਨਿੰਦੀ ਕਹਿੰਦੈ ਅਖੇ ਅੱਜ ਤੇਰੇ ਭਾਪੇ ਤੋਂ ਕੁੱਟ ਫਰਾਵਾਂਗੇ ਤੂੰ ਅੱਜ ਸਾਲ਼ੇ ਦੀ ਗਾਲ਼ ਕੱਢੀ ਐ।" ਮਾਂ ਨੇ ਪੁੱਤ ਨੂੰ ਭਰੋਸਾ ਦਿੱਤਾ ਕਿ ਉਹ ਬੇਫਿਕਰ ਹੋ ਜਾਵੇ,ਉਸ ਨੂੰ ਪਤੈ ਕਿ ਉਸ ਦੇ ਪੁੱਤ ਨੇ ਗਾਲ਼ ਨੀ ਕੱਢ‌ੀ ਹੋਣੀ।ਸ਼ਾਮ ਹੋਈ ਤਾਂ ਨਿੰਦੀ ਬਾਕੀ ਨਿਆਣਿਆਂ ਨਾਲ਼ ਭੋਲੂ ਹੋਰਾਂ ਦੇ ਘਰ ਆ ਧਮਕਿਆ।ਭੋਲੂ ਆਪਣੇ ਭਾਪੇ ਅਤੇ ਨਿੰਦੀ ਨੂੰ ਇਕੱਠੇ ਖੜ੍ਹੇ ਵੇਖ ਕੇ ਡੌਰ-ਭੌਰ ਹੋ ਗਿਆ।ਨਿੰਦੀ ਅਤੇ ਬਾਕੀ ਨਿਆਣੇ ਭੋਲੂ ਦੇ ਭਾਪੇ ਨੂੰ ਕਹਿ ਰਹੇ ਸੀ ਕਿ ਉਨ੍ਹਾਂ ਦੇ ਭੋਲੂ ਨੇ ਅੱਜ ਸਕੂਲ 'ਚ ਗੱਲਾਂ ਕਰਦੇ ਹੋਏ 'ਸਾਲ਼ੇ' ਦੀ ਗਾਲ਼ ਕੱਢੀ ਐ।ਭੋਲੂ ਆਪਣੇ ਭਾਪੇ ਦੇ ਅੱਗੇ 'ਵਿੱਦਿਆ ਪੜ੍ਹਾਈ' ਦੀ ਸੌਂਹ ਖਾ-ਖਾ ਕੇ ਆਪਣੇ ਆਪ ਨੂੰ ਬੇਗੁਨਾਹ ਸਾਬਿਤ ਕਰ ਰਿਹਾ ਸੀ ਪਰ ਪੱਲੜਾ ਨਿੰਦੀ ਅਤੇ ਉਸ ਦੇ ਸਾਥੀਆਂ ਦਾ ਭਾਰੀ ਸੀ।ਬੱਸ ਫਿਰ ਕੀ ਸੀ ਭੋਲੂ ਦੇ ਅਜਿਹੀ ਛਟੀ ਫਿਰੀ ਕਿ ਉਹ ਲੱਲ੍ਹਰੀਆਂ ਕੱਢਦਾ ਹੋਇਆ ਕਹਿ ਰਿਹਾ ਸੀ, "ਅੱਗੇ ਤੋਂ ਨੀ ਕੱਢਦੈ ਭਾਪੇ ਅੱਜ ਛੱਡਦੇ ਓ ਭਾਪੇ...........।" ਮਾਂ ਨੇ ਮਸਾਂ ਹੀ ਛੁਡਾਇਆ।ਝੂਠੀ ਸੌਂਹ ਖਾਣ ਕਰਕੇ ਭੋਲੂ ਦੇ ਦੋ-ਚਾਰ ਵੱਧ ਹੀ ਫਿਰ ਗਈਆਂ।ਸਮਾਂ ਬੀਤਦਾ ਗਿਆ ਅਤੇ ਭੋਲੂ ਜਵਾਨ ਹੋ ਗਿਆ।ਅੱਜ ਭੋਲੂ ਦੇ ਵਿਆਹ ਦਾ ਦਿਨ ਸੀ।ਸਵੇਰੇ ਸਿਹਰਾ ਬੰਨ੍ਹੀ ਭੋਲੂ ਜਾਂਞੀਆਂ ਨਾਲ਼ ਪਿੰਡ ਦੇ ਧਾਰਮਿਕ ਸਥਾਨਾਂ 'ਤੇ ਮੱਥਾ ਟੇਕਦਾ ਫਿਰ ਰਿਹਾ ਸੀ।ਉਨ੍ਹਾਂ ਦੇ ਅੱਗੇ-ਅੱਗੇ ਰੇੜ੍ਹੇ 'ਤੇ ਲੱਦਿਆ ਡੀ.ਜੇ.ਚਲਦਾ ਜਾ ਰਿਹਾ ਸੀ।ਉੱਚੀ ਆਵਾਜ਼ 'ਚ ਗੀਤ ਚੱਲ ਰਿਹਾ ਸੀ,"ਅੱਧਾ ਪਿੰਡ ਦਿੰਦਾ ਪੂਰਾ ਸਾਥ ਜੱਟ ਦਾ,ਸਾਲ਼ਾ ਅੱਧਾ ਪਿੰਡ ਮਿੱਤਰਾਂ ਤੋਂ ਮੱਚਿਆ ਪਿਆ।"