ਜਨਤਾ ਰਾਣੀ (ਕਾਵਿ ਵਿਅੰਗ )

ਸਾਧੂ ਰਾਮ ਲੰਗਿਆਣਾ (ਡਾ.)   

Email: dr.srlangiana@gmail.com
Address: ਪਿੰਡ ਲੰਗੇਆਣਾ
ਮੋਗਾ India
ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕਿਹੜੀ ਗੱਲੋਂ ਜਨਤਾ ਰਾਣੀ ਚੁੱਪ ਬੈਠੀ ਤੂੰ ਵੱਟੀ
ਤੇਰੇ ਸਿਰ ‘ਤੇ ਚਲਦੀ ਸਾਡੀ ਸਿਆਸਤ ਵਾਲੀ ਹੱਟੀ

ਕੁੱਝ ਤਾਂ ਬੋਲ ਕੇ ਦੱਸ ਐਤਕੀਂ ਵੋਟ ਕਿਸ ਨੂੰ ਪਾਉਣੀ
ਕਿਹੜੀ ਪਾਰਟੀ ਜਿੱਤੂਗੀ ਅਤੇ ਕਿਹੜੀ ਹੈ ਹਰਾਉਣੀ
ਕੀਹਦੇ ਸਿਰ ‘ਤੇ ਤਾਜ ਹੈ ਧਰਨਾ ਕੀਹਦੀ ਪੋਚਣੀ ਫੱਟੀ
ਕਿਹੜੀ ਗੱਲੋਂ ਜਨਤਾ ਰਾਣੀ.......

ਹੁਣ ਤਾਂ ਚੁੱਪ ਤੋੜ ਪਿਆਰੀ ਚੋਣਾਂ ਸਿਰ ਤੇ ਆਈਆਂ
ਤੇਰੀ ਇਸ ਚੁੱਪ ਨੇ ਸਾਨੂੰ ਸਭ ਨੂੰ ਭਾਜੜਾਂ ਪਾਈਆਂ
ਇੱਕ ਦੂਜੀ ਤੋਂ ਅੱਗੇ ਫਿਰਦੀ ਹਰ ਇੱਕ ਪਾਰਟੀ ਨੱਠੀ
ਕਿਹੜੀ ਗੱਲੋਂ ਜਨਤਾ ਰਾਣੀ.......

ਕਰੋੜਾਂ ਲਾ ਕੇ ਅਸੀਂ ਤਾਂ ਹੁੰਦੇ ਅਰਬਾਂ-ਖਰਬ ਬਣਾਉਣੇ 
ਏਸੇ ਆਸ ਤੇ ਪੈਂਦੇ ਸਾਨੂੰ ਦਾਅ ‘ਤੇ ਪੈਸੇ ਲਾਉਣੇ
ਜੇਕਰ ਤੇਰੀ ਮਿਹਰ ਹੋ ਜਾਵੇ ਖ਼ੂਬ ਖੱਟੀਏ ਖੱਟੀ
ਕਿਹੜੀ ਗੱਲੋਂ ਜਨਤਾ ਰਾਣੀ.......

ਸਾਰਾ ਖੇਡਾ ਖਿੱਲਰ ਜਾਵੇ ਜੇਕਰ ਤੂੰ ਰੁੱਸ ਜਾਵੇਂ
ਸਾਡੀ ਜਿੱਤ ਹਾਰ ‘ਚ ਬਦਲੇ ਪਰ ਤੂੰ ਖ਼ੁਸ਼ੀ ਮਨਾਵੇਂ
ਭੱਜ-ਨੱਠ,’ਤੇ ਪੈਸਾ ਲਾਇਆ ਪੈ ਜਾਵੇ ਵਿੱਚ ਭੱਠੀ
ਕਿਹੜੀ ਗੱਲੋਂ ਜਨਤਾ ਰਾਣੀ.......

ਪੰਜ ਸਾਲ ਫਿਰ ਵਿਧਵਾ ਵਾਂਗੂੰ ਪੈਂਦੇ ਨੇ ਦਿਨ ਕੱਟਣੇ
ਹਵਾਈ ਝੂਟੇ,ਮੌਜ ਮਸਤੀਆਂ ਤੋਂ ਰਹਿੰਦੇ ਹਾਂ ਸੱਖਣੇ
ਖਾਂਦੇ ਰਹੀਏ ਪੰਜ ਸਾਲ ਜੋ ਵੱਟਤ ਹੁੰਦੀ ਹੈ ਵੱਟੀ 
ਕਿਹੜੀ ਗੱਲੋਂ ਜਨਤਾ ਰਾਣੀ.......

ਇਸ ਹੱਟੀ ‘ਤੇ ਅਸੀਂ ਵੇਚੀਏ ਨਫ਼ਰਤ ਵਾਲਾ ਸੌਦਾ
ਲੋਕੀਂ ਫੁੱਲ ਗੁਲਾਬ ਦੇ ਲਾਉਂਦੇ,ਅਸੀਂ ਥੋਹਰ ਦਾ ਪੌਦਾ
ਮੁਹੱਬਤ ਦੀ ਸ਼ਬਦਾਵਲੀ ਸਾਡੀ ਡਿਕਸ਼ਨਰੀ ‘ਚੋਂ ਕੱਟੀ
ਕਿਹੜੀ ਗੱਲੋਂ ਜਨਤਾ ਰਾਣੀ.......

ਲੋਕ-ਤੰਤਰ ਦੇ ਵਿੱਚ ਚੋਣਾਂ ਦਾ ਹੁੰਦਾ ਖੇਲ ਨਿਆਰਾ
ਵੋਟਾਂ ਦੇ ਹੀ ਨਾਲ ਹੁੰਦਾ ਹੈ ਸਾਡਾ ਪਾਰ-ਉਤਾਰਾ
ਭਲੂਰੀਆ ਅਸੀਂ ਕੱਖ ਬਰਾਬਰ ਜਨਤਾ ਪਾਰਸ ਦੀ ਵੱਟੀ 
ਕਿਹੜੀ ਗੱਲੋਂ ਜਨਤਾ ਰਾਣੀ.......

        ਜਸਵੀਰ ਸਿੰਘ ਭਲੂਰੀਆ
       9915995505