ਘੋੜ-ਦੌੜ ਜਾਰੀ ਹੈ (ਕਹਾਣੀ)

ਗੁਰਸੇਵਕ ਸਿੰਘ ਪ੍ਰੀਤ   

Email: spreet_pb@rediffmail.com
Cell: +91 94173 58073
Address: 7533 ਨਾਮਦੇਵ ਨਗਰ
ਮੁਕਤਸਰ India
ਗੁਰਸੇਵਕ ਸਿੰਘ ਪ੍ਰੀਤ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ ਗੁਰਬਾਜ ਸਿੰਘ ਦੇ ਘਰ ਦਾ ਸ਼ੋਰੇ ਨਾਲ ਖਾਧੀਆਂ ਇੱਟਾਂ ਦੇ ਡਿਗੂੰ-ਡਿਗੂੰ ਕਰਦੇ ਕੌਲਿਆਂ 'ਚ ਅੜਕਾਇਆ ਲੱਕੜ ਦਾ ਬੂਹਾ ਖੁੱਲ੍ਹਾ ਪਿਆ ਹੈ। ਅੰਦਰ ਭੁੱਬਲ ਵਰਗੀ ਮਿੱਟੀ ਦੇ ਕੱਚੇ ਵਿਹੜੇ 'ਚ ਵਿਛੇ ਸੱਥਰ ਉੱਤੇ ਲੋਕ ਬੈਠੇ ਹਨ। ਕਦੇ ਕੋਈ ਠੰਡਾ ਹਾਉਂਕਾ ਛੱਡਦਾ ਹੈ ਤੇ ਕਦੇ ਕੋਈ ਔਰਤ ਕੀਰਨੇ ਪਾਉਣ ਲੱਗਦੀ ਆ। ਖੇਸਾਂ ਲੋਈਆਂ ਦੀਆਂ ਬੁੱਕਲਾਂ ਮਾਰੀ ਬੈਠੇ ਇਹ ਲੋਕ ਮਟੀਆਂ ਵਰਗੇ ਜਾਪਦੇ ਨੇ। ਸੁੰਨ-ਮਸਾਨ। ਨਵਾਂ ਆਉਣ ਵਾਲੇ ਰਿਸ਼ਤੇਦਾਰ ਧਾਹਾਂ ਮਾਰਦੇ ਰੋਂਦੇ ਪਿੱਟਦੇ। ਕੋਈ ਗੁਰਬਾਜ ਦੇ ਗਲ ਲੱਗਦਾ। ਕੋਈ ਉਸਦੀ ਘਰਵਾਲੀ ਦੇ। 
'ਕਿਵੇਂ ਬਾਈ ... ਕਿਵੇਂ ਹੋ ਗਿਆ ਇਹ ਸਭ... ਨਵੀ ਨਾਲ ਕੀ ਬਣਿਆ... ਰੱਬ ਨੇ ਵੈਰ ਕਮਾਇਆ... ਚੰਦਰੀ ਨਜ਼ਰ ਲੱਗ ਗੀ... ਵਾਖਰੂ... ਵਾਖਰੂ... '।
ਸਿਆਲਾਂ ਦੀ ਉਦਾਸ ਜਿਹੀ ਦੁਪਹਿਰ ਢਲੀ ਜਾਂਦੀ ਸੀ। ਸੱਥਰ 'ਤੇ ਬੈਠੇ ਲੋਕ ਕਦੇ ਘੜੀਆਂ ਵੱਲ ਦੇਖਦੇ ਕਦੇ ਛਿਪ ਰਹੇ ਦਿਨ ਵੱਲ।  ਪਰ ਅਜੇ ਤੱਕ ਨਵੀ ਦੇ ਸੰਸਕਾਰ ਦੀ ਤਿਆਰੀ ਨਹੀਂ ਸੀ ਹੋਈ। ਗੁਰਬਾਜ ਸਿੰਘ ਨੂੰ ਬਲਵੰਤ ਸਿੰਘ ਸਮੁੰਦਰੀ ਦੀ ਉਡੀਕ ਸੀ।
ਉਹ ਵਾਰ-ਵਾਰ ਕਹੀ ਜਾਂਦਾ ਸੀ, '... ਨਹੀਂ ਨਹੀ... ਹੁਣ ਆਖਰੀ ਟੈਮ ਉਹਨਾਂ ਤੋਂ ਪਰਵਾਹਰਾ ਕਿਮੇਂ ਹੋ ਜਾਂ... ਸਰਦਾਰ ਨੇ ਤਾਂ ਮੈਨੂੰ ਕਦੇ ਮਾਅਫ ਨੀਂ ਕਰਨਾ ... ਨਵੀ ਤਾਂ ਸਰਦਾਰ ਦਾ ਬਹੁਤਾ ਲਾਡਲਾ ਸੀ...।'
ਰਾਤ ਦੇ ਸੱਥਰ 'ਤੇ ਬੈਠੇ ਲੋਕਾਂ 'ਚ ਨਵੀ ਦੀ ਮੌਤ, ਗੁਰਬਾਜ ਸਿੰਘ ਦੀ ਸ਼ਰਧਾ ਅਤੇ ਬਲਵੰਤ ਸਿੰਘ ਸਮੁੰਦਰੀ ਦੀ ਸਿਆਸਤ 'ਤੇ ਬਰਾਬਰ ਚੁੰਝ ਚਰਚਾ ਹੋ ਰਹੀ ਆ। ਨਵੀ, ਗੁਰਬਾਜ ਸਿੰਘ ਦਾ ਇਕਲੌਤਾ ਪੁੱਤ ਸੀ ਜਿਹਨਾ ਰਾਤ ਐਕਸੀਡੈਂਟ ਵਿਚ ਪੂਰਾ ਹੋ ਗਿਆ। ਬਲਵੰਤ ਸਿੰਘ ਸਮੁੰਦਰੀ... ਸੂਬਾ ਸਰਕਾਰ 'ਚ ਮੰਤਰੀ ਆ।  ਇਹ ਖੇਤਰ  ਸਮੁੰਦਰੀ ਪਾਰਟੀ ਦਾ ਗੜ੍ਹ ਹੈ। ਵੱਡਾ ਤੇ ਪੱਕਾ ਵੋਟ ਬੈਂਕ। ਗੁਰਬਾਜ ਦੇ ਬਾਪ-ਦਾਦਾ ਮੁੱਢ ਤੋਂ ਹੀ ਸਮੁੰਦਰੀ ਪਾਰਟੀ ਨਾਲ  ਜੁੜੇ ਹੋਏ ਹਨ। ਇਸ ਲਾਣੇ ਦੀ ਵੋਟ ਹਮੇਸ਼ਾਂ ਸਮੁੰਦਰੀ ਪਾਰਟੀ ਨੂੰ ਹੀ ਗਈ। ਗੁਰਬਾਜ ਦਾ ਪਿੰਡ ਇਲਾਕੇ ਦਾ ਵੱਡਾ ਪਿੰਡ ਹੈ। ਇਥੋਂ ਦੀਆਂ ਵੋਟਾਂ ਕਾਬੂ ਰੱਖਣ ਲਈ ਸਮੁੰਦਰੀ ਪਾਰਟੀ ਵੱਲੋਂ ਪਹਿਲਾਂ ਮਾਸਟਰ ਜਗਤ ਸਿੰਘ ਕੰਮ ਕਰਦਾ ਰਿਹਾ। ਉਹ ਪੜ੍ਹਿਆ ਲਿਖਿਆ ਤੇ ਕਾਨੂੰਨੀ ਆਦਮੀ ਸੀ। ਕੰਮ ਕਾਰ ਦਾ ਸਿਆਣਾ, ਪਰ ਸਿਆਸੀ ਤਿਕੜਮ-ਬਾਜ਼ੀਆਂ ਤੋਂ ਕੋਰਾ। ਕਈ ਵਾਰ ਸੱਚੀ ਗੱਲ ਕਹਿ ਕੇ ਵੋਟਰਾਂ ਨੂੰ ਨਰਾਜ਼ ਕਰ ਲੈਂਦਾ। ਜਦੋਂ ਸਮੁੰਦਰੀ ਦੇ ਵੱਡੇ ਪੁੱਤਰ ਮੋਹਕਮ ਸਿੰਘ ਨੇ ਰਾਜਨੀਤੀ ਵਿਚ ਪੈਰ ਧਰਿਆ ਤਾਂ ਹੋਰਾਂ ਦੇ ਨਾਲ ਉਸਨੇ ਮਾਸਟਰ ਜਗਤ ਸਿੰਘ ਦੀ ਵੀ ਛਾਂਟੀ ਕਰ ਦਿੱਤੀ। ਮੋਹਕਮ ਨੂੰ ਪਾਰਟੀ ਅੰਦਰ 'ਕਾਕਾ ਜੀ' ਕਰਕੇ ਜਾਣਿਆ ਜਾਂਦਾ। ਕਾਕਾ ਜੀ ਨੇ ਮਾਸਟਰ ਦੀ ਥਾਂ ਬਖਤੌਰ ਸਿੰਘ ਨੰਬਰਦਾਰ ਨੂੰ ਥਾਪੀ ਦੇ ਦਿੱਤੀ।

ਬਖਤੌਰ ਸਿੰਘ ਨੰਬਰਦਾਰ ਵੀ ਇਸ ਵੇਲੇ ਸੱਥਰ 'ਤੇ ਬੈਠਾ। ਸਾਢੇ ਛੇ ਫੁੱਟ ਕੱਦ। ਫਿਕਸੋ ਨਾਲ ਠੱਪੀ ਦਾੜ੍ਹੀ। ਗਹਿਰੀਆਂ ਅੱਖਾਂ। ਤਾਅ ਦੇ ਕੇ ਖੜੀਆਂ ਕੀਤੀਆਂ ਮੁੱਛਾਂ। ਧੂਹਵਾਂ ਚਾਦਰਾ। ਉਹ ਰਾਜਨੀਤੀ ਵਿਚ ਪੈਸਾ ਕਮਾਉਣ ਦੀ ਸੋਚ ਨਾਲ ਆਇਆ। ਅਕਸਰ ਆਪਣੇ ਯਾਰਾਂ ਦੀ ਢਾਣੀ 'ਚ ਕਹਿੰਦਾ,'ਅੱਜ ਕਲ੍ਹ ਰਾਜਨੀਤੀ ਧੰਦਾ ਬਣ ਗਈ ਆ। ਪੈਸਾ ਲਾਓ ਪੈਸਾ ਕਮਾਓ। ਇਥੇ ਡੁੱਸ ਡੁੱਸ ਕਰਨ ਵਾਲੇ ਦਾ ਕੋਈ ਕੰਮ ਨਹੀਂ। ਬੋਲੀ ਲਾਓ ਸੌਦਾ ਖਰੀਦੋ। ਹਿੰਮਤ ਚਾਹੀਦੀ ਆ। ਸੇਵਾ ਸੂਵਾ ਦਾ ਕੀ ਕੰਮ।'

ਜਦੋਂ ਕਾਕਾ ਜੀ ਨੇ ਨੰਬਰਦਾਰ ਨੂੰ ਕਮਾਂਡਰ ਦੀ ਕਲਗੀ ਲਾ ਦਿੱਤੀ ਤਾਂ ਉਹ ਉੱਕਾ ਹੀ ਸਿਰੇ ਹੋ ਗਿਆ। ਥਾਣੇਦਾਰਾਂ ਤੇ ਮੁਨਸ਼ੀਆਂ ਮੁਸੱਦੀਆਂ ਨੂੰ ਹੁਕਮ ਚਾੜ੍ਹਦਾ। ਲੋਕਾਂ 'ਤੇ ਰੋਅਬ ਪਾਉਣ ਲਈ ਗੱਡੀਆਂ ਦੀ ਲਾਮ ਲੈ ਕੇ ਪਿੰਡ ਦੀ ਫਿਰਨੀ 'ਤੇ ਗੇੜੇ ਕੱਢਦਾ। ਰਾਹਾਂ ਦੀ ਉੱਡਦੀ ਧੂੜ ਲੋਕਾਂ ਦੇ ਸਿਰ ਪਈ ਵੇਖ ਕੇ ਖੁਸ਼ ਹੁੰਦਾ। ਪਿੰਡ ਦੀਆਂ ਵੋਟਾਂ ਵਿੱਚ ਵੱਡਾ ਹਿੱਸਾ ਵਿਹੜੇ ਵਾਲਿਆਂ ਦਾ ਹੈ। ਉਹ ਵਿਹੜੇ ਵਾਲਿਆਂ ਨੂੰ ਕਾਬੂ ਕਰਨ ਲਈ ਉਹਨਾਂ ਨੂੰ ਚੋਰੀ-ਚਕਾਰੀ ਤੇ ਭੁੱਕੀ ਪੋਸਤ ਵੇਚਣ ਦੇ ਦੋਸ਼ਾਂ 'ਚ  ਥਾਣੇ ਫੜਾ ਦਿੰਦੈ। ਪੁਲੀਸ ਕਈ-ਕਈ ਦਿਨ ਛਿੱਤਰ ਪਰੈਡ ਕਰੀ ਜਾਂਦੀ। ਵਿਹੜੇ ਵਾਲੇ ਉਹਦੀਆਂ ਮਿੰਨਤਾਂ ਕਰਦੇ। ਪਹਿਲੇ ਦਿਨ ਬਾਪ, ਦੂਜੇ ਦਿਨ ਮਾਂ, ਫਿਰ ਘਰਵਾਲੀ, ਫਿਰ ਭੈਣ...ਧੀ... ਤੇ ਫਿਰ...।

ਨੰਬਰਦਾਰ ਟੋਲਾ ਦਾਰੂ ਪੀ ਕੇ ਬੜ੍ਹਕਾਂ ਮਾਰਦਾ, 'ਸਾਲਿਆਂ ਢੇਡਾਂ ਨੂੰ ਲੱਤ ਥੱਲੋਂ ਲੰਘਾ ਕੇ ਕਾਣੇ ਕਰੀ ਰਖੋ ਤਾਂ ਈ ਠੀਕ ਰਹਿੰਦੇ ਆ।' ਥਾਣਿਓ ਛਡਾਏ ਮੁੰਡੇ ਨੰਬਰਦਾਰ ਦੇ ਖੇਤਾਂ ਵਿਚ ਵਗਾਰ ਕਰਦੇ। ਉਨ੍ਹਾਂ ਲਈ ਹਵਾਲਾਤ ਤੇ ਨੰਬਰਦਾਰ ਦੇ ਖੇਤਾਂ ਵਿਚ ਕੋਈ ਫਰਕ ਨਹੀਂ ਸੀ। ਉਹੀ ਗਾਹਲਾਂ। ਉਹੀ ਜੁੱਤੀਆਂ। ਫਰਕ ਸੀ ਤਾਂ ਰਾਤ ਨੂੰ ਆਪਣੇ ਜਵਾਕਾਂ ਕੋਲ ਪੈਣ ਦਾ ਸੁਖ। ਨੰਬਰਦਾਰ ਨੇ ਐਸੇ ਚੱਕਰ ਵਿਚ ਵਿਹੜੇ ਵਾਲੇ ਕਈ ਮੁੰਡਿਆਂ ਨੂੰ ਅਫੀਮ ਵੇਚਣ ਤੇ ਦਾਰੂ ਕੱਢਣ ਲਾ ਦਿੱਤਾ।  ਆਪ ਰੱਜ ਕੇ ਕਮਾਈ ਕਰਦਾ। ਖੁੰਡ ਚਰਚਾ ਤਾਂ ਇਹ ਵੀ ਸੀ ਕਿ ਹਿੱਸਾ ਕਾਕਾ ਜੀ ਨੂੰ ਵੀ ਦਿੰਦੈ।

ਗੈਬੇ ਤੇ ਤਾਰੀ ਹੋਰੀਂ ਬਲੈਕ ਕਰਦੇ ਫੜੇ ਗਏ। ਨੰਬਰਦਾਰ ਨੇ ਮਾੜਾ ਮੋਟਾ ਜੋਰ  ਲਾਇਆ। ਪਰ ਗੱਲ ਨਾ ਬਣੀ। ਜੱਜ ਨੇ ਸਜ਼ਾ ਕਰਤੇ। ਮਗਰੋਂ ਘਰ ਬਾਰ ਰੁਲ ਗਿਆ।  ਉਸਦੀਆਂ ਕਰਤੂਤਾਂ ਬਾਰੇ ਗੁਰਬਾਜ ਨੇ ਕਾਕਾ ਜੀ ਕੋਲ ਕਈ ਵਾਰ ਸ਼ਿਕਾਇਤ ਵੀ ਕੀਤੀ। ਪਰ ਕਾਕਾ ਜੀ ਕਹਿੰਦੇ 'ਸਿਆਸਤ ਵਿਚ ਇੰਨਾ ਕੁ ਤਾਂ ਚੱਲਦੇ ਹੀ ਰਹਿੰਦੈ ਗੁਰਬਾਜ਼ ਸਿਹਾਂ। ਵੋਟਾਂ ਕਾਬੂ ਰਹਿਣੀਆਂ ਚਾਹੀਦੀਆਂ ਹਨ ਭਾਂਵੇ ਕਿਵੇਂ ਰਹਿਣ। ਤੈਨੂੰ ਨਹੀਂ ਪਤੈ ਤੂੰ ਅਜੇ ...।'

ਗੁਰਬਾਜ ਦੀਆਂ ਸ਼ਕਾਇਤਾਂ ਤੋਂ ਹਰਖੇ ਨੰਬਰਦਾਰ ਨੇ ਉਸਦੀ ਵਿਧਵਾ ਭਰਜਾਈ ਜੀਤੋ ਦੀ ਪੰਜ ਕਿਲੇ ਜ਼ਮੀਨ 'ਤੇ ਸ਼ਰੇਆਮ ਕਬਜ਼ਾ ਕਰਕੇ ਖੜੀ ਫਸਲ ਟਰੈਕਟਰਾਂ ਨਾਲ ਵਾਹ ਦਿੱਤੀ। ਗੁਰਬਾਜ ਨੇ ਬਥੇਰਾ ਰੌਲਾ ਪਾਇਆ। ਕਾਕਾ ਜੀ ਨੂੰ ਵੀ ਦੱਸਿਆ। ਪਰ ਕੋਈ ਸੁਣਵਾਈ ਨਾ ਹੋਈ। ਨਜ਼ਾਇਜ਼ ਕਬਜ਼ੇ ਦਾ ਇਹ ਮਾਮਲਾ ਵਿਰੋਧੀ ਪਾਰਟੀ ²ਤੇ ਕਿਸਾਨ ਯੂਨੀਅਨ  ਵਾਲਿਆਂ ਚੁੱਕ ਲਿਆ। ਵੋਟਾਂ ਸਿਰ 'ਤੇ ਸਨ। ਮੁਜ਼ਾਹਰੇ ਹੋਏ। ਵਿਰੋਧੀਆਂ ਨੇ ਪਿੰਡ ਆ ਕੇ ਧਰਨਾ ਦਿੱਤਾ। ਡਿਪਟੀ ਕਮਿਸ਼ਨਰ ਖੁਦ ਮੌਕੇ 'ਤੇ ਆਇਆ। ਕਬਜਾ ਬਿਲਕੁਲ ਨਜਾਇਜ਼ ਸੀ। ਪੁਲੀਸ ਨੇ ਨੰਬਰਦਾਰ ਦੇ ਖਿਲਾਫ ਮੁਕਦਮਾ ਦਰਜ ਕਰ ਦਿੱਤਾ। ਬਾਜ਼ੀ ਪਲਟਦੇ ਵੇਖ ਕੇ ਨੰਬਰਦਾਰ ਨੇ ਖੁਦ ਹੀ ਆਪਣਾ ਲਾਮ ਲਸ਼ਕਰ ਜੀਤੋ ਦੀ ਜ਼ਮੀਨ 'ਚੋਂ ਵਾਪਸ ਸੱਦ ਲਿਆ।  ਪਰ ਵਿਰੋਧੀ ਪਾਰਟੀ ਤੇ ਕਿਸਾਨ ਯੂਨੀਅਨ ਨੇ ਗੱਲ ਨਿਬੜਣ ਨਾ ਦਿੱਤੀ। ਉਹ ਨੰਬਰਦਾਰ ਨੂੰ ਗ੍ਰਿਫਤਾਰ ਕਰਨ 'ਤੇ ਅੜੇ ਰਹੇ। ਕਾਕਾ ਜੀ ਦੇ ਭਾਅ ਦੀ ਬਣ ਗਈ। ਕੋਈ ਪੇਸ਼ ਨਾ ਜਾਂਦੀ ਵੇਖ ਕੇ ਉਦੋਂ ਪਹਿਲੀ ਵਾਰ 'ਵੱਡੇ ਸਰਦਾਰ' ਬਲਵੰਤ ਸਿੰਘ ਸਮੁੰਦਰੀ ਖੁਦ ਗੁਰਬਾਜ ਦੇ ਘਰ ਆਏ।

'ਸਰਦਾਰ ਜੀ... ਕੇਸ ਕੀ... ਤੁਸੀਂ ਕਹੋਂ ਅਸੀਂ ਜ਼ਮੀਨ ਈ ਛੱਡ ਦਿਨੇ ਆਂ ਜੀ... ਨੰਬਰਦਾਰ ... ਆਪਣੀ ਪਾਲਟੀ ਦਾ ਬੰਦੈ ਜੀ... ਜੀ ਆਪਾਂ ... ਆਪਾਂ ਪਾਲਟੀ ਲਈ ... ਤੁਸੀਂ ਦੱਸੋ ਕਰਨਾ ਕੀ ਆ ਜੀ... ਜ਼ਮੀਨ ਸੌਅਰੀ ਦਾ ਕੀ ਆ ਜੀ...ਜਿਥੇ ਕਹੋਂ ਹਾਜਰ ਆਂ ਜੀ...।'

ਸਰਦਾਰ ਨੂੰ ਘਰ ਆਇਆਂ ਵੇਖ ਕੇ ਗੁਰਬਾਜ ਦਾ ਚਾਅ ਝੱਲਿਆ ਨਹੀਂ ਸੀ ਜਾਂਦਾ। ਸਰਦਾਰ ਨਾਲ ਆਏ ਵਜ਼ੀਰਾਂ ਤੇ ਮੰਤਰੀਆਂ ਸੰਤਰੀਆਂ ਨਾਲ ਗੁਰਬਾਜ ਦਾ ਵਿਹੜਾ ਭਰ ਗਿਆ। ਵੱਡੇ ਢਿੱਡਾਂ ਵਾਲੇ। ਵੱਡੀਆਂ ਪੱਗਾਂ ਵਾਲੇ। ਵੱਡੀਆਂ ਰਫਲਾਂ ਵਾਲੇ। ਵੱਡੀਆਂ ਗੱਡੀਆਂ 'ਤੇ ਉਸਦੇ ਬਾਰ ਮੂਹਰੇ ਖੜੇ ਸਨ। ਅੱਗੇ ਪਿੱਛੇ ਪੁਲੀਸ ਦੀਆਂ ਜਿਪਸੀਆਂ। ਅਫਸਰ ਅੱਡ ਜੀ ਜੀ ਕਰਦੇ ਫਿਰਨ।  ਸਾਰਾ ਪਿੰਡ ਉਹਦੇ ਘਰ ਜੁੜ ਗਿਆ। ਘੁਕਵੀਆਂ ਕੁਰਸੀਆਂ 'ਤੇ ਬੈਠਣ ਵਾਲੇ ਅਫਸਰਾਂ ਨੂੰ ਖੁਰਲੀਆਂ 'ਤੇ ਹੋਰੂ ਜਿਹੇ ਬੈਠੇ ਦੇਖ ਕੇ ਪਿੰਡ ਵਾਲੇ ਮੁਸਕੜੀਆਂ ਹੱਸਣ ਲੱਗੇ।

ਸਰਦਾਰ ਨੇ ਗੁਰਬਾਜ ਨੂੰ ਜੱਫੀ ਵਿਚ ਲੈ ਕੇ ਘੁੱਟਿਆ। ਸਾਰਿਆਂ ਤੋਂ ਪਾਸੇ ਲਿਜਾ ਕੇ ਗੱਲ ਕਰਨ ਲੱਗਿਆ। ਗੁਰਬਾਜ ਹੱਥ ਜੋੜੀ ਸਿਰ ਹਿਲਾਈ ਗਿਆ।  ਫੇਰ  ਉਨ੍ਹਾਂ ਗੁਰਬਾਜ਼ ਨੂੰ ਆਪਣੇ ਨਾਲ ਆਪਣੀ ਕਾਰ ਵਿਚ ਆਪਣੇ ਬਰਾਬਰ ਦੀ ਸੀਟ 'ਤੇ ਬਿਠਾ ਲਿਆ। ਤੇ ਕਾਰ ਗੁਰਬਾਜ ਦੀ ਵਿਧਵਾ ਭਰਜਾਈ ਜੀਤੋ ਦੇ ਘਰ ਮੂਹਰੇ ਜਾ ਖੜੀ।

ਗੁਰਬਾਜ ਨੇ ਆਪਣੀ ਭਰਜਾਈ ਜੀਤੋ ਨੂੰ ਅੰਦਰ ਵੜ ਕੇ ਕਈ ਕੁਝ ਕਿਹਾ ਤੇ ਉਸਦੇ ਨਾਂਹ-ਨਾਂਹ ਕਰਦਿਆਂ ਕਾਗਜ਼ਾਂ 'ਤੇ ਉਸਦਾ ਅੰਗੂਠਾ ਲਵਾ ਲਿਆ। ਨੀਲੀ ਸਿਆਹੀ ਵਾਲੇ ਅੰਗੂਠੇ ਦਾ ਨਿਸ਼ਾਨ ਵੇਖ ਕੇ ਗੁਰਬਾਜ ਬੜਾ ਖੁਸ਼ ਹੋਇਆ।  ਅਕਾਲ ਨਾਲ ਪਾਟੀ ਜ਼ਮੀਨ 'ਤੇ ਪਈਆਂ ਤ੍ਰੇੜਾਂ ਵਰਗਾ ਅੰਗੂਠੇ ਦਾ ਇਹ ਨਿਸ਼ਾਨ ਗੁਰਬਾਜ ਲਈ ਅਲਾਦੀਨ ਦਾ ਚਿਰਾਗ ਸੀ। ਇਹ ਚਿਰਾਗ ਦੇ ਜਿੰਨ ਦੀ ਹੀ ਕਰਾਮਾਤ ਸੀ ਕਿ ਸਰਕਾਰ ਦਾ ਵੱਡਾ ਮੰਤਰੀ ਉਸਦੇ ਘਰ ਦੀਆਂ ਗਾਰੇ ਨਾਲ ਭਰੀਆਂ ਕੱਚੀਆਂ ਗਲੀਆਂ ਥਾਂਈ ਤੁਰ ਕੇ  ਉਸਦੇ ਵਿਹੜੇ ਆਇਆ ਸੀ। ਸਰਦਾਰ ਦੇ ਪੀ ਏ ਵੱਲੋਂ ਵਧਾਈ ਨੋਟਾਂ ਦੀ ਗੁੱਟੀ ਨੂੰ ਬਿਨਾਂ ਹੱਥ ਲਾਏ ਗੁਰਬਾਜ ਨੇ ਹੱਥ ਜੋੜ ਦਿੱਤੇ। ਸਰਕਾਰੀ ਦੌਰਾ ਬਣਾਉਣ ਲਈ ਮੰਤਰੀ ਸਰਦਾਰ ਬਲਵੰਤ ਸਿੰਘ ਸਮੁੰਦਰੀ ਨੇ ਪਿੰਡ ਵਿਚੋਂ ਸੇਮ ਕੱਢਣ ਲਈ ਦੱਸ ਲੱਖ ਦੀ ਗਰਾਂਟ ਤੇ ਗਲੀਆਂ ਨਾਲੀਆਂ ਲਈ ਤਿੰਨ ਲੱਖ ਦੀ ਗਰਾਂਟ ਦੇਣ ਦਾ ਐਲਾਨ ਕੀਤਾ। ਗੁਰਬਾਜ ਦੀ ਪਿੰਡ ਵਿਚ ਬੱਲੇ ਬੱਲੇ ਹੋ ਗਈ। ਉਹ ਇਕੋ ਦਿਨ ਵਿਚ ਪਿੰਡ ਦਾ ਹੀਰੋ ਬਣ ਗਿਆ ਸੀ।

ਜੀਤੇ ਦੇ ਅੰਗੂਠੇ ਦੀ ਬਦੌਲਤ ਨੰਬਰਦਾਰ ਜ਼ਮੀਨ ਦੇ ਕੇਸ ਵਿਚੋਂ ਸਾਫ ਨਿਕਲ  ਗਿਆ। ਕਿਸਾਨ ਯੂਨੀਅਨ ਨੇ ਜੀਤੋ ਨੂੰ ਪੜ੍ਹਾਉਣ ਦੀ ਬਥੇਰੀ ਕੋਸ਼ਿਸ਼ ਕੀਤੀ। ਉਹਨਾਂ ਗੁਰਬਾਜ਼ ਸਿੰਘ ਦੀ ਨੂੰ ਵੀ ਕਿਹਾ ਕਿ ਇਹ ਜੀਤੋ ਦੀ ਪੰਜ ਕਿਲੇ ਜ਼ਮੀਨ ਦਾ ਮਾਮਲਾ ਨਹੀਂ ਸਮੁੰਦਰੀ ਪਾਰਟੀ ਦੇ ਕਾਲੇ ਕਾਰਨਾਮੇ ਨੰਗੇ ਕਰਨ ਦਾ ਮੌਕਾ ਹੈ। ਇਸ ਇਕ ਕੇਸ ਨਾਲ ਹੀ ਪਾਰਟੀ ਦੀ ਗੋਡਣੀ ਲੱਗ ਜਾਣੀ ਸੀ। ਉਹਨਾ ਗੁਰਬਾਜ ਨੂੰ ਸਿਰੇ ਦੇ ਆਹੁਦੇ ਦੀ ਪੇਸ਼ਕਸ਼ ਵੀ ਕੀਤੀ। ਪਰ ਗੁਰਬਾਜ ਮਾਊਂ ਬਣ ਕੇ ਬੈਠਾ ਰਿਹਾ। ਨਾ ਹੂੰ ਨਾ ਹਾਂ।

       ਚਾਰ ਸਾਲ ਲੰਘ ਗਏ। ਜੀਤੋ ਤਰੀਕਾਂ ਭੁਗਤੀ ਜਾਂਦੀ ਆ। ਹਜ਼ਾਰਾਂ ਰੁਪਈਆ ਕੇਸ 'ਤੇ ਲੱਗ ਗਿਆ। ਅੱਧੀ ਜ਼ਮੀਨ 'ਤੇ ਅਜੇ ਵੀ ਨੰਬਰਦਾਰ ਦਾ ਕਬਜ਼ਾ।

ਜਦੋਂ ਕਿਤੇ ਹਰਖ 'ਚ ਆਈ ਜੀਤੋ, ਗੁਰਬਾਜ ਨੂੰ ਉਲਾਂਭਾ ਦਿੰਦੀ ਤਾਂ ਉਹ ਅੱਗੋਂ ਕਹਿ ਦਿੰਦਾਂ ' ਐਵੇਂ ਤਾਂ ਨੀਂ ਕਿਹਾ ਬਈ ਬੁੜੀਆਂ ਦੀ ਮੱਤ ਗਿੱਚੀ ਪਿੱਛੇ ਹੁੰਦੀ ਆ ...  ਹਂੈ... ਮੁਲਕ ਦਾ ਰਾਜਾ ਵਾ ਰਾਜਾ... ਸਰਦਾਰ ਚੱਲ ਕੇ ਆਪਣੇ ਘਰ ਆਇਆ, ਇਹ ਥੋੜਾ ਕਿਤੇ... ਮਾਰਾਜ ਸੁੱਖ ਰੱਖੇ ਚੰਗਾ ਟੈਮ ਆਇਆ ਤਾਂ ਬਥੇਰੀ ਪੈਲੀ ਬਣਾ ਲਾਂ ਗੇ... ਕਮਲੀਏ ਸਰਦਾਰਾਂ ਨਾਲ ਆਪਣਾ ਤਿੰਨ ਪੀੜ੍ਹੀਆਂ ਦਾ ਵਾਹ ...ਤੂੰ ਐਵੀਂ ਦੋ ਦਿਨਾਂ 'ਚ ਈ ਰੋਣ ਲੱਗ ਗੀ...'।

ਰੋਣ ਤਾਂ ਹੁਣ ਵੀ ਨਹੀਂ ਸੀ ਝੱਲਿਆ ਜਾਂਦਾ ਜੀਤੋ ਦਾ। ਇਸ ਅਣਹੋਣੀ ਮੌਤ 'ਤੇ ਪਿੰਡ ਦੇ ਹਰ ਜਣੇ ਨੇ ਹਾਅ ਦਾ ਨਾਹਰਾ ਮਾਰਿਆ। ਮਾਂ ਦੇ ਵੈਣ ਅਸਮਾਨ ਚੀਰ ਚੀਰਦੇ।  ਉਸਦਾ ਰੋ-ਰੋ ਬੁਰਾ ਹਾਲ ਹੋ ਗਿਆ। ਕਦੇ ਧਾਹਾਂ ਮਾਰਦੀ। ਕਦੇ ਬੇ-ਸੁਰਤ ਹੋ ਜਾਂਦੀ। ਬੁੜੀਆਂ ਉਸਨੂੰ ਸੰਭਾਲਦੀਆਂ।

ਬੇਸੁਰਤੀ ਵਿਚ ਉਹ ਫਿਰ ਉੱਚੀ-ਉੱਚੀ ਬੋਲਣ ਲੱਗੀ ' ਲੈ ਕੁੜੇ ਨਵੀ ਦੇ ਵਿਆਹ ਤੇ ਤਾਂ 'ਕੱਠ ਬਲਾਂ ਹੋ ਗਿਆ ... ਦੇਖ ਲਾ ਕਿਥੋਂ-ਕਿਥੋਂ ਲੋਕ ਆਏ ਨੇ... ਉਨ੍ਹਾਂ ਦੀ ਪਾਲਟੀ ਦੇ  ਬੰਦੇ ਪੂਰੇ ਲਾਅਕੇ ਚੋਂ ਆਏ ਨੇ... ਸੁੱਖ ਨਾਲ ਇੰਨ੍ਹਾ ਕੱਠ ਤਾਂ ਕਦੇ ਬਰਾੜਾਂ ਦੇ ਘਰ ਵੀ ਨਈਂ ਹੋਇਆ ਹੋਣਾ ਜਿਹੜੇ ਵੱਡੇ ... ਚੱਲ ਆਪਾਂ ਕੀ ਲੈਣਾ ... ਮਾਅਰਾਜ ਸੁੱਖ ਰੱਖੇ ... ਕੁੜੇ ਪਰ੍ਹਾਉਣਿਆਂ ਨੂੰ ਚਾਹ ਪਾਣੀ ਦਿਓ... ਕੋਈ ਭੁੱਖਾ ਨਾ ਰਹੇ ... ਲੈ ਦੱਸ ਮੈਂ ਕਿਤੇ ਰੋਜ਼-ਰੋਜ਼ ਕਾਜ ਕਰਨੇ ਆ... ਵੇ ਲੋਕੋ ਆਜੋ ... ਮੇਰਾ ਪੁੱਤ ਤੁਰਨ ਲੱਗਿਆ... ਵੇ ਮੈਂ...'।  ਉਸਦੀ ਆਵਾਜ਼ ਘੱਗੀ ਹੋ ਗਈ। ਫਿਰ ਦੰਦਲ ਪੈ ਗਈ। ਬੁੜੀਆਂ ਮੂੰਹ ਵਿਚ ਚਮਚਾ ਪਾ ਕੇ ਦੰਦਲ ਤੋੜਣ ਲੱਗੀਆਂ।

ਦੰਦਲਾਂ ਤਾਂ ਉਸ ਦਿਨ ਵੀ ਬਹੁਤ ਪਈਆਂ ਸੀ ਨਵੀ ਦੀ ਮਾਂ ਨੂੰ ਜਿਸ ਦਿਨ ਗੁਰਬਾਜ ਉਤੇ ਕਤਲ ਦਾ ਕੇਸ ਪਿਆ ਸੀ। ਬਲਵੰਤ ਸਿੰਘ ਸਮੁੰਦਰੀ ਦੇ ਵੱਡੇ ਭਾਈ ਕੋਲੋ ਧੱਲੇ ਕਿਆਂ ਦੇ ਇਕ ਆਦਮੀ ਦਾ ਹੋਇਆ ਕਤਲ ਗੁਰਬਾਜ ਨੇ ਆਪਣੇ ਜ਼ਿੰਮੇ ਲੈ ਲਿਆ। ਉਦੋਂ ਬਹੁਤਿਆਂ ਨੇ ਗੁਰਬਾਜ ਨੂੰ ਪਾਗਲ ਵੀ ਕਿਹਾ। ਆਤਮ ਹੱਤਿਆ ਕਰਨ ਵਰਗਾ ਫੈਸਲਾ ਲਿਆ ਸੀ ਉਸਨੇ। ਕਤਲ ਵਿਚ ਵਰਤੀ ਬੰਦੂਕ ਉਪਰ ਆਪਣੀਆਂ ਉਂਗਲਾਂ ਦੇ ਨਿਸ਼ਾਨ ਦੇ ਦਿੱਤੇ। ਪੁਲੀਸ ਨੂੰ ਦਿੱਤੇ ਬਿਆਨ ਵਿਚ ਇਕਬਾਲ ਕਰ ਲਿਆ। ਇਕ ਵਾਰ ਵੀ ਨਹੀਂ ਸੀ ਡੋਲਿਆ। ਲੋਕਾਂ ਬਥੇਰਾ ਕਿਹਾ 'ਕਮਲਿਆਂ ਤੂੰ ਫਾਹੇ ਲੱਗ ਜਾਣਾ ਤੇ ਸਰਦਾਰਾਂ ਤੇਰੀ ਬਾਤ ਨਹੀਂ ਪੁੱਛਣੀ।' ਪਰ ਗੁਰਬਾਜ ਨੇ ਕਿਸੇ ਦੀ ਗੱਲ  ਨਾ ਮੰਨੀ।  ਉਦੋਂ ਬਲਵੰਤ ਸਿੰਘ ਸਮੁੰਦਰੀ ਦੂਸਰੀ ਵਾਰ ਉਸਦੇ ਘਰ ਆਇਆ। ਉਸ ਨਾਲ ਦਾਰੂ ਪੀਤੀ। ਪੁਲੀਸ ਗੁਰਬਾਜ ਨੂੰ ਘਰੋਂ ਲੈ ਗਈ ਤਾਂ ਉਹ ਦੋ ਸਾਲ ਬਾਅਦ ਜਮਾਨਤ ਹੋਈ ਤੋਂ ਹੀ ਘਰ ਮੁੜਿਆ। ਕੇਸ ਅਜੇ ਵੀ ਚੱਲ ਰਿਹੈ। ਗੁਰਬਾਜ ਲਈ ਚੰਡੀਗੜ੍ਹ ਨਿਆਈਆਂ ਬਣ ਗਿਆ। ਸਰਦਾਰਾਂ ਨੇ ਉਸ ਨੂੰ ਚੰਡੀਗੜ੍ਹ ਦਾ ਟੌਪ ਦਾ ਵਕੀਲ ਕਰਵਾ 'ਤਾ।  ਪਰ  ਉਸਦੀ ਫੀਸ ਤਾਰਨ ਲੱਗਿਆਂ ਗੁਰਬਾਜ ਨੂੰ ਦੋ ਕਿਲੇ ਨੰਬਰਦਾਰ ਕੋਲ ਬੈਅ ਕਰਨੇ ਪਏ। 

'ਗੁਰਬਾਜ਼ ਸਿਹਾਂ ਸਰਦਾਰ ਤੇਰੀ ਬਹੁਤ ਕਦਰ ਕਰਦੇ ਆ... ਤੂੰ ਡੱਟਿਆ ਰਹੀਂ ... ਮੈਂ ਤੈਨੂੰ ਅੰਦਰਲੀ ਗੱਲ ਦੱਸਾਂ... ਤੂੰ ਐਮ ਐਲ ਏ ਦੀ ਟਿਕਟ ਪੱਕੀ ਸਮਝ... । ' ਰਜਿਸਟਰੀ 'ਤੇ ਦਸਤਖਤ ਕਰਦਿਆਂ ਨੰਬਰਦਾਰ ਦੇ ਕਹੇ ਬੋਲਾਂ ਨੇ ਉਸਦਾ ਮੂੰਹ ਮਿੱਠਾ ਕਰ ਦਿੱਤਾ ਸੀ।

ffff

ਸਾਰਾ ਪਿੰਡ ਰਾਤ ਦਾ ਨਵੀ ਦੀ ਲਾਸ਼ ਕੋਲ ਬੈਠਾ ਸੀ। ਐਕਸੀਡੈਂਟ ਦਾ ਪਤਾ ਲੱਗਦਿਆਂ ਹੀ ਲੋਕ ਭੱਜ ਤੁਰੇ। ਕਦੇ ਹਸਪਤਾਲ। ਕਦੇ ਥਾਨੇ।

'ਬਈ ਕੋਈ ਅੱਧੀ ਰਾਤ 'ਵਾਜ ਮਾਰੇ ਤਾਂ ਗੁਰਬਾਜ ਨੰਗੇ ਪੈਰੀਂ ਭੱਜਾ ਜਾਂਦੈ... ਬਹੁਤ ਮਾੜਾ ਹੋਇਆ 'ਵਚਾਰੇ ਨਾਲ... ਪਤਾ ਨਈਂ ਕਿਹੜੇ ਜਨਮ ਦਾ ਮਾੜਾ ਕੀਤਾ ਅੱਗੇ ਆ ਗਿਆ...  ਕਦੇ ਗਿੱਲੇ ਗੋਹੇ ਤੇ ਪੈਰ ਨੀਂਅ ਧਰਿਆ।' ਤਾਇਆ ਨ੍ਹਾਮਾ ਬੋਲਿਆ।

'ਦੇਖਲਾ ਬਈ ਹੋਰ ਕੋਈ ਹੁੰਦੈ ਤਾਂ ਪੰਜਾਹ ਕਿਲੇ ਪੈਲੀ ਬਣਾ ਲੈਂਦਾ... ਜਿਵੇਂ ਸਰਦਾਰਾਂ ਨਾਲ ਤਾਏ ਦੀ ਲਿਹਾਜ ਆ ... ਪਰ ਤਾਏ ਨੇ ਸਗੋਂ ਆਪਣੀ ਪੈਲੀ ਵੇਚ ਕੇ ਲਾ ਤੀ... ਤਾਂ ਹੀਂ ਦੇਖਲਾ ਸਰਦਾਰ ਵੀ ਕਿੰਨੀ ਕਦਰ ਕਰਦੇ ਆ... ਬਈ ਚਾਚਾ ਹੋਰ ਦੇਖ ਲਾ ਬਈ... ਐਤਕੀਂ ਵੋਟਾਂ 'ਚ ਕਹਿੰਦੇ ਤਾਏ ਨੇ ਦੋ 'ਟੈਚੀ ਨੋਟਾਂ ਦੇ ਤਾਂ ਸਰਦਾਰਾਂ ਨੂੰ ਵਾਪਸ ਹੀ ਕਰਤੇ... ਹੈਂ ਬਾਈ ਜੇ ਕਿਤੇ ਹੁੰਦੇ ਬਰਾੜ ਤੇ ਉਹ ...।'   

ਅੜਬ ਢਾਂਡਿਆਂ ਦਾ ਬੁੜਾ ਗੱਲ ਵਿਚੋਂ ਕੱਟ ਕੇ  ਬੋਲਿਆ, 'ਚੁੱਪ ਕਰ ਓਏ ਸਾਲਿਆ ਝੜੱਮਾ... ਦੇਖ ਤਾਂ ਲੈ ਬਈ ਬੈਠੇ ਕਿਥੇ ਆ... ਐਂਵੇ ਭਕਾਈ ਮਾਰੀ ਜਾਣਾ... ਮਾਂ ਜਾਵੀਆਂ ਵੋਟਾਂ ਨੇ ਦੁਨੀਆਂ ਮਾਰ ਲੀ... ਨਾ ਸਾਲਾ ਕੁਸ਼ ਸੌਅਰੇ ਕਿਸੇ ਦਾ ਨਾ ਵਾਸਤਾ... ਮੁਫਤ ਦੀ ਲਾਅਲਾ-ਲਾਅਲਾ...।'

ਸੱਥਰ ਤੋਂ ਉਠ ਕੇ ਕਈ ਜਣੇ ਘਰਾਂ ਨੂੰ ਗੇੜਾ ਮਾਰਨ ਲਈ ਤੁਰ ਪਏ।  ਗੁਰਬਾਜ ਸੱਥਰ ਤੋਂ ਉਠ ਕੇ ਕਮਰੇ ਅੰਦਰ ਚਲਾ ਗਿਆ। ਦਿਨ ਕਾਫੀ ਚੜ ਆਇਆ ਸੀ। ਪਰ ਸਿਆਲੂ ਰੁੱਤ ਹੋਣ ਕਰਕੇ ਬਹੁਤਾ ਪਤਾ ਨਹੀਂ ਸੀ ਲੱਗਦਾ। ਆਏ ਗਏ ਨੂੰ ਪਿਆਉਣ ਲਈ ਪਿੰਡ ਵਿਚੋਂ ਲੋਕ ਚਾਹ ਦੀਆਂ ਡੋਲ੍ਹਣੀਆਂ ਭਰ  ਕੇ ਲਈ ਆਉਂਦੇ। ਮੰਜੇ 'ਤੇ ਨਵੀ ਦੀ ਦੇਹ ਚਾਦਰ ਨਾਲ ਢੱਕੀ ਹੋਈ ਸੀ। ਕਿਤੇ-ਕਿਤੇ ਖੂਨ ਦੇ ਨਿਸ਼ਾਨ ਸਨ।

ਜਿਨ੍ਹਾਂ ਗੁਰਬਾਜ ਨਰਮ ਤੇ ਘੱਟ ਬੋਲਣ ਵਾਲਾ ਸੀ ਨਵੀ ਉਨ੍ਹਾਂ ਹੀ ਅੜ੍ਹਬ ਤੇ ਤਿੱਖਾ ਸੀ। ਇਲਾਕੇ ਵਿਚ ਉਸ ਸਮੇਂ ਉਹਦੀ ਬਹੁਤ ਚਰਚਾ ਹੋਈ ਸੀ ਜਦੋਂ ਪਾਰਟੀ ਵੱਲੋਂ ਇਕ ਦਿਨ ਵਾਸਤੇ ਚੱਕਾ ਜਾਮ ਕੀਤਾ ਗਿਆ ਸੀ। ਨੰਬਰਦਾਰ ਦੀ ਅਗਵਾਈ ਹੇਠ ਪਿੰਡ ਲਾਗੇ ਸੜਕ 'ਤੇ ਜਾਮ ਲਾਇਆ ਗਿਆ। ਵਰਕਰ ਸੜਕ 'ਤੇ ਦਰੀਆਂ ਵਿਛਾ ਕੇ ਬੈਠ ਗਏ। ਕੁਝ ਸਮੇਂ ਬਾਅਦ ਨਵੀ ਇਕ ਦਮ ਧਰਨੇ ਵਿਚੋਂ ਉਠਿਆ।  ਜਦੋਂ ਨੂੰ ਦੁਆਲੇ ਖੜੀ ਪੁਲੀਸ ਕੁਝ ਸਮਝਦੀ, ਉਹਨੇ ਸੜਕ ਕੰਢੇ ਖੜੀਆਂ ਕਈ ਬੱਸਾਂ, ਕਾਰਾਂ  ਦੇ ਸ਼ੀਸ਼ੇ ਭੰਨ੍ਹ ਦਿੱਤੇ।  ਰੌਲਾ ਪੈ ਗਿਆ। ਪੁਲੀਸ ਨੇ ਨਵੀ ਫੜ ਕੇ ਉਸਤੇ ਮੁਕਦਮਾ ਬਣਾ 'ਤਾ। ਕਈ ਦਿਨਾਂ ਬਾਅਦ ਨਵੀ ਦੀ ਜਮਾਨਤ ਹੋਈ। ਦੋ ਸਾਲ ਹੋ ਗਏ ਤਰੀਕਾਂ ਪਈ ਜਾਂਦੀਆਂ ਨੇ। 

ਕੇਸ ਰਫਾ ਦਫਾ ਨਾ ਕਰਾਉਣ ਸਬੰਧੀ ਜੇ ਕਦੇ ਨਵੀ ਗੁੱਸਾ ਕਰਦਾ ਤਾਂ ਗੁਰਬਾਜ ਵਰਾ ਦਿੰਦਾ 'ਕਾਕਾ ਉਨ੍ਹਾਂ ਨੂੰ ਸਾਰੀ ਦੁਨੀਆ ਦਾ ਫਿਕਰ ਆ ... ਆਪਾਂ ਤਾਂ ਆਵਦਾ ਆਵਦਾ ਸੋਚਦੇ ਆਂ... ਹੈਂਅ'।      ਕਾਕਾ ਜੀ ਦੇ  ਕਹੇ ਲਫਜ਼ ਅਜੇ ਵੀ ਗੁਰਬਾਜ ਦੇ ਕੰਨਾਂ 'ਚ ਗੂੰਜਦ ਸਨ, 'ਗੁਰਬਾਜ ਸਿਆਂ ਤੂੰ ਫਿਕਰ ਨਾ ਕਰ... ਮੁੰਡਾ ਤੇਰਾ ਹੁਸ਼ਿਆਰ ਆ... ਲੰਬੀ ਰੇਸ ਦਾ ਘੋੜਾ ਆ... ਐਹਨੂੰ ਆਪਾਂ ਲੀਡਰ ਬਣਾਉਣੇ... ਸਿਰੇ ਦਾ... ।'

ਨਵੀ ਦੀ ਮਾਂ ਬਹੁਤ ਕਲਪੀ, 'ਵੇ ਭਲਿਆ ਮਾਨਸਾ ਕੁਝ ਹੋਸ਼ ਕਰ... ਕੇਸ ਲੜਣੇ ਸੋਖੇ ਆ ਕਿਤੇ... ਅੱਗੇ ਈ ਨੀਂ ਸਾਹ ਆਉਂਦਾ ਕਚਿਹਰੀਆਂ ਤੋਂ ਤਾਂ ... ਕਿਹੜਾ ਐਥੇ ਪੰਜਾਹ ਮਰੱਬੇ ਆ... ਮੁੰਡੇ ਨੂੰ ਕਿਸੇ ਨੇ ਰਿਸ਼ਤਾ ਨੀਂਅ ਕਰਨਾ ... ਤੂੰ ਕਢਾਉਣ ਦੀ ਕਰ ਕਿਸੇ ਤਰਾਂ... ਆਹ ਜਿਹੜੇ ਸਰਦਾਰਾਂ ਮਗਰ ਲੱਗਿਆ ਫਿਰਦੈਂ ਲੋੜ ਪਈ ਤੋਂ ਕਿਸੇ ਕੰਜਰ ਨੇ ਬਾਤ ਨੀਂਹ ਪੁੱਛਣੀ...'।

' ਲੈ ਤੂੰ ਤਾਂ ਐਵੀਂ ਰਾਈ ਦਾ ਪਹਾੜ ਬਣਾਈ ਜਾਨੀ ਆਂ..². ਇਹ ਸਿਆਸੀ ਕੇਸ ਆ... ਵੋਟਾਂ ਆਲੇ... ਕੋਈ ਮਾੜੇ  ਨੀਂਅ ... ਆਹ ਸਰਦਾਰ ਵੇਖਲਾ ਦਸ ਵਾਰੀ ਜੇਲ੍ਹ ਜਾ ਆਇਆ... ਕਮਲੀਏ ਮੁੰਡਾ ਲੀਡਰ ਬਣਜੂ ... ਲੀਡਰ ... ਲੋਕ ਤਾਂ ਤਰਸਦੇ ਆ ਬਈ ... ਤੂੰ ਐਵੀਂ ਨਾ ਸੰਸਾ ਕਰ ...।'

ਜਿਸ ਜੀਪ ਵਿਚ ਨਵੀ ਦਾ ਐਕਸੀਡੈਂਟ ਹੋਇਆ ਸੀ ਉਹ ਗੁਰਬਾਜ ਨੇ  ਜ਼ਮੀਨ  ਗਹਿਣੇ ਕਰਕੇ ਲਈ ਸੀ। ਪਾਰਟੀ ਦੇ ਜਲਸਿਆਂ 'ਚ ਪਿੰਡ ਦੇ ਬੰਦੇ ਲਿਜਾਣ ਲਈ। ਪਰ ਉਸਨੇ ਪਿੰਡ ਵਿਚ ਇਹ ਗੱਲ

ਉਡਾਈ ਹੋਈ ਸੀ ਕਿ ਨਵੀ ਲੁਧਿਆਣੇ ਪੜ੍ਹਦੈ।

ਪਹਿਲਾਂ ਗੁਰਬਾਜ ਇਸ ਤਰਾਂ ਦਾ ਨਹੀਂ ਸੀ। ਸਿੱਧਾ ਪੱਧਰਾ ਆਦਮੀ ਸੀ। ਪਰ ਹੁਣ ਉਹ ਪਹਿਲਾਂ ਵਾਲਾ ਨਹੀਂ ਸੀ ਰਿਹਾ। ਉਸਨੇ ਘੁੱਦੇ ਨਾਈ ਦੀ ਬੁਢਾਪਾ ਪੈਨਸ਼ਨ ਨੂੰ ਕਟਵਾ ਕੇ ਸਾਹ ਲਿਆ। ਕਹਿੰਦਾ ਇਹ ਧੱਲੇ ਕਿਆਂ ਦਾ ਬੰਦਾ। ਘੁੱਦਾ ਪਾਕਿਸਤਾਨੋਂ ਆਇਆ ਸੀ। ਭਲੇ ਵੇਲਿਆਂ 'ਚ ਦੋ ਕਿਲੇ ਜ਼ਮੀਨ ਉਸਨੂੰ ਅਲਾਟ ਹੋ ਗਈ ਸੀ। ਪਰ ਉਹ ਲੋਕਾਂ ਦੇ ਵਿਆਹਾਂ ਮਰਨਿਆਂ 'ਚ ਹੀ ਰੁਝਾ ਰਿਹਾ ਤੇ ਜ਼ਮੀਨ ਤੇ ਜੱਟਾਂ ਨੇ ਕਬਜ਼ਾ ਕਰ ਲਿਆ। ਗਿਰਦਾਵਰੀਆਂ ਹੋ ਗਈਆਂ। ਹੁਣ ਜਦੋਂ ਸਮੁੰਦਰੀ ਪਾਰਟੀ ਦਾ ਰਾਜ ਆਇਆ ਤਾਂ ਉਹਨਾਂ ਧੱਲੇ ਕਿਆਂ ਦੇ ਬੰਦਿਆਂ ਦੀਆਂ ਪੈਨਸ਼ਨਾਂ ਕਟਵਾ ਦਿੱਤੀਆਂ। ਘੁੱਦੇ ਦੀ ਪੈਨਸ਼ਨ ਵੀ ਕੱਟੀ ਗਈ। ਘੁੱਦਾ ਨਾਈ ਗੁਰਬਾਜ ਦੇ ਪੈਰੀਂ ਪਿਆ ਸੀ।

'ਜਜ਼ਮਾਨਾਂ ... ਤੇਰੇ ਬਾਪ ਨੇ ਮੈਨੂੰ ਪਿੰਡ 'ਚ ਰੱਖਿਆ ਸੀ... ਮੈਂ ਤੁਹਾਡੇ ਘਰਾਂ ਦੇ ਭਾਂਡੇ ਮਾਂਜੇ ਆ... ਮੇਰਾ ਕੀ ਕਸੂਰ ਆ... ਮੇਰੀ ਪੈਂਸ਼ਨ ਤੂੰ ਨਾ ਕਟਵਾ... ਮੇਰਾ ਕੋਈ ਸਹਾਰਾ ਨੀਂ... ਆਹ ਜਿਹੜੀ ਤੂੰ ਕਹਿਣਾ ਮੇਰੇ ਨਾਂਓ ਜ਼ਮੀਨ ਬੋਲਦੀ ਆ ਆਹ ਮੇਰੇ ਤੋਂ ਤੂੰ ਲਖਵਾ ਲਾ ... ਮੈਂ ਗੂਠਾ ਲਾ ਦਿੰਨ੍ਹਾ ... ਰੱਬ ਤੇਰਾ ਭਲੇ ਕਰੇ... ਮੈਨੂੰ ਤਾਂ ਬੱਸ ਪੈਂਸ਼ਨ ਲੱਗੀ ਰਹਿਣ ਦੇ ... ਤੇਰੇ ਬੱਚੇ ਜੀਣ...' ਘੁੱਦਾ ਨਾਈ ਗੁਰਬਾਜ਼ ਦੇ ਮੰਜੇ ਕੋਲ ਹੱਥ ਜੋੜੀ ਬੈਠਾ ਮਿੰਨਤਾ ਕਰ ਰਿਹਾ ਸੀ।  ਪਰ ਉਸਦੀ ਪੈਨਸ਼ਨ ਤੇ ਲਾਲ ਲੀਕ ਵਾਹ ਕੇ ਪੰਚਾਇਤ ਸਕੱਤਰ ਨੇ ਲਿਖ ਦਿੱਤਾ ਸੀ ਘੁੱਦਾ ਪੁੱਤਰ ਜੈਮਲ ਜ਼ਮੀਨ ਮਾਲਕ ਹੈ ਇਸ ਲਈ ਪੈਨਸ਼ਨ ਦਾ ਹੱਕਦਾਰ ਨਹੀਂ।

ਪਰ ਘੁੱਦਾ ਆਪਣਾ ਫਰਜ਼ ਅੱਜ ਵੀ ਪੂਰਾ ਕਰ ਰਿਹਾ ਸੀ। ਉਸ ਨੇ ਨਵੀ ਦੀ ਦੇਹ ਦੇ ਇਸ਼ਨਾਨ ਵਾਸਤੇ ਪਿੱਤਲ ਦੀ ਨਵੀਂ ਬਾਲਟੀ ਵਿਚ ਪਾਣੀ ਭਰ ਕੇ ਰੱਖ ਲਿਆ। ਸਾਬਣ ਦੀ ਨਵੀਂ ਟਿੱਕੀ, ਦਹੀਂ, ਤੇਲ,  ਨਵਾਂ ਤੌਲੀਆ ਸਭ ਕੁਝ ਤਿਆਰ ਕਰੀ ਬੈਠਾ ਸੀ। ਸਿੜੀ ਵੀ ਬਣਾ ਲਈ। ਕਈ ਬੰਦੇ ਪਾਥੀਆਂ, ਲੱਕੜਾਂ ਤੇ ਛਿੱਟੀਆਂ ਦਾ ਗੱਡਾ ਭਰ ਕੇ ਸ਼ਮਸ਼ਾਨ ਘਾਟ ਸੁੱਟ ਆਏ।

ਕਾਫੀ ਚਿਰ ਦਾ ਕਮਰੇ ਅੰਦਰ ਵੜਿਆ ਗੁਰਬਾਜ ਬਾਹਰ ਨਹੀਂ ਸੀ ਨਿਕਲਿਆ। ਦੋ ਕੁ ਨੇੜ ਦੇ ਰਿਸ਼ਤੇਦਾਰ ਅੰਦਰ ਗਏ 'ਬਾਈ ਬਹੁਤ ਮਾੜਾ ਹੋਇਆ... ਕੋਈ ਚਿੱਤ ਚੇਤਾ ਵੀ ਨਹੀਂ ਸੀ...  ਬਾਈ ਸੁਣ ਕੇ ਯਕੀਨ ਈ ਨਹੀਂ ਆਇਆ... ਬਾਈ ਜੀ ਬੱਸ ਤੁਸੀਂ ... ਰੱਬ ਦਾ ਭਾਣਾ ਆਦਮੀ ਕੀ ਕਰ ਸਕਦੈ... ਵਾਖਰੂ...' ਗੱਲ ਕਰਨ ਵਾਲਾ ਅੱਖਾਂ ਵਿਚ ਸਿਮ ਆਏ ਪਾਣੀ ਨੂੰ ਸਾਫ ਕਰਨ ਲੱਗਿਆ।

ਗੁਰਬਾਜ ਨੇ ਉਸਦਾ ਹੱਥ ਘੁਟਦਿਆਂ ਕਿਹਾ 'ਬਾਈ ਬੰਦੇ ਦੇ ਵੱਸ ਹੋਵੇ ਤਾਂ ਫੇਰ ਬੰਦਾ ਰੱਬ ਨੂੰ ਟਿੱਚ ਜਾਣੈ... ਏਹੀ ਤਾਂ ਉਹਨੇ ਆਪਦੇ ਹੱਥ ਰੱਖਿਆ... ਹੁਣੇ ਸਰਦਾਰ ਜੀ ਨੂੰ ਫੋਨ ਕੀਤਾ... ਉਹ ਵੀ ਏਹੀ ਕਹਿੰਦੇ ਆ ... ਬੜਾ ਹੌਂਸਲਾ ਬਾਈ ਜੀ ਉਹਨਾਂ ਦਾ ... ਦੇਖਲਾ ਕਿੰਨੀਆਂ ਮਾਰਾਂ ਪਈਆਂ ਕਦੇ ਨੀਂਅ ਡੋਲੇ ... ਪਿਛਲੀਆਂ ਵੋਟਾਂ ਵੇਲੇ ਉਹਨਾਂ ਦਾ ਜਵਾਈ ਗੋਗੀ ਪੂਰਾ ਹੋ ਗਿਆ ਸੀ... ਅਸੀਂ ਕਿਹਾ ਕਿ ਸਰਦਾਰ ਜੀ ਬੱਸ ਹੁਣ ਕਾਹਦੀਆਂ ਵੋਟਾਂ... ਪਰ ਬਾਈ ਤੁਸੀਂ ਸੱਚ ਜਾਣਿਓ ਜਿਹੜਾ ਸਰਦਾਰ ਜੀ ਨਾਲ ਢਿੱਲੀ ਗੱਲ ਕਰੇ ਸਰਦਾਰ ਜੀ ਕਹਿਣ ਤੂੰ ਚੱਲ ਕੇ ਘਰ ਬੈਠ ਭਾਈ... ਵੋਟਾਂ ਮੈਂ ਆਪੇ ਸਾਂਭ ਲੂੰ... ਬਾਈ ਜੀ ਸਰਦਾਰ ਨੇ ਹਿੰਝ ਨੀਂ ਸਿਟੀ... ਸਾਨੂੰ ਤਕੜੇ ਹੋਣ ਲਈ ਕਹਿੰਦੇ , ਜੋ ਹੋਣਾ ਸੀ ਹੋ ਗਿਆ ਤੁਸੀਂ ਵੋਟਾਂ ਸਾਂਭੋ.. ਦੇਖ ਲਾ ਬਾਈ ਭੋਰਾ ਢਿੱਲ ਨੀ ਹੋਣ ਦਿੱਤੀ... ਆ ਕਿੰਗਰੇ ਤਾਂ ਕੱਛਾ ਵਜਾਉਂਦੇ ਸੀ ਅਖੇ ਹੁਣ ਤਾਂ ਸਮੁੰਦਰੀ ਡੁੱਬਗੇ ਸਮਝੋ... ਆ ਦੇਖ ਲਾ ਬਾਈ ... ਸੁੱਖ ਨਾਲ ਬੀਬੀ ਵੀ ਜਿੱਤਗੀ... ਤੈਨੂੰ ਪਤਾ ਈ ਆ ਅੱਗੇ  ਆਪਣੀ ਪਾਰਟੀ ਦਾ ਕੋਈ ਬੰਦਾ ਉਥੋਂ ਕਦੇ ਜਿੱਤਿਆ ਸੀ ... ਐਹੋ ਜਈ ਹਮਦਰਦੀ ਕੀਤੀ ਲੋਕਾਂ ਨੇ ਵੋਟਾਂ ਦੇ ਢੇਰ ਲਾ ਤੇ ... ਬਾਈ ਵਾਗਰੂ ਦੇ ਹੱਥ ਆ ਬੰਦਾ ਕੀ ਕਰ ਸਕਦੇ ... ਬੱਸ ਜੋ ਹੋਇਆ ... ਚੰਗਾ ਈ ਆ...'। 

ਗੁਰਬਾਜ ਨੇ ਕਿਧਰੇ ਦੂਰ ਦੇਖਦਿਆਂ ਕਿਹਾ '... ਬੱਸ ਸਰਦਾਰ ਜੀ ਚੱਲਣ ਲੱਗੇ ਆ ਚੰਡੀਗੜ੍ਹ ਤੋਂ... ਕੋਈ ਜ਼ਰੂਰੀ ਮੀਟਿੰਗ ਸੀ... ਨਵੀ ਨਾਲ ਬਹੁਤ ਤਿਓ ਸੀ ਉਹਨਾਂ ਦਾ... ਉਹਨਾਂ ਦੇ ਆਉਣ 'ਤੇ ਈ ਸਸਕਾਰ ਕਰਾਂਗੇ... ਤੁਸੀਂ ਬੈਠੋ ਬਾਈ... ਤੁਸੀਂ ਮੇਰਾ ਦੁੱਖ ਮੰਨਿਆ... ਮੈਂ...'। ਗੁਰਬਾਜ ਸਹਿਜ ਨਾਲ ਗੱਲਾਂ ਕਰ ਰਿਹਾ ਸੀ।

ਦੂਰੋਂ ਨੇੜਿਓਂ ਆਏ ਰਿਸ਼ਤੇਦਾਰ ਵਾਪਸੀ ਬਾਰੇ ਵਿਚਾਰਾਂ ਕਰ ਰਹੇ ਸਨ।  ਬੁੜੀਆਂ ਨੱਕ ਸੁਨਕ-ਸੁਨਕ ਕੇ ਆਪਣੀ ਹਾਜ਼ਰੀ ਲਵਾਉਣ ਲੱਗੀਆਂ। ਦਿਨ ਛੋਟੇ ਹੋਣ ਕਰਕੇ ਸਾਰੇ ਸਸਕਾਰ ਵਾਸਤੇ ਕਾਹਲੀ ਕਰ ਰਹੇ ਸੀ। ਪਰ ਗੁਰਬਾਜ ਚੁੱਪ ਬੈਠਾ ਸੀ। ਜੇ ਕੋਈ ਹੌਲੀ ਕੁ ਦੇਣੇ ਇਸ਼ਨਾਨ ਕਰਾਉਣ ਬਾਰੇ ਸਲਾਹ ਕਰਦਾ ਤਾਂ ਕਹਿ ਦਿੰਦਾ ਕੋਈ ਨੀਂ ਬਾਈ ਸਭ ਕੁਝ ਹੋ ਜੂ ਤੂੰ ਚਿੰਤਾ ਨਾ ਕਰ। ਗੁਰਬਾਜ ਨਵੀ ਦੀ ਲਾਸ਼ ਕੋਲ ਬੈਠਾ ਸੀ। ਜਿਹੜਾ ਵੀ ਨਵਾਂ ਆਦਮੀ ਆਉਂਦਾ ਦੋ ਘੜੀਆਂ ਗੁਰਬਾਜ ਕੋਲ ਬੈਠਦਾ ਫਿਰ ਹੌਲੀ-ਹੌਲੀ ਉਠ ਕੇ ਤੁਰ ਪੈਂਦਾ।

'ਭਾਈ ਸਿਆਲੂ ਦਿਨ ਆ... ਸਿਵਾ ਮੱਚਦਿਆਂ ਵੀ ਟੈਮ ਲੱਗੂ...ਰਿਸ਼ਤੇਦਾਰਾਂ ਵੀ ਟਿਕਾਣੇ ਤੇ ਅੱਪੜਣਾ... ਹੈਂ... ਹੁਣ ਕੀ ਦੇਰ... ਬਾਈ ਕਰੋ ਤਿਆਰੀ... ਸਾਰੇ ਭੈਣ ਭਾਈ ਆਏ ਬੈਠੇ ਆ... ਹੋਰ ਕੀ...ਜੋ ਹੋਣਾ ਸੀ ਹੋ ਗਿਆ...ਹੁਣ ਲਾਸ਼ ਵੀ ਤਾਂ ਕਿਉਂਟਣੀ ਆ ਕਿ ਨਹੀਂ...ਕੋਈ ਸਮਝ ਨੀਂ ਆਉਂਦੀ ਬਈ ਕੀ ਕਰਦਾ ਪਿਆ ਬਾਜ ਸਿਓਂ...' ਝੋਲੇ ਵਾਲਿਆਂ ਦਾ ਅਮਲੀ ਬੁੜਾ ਆਪਣੇ ਆਪ ਬੋਲੀ ਜਾ ਰਿਹਾ ਸੀ।

    ਗੁਰਬਾਜ ਫਿਰ ਕਮਰੇ ਅੰਦਰ ਜਾ ਕੇ ਫੋਨ ਕਰਨ ਲੱਗਿਆ '... ਸਰਦਾਰ ਜੀ ਸਾਰੀ ਤਿਆਰੀ... ਬੱਸ ਤੁਹਾਡੀ ਉਡੀਕ...' ਤੇ ਉਸਤੋਂ ਅੱਗੇ ਬੋਲ ਨਹੀਂ ਸੀ ਹੋਇਆ। ਉਸਨੇ ਫੋਨ ਬੰਦ ਕਰ ਦਿੱਤਾ।

ਲੰਬਾ ਸਾਹ ਖਿੱਚਿਆ। ਅੱਖਾਂ ਘੁੱਟ ਕੇ ਬੰਦ ਕੀਤੀਆਂ। 

'ਬੱਸ... ਸਰਦਾਰ ਜੀ ਆ ਹੀ ਰਹੇ ਨੇ ਉਨ੍ਹਾਂ ਦੇ ਆਉਂਦੇ ਹੀ... ਹੁਣ ਉਹਨਾਂ ਤੋਂ ਬਿਨਾਂ ਮੈਂ ਕਿਵੇਂ... ਮੈਂ ਤਾਂ ਕਦੇ ਮੱਝ ਗਾਂ ਨੀ ਸਰਦਾਰ ਤੋਂ ਪੁੱਛੇ ਬਿਨਾਂ ਵੇਚੀ..². ਅੱਜ ਆਪਣੇ ਪੁੱਤ ਨੂੰ ਕਿਵੇਂ ਤੋਰ ਦਿਆਂ...।' ਤੇ ਉਹ ਹੁੱਬਕੀਂ-ਹੁੱਬਕੀਂ ਰੋਣ ਲੱਗ ਪਿਆ।

ਨੰਬਰਦਾਰ ਨੇ ਹੌਂਸਲਾ ਦਿੱਤਾ '²²... ਕੋਈ ਗੱਲ ਨੀਂ ਗੁਰਬਾਜ ਸਿਆਂ... ਉਡੀਕਣਾ ਚਾਹੀਦਾ ਸਰਦਾਰ ਨੂੰ। ਉਨ੍ਹਾਂ ਦਾ ਕਿੰਨਾ ਪਿਆਰ ਸੀ ਨਵੀ ਨਾਲ। ਉਨ੍ਹਾਂ ਦੀ ਰੂਹ ਵੀ ਤਾਂ ਨਵੀ ਦੇ ਆਖਰੀ ਦਰਸ਼ਨ ਕਰਨ ਨੂੰ ਕਰਦੀ ਹੀ ਹੋਊ। ਜਿਓਂਦੇ ਜੀਅ ਤਾਂ ਕੰਮ ਮੁੱਕਦੇ ਹੀ ਨਹੀਂ। ਕੋਈ ਨੀਂ ਤੂੰ ਕੋਈ ਫਿਕਰ ਨਾ ਕਰ...ਆ ਬੈਠ²...।'

ਗੁਰਬਾਜ ਨੂੰ ਇਕ ਵਾਰ ਫਿਰ ਨੰਬਰਦਾਰ ਦੇ ਹਵਾ ਵਿਚ ਤੈਰਦੇ ਬੋਲ ਸੁਣਾਈ ਦਿੱਤੇ ' ਗੁਰਬਾਜ ਸਿਆਂ...  ਆ ਲੈਣ ਦੇ ਸਰਦਾਰ ਨੂੰ ਮੈਂ ਤੇਰੀ ਐਮ ਐਲ ਏ ਦੀ ਟਿਕਟ ਦਾ ਅਲਾਣ ਅੱਜ ਈ ਕਰਾ ਦੂੰ ... ਤੂੰ ਕਾਹਲ ਨਾ ਕਰ ... ਸਰਦਾਰ ਨੂੰ 'ਡੀਕ ... ਹੈਂ... ਜੋ ਹੋਣਾ ਸੀ ਸੋ ਹੋ ਗਿਆ... ਤੂੰ ਅੱਗਾ ਸਾਂਭ ... ਅੱਜ ਮੌਕਾ ਆ...।'

ਉਹ ਫਿਰ ਸੱਥਰ 'ਤੇ ਆ ਕੇ ਬੈਠ ਗਿਆ। ਦੋ ਘੰਟੇ ਹੋਰ ਲੰਘ ਗਏ। ਤਿੰਨ ਵੱਜਣ ਨੂੰ ਆ ਗਏ। ਬੁੜੀਆਂ ਦੀ ਚਿੰਤਾ ਸਿਖਰ 'ਤੇ ਪਹੁੰਚ ਗਈ। ਘੁਸਰ-ਮੁਸਰ ਫਿਰ ਹੋਣ ਲੱਗੀ।

'ਇਹ ਕੀ ਗੱਲ ਹੋਈ। ਜੇ ਆਉਣਾ ਤਾਂ ਟੈਮ ਸਿਰ ਆਵੇ। ਸਾਰੇ ਲਾਣੇ ਨੂੰ ਕਿਓਂ ਫਾਹੇ ਟੰਗਿਆ। ਇਹਨਾਂ ਲੀਡਰਾਂ ਦਾ ਕੋਈ 'ਤਬਾਰ ਨੀ ਭਾਈ...ਹੈਂ...ਰਾਤ ਦਾ ਪਤਾ ਲੱਗਿਆ ਤੇ ਹੁਣ ਦਿਨ ਵੀ ਮੁੱਕਣ ਨੂੰ ਆ ਗਿਆ... ਅਜੇ ਤੱਕ ਨੀ ਪਹੁੰਚੇ...ਆਹ ਦੂਸਰੇ ਰਿਸ਼ਤੇਦਾਰ ਕਿਥੋਂ ਕਿਥੋਂ ਆ ਗਏ... ਆ ਦੇਖ ਲਾ ਗੁਰਬਾਜ ਦਾ ਵੱਡਾ ਸਾਲਾ ਕਿਥੇ ਬੀਕਾਨੇਰ... ਰੱਬ ਦੀਆਂ ਜੜ੍ਹਾਂ 'ਚ ਉਥੋਂ ਆਇਆ ਬੈਠਾ ਤੇ ਸਰਦਾਰਾਂ ਤੋਂ ਆ ਚੰਡੀਗੜ੍ਹੋਂ ਨੀ ਆਇਆ ਗਿਆ... ਨਹੀਂ ਭਾਈ ਹੁਣ ਬਾਹਲੀ ਦੇਰ ਨਾ ਕਰੋ...ਵਿਚਾਰੇ ਅੱਧੀ ਰਾਤ ਦੇ ਤੁਰੇ ਅਜੇ ਤਾਂਈ ਸੁੱਚੇ ਮੂੰਹ ਬੈਠੇ ਨੇ ਇਹ ਮਾਰਨੇ ਤਾ ਨੀਂ...ਕੋਈ ਨੀਂ ਆ ਜਾਣਗੇ ਤੁਸੀ ਅਸ਼ਨਾਨ ਤਾਂ ਕਰਾਓ ਭਾਈ... ਚੱਲੋ ਲਓ ਰੱਬ ਦਾ ਨਾਂ...।' ਇਕ ਵਾਰੀ ਫਿਰ ਚੀਕ ਚਿਹਾੜ ਮੱਚ ਗਿਆ। ਰਿਸ਼ਤੇਦਾਰ ਨਵੀ ਦੀ ਦੇਹ ਨੂੰ ਇਸ਼ਨਾਨ ਕਰਾਉਣ ਲਈ ਇਕ ਪਾਸੇ ਮੰਜਾ ਚੁੱਕ ਕੇ ਲੈ ਗਏ।

ਗੁਰਬਾਜ ਉਠ ਕੇ ਕਮਰੇ ਅੰਦਰ  ਚਲਾ ਗਿਆ। ਹੈਲੋ ... ਹੈਲੋ ...  ਉਸਦੀਆਂ ਦੋ ਚਾਰ ਅਵਾਜ਼ਾਂ ਆਈਆਂ। ਫਿਰ ਚੁੱਪ ਹੋ ਗਈ। ਘੁੱਦਾ ਨਾਈ ਚੱਕਵੇਂ ਪੈਰੀਂ ਅੰਦਰ ਗਿਆ। ਗੁਰਬਾਜ਼ ਮੰਜੇ ਤੇ ਮੂਧੇ ਮੂੰਹ ਪਿਆ ਸੀ।  ਆਪਣੇ ਰੋਣ ਦੀ ਆਵਾਜ਼ ਨੂੰ ਦਬਾਉਣ ਲਈ ਮੂੰਹ ਵਿਚ ਕੱਪੜਾ ਤੁੰਨਿਆ ਹੋਇਆ ਸੀ। ਘੁੱਦੇ ਨੇ ਉਸਨੂੰ ਸਿੱਧਾ ਕੀਤਾ। ਉਹ ਨਿਢਾਲ ਹੋਈ ਜਾ ਰਿਹਾ ਸੀ। ਬੇ-ਸੁਰਤ। ਪਾਣੀ ਦਾ ਗਿਲਾਸ ਮੂੰਹ ਨੂੰ ਲਾਇਆ।  ਪਰ ਪਾਣੀ ਮੂੰਹ ਵਿਚੋਂ ਬਾਹਰ ਡੁੱਲ ਗਿਆ।  ਉਹ ਬੜਬੜਾਇਆ 'ਘੋ ... ਘੌੜ ਦੌੜ ... ਸਰਦਾਰ ਬੰਗਲੋਰ ... ਸਰਦਾਰ ਦੇ ਘੋੜੇ ਨੇ ਦੌੜਣਾ...  ਨਵੀ ... ਨਵੀ ਮੇਰਾ ਪੁੱਤ ਵੀ ਸਰਦਾਰ ਦਾ ਘੋੜਾ... ਹੈਂ... ਦੋੜ ਸ਼ੁਰੂ ਹੋ ਗੀਅ... ਨਵੀ ... ਨਵੀ... ਤੂੰ ਕਿਥੇ ਆਂ ਦੋੜ ਚੱਲ ਪੀਅ ... ਹੈਂ ਦੋੜ ਚੱਲ ਪੀਅ ... ਨਵੀ... ਤੂੰ ਭੱਜਦਾ ਕਿਉਂ ਨਹੀਂ ... ਨਵੀ ਭੱਜ... ਤੂੰ ਭੱਜਦਾ ਕਿਉਂ ਨੀਂਅ ... ਆਪਾਂ ਹਾਰਨਾ ਨੀਂਅ... ਹਾਂ ਹਾਂ ਮੈਂ ਦੋੜਾਂਗਾ... ਮੈਂ ਸਰਦਾਰ ਦੇ ਘੋੜੇ ਨੂੰ ਹਰਾਊਂਗਾ...ਮੈਂ ਮੇਰੀ...।'  ਉਹ ਹੌਂਕਣ ਲੱਗ ਪਿਆ। ਹੱਥ 'ਚ ਫੜਿਆ ਫੋਨ ਥੱਲੇ ਡਿੱਗ ਪਿਆ। ਬਾਂਹ ਮੰਜੇ ਤੋਂ ਥੱਲੇ ਲਮਕ ਕੇ ਝੂਲਣ ਲੱਗ ਪਈ। ਘੁੱਦਾ ਉੱਚੀ-ਉੱਚੀ ਰੌਲਾ ਪਾਉਣ ਲੱਗਿਆ। ਸੱਥਰ ਤੇ ਬੈਠੇ ਲੋਕ ਅੰਦਰ ਨੂੰ ਭੱਜ ਤੁਰੇ।