ਇਹ ਗੀਤ ਜਦੋਂ ਖ਼ਤਮ ਹੋਣ 'ਤੇ ਆਉਂਦਾ ਤਾਂ ਡੀ.ਜੇ. ਵਾਲ਼ੀ ਰੇੜ੍ਹੀ ਨਾਲ਼ ਆ ਰਿਹਾ ਨਿੰਦੀ ਇਸ ਗੀਤ ਨੂੰ ਫਿਰ ਲਗਵਾ ਦਿੰਦਾ।ਭੋਲੂ ਨੂੰ ਇਹ ‌ਬ‌ਿਲਕੁਲ ਚੰਗਾ ਨਾ ਲੱਗਾ ਕਿ ਉਹ ਗੀਤਾਂ ਰਾਹੀਂ ਪਿੰਡ ਵਾਲ‌ਿਆਂ ਨੂੰ ਗਾਲ਼ਾਂ ਕੱਢੇ।ਭੋਲੂ ਰੁਕ ਗ‌ਿਆ ਅਤੇ ਕਹਿਣ ਲੱਗਾ,"ਅੱਗੇ ਤਾਂ ਜਾਊਂ ਜੇ ਇਸ ਗੀਤ ਨੂੰ ਬੰਦ ਕਰਕੇ ਕੋਈ ਧਾਰਮਿਕ ਗੀਤ ਲਾਵੋਗੇ।ਸਾਰੇ ਹੈਰਾਨ ਰਹਿ ਗਏ ਕਿ ਧਾਰਮਿਕ ਗੀਤ 'ਤੇ ਕਿਵੇਂ ਨੱਚਾਂਗੇ। ਨਿੰਦੀ ਭੱਜ ਕੇ ਭੋਲੂ ਦੇ ਭਾਪੇ ਨੂੰ ਲਿਆਇਆ ਤੇ ਸਾਰੀ ਗੱਲ ਦੱਸੀ।ਭੋਲੂ ਨੇ ਆਪਣੇ ਭਾਪੇ ਨੂੰ ਸਾਫ਼-ਸਾਫ਼ ਕਹਿ ਦਿੱਤਾ ਕ‌ਿ ਉਹ ਇਸ ਗਾਲ਼ਾਂ ਵਾਲੇ ਗੀਤ ਨੂੰ ਬੰਦ ਕਰਵਾਉਣ।ਭੋਲੂ ਦੇ ਭਾਪੇ ਨੇ ਭੋਲੂ ਨੂੰ ਸਮਝਾਉਂਦੇ ਹੋਏ ਕਿਹਾ,"ਪੁੱਤ ਇਹ ਕੋਈ ਗਾਲ਼ ਥੋੜ੍ਹੀ ਐ,ਇਹ ਤਾਂ ਗੀਤ ਆ ਗੀਤ,ਉਹ ਵੀ ਚਕਮਾ,ਜਿਸ 'ਤੇ ਭੰਗੜਾ ਪੈਂਦੈ.......ਨਾਲ਼ੇ ਧਾਰਮਿਕ ਗੀਤ ਕਿਉਂ ਲਾਈਏ ਪੁੱਤ ਆਪਾਂ ਕਿਹੜੈ ਦੀਵਾਨ 'ਤੇ ਚੱਲੇ ਆਂ।"ਇਹ ਗੱਲ ਕਹਿ ਭੋਲੂ ਦੇ ਭਾਪੇ ਨੇ ਡੀ.ਜੇ.ਵਾਲੇ ਤੋਂ ਉੱਚੀ ਆਵਾਜ਼ ਵਿੱਚ ਫਿਰ ਉਹੀ ਗੀਤ ਲਗਵਾ ਦਿੱਤਾ ਅਤੇ ਉਹ ਨਿੰਦੀ ਨਾਲ਼ ਨੱਚਣ ਲੱਗ ਪਿਆ।ਭੋਲੂ ਆਪਣੇ ਭਾਪੇ ਵੱਲ ਵੇਖ ਰਿਹਾ ਸੀ,ਜਿਸ ਨੇ ਕਦੇ ਭੋਲੂ ਨੂੰ ਅਣਜਾਣੇ ਵਿੱਚ ਗਾਲ਼ ਨਿਕਲ ਜਾਣ 'ਤੇ ਖੂਬ ਕੁੱਟਿਆ ਸੀ।ਭੋਲੂ ਪਿੰਡ ਦੀਆਂ ਗਲ਼ੀਆਂ ਵਿੱਚ ਖੜ੍ਹੇ ਲੋਕਾਂ ਵੱਲ ਹੱਥ ਜੋੜ ਕੇ ਸਿਰ ਝੁਕਾਉਂਦਾ ਜਾ ਰਿਹਾ ਸੀ,ਜਿਵੇਂ ਉਹ ਗੀਤ ਵਿੱਚ ਕੱਢੀ ਜਾ ਰਹੀ ਗਾਲ਼ ਦੀ ਅਗੇਤੀ ਮਾਫ਼ੀ ਮੰਗ ਰਿਹਾ ਹੋਵੇ।