ਸਫਲ ਜ਼ਿੰਦਗੀ ਦਾ ਆਧਾਰ : ਅਸਲੀ ਰਿਸ਼ਤੇ (ਲੇਖ )

ਕੈਲਾਸ਼ ਚੰਦਰ ਸ਼ਰਮਾ   

Email: kailashchanderdss@gmail.com
Cell: +91 80540 16816
Address: 459,ਡੀ ਬਲਾਕ,ਰਣਜੀਤ ਐਵੀਨਿਊ,
ਅੰਮ੍ਰਿਤਸਰ India
ਕੈਲਾਸ਼ ਚੰਦਰ ਸ਼ਰਮਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਬਿਨਾ ਕਹੇ ਜੋ ਸਭ ਕੁਝ ਕਹਿ ਜਾਂਦੇ ਹਨ, ਬਿਨਾ ਦੋਸ਼ ਦੇ ਜੋ ਸਭ ਕੁਝ ਸਹਿ ਜਾਂਦੇ ਹਨ, ਦੂਰ ਰਹਿ ਕੇ ਵੀ ਜੋ ਆਪਣਾ ਫਰਜ਼ ਨਿਭਾਉਂਦੇ ਹਨ, ਉਹੀ ਰਿਸ਼ਤੇ ਅਸਲ ਵਿਚ ਆਪਣੇ ਕਹਿਲਾਉਂਦੇ ਹਨ।ਸਾਡੇ ਸਮਾਜ ਵਿਚ ਕਈ ਰਿਸ਼ਤੇ ਹਨ।ਇਨ੍ਹਾਂ ਵਿਚੋਂ ਕਈ ਮਾਂ ਦੀ ਲੋਰੀ ਤੋਂ ਵੀ ਵੱਧ ਨਿੱਘੇ ਅਤੇ ਕਈ ਜੇਠ-ਹਾੜ ਦੀਆਂ ਧੁੱਪਾਂ ਵਾਂਗ ਪਿੰਡਾ ਲੂਹ ਦੇਣ ਵਰਗੇ ਹੋ ਨਿਬੜਦੇ ਹਨ।ਅਜਿਹੇ ਰਿਸ਼ਤੇ ਆਪਣੇ ਵਿਵਹਾਰ ਦੀਆਂ ਸੂਲਾਂ ਚੋਭਦੇ ਹੋਏ ਦੂਜਿਆਂ ਨੂੰ ਵਿਨ੍ਹਦੇ ਰਹਿੰਦੇ ਹਨ।ਜਿਨ੍ਹਾਂ ਰਿਸ਼ਤਿਆਂ ਵਿਚ ਪਿਆਰ, ਵਿਸ਼ਵਾਸ ਤੇ ਹਮਦਰਦੀ ਦਾ ਸੁਮੇਲ ਹੋਵੇ, ਉਹੀ ਰਿਸ਼ਤੇ ਸਫਲ ਜ਼ਿੰਦਗੀ ਦਾ ਆਧਾਰ ਬਣਦੇ ਹਨ।ਸਮੇਂ ਦੇ ਨਾਲ-ਨਾਲ ਰਿਸ਼ਤਿਆਂ ਦੀ ਪ੍ਰੀਭਾਸ਼ਾ ਬਦਲਦੀ ਹੈ।ਅਜੋਕੇ ਯੁੱਗ ਵਿਚ ਰਿਸ਼ਤੇ ਮਤਲਬੀ ਬਣ ਗਏ ਹਨ।ਪੈਸੇ ਦੀ ਦੌੜ ਅਤੇ ਸੁੱਖ ਸਹੂਲਤਾਂ ਨੇ ਰਿਸ਼ਤੇ-ਨਾਤੇ ਖੋਖਲੇ ਕਰ ਦਿੱਤੇ ਹਨ।ਰਿਸ਼ਤਿਆਂ ਦੀ ਸਾਂਝ ਉੱਕਾ ਹੀ ਮੁੱਕ ਚੁਕੀ ਹੈ।ਇਨ੍ਹਾਂ ਵਿਚਲੀ ਸੰਵੇਦਨਸ਼ੀਲਤਾ ਮਾਰੂਥਲ ਦੀ ਰੇਤ ਵਾਂਗ ਉੱਡ-ਪੁੱਡ ਗਈ ਹੈ।ਪੁਰਾਣੇ ਵੇਲਿਆਂ ਵਾਲੇ ਮੋਹ-ਭਿੱਜੇ ਰਿਸ਼ਤਿਆਂ ਤੋਂ ਇਨਸਾਨ ਵਾਂਝਾ ਹੋ ਗਿਆ ਹੈ।ਖੁਦਗਰਜ਼ੀ, ਨਿੱਜੀਪਣ, ਨਫਰਤ ਆਦਿ ਦਾ ਵਿਸਥਾਰ ਤੇਜ਼ੀ ਨਾਲ ਹੋ ਰਿਹਾ ਹੈ।ਇਕ-ਦੂਜੇ ਪ੍ਰਤੀ ਗਿਲ੍ਹੇ-ਸ਼ਿਕਵੇ ਮਨ ਵਿਚ ਡੂੰਘੇ ਸਮੋਏ ਹੋਏ ਹਨ।ਸਭ ਕੁਝ ਆਪਣੇ ਵੱਲ ਸੁੱਟ ਲੈਣ ਦੀ ਸੌੜੀ ਚਾਹਤ ਦੀ ਅੰਨ੍ਹੀ ਭੱਜ-ਦੌੜ ਚਾਰ-ਚੁਫੇਰੇ ਜਾਰੀ ਹੈ।ਨਾ ਕਿਸੇ ਦਾ ਦੁੱਖ ਵੇਖ ਕੇ ਹੰਝੂ ਆਉਂਦਾ ਹੈ ਅਤੇ ਨਾ ਹੀ ਦੂਜੇ ਦੀ ਖੁਸ਼ੀ ਵਿਚ ਚਿਹਰੇ 'ਤੇ ਖੇੜਾ ਆਪਣੀ ਹੋਂਦ ਪ੍ਰਗਟਾਉਂਦਾ ਹੈ।ਬਿਨਾ ਕਾਰਨ ਹੀ ਅਸੀਂ ਇੱਕ-ਦੂਜੇ ਪ੍ਰਤੀ ਮੂੰਹ ਵੱਟੀ ਬੈਠੇ ਹਾਂ।ਅਪਣੱਤ, ਹਮਦਰਦੀ, ਵਿਸ਼ਵਾਸ, ਪਿਆਰ, ਸਹਿਜ ਕਿਤੇ ਖੰਭ ਲਾ ਕੇ ਉੱਡ ਗਏ ਹਨ।ਆਨੰਦ ਦੀ ਥਾਂ ਕੁੜੱਤਣ ਭਰ ਗਈ ਹੈ।ਰਿਸ਼ਤਿਆਂ ਵਿਚਲੀ ਘਟਦੀ ਨਮੀ ਨੇ ਅਜੋਕੇ ਮਨੁੱਖ ਸਾਹਮਣੇ ਨਵੀਆਂ ਚੁਣੌਤੀਆਂ ਪੇਸ਼ ਕੀਤੀਆਂ ਹਨ। ਪੁਰਾਣੇ ਸਮਿਆਂ ਵਿਚ ਹਰ ਕੋਈ ਰਿਸ਼ਤੇਦਾਰੀ ਵਿਚ ਆਉਂਦਾ ਜਾਂਦਾ ਸੀ ਜਿਸ ਨਾਲ ਰਿਸ਼ਤਿਆਂ ਦੀ ਸਾਂਝ ਪਕੇਰੀ ਹੁੰਦੀ ਸੀ।ਅੱਜ-ਕੱਲ ਰਿਸ਼ਤਿਆਂ ਦੀ ਦੌੜ ਨਿੱਜੀ ਹਿੱਤ ਵੱਲ ਲੱਗੀ ਹੋਣ ਕਾਰਨ ਅਪਣੱਤ ਕਿਤੇ ਖੰਭ ਲਾ ਕੇ ਉੱਡ ਗਈ ਜਾਪਦੀ ਹੈ।
           ਰਿਸ਼ਤੇ ਸਾਡੀ ਜੀਵਨ ਧਾਰਾ ਦੇ ਵੱਖ-ਵੱਖ ਪਹਿਲੂਆਂ 'ਚ ਪਿਆਰ, ਹਮਦਰਦੀ, ਗਿਆਨ ਤੇ ਮਨੁੱਖੀ ਗੁਣਾਂ ਦਾ ਚਿਰਾਗ ਮਘਾਉਂਦੇ ਹਨ।ਰਿਸ਼ਤਿਆਂ ਦੇ ਬਾਗ ਉਜੜਦਿਆਂ ਹੀ ਸੰਵੇਦਨਾ, ਸੰਵਾਦ ਤੇ ਮੁਹੱਬਤ ਬੰਜਰ ਹੋ ਜਾਣਗੇ ਤੇ ਨਜ਼ਾਰਿਆਂ ਦੀ ਜਗ੍ਹਾ ਅਣਹੋਣੀਆਂ ਦਾ ਵਿਰਲਾਪ ਸਾਡੇ ਕੰਨੀ ਪਵੇਗਾ।ਇਸ ਲਈ ਜ਼ਰੂਰੀ ਹੈ ਕਿ ਰਿਸ਼ਤਿਆਂ ਦੀ ਸੰਭਾਲ ਲਈ ਜਾਗਰੂਕ ਹੋਈਏ ਨਹੀਂ ਤਾਂ ਇਕ ਦਿਨ ਪਛਤਾਉਣਾ ਹੀ ਪਵੇਗਾ ਤੇ ਉਸ ਸਮੇਂ ਤੱਕ ਬਹੁਤ ਦੇਰ ਹੋ ਚੁਕੀ ਹੋਵੇਗੀ। ਰਿਸ਼ਤਿਆਂ ਦੀ ਬੁਨਿਆਦ ਪਿਆਰ ਅਤੇ ਸਾਂਝ ਹੁੰਦੀ ਹੈ ਨਫਰਤ ਨਹੀਂ। ਕਿਸੇ ਨੇ ਸੱਚ ਹੀ ਕਿਹਾ ਹੈ:
   "ਬਿਨਾ ਪਿਆਰ ਦੇ ਰਿਸ਼ਤੇ ਨਿਭਾਏ ਨਹੀਂ ਜਾਂਦੇ, ਕਿਸੇ ਨੂੰ ਨਫਰਤ ਕਰਕੇ ਆਪਣੇ ਵੀ ਸੁਪਨੇ ਸਜਾਏ ਨਹੀਂ ਜਾਂਦੇ"।
           ਰਿਸ਼ਤੇ ਇੱਕ ਬਗੀਚੇ ਵਾਂਗ ਹੰਦੇ ਹਨ ਜਿਸ ਵਿਚ ਸਾਝਾਂ ਦੀ ਮਹਿਕ ਖਿਲਾਰਦੇ ਫੁੱਲ ਖਿੜਦੇ ਹਨ।ਮਨੁੱਖ ਦਾ ਸੁਭਾਅ ਹੈ ਕਿ ਉਹ ਇਕੱਲਾ ਨਹੀਂ ਰਹਿ ਸਕਦਾ।ਇਸ ਸਮਾਜ ਵਿਚ ਵਿਚਰਣ ਲਈ ਹਰ ਸਮੇਂ ਕਿਸੇ ਨਾ ਕਿਸੇ ਸਹਾਰੇ ਦੀ ਜ਼ਰੂਰਤ ਪੈਂਦੀ ਹੈ।ਇਸੇ ਕਾਰਨ ਹੀ ਰਿਸ਼ਤੇ-ਨਾਤਿਆਂ ਦਾ ਜਨਮ ਹੋਇਆ। ਸਿਆਣੇ ਕਹਿੰਦੇ ਹਨ:
           "ਰੇਗਿਸਤਾਨ ਵੀ ਹਰੇ ਹੋ ਜਾਂਦੇ ਹਨ ਜਦੋਂ ਤੁਹਾਡੇ ਨਾਲ ਤੁਹਾਡੇ ਆਪਣੇ ਖੜੇ ਹੋ ਜਾਂਦੇ ਹਨ"।
                ਰਿਸ਼ਤਿਆਂ ਦੀ ਅਹਿਮੀਅਤ ਸਮਝੇ ਬਿਨਾ ਅਸੀਂ ਖੁਸ਼ਹਾਲ ਜੀਵਨ ਨਹੀਂ ਬਤੀਤ ਕਰ ਸਕਦੇ।ਰਿਸ਼ਤਾ ਕੋਈ ਵੀ ਹੋਵੇ ਸਨਮਾਨ ਦਾ ਨਹੀਂ ਭਾਵ ਦਾ ਭੁੱਖਾ ਹੁੰਦਾ ਹੈ ਪਰ ਇਹ ਲਗਾਵ ਦਿਲ ਤੋਂ ਹੋਣਾ ਚਾਹੀਦਾ ਹੈ ਦਿਮਾਗ ਤੋਂ ਨਹੀਂ।ਘਰ ਦਾ ਅਸਲੀ ਤਾਪਮਾਨ ਨਿੱਘੇ ਦਿਲਾਂ ਅਤੇ ਠੰਢੇ ਮਨਾਂ ਨਾਲ ਹੀ ਸੰਤੁਲਿਤ ਰੱਖਿਆ ਜਾ ਸਕਦਾ ਹੈ।ਇਹ ਉਨ੍ਹਾਂ ਰਿਸ਼ਤਿਆਂ ਨਾਲ ਸੰਭਵ ਨਹੀਂ ਜੋ ਕੇਵਲ ਤੁਹਾਡੇ ਸਾਹਮਣੇ ਚੰਗੇ ਹਨ ਪਰ ਇਹ ਉਨ੍ਹਾਂ ਨਾਲ ਹੀ ਸੰਭਵ ਹੈ ਜੋ ਤੁਹਾਡੀ ਪਿੱਠ ਪਿੱਛੇ ਵੀ ਵਫਾਦਾਰ ਹੁੰਦੇ ਹਨ।ਇਸ ਲਈ ਰਿਸ਼ਤਿਆਂ 'ਚ ਪਿਆਰ ਦੀਆਂ ਗੰਢਾਂ ਨੂੰ ਮਜ਼ਬੂਤ ਕਰਨਾ ਦੋਵਾਂ ਧਿਰਾਂ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ।ਇਹ ਦੁਨੀਆਂ ਉਦੋਂ ਤੱਕ ਹੀ ਪਿਆਰੀ ਹੈ ਜਦੋਂ ਤੱਕ ਆਪਸੀ ਮੇਲ-ਮਿਲਾਪ ਰਹਿੰਦਾ ਹੈ।ਰਿਸ਼ਤਿਆਂ ਦੇ ਬਾਗ ਵਿਚ ਇੱਕ ਰਿਸ਼ਤਾ ਨਿੰਮ ਦੇ ਪੇੜ ਵਰਗਾ ਵੀ ਰੱਖੋ ਜੋ ਸਬਕ ਭਾਵੇਂ ਕੜਵਾ ਦਿੰਦਾ ਹੋਵੇ ਪਰ ਤਕਲੀਫ ਵਿਚ ਮਰਹਮ ਵੀ ਬਣਦਾ ਹੈ।ਰਿਸ਼ਤਿਆਂ ਵਿਚ ਅਕਸਰ ਬਹੁਤੇ ਮਸਲੇ ਹਉਮੇ ਦੇ ਹੁੰਦੇ ਹਨ।ਹਰ ਵਿਅਕਤੀ ਆਪਣੀ ਥਾਂ ਸਿਆਣਾ ਹੁੰਦਾ ਹੈ।ਆਪਣੇ-ਆਪ ਨੂੰ ਦੂਜਿਆਂ ਤੋਂ ਵੱਧ ਸਿਆਣਾ ਸਮਝਣਾ, ਦੂਜੇ ਨੂੰ ਨੀਵਾਂ ਸਮਝਦੇ ਹੋਏ ਉਸ ਦੀ ਨੁਕਤਾਚੀਨੀ ਕਰੀ ਜਾਣਾ ਤੇ ਆਪਣੀਆਂ ਤਾਰੀਫਾਂ ਦੇ ਪੁਲ ਬੰਨ੍ਹੀ ਜਾਣਾ, ਅਜਿਹੇ ਵਿਵਹਾਰ ਰਿਸ਼ਤਿਆਂ ਵਿਚ ਕੁੜੱਤਣ ਭਰ ਦਿੰਦੇ ਹਨ।ਰਿਸ਼ਤਿਆਂ ਨੂੰ ਟਿਕਾਊ ਅਤੇ ਤਾਜਾ ਰੱਖਣ ਲਈ ਇਕ-ਦੂਜੇ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ।ਸਬੰਧਾਂ ਨੂੰ ਜੋੜਨਾ ਇਕ ਕਲਾ ਹੈ ਅਤੇ ਇਨ੍ਹਾਂ ਨੂੰ ਨਿਭਾਉਣਾ ਇਕ ਸਾਧਨਾ।ਇਸ ਲਈ ਰਿਸ਼ਤਿਆਂ ਨੂੰ ਸਿਰਫ ਸ਼ਬਦਾਂ ਦੇ ਮੋਹਤਾਜ਼ ਨਾ ਬਣਾਓ। ਜੇਕਰ ਕੋਈ ਖਾਮੋਸ਼ ਹੈ ਤਾਂ ਖੁਦ ਹੀ ਆਵਾਜ਼ ਲਗਾਓ। ਰਿਸ਼ਤੇ ਮੋਤੀਆਂ ਦੀ ਮਾਲਾ ਵਾਂਗ ਹੁੰਦੇ ਹਨ।ਇਸ ਲਈ ਜੇਕਰ ਕੋਈ ਡਿਗ ਪਵੇ ਤਾਂ ਝੁਕ ਕੇ ਉਠਾ ਲੈਣਾ ਚਾਹੀਦਾ ਹੈ। ਯਾਦ ਰੱਖੋ, ਨਾ ਤੁਸੀਂ ਆਪਣੇ-ਆਪ ਨੂੰ ਗਲੇ  ਲਗਾ ਸਕਦੇ ਹੋ ਅਤੇ ਨਾ ਹੀ ਆਪਣੇ ਕੰਧੇ 'ਤੇ ਸਿਰ ਰੱਖ ਕੇ ਰੋ ਸਕਦੇ ਹੋ।ਇਸ ਲਈ ਸਮੇਂ ਦੀ ਲੋੜ ਹੈ ਟੁੱਟਦੇ ਰਿਸ਼ਤਿਆਂ ਨੂੰ ਬਚਾਉਣ ਦੀ।ਇਕ-ਦੂਜੇ ਲਈ ਜਿਊਣ ਦਾ ਨਾਂ ਹੀ ਰਿਸ਼ਤਾ ਹੈ ਅਤੇ ਇਹੋ ਹੀ ਖੁਸ਼ਹਾਲ ਜ਼ਿੰਦਗੀ ਦਾ ਸੂਤਰ ਹੈ।ਰਿਸ਼ਤੇ ਨਿਭਾਉਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ, ਆਪਣਾ ਹੀ ਦਿਲ ਦੁਖਾਉਣਾ ਪੈਂਦਾ ਹੈ ਕਿਸੇ ਦੀ ਖੁਸ਼ੀ ਲਈ।ਜੇਕਰ ਆਪਣਿਆਂ ਦੇ ਨਜ਼ਦੀਕ ਰਹਿਣਾ ਹੈ ਤਾਂ ਖਾਮੋਸ਼ ਰਹੋ ਅਤੇ ਜੇ ਆਪਣਿਆਂ ਨੂੰ ਨਜ਼ਦੀਕ ਰੱਖਣਾ ਹੈ ਤਾਂ ਕੋਈ ਵੀ ਗੱਲ ਦਿਲ 'ਤੇ ਨਾ ਲਗਾਓ।ਦੁਨੀਆਂ ਵਿਚ ਬੇਹਤਰੀਨ ਰਿਸ਼ਤਾ ਉਹੀ ਹੁੰਦਾ ਹੈ ਜਿੱਥੇ ਮਾਮੂਲੀ ਜਿਹੀ ਮੁਸਕਰਾਹਟ ਅਤੇ ਹਲਕੀ ਜਿਹੀ ਸੌਰੀ ਨਾਲ ਰਿਸ਼ਤੇ ਪਹਿਲਾਂ ਵਰਗੇ ਹੋ ਜਾਂਦੇ ਹਨ।
 ਕਿਸੇ ਸਿਆਣੇ ਨੇ ਸੱਚ ਹੀ ਕਿਹਾ ਹੈ:      
      "ਜ਼ਿੰਦਗੀ ਦੀ ਕਸੌਟੀ 'ਤੇ ਹਰ ਰਿਸ਼ਤਾ ਗੁਜ਼ਰ ਗਿਆ, ਕੁਝ ਨਿਕਲੇ ਸੋਨੇ ਵਰਗੇ ਤੇ ਕੁਝ ਦਾ ਪਾਣੀ ਉਤਰ ਗਿਆ।
ਜ਼ਿੰਦਗੀ ਕਦੇ ਆਸਾਨ ਨਹੀਂ ਹੁੰਦੀ, ਇਸ ਨੂੰ ਆਸਾਨ ਬਣਾਉਣਾ ਪੈਂਦਾ ਹੈ, ਕੁਝ ਨਜ਼ਰਅੰਦਾਜ਼ ਕਰਕੇ ਤੇ ਕੁਝ ਬਰਦਾਸ਼ਤ ਕਰਕੇ"।
          ਜੇਕਰ ਕਿਸੇ ਨਾਲ ਚੰਗੇ ਰਿਸ਼ਤੇ ਰੱਖਣਾ ਚਾਹੁੰਦੇ ਹੋ ਤਾਂ ਕੇਵਲ ਉਸ ਗੱਲ 'ਤੇ ਵਿਸ਼ਵਾਸ ਰੱਖੋ ਜੋ ਅਸੀਂ ਉਨ੍ਹਾਂ ਬਾਰੇ ਜਾਣਦੇ ਹਾਂ, ਉਸ 'ਤੇ ਨਹੀਂ ਜੋ ਅਸੀਂ ਉਨ੍ਹਾਂ ਬਾਰੇ ਸੁਣਿਆ ਹੈ।ਚੁਗਲੀ, ਚਾਪਲੂਸੀ, ਚੁੱਕ-ਚੁਕਾਈ ਤੋਂ ਬਚਣਾ ਚਾਹੀਦਾ ਹੈ।ਕਿਸੇ ਦੀ ਸੁਣੀ-ਸੁਣਾਈ ਗੱਲ'ਤੇ ਅੰਨ੍ਹੇਵਾਹ ਵਿਸ਼ਵਾਸ ਨਹੀਂ ਕਰ ਲੈਣਾ ਚਾਹੀਦਾ।ਜੇ ਦੋਵੇਂ ਪੱਖ ਆਪਸੀ ਆਦਾਨ-ਪ੍ਰਦਾਨ ਦੇ ਜ਼ਰੀਏ ਆਪੋ-ਆਪਣੀ ਗਲਾਫਹਿਮੀ ਦੂਰ ਕਰਨ ਲਈ ਮਿਲ ਕੇ ਯਤਨ ਕਰਨ ਤਾਂ ਰਿਸ਼ਤਿਆਂ ਵਿਚਲੀ ਘਟ ਰਹੀ ਨਮੀਂ ਨੂੰ ਮੁੜ ਸੁਰਜੀਤ ਕੀਤਾ ਜਾ ਸਕਦਾ ਹੈ। ਰਿਸ਼ਤੇ ਪੈਸਿਆਂ ਦੇ ਮੋਹਤਾਜ਼ ਨਹੀਂ ਹੁੰਦੇ, ਕੁਝ ਰਿਸ਼ਤੇ ਮੁਨਾਫਾ ਨਹੀਂ ਦਿੰਦੇ ਪਰ ਜੀਵਨ ਜ਼ਰੂਰ ਅਮੀਰ ਬਣਾ ਦਿੰਦੇ ਹਨ। ਰਿਸ਼ਤੇ ਮਨ ਤੋਂ ਬਣਦੇ ਹਨ ਗੱਲਾ ਤੋਂ ਨਹੀਂ।ਕੁਝ ਲੋਕ ਬਹੁਤ ਸਾਰੀਆਂ ਗੱਲਾਂ ਤੋਂ ਬਾਅਦ ਵੀ ਆਪਣੇ ਨਹੀਂ ਹੁੰਦੇ ਪਰ ਕੁਝ ਸ਼ਾਂਤ ਰਹਿ ਕੇ ਵੀ ਆਪਣੇ ਬਣ ਜਾਂਦੇ ਹਨ।ਜੋ ਜ਼ਿੰਦਗੀ ਵਿਚ ਉਤਰਾਅ-ਚੜ੍ਹਾਅ ਦੇ ਬਾਵਜ਼ੂਦ ਤੁਹਾਡਾ ਸਾਥ ਨਾ ਛੱਡਣ, ਉਹੀ ਸਹੀ ਅਰਥਾਂ ਵਿਚ ਅਸਲੀ ਰਿਸ਼ਤੇ ਹੁੰਦੇ ਹਨ ਬਾਕੀ ਤਾਂ ਕੇਵਲ ਨਾਂ ਦੇ ਹੀ ਰਿਸ਼ਤੇ ਹੁੰਦੇ ਹਨ।ਸਿਆਣੇ ਕਹਿੰਦੇ ਹਨ:
     " ਕੋਈ ਕਹਿੰਦਾ ਹੈ, ਰਿਸ਼ਤੇ ਨਸ਼ਾ ਬਣ ਜਾਂਦੇ ਹਨ, ਕੋਈ ਕਹਿੰਦਾ ਹੈ ਕਿ ਰਿਸ਼ਤੇ ਸਜ਼ਾ ਬਣ ਜਾਂਦੇ ਹਨ
           ਪਰ ਜੇਕਰ ਰਿਸ਼ਤੇ ਨਿਭਾਓ ਸੱਚੇ ਦਿਲ ਨਾਲ ਤਾਂ ਇਹ ਜਿਊਣ ਦੀ ਵਜਹ ਬਣ ਜਾਂਦੇ ਹਨ"।
            ਅਕਸਰ ਉਹੀ ਰਿਸ਼ਤੇ ਲਾਜਵਾਬ ਹੁੰਦੇ ਹਨ ਜੋ ਅਹਿਸਾਨਾਂ ਨਾਲ ਨਹੀਂ ਅਹਿਸਾਸਾਂ ਨਾਲ ਬਣੇ ਹੁੰਦੇ ਹਨ।ਇਸ ਲਈ ਰਿਸ਼ਤਾ ਰੱਖੋ ਤਾਂ ਇਸ ਦੀ ਕਦਰ ਕਰਦੇ ਹੋਏ ਨਿਭਾਓ।ਦੁਨੀਆਂ ਵਿਚ ਹਜ਼ਾਰਾਂ ਰਿਸ਼ਤੇ ਬਣਾਓ ਲੇਕਿਨ ਉਨ੍ਹਾਂ ਵਿਚੋਂ ਇੱਕ ਰਿਸ਼ਤਾ ਅਜਿਹਾ ਵੀ ਰੱਖੋ, ਜਦੋਂ ਹਜ਼ਾਰਾਂ ਤੁਹਾਡੇ ਵਿਰੁੱਧ ਹੋ ਜਾਣ, ਉਹ ਤਦ ਵੀ ਤੁਹਾਡੇ ਨਾਲ ਰਹੇ।ਇਸ ਲਈ ਰਿਸਤਿਆਂ ਨੂੰ ਟਿਕਾਊ ਅਤੇ ਖੁਸ਼ੀਆਂ ਭਰਿਆ ਰੱਖਣ,ਇਨਾਂ ਵਿਚਲੀ ਤੇਜ਼ੀ ਨਾਲ ਘਟ ਰਹੀ ਪਾਕੀਜ਼ਗੀ ਅਤੇ ਸੰਜੀਦਗੀ ਨੂੰ ਮੁੜ ਬਹਾਲ ਕਰਨ ਤੇ ਆਪਸੀ ਪਿਆਰ ਤੇ ਭਰੋਸਾ ਕਾਇਮ ਰੱਖਣ ਲਈ ਆਪਣੇ ਬੋਲਾਂ 'ਤੇ ਨਿਯੰਤਰਣ ਕਰਦੇ ਹੋਏ ਕੋਸ਼ਿਸ਼ਾਂ ਕਰੀਏ ਤਾਂ ਹੀ ਮਹਿਕਾਂ ਖਿਲਾਰਦੀ ਜ਼ਿੰਦਗੀ ਦਾ ਆਨੰਦ ਲੈ ਸਕਦੇ ਹਾਂ